ਅਹਮਦੀਆ ਲਹਿਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹਮਦੀਆ ਲਹਿਰ : 19ਵੀਂ ਸਦੀ ਦੇ ਅੰਤ ਵਿਚ ਇਸਲਾਮ ਵਿਚ ਸੁਧਾਰ ਲਿਆਉਣ ਅਤੇ ਪੁਨਰ ਜਾਗ੍ਰਤੀ ਲਈ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਕਾਦੀਆਂ ਵਿਖੇ ਸ਼ੁਰੂ ਹੋਈ ਸੀ। ਮਿਰਜ਼ਾ ਗ਼ੁਲਾਮ ਅਹਮਦ ਕਾਦੀਆਂ ਦੇ ਇਕ ਮੁਖੀ ਜ਼ਿਮੀਦਾਰ ਦਾ ਪੁੱਤਰ ਸੀ।ਇਲਹਾਮ ਪ੍ਰਾਪਤੀ ਪਿਛੋਂ 1880 ਵਿਆਂ ਵਿਚ ਇਸਲਾਮ ਦੀ ਪੁਨਰ ਵਿਆਖਿਆ ਕਰਦੇ ਹੋਏ ਮਿਰਜ਼ਾ ਗ਼ੁਲਾਮ ਅਹਮਦ ਦੇ ਪੈਰੋਕਾਰ ਬਣਨੇ ਸ਼ੁਰੂ ਹੋ ਗਏ। ਭਾਵੇਂ ਅਧਿਆਪਕਾਂ ਤੋਂ ਇਸਨੂੰ ਕੁਰਾਨ ਅਤੇ ਹਦੀਸ ਦੀ ਸਿੱਖਿਆ ਮਿਲੀ ਸੀ, ਪਰ ਇਸ ਦੇ ਪਿਤਾ ਨੇ, ਇਕ ਕਾਨੂੰਨੀ ਕਲਰਕ ਦੇ ਤੌਰ ਤੇ ਕਾਨੂੰਨੀ ਧੰਦੇ ਦੀ ਸਿਖਲਾਈ ਲੈਣ ਵਾਸਤੇ, ਇਸ ਨੂੰ ਸਿਆਲਕੋਟ ਭੇਜਿਆ। ਆਪਣੇ ਇਸ ਕੰਮ ਵਿਚ ਅਸਫ਼ਲ ਹੋ ਕੇ ਅਤੇ ਦਿਨੋ-ਦਿਨ ਧਾਰਮਿਕ ਹੁੰਦੇ ਜਾਣ ਦੇ ਨਾਲ ਨਾਲ ਅਹਮਦ, ਈਸਾਈ ਪ੍ਰਚਾਰਕਾਂ ਦੇ ਸੰਪਰਕ ਵਿਚ ਆਇਆ ਅਤੇ ਇਸ ਨੂੰ ਇਹ ਯਕੀਨ ਹੋ ਗਿਆ ਕਿ ਉਹਨਾਂ ਤੋਂ ਇਸਲਾਮ ਨੂੰ ਖ਼ਤਰਾ ਹੈ। 1877 ਵਿਚ ਪੰਜਾਬ ਵਿਚ ਆਰੀਆ ਸਮਾਜ ਦੇ ਅਰੰਭ ਹੋਣ ਨਾਲ ਗ਼ੁਲਾਮ ਅਹਮਦ ਨੇ ਪੁਨਰ ਉਤਪੰਨ ਹੋ ਰਹੇ ਖਾੜਕੂ ਹਿੰਦੂ ਧਰਮ ਤੋਂ ਭੀ ਇਸਲਾਮ ਲਈ ਖ਼ਤਰਾ ਮਹਿਸੂਸ ਕੀਤਾ।

    ਇਸਲਾਮ ਦੀਆਂ ਦੈਵੀ ਅਨੁਭੂਤੀਆਂ ਰਾਹੀਂ ਇਸਲਾਮ ਨਾਲ ਪੱਕੀ ਤਰਾਂ ਬੱਝਾ ਅਤੇ ਈਸਾਈ ਮਤ ਅਤੇ ਹਿੰਦੂ ਧਰਮ ਤੋਂ ਵਧਦੇ ਖਤਰੇ ਤੋਂ ਸੁਚੇਤ, ਮਿਰਜ਼ਾ ਗ਼ੁਲਾਮ ਅਹਮਦ ਨੇ 1880 ਵਿਚ 40 ਸਾਲ ਦੀ ਉਮਰੇ , ਚਾਰ ਜਿਲਦਾਂ ਵਿਚ ਬਰਾਹੀਨ-ਇ-ਅਹਮਦੀਆ ਛਾਪਣੀ ਸ਼ੁਰੂ ਕਰ ਦਿੱਤੀ ਜਿਸ ਵਿਚ ਇਸ ਨੇ ਕਈ ਹਿੰਦੂ ਸੁਧਾਰਵਾਦੀ ਲਹਿਰਾਂ ਦੀ ਇਸ ਗੱਲ ਨੂੰ ਰੱਦ ਕੀਤਾ ਕਿ ਇਹ ਇਸਲਾਮ ਨਾਲੋਂ ਚੰਗੇਰੇ ਹਨ। 1889 ਵਿਚ ਇਸ ਦੇ ਆਪਣੇ ਪੈਰੋਕਾਰਾਂ ਨੂੰ ‘ਬਯ`ਅਤ` ਜਾਂ ਉਸ ਵਿਚ ਉਹਨਾਂ ਨੂੰ ਪੂਰਨ ਵਿਸ਼ਵਾਸ ਰਖਣ ਦੀ ਆਗਿਆ ਦੇ ਦਿੱਤੀ। ਇਹ ‘ਬਯ`ਅਤ`, ਸੂਫੀਆਂ ਦੇ ‘ਤਰੀਕਹ’ ਜਾਂ ਸਿਲਸਿਲੇ ਵਿਚ ਸ਼ਾਮਲ ਹੋਣ ਵਾਂਗ ਨਹੀਂ ਸੀ, ਸਗੋਂ ਬਹੁਤੀ ਪਰੰਪਰਾਗਤ ਇਸਲਾਮ ਵਿਚ ਖ਼ਲੀਫ਼ੇ ਲਈ ਬਚਨਬੱਧਤਾ ਵਰਗੀ ਸੀ।

        1891 ਵਿਚ, ਗ਼ੁਲਾਮ ਅਹਮਦ ਨੇ ਮਸੀਹ ਮਵ`ਊਦ (ਆਉਣ ਵਾਲਾ ਮਸੀਹਾ) ਅਤੇ ਮੁਸਲਮਾਨਾਂ ਦਾ ਮਹਦੀ ਹੋਣ ਦਾ ਦਾਹਵਾ ਕਰ ਦਿੱਤਾ। ਜਦੋਂ ਕਿ ਮੁਸਲਾਮਨ ‘ਉਲਮਾਂ` ਅਥਵਾ ਧਾਰਮਿਕ ਵਿਦਵਾਨਾਂ ਦੇ ਕ੍ਰੋਧ ਦਾ ਪਾਤਰ ਬਣਨ ਲਈ ਪਹਿਲਾ ਦਾਹਵਾ ਹੀ ਕਾਫ਼ੀ ਸੀ; ਦੂਸਰਾ ਦਾਹਵਾ ਤਾਂ ਕਾਫ਼ੀ ਮੁਸਲਮਾਨਾਂ ਨੂੰ ਬੇਹੱਦ ਨਾਰਾਜ਼ ਕਰਨ ਵਾਲਾ ਸੀ। ਮੁਸਲਮਾਨਾਂ ਦੁਆਰਾ ਆਮ ਤੌਰ ਤੇ ਯਸੂ ਮਸੀਹ ਸਮਝਿਆ ਜਾਂਦਾ ਮਹਦੀ ਉਹ ਹੈ ਜਿਹੜਾ ਸਮੇਂ ਦੇ ਅੰਤ ਵਿਚ ਧਰਤੀ ਤੇ ਰੱਬ ਦਾ ਰਾਜ ਸਥਾਪਿਤ ਕਰਨ ਲਈ ਆਵੇਗਾ। ਅਹਮਦ ਦਾ ਮਹਦੀ ਕਹਿਲਾਉਣ ਦਾ ਦਾਹਵਾ ਇਸ ਦੇ ਇਹਨਾਂ ਵਿਚਾਰਾਂ ਤੋਂ ਉਤਪੰਨ ਹੋਇਆ ਸੀ ਕਿ ਇਹ ਯਸੂ ਦਾ ਉਤਰਾਧਿਕਾਰੀ ਸੀ। ਇਸ ਸਿਧਾਂਤ ਦੇ ਵਿਸਤਾਰ ਦਾ ਸਿੱਟਾ ਇਹ ਨਿਕਲਦਾ ਸੀ ਕਿ ਯਸੂ ਸਵਰਗ ਵਿਚ ਨਹੀਂ ਸੀ ਜਿਵੇਂ ਕਿ ਇਸਲਾਮ ਨੇ ਸਿਖਾਇਆ ਸੀ ਸਗੋਂ ਸੂਲੀ ਤੋਂ ਲਾਹੁਣ ਤੋਂ ਬਾਅਦ ਯਸੂ ਦਾ ਇਕ ਕਰਾਮਾਤੀ ਲੇਪ ਨਾਲ ਇਲਾਜ ਕੀਤਾ ਗਿਆ ਅਤੇ ਉਹਨਾਂ ਦੇ ਜਖ਼ਮ ਠੀਕ ਹੋ ਗਏ। ਫਿਰ ਉਹ ਬਚ ਨਿਕਲੇ ਅਤੇ ਪੂਰਬ ਵਲ ਘੁੰਮਦੇ ਹੋਏ ਆਖਰ ਕਸ਼ਮੀਰ ਵੱਲ ਆ ਗਏ। ਇਥੇ ਉਹਨਾਂ ਨੇ ਆਪਣੇ ਅੰਤਲੇ ਸਮੇਂ 120 ਸਾਲ ਦੀ ਉਮਰ ਤਕ ਇਜ਼ਰਾਈਲ ਦੇ ਗੁੰਮ ਹੋਏ ਕਬੀਲਿਆਂ ਦੀ ਸਹਾਇਤਾ ਕੀਤੀ। ਗੁਲਾਮ ਅਹਮਦ ਨੇ ਆਪਣੀ ਕਿਤਾਬ, ਮਸੀਹ ਹਿੰਦੁਸਤਾਨ ਮੇਂ, ਵਿਚ ਇਹ ਜ਼ਿਕਰ ਕੀਤਾ ਕਿ ਉਸ ਨੇ ਸ੍ਰੀ ਨਗਰ ਵਿਚ ਖ਼ਾਨ ਯਾਰ ਗਲੀ ਵਿਚ ਯਸੂ ਦੀ ਕਬਰ ਦਾ ਪਤਾ ਲਗਾ ਲਿਆ ਹੈ।

    ਇਹ ਸਿੱਧ ਕਰਕੇ ਕਿ ਯਸੂ ਕੁਦਰਤੀ ਮੌਤ ਮੋਇਆ ਸੀ, ਗ਼ੁਲਾਮ ਅਹਮਦ ਦਾ ਵਿਸ਼ਵਾਸ ਸੀ ਕਿ ਇਸ ਨੇ ਮੁਸਲਮਾਨਾਂ ਦਾ ਮਸੀਹ ਅਤੇ ਮਹਦੀ ਹੋਣ ਦਾ ਆਪਣਾ ਹੱਕ ਸਾਬਤ ਕਰ ਦਿੱਤਾ ਹੈ। ਆਪਣੀਆਂ ਉਰਦੂ ਅਤੇ ਅਰਬੀ ਦੀਆਂ ਲਿਖਤਾਂ ਰਾਹੀਂ ਅਤੇ ਪੰਜਾਬੀ ਭਾਸ਼ਾ ਵਿਚ ਪ੍ਰਚਾਰ ਰਾਹੀਂ ਇਸਦੇ ਆਪਣੇ ਜੀਵਨ ਕਾਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਦੇ ਚੇਲੇ ਬਣ ਗਏ। 1891 ਵਿਚ ਪਹਿਲਾ ਅਹਮਦੀਆ ਜਲਸਾ ਜਾਂ ਇਕੱਠ ਕਾਦੀਆਂ ਵਿਚ ਹੋਇਆ ਸੀ। ਇਹ ਇਕੱਠ ਉਦੋਂ ਤੋਂ ਹੀ ਹਰ ਸਾਲ ਦਸੰਬਰ ਦੇ ਅਖ਼ੀਰਲੇ ਹਫ਼ਤੇ ਹੁੰਦਾ ਹੈ। ਵੰਡ ਤੋਂ ਪਿੱਛੋਂ ਇਹ ਪੱਛਮੀ ਪੰਜਾਬ ਵਿਚ ਚਿਨਿਓਟ ਨੇੜੇ ਅੰਤਰ-ਰਾਸ਼ਟਰੀ ਮੁੱਖ ਕੇਂਦਰ ਰਬਵਾਹ ਵਿਖੇ ਵੀ ਹੁੰਦਾ ਹੈ।

    ਜਦੋਂ ਕਿ ਹਿੰਦੂਆਂ ਅਤੇ ਈਸਾਈਆਂ ਦੇ ਖਿਲਾਫ਼ ਇਸ ਦੇ ਸਪਸ਼ਟ ਦ੍ਰਿਸ਼ਟੀਕੋਣ ਨੂੰ ਪਹਿਲਾਂ ਤਾਂ ਇਸਲਾਮ ਦੇ ਕੁਝ ਫਿਰਕਿਆਂ ਨੇ ਸਲਾਹਿਆ; ਪਰੰਤੂ ਇਸਦੇ ਪੈਗੰਬਰ ਹੋਣਦੇ ਦਾਹਵੇ ਅਤੇ ਖਾੜਕੂ ਕਾਰਵਾਈਆਂ ਦੀ ਥਾਂ ਪ੍ਰਚਾਰਕ ਵਿਧੀਆਂ ਰਾਹੀਂ ਇਸ ਦੀ ਜਿਹਾਦ ਕਰਨ ਦੀ ਲਲਕਾਰ ਨੇ ਸ਼ੀਆ ਅਤੇ ਸੁੰਨੀ ਦੋਵਾਂ ਧਾਰਮਿਕ ਨੇਤਾਵਾਂ ਨੂੰ ਨਰਾਜ਼ ਕਰ ਲਿਆ। ਪੈਗੰਬਰੀ ਦੇ ਇਸ ਦੇ ਹੱਕ ਨੂੰ ਅਦਾਲਤ ਵਿਚ ਵੀ ਵੰਗਾਰਿਆ ਗਿਆ। ਇਸ ਨੇ ਇਹ ਵੀ ਪੇਸ਼ੀਨਗੋਈ ਕੀਤੀ ਸੀ ਕਿ ਰੱਬ ਦਾ ਗੁੱਸਾ ਉਸਦੇ ਦੁਸ਼ਮਨਾਂ ਤੇ ਪਵੇਗਾ। ਜਦੋਂ ਇਕ ਖਾੜਕੂ ਆਰੀਆ ਸਮਾਜੀ ਪੰਡਤ ਲੇਖ ਰਾਮ ਨੂੰ 1897 ਵਿਚ ਲਾਹੌਰ ਦੇ ਇਕ ਮੁਸਲਮਾਨ ਨੇ ਕਤਲ ਕਰ ਦਿੱਤਾ ਤਾਂ ਗ਼ੁਲਾਮ ਅਹਮਦ ਵੱਲੋਂ ਦੋ ਸਾਲ ਪਹਿਲਾਂ ਉਸ ਲਈ ਇਕ ਖ਼ਤਰਨਾਕ ਮੌਤ ਦੀ ਕੀਤੀ ਗਈ ਪੇਸ਼ੀਨਗੋਈ ਨੇ ਉਹਨਾਂ ਦਿਨਾਂ ਵਿਚ ਲਾਹੌਰ ਵਿਚ ਸੰਪਰਦਾਇਕ ਵਿਵਾਦ ਸਿਖਰਾਂ ਤੇ ਪੁਚਾ ਦਿੱਤਾ।

    ਮਿਰਜ਼ਾ ਗ਼ੁਲਾਮ ਅਹਮਦ ਦਾ ਸਿੱਖਾਂ ਨਾਲ ਪਹਿਲਾ ਸੰਪਰਕ 1895 ਵਿਚ ਹੋਇਆ ਜਦੋਂ ਆਰੀਆ ਸਮਾਜ ਨਾਲ ਇਸ ਦਾ ਵਿਵਾਦ ਸਿਖਰਾਂ ਤੇ ਸੀ। ਸਵਾਮੀ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ (ਸਚਾਈ ਦੀ ਰੋਸ਼ਨੀ), ਜਿਸ ਵਿਚ ਇਸ ਨੇ ਸਿੱਖਾਂ ਸਮੇਤ ਬਾਕੀ ਸਭ ਧਰਮਾਂ ਤੇ ਹਮਲਾ ਕੀਤਾ ਸੀ, ਪੜ੍ਹਨ ਪਿੱਛੋਂ, ਭਾਵੇਂ ਕਿ ਅਹਮਦ ਨੇ ਸਿੱਖਾਂ ਦਾ ਇਸ ਹਮਲੇ ਪ੍ਰਤੀ ਕੋਈ ਉੱਤਰ ਨਹੀਂ ਸੁਣਿਆ ਸੀ, ਅਹਮਦ ਦੇ ਜੀਵਨੀ-ਲੇਖਕ ਅਬਦੁਰ ਰਹਮਾਨ ਦਰਦ ਦੇ ਅਨੁਸਾਰ ‘ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਸ ਨੇ ਦਯਾ ਨੰਦ ਨਾਲ ਲੋਹਾ ਲੈਣ ਦਾ ਫ਼ੈਸਲਾ ਕਰ ਲਿਆ’। ਏਸੇ ਕਾਰਨ ਅਹਮਦ ਨੇ ਉਰਦੂ ਵਿਚ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਣੀ ਅਰੰਭ ਕਰ ਦਿੱਤੀ ਸੀ ਜਿਸ ਵਿਚ ਦਯਾ ਨੰਦ ਦੇ ਸਿੱਖ ਧਰਮ ਉਤੇ ਲਾਏ ਦੋਸ਼ਾਂ ਦਾ ਉੱਤਰ ਹੀ ਨਹੀਂ ਸੀ ਸਗੋਂ ਗੁਰੂ ਨਾਨਕ ਦੇਵ ਨਾਲ ਸੰਬੰਧਿਤ ਜਾਣੇ ਪਛਾਣੇ ਤੱਥਾਂ ਤੋਂ ਕਹਾਣੀਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਵੀ ਸੀ। ਇਸ ਅਧਿਐਨ ਵਿਚ ਅਹਮਦ ਦਾ ਮੰਤਵ ਸਿੱਖਾਂ ਨੂੰ ਇਸਲਾਮ ਵਲ ਖਿਚਣਾ ਸੀ ਅਤੇ ਗੁਰੂ ਨਾਨਕ ਨੂੰ ਮੁਸਲਮਾਨ ਸਿੱਧ ਕਰਕੇ ਸਿੱਖਾਂ ਨੂੰ ਇਹ ਵਿਸ਼ਵਾਸ ਦੁਆਉਣਾ ਸੀ ਕਿ ਇਹ ਖੁਦ ਹੀ ਆਉਣ ਵਾਲਾ ਮਸੀਹਾ ਹੈ।

    ਸਿੱਖ ਵਿਦਵਾਨਾਂ ਨੇ ਮਿਰਜ਼ਾ ਗ਼ੁਲਾਮ ਅਹਮਦ ਦੇ ਦਾਹਵੇ ਦਾ ਉੱਤਰ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਇਸ ਦੇ ਵਿਚਾਰਾਂ ਦਾ ਖੰਡਨ ਕੀਤਾ। ਲਾਹੌਰ ਤੋਂ ਛਪਣ ਵਾਲੇ ਇਕ ਆਰੀਆ ਸਮਾਜੀ ਰਸਾਲੇ ਭਾਰਤ ਸੁਧਾਰ ਨੇ ਅਹਮਦ ਤੇ ਹਮਲਾ ਕਰਕੇ ਸਿੱਖਾਂ ਨਾਲ ਮਿੱਤਰਤਾ ਗੰਢਣੀ ਚਾਹੀ

    ਪੰਜਾਬ ਦੀ ਵੰਡ ਪਿੱਛੋਂ ਅਹਮਦੀਆ ਲਹਿਰ ਦਾ ਮੁੱਖ ਕੇਂਦਰ ਪਾਕਿਸਤਾਨ ਵਿਚ ਰਬਵਾਹ ਬਣ ਗਿਆ। ਹੁਣ ਭਾਰਤੀ ਸਰਹੱਦ ਤੋਂ ਕੁਝ ਮੀਲਾਂ ਉੱਤੇ ਭਾਰਤ ਵਾਲੇ ਪਾਸੇ ਸਥਿਤ ਕਾਦੀਆਂ ਵਿਖੇ ਮੂਲ ਧਾਰਮਿਕ ਸਥਾਨਾਂ ਅਤੇ ਇਮਾਰਤਾਂ ਦੀ ਦੇਖ ਭਾਲ ਕਰਨ ਲਈ ਸਿਰਫ ਥੋੜੇ ਜਿਹੇ ਸੇਵਾਦਾਰ ਹੀ ਗਏ ਹਨ। ਪਾਕਿਸਤਾਨ ਵਿਚ ਅਹਮਦੀਆ ਨੂੰ ਉਦੋਂ ਤੋਂ ਹੀ ਧਰਮੋਂ ਭ੍ਰਿਸ਼ਟ (ਕਾਫ਼ਰ ਜਾਂ ਨਾਸਤਿਕ) ਹੋਣ ਕਾਰਨ ਗੈਰ ਮੁਸਲਮਾਨਾਂ ਦਾ ਇਕ ਫ਼ਿਰਕਾ ਐਲਾਨਿਆ ਹੋਇਆ ਹੈ।


ਲੇਖਕ : ਸ.ਲ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.