ਅਜ਼ਾਦ ਹਿੰਦ ਫ਼ੌਜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਜ਼ਾਦ ਹਿੰਦ ਫ਼ੌਜ : ਅਥਵਾ ਇੰਡੀਅਨ ਨੈਸ਼ਨਲ ਆਰਮੀ (I.N.A) ਇਕ ਸੈਨਾ ਸੀ ਜਿਸ ਨੂੰ ਅੰਗਰੇਜ਼ਾਂ ਦੇ ਖਿਲਾਫ਼ ਲੜਨ ਲਈ ਦੂਸਰੀ ਸੰਸਾਰ ਜੰਗ (1939-45) ਸਮੇਂ ਭਾਰਤੀ ਕੈਦੀਆਂ ਵਿਚੋਂ ਬਣਾਇਆ ਗਿਆ ਸੀ। ਸਤੰਬਰ 1939 ਨੂੰ ਜਰਮਨੀ ਦੇ ਪੋਲੈਂਡ ਉੱਤੇ ਹਮਲੇ ਨਾਲ ਇਹ ਲੜਾਈ ਸ਼ੁਰੂ ਹੋਈ ਸੀ। ਇੰਗਲੈਂਡ ਨੇ ਜਰਮਨੀ ਅਤੇ ਭਾਰਤ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਕਿਉਂਕਿ 3 ਸਤੰਬਰ 1939 ਨੂੰ ਭਾਰਤ ਦੇ ਗਵਰਨਰ-ਜਨਰਲ ਦੇ ਐਲਾਨ ਨਾਲ ਭਾਰਤ ਨੇ ਆਪਣੇ ਆਪ ਹੀ ਜੰਗ ਵਿਚ ਭਾਗ ਲੈ ਲਿਆ ਸੀ। ਭਾਰਤ ਦੀਆਂ ਛੋਟੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਕਿ ਮੁਸਲਿਮ ਲੀਗ, ਹਿੰਦੂ ਮਹਾਂ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਲੜਾਈ ਸੰਬੰਧੀ ਕੰਮਾਂ ਵਿਚ ਹਿਮਾਇਤ ਕਰਨ ਲਈ ਤਿਆਰ ਸਨ , ਇੰਡੀਅਨ ਨੈਸ਼ਨਲ ਕਾਂਗਰਸ ਨੇ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ। 15 ਸਤੰਬਰ 1939 ਨੂੰ ਇਸ ਦੀ ਕਾਰਜਕਾਰਨੀ ਕਮੇਟੀ ਨੇ ਇਕ ਪ੍ਰਸਤਾਵ ਪਾਸ ਕੀਤਾ ਜਿਸਨੂੰ ਬਾਅਦ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਨੇ ਖੁਲ੍ਹੇ ਇਜਲਾਸ ਵਿਚ ਇਹ ਐਲਾਨ ਕਰਦਿਆਂ ਹੋਇਆਂ ਹਿਮਾਇਤ ਦੇ ਦਿੱਤੀ ਸੀ: ‘ਭਾਰਤ ਦੀ ਹਮਦਰਦੀ ਪੂਰੀ ਤਰ੍ਹਾਂ ਸੁਤੰਤਰਤਾ ਅਤੇ ਪਰਜਾਤੰਤਰ ਵਾਲੇ ਪਾਸੇ ਹੈ। ਪਰੰਤੂ ਭਾਰਤ ਪਰਜਾਤੰਤਰਿਕ ਸੁਤੰਤਰਤਾ ਦੇ ਨਾਂ ਤੇ ਲੜੀ ਜਾ ਰਹੀ ਇਸ ਜੰਗ ਵਿਚ ਸਹਿਯੋਗ ਨਹੀਂ ਦੇ ਸਕਦਾ ਜਦੋਂ ਕਿ ਇਹ ਸੁਤੰਤਰਤਾ ਭਾਰਤ ਨੂੰ ਨਹੀਂ ਦਿੱਤੀ ਗਈ ਹੈ...`। ਇਸ ਪ੍ਰਸਤਾਵ ਨੇ ਇਹ ਮੰਗ ਰੱਖੀ ਕਿ ਬ੍ਰਿਟਿਸ਼ ਸਰਕਾਰ ਖੁਲ੍ਹੇ ਸ਼ਬਦਾਂ ਵਿਚ ਇਸ ਜੰਗ ਦੇ ਉਦੇਸ਼ਾਂ ਬਾਰੇ ਦੱਸੇ ਅਤੇ ਵਿਸ਼ੇਸ਼ ਕਰਕੇ ਇਹ ਵੀ ਦੱਸੇ ਕਿ ਉਹ ਉਦੇਸ਼ ਕਿਵੇਂ ਭਾਰਤ ਉੱਤੇ ਵੀ ਲਾਗੂ ਹੋਣ ਜਾ ਰਹੇ ਹਨ ਅਤੇ ਵਰਤਮਾਨ ਵਿਚ ਉਹਨਾਂ ਦੇ ਪ੍ਰਭਾਵ ਨੂੰ ਕਿਵੇਂ ਕਬੂਲਿਆ ਜਾ ਰਿਹਾ ਹੈ।` 8 ਪ੍ਰਾਂਤਾਂ ਵਿਚ ਕਾਂਗਰਸ ਦੇ ਮੰਤਰੀ ਮੰਡਲਾਂ ਵਿਚੋਂ ਕਾਂਗਰਸੀਆਂ ਨੇ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਨੇ ਇਹ ਯੋਜਨਾ ਬਣਾਈ ਕਿ ਵਿਅਕਤੀਗਤ ਤੌਰ ਤੇ ਸਤਿਆਗ੍ਰਹਿ ਜਾਂ ਵਿਰੋਧ ਕੀਤਾ ਜਾਵੇ। ਦਰਅਸਲ ਕਾਂਗਰਸ ਵਿਚ ਖੱਬੇ ਪੱਖੀਆਂ ਦੇ ਇਕ ਗਰੁੱਪ ਨੇ ਪਹਿਲਾਂ ਹੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ‘ਫਾਰਵਰਡ ਬਲਾਕ` ਨਾਂ ਦੀ ਇਕ ਵੱਖਰੀ ਪਾਰਟੀ ਬਣਾ ਲਈ ਸੀ। ਇਹ ਗਰੁੱਪ ਇਸ ਮੌਕੇ ਦਾ ਫਾਇਦਾ ਉਠਾ ਕੇ ਅਜ਼ਾਦੀ ਵਾਸਤੇ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨਾ ਚਾਹੁੰਦਾ ਸੀ। 2 ਜੁਲਾਈ 1940 ਨੂੰ ਸੁਭਾਸ਼ ਚੰਦਰ ਬੋਸ ਫੜਿਆ ਗਿਆ। 29 ਨਵੰਬਰ ਨੂੰ ਉਸਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰ ਦਿੱਤੀ ਅਤੇ 5 ਦਸੰਬਰ ਨੂੰ ਉਸ ਨੂੰ ਅਜ਼ਾਦ ਕਰ ਦਿੱਤਾ ਗਿਆ ਪਰੰਤੂ ਉਹਨਾਂ ਦੇ ਜੱਦੀ ਮਕਾਨ ਵਿਚ ਉਸਨੂੰ ਪੁਲੀਸ ਨਿਗਰਾਨੀ ਵਿਚ ਰਖਿਆ ਗਿਆ। 16-17 ਦਸੰਬਰ ਦੀ ਰਾਤ ਨੂੰ ਪੁਲੀਸ ਨੂੰ ਚਕਮਾ ਦੇ ਕੇ ਸੁਭਾਸ਼ ਚੰਦਰ ਬੋਸ 28 ਮਾਰਚ 1941 ਨੂੰ ਉੱਤਰ-ਭਾਰਤ, ਕਾਬਲ ਅਤੇ ਮਾਸਕੋ ਰਾਹੀਂ ਬਰਲਿਨ ਪਹੁੰਚ ਗਿਆ। ਉੱਥੇ ਉਸਨੇ ਜਰਮਨੀ ਦੇ ਵਿਦੇਸ਼ ਮੰਤਰੀ ਜੋਖ਼ਿਮ ਵਾਨ ਰਿੱਬਨਟਰੋਪ ਨਾਲ ਸੰਪਰਕ ਸਥਾਪਿਤ ਕੀਤਾ ਜਿਸਨੇ ਭਾਰਤੀ ਜੰਗੀ ਕੈਦੀਆਂ ਵਿਚੋਂ ਫ੍ਰੀ ਇੰਡੀਆ ਯੂਨਿਟਾਂ ਖੜੀਆਂ ਕਰਨ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਭਾਰਤੀ ਫ਼ੌਜਾਂ ਵਿਚ ਬ੍ਰਿਟਿਸ਼ ਦੇ ਖਿਲਾਫ਼ ਬਣੀ ਹੋਈ ਅਨਾਦਰ ਦੀ ਭਾਵਨਾ ਉਸ ਵੇਲੇ ਪ੍ਰਤੱਖ ਹੋਈ ਜਦੋਂ ਅਗਸਤ 1940 ਵਿਚ ਇਕ ਸਿੱਖ ਸਕਾਡਰਨ ਨੇ ਬੰਬਈ ਵਿਖੇ ਜਹਾਜ਼ ‘ਤੇ ਚੜਨੋ ਇਨਕਾਰ ਕਰ ਦਿੱਤਾ ਅਤੇ ਜਦੋਂ ਕੁਝ ਹੋਰ ਰੈਜੀਮੈਂਟਾਂ ਵਿਚ ਵੀ ਸਿੱਖ ਸਿਪਾਹੀਆਂ ਨੇ ਲੋਹੇ ਦੇ ਟੋਪ ਪਾਉਣ ਤੋਂ ਇਨਕਾਰ ਕਰ ਦਿੱਤਾ। ਭਾਰਤੀ ਜੰਗੀ ਕੈਦੀਆਂ ਨੂੰ ਸੁਭਾਸ਼ ਚੰਦਰ ਵਲੋਂ ਕੀਤਾ ਗਿਆ ਐਲਾਨ ਬਹੁਤ ਪਸੰਦ ਆਇਆ ਅਤੇ 1200 ਵਿਅਕਤੀ ਜਿਨ੍ਹਾਂ ਵਿਚੋਂ ਬਹੁਤੇ ਸਿੱਖ ਸਨ ਪਹਿਲੇ 6 ਮਹੀਨਿਆਂ ਵਿਚ ਫਰੈਂਕਨਬਰਗ ਵਿਖੇ ਬਣਾਏ ਗਏ ਕੈਂਪ ਵਿਚ ਸਿਖਿਆ ਲਈ ਭਰਤੀ ਕਰ ਲਏ ਗਏ। ਇਹ ਕੈਂਪ ਅਜ਼ਾਦ ਹਿੰਦ ਫ਼ੌਜ ਦਾ ਮੁਢਲਾ ਰੂਪ ਸੀ। ਪਹਿਲਾਂ ਇਸ ਦਾ ਨਾਂ ਲਸ਼ਕਰ-ਇ-ਹਿੰਦ ਰਖਿਆ ਗਿਆ ਅਤੇ ਪੱਛਮ ਵਿਚ ਇਸਦੇ ਸਿਪਾਹੀਆਂ ਦੀ ਗਿਣਤੀ ਕੁਝ ਸਮੇਂ ਬਾਅਦ 4500 ਤਕ ਪਹੁੰਚ ਗਈ। ਪੂਰਬ ਵਿਚ ਇੰਡੀਅਨ ਇੰਡੀਪੈਨਡੈਂਨਸ ਲੀਗ ਦੇ ਸਮਾਨ ਰਾਜਨੀਤਿਕ ਸੰਸਥਾ ਦਾ ਨਾਂ ਫ੍ਰੀ ਇੰਡੀਆ ਸੈਂਟਰ ਸੀ।

        8 ਦਸੰਬਰ 1941 ਨੂੰ ਜੰਗ ਵਿਚ ਜਪਾਨ ਦੇ ਸ਼ਾਮਲ ਹੋਣ ਨਾਲ ਅਤੇ ਉਸ ਵਲੋਂ ਛੇਤੀ ਹੀ ਮਲਾਇਆ ਅਤੇ ਸਿੰਘਾਪੁਰ ਨੂੰ ਜਿੱਤ ਲੈਣ ਨਾਲ ਅਤੇ ਥਾਈਲੈਂਡ ਵਲੋਂ ਤਟਸਥਤਾ ਅਪਨਾ ਲਏ ਜਾਣ ਕਾਰਨ ਜਿਥੋਂ ਤਕ ਭਾਰਤ ਦਾ ਸੰਬੰਧ ਸੀ ਹਾਲਾਤ ਇਕਦਮ ਹੀ ਬਦਲ ਗਏ। ਕੁਝ ਭਾਰਤੀ ਰਾਸ਼ਟਰੀ ਪਾਰਟੀਆਂ ਜਿਵੇਂ ਕਿ ‘ਸੋਸ਼ਲਿਸਟ ਪਾਰਟੀ` ਅਤੇ ਫਾਰਵਰਡ ਬਲਾਕ` ਨੇ ਇਹ ਆਸ ਲਾ ਲਈ ਕਿ ਆਪਣੇ ਦੇਸ਼ ਨੂੰ ਜਪਾਨ ਦੀ ਮਦਦ ਨਾਲ ਅਜ਼ਾਦ ਕਰਾ ਲਿਆ ਜਾਏਗਾ। ਭਾਰਤੀਆਂ ਅਤੇ ਖਾਸ ਕਰ ਮਲਾਇਆ, ਸਿੰਘਾਪੁਰ ਅਤੇ ਖੇਤਰ ਦੇ ਹੋਰ ਦੇਸ਼ਾਂ ਵਿਚ ਰਹਿੰਦੇ ਮੁਖ ਤੌਰ ਤੇ ਸਿੱਖਾਂ ਨੇ ਗਿਆਨੀ ਪ੍ਰੀਤਮ ਸਿੰਘ ਅਤੇ ਸਵਾਮੀ ਸਤਯਾਨੰਦ ਪੁਰੀ ਦੀ ਅਗਵਾਈ ਵਿਚ ਬ੍ਰਿਟਿਸ਼ ਵਿਰੋਧੀ ਦੋ ਗੁਪਤ ਗਰੁੱਪਾਂ ਦੀ ਸਥਾਪਨਾ ਕਰ ਲਈ ਸੀ।

    ਉਸ ਖੇਤਰ ਦੇ ਬਾਹਰੀ ਭਾਗਾਂ ਦੇ ਖੁਫ਼ੀਆ ਵਿਭਾਗ ਦੇ ਮੁਖੀ ਇਕ ਜਪਾਨੀ ਅਫ਼ਸਰ ਮੇਜਰ ਫਿਊਜੀਵਾਰਾ ਨੇ ਜਪਾਨ ਦੇ ਲੜਾਈ ਦੇ ਐਲਾਨ ਤੋਂ ਪਹਿਲਾਂ ਹੀ ਗਿਆਨੀ ਪ੍ਰੀਤਮ ਸਿੰਘ ਨਾਲ ਸੰਪਰਕ ਬਣਾ ਕੇ ਇਕ ਦੂਸਰੇ ਨਾਲ ਕੰਮ ਕਰਨ ਦਾ ਸਮਝੌਤਾ 4 ਦਸੰਬਰ 1941 ਨੂੰ ਬੈਂਕਾਕ ਵਿਖੇ ਕਰ ਲਿਆ ਸੀ। ਜਪਾਨੀਆਂ ਵਲੋਂ ਉੱਤਰ-ਮਲਾਇਆ ਵੱਲ ਅੱਗੇ ਵਧਣ ਦੇ ਨਾਲ ਫਿਊਜੀਵਾਰਾ ਅਤੇ ਪ੍ਰੀਤਮ ਸਿੰਘ ਉਹਨਾਂ ਦੇ ਪਿੱਛੇ ਪਿੱਛੇ 14 ਦਸੰਬਰ 1941 ਨੂੰ ਅਲੋਰਸਟਾਰ ਵਿਖੇ ਪਹੁੰਚ ਗਏ। ਇਥੇ ਹੀ ਹਮਲਾਵਰ ਵਲੋਂ ਤਬਾਹ ਕੀਤੀ ਗਈ 14 ਪੰਜਾਬ ਰੈਜਮੈਂਟ ਦੇ ਇਕ ਵਿਛੜੇ ਹੋਏ ਕੈਪਟਨ ਮੋਹਨ ਸਿੰਘ ਨੇ ਉਹਨਾਂ ਨਾਲ ਸੰਪਰਕ ਕੀਤਾ। ਅਗਲੇ ਦਿਨ ਉਸਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਸਨੂੰ ਸ਼ਹਿਰ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਕਿਹਾ ਗਿਆ। ਸਾਰੇ ਭਾਰਤੀ ਜੰਗੀ ਕੈਦੀ ਅਤੇ ਇਸ ਤਰ੍ਹਾਂ ਆਪਣੀਆਂ ਪਲਟਨਾਂ ਤੋਂ ਨਿਖੜੇ ਹੋਏ ਸਿਪਾਹੀ ਉਸਦੇ ਅਧੀਨ ਕਰ ਦਿੱਤੇ ਗਏ। 11 ਜਨਵਰੀ 1942 ਨੂੰ ਕੋਆਲਾਲੰਮਪੁਰ ਨੂੰ ਜਿੱਤ ਲਿਆ ਗਿਆ ਜਿਸ ਵਿਚ 13,500 ਭਾਰਤੀ ਜੰਗੀ ਕੈਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 15 ਫਰਵਰੀ 1942 ਨੂੰ ਸਿੰਘਾਪੁਰ ਵੀ ਜਿੱਤ ਲਿਆ ਗਿਆ ਜਿੱਥੇ 85,000 ਫ਼ੌਜੀਆਂ ਨੂੰ ਜਿਨ੍ਹਾਂ ਵਿਚੋਂ 45,000 ਭਾਰਤੀ ਸਨ ਕਬਜ਼ੇ ਵਿਚ ਲੈ ਲਿਆ ਗਿਆ। ਮੋਹਨ ਸਿੰਘ ਨੇ ਹੋਰ ਵਲੰਟੀਅਰਾਂ ਦੀ ਮੰਗ ਕੀਤੀ ਜਿਨ੍ਹਾਂ ਨਾਲ ਅਜ਼ਾਦ ਹਿੰਦ ਫ਼ੌਜ ਬਣਾਈ ਜਾਣੀ ਸੀ ਅਤੇ ਭਾਰਤ ਨੂੰ ਅੰਗਰੇਜ਼ਾਂ ਦੇ ਦਬਾਅ ਹੇਠੋਂ ਲੜ ਕੇ ਮੁਕਤ ਕਰਾਇਆ ਜਾਣਾ ਸੀ। ਇਕ ਵੱਡੀ ਗਿਣਤੀ ਵਿਚ ਫਿਰ ਜ਼ਿਆਦਾਤਰ ਸਿੱਖ ਅੱਗੇ ਆਏ। ਮੋਹਨ ਸਿੰਘ ਨੇ ਆਪਣਾ ਹੈਡਕੁਆਟਰ ਸਿੰਘਾਪੁਰ ਵਿਚ ਨੀਸੋਨ ਵਿਖੇ ਸਥਾਪਿਤ ਕਰ ਲਿਆ। ਇੱਥੇ ਉਸ ਦੇ ਨਾਲ ਲੈਫਟੀਨੈਂਟ ਕਰਨਲ ਨਿਰੰਜਨ ਸਿੰਘ ਗਿੱਲ ਚੀਫ਼ ਆਫ਼ ਸਟਾਫ਼ ਵਜੋਂ , ਲੈਫਟੀਨੈਂਟ ਕਰਨਲ ਜੇ.ਕੇ. ਭੌਂਸਲੇ ਐਡਜੂਟੈਂਟ ਵਜੋਂ ਅਤੇ ਕੁਆਟਰ ਮਾਸਟਰ ਜਰਨਲ ਅਤੇ ਲੈਫਟੀਨੈਂਟ ਕਰਨਲ ਏ.ਸੀ. ਚਟਰਜੀ ਡਾਇਰੈਕਟਰ ਮੈਡੀਕਲ ਸਰਵਿਸਿਜ਼ ਵਜੋਂ ਉਹਨਾਂ ਦੇ ਨਾਲ ਸਨ। ਅਜ਼ਾਦ ਹਿੰਦ ਫ਼ੌਜ ਰਸਮੀ ਤੌਰ ਤੇ 1 ਸਤੰਬਰ 1942 ਨੂੰ ਸਥਾਪਿਤ ਕਰ ਲਈ ਗਈ ਸੀ ਅਤੇ ਉਸੇ ਦਿਨ 40,000 ਜੰਗੀ ਕੈਦੀਆਂ ਨੇ ਇਸ ਵਿਚ ਸ਼ਾਮਲ ਹੋਣ ਲਈ ਦਸਤਖਤ ਕਰਕੇ ਸੌਂਹ ਚੁੱਕੀ ਸੀ।

    ਇਸੇ ਦੌਰਾਨ ਇਕ ਵਡੇਰੇ ਆਗੂ ਰਾਸਬਿਹਾਰੀ ਬੋਸ ਦੀ ਅਗਵਾਈ ਹੇਠ ਇੰਡੀਅਨ ਇੰਡੀਪੈਨਡੈਂਸ ਲੀਗ ਨਾਮਕ ਇਕ ਹੋਰ ਸੰਸਥਾ ਖੜੀ ਹੋ ਗਈ। ਇਹ ਭਾਰਤੀ ਕ੍ਰਾਂਤੀਕਾਰੀ ਜੂਨ 1915 ਵਿਚ ਜਪਾਨ ਭੱਜ ਗਿਆ ਸੀ ਅਤੇ ਜਪਾਨੀ ਨਾਗਰਿਕ ਬਣ ਗਿਆ ਸੀ। ਪੂਰਬ ਵਿਚ ਰਾਜਨੀਤਿਕ ਮੁੱਦਿਆਂ ਦੀ ਚਰਚਾ ਕਰਨ ਵਾਸਤੇ ਇਸਨੇ ਭਾਰਤੀਆਂ ਦੀਆਂ ਦੋ ਕਾਨਫ਼ਰੰਸਾਂ ਦਾ ਆਯੋਜਨ ਕੀਤਾ। 28-30 ਮਾਰਚ 1942 ਦੀ ਟੋਕੀਓ ਕਾਨਫਰੰਸ ਵਿਚ ਇੰਡੀਅਨ ਇੰਡੀਪੈਨਡੈਂਸ ਲੀਗ ਦੀ ਸਥਾਪਨਾ ਦੇ ਨਾਲ ਨਾਲ ਇਕ ਇੰਡੀਅਨ ਨੈਸ਼ਨਲ ਆਰਮੀ ਵੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ। 15-23 ਜੂਨ 1942 ਦੀ ਬੈਕਾਂਕ ਕਾਨਫਰੰਸ ਵਿਚ ਰਸਮੀ ਤੌਰ ਤੇ ਇੰਡੀਅਨ ਇੰਡੀਪੈਨਡੈਂਸ ਲੀਗ ਦਾ ਉਦਘਾਟਨ ਕੀਤਾ ਗਿਆ ਅਤੇ ਕਾਂਗਰਸ ਦੇ ਤਿਰੰਗੇ ਝੰਡੇ ਨੂੰ ਆਪਣੇ ਝੰਡੇ ਵਜੋਂ ਅਪਨਾਇਆ ਗਿਆ। ਪਾਸ ਕੀਤੇ ਗਏ 35 ਪ੍ਰਸਤਾਵਾਂ ਵਿਚੋਂ ਇਕ ਪ੍ਰਸਤਾਵ ਰਾਹੀਂ ਸੁਭਾਸ਼ ਚੰਦਰ ਬੋਸ ਨੂੰ ਪੂਰਬੀ ਏਸ਼ੀਆ ਵਿਚ ਸੱਦਾ ਦਿੱਤਾ ਗਿਆ। ਇਕ ਹੋਰ ਪ੍ਰਸਤਾਵ ਰਾਹੀਂ ਕੈਪਟਨ ਮੋਹਨ ਸਿੰਘ ਨੂੰ ਇੰਡੀਅਨ ਨੈਸ਼ਨਲ ਆਰਮੀ ਦਾ ਕਮਾਂਡਰ-ਇਨ-ਚੀਫ਼ ਨਿਯੁਕਤ , ਕੀਤਾ ਗਿਆ। ਵਿਅਕਤੀਆਂ, ਸਮਾਨ ਅਤੇ ਧਨ ਦੀ ਆਪੂਰਤੀ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਇੰਡੀਅਨ ਇੰਡੀਪੈਨਡੈਂਸ ਲੀਗ ਨੇ ਇਕ ਕੌਂਸਿਲ ਆਫ਼ ਐਕਸ਼ਨ (ਕਾਰਜਕਾਰੀ ਕੌਂਸਲ) ਦੀ ਸਥਾਪਨਾ ਕੀਤੀ ਜਿਸ ਦੇ ਪ੍ਰਧਾਨ ਰਾਸ ਬਿਹਾਰੀ ਬੋਸ ਸਨ ਅਤੇ ਮਿਲਟਰੀ ਵਿਭਾਗ ਦੇ ਚਾਰ ਅਧਿਕਾਰੀਆਂ ਵਿਚੋਂ ਮੋਹਨ ਸਿੰਘ ਵੀ ਇਕ ਮੈਂਬਰ ਸਨ। ਅਗਸਤ 1942 ਵਿਚ ਕਾਂਗਰਸ ਵਲੋਂ ‘ਭਾਰਤ ਛੱਡੋ ਲਹਿਰ` ਚਲਾਏ ਜਾਣ ਦੀ ਖਬਰ ਨੇ ਲੋਕਾਂ ਨੂੰ ਹੋਰ ਵੀ ਹਿੰਮਤ ਪ੍ਰਦਾਨ ਕੀਤੀ ਅਤੇ 1 ਸਤੰਬਰ 1942 ਨੂੰ ਰਸਮੀ ਤੌਰ ਤੇ ਅਜ਼ਾਦ ਹਿੰਦ ਫ਼ੌਜ ਦਾ ਉਦਘਾਟਨ ਕਰ ਦਿੱਤਾ ਗਿਆ।

    ਛੇਤੀ ਹੀ ਕੁਝ ਮੁਸ਼ਕਲਾਂ ਸਾਮ੍ਹਣੇ ਆ ਗਈਆਂ। ਮੋਹਨ ਸਿੰਘ (ਹੁਣ ਜਨਰਲ) ਜਪਾਨੀਆਂ ਦੀ ਨੀਯਤ ਵੇਖ ਕੇ ਨਿਰਾਸ਼ ਹੋ ਗਿਆ ਸੀ ਕਿਉਂਕਿ ਜਪਾਨੀ ਇੰਡੀਅਨ ਨੈਸ਼ਨਲ ਆਰਮੀ ਨੂੰ ਇਕ ਹਥ-ਠੋਕੇ ਦੇ ਤੌਰ ਤੇ ਅਤੇ ਇਕ ਪ੍ਰਚਾਰ ਕਰਨ ਦੇ ਸਾਧਨ ਦੇ ਤੌਰ ਤੇ ਵਰਤਣਾ ਚਾਹੁੰਦੇ ਸਨ। ਉਹ ਇੰਡੀਅਨ ਇੰਡੀਪੈਨਡੈਂਸ ਲੀਗ ਅਤੇ ਕੌਂਸਲ ਆਫ਼ ਐਕਸ਼ਨ ਦੇ ਕੰਮ ਕਾਜ ਤੋਂ ਵੀ ਅਸਤੁੰਸ਼ਟ ਸੀ ਕਿਉਂਕਿ ਜਪਾਨੀਆਂ ਨੇ ਫ਼ੌਜ ਦੀ ਹੋਂਦ ਬਾਰੇ ਸਰਕਾਰੀ ਤੌਰ ਤੇ ਇਸਨੂੰ ਮਾਨਤਾ ਦੇਣ ਦਾ ਐਲਾਨ ਨਹੀਂ ਕੀਤਾ ਸੀ। ਦੂਜੇ ਪਾਸੇ ਕੌਂਸਿਲ ਆਫ਼ ਐਕਸ਼ਨ ਦੇ ਦੂਸਰੇ ਮੈਂਬਰ ਮਿਲਟਰੀ ਮਾਮਲਿਆਂ ਵਿਚ ਆਪਣੀ ਮਨ ਮਰਜ਼ੀ ਕਰਨ ਲਈ ਮੋਹਨ ਸਿੰਘ ਤੋਂ ਨਾਖੁਸ਼ ਸਨ। ਇਹ ਸੰਕਟ 8 ਦਸੰਬਰ 1942 ਨੂੰ ਖੁਲ੍ਹ ਕੇ ਸਾਮ੍ਹਣੇ ਆ ਗਿਆ ਜਦੋਂ ਕਰਨਲ ਨਰਿੰਜਨ ਸਿੰਘ ਗਿੱਲ ਨੂੰ ਬ੍ਰਿਟਿਸ਼ ਏਜੰਟ ਦੱਸਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗੱਲ ਦੀ ਸੂਚਨਾ ਜਨਰਲ ਮੋਹਨ ਸਿੰਘ ਨੂੰ ਨਹੀਂ ਦਿੱਤੀ ਗਈ ਅਤੇ ਉਸਦੇ ਵਿਰੋਧ ਦੀ ਕੇਵਲ ਅਣਦੇਖੀ ਹੀ ਨਹੀਂ ਕੀਤੀ ਗਈ ਸਗੋਂ ਉਸਨੂੰ ਕਰਨਲ ਗਿੱਲ ਨਾਲ ਮਿਲਣ ਦੀ ਇਜ਼ਾਜਤ ਵੀ ਨਹੀਂ ਦਿੱਤੀ ਗਈ। ਉਸੇ ਹੀ ਦਿਨ ਕੌਂਸਿਲ ਆਫ਼ ਐਕਸ਼ਨ ਦੇ 3 ਨਾਗਰਿਕ ਮੈਂਬਰਾਂ ਨੇ ਵੀ ਅਸਤੀਫ਼ਾ ਦੇ ਦਿੱਤਾ। 29 ਦਸੰਬਰ 1942 ਨੂੰ ਜਨਰਲ ਮੋਹਨ ਸਿੰਘ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਜਪਾਨੀ ਮਿਲਟਰੀ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ। ਇੰਡੀਅਨ ਨੈਸ਼ਨਲ ਆਰਮੀ ਕੋਲੋਂ ਹਥਿਆਰ ਲੈ ਲਏ ਗਏ। ਇਸ ਨੂੰ ਮੁੜ ਸੁਰਜੀਤ ਕਰਨ ਲਈ ਰਾਸ ਬਿਹਾਰੀ ਬੋਸ ਨੇ ਯਤਨ ਕੀਤੇ ਅਤੇ ਉਸਨੇ ਇਸਦੇ ਮਾਮਲਿਆਂ ਦਾ ਪ੍ਰਬੰਧ ਕਰਨ ਲਈ ਇਕ ਪ੍ਰਬੰਧਕੀ ਕਮੇਟੀ ਦੀ ਨਿਯੁਕਤੀ ਕਰ ਦਿੱਤੀ।

      ਆਮ ਤੌਰ ਤੇ ਨੇਤਾ ਜੀ ਦੇ ਰੂਪ ਵਿਚ ਜਾਣੇ ਜਾਂਦੇ ਸੁਭਾਸ਼ ਚੰਦਰ ਬੋਸ ਨੇ 8 ਫਰਵਰੀ 1943 ਨੂੰ ਯੂਰਪ ਛੱਡਿਆ ਅਤੇ 13 ਜੂਨ 1943 ਨੂੰ ਟੋਕੀਓ ਪਹੁੰਚ ਗਿਆ। ਜਪਾਨੀ ਪ੍ਰਧਾਨ ਮੰਤਰੀ (ਜਨਰਲ ਤੋਜੋ) ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਹ 2 ਜੁਲਾਈ 1943 ਨੂੰ ਸਿੰਗਾਪੁਰ ਪਹੁੰਚ ਗਿਆ। ਦੋ ਦਿਨਾਂ ਬਾਅਦ ਰਾਸ਼ ਬਿਹਾਰੀ ਬੋਸ ਨੇ ਇੰਡੀਅਨ ਇੰਡੀਪੈਨਡੈਂਸ ਲੀਗ ਦੀ ਅਗਵਾਈ ਉਸ ਨੂੰ ਸੌਂਪ ਦਿਤੀ। 5 ਜੁਲਾਈ 1943 ਨੂੰ ਨੇਤਾ ਜੀ ਨੇ ਅਜ਼ਾਦ ਹਿੰਦ ਫ਼ੌਜ ਨੂੰ ਮੁੜ ਸੁਰਜੀਤ ਕਰ ਲਿਆ ਅਤੇ ਉਸਨੂੰ ‘ਦਿੱਲੀ ਚਲੋ` ਅਤੇ ‘ਜੈ ਹਿੰਦ` ਦਾ ਨਾਅਰਾ ਪ੍ਰਦਾਨ ਕੀਤਾ। 23 ਅਕਤੂਬਰ 1943 ਨੂੰ ਉਸਨੇ ਅਜ਼ਾਦ ਹਿੰਦ ਦੀ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕਰ ਦਿੱਤਾ ਜਿਸਨੂੰ ਥੋੜੇ ਹੀ ਦਿਨਾਂ ਵਿਚ ਜਪਾਨ, ਇਟਲੀ ਅਤੇ ਜਰਮਨੀ ਆਦਿ 9 ਦੇਸ਼ਾਂ ਨੇ ਮਾਨਤਾ ਪ੍ਰਦਾਨ ਕਰ ਦਿੱਤੀ। 6 ਨਵੰਬਰ 1943 ਨੂੰ ਜਪਾਨੀ ਪ੍ਰਧਾਨ ਮੰਤਰੀ ਨੇ ਅੰਡੇਮਾਨ ਅਤੇ ਨਿਕੋਬਾਰ ਦਵੀਪਾਂ ਨੂੰ ਇਸ ਅੰਤਰਿਮ ਸਰਕਾਰ ਨੂੰ ਦੇਣ ਦਾ ਐਲਾਨ ਕਰ ਦਿੱਤਾ। ਨੇਤਾ ਜੀ ਨੇ ਫ਼ੌਜ ਨੂੰ ਜਪਾਨ ਵਲੋਂ ਭਾਰਤ ਤੇ ਪੂਰਬੀ ਸਰਹੱਦ ਰਾਹੀਂ ਕੀਤੇ ਜਾ ਰਹੇ ਹਮਲਿਆਂ ਵਿਚ ਭਾਗ ਲੈਣ ਲਈ ਤਿੰਨ ਬ੍ਰਿਗੇਡਾਂ ਵਿਚ ਵੰਡ ਦਿੱਤਾ। ਜਪਾਨੀ ਫੀਲਡ ਕਮਾਂਡਰ, ਫੀਲਡ ਮਾਰਸ਼ਲ ਤੇਰੋਚੀ ਦੀ ਭਾਰਤੀਆਂ ਨੂੰ ਲੜਾਈ ਵਿਚ ਆਪਣੇ ਨਾਲ ਰੱਖਣ ਦੀ ਮੁਢਲੀ ਝਿੱਜਕ ਤੋਂ ਬਾਅਦ ਉਸ ਵਲੋਂ ਇਕ ਬ੍ਰਿਗੇਡ ਨੂੰ ਤਜਰਬੇ ਵਜੋਂ ਲੈ ਲੈਣਾ ਮੰਨ ਲਿਆ ਗਿਆ ਅਤੇ ਜਪਾਨੀ ਫ਼ੌਜ ਦੇ ਵੱਖਰੇ ਵੱਖਰੇ ਯੂਨਿਟਾਂ ਨਾਲ ਅਨਿਯਮਤ ਤੌਰ ਤੇ ਰਖੇ ਗਏ ਸਿਪਾਹੀਆਂ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਨੂੰ ਜਪਾਨੀਆਂ ਦੀਆਂ ਯੂਨਿਟਾਂ ਨਾਲ ਲਗਾ ਦਿੱਤਾ ਗਿਆ। ਇਸੇ ਤਰ੍ਹਾਂ 3 ਬਟਾਲੀਅਨਾਂ ਦੀ ਇਕ ਨਵੀਂ ਬ੍ਰਿਗੇਡ ਤਿਆਰ ਕੀਤੀ ਗਈ ਅਤੇ ਇਸ ਵਿਚ ਬਾਕੀ ਦੀਆਂ ਤਿੰਨ ਬ੍ਰਿਗੇਡਾਂ ਵਿਚੋਂ ਸਭ ਤੋਂ ਵਧੀਆ ਸਿਪਾਹੀ ਚੁਣ ਕੇ ਇਹਨਾਂ ਵਿਚ ਰਖ ਲਏ ਗਏ। ਜਨਰਲ ਸ਼ਾਹ ਨਵਾਜ਼ ਖਾਂ ਦੀ ਕਮਾਂਡ ਹੇਠ ਇਸ ਦੀ ਪਹਿਲੀ ਬਟਾਲੀਅਨ ਅਰਾਕਾਨ ਮੁਹਾਜ਼ ਤੇ ਕਾਰਜਸ਼ੀਲ ਹੋ ਗਈ ਅਤੇ ਉਸਨੂੰ ਮਈ 1944 ਵਿਚ ਉਸ ਸਮੇਂ ਇਕ ਮਹੱਤਵਪੂਰਨ ਸਫ਼ਲਤਾ ਮਿਲੀ ਜਦੋਂ ਕੌਕਸ ਬਜ਼ਾਰ ਦੇ ਪੂਰਬ ਵਿਚ 80 ਕਿਲੋਮੀਟਰ ਦੂਰ ਭਾਰਤੀ ਅਤੇ ਬ੍ਰਿਟਿਸ਼ ਫ਼ੌਜਾਂ ਦੇ ਬਾਰ ਬਾਰ ਹਮਲਾ ਕੀਤੇ ਜਾਣ ਦੇ ਬਾਵਜੂਦ ਸਤੰਬਰ 1944 ਤਕ ਉਸ ਨੇ ਇਹ ਕਬਜ਼ਾ ਬਣਾਈ ਰਖਿਆ। ਬਾਕੀ ਦੀਆਂ ਦੂਜੀਆਂ ਦੋ ਬਟਾਲੀਅਨਾਂ ਨੇ ਵੀ ਫਾਲਮ ਅਤੇ ਹਾਕਾ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਦਿਖਾਈ। ਇਸੇ ਦੌਰਾਨ ਸੁਭਾਸ਼ ਚੰਦਰ ਬੋਸ ਆਪਣੇ ਹੈਡ ਕੁਆਟਰ ਨੂੰ ਹੋਰ ਅਗੇ ਰੰਗੂਨ ਵਿਖੇ ਲੈ ਆਇਆ। ਜਪਾਨੀ ਕਮਾਂਡਰਾਂ ਨੇ ਅਜ਼ਾਦ ਹਿੰਦ ਫ਼ੌਜ ਦੇ ਸਿਪਾਹੀਆਂ ਦੀ ਯੁੱਧ ਕਲਾ ਅਤੇ ਹਿੰਮਤ ਤੋਂ ਸੰਤੁਸ਼ਟ ਹੋ ਕੇ ਇਕ ਹੋਰ ਭਾਰਤੀ ਬ੍ਰਿਗੇਡ ਨੂੰ ਇੰਫਾਲ ਅਤੇ ਕੋਹੀਮਾ ਖੇਤਰਾਂ ਵਿਚ ਆਪਣੀਆਂ ਕਾਰਵਾਈਆਂ ਵਿਚ ਆਪਣੇ ਨਾਲ ਲਗਾ ਲਿਆ। ਬ੍ਰਿਟਿਸ਼ ਫ਼ੌਜਾਂ ਨੇ ਵੀ 1944-45 ਵਿਚ ਕੀਤੇ ਗਏ ਇਸ ਹਮਲੇ ਨੂੰ ਕੇਵਲ ਰੋਕਿਆ ਹੀ ਨਹੀਂ ਸਗੋਂ ਇਕ ਜਵਾਬੀ ਹਮਲਾ ਵੀ ਕਰ ਦਿੱਤਾ। ਜਪਾਨੀ ਅਤੇ ਅਜ਼ਾਦ ਹਿੰਦ ਫ਼ੌਜਾਂ ਤੇਜ਼ੀ ਨਾਲ ਪਿੱਛੇ ਹੱਟ ਗਈਆਂ। ਬ੍ਰਿਟਿਸ਼ ਫ਼ੌਜਾਂ ਨੇ ਮਈ 1945 ਦੇ ਸ਼ੁਰੂ ਵਿਚ ਹੀ ਰੰਗੂਨ ਤੇ ਕਬਜ਼ਾ ਕਰ ਲਿਆ। 16 ਮਈ ਨੂੰ ਸ਼ਾਹ ਨਵਾਜ਼, ਗੁਰਬਖਸ਼ ਸਿੰਘ ਢਿੱਲੋਂ ਅਤੇ ਹੋਰ ਕਈ ਅਫਸਰਾਂ ਅਤੇ ਅਜ਼ਾਦ ਹਿੰਦ ਫ਼ੌਜ ਦੇ ਵਿਅਕਤੀਆਂ ਨੇ ਬਰਮਾ ਦੇ ਹੇਠਲੇ ਹਿੱਸੇ ਵਿਚ ਪੇਗੂ ਨਾਮਕ ਥਾਂ ਤੇ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਤੋਂ ਬਾਅਦ ਅਜ਼ਾਦ ਹਿੰਦ ਫ਼ੌਜ ਦੀ ਹੋਂਦ ਸਮਾਪਤ ਹੋ ਗਈ।

        14 ਅਗਸਤ 1945 ਨੂੰ ਜਪਾਨ ਵਲੋਂ ਆਤਮ ਸਮਰਪਣ ਦੇ ਨਾਲ ਲੜਾਈ ਖਤਮ ਹੋ ਗਈ। 18 ਅਗਸਤ 1945 ਨੂੰ ਇਕ ਹਵਾਈ ਦੁਰਘਟਨਾ ਵਿਚ ਸੁਭਾਸ਼ ਚੰਦਰ ਬੋਸ ਦਾ ਦੇਹਾਂਤ ਹੋ ਗਿਆ। ਇੰਡੀਅਨ ਨੈਸ਼ਨਲ ਆਰਮੀ ਦੇ ਅਫ਼ਸਰਾਂ ਅਤੇ ਸਿਪਾਹੀਆਂ ਨੂੰ ਵਾਪਸ ਹਿੰਦੁਸਤਾਨ ਲਿਆਂਦਾ ਗਿਆ ਅਤੇ ਇਹਨਾਂ ਨੂੰ ਤਿੰਨ ਵਰਗਾਂ ਵਿਚ ਵੰਡ ਕੇ ਇਹਨਾਂ ਤੋਂ ਪੁਛ ਪੜਤਾਲ ਕੀਤੀ ਗਈ। ਪਹਿਲੇ ਵਰਗ ਵਿਚ ਗੋਰੇ ਨੂੰ ਅਰਥਾਤ ਸ਼ੁਰੂ ਤੋਂ ਬ੍ਰਿਟਿਸ਼ ਦੇ ਵਫਾਦਾਰ ਰਹਿਣ ਵਾਲਿਆਂ ਨੂੰ; ਦੂਸਰੇ ਵਿਚ ਗ੍ਰੇ (ਸਲੇਟੀ) ਅਥਵਾ ਉਹ ਜਿਨ੍ਹਾਂ ਦੀ ਵਿਸ਼ਵਾਸਪਾਤਰਤਾ ਸੰਦੇਹਜਨਕ ਸੀ ਅਤੇ ਤੀਸਰੇ ਵਿਚ ਕਾਲੇ ਜਾਂ ਉਹ ਜਿਨ੍ਹਾਂ ਨੇ ਇਹ ਮੰਨਿਆ ਕਿ ਉਹ ਅਜ਼ਾਦ ਹਿੰਦ ਫ਼ੌਜ ਵਿਚ ਭਰਤੀ ਹੋਏ ਸਨ ਰਖਿਆ ਗਿਆ। ਗੋਰਿਆਂ ਨੂੰ ਸੀਨੀਆਰਤਾ ਅਤੇ ਬਕਾਇਆ ਤਨਖ਼ਾਹ ਦੇ ਲਾਭਾਂ ਨਾਲ ਮੁੜ ਆਪਣੇ ਅਹੁਦਿਆਂ ਤੇ ਨਿਯੁਕਤ ਕਰ ਲਿਆ ਗਿਆ; ਸਲੇਟੀ ਅਥਵਾ ਗ੍ਰੇ ਨੂੰ ਨਿਗਰਾਨੀ ਹੇਠ ਰਖਿਆ ਗਿਆ ਅਤੇ ਬਾਅਦ ਵਿਚ ਉਹਨਾਂ ਨੂੰ ਜਾਂ ਤਾਂ ਗੋਰੇ ਅਥਵਾ ਕਾਲੇ ਗਰੇਡਾਂ ਵਿਚ ਸ਼ਾਮਲ ਕਰ ਲਿਆ ਗਿਆ। ਕਾਲਿਆਂ ਨੂੰ ਤਾਂ ਮੂਲੋਂ ਹੀ ਡਿਸਮਿਸ ਕਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਤਨਖਾਹਾਂ ਤੇ ਭੱਤਿਆਂ ਦੇ ਬਕਾਏ ਜ਼ਬਤ ਕਰ ਲਏ ਗਏ। ਮੋਹਨ ਸਿੰਘ ਅਤੇ ਨਰਿੰਜਨ ਸਿੰਘ ਗਿੱਲ ਨੂੰ ਅਜ਼ਾਦ ਕਰ ਦਿੱਤਾ ਗਿਆ। ਸ਼ਾਹ ਨਵਾਜ ਖਾਂ, ਗੁਰਬਖਸ਼ ਸਿੰਘ ਢਿੱਲੋਂ ਅਤੇ ਪ੍ਰੇਮ ਕ. ਸਹਿਗਲ ਦੀ ਇਕ ਨਮੂਨੇ ਦੇ ਮਾਮਲੇ ਵਜੋਂ ਦਿੱਲੀ ਦੇ ਲਾਲ ਕਿਲੇ ਦੀ ਖੁਲ੍ਹੀ ਕਚਹਿਰੀ ਵਿਚ ਪੇਸ਼ੀ ਪਾਈ ਗਈ। ਇਹਨਾਂ ਤੇ ਵਿਸ਼ਵਾਸ਼ਘਾਤ ਦਾ ਅਤੇ ਬਾਦਸ਼ਾਹ ਦੇ ਖਿਲਾਫ਼ ਜੰਗ ਸ਼ੁਰੂ ਕਰਨ ਦਾ ਦੋਸ਼ ਲਾਇਆ ਗਿਆ। ਸਾਰੇ ਭਾਰਤ ਵਿਚ ਇਹਨਾਂ ਵਾਸਤੇ ਹਮਦਰਦੀ ਦੀ ਲਹਿਰ ਚਲ ਪਈ। 5 ਨਵੰਬਰ 1945 ਨੂੰ ਇਹ ਮੁਕੱਦਮਾ ਸ਼ੁਰੂ ਹੋਇਆ ਸੀ। ਤੇਜ ਬਹਾਦਰ ਸਪਰੂ, ਭੂਲਾ ਭਾਈ ਦੇਸਾਈ ਅਤੇ ਜਵਾਹਰ ਲਾਲ ਵਰਗੇ ਪ੍ਰਸਿੱਧ ਵਕੀਲਾਂ ਅਤੇ ਉੱਘੀਆਂ ਸਖਸ਼ੀਅਤਾਂ ਨੇ ਦੋਸ਼ੀਆਂ ਦੇ ਹੱਕ ਵਿਚ ਕਚਹਿਰੀ ਵਿਚ ਇਹਨਾਂ ਦੇ ਬਚਾਉ ਵਿਚ ਬਚਾਉ ਦਾ ਪੱਖ ਪੇਸ਼ ਕੀਤਾ। 21 ਅਤੇ 24 ਨਵੰਬਰ ਦੇ ਵਿਚਕਾਰ ਇਹਨਾਂ ਦੀ ਹਮਦਰਦੀ ਵਿਚ ਕਈ ਥਾਵਾਂ ਤੇ ਦੰਗੇ ਹੋ ਗਏ। 31 ਦਸੰਬਰ 1945 ਨੂੰ ਅਦਾਲਤ ਨੇ ਇਹਨਾਂ ਤਿੰਨਾਂ ਨੂੰ ਜੀਵਨ ਭਰ ਲਈ ਦੇਸ਼ ਨਿਕਾਲੇ ਦੀ ਸਜ਼ਾ ਸੁਣਾ ਦਿੱਤੀ। ਪਰੰਤੂ ਉਸ ਆਮ ਹਮਦਰਦੀ ਦੇ ਰੋਹ ਅੱਗੇ ਸਰਕਾਰ ਝੁੱਕ ਗਈ ਅਤੇ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਸਰ ਕਲਾਡ ਔਚਿਨਲੇਕ ਨੇ ਦੁਬਾਰਾ ਨਜ਼ਰਸਾਨੀ ਕਰਕੇ ਇਸ ਸਜਾ ਨੂੰ ਰੱਦ ਕਰ ਦਿੱਤਾ।


ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.