ਆਤਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਤਮਾ [ ਨਾਂਇ ] ਮਨੁੱਖੀ ਸਰੀਰ ਨੂੰ ਜੀਊਂਦਾ ਰੱਖਣ ਵਾਲ਼ਾ ਤੱਤ , ਰੂਹ , ਜਾਨ , ਜ਼ਮੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਤਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਤਮਾ . ਸੰ. आत्मन्— ਆਤੑਮਨੑ. ( अत्-मनिन् ) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਥਵਾ ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ , ਜੋ ਅਨੇਕ ਚੇ੄਍੠ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ , ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਆਦਿ ਧਾਰਣ ਵਾਲਾ ਆਤਮਾ ਹੈ , ਅਰਥਾਤ ਜਿੱਥੇ ਇਹ ਹੋਣ , ਉੱਥੇ ਸਮਝੋ ਕਿ ਆਤਮਾ ਹੈ.

          “ इच्छा द्वेष प्रयत्न सुख दुःख ज्ञानान्यात्मनो लिंङ्गमिति” ( ਨ੍ਯਾਯ ਦਸ਼੗ਨ , ਅ : , ਆਹਿ੍ਨਕ ੧ , ਸੂਤ੍ਰ ੧੦ )

          ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ ( ਅਕਸ ) , ਅਵਿਦ੍ਯਾ ਦਾ ਅਧਿ੄਎੠ਨ ਚੇਤਨ ਅਤੇ ਅਵਿਦ੍ਯਾ , ਇਨ੍ਹਾਂ ਤਿੰਨਾ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ , ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ , ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸ੍ਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹੑਮ ਤੋਂ ਵੱਖ ਨਹੀਂ. ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ , ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.

          ਮਾਇਆ ਵਿੱਚ ਬ੍ਰਹੑਮ ਦਾ ਆਭਾਸ , ਮਾਇਆ ਦਾ ਅਧਿ੄਎੠ਨ ਚੇਤਨ ਅਤੇ ਮਾਇਆ , ਇਨ੍ਹਾਂ ਤਿੰਨਾ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹੑਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹੑਮ ਰਹਿ ਜਾਂਦਾ ਹੈ.

          ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ ( ਸਾਇੰਸਦਾਨ ) ਤ੍ਵਚਮਸਤਿ੄ੑਕ ( brain cortex ) ਦੇ ਸ਼ਿਰਾ੎ਫੋਟੀ ਜੀਵਣੂਆਂ ( ganglionic cells ) ਦਾ ਗੁਣ ਮੰਨਦੇ ਹਨ.

          “ ਆਤਮਾ ਪਰਾਤਮਾ ਏਕੋ ਕਰੈ.” ( ਧਨਾ ਮ : ੧ ) ੨ ਪਰਮਾਤਮਾ. ਪਾਰਬ੍ਰਹੑਮ. ਵਾਹਗੁਰੂ. “ ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ । ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ , ਤਾ ਘਰ ਹੀ ਪਰਚਾ ਪਾਇ.” ( ਮ : ੩ ਵਾਰ ਸ੍ਰੀ ) ੩ ਅੰਤਹਕਰਣ. ਮਨ. ਚਿੱਤ. “ ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ.” ( ਮ : ੩ ਵਾਰ ਸ੍ਰੀ ) ੪ ਸੁਭਾਉ. ਸ੍ਵਭਾਵ । ੫ ਸ਼ਰੀਰ. ਦੇਹ । ੬ ਧੀਰਜ. ਧ੍ਰਿਤਿ । ੭ ਬੁੱਧਿ । ੮ ਸੂਰਜ । ੯ ਅਗਨਿ । ੧੦ ਪਵਨ. ਹਵਾ । ੧੧ ਪੁਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਤਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਮਾ : ਗੁਰਬਾਣੀ ਵਿਚ ਪਰਮਾਤਮਾ ਦੇ ਨਾਲ ਨਾਲ ਕਿਤੇ ਕਿਤੇ ‘ ਆਤਮਾ’ ਦਾ ਨਿਰੂਪਣ ਵੀ ਹੋਇਆ ਹੈ , ਪਰ ਇਤਨੀ ਅਧਿਕ ਮਾਤ੍ਰਾ ਵਿਚ ਨਹੀਂ , ਜਿਤਨਾ ਆਤਮਾ ਦੇ ਮਾਇਆ ਆਛਾਜਿਤ ਸਰੂਪ ‘ ਜੀਵਾਤਮਾ ’ ਦਾ ਹੋਇਆ ਹੈ । ਅਸਲ ਵਿਚ , ਸਾਰੀ ਬਾਣੀ ਜੀਵਾਤਮਾ ਦੇ ਉੱਧਾਰ ਅਤੇ ਕਲਿਆਣ ਦਾ ਪ੍ਰਤਿਪਾਦਨ ਕਰਦੀ ਹੈ , ਇਸ ਵਾਸਤੇ ਉਸ ਸੰਬੰਧੀ ਅਧਿਕ ਵਿਸ਼ਲੇਸ਼ਣ ਹੋਣਾ ਸੁਭਾਵਿਕ ਹੈ । ਪਰ ਜੀਵਾਤਮਾ ਦੇ ਮੂਲ ਸਰੂਪ ‘ ਆਤਮਾ’ ਦੇ ਵਿਵੇਚਨ ਦੁਆਰਾ ਹੀ ਆਤਮਾ ਪਰਮਾਤਮਾ ਦੇ ਸੰਬੰਧ ਨੂੰ ਸਮਝਿਆ ਜਾ ਸਕਦਾ ਹੈ ।

                      ਆਤਮਾ ਕੀ ਹੈ ? ਉਸ ਦਾ ਸਰੂਪ ਅਤੇ ਲੱਛਣ ਕੀ ਹਨ ? ਉਸ ਦੀ ਗਤਿਵਿਧੀ ਅਤੇ ਸਥਿਤੀ ਕੀ ਹੈ ? ਇਸ ਪ੍ਰਕਾਰ ਦੇ ਕਈ ਬੁਨਿਆਦੀ ਪ੍ਰਸ਼ਨ ਆਦਿ-ਕਾਲ ਤੋਂ ਮਨੁੱਖ ਦੇ ਸਾਹਮਣੇ ਰਹੇ ਹਨ । ਸਮੇਂ ਸਮੇਂ ਵਿਦਵਾਨਾਂ ਨੇ ਅੰਤਰ- ਸਥਿਤ ਇਸ ਸ਼ਕਤੀ ਨੂੰ ਸਮਝਣ ਦਾ ਯਤਨ ਕੀਤਾ ਹੈ । ਇਨ੍ਹਾਂ ਯਤਨਾਂ ਦੀ ਲੰਬੀ ਪਰੰਪਰਾ ਹੈ । ਗੁਰਮਤਿ ਦੀ ਆਤਮਾ ਸੰਬੰਧੀ ਧਾਰਣਾ ਨੂੰ ਸਮਝਣ ਲਈ ਪਰੰਪਰਾ ਉਤੇ ਝਾਤ ਮਾਰਨੀ ਆਵੱਸ਼ਕ ਪ੍ਰਤੀਤ ਹੁੰਦੀ ਹੈ ।

                      ‘ ਆਤਮਾ’ ਦੇ ਸਰੂਪ ਸੰਬੰਧੀ ਰਿਗ ਵੇਦ ( 1/ 164/20 ) ਵਿਚ ਸੰਕੇਤ ਮਿਲਦਾ ਹੈ । ਉਸ ਵਿਚ ਪਰਮਾਤਮਾ ਅਤੇ ਆਤਮਾ ( ਜੀਵਾਤਮਾ ) ਨੂੰ ਮਿਤਰ ਭਾਵ ਵਾਲੇ ਦੋ ਪੰਛੀਆਂ ਦੇ ਪ੍ਰਤੀਕਾਤਮਕ ਰੂਪ ਵਿਚ ਇਕ ਬ੍ਰਿਛ ਉਤੇ ਬੈਠਾ ਵਿਖਾਇਆ ਗਿਆ ਹੈ । ਉਨ੍ਹਾਂ ਪੰਛੀਆਂ ਵਿਚੋਂ ਇਕ ਬ੍ਰਿਛ ਦੇ ਫਲ ਖਾਏ ਬਿਨਾ , ਸਾਖੀ ( ਸਾਕੑਸ਼ੀ ) ਰੂਪ ਵਿਚ ਵੇਖਦਾ ਰਹਿੰਦਾ ਹੈ ਅਤੇ ਦੂਜਾ ਪੰਛੀ ਬ੍ਰਿਛ ਦੇ ਫਲਾਂ ਦਾ ਭੋਗ ਕਰਦਾ ਹੈ ।

                      ਉਪਨਿਸ਼ਦਾਂ ਵਿਚ ਪਰਮਾਤਮਾ ਅਤੇ ਆਤਮਾ ਨੂੰ ਇਕ ਰੂਪ ਮੰਨਿਆ ਗਿਆ ਹੈ । ਆਤਮਾ ਨਿੱਤ ਹੈ , ਨ ਕਦੇ ਮਰਦੀ ਹੈ , ਨ ਅਵਸਥਾ ਆਦਿ ਤੋਂ ਪੈਦਾ ਹੋਏ ਦੋਸ਼ਾਂ ਤੋਂ ਪ੍ਰਭਾਵਿਤ ਹੁੰਦੀ ਹੈ । ਉਹ ਵਿਸ਼ਿਆਂ ਨੂੰ ਗ੍ਰਹਿਣ ਕਰਨ ਵਾਲੀਆਂ ਸਾਡੀਆਂ ਸਾਰੀਆਂ ਇੰਦ੍ਰੀਆਂ ਤੋਂ , ਮਨ ਦੇ ਸੰਕਲਪਾਂ-ਵਿਕਲਪਾਂ ਤੋਂ , ਵਿਵੇਚਨਾਤਮਕ ਬੁੱਧੀ ਤੋਂ ਅਤੇ ਪ੍ਰਾਣਾਂ ਤੋਂ ਵਖਰੀ ਹੈ । ਅਵਿਦਿਆ ਜਾਂ ਮਾਇਆ ਕਰਕੇ ਆਤਮਾ ਹੀ ‘ ਜੀਵਾਤਮਾ’ ਅਖਵਾਉਂਦੀ ਹੈ । ਇਹੀ ਪੂਰਵ ਜਨਮਾਂ ਦੇ ਕਰਮ-ਫਲ ਅਨੁਸਾਰ ਸੁਖ-ਦੁਖ ਦੇ ਭੋਗ ਲਈ ਸੰਸਾਰ ਵਿਚ ਆਂਦੀ ਜਾਂਦੀ ਅਤੇ ਜਨਮ-ਮਰਨ ਨਾਲ ਯੁਕਤ ਹੁੰਦੀ ਹੈ । ਅਸਲ ਵਿਚ , ਆਤਮਾ ਦਾ ਵਿਅਕਤੀਗਤ ਜਾਂ ਦੇਹਧਾਰੀ ਰੂਪ ਜੀਵ ( ਜੀਵਾਤਮਾ ) ਹੈ । ਜੀਵ ਸ਼ਰੀਰ/ਦੇਹ ਦੇ ਜਨਮ-ਮਰਨ ਦੇ ਪ੍ਰਕਾਰਜ ਤੋਂ ਪ੍ਰਭਾਵਿਤ ਨਹੀਂ ਹੁੰਦਾ । ਇਕ ਸ਼ਰੀਰ ਦੇ ਨਸ਼ਟ ਹੋਣ ਤੇ ਦੂਜੇ ਵਿਚ ਪ੍ਰਵੇਸ਼ ਕਰ ਲੈਂਦਾ ਹੈ । ਜੀਵ ( ਜੀਵਾਤਮਾ ) ਸਦੀਵੀ ਹੈ , ਜੰਮਦਾ-ਮਰਦਾ ਕੇਵਲ ਸ਼ਰੀਰ ਹੈ । ਇਸ ਤਰ੍ਹਾਂ ਆਤਮਾ ਮੂਲ ਤੱਤ੍ਵ ਹੈ ।

                      ਜੈਨ-ਮਤ ਵਾਲਿਆਂ ਨੇ ਚੈਤਨੑਯ ਦ੍ਰਵੑਯ ਨੂੰ ਜੀਵ ਕਿਹਾ ਹੈ । ਜੀਵ ਸਭ ਤਰ੍ਹਾਂ ਦੇ ਗੁਣਾਂ ਨਾਲ ਪਰਿਪੂਰਣ ਹੈ । ਇਹ ਖ਼ੁਦ ਸ਼ੁਭ ਕਰਮਾਂ ਦਾ ਕਰਤਾ ਅਤੇ ਉਨ੍ਹਾਂ ਨੂੰ ਭੋਗਣ ਵਾਲਾ ਹੈ । ਜੀਵ ਇਕ ਨਹੀਂ , ਅਨੇਕ ਹਨ । ਜਿਤਨੇ ਸ਼ਰੀਰ ਹਨ , ਉਤਨੇ ਹੀ ਜੀਵ ਹਨ । ਮਨੁੱਖ ਸਾਰਿਆਂ ਜੀਵਾਂ ਵਿਚੋਂ ਉਤਮ ਹੈ । ਜੀਵ ਆਪਣੇ ਕਰਮਾਂ ਅਨੁਸਾਰ ਸ਼ਰੀਰ ਧਾਰਣ ਕਰਦਾ ਹੈ । ਜੀਵ ਸ਼ਰੀਰ ਦਾ ਨਿਮਿਤ ਕਾਰਣ ਹੈ ਅਤੇ ਪੁਦੁਗਲ ( ਜੜ ਪਦਾਰਥ ) ਇਸ ਦਾ ਪਰਿਣਾਮ ਹੈ ।

                      ਬੌਧ-ਮਤ ਵਾਲੇ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਮੰਨਦੇ ਕਿਉਂਕਿ ਇਸ ਮਤ ਅਨੁਸਾਰ ਸਾਰੀਆਂ ਵਸਤੂਆਂ ਛਿਣਕ , ਨਾਸ਼ਵਾਨ ਅਤੇ ਪਰਿਵਰਤਨਸ਼ੀਲ ਹਨ । ਚਿੱਤ ਹੀ ਇਕ ਮਾਤ੍ਰ ਸੱਤਾ ਹੈ । ਬਾਹਰਲੇ ਸਾਰੇ ਪਦਾਰਥ ਅਸਲ ਵਿਚ ਚਿੱਤ ( ਮਨ ) ਦੇ ਅੰਤਰਗਤ ਹਨ । ਚਿੱਤ ਨੂੰ ‘ ਆਲਯ- ਵਿਗਿਆਨ ’ ਦਾ ਨਾਂ ਦਿੱਤਾ ਜਾਂਦਾ ਹੈ ਕਿਉਂਕਿ ਇਹ ਸਾਰਿਆਂ ਵਿਗਿਆਨਾਂ ਦਾ ਭੰਡਾਰ ਹੈ । ਸਾਰੇ ਗਿਆਨ ਇਸ ਵਿਚ ਬੀਜ ਰੂਪ ਵਿਚ ਰਹਿੰਦੇ ਹਨ । ਇਸ ਤਰ੍ਹਾਂ ਚਿੱਤ ਹੀ ਹੋਰਨਾਂ ਦਰਸ਼ਨਾਂ ਦੀ ਆਤਮਾ ਦੇ ਸਮਾਨ ਹੈ , ਪਰ ਇਹ ਸਦੀਵੀ ਨਹੀਂ ਪਰਿਵਰਤਨਸ਼ੀਲ ਹੈ , ਅਸਥਾਈ ਹੈ ।

                      ਨਿਆਇ ਅਤੇ ਵੈਸ਼ੇਸ਼ਿਕ ਦਰਸ਼ਨਾਂ ਵਿਚ ਆਤਮਾ ਨੂੰ ਦ੍ਰਸ਼ਟਾ , ਨਿੱਤ , ਸਰਵ-ਵਿਆਪਕ ਮੰਨਿਆ ਗਿਆ ਹੈ । ਇਹ ਇੰਦ੍ਰੀਆਂ ਤੋਂ ਭਿੰਨ ਅਤੇ ਉਨ੍ਹਾਂ ਦਾ ਨਿਯੰਤ੍ਰਣ ਕਰਨ ਵਾਲੀ ਹੈ । ਇਹ ਸ਼ਰੀਰ ਤੋਂ ਵੀ ਭਿੰਨ ਹੈ । ਸ਼ਰੀਰ ਮਨੁੱਖ ਨੂੰ ਆਪਣੇ ਕਰਮਾਂ ਅਨੁਸਾਰ ਮਿਲਦਾ ਹੈ ਅਤੇ ਉਹੀ ਦੁਖ-ਸੁਖ ਦਾ ਆਧਾਰ ਹੈ । ਆਤਮਾ ਦੇ ਸ਼ਰੀਰ ਨਾਲ ਸੰਬੰਧਿਤ ਹੋਣ ਨੂੰ ਜਨਮ ਕਿਹਾ ਜਾਂਦਾ ਹੈ ਅਤੇ ਵਖ ਹੋਣ ਨੂੰ ਮਰਣ ( ਮ੍ਰਿਤੂ ) ਨਾਂ ਦਿੱਤਾ ਜਾਂਦਾ ਹੈ । ਆਤਮਾ ਇਕ ਨਹੀਂ , ਅਨੇਕ ਹਨ । ਇਕ ਸ਼ਰੀਰ ਵਿਚ ਇਕ ਹੀ ਆਤਮਾ ਰਹਿੰਦੀ ਹੈ ।

                      ਸਾਂਖ-ਮਤ ਵਾਲੇ ਦੋ ਮੂਲ ਤੱਤ੍ਵ ਮੰਨਦੇ ਹਨ — ਇਕ ਪੁਰਸ਼ ਜਾਂ ਆਤਮਾ ਅਤੇ ਦੂਜਾ ਪ੍ਰਕ੍ਰਿਤੀ । ਜੀਵਾਤਮਾ ਉਹ ਆਤਮਾ ਹੈ ਜੋ ਇੰਦ੍ਰੀਆਂ ਦੇ ਸੰਯੋਗ ਅਤੇ ਸ਼ਰੀਰ ਦੁਆਰਾ ਸੀਮਿਤ ਹੋਣ’ ਤੇ ਵਖਰੇ ਰੂਪ ਵਿਚ ਦਿਸ ਪੈਂਦਾ ਹੈ । ਅਸਲ ਵਿਚ , ਜੀਵਾਤਮਾ ਸੁਤੰਤਰ ਆਤਮਾ ਜਾਂ ਪੁਰਸ਼ ਅਤੇ ਪ੍ਰਕ੍ਰਿਤੀ ਦਾ ਮਿਲਵਾਂ ਰੂਪ ਹੈ । ਇਹੀ ਕਰਮ-ਫਲਾਂ ਅਨੁਸਾਰ ਜਨਮ-ਜਨਮਾਂਤਰਾਂ ਦੇ ਚੱਕਰ ਵਿਚ ਘੁੰਮਦਾ ਫਿਰਦਾ ਹੈ , ਪਰ ਪੁਰਸ਼ ਜਾਂ ਆਤਮਾ ਸੰਸਾਰਿਕ ਪ੍ਰਪੰਚਾਂ ਦੀ ਗਤਿਵਿਧੀ ਪ੍ਰਤਿ ਬਿਲਕੁਲ ਨਿਰਲਿਪਤ ਹੈ ।

                      ਯੋਗ-ਦਰਸ਼ਨ ਅਨੁਸਾਰ ਜੀਵ ਸੁਭਾ ਤੋਂ ਹੀ ਸ਼ੁੱਧ ਚੈਤਨੑਯ ਸਰੂਪ ਹੈ । ਇਹ ਅਸਲੋਂ ਸ਼ਰੀਰਿਕ ਬੰਧਨਾਂ ਅਤੇ ਮਾਨਸਿਕ ਵਿਕਾਰਾਂ ਤੋਂ ਮੁਕਤ ਰਹਿੰਦਾ ਹੈ । ਪਰ ਅਗਿਆਨ ਵਸ ਇਹ ਚਿੱਤ ਨਾਲ ਇਕਮਿਕਤਾ ਸਥਾਪਿਤ ਕਰਕੇ ਆਪਣੇ ਆਪ ਨੂੰ ਚਿੱਤ ਸਮਝਣ ਲਗ ਜਾਂਦਾ ਹੈ । ਚਿੱਤ ਮੂਲ ਰੂਪ ਵਿਚ ਜੜ ਹੈ , ਪਰ ਆਤਮਾ ਦੇ ਪ੍ਰਕਾਸ਼ ਨਾਲ ਪ੍ਰਕਾਸ਼ਿਤ ਹੁੰਦਾ ਹੈ । ਚਿੱਤ-ਵ੍ਰਿੱਤੀ ਦੇ ਨਿਰੋਧ ਨਾਲ ਜੀਵ ( ਦ੍ਰਸ਼ਟਾ ) ਦੀ ਆਪਣੇ ਰੂਪ ਵਿਚ ਸਥਿਤੀ ਹੋ ਜਾਂਦੀ ਹੈ । ਇਸ ਤੋਂ ਸਪੱਸ਼ਟ ਹੈ ਕਿ ਯੋਗਮਤ ਅਨੁਸਾਰ ਜੀਵ ( ਆਤਮਾ ) ਸ਼ੁੱਧ , ਬੁੱਧ , ਮੁਕਤ ਤੱਤ੍ਵ ਹੈ , ਪਰ ਭਰਮ ਜਾਂ ਅਗਿਆਨ ਦੇ ਵਸ ਵਿਚ ਹੋ ਕੇ ਵਿਕਾਰੀ ਹੋ ਜਾਂਦਾ ਹੈ ਅਤੇ ਬੰਧਨਾਂ ਵਿਚ ਪੈਂਦਾ ਹੈ ।

                      ਮੀਮਾਂਸਾ-ਦਰਸ਼ਨ ਵਿਚ ਜੀਵਾਤਮਾ ਦੀ ਸੱਤਾ ਨੂੰ ਮੰਨਦੇ ਹੋਇਆਂ ਇਸ ਨੂੰ ਸ਼ਰੀਰ ਅਤੇ ਇੰਦ੍ਰੀਆਂ ਤੋਂ ਭਿੰਨ ਦਸਿਆ ਗਿਆ ਹੈ । ਆਤਮਾ ਕਰਤਾ ਅਤੇ ਭੋਗਤਾ ਦੋਵੇਂ ਹੈ । ਇਹ ਵਿਆਪਕ ਅਤੇ ਹਰ ਇਕ ਸ਼ਰੀਰ ਵਿਚ ਭਿੰਨ ਭਿੰਨ ਹੈ । ਜਿਤਨੇ ਸ਼ਰੀਰ ਹਨ , ਉਤਨੀਆਂ ਹੀ ਆਤਮਾਵਾਂ ਹਨ । ਜੀਵਾਤਮਾਵਾਂ ਬੰਧਨ ਵਿਚ ਆਉਂਦੀਆਂ ਹਨ ਅਤੇ ਮੁਕਤੀ ਵੀ ਪਾ ਸਕਦੀਆਂ ਹਨ । ਇਸ ਤਰ੍ਹਾਂ ਮੀਮਾਂਸਕ ਆਤਮਾ ਦੀ ਅਨੇਕਤਾ ਵਿਚ ਯਕੀਨ ਰਖਦੇ ਹਨ ।

                      ਅਦ੍ਵੈਤ-ਵੇਦਾਂਤ ਅਨੁਸਾਰ ਆਤਮਾ ਗਿਆਨ ਰੂਪ ਹੈ । ਇਹ ਗਿਆਤਾ ਵੀ ਹੈ । ਇਸ ਨੂੰ ਜਾਣਨ ਲਈ ਕਿਸੇ ਹੋਰ ਗਿਆਨ ਦੀ ਲੋੜ ਨਹੀਂ ਪੈਂਦੀ । ਇਹ ਅਕਰਤਾ , ਅਭੋਗਤਾ ਅਤੇ ਦੁਖ-ਸੁਖ ਤੋਂ ਪਰੇ ਹੈ । ਇਸ ਦਾ ਵਿਵਹਾਰਿਕ ਰੂਪ ‘ ਜੀਵ’ ਹੈ । ਨਾਮ ਰੂਪ ਉਪਾਧੀ ਨਾਲ ਯੁਕਤ ਹੋਣ’ ਤੇ ਆਤਮਾ ਹੀ ‘ ਜੀਵ’ ਹੈ । ਸਾਰਿਆਂ ਜੀਵਾਂ ਵਿਚ ਇਕ ਹੀ ਆਤਮਾ ਹੈ ।

                      ਵਿਸ਼ਿਸ਼ਟਾਦ੍ਵੈਤਵਾਦੀ ਚਿੱਤ ਤੱਤ੍ਵ ਨੂੰ ਹੀ ਜੀਵਾਤਮਾ ਮੰਨਦੇ ਹਨ । ਇਹ ਦੇਹ , ਇੰਦ੍ਰੀਆਂ , ਮਨ , ਪ੍ਰਾਣ ਅਤੇ ਬੁੱਧੀ ਤੋਂ ਵਖ ਹੈ । ਆਤਮਾ ਨੂੰ ਸ਼ਰੀਰ ਦੀ ਪ੍ਰਾਪਤੀ ਕਰਮਾਂ ਅਨੁਸਾਰ ਹੁੰਦੀ ਹੈ । ਜਦ ਆਤਮਾ ਸ਼ਰੀਰ-ਯੁਕਤ ਹੋ ਜਾਂਦੀ ਹੈ , ਤਾਂ ਇੰਦ੍ਰੀਆਂ ਦੇ ਬੰਧਨ ਵਿਚ ਪੈ ਜਾਂਦੀ ਹੈ । ਅਦ੍ਵੈਤਵਾਦ ਦੇ ਉਲਟ ਵਿਸ਼ਿਸ਼ਟਾਦ੍ਵੈਤਵਾਦ ਜੀਵ ਅਨੰਤ ਮੰਨਦਾ ਹੈ ਜੋ ਇਕ ਦੂਜੇ ਨਾਲੋਂ ਬਿਲਕੁਲ ਭਿੰਨ ਹਨ ।

                      ਦ੍ਵੈਤਾਦ੍ਵੈਤ ਵਾਲੇ ਜੀਵਾਤਮਾ ਨੂੰ ਅਣੁ ਮੰਨਦੇ ਹੋਏ ਹਰ ਇਕ ਪ੍ਰਾਣੀ ਵਿਚ ਭਿੰਨ ਭਿੰਨ ਜੀਵ ਦਸਦੇ ਹਨ । ਜੀਵ ਆਪਣੇ ਗਿਆਨ ਅਤੇ ਭੋਗ ਦੀ ਪ੍ਰਾਪਤੀ ਲਈ ਸੁਤੰਤਰ ਨ ਹੋ ਕੇ ਈਸ਼ਵਰ ਉਤੇ ਆਧਾਰਿਤ ਹੈ । ਜਦ ਤਕ ਦ੍ਵੈਤਭਾਵ ਰਹਿੰਦਾ ਹੈ , ਤਦ ਤਕ ਜੀਵ ਦੀ ਸੁਤੰਤਰ ਹੋਂਦ ਹੈ । ਦ੍ਵੈਤ ਦੇ ਖ਼ਤਮ ਹੋਣ ਨਾਲ ਇਹ ਈਸ਼ਵਰ ਰੂਪ ਹੋ ਜਾਂਦਾ ਹੈ ।

                      ਦ੍ਵੈਤਵਾਦੀ ਜੀਵ ਨੂੰ ਅਗਿਆਨ , ਮੋਹ , ਦੁਖ ਅਤੇ ਭੈ ਆਦਿ ਨਾਲ ਯੁਕਤ ਅਤੇ ਸੰਸਾਰਸ਼ੀਲ ਕਹਿੰਦੇ ਹਨ । ਸੰਸਾਰ ਵਿਚ ਹਰ ਇਕ ਜੀਵ ਆਪਣੀ ਹਸਪਤੀ ਵਖਰੀ ਵਖਰੀ ਬਣਾਈ ਰਖਦਾ ਹੈ । ਉਹ ਹੋਰਨਾਂ ਜੀਵਾਂ ਤੋਂ ਭਿੰਨ ਅਤੇ ਉਸੇ ਤਰ੍ਹਾਂ ਪਰਮਾਤਮਾ ਤੋਂ ਭਿੰਨ ਹੈ । ਇਹ ਭਿੰਨਤਾ ਕੇਵਲ ਸੰਸਾਰਿਕ ਯਾਤ੍ਰਾ ਤਕ ਹੀ ਸੀਮਿਤ ਨਹੀਂ , ਸਗੋਂ ਮੁਕਤ ਅਵਸਥਾ ਵਿਚ ਵੀ ਬਣੀ ਰਹਿੰਦੀ ਹੈ ।

                      ਇਸਲਾਮ ਵਿਚ ਆਤਮਾ ਸੰਬੰਧੀ ਬਹੁਤ ਹੀ ਘਟ ਚਰਚਾ ਹੋਈ ਹੈ । ਉਂਜ ਕੁਰਾਨ ਵਿਚ ਆਤਮਾ ਲਈ ਆਮ ਤੌਰ ’ ਤੇ ‘ ਨਫ਼ਸ’ ਸ਼ਬਦ ਵਰਤਿਆ ਗਿਆ ਹੈ , ਪਰ ਬਾਦ ਦੇ ਕੁਰਾਨਿਕ ਸਾਹਿਤ ਵਿਚ ‘ ਨਫ਼ਸ’ ਅਤੇ ‘ ਰੂਹ’ ਦੋਹਾਂ ਸ਼ਬਦਾਂ ਦੀ ਵਰਤੋਂ ਹੋਈ ਹੈ ।

                      ਸੂਫ਼ੀ ਸਾਧਕ ਆਤਮਾ ਦੇ ਦੋ ਭੇਦ ਮੰਨਦੇ ਹਨ — ਨਫ਼ਸ ਅਤੇ ਰੂਹ । ਨਫ਼ਸ ਆਤਮਾ ਦੀ ਮਾੜੀ ਸਥਿਤੀ ਦਾ ਲਖਾਇਕ ਹੈ ਅਤੇ ਰੂਹ ਸਦ-ਵ੍ਰਿਤੀਆਂ ਨੂੰ ਜਨਮ ਦਿੰਦੀ ਹੈ । ਨਫ਼ਸ ਵਿਚ ਭਾਵਾਂ ਦਾ ਆਵੇਸ਼ ਰਹਿੰਦਾ ਹੈ ਅਤੇ ਰੂਹ ਵਿਚ ਵਿਵੇਕ ਦਾ । ਇਨ੍ਹਾਂ ਦੋਹਾਂ ਵਿਚ ਸੰਘਰਸ਼ ਚਲਦਾ ਰਹਿੰਦਾ ਹੈ ਅਤੇ ਆਤਮਾ ਨੂੰ ਵਿਪਰੀਤ ਦਿਸ਼ਾਵਾਂ ਵਿਚ ਖਿਚਦੇ ਰਹਿੰਦੇ ਹਨ ।

                      ਇਸ ਜਾਣਕਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ਅਧਿਕਾਂਸ਼ ਭਾਰਤੀ ਦਰਸ਼ਨ ਆਤਮਾ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ ਮੰਨਦੇ । ਪਰਮਾਤਮਾ ਵਾਂਗ ਹੀ ਆਤਮਾ ਨਿੱਤ , ਮੁਕਤ , ਅਨੰਤ , ਅਜਰ , ਅਮਰ ਅਤੇ ਅਵਿਨਾਸ਼ੀ ਹੈ । ਅਵਿਦਿਆ ( ਅਗਿਆਨ ) ਦੁਆਰਾ ਮਨੁੱਖ ਦੀ ਬੁੱਧੀ ਵਿਚ ਵਿਕਾਰ ਪੈਦਾ ਹੁੰਦਾ ਹੈ ਅਤੇ ਆਤਮਾ ਆਪਣੇ ਆਪ ਨੂੰ ਪਰਮਾਤਮਾ ਤੋਂ ਭਿੰਨ ਅਤੇ ਸੁਤੰਤਰ ਸਮਝਣ ਲਗ ਜਾਂਦੀ ਹੈ । ਆਤਮ-ਗਿਆਨ ਦੇ ਫਲਸਰੂਪ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ । ਸਾਮੀ ਵਿਚਾਰ ਪਰੰਪਰਾ ਵਿਚ ਵੀ ਆਤਮਾ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ ਅਤੇ ਆਤਮਾ ਤੇ ਪਰਮਾਤਮਾ ਦਾ ਡੂੰਘਾ ਸੰਬੰਧ ਸਿੱਧ ਕੀਤਾ ਗਿਆ ਹੈ ।

                      ਗੁਰਮਤਿ ਵਿਚ ਆਤਮ-ਵਿਚਾਰ ਅਤੇ ਆਤਮ- ਗਿਆਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਆਤਮ- ਨਿਰੂਪਣ ਦੀ ਪ੍ਰਕ੍ਰਿਆ ਬਾਹਰਮੁਖੀ ਇੰਦ੍ਰੀਆਂ ਦੀ ਅੰਤਰਮੁਖੀ ਯਾਤ੍ਰਾ ਹੀ ਹੈ । ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਸਾਧਕ ਅਤੇ ਚਿੰਤਕ ਦੋਵੇਂ ਸਨ । ਉਨ੍ਹਾਂ ਦੇ ਆਤਮ-ਨਿਰੂਪਣ ਦਾ ਆਧਾਰ ਨ ਤਾਂ ਪੂਰੀ ਤਰ੍ਹਾਂ ਕੋਈ ਪੁਰਾਤਨ ਦਰਸ਼ਨ-ਪੱਧਤੀ ਹੈ ਅਤੇ ਨ ਹੀ ਉਨ੍ਹਾਂ ਦੁਆਰਾ ਪ੍ਰਤਿਪਾਦਿਤ ਸਿੱਧਾਂਤ ਕਿਸੇ ਨਿਸਚਿਤ ਆਤਮ-ਦਰਸ਼ਨ ਦੀ ਸਿਰਜਨਾ ਕਰਦੇ ਹਨ । ਅਸਲ ਵਿਚ , ਉਨ੍ਹਾਂ ਨੇ ਆਤਮ-ਅਨੁਭੂਤੀ ਦੀ ਅਭਿਵਿਅਕਤੀ ਲਈ ਜਿਥੇ-ਕਿਥੇ ਜੋ ਵਿਚਾਰ ਪ੍ਰਗਟ ਕੀਤੇ ਹਨ , ਉਨ੍ਹਾਂ ਉਕਤੀਆਂ ਦੇ ਆਧਾਰ’ ਤੇ ਜੋ ਰੂਪ-ਰੇਖਾ ਤਿਆਰ ਹੁੰਦੀ ਹੈ , ਉਹੀ ਉਨ੍ਹਾਂ ਦਾ ਆਤਮ-ਦਰਸ਼ਨ ਹੈ ।

                      ਗੁਰਬਾਣੀ ਵਿਚ ਅਨੇਕ ਸਥਲਾਂ ਉਤੇ ਆਤਮ- ਗਿਆਨ ਪ੍ਰਾਪਤ ਕਰਨ ਲਈ ਜਿਗਿਆਸੂਆਂ ਨੂੰ ਜੋ ਪ੍ਰੇਰਣਾ ਦਿੱਤੀ ਗਈ ਹੈ , ਉਸ ਨਾਲ ਉਹ ਆਤਮ-ਤੱਤ੍ਵ ਨੂੰ ਪਛਾਣਨ ਦਾ ਉਦਮ ਕਰਦੇ ਹਨ , ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਹਨ । ਆਤਮ-ਤੱਤ੍ਵ ਦੀ ਪਛਾਣ ਗੁਰੂ ਦੁਆਰਾ ਹੁੰਦੀ ਹੈ — ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ( ਗੁ.ਗ੍ਰੰ.1153 ) ।

                      ਗੁਰਬਾਣੀ ਅਨੁਸਾਰ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ — ਨਿਰਮਲ ਕਾਇਆ ਊਜਲ ਹੰਸਾ ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ( ਗੁ.ਗ੍ਰੰ.1034 ) । ਗੁਰੂ ਨਾਨਕ ਦੇਵ ਜੀ ਨੇ ਮਲਾਰ ਰਾਗ ਵਿਚ ਸਪੱਸ਼ਟ ਕੀਤਾ ਹੈ ਕਿ ਸੁਨਹਿਰੀ ਦੇਹ ਵਿਚ ਨਿਰਮਲ ਹੰਸ ( ਪਵਿੱਤਰ ਆਤਮਾ ) ਦਾ ਨਿਵਾਸ ਹੈ , ਜਿਸ ਵਿਚ ਪਰਮਾਤਮਾ ਦਾ ਅੰਸ਼ ਮੌਜੂਦ ਹੈ — ਕੰਚਨ ਕਾਇਆ ਨਿਰਮਲ ਹੰਸੁ ਜਿਸੁ ਮਹਿ ਨਾਮੁ ਨਿਰੰਜਨ ਅੰਸੁ ( ਗੁ.ਗ੍ਰੰ.1256 ) । ਅਸਲ ਵਿਚ ਸਰਬ ਕਲਾ ਜਗਦੀਸੈ ਅੰਸ । ਗੁਰਬਾਣੀ ਦਾ ਇਹ ਅੰਸ਼-ਅੰਸ਼ੀ ਭਾਵ ਅਖੰਡ ਅਤੇ ਅਭੇਦ ਰੂਪ ਵਾਲਾ ਹੈ । ਇਹ ਅੰਸ਼-ਅੰਸ਼ੀ ਸੰਬੰਧ ਸਮੁੰਦਰ ਅਤੇ ਬੂੰਦ ਵਾਲਾ ਹੈ । ਇਨ੍ਹਾਂ ਦੋਹਾਂ ਨੂੰ ਵਖਰਾ ਵਖਰਾ ਨਹੀਂ ਕੀਤਾ ਜਾ ਸਕਦਾ । ਇਸ ਤਰ੍ਹਾਂ ਬ੍ਰਹਮ ਆਤਮਾ ਵਿਚ ਵਿਆਪਤ ਹੈ ਅਤੇ ਆਤਮਾ ਬ੍ਰਹਮ ਦਾ ਅੰਸ਼ ਹੈ । ਜੋ ਸਾਧਕ ਵਾਸਤਵਿਕ ਜੁਗਤ ਨੂੰ ਜਾਣਦਾ ਹੈ ਉਹੀ ਇਸ ਭੇਦ ਨੂੰ ਸਮਝ ਸਕਦਾ ਹੈ ਕਿ ਸਮੁੰਦਰ ਬੂੰਦ ਵਿਚ ਅਤੇ ਬੂੰਦ ਸਮੁੰਦਰ ਵਿਚ ਸਮੋਇਆ ਹੋਇਆ ਹੈ — ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੂਝੈ ਬਿਧਿ ਜਾਣੈ ( ਗੁ.ਗ੍ਰੰ.878 ) ।

                      ਇਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਗੁਰਬਾਣੀ ਵਿਚ ਅੰਸ਼-ਅੰਸ਼ੀ ਭਾਵਨਾ ਕਿਸ ਦਰਸ਼ਨ-ਪੱਧਤੀ ਦੇ ਅਨੁਰੂਪ ਪ੍ਰਗਟ ਕੀਤੀ ਗਈ ਹੈ ? ਕਿਉਂਕਿ ਅਦ੍ਵੈਤਵਾਦ , ਦ੍ਵੈਤਾਦ੍ਵੈਤਵਾਦ ਅਤੇ ਵਿਸ਼ਸ਼ਟਾਦ੍ਵੈਤਵਾਦ ਵਿਚ ਅੰਸ਼-ਅੰਸ਼ੀ ਭਾਵਨਾ ਦੀ ਕਿਸੇ ਨ ਕਿਸੇ ਰੂਪ ਵਿਚ ਸਥਾਪਨਾ ਹੋਈ ਹੈ । ‘ ਮੁੰਡਕ ਉਪਨਿਸ਼ਦ ’ ( 2/1/1 ) ਵਿਚ ਇਸ ਤੱਥ ਨੂੰ ਅਗਨੀ ਅਤੇ ਚਿਣਗਾਂ ( ਸੁਫਲਿੰਗ ) ਦੇ ਉਪਮਾਨ-ਵਿਧਾਨ ਦੁਆਰਾ ਸਪੱਸ਼ਟ ਕੀਤਾ ਗਿਆ ਹੈ । ਗੀਤਾ ( 15/7 ) ਵਿਚ ਦੇਹ- ਸਥਿਤ ਜੀਵਾਤਮਾ ਨੂੰ ਪਰਮਾਤਮਾ ਦਾ ਸਨਾਤਨ ਅੰਸ਼ ਮੰਨਿਆ ਗਿਆ ਹੈ । ‘ ਬ੍ਰਹਮ-ਸੂਤ੍ਰ’ ( 2/3/43 ) ਅਨੁਸਾਰ ਜੀਵ ਬ੍ਰਹਮ ਦਾ ਅੰਸ਼ ਹੈ । ਇਸ ਤੱਥ ਨੂੰ ਪ੍ਰਮਾਣਿਤ ਕਰਨ ਲਈ ਵੇਦਾਂਤੀਆਂ ਨੇ ਆਭਾਸ ਅਤੇ ਪ੍ਰਤਿਬਿੰਬ ਦੀਆਂ ਜੁਗਤਾਂ ਪੇਸ਼ ਕੀਤੀਆਂ ਹਨ । ‘ ਅੰਸ਼’ ਦਾ ਅਰਥ ਅਵੑਯਯ ਜਾਂ ਵਿਭਾਗ ਨਹੀਂ ਹੈ , ਸਗੋਂ ਸ਼ਕਤੀ ਰੂਪ ਹੈ । ਈਸ਼ਵਰ ਸਰਵ-ਸ਼ਕਤੀਮਾਨ ਹੈ , ਇਸ ਲਈ ਉਹ ‘ ਅੰਸ਼ੀ’ ਹੈ । ਜੀਵ ਉਸ ਦਾ ਸ਼ਕਤੀ ਰੂਪ ਹੈ , ਇਸ ਲਈ ਉਹ ‘ ਅੰਸ਼’ ਰੂਪ ਹੈ । ਵਿਸ਼ਿਸ਼ਟਾਦ੍ਵੈਤਵਾਦ ਅਨੁਸਾਰ ਬ੍ਰਹਮ ਵਿਭੂ ਹੈ ਅਤੇ ਜੀਵ ਅਣੁ । ਬ੍ਰਹਮ ਅਤੇ ਜੀਵ ਵਿਚ ਕੇਵਲ ਸ੍ਵਗਤ ਭੇਦ ਹੈ , ਸਜਾਤੀਯ ਜਾਂ ਵਿਜਾਤੀਯ ਭੇਦ ਨਹੀਂ ਹੈ । ਬ੍ਰਹਮ ਅਖੰਡ ਹੈ ਅਤੇ ਜੀਵ ਖੰਡਿਤ ਹੈ । ਇਸ ਲਈ ਜੀਵ ਅਤੇ ਈਸ਼ਵਰ ਦਾ ਸੰਬੰਧ ਰਾਮਾਨੁਜ-ਮਤ ਵਿਚ ਅਭੇਦਮੂਲਕ ਏਕਤਾ ਨਹੀਂ ਹੈ ।

                      ਉਕਤ ਤਿੰਨਾਂ ਭਾਰਤੀ ਦਰਸ਼ਨਾਂ ਦੇ ਪ੍ਰਕਾਸ਼ ਵਿਚ ਜੇ ਗੁਰਮਤਿ ਦੇ ਅੰਸ਼-ਅੰਸ਼ੀ ਭਾਵ ਦਾ ਗੰਭੀਰਤਾ ਨਾਲ ਅਧਿਐਨ ਕਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਦੀਆਂ ਭਾਵਨਾਵਾਂ ਅਦ੍ਵੈਤਵਾਦੀ ਦ੍ਰਿਸ਼ਟੀਕੋਣ ਨਾਲ ਨੇੜ ਰਖਦੀਆਂ ਹਨ । ਇਹ ਨੇੜਤਾ ਸਮੁੱਚੀ ਭਾਵਨਾ ਵਿਚ ਹੀ ਨਹੀਂ , ਸਗੋਂ ਸਮੁੰਦਰ ਅਤੇ ਬੂੰਦ ਦੇ ਦ੍ਰਿਸ਼ਟਾਂਤ ਤੋਂ ਵੀ ਹੋ ਜਾਂਦੀ ਹੈ । ਇਸ ਤੋਂ ਇਲਾਵਾ ਸਾਰਿਆਂ ਜੀਵਾਂ ਵਿਚ ਪਰਮਾਤਮਾ ਦੇ ਪ੍ਰਤਿਬਿੰਬਿਤ ਹੋਣ ਦੀ ਧਾਰਣਾ ਤੋਂ ਵੀ ਇਸ ਦਾ ਸਮਰਥਨ ਪ੍ਰਾਪਤ ਹੋ ਜਾਂਦਾ ਹੈ , ਜਿਵੇਂ — ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ਗੁਰ ਸਾਖੀ ਜੋਤਿ ਪਰਗਟੁ ਹੋਇ ( ਗੁ.ਗ੍ਰੰ.663 ) । ਇਸ ਲਈ ਗੁਰਮਤਿ ਦਾ ਅੰਸ਼-ਅੰਸ਼ੀ ਭਾਵ ਪੂਰੀ ਤਰ੍ਹਾਂ ਅਦ੍ਵੈਤ-ਮੂਲਕ ਹੈ । ਇਸ ਦੀ ਦ੍ਵੈਤਾਦ੍ਵੈਤਵਾਦ ਅਤੇ ਵਿਸ਼ਿਸ਼ਟਾਦ੍ਵੈਤਵਾਦ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਂਝ ਨਹੀਂ ਹੈ ।

                      ਅੰਸ਼-ਅੰਸ਼ੀ ਭਾਵ ਤੋਂ ਇਲਾਵਾ , ਗੁਰਬਾਣੀ ਵਿਚ ਆਤਮਾ-ਪਰਮਾਤਮਾ ਦੀ ਪੂਰਣ ਏਕਤਾ ਵਿਚ ਵੀ ਵਿਸ਼ਵਾਸ ਵਿਖਾਇਆ ਗਿਆ ਹੈ । ਜਿਸ ਸਾਧਕ ਦਾ ਪਰਮਾਤਮਾ ਵਿਚ ਏਕ-ਨਿਸ਼ਠ ਧਿਆਨ ਲਗ ਜਾਂਦਾ ਹੈ , ਉਹ ਆਤਮਾ ਨੂੰ ਪਰਮਾਤਮਾ ਨਾਲ ਇਕਮਿਕ ਕਰ ਦਿੰਦਾ ਹੈ ਅਤੇ ਉਸ ਦੇ ਅੰਦਰ ਦਾ ਦ੍ਵੈਤਭਾਵ ਅੰਦਰ ਹੀ ਨਸ਼ਟ ਹੋ ਜਾਂਦਾ ਹੈ— ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ ਅੰਤਰਿ ਮਰੈ ( ਗੁ.ਗ੍ਰੰ.661 ) । ਗੁਰੂ ਅਰਜਨ ਦੇਵ ਜੀ ਨੇ ਗੌਂਡ ਰਾਗ ਵਿਚ ਪਰਮਾਤਮਾ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਆਤਮਾ ਉਤੇ ਆਰੋਪਿਤ ਕਰਦਿਆਂ ਇਸ ਨੂੰ ਪਰਮਾਤਮਾ ਦਾ ਹੀ ਰੂਪ ਮੰਨਿਆ ਹੈ— ਅਚਰਜ ਕਥਾ ਮਹਾ ਅਨੂਪੁ ਪ੍ਰਾਤਮਾ ਪਾਰਬ੍ਰਹਮੁ ਕਾ ਰੂਪ ਨਾ ਇਹੁ ਬੂਢਾ ਨਾ ਇਹੁ ਬਾਲਾ ਨਾ ਇਸੁ ਦੂਖੁ ਨਹੀ ਜਮ ਜਾਲਾ ਨਾ ਇਹੁ ਬਿਨਸੈ ਨਾ ਇਹੁ ਜਾਇ ਆਦਿ ਜੁਗਾਦੀ ਰਹਿਆ ਸਮਾਇ ਨਾ ਇਸੁ ਉਸਨੁ ਨਾਹੀ ਇਸੁ ਸੀਤੁ ਨਾ ਇਸੁ ਦੁਸਮਨੁ ਇਸੁ ਮੀਤੁ ਨਾ ਇਸੁ ਹਰਖੁ ਨਹੀ ਇਸੁ ਸੋਗੁ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ਨਾ ਇਸੁ ਬਾਪੁ ਨਹੀ ਇਸੁ ਮਾਇਆ ਇਹੁ ਅਪਰੰਪਰੁ ਹੋਤਾ ਆਇਆ ਪਾਪ ਪੁੰਨ ਕਾ ਇਸੁ ਲੇਪੁ ਲਾਗੈ ਘਟ ਘਟ ਅੰਤਰਿ ਸਦ ਹੀ ਜਾਗੈ ( ਗੁ.ਗ੍ਰੰ.868 ) । ਅਦ੍ਵੈਤ-ਵੇਦਾਂਤ ਗ੍ਰੰਥਾਂ ਵਿਚ ਵੀ ਆਤਮਾ ਅਤੇ ਪਰਮਾਤਮਾ ਦੀ ਏਕਤਾ ਦਾ ਪ੍ਰਤਿਪਾਦਨ ਹੋਇਆ ਹੈ ।

                      ਗੁਰਬਾਣੀ ਵਿਚ ਆਤਮਾ ਲਈ ‘ ਤੰਤ ’ ( ਤੱਤ੍ਵ ) ਸ਼ਬਦ ਵਰਤਿਆ ਗਿਆ ਹੈ ਅਤੇ ਪਰਮਾਤਮਾ ਨੂੰ ‘ ਪਰਮਤੰਤ’ ( ਪਰਮਤੱਤ੍ਵ ) ਕਿਹਾ ਗਿਆ ਹੈ । ਪਵਿੱਤਰ ਪਾਤਰ ( ਸ੍ਰੇਸ਼ਠ ਸਾਧਕ ) ਵਿਚ ਹੀ ਸਤਿ ਸਰੂਪ ਪਰਮਾਤਮਾ ਸਮਾਉਂਦਾ ਹੈ । ਸਦਾਚਾਰੀ ਦਾ ਤੱਤ੍ਵ ( ਆਤਮਾ ) ਪਰਮ ਤੱਤ੍ਵ ( ਪਰਮਾਤਮਾ ) ਵਿਚ ਮਿਲ ਜਾਂਦਾ ਹੈ ਅਤੇ ਉਹ ਪਰਮਾਤਮਾ ਦੀ ਸ਼ਰਣ ਵਿਚ ਪਹੁੰਚ ਜਾਂਦਾ ਹੈ — ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ਤੰਤੈ ਕਉ ਪਰਮਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ( ਗੁ.ਗ੍ਰੰ.597 ) । ਇਥੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਵਿਅਕਤੀ ਹੀ ਆਤਮਾ ਪਰਮਾਤਮਾ ਦਾ ਸਾਖਿਆਤਕਾਰ ਪ੍ਰਾਪਤ ਕਰ ਸਕਦਾ ਹੈ , ਜੋ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਪਾਪਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਂਦਾ ਹੈ । ਅਪਵਿੱਤਰ ਵਿਅਕਤੀ ਲਈ ਸਾਖਿਆਤਕਾਰ ਦੀ ਬਿਲਕੁਲ ਸੰਭਾਵਨਾ ਨਹੀਂ ਹੈ । ਉਹ ਵਿਅਰਥ ਵਿਚ ਆਵਾਗਵਣ ਦੇ ਚੱਕਰ ਵਿਚ ਪਿਆ ਰਹਿੰਦਾ ਹੈ ।

                      ਗੁਰਬਾਣੀ ਵਿਚ ਆਤਮਾ ਦਾ ‘ ਸੋਹੰ ’ , ਰੂਪ ਵਿਚ ਵੀ ਚਿਤ੍ਰਣ ਹੋਇਆ ਹੈ । ਸੰਸਕ੍ਰਿਤ ਮੂਲ ਦੇ ‘ ਸੋਹੰ’ ਸ਼ਬਦ ਦਾ ਅਰਥ ਹੈ ‘ ਮੈਂ ਉਹ ਹਾਂ । ’ ਇਸ ਦਾ ਤਾਤਪਰਜ ਹੈ ਕਿ ਮੈਂ ਬ੍ਰਹਮ ਹਾਂ । ਇਹ ਵੇਦਾਂਤ ਦਾ ਵਾਕ ਹੈ ਜਿਸ ਵਿਚ ਇਹ ਮੰਨਿਆ ਜਾਂਦਾ ਹੈ ਕਿ ਇਸ ਬ੍ਰਹਿਮੰਡ ਵਿਚ ਬ੍ਰਹਮ ਵਿਆਪਤ ਹੈ ਅਤੇ ਜੋ ਕੁਝ ਵੀ ਹੈ , ਬ੍ਰਹਮ ਹੀ ਹੈ । ਜੀਵ ਵੀ ਬ੍ਰਹਮ ਹੈ , ਪਰ ਜਾਗਤਿਕ ਮਾਇਆ ਦੇ ਅਵਰਣ ਕਰਕੇ ਇਹ ਆਪਣੇ ਬ੍ਰਹਮ ਰੂਪ ਨੂੰ ਪਛਾਣ ਨਹੀਂ ਸਕਦਾ । ਜਦ ਮਾਇਆ ਦਾ ਆਵਰਣ ਨਸ਼ਟ ਹੋ ਜਾਂਦਾ ਹੈ , ਤਾਂ ਉਹ ਬ੍ਰਹਮ ਹੀ ਹੋ ਜਾਂਦਾ ਹੈ । ਗੁਰਬਾਣੀ ਵਿਚ ‘ ਸੋਹੰ’ ਮਾਨਤਾ ਸੰਬੰਧੀ ਭਾਵੇਂ ਬਹੁਤ ਗੱਲ ਨ ਕੀਤੀ ਗਈ ਹੋਵੇ , ਪਰ ਫਿਰ ਵੀ ਪ੍ਰਾਣੀ ਮਾਤ੍ਰ ਨੂੰ ਉਪਦੇਸ਼ ਕਰਨ ਵੇਲੇ ਗੁਰੂ ਨਾਨਕ ਦੇਵ ਜੀ ਨੇ ‘ ਸੋਹੰ’ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਨਾਮ ਰੂਪੀ ਅੰਮ੍ਰਿਤ ਪਾਨ ਕਰਕੇ ਪਰਮ ਸੁਖ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ । ਅਜਿਹਾ ਕਰਨ ਨਾਲ ਆਪਣੇ ਵਾਸਤਵਿਕ ਘਰ ਵਿਚ ਨਿਵਾਸ ਮਿਲ ਜਾਂਦਾ ਹੈ , ਅਰਥਾਤ ਆਤਮ-ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ । ਦੁਖ ਅਤੇ ਕਲੇਸ਼ ਨੂੰ ਨਸ਼ਟ ਕਰਨ ਵਾਲੇ ਪਰਮਾਤਮਾ ਅਤੇ ‘ ਸੋਹੰ’ ( ਮੇਰੇ ) ਵਿਚ ਕੋਈ ਅੰਤਰ ਨਹੀਂ ਹੈ — ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਹੋਈ ਜੀਉ ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਕੋਈ ਜੀਉ ( ਗੁ.ਗ੍ਰੰ.599 ) ।

                      ਸਿਰੀ ਰਾਗ ਵਿਚ ਇਸ ਮਾਨਤਾ ਦੀ ਸਥਾਪਨਾ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਗੁਰੂ ਦੇ ਸ਼ਬਦ ਰਾਹੀਂ ਵਿੰਨ੍ਹਿਆ ਹੋਇਆ ਸਿੱਖ ਵਿਸ਼ਵਾਸ ਕਰ ਲੈਂਦਾ ਹੈ ਕਿ ‘ ਮੈਂ ਹੀ ਉਹ ਹਾਂ’ ਅਤੇ ਇਸ ਤਰ੍ਹਾਂ ਆਪਣੇ ਵਾਸਤਵਿਕ ਤਤ੍ਵ ਨੂੰ ਪਛਾਣ ਲੈਂਦਾ ਹੈ — ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ( ਗੁ.ਗ੍ਰੰ.60 ) ।

                      ‘ ਸੋਹੰ’ ਦੇ ਜਪ ਦਾ ਵੀ ਬਹੁਤ ਮਹੱਤਵ ਦਰਸਾਇਆ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ਜੀਵਾਤਮਾ ਨੂੰ ਉਪਦੇਸ਼ ਕਰਦਿਆਂ ਕਿਹਾ ਹੈ ਕਿ ਉਹ ‘ ਸੋਹੰ’ ਦਾ ਜਪ ਕਰੇ ਕਿਉਂਕਿ ਇਸ ਜਪ ਵਿਚ ਤਿੰਨੋਂ ਲੋਕ ਸਮਾਏ ਹੋਏ ਹਨ — ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ( ਗੁ.ਗ੍ਰੰ. 1093 ) । ਸਪੱਸ਼ਟ ਹੈ ਕਿ ਗੁਰਮਤਿ ਵਿਚ ‘ ਸੋਹੰ’ ਸੰਬੰਧੀ ਵਿਚਾਰ ਆਤਮਾ ਅਤੇ ਪਰਮਾਤਮਾ ਦੀ ਅਭਿੰਨਤਾ ਦੇ ਪ੍ਰਤਿਪਾਦਕ ਹਨ ।

                      ਸੰਖੇਪ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਨੇ ਪੂਰਵ-ਵਰਤੀ ਵਿਚਾਰਕਾਂ ਦੇ ਆਤਮਾ ਸੰਬੰਧੀ ਮਤਾਂ ਨੂੰ ਮਨ ਵਿਚ ਵਸਾ ਕੇ ਅਤੇ ਉਨ੍ਹਾਂ ਨੂੰ ਉਸ ਸਮੇਂ ਦੀਆਂ ਪਰਿਸਥਿਤੀਆਂ ਅਨੁਸਾਰ ਢਾਲ ਕੇ ਇਕ ਨਵਾਂ ਰੂਪ ਦਿੱਤਾ ਹੈ । ਆਤਮਾ ਨੂੰ ਪਰਮਾਤਮਾ ਦਾ ਅੰਸ਼ ਸਵੀਕਾਰ ਕਰਕੇ ਦੋਹਾਂ ਦੀ ਅਭਿੰਨਤਾ ਸਥਾਪਿਤ ਕੀਤੀ ਹੈ । ਇਨ੍ਹਾਂ ਦੋਹਾਂ ਵਿਚ ਸਮੁੰਦਰ ਅਤੇ ਬੂੰਦ ਵਾਲਾ ਸੰਬੰਧ ਵੀ ਸਥਾਪਿਤ ਕੀਤਾ ਹੈ ਅਤੇ ‘ ਸੋਹੰ’ ਸਿੱਧਾਂਤ ਅਨੁਸਾਰ ਦੋਹਾਂ ਵਿਚ ਅਭਿੰਨਤਾ ਦਰਸਾਈ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਆਤਮਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਤਮਾ : ਦਾ ਮੂਲ ਸੰਸਕ੍ਰਿਤ ਦਾ ਸ਼ਬਦ ‘ ਆਤਮਨ` ਹੈ ਜਿਸਦਾ ਅਰਥ ਹੈ ‘ ਸਾਹ` । ਪਿੱਛੋਂ ਇਸ ਪਦ ਦਾ ਅਰਥ ‘ ਆਤਮਾ` ਜਾਂ ‘ ਜੀਵਨ ਦਾ ਆਧਾਰ` ( ਮੂਲਤੱਤ ) ਹੋ ਗਿਆ । ਭਾਰਤੀ ਦਰਸ਼ਨ ਦੀਆਂ ਵਿਭਿੰਨ ਪ੍ਰਣਾਲੀਆਂ ਨੇ ਇਸ ਦੇ ਅਰਥਾਂ ਨੂੰ ਕਈ ਹੋਰ ਪਰਤਾਂ ਪ੍ਰਦਾਨ ਕੀਤੀਆਂ । ਨਯਾਯ-ਵੈਸ਼ੇਸ਼ਿਕ ਵਿਚ ਆਤਮਾ ਨੂੰ ਇਕ ਪਦਾਰਥ ਮੰਨਿਆ ਗਿਆ ਹੈ ਅਤੇ ਇਸ ਨੂੰ ਬੁੱਧੀ , ਅਨੰਦ , ਦੁੱਖ , ਇੱਛਾ , ਘ੍ਰਿਣਾ ਅਤੇ ਯਤਨ ਆਦਿ ਗੁਣ ਪ੍ਰਦਾਨ ਕੀਤੇ ਗਏ । ਸਾਂਖਯ ਨੇ ਇਸ ਨੂੰ ਸਿਰਫ਼ ਅਨੁਮਾਨ ਕੀਤੀ ਜਾ ਸਕਣ ਵਾਲੀ ਵਸਤੂ ਸਵੀਕਾਰਿਆ ਹੈ । ਭੱਟ-ਮੀਮਾਂਸਾ ਨੇ ਇਸ ਨੂੰ ਅੰਦਰੂਨੀ ਬੋਧ ਵਜੋਂ ਮੰਨਿਆ ਹੈ । ਪ੍ਰਭਾਕਰ-ਮੀਮਾਂਸਾ ਵਿਚ ਇਸ ਨੂੰ ਉਹ ਜਾਨਣਹਾਰੀ ਹਉਮੈ ਮੰਨਿਆ ਗਿਆ ਹੈ ਜਿਹੜੀ ਗਿਆਨ ਪ੍ਰਕ੍ਰਿਆ ਵਿਚੋਂ ਹੀ ਪ੍ਰਗਟ ਹੁੰਦੀ ਹੈ ਅਤੇ ਇਸ ਅਨੁਸਾਰ ਆਤਮਾ ਨੂੰ ਪਰਤੱਖ ਗਿਆਨ ਦਾ ਵਿਸ਼ਾ ਨਾ ਮੰਨ ਕੇ ਅਨੁਭੂਤੀ ਦਾ ਆਧਾਰ ਤੱਤ ਮੰਨਿਆ ਗਿਆ ਹੈ । ਉਪਨਿਸ਼ਦਾਂ ਨੇ ਇਸ ਨੂੰ ਉਚੇਰੀ ਅਨੁਭੂਤੀ ਦਾ ਵਿਸ਼ਾ ਸਮਝਿਆ ਅਤੇ ਇਸ ਨੂੰ ਬ੍ਰਹਮ ( ਨਿਰਗੁਣ ਪਰਮਾਤਮਾ ) ਦੇ ਸਮਤੁੱਲ ਰਖਿਆ ਹੈ । ਸ਼ੰਕਰਾਚਾਰਯ ਦੇ ਅਦਵੈਤ ਵੇਦਾਂਤ ਅਨੁਸਾਰ ਇਹ ਕਰਤਾ ਅਤੇ ਵਿਸ਼ਿਆਂ ਦੇ ਭਿੰਨ-ਭੇਦ ਤੋਂ ਉਪਰ ਸ਼ੁੱਧ ਚੇਤਨਾ ਹੈ ਜਿਸ ਨੂੰ ਪ੍ਰਤੱਖ ਅਨੁਭੂਤੀਪਰਕ ਚੇਤਨਾ ਰਾਹੀਂ ਜਾਣਿਆਂ ਜਾ ਸਕਦਾ ਹੈ । ਰਾਮਾਨੁਜ ਨੇ ਸ਼ੰਕਰਾਚਾਰਯ ਦੇ ਆਤਮਾ ਦੇ ਉਸ ਸੰਕਲਪ ਨੂੰ ਨਕਾਰ ਦਿੱਤਾ ਜਿਸ ਵਿਚ ਉਸ ਨੂੰ ਸ਼ੁੱਧ ਚੇਤਨਾ ਕਿਹਾ ਗਿਆ ਸੀ । ਉਸ ਅਨੁਸਾਰ ਇਹ ਗਿਆਤਾ ਜਾਂ ਹਉਮੈ ਤੋਂ ਵਧ ਕੁਝ ਨਹੀਂ ।

      ਸਿੱਖ ਧਰਮ ਵਿਚ ਆਤਮਾ ਦਾ ਸੰਕਲਪ ਉਪਨਿਸ਼ਦਾਂ ਅਤੇ ਅਦਵੈਤ ਦ੍ਰਿਸ਼ਟੀਕੋਣ ਦੇ ਨੇੜੇ ਹੈ । ਸਿੱਖ ਪਰੰਪਰਾ ਵਿਚ ਆਤਮਾ ਨੂੰ ਸ਼ੁੱਧ ਤੇਜੱਸਵੀ ਚੇਤਨਾ ਦੇ ਸੁਭਾਅ ਦੀ ਮੰਨਿਆ ਗਿਆ ਹੈ : - “ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ " ( ਗੁ.ਗ੍ਰੰ.441 ) । ਇਥੇ ਜੋਤਿ ਤੋਂ ਭਾਵ ਚੇਤਨਾ ਹੈ । ਆਤਮਾ ਚੇਤੰਨ ਹੈ ਜਦੋਂ ਕਿ ਅਨਾਤਮ ਚੇਤਨਾ ਦਾ ਵਿਸ਼ਾ ਹੈ । ਬੇਸ਼ਕ ਆਤਮਾ ਖ਼ੁਦ ਚੇਤਨਾ ਦਾ ਵਿਸ਼ਾ ਨਹੀਂ ਪਰੰਤੂ ਇਸ ਨੂੰ ਕੇਵਲ ਸਵੈ-ਅਨੁਭੂਤੀ ਦੇ ਅੰਤਰਬੋਧ ਰਾਹੀਂ ਹੀ ਜਾਣਿਆ ਜਾ ਸਕਦਾ ਹੈ । “ ਆਤਮੇ ਨੌ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ" ( ਗੁ.ਗ੍ਰੰ. 87 ) ।

      ਅਸਲ ਵਿਚ ਚੇਤਨਾ ਬਾਹਰਮੁਖੀ ਹੋਕੇ ਪਦਾਰਥਾਂ ਵੱਲ ਹੈ ਅਤੇ ਅੰਤਰਮੁਖੀ ਹੋ ਕੇ ਆਤਮਾ ਵੱਲ ਸੰਚਾਲਿਤ ਹੁੰਦੀ ਹੈ । ਆਤਮਾ ਕਿਸੇ ਵੀ ਤੱਤ ਤੋਂ ਰਹਿਤ , ਸਿਰਫ਼ , ਸ਼ੁੱਧ ਚੇਤਨਾ ਹੈ । ਕਿਹਾ ਜਾ ਸਕਦਾ ਹੈ ਕਿ ਮਨੁੱਖ ਦੀ ਅੰਤਰਮੁਖੀ ਸਥੂਲ ਤੱਤਾਂ ਤੋ ਪਾਰਲੀ ਚੇਤਨਾ ਹੀ ਆਤਮਾ ਹੈ ।

      ਆਤਮਾ ਪਰਮਾਤਮਾ , ਬ੍ਰਹਿੰਮਡੀ ਚੇਤਨਾ ਤੋਂ ਭਿੰਨ ਨਹੀਂ ਹੈ ਅਤੇ ਆਤਮਾ ਇਸ ਦਾ ਇਕ ਅੰਸ਼ ਮਾਤਰ ਹੈ । ਕਬੀਰ ਜੀ ਨੇ ਇਸਨੂੰ ਰਾਮ ਕੀ ਅੰਸ ਕਿਹਾ ਹੈ । ਇਹ ਅਤਿ ਸੂਖਮ , ਅਤੇ ਜੀਵਨ ਦਾ ਪੂਰਨ ਸ਼ੁਧ ਤੱਤ ਹੈ - ਨਿਰਮਲ ਜੋਤਿ ਨਿਰੰਤਰਿ ਜਾਤੀ ( ਗੁ. ਗ੍ਰੰ. 1039 ) । ਇਹ ਉੁਹ ਅਤਿ ਸ਼ੁਧ ਜੋਤਿ ਹੈ ਜੋ ਨਿਰੰਤਰ ਅੰਦਰ ਦੇਖੀ ਜਾਂਦੀ ਹੈ । ਇਹ ਸੁੱਖਾਂ-ਦੁੱਖਾਂ , ਉਤਾਰਾਂ-ਚੜਾਵਾਂ ਵਿਚ ਕਦੇ ਡੋਲਦੀ ਨਹੀਂ - ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ( ਗੁ. ਗ੍ਰੰ. 87 ) -ਅਡੋਲ ਅਤੇ ਸ਼ਾਂਤ ਰਹਿਣਾ ਇਸ ਦਾ ਸਭ ਤੋਂ ਵੱਡਾ ਗੁਣ ਹੈ ।

      ਦੇਹੀ ਦੇ ਅੰਦਰ ਵਸਦਿਆਂ ਇਹ ਜਨਮ-ਮਰਨ ਦੇ ਚੱਕਰ ਵਿਚੋਂ ਲੰਘਦੀ ਰਹਿੰਦੀ ਹੈ । ਅਕਾਲ ਪੁਰਖ ਦੀ ਮਿਹਰ ਸਦਕਾ ਇਹ ਵਾਰ ਵਾਰ ਜਨਮ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਮੁੜ ਪਰਮਾਤਮਾ ਵਿਚ ਲੀਨ ਹੋ ਸਕਦੀ ਹੈ ।

      ਇਸ ਨੂੰ ਬ੍ਰਹਮ ਦੇ ਸਮਤੁੱਲ ਮੰਨਿਆ ਗਿਆ ਹੈ - ਆਤਮ ਮਹਿ ਪਾਰਬ੍ਰਹਮ ਲਹੰਤੇ ( ਗੁ.ਗ੍ਰੰ. 276 ) , ਭਾਵ ਇਹ ਕਿ ਪਾਰਬ੍ਰਹਮ ਨੂੰ ਆਤਮਾ ਵਿਚੋਂ ਹੀ ਖੋਜਿਆ ਜਾ ਸਕਦਾ ਹੈ । ਜੀਵਾਤਮਾ ਅਤੇ ਬ੍ਰਹਿਮੰਡੀ ਆਤਮਾ ( ਪਰਮਾਤਮਾ ) ਇਕ ਦੂਜੇ ਵਿਚ ਅਭੇਦ ਹਨ : ਆਤਮਾ ਪਰਾਤਮਾ ਏਕੋ ਕਰੈ ( ਗੁ. ਗ੍ਰੰ. 661 ) ਭਾਵ ਇਹ ਕਿ ਗਿਆਨੀ ਜੀਵ ਜੀਵਾਤਮਾ ਅਤੇ ਬ੍ਰਹਿਮੰਡੀ ਆਤਮਾ ਨੂੰ ਇਕੋ ਹੀ ਸਮਝਦਾ ਹੈ । ਆਤਮਾ ਪਰਮਾਤਮਾ ਹੈ ਅਤੇ ਪਰਮਾਤਮਾ ਆਤਮਾ ਹੈ - ਆਤਮ ਦੇਉ ਦੇਉ ਹੈ ਆਤਮੁ ( ਗੁ. ਗ੍ਰੰ. 1325 ) । ਆਤਮਾ ਦੀ ਸਿਰਜਣਹਾਰ ਨਾਲ ਵੀ ਤੁਲਨਾ ਕੀਤੀ ਗਈ ਹੈ - ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ ( ਗੁ. ਗ੍ਰੰ. 846 ) ਭਾਵ ਇਹ ਕਿ ( ਬ੍ਰਹਿਮੰਡੀ ) ਆਤਮਾ ਹੀ ਇਸ ਸੰਪੂਰਨ ਸੰਸਾਰ ਦੀ ਰਚਨਹਾਰ ਹੈ ਅਤੇ ਉਸ ਤੋਂ ਬਿਨਾਂ ਹੋਰ ਕੁਝ ਨ ਮੰਨੋ । ਆਤਮਾ ਨੂੰ ਇਸ ਵਿਅਕਤ ਸੰਸਾਰ ਅੰਦਰ ਵਿੱਦਮਾਨ ਪਰਮਾਤਮਾ ਵੀ ਕਿਹਾ ਗਿਆ ਹੈ ‘ ਆਤਮ ਰਾਮੁ ਰਵਿਆ ਸਭ ਅੰਤਰਿ` ( ਗੁ. ਗ੍ਰੰ. 916 ) ।

      ਇਸ ਏਕਤਾ ਦਾ ਅਨੁਭਵੀ ਅਹਿਸਾਸ ਸਿੱਖ ਰਹੱਸਵਾਦ ਦਾ ਕੇਂਦਰ-ਬਿੰਦੂ ਹੈ । ਇਸ ਸਥਿਤੀ ਤਕ ਪਹੁੰਚਣ ਹਿਤ ਆਤਮ-ਧਿਆਨ ਇਕ ਸਾਧਨ ਹੈ ਅਤੇ ਆਤਮ ਗਿਆਨ ਇਸ ਦੀ ਸੋਝੀ ।

      ਹਉਮੈ ਚੇਤਨਾ ਦਾ ਇਕ ਵਿਸ਼ਾ ਮਾਤਰ ਹੈ । ਇਸ ਹਉਮੈ ਦਾ ਕੋਈ ਸਬੂਤ ਜ਼ਰੂਰ ਹੋਣਾ ਚਾਹੀਦਾ ਹੈ , ਨਹੀਂ ਤਾਂ ਬਾਹਰੀ ਪਦਾਰਥਾਂ ਦੀ ਅਤੇ ਸਾਡੀ ਹਉਮੈ ਦੀ ਸਮਝ ਦੇ ਅਨੁਭਵ ਦੀ ਏਕਤਾ ਸੰਭਵ ਨਹੀਂ । ਅਸਲ ਵਿਚ , ਆਤਮਾ ਇਕ ਇਹੋ ਜਿਹਾ ਸਬੂਤ , ਇਹੋ ਜਿਹਾ ਹੀ ਗਵਾਹ ਹੈ । ਆਤਮਾ ਆਪਣੇ ਆਪ ਵਿਚ ਗਿਆਨ ਦਾ ਵਿਸ਼ਾ ਨਹੀਂ , ਇਹ ਸਮੁੱਚੇ ਗਿਆਨ , ਪਦਾਰਥਾਂ ਅਤੇ ਹਉਮੈ ਦੇ ਗਿਆਨ ਦਾ ਪੂਰਵ ਅਨੁਮਾਨ ਹੈ । ਇਸ ਤਰ੍ਹਾਂ ਆਤਮਾ ਹਉਮੈ ਤੋਂ ਵੱਖ ਇਕ ਅਨੁਭਵਾਤੀਤ ਖ਼ੁਦੀ ਹੈ । ਇਸ ਗੱਲ ਦਾ ਅਨੁਭੂਤੀਪਰਕ ਗਿਆਨ ਆਤਮ ਗਿਆਨ ਕਹਾਂਉਦਾ ਹੈ ਅਤੇ ਇਸ ਦਾ ਯਥਾਰਥਿਕ ਅਨੁਭਵ ਆਤਮ ਦਰਸ ਹੈ । ਆਤਮਾ ਵਿਚ ਇਸ ਤਰ੍ਹਾਂ ਦੀ ਲੀਨਤਾ ਦੇ ਨਾਲ ਉੱਚਤਮ ਸੁਹਜ-ਸੁਆਦ ਆਤਮ ਰਸ ਜਾਂ ਆਤਮ ਰੰਗ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸੁਹਜ ਸਦੈਵ ਪਰਮ ਸੁੰਦਰਤਾ ਦੀ ਅਨੁਭੂਤੀ ਉਪਰ ਆਧਾਰਿਤ ਹੁੰਦਾ ਹੈ ।


ਲੇਖਕ : ਜ.ਸ.ਨ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਤਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਤਮਾ ( ਸੰ. । ਸੰਸਕ੍ਰਿਤ ਆਤਮੑਨੑ = ਅਪਣਾ ਆਪ । ਬ੍ਰਹਮ । ਰੂਹਜਿੰਦਬੁੱਧੀ ) ੧. ਰੂਹ , ਜੀਵਾਤਮਾ

੨. ਮਨ , ਆਪਨਾ ਆਪਾ । ਯਥਾ-‘ ਆਤਮ ਜਉ ਨਿਰਮਾਇਲੁ ਕੀਜੈ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਤਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਤਮਾ : ਆਤਮਾ ਸ਼ਬਦ ਦਾ ਨਿਕਾਸ ਸੰਸਕ੍ਰਿਤ ਦੇ ਆਤਮਨੰ ਸ਼ਬਦ ਤੋਂ ਹੋਇਆ ਹੈ ਜਿਸ ਦਾ ਭਾਵ ਹੈ ਜੀਵ , ਜੀਵਤ– ਤੱਤ ਜਾਂ ਆਪਾ । ਕਠ– ਉਪਨਿਸ਼ਦ ਵਿਚ ਲਿਖਿਆ ਹੈ :

                  ਸੰਸਕ੍ਰਿਤ ਦੇ ਆਤਮਾ ਆਤਮਾ ਸ਼ਬਦ ਦਾ ਨਿਕਾਸ

                  आत्मांन रथिन विदिॄ   शरीर रथमेन तु

ਇਸ ਕਥਨ ਅਨੁਸਾਰ ਸਰੀਰ– ਰੂਪੀ ਰਥ ਦੀ ਮਾਲਕ ਆਤਮਾ ਹੈ ।

ਕੁਝ ਚਾਰਵਾਕੀਆਂ ਅਤੇ ਪਦਾਰਥਵਾਦੀਆਂ ਨੂੰ ਛੱਡ ਕੇ ਸਰਬ– ਸੰਸਾਰ ਦੇ ਚਿੰਤਕਾਂ ਅਤੇ ਧਾਰਮਕ– ਆਗੂਆਂ ਨੇ ਆਤਮ– ਸੱਤਾ ਨੂੰ ਮੰਨਿਆ ਹੈ । ਪ੍ਰਾਚੀਨ ਸਮੇਂ ਤੋਂ ਹੀ ਆਤਮਾ ਬਾਰੇ ਕਈ ਵਿਚਾਰ ਪ੍ਰਚੱਲਤ ਰਹੇ ਹਨ । ਇਹ ਦੇਹਧਾਰੀ ਵੀ ਹੋ ਸਕਦੀ ਹੈ ਅਤੇ ਦੇਹ– ਹੀਣ ਵੀ । ਅੰਗਰੇਜ਼ੀ ਦੇ ਦੋ ਸ਼ਬਦ Soul ਅਤੇ Spirit ਕ੍ਰਮਵਾਰ ਦੇਹਧਾਰੀ ਅਤੇ ਦੇਹ– ਹੀਣ ਆਤਮਾ ਲਈ ਵਰਤੇ ਜਾਂਦੇ ਹਨ । ਭੂਤ– ਪ੍ਰੇਤ ਆਤਮਾਵਾਂ ਦੀ ਇਕ ਸ਼੍ਰੇਣੀ ਮੰਨੇ ਗਏ ਹਨ । ਦੇਹਧਾਰੀ ਆਤਮਾ ਨੂੰ ਸਰੀਰ ਦਾ ‘ ਜੀਵਨ’ , ‘ ਜੀਵਨ ਦਾ ਲਹੂ’ , ‘ ਦਿਲ’ , ‘ ਪ੍ਰਾਣ’ , ‘ ਭਾਂਬੜ’ ਅਤੇ ‘ ਸਰੀਰ’ ਦਾ ਪਰਛਾਵਾਂ ਵੀ ਕਿਹਾ ਗਿਆ ਹੈ ।

ਬੋਧੀ– ਸਾਹਿਤ ਵਿਚ ਆਤਮਾ ਲਈ ‘ ਅੱਤਨ’ , ‘ ਸੱਤਾ’ ਅਤੇ ‘ ਪੁਗਲ’ ਸ਼ਬਦ ਵਰਤੇ ਗਏ ਹਨ । ਇਹ ਸ਼ਬਦ ‘ ਜੀਉਂਦੀ ਵਸਤੂ’ ਅਥਵਾ ‘ ਜਿੰਦ’ ਦੇ ਪ੍ਰਗਟਾਊ ਹਨ । ਬੋਧੀ– ਸਾਹਿਤ ਵਿਚ ਆਤਮਾ ਬਾਰੇ ਕੋਈ ਦਾਰਸ਼ਨਿਕ ਵਿਚਾਰ ਨਹੀਂ ਮਿਲਦੇ । ਈਸਾਈਮਿੱਤ ਵਿਚ ਆਤਮਾ ਨੂੰ ਸਥਿਰ ਆਪਾ ਜਾਂ ਸ਼ਖ਼ਸੀਅਤ ਮੰਨਿਆ ਗਿਆ ਹੈ । ਯੂਨਾਨੀ ਦਰਸ਼ਨਵੇਤਾ ਅਰਸਤੂ ਸਰੀਰ ਤੋਂ ਵੱਖਰੀ ਆਤਮਾ ਦੀ ਕੋਈ ਹੋਂਦ ਨਹੀਂ ਮੰਨਦਾ । ਉਸ ਅਨੁਸਾਰ ਸਰੀਰ ‘ ਆਤਮਾ ਦਾ ਰੱਥ’ ਹੈ । ਇਸਲਾਮ ਵਿਚ ‘ ਆਤਮਾ ਜਾਂ ਰੂਹ’ ਨੂੰ ਸਰੀਰ ਨਾਲੋਂ ਇਕ ਵੱਖਰੀ ਸੱਤਾ ਮੰਨਿਆ ਗਿਆ ਹੈ । ਇਹ ਮਨੁੱਖ ਵਿਚ ‘ ਰੱਬੀ ਅਕਸ’ ਹੈ , ਰੱਬ ਦੇ ਚਾਨਣ ਦਾ ਚਾਨਣ’ । ਰੱਬ ਵਿਚ ਲੀਨ ਹੋਣ ‘ ਰੂਹ’ ਦਾ ਮੁੱਖ ਮਨੋਰਥ ਹੈ । ਜੈਨ ਮਤ ਕਣ ਕਣ ਵਿਚ ਆਤਮਾ ਦੀ ਹੋਂਦ ਨੂੰ ਮੰਨਦਾ ਹੈ । ਨੀਵੀਂ ਤੋਂ ਨੀਵੀਂ ਅਵਸਥਾ ਵਿਚ ਵਿਚਰਨ ਵਾਲੀ ਆਤਮਾ , ਉੱਚੀ ਉੱਚੀ ਅਵਸਥਾ ਵਿਚ ਵਿਚਰਨ ਵਾਲੀ ਆਤਮਾ ਦੇ ਸਮਾਨ ਹੈ । ਅੰਤਰ ਕੇਵਲ ਕਰਮਾਂ ਦੇ ਪ੍ਰਭਾਵ ਨਾਲ ਪਿਆ ਹੈ । ਆਤਮਾ ਭਾਵੇਂ ਰੂਪ– ਹੀਣ ਹੁੰਦੀ ਹੈ ਪਰ ਜਿਸ ਸਰੀਰ ਵਿਚ ਦਾਖ਼ਲ ਹੁੰਦੀ ਹੈ , ਉਸ ਦੇ ਕੱਦ– ਬੁੱਤ ਅਨੁਸਾਰ ਰੂਪ ਧਾਰਨ ਕਰ ਲੈਂਦੀ ਹੈ । ਸਰੀਰ ਮਨ ਅਤੇ ਇੰਦਰੀਆਂ ਆਤਮਾ ਲਈ ਕਰਮਾਂ ਦੁਆਰਾ ਲਗਾਈਆਂ ਗਈਆਂ ਬੰਦਸ਼ਾਂ ਹਨ ਜੋ ਉਸ ਨੂੰ ਗਿਆਨ– ਪ੍ਰਾਪਤੀ ਤੋਂ ਰੋਕਦੀਆਂ ਹਨ ਪਰ ਆਤਮਾ ਛੇਤੀ ਹੀ ਸਭ ਕੁਝ ਜਾਣ ਸਕਦੀ ਹੈ ਜੇ ਮਾਦੇ ਦੀਆਂ ਬੰਦਸ਼ਾਂ ਹਟ ਜਾਣ ।

                  ਸਾਂਖ– ਮਤ ਆਤਮਾ ਨੂੰ ਪੁਰਸ਼ ਦਾ ਨਾਂ ਹੁੰਦਾ ਹੈ । ਇਹ ਨਾ ਸਰੀਰ ਹੈ , ਨਾ ਇੰਦਰੀਆਂ , ਨਾ ਦਿਮਾਗ , ਨਾ ਮਨ , ਨਾ ਅਹੰਕਾਰ ਅਤੇ ਨਾ ਹੀ ਬੁੱਧੀ । ਇਹ ਸੁੱਧ ਚੇਤੰਨ– ਸੱਤਾ ਹੈ । ਇਹ ਜਾਣਨਹਾਰ , ਸਰਬ– ਵਿਅਪਕ , ਵੇਖਣਹਾਰ ਅਤੇ ਸਦੀਵੀ ਹੋਂਦ ਵਾਲੀ ਹੈ । ਇਸ ਨੂੰ ਰਚਣਵਾਲਾ ਕੋਈ ਨਹੀਂ । ਹਰ ਆਤਮਾ ਦੂਜੀ ਨਾਲੋਂ ਕਿਸੇ ਇਕ ਗੁਣ ਦੀ ਬਹੁਲਤਾ ਕਰਕੇ ਭਿੰਨ ਹੈ । ਯੋਗ ਮਤ ਦਾ ਆਤਮਾ ਸਬੰਧੀ ਵਿਚਾਰ ਸਾਂਖ ਮਤ ਉਤੇ ਆਧਾਰਿਤ ਹੈ । ਵੈਸ਼ਨਵ ਸ਼ਾਸਤਰ ਅਨੁਸਾਰ ਆਤਮਾ ਨੂੰ ਇਕ ਪਦਾਰਥ ਮੰਨਿਆ ਗਿਆ ਹੈ ਅਤੇ ਗਿਆਨ , ਆਨੰਦ ਆਦਿ ਇਸ ਦੇ ਅਪਣਾਏ ਗੁਣ ਹਨ ਜਿਨ੍ਹਾਂ ਨੂੰ ਇਹ ਸਰੀਰ ਧਾਰਨ ਕਰਕੇ ਪ੍ਰਾਪਤ ਕਰ ਸਕਦੀ ਹੈ । ਕਰਮ ਆਤਮਾ ਲਈ ਬੰਧਨ ਹਨ ਅਤੇ ਮੁਕਤ ਹੋਈ ਆਤਮਾ ਆਪਣੀ ਵੱਖਰੀ ਹਸਤੀ ਨੂੰ ਕਾਇਮ ਰੱਖਦੀ ਹੈ । ਨਿਆਇ– ਸ਼ਾਸਤਰ ਅਨੁਸਾਰ ਆਤਮਾਵਾਂ ਪਰਮਾਣੂਆਂ ਵਾਂਗ ਹੀ ਸਦੀਵੀ ਹਨ । ਇਹੋ ਵਿਸ਼ਵਾਸ ਵੈਸ਼ੇਸਕ ਸ਼ਾਸਤਰ ਦਾ ਹੈ । ਨਿਆਇ– ਸ਼ਾਸਤਰ ਅਨੁਸਾਰ ਹੀ ਆਤਮਾ , ਜਾਣਨਹਾਰ , ਭੁਗਤਾ , ਕਰਨਹਾਰ ਅਤੇ ਇਕ ਅਮਰ ਪਦਾਰਥ ਹੈ । ਇਹ ਰੱਬ ਵਾਂਗ ਇਕ ਪਰਾ– ਸਰੀਰਕ ਚੇਤੰਨ ਸੱਤਾ ਨਹੀਂ । ਕਰਮਾ ਦੇ ਨਾਸ਼ ਹੋਣ ਨਾਲ ਇਹ ਮੁਕਤ ਹੁੰਦੀ ਹੈ ।

ਪੂਰਬ ਮੀਮਾਂਸਾ ਅਨੁਸਾਰ ਆਤਮਾ ਸਰੀਰ , ਇੰਦਰੀਆਂ ਅਤੇ ਮਨ ਤੋਂ ਭਿੰਨ ਹੈ । ਚੇਤੰਨਤਾ ਨੂੰ ਆਤਮਾ ਦਾ ਤੱਤ ਨਹੀਂ ਮੰਨਿਆ ਗਿਆ , ਆਤਮਾ ਜੜ੍ਹ ਵੀ ਹੈ ਅਤੇ ਚੇਤਨ ਵੀ । ਉੱਤਰ– ਮੀਮਾਂਸਾ ਜਾਂ ਵੇਦਾਂਤ ਵਿਚ ਆਤਮਾ ਬਾਰੇ ਇਹ ਵਿਸੇਸ਼ ਵਿਚਾਰ ਪ੍ਰਚੱਲਤ ਹੈ ਕਿ ਆਤਮਾ ਅਤੇ ਬ੍ਰਹਮ ਇਕੋ ਹਨ । ਇਹ ਸ਼ੁੱਧ ਚੇਤਨਤਾ ਹੈ , ਇਹ ਇਕੋ ਇਕ ਅਸਲੀਅਤ ਹੈ । ਇਹ ਵਿਚਾਰ ਸ਼ੰਕਰਾਚਾਰੀਆ ਦਾ ਹੈ । ਜਿਸ ਨੇ ਤਤੂਅਸਮਿ ਦਾ ਵਿਚਾਰ ਦੇ ਕੇ ਆਤਮਾ ਅਤੇ ਬ੍ਰਹਮ ਦੀ ਏਕਤਾ ਦਰਸਾਈ ਹੈ । ਮਗਰਲੇ ਵੇਦਾਂਤੀਆਂ ਨੇ ‘ ਚੰਦਰਮਾ ਅਤੇ ਘੜੇ’ ਦੀ ਉਦਾਹਰਣ ਦੇ ਕੇ ਇਹ ਦਸਿਆ ਹੈ ਕਿ ਅਣਗਿਣਤ ਜਲ ਨਾਲ ਭਰੇ ਭਾਂਡਿਆਂ ਵਿਚ ਚੰਦਰਮਾ ਦਾ ਅਕਸ ਪੈਣ ਤੇ ਵੀ ਚੰਦਰਮਾ ਇਕ ਤੋਂ ਵਧੀਕ ਨਹੀਂ ਹੁੰਦਾ । ਇਸੇ ਤਰ੍ਹਾਂ ਬ੍ਰਹਮ ਇਕ ਹੈ ਅਤੇ ਜੀਵਾਂ ਦੀ ਭਿੰਨਤਾ ਉਸ ਬ੍ਰਹਮ ਸ਼ਕਤੀ ਦੇ ਕਾਰਨ ਦ੍ਰਿਸ਼ਟਮਾਨ ਹੈ । ਰਾਮਾਨੁਜ ਇਹ ਮੰਨਦਾ ਹੈ ਕਿ ਆਤਮਾ ਇਕ ਪ੍ਰਕਾਰ ਬ੍ਰਹਮ ਹੈ ਅਤੇ ਉਸਦੀ ਅੰਸ਼ ਹੈ ਪਰ ਫਿਰ ਵੀ ਇਸ ਦੀ ਆਪਣੀ ਇਕ ਵੱਖਰੀ ਹਸਤੀ ਹੈ , ਨਾ ਇਹ ਜੰਮਦੀ ਹੈ ਨਾ ਮਰਦੀ ਹੈ । ਕਰਮ– ਬੰਧਨ ਦੇ ਕਾਰਨ ਇਹ ਆਉਂਦੀ ਜਾਂਦੀ ਹੈ । ਭਾਵੇਂ ਇਹ ਅਮਰ ਅਤੇ ਸਦੀਵੀ ਹੈ ਪਰ ਇਹ ਬ੍ਰਹਮ ਵਾਂਗ ਅਨੰਤ ਨਹੀਂ । ਇਹ ਪੂਰਣ ਅਤੇ ਇਕ– ਰਸ ਹੈ । ਇਹ ਸਰੀਰ , ਮਨ ਅਤੇ ਇੰਦਰੀਆਂ ਤੋਂ ਭਿੰਨ ਹੈ ।

ਭਗਤੀ ਲਹਿਰ ਦੇ ਭਗਤ ਕਵੀਆਂ ਨੇ ਆਤਮਾ ਨੂੰ ‘ ਰਾਮ ਕੀ ਅੰਸੁ’ ਮੰਨਿਆ ਹੈ ਜਿਵੇਂ ਕਬੀਰ ਜੀ ਲਿਖਦੇ ਹਨ : –

                                                        ਕਹੁ ਕਬੀਰ ਇਹ ਰਾਮ ਕੀ ਅੰਸੁ । ।

                                                        ਜਸ ਕਾਗਦ ਪਰ ਮਿਟੈ ਨ ਮੰਸੁ । ।

                                                                                                                                                        ( ਗੋਂਡ ਕਬੀਰ )

‘ ਰਾਮ ਕੀ ਅੰਸੁ’ ਹੋਣ ਕਰਕੇ ਇਹ ਜੀਵ– ਆਤਮਾ ਅਮਿਟ ਹੈ ਜਿਵੇਂ ਕਾਗਜ਼ ਉੱਤੇ ਸਿਆਹੀ ਨਹੀਂ ਮਿਟਦੀ ਪਰ ਜਿਥੇ ਬ੍ਰਹਮ ਅਨੰਤ ਹੈ , ਉੱਥੇ ਜੀਵਾਤਮਾ ਸੀਮਤ ਹੈ । ਪ੍ਰਕਿਰਤੀ ਦੇ ਪਿਛੋਕੜ ਵਿਚ ਬ੍ਰਹਮ ਤੇ ਜੀਵ ਦੋਵੇਂ ਪੁਰਖ ਹਨ ਪਰ ਜਿਥੇ ਬ੍ਰਿਹਮ ਕਰਤਾ ਪਰਖ ਹੈ ਅਤੇ ਪ੍ਰਕਿਰਤੀ ਅਥਵਾ ਮਾਇਆ ਤੋਂ ਨਿਰਲੇਪ ਹੈ , ਉੱਕੇ ਜੀਵ ਜਾਂ ਪੁਰਖ ਪ੍ਰਕਿਰਤੀ ਦੇ ਕਰਮ– ਖੇਤਰ ਵਿਚ ਬੰਧਨਾਂ ਵਿਚ ਪੀਚਿਆ ਜਾਂਦਾ ਹੈ ਅਤੇ ਜਨਮ– ਮਰਨ ਦੇ ਗੇੜ ਵਿਚ ਚੱਕਰ ਲਗਾਉਂਦਾ ਰਹਿੰਦਾ ਹੈ । ਮੁੰਡੂਕ ਉਪਨਿਸ਼ਦ ਅਨੁਸਾਰ ਬ੍ਰਹਮ ਅਤੇ ਜੀਵਾਤਮਾ ਇਕੋ ਰੁੱਖ ਉੱਤੇ ਬੈਠੇ ਦੋ ਪੰਛੀ ਹਨ । ਇਹ ਪੰਛੀ ਧੁਰ ਦੇ ਸਾਥੀ ਹਨ ਪਰ ਇਨ੍ਹਾਂ ਵਿਚੋਂ ਇਕ ਤਾਂ ਰੁੱਖ ਦੇ ਫਲ ਖਾਂਦਾ ਹੈ ਅਤੇ ਦੂਜਾ ਬਿਨਾਂ ਖਾਧੇ ਇਸ ਦੇ ਚੁਫ਼ੇਰੇ ਝਾਕਦਾ ਰਹਿੰਦਾ ਹੈ ।

                  ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਅਤੇ ਜੀਵ ਦੇ ਸਬੰਧ ਨੂੰ ਇਸ ਤਰ੍ਹਾਂ ਪ੍ਰਗਟਾਇਆ ਹੈ : –

                  ਨਾ ਓਹੁ ਮਰਤਾ ਨਾ ਹਮ ਡਰਿਆ । ।

                  ਨਾ ਓਹੁ ਬਿਨਸੋ ਨਾ ਹਮ ਕੜਿਆ । ।

                  ਨਾ ਓਹੁ ਨਿਰਧਨੁ ਨਾ ਹਮ ਭੂਖੇ । ।

                  ਨਾ ਓਸੁ ਦੂਖੁ ਨ ਹਮ ਕਉ ਦੂਖੇ । । ੧ । ।

                  –               –               –               –

                  ਨਾ ਉਸੁ ਬੰਧਨ ਨਾ ਹਮ ਬਾਧੇ । ।

                  ਨਾ ਉਸੁ ਧੰਧਾ ਨਾ ਹਮ ਧਾਧੇ । ।

                  ਨਾ ਉਸੁ ਮੈਲੁ ਨ ਹਮ ਕਉ ਮੈਲਾ । ।

                  ਓਸੁ ਅਨੰਦ ਤ ਹਮ ਸਦ ਕੈਲਾ । । ੨ । ।

                  –               –               –               –

                  ਨਾ ਉਸੁ ਸੋਚੁ ਨ ਹਮ ਕਊ ਸੋਚਾ । ।    

                  ਨਾ ਉਸੁ ਲੇਪੁ ਨ ਹਮ ਕਉ ਪੋਚਾ । ।

                  ਨਾ ਉਸ ਭੂਖੁ ਨ ਹਮ ਕਉ ਤ੍ਰਿਸਨਾ । ।

                  ਜਾ ਉਹ ਨਿਰਮਲੁ ਤਾਂ ਹਮ ਜਚਨਾ । । ੩ । ।

                  – – – –

                  ਨਾਨਕ ਗੁਰਿ ਖੋਏ ਭ੍ਰਮ ਭੰਗਾ । ।

                  ਹਮ ਓਇ ਮਿਲਿ ਹੋਏ ਇਕ ਰੰਗਾ । । ੪ । । ੩੨ । । ੮੩ । ।

                                                                                                                  ( ਆਸਾ ਮਹਾਲਾ ੫ )

ਜੀਵਾਤਮਾ ਬ੍ਰਹਮ ਦਾ ਰੂਪ ਹੈ । ਇਸ ਦੀ ਆਪਣੀ ਵੱਖਰੀ ਹਸਤੀ ਹੈ ਪਰ ਬ੍ਰਹਮ ਦੀ ਅੰਸ ਦੇ ਕਾਰਨ ਇਹ ਬ੍ਰਹਮ ਦੇ ਗੁਣਾਂ ਦਾ ਧਾਰਨੀ ਹੈ । ਬ੍ਰਹਮ ਵਾਂਗ ਹੀ ਇਹ ਅਮਰ ਹੈ ਜਿਵੇਂ : –

                  ਮਰਣਹਾਰੁ ਇਹੁ ਜੀਅਰਾ ਨਾਹੀ । । ( ਗਉੜੀ ਮ. ੫ )

                  ਰਚਨਾ ਤੋਂ ਪਹਿਲਾਂ ਇਸ ਦਾ ਨਿਵਾਸ ਬ੍ਰਹਮ ਦੇ ਅੰਦਰ ਹੁੰਦਾ ਹੈ ਅਤੇ ਰਚਨਾ ਦੇ ਸਮੇਂ ਇਹ ਰੱਬੀ ਭਾਣੇ ਅਨੁਸਾਰ ਭਿੰਨ– ਭਿੰਨ ਰੂਪ ਧਾਰਨ ਕਰਦਾ ਹੈ । ਸਰੀਰ ਦਾ ਤਾਂ ਅੰਤ ਹੋ ਜਾਂਦਾ ਹੈ ਪਰ ਜੀਵਾਤਮਾ ਜਾਂ ਪੁਰਸ਼ ਦੀ ਹੋਂਦ ਸਦੀਵੀ ਹੈ । ਗੁਰੂ ਗ੍ਰੰਥ ਸਾਹਿਬ ਜੀ ਵਿਚ ਆਤਮਾ ਦੇ ਸਰੂਪ ਬਾਰੇ ਇਹ ਸ਼ਰਦ ਮਿਲਦੇ ਹਨ : –

                  ਨਾ ਇਹੁ ਮਾਨਸੁ ਨਾ ਇਹੁ ਦੇਉ । । ਨਾ ਇਹੁ ਜਤੀ ਕਹਾਵੈ ਸੇੳ ॥

                  ਨਾ ਇਹੁ ਜੋਗੀ ਨਾ ਅਵਧੂਤਾ । । ਨਾ ਇਸੁ ਮਾਇ ਨਾ ਕਹੂ ਪੂਤਾ । । ੧ । ।

                  ਇਆ ਮੰਦਰ ਮਹਿ ਕੌਨ ਬਸਾਈ । । ਤਾ ਕਾ ਅੰਤੁ ਨ ਕੋਊ ਪਾਈ । । ੧ । । ਰਹਾਉ । ।

                  ਨਾ ਇਹੁ ਗਿਰਹੀ ਨਾ ਓਦਾਸੀ । । ਨਾ ਇਹੁ ਰਾਜ ਨਾ ਭੀਖ ਮੰਗਾਸੀ । ।

                  ਨਾ ਇਸੁ ਪਿੰਡੁ ਨ ਰਕਤੁ ਰਾਤੀ । । ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ । । ੨ । ।

                  ਨਾ ਇਹੁ ਤਪਾ ਕਹਾਵੈ ਸੇਖੁ । । ਨਾ ਇਹੁ ਜੀਵੈ ਨ ਮਰਤਾ ਦੇਖੁ । ।

                  ਇਸੁ ਮਰਤੇ ਕਉ ਜੇ ਕੋਊ ਰੋਵੈ । । ਜੋ ਰੋਵੈ ਸੋਈ ਪਤਿ ਖੋਵੈ । । ੩ । ।

                                                                                                                                    ( ਗੋਂਡ ਕਬੀਰ )

ਅਚਰਜ ਕਥਾਂ ਮਹਾ ਅਨੂਪ । । ਪ੍ਰਮਾਤਮਾ ਪਾਰਬ੍ਰਹਮ ਕਾ ਰੂਪੁ । । ਰਹਾਉ । ।

ਨਾ ਇਹੁ ਬੂਢਾ ਨਾ ਇਹੁ ਬਾਲਾ । । ਨਾ ਇਸੁ ਦੂਖੁ ਨਹੀਂ ਜਮ ਜਾਲਾ । ।

ਨਾ ਇਹੁ ਬਿਨਸੈ ਨਾ ਇਹੁ ਜਾਇ । । ਆਦਿ ਜੁਗਾਦੀ ਰਹਿਆ ਸਮਾਇ । । ੧ । ।

ਨਾ ਇਸੁ ਉਸਨੁ ਨਹੀ ਇਸੁ ਸੀਤੁ । । ਨਾ ਇਸ ਦੁਸਮੁਨ ਨਾ ਇਸੁ ਮੀਤੁ । ।

ਨਾ ਇਸੁ ਹਰਖੁ ਨਹੀ ਇਸੁ ਸੋਗੁ । । ਸਭੁ ਕਿਛੂ ਇਸ ਦਾ ਇਹੁ ਕਰਨੈ ਜੋਗੁ । । ੨ । ।

ਨਾ ਇਸੁ ਬਾਪੁ ਨਹੀ ਇਸੁ ਮਾਇਆ । । ਇਹੁ ਅਪਰੰਪਰੁ ਹੋਤਾ ਆਇਆ । ।

ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ । । ਘਟ ਘਟ ਅੰਤਰਿ ਸਦ ਹੀ ਜਾਗੇ । । ੩ । ।

                                                                                                                  ( ਗੋਂਡ ਮਹਲਾ ੫ )

                  ਆਤਮਾ ਦਾ ਉਪਰੋਕਤ ਵਰਣਨ ਇਸ ਦੇ ਸਰੂਪ ਨੂੰ ਸਪਸ਼ਟ ਕਰਦਾ ਹੈ , ਪਰਮਾਤਮਾ ਵਾਂਗੂੰ ਆਤਮਾ ਵੀ ਜੀਵਨ ਵਿਚ ਦ੍ਰਿਸ਼ਟੀਗੋਚਰ ਪ੍ਰਭਾਵਾਂ ਤੋਂ ਪਰੇ ਹੈ । ਇਹ ਕਿਸੇ ਵਿਸ਼ੇਸ ਪ੍ਰਕਾਰ ਦੇ ਸਰੀਰ ਨੂੰ ਧਾਰਨ ਕਰਨ ਦੀ ਇੱਛਾ ਨਹੀਂ ਰੱਖਦੀ । ਸਰੀਰ ਦੀ ਮਹਾਨਤਾ ਕੇਵਲ ਇਸ ਵੈਰਾਗੀ ( ਆਤਮਾ ) ਦੇ ਨਿਵਾਸ ਕਾਰਨ ਹੈ । ਗੂਰੂ ਅਰਜਨ ਦੇਵ ਜੀ ਸਰੀਰ ਨੂੰ ਇਸ ਤਰ੍ਹਾਂ ਸੰਬੋਧਨ ਕਰਦੇ ਹਨ : –

ਉਨ ਕੈ ਸੰਗਿ ਤੂ ਕਰਤੀ ਕੇਲ । । ਉਨ ਕੇ ਸੰਗਿ ਹਮ ਤੁਮ ਸੰਗਿ ਮੇਲ । ।

ਉਨ ਕੈ ਸੰਗਿ ਤੁਮ ਸਭੁ ਕੋਊ ਲੋਰੈ । । ਓਸੁ ਬਿਨਾ ਕੇਊ ਮੁਖੁ ਨਹੀ ਜੋਰੈ । ।

ਤੇ ਬੈਰਾਗੀ ਕਹਾ ਸਮਾਏ । । ਤਿਸੁ ਬਿਲੁ ਤੁਹੀ ਦੁਹੇਰੀ ਰੀ । । ੧ । । ਰਹਾਉ ੧੧

ਉਨ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ । । ਉਨ ਕੈ ਸੰਗਿ ਤੂ ਹੋਈ ਹੈ ਜਾਹਰਿ । ।

ਉਨ ਕੈ ਸੰਗਿ ਤੂ ਰਖੀ ਪਪੋਲਿ । । ਓਸੁ ਬਿਨਾ ਤੂ ਛੁਟਕੀ ਰੋਲਿ । । ੨ । ।

ਉਨ ਕੈ ਸੰਗਿ ਤੇਰਾ ਮਾਨੁ ਮਹਤੁ । । ਉਨ ਕੇ ਸੰਗਿ ਤੁਮ ਸਾਕ ਜਗਤੁ । ।

                                                                                                                                    ( ਆਮਾ ਮਹਲਾ ੫ )

ਸਰੀਰ ਨੂੰ ‘ ਪੁਰਸ਼’ ( ਭਾਵ ਆਤਮਾ ) ਦੀ ਇਸਤਰੀ ਮੰਨਿਆ ਗਿਆ ਹੈ । ਇਸਤਰੀ ਆਪਣੇ ਪਤੀ ਨੂੰ ਸਦਾ ਆਪਣੇ ਨਾਲ ਰੱਖਣ ਲਈ ਬੇਨਤੀ ਕਰਦੀ ਹੈ ਪਰ ਪਤੀ ਤਾਂ ਆਪਣੇ ਸਵਾਮੀ ( ਭਾਵ ਪਰਮਾਤਮਾ ) ਦੇ ਭਾਣੇ ਅੰਦਰ ਰਹਿੰਦਾ ਹੈ : –

                  ਧਨ ਕਰੇ ਬਿਨਉ ਦੋਊ ਕਰ ਜੋਰੈ । ।

                  ਪ੍ਰਿਅ ਪਰਦੇਸਿ ਨ ਜਾਹੁ ਘਰਿ ਮੇਰੈ । ।

                  ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂ ਪਿਆਸਾ ਹੈ । । ੪ । ।

                  –               –               –               –               –               –

                  ਪਿਰਿ ਕਹਿਆ ਹਉ ਹੁਕਮੀ ਬੰਦਾ । ।

                  ਓਹੁ ਭਾਰੋ ਠਾਕਰੁ ਜਿਸੁ ਕਾਣਿ ਨ ਛੰਦਾ । ।

                  ਜਿਚਰੁ ਰਾਖੇ ਤਿਚਰੁ ਤੁਮ ਸੰਗਿ ਰਹਿਣਾ ਜਾ ਸਦੇ ਤੂ ਊਠਿ ਸਿਧਾਸਾ ਹੇ । । ੮ । ।

                                                                                                                                                        ( ਮਾਰੂ ਸੋਲਹੇ ਮਹਲਾ ੫ )

ਆਤਮਾ ਸਰੀਰ ਨੂੰ ਚੇਤਨਤਾ ਦਿੰਦੀ ਹੈ ਜਿਸ ਵਿਚ ਗਿਆਨ ਅਤੇ ਕਰ ਇੰਦਰੀਆਂ ਦੀ ਖੇਡ ਵਾਪਰਦੀ ਹੈ । ਮਨ ਅਤੇ ਬੁੱਧੀ ਬੇਮੁਹਾਰ ਇੰਦਰੀਆਂ ਨੂੰ ਕਾਬੂ ਵਿਚ ਰੱਖਦੇ ਹਨ । ਕਠ– ਉਪਨਿਸ਼ਦ ਵਿਚ ਲਿਖਿਆ ਹੈ : –

“ ਆਤਮਾ ਨੂੰ ਰਥ ਦਾ ਸਵਾਰ ਸਮਝੋ , ਸਰੀਰ ਨੂੰ ਰਥ , ਬੁੱਧੀ ਨੂੰ ਰਥਵਾਨ ਅਤੇ ਮਨ ਨੂੰ ਵਾਗਾਂ । ਇੰਦਰੀਆਂ ਘੋੜੇ ਹਨ ਅਤੇ ਉਨ੍ਹਾਂ ਦੇ ਪਦਾਰਥ ਮਾਰਗ ਭੁਗਤਾ ਨੂੰ ਸਰੀਰ ਮਨ ਅਤੇ ਇੰਦਰੀਆਂ ਪ੍ਰਾਪਤ ਹਨ. । ” ਸਰੀਰ ਰੂਪੀ ਰਥ ਦਾ ਸਵਾਰ ਭੁਗਤਾ ਹੈ । ਮਿਨ ਇੰਦਰੀਆਂ ਨੂੰ ਸੇਧ ਦਿੰਦਾ ਹੈ ਪਰ ਆਪ ਬੁੱਧੀ ਦੀ ਅਗਵਾਈ ਹੇਠ ਚਲਦਾ ਹੈ । ਬੁੱਧੀ ਆਤਮਾ ਦੀ ਅਗਵਾਈ ਹੇਠ ਚਲਦੀ ਹੈ । ਇਸ ਤਰ੍ਹਾਂ ਆਤਮਾ ਕਾਰਜ– ਸਾਧਕ ਹੈ । ਇਹ ਬੁੱਧੀ ਰਾਹੀਂ ਜਾਣਦੀ ਹੈ ਅਤੇ ਮਨ ਤੇ ਇੰਦਰੀਆਂ ਰਾਹੀਂ ਭੋਗਦੀ ਹੈ । ਮਨ ਅਤੇ ਬੁੱਧੀ ਜਦੋਂ ਮਲੀਨ ਹੋ ਜਾਂਦੇ ਹਨ ਅਤੇ ਵਸ ਤੋਂ ਬਾਹਰ ਹੁੰਦੇ ਹਨ ਤਾਂ ਆਤਮਾ ਕਰੜੇ ਬੰਧਨਾਂ ਵਿਚ ਪੀਚੀ ਜਾਂਦੀ ਹੈ ਅਤੇ ਜਨਮ– ਮਰਨ ਦੇ ਗੇੜ ਵਿਚ ਪੈ ਜਾਂਦੀ ਹੈ ਆਪਣੇ ਅਮਲਾਂ ਦੇ ਕਾਰਨ ਇਹ ਹਰਖ– ਸੋਗ ਵਿਚ ਰਹਿੰਦੀ ਹੈ । ਇਸਦੇ ਅਮਲ ਤ੍ਰਿਸ਼ਨਾ ਦਾ ਸਿੱਟਾ ਹੁੰਦੇ ਹਨ ।

                  ਪੁਰਾਣੇ ਰਿਸ਼ੀਆਂ ਮੁਨੀਆਂ ਨੇ ਪੰਜ ਕੋਸ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਅੰਦਰ ਆਤਮਾ ਦਾ ਨਿਵਾਸ ਹੈ । ਕੇਸ਼ ਦਾ ਸ਼ਬਦੀ ਅਰਥ ਮਿਆਨ ਹੈ , ਜਿਵੇਂ ਤਲਵਾਰ ਮਿਆਨ ਅੰਦਰ ਹੁੰਦੀ ਹੈ , ਇਵੇਂ ਹੀ ਆਤਮਾ ਪੰਜ ਕੋਸਾਂ ਦੇ ਅੰਦਰਵਾਰ ਵਸਦੀ ਹੈ । ਸਭ ਤੋਂ ਉਪਲਰਲੇ ਕੋਸ ਨੂੰ ਅੰਨਮਯ ਕੋਸ਼ ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਪੰਜ– ਭੂਤਕ ਸਰੀਰ ਕਹਿੰਦੇ ਹਾਂ । ਇਸ ਕੋਸ਼ ਦਾ ਆਧਾਰ ਅੰਨ ਹੈ । ਇਸ ਤੋਂ ਅੰਦਰਲਾ ਕੋਸ਼ ਪ੍ਰਾਣਾਂ ਦਾ ਹੈ , ਇਸ ਲਈ ਇਸ ਨੂੰ ਪ੍ਰਾਣਮਯ ਕੋਸ਼ ਕਿਹਾ ਜਾਂਦਾ ਹੈ । ਫਿਰ ਮਨ ਦਾ ਕੋਸ਼ ਭਾਵ ਮਨੋਮਯ ਕੋਸ਼ ਹੈ । ਇਸ ਦੇ ਅੰਦਰ ਬੁੱਧੀ ਦਾ ਕੋਸ਼ ਹੈ ਜਿਸ ਦਾ ਨਾਂ ਵਿਗਿਆਨਮਯ ਕੋਸ਼ ਹੈ । ਸਭ ਤੋਂ ਅੰਦਰਲਾ ਕੋਸ਼ ਆਨੰਦਮਯ ਕੋਸ਼ ਹੈ । ਇਹ ਨਿਰਾ ਕੋਸ਼ ਹੀ ਨਹੀਂ , ਇਹ ਤਾਂ ਆਤਮਾ ਦਾ ਅਸਲੀ ਸਰੂਪ ਹੈ ਜਿਵੇਂ ਪਰਮਾਤਮਾ ਅਨੰਦ ਸਰੂਪ ਹੈ , ਇਵੇਂ ਹੀ ਆਤਮਾ ਵੀ ਆਪਣੇ ਸੋਮੇ ਅਨੁਸਾਰ ਅਨੰਦ ਸਰੂਪ ਹੈ ।

ਜਦ ਤਕ ਉਪਰਲੇ ਕੋਸ਼ ( ਜਿਨ੍ਹਾਂ ਵਿਚ ਮਨ , ਬੁੱਧੀ , ਗਿਆਨ ਇੰਦਰੇ ਅਤੇ ਕਰਮ ਇੰਦਰੇ ਆਪਣੀਹ ਖੇਡ ਪਸਾਰਦੇ ਹਨ ) ਆਤਮਾ ਉੱਤੋਂ ਉਤਰ ਨਹੀਂ ਜਾਂਦੇ , ਪੂਰਨ– ਅਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ । ਇਸ ਅਵਸਥਾ ਨੂੰ ਤੁਰੀਆ ਕਿਹਾ ਗਿਆ ਹੈ । ਇਸ ਅਵਸਥਾ ਦੀ ਪ੍ਰਾਪਤੀ ਲਈ ਆਤਮਾ ਨੂੰ ਜਾਗ੍ਰਤ , ਸੁਪਨ ਅਤੇ ਸੁਖੇਪਤ– ਇਨ੍ਹਾਂ ਤਿੰਨ ਅਵਸਥਾਵਾਂ ਤੋਂ ਉਪਰ ਉੱਠਣਾ ਪਵੇਗਾ ।

ਆਪਣੇ ਗੁਣਾਂ– ਔਗੁਣਾਂ ਅਨੁਸਾਰ ਜੀਵ ਆਤਮਾ ਇਕ ਸਰੀਰ ਵਿਚੋਂ ਦੂਜੇ ਸਰੀਰ ਵਿਚ ਚਲੀ ਜਾਂਦੀ ਹੈ । ਕਰਮ– ਫਲ ਤੋਂ ਇਹ ਬਚ ਨ ਹੀਂ ਸਕਦੀ । ਆਪਣੇ ਮਨ ਵਿਚ ਇਹ ਅਜਨਮੀ ਅਤੇ ਅਮਰ ਹੈ ਪਰ ਜਦੋਂ ਇਹ ਮਨ ਅਤੇ ਇੰਦਰੀਆਂ ਨਾਲ ਸਬੰਧਤ ਹੁੰਦੀ ਹੈ ਤਾਂ ਇਸ ਦਾ ਜਨਮ ਮਰਨ ਦਾ ਗੇੜ ਸ਼ੁਰੂ ਹੋ ਜਾਂਦਾ ਹੈ ।

ਅੰਨਮਯ ਸਰੀਰ ਦੀ ਮੌਤ ਦੇ ਨਾਲ ਆਤਮਾ ਆਪਣੇ ਸੂਖ਼ਮ ਸਰੀਰ ਸਹਿਤ ਅਲੋਪ ਹੋ ਜਾਂਦੀ ਹੈ । ਮਨੁੱਖੀ ਅੱਖ ਨਾਲ ਇਹ ਵੇਖੀ ਨਹੀਂ ਜਾ ਸਕਦੀ । ਇਸ ਦਾ ਸੂਖ਼ਮ ਜਦੋਂ ਸਰੀਰ ਢਹਿ ਜਾਂਦਾ ਹੈ ਤਾਂ ਬ੍ਰਹਮ– ਅੰਸ਼ ਆਤਮਾ ਬ੍ਰਹਮ ਵਿਚ ਲੀਨ ਹੋ ਜਾਂਦੀ ਹੈ : –

                  ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨਾ ਸਾਕੈ ਭਿੰਨ ਕਰਿ ਬਿਲਰਾਮ ਜੀਉ । ।

                                                                                                                  ( ਸੂਹੀ ਛੰਛ ਮਹਾਲਾ ੫ )

ਸਰੀਰ ਆਤਮਾ ਦਾ ਨਿਵਾਸ ਦੇ ਨਾਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ । ਸਾਰਾ ਬ੍ਰਹਿਮੰਡ ਹੀ ਇਸਦੇ ਅੰਦਰ ਝਲਕਦਾ ਹੈ । ਬ੍ਰਹਮਾ , ਵਿਸ਼ਨੂੰ ਮਹੇਸ਼ , ਹਾਟ ਪਟਣ , ਬਾਜ਼ਾਰ ਅਤੇ ਹੋਰ ਅਸੰਖ ਵਸਤਾਂ ਇਸਦੇ ਅੰਦਰ ਆ ਸਮਾਉਂਦੀਆਂ ਹਨ । ਖੋਜੀ ਇਸ ਸਭ ਕੁਝ ਨੂੰ ਲੱਭ ਸਕਦਾ ਹੈ ਜੇ ਉਹ ਆਪਣਾ ਆਪ ਪਛਾਣ ਲਵੇ , ਆਪਣੀ ਆਤਮਾ ਨੂੰ ਜਾਣ ਲਵੇ । ਆਤਮਾ ਨੂੰ ਜਾਣਨ ਅਤੇ ਪਛਾਣਨ ਲਈ ਗੁਰੂ ਦੀ ਲੋੜ ਹੁੰਦੀ । ਆਪਾ– ਚੀਨਣ ਤੋਂ ਬਿਨਾਂ ਭਰਮ ਦੀ ਮੈਲ ਦੂਰ ਨਹੀਂ ਹੁੰਦੀ : –

ਜਨ ਨਾਨਕ ਬਿਨੁ ਆਪਾ ਚੀਨੈ ਮਿਟੇ ਨ ਭ੍ਰਮ ਕੀ ਕਾਈ । । ੨ । ।

                                                                                                                  ( ਧਨਾਸਰੀ ਮ. ੯ )

ਜਿਹੜੇ ਆਤਮਾ ਨੂੰ ਖੋਜ ਲੈਂਦੇ ਹਨ ਉਹ ਬ੍ਰਹਮ– ਰੂਪ ਹੋ ਜਾਂਦੇ ਹਨ : –

                  ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ । ।

                  ਏਕੋ ਅੰਮ੍ਰਿਤੁ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ । । ੬ । ।

                  ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ । ।

                  ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ । । ੭ । ।

                                                                                                                  ( ਆਸਾ ਅਸਟਪਦੀ ਮ. ੧ )

                  ਪਰ ਗੁਰੂ ਬਿਨਾਂ ਆਪਾ ਨਹੀਂ ਚੀਨਿਐ ਜਾ ਸਕਦਾ : –

                  ਗੁਰ ਬਿਨੁ ਆਪੁ ਨ ਚੀਨੀਆ ਕਹੇ ਸੁਣੇ ਕਿਆ ਹੋਇ । ।

                  ਨਾਨਕ ਸਬਦਿ ਪਛਾਣੀਐ ਹਉਮੈ ਕਰੇ ਨ ਕੋਇ । । ੮ । । ੮ । ।

                                                                                                                                    ( ਸਿਰੀ ਰਾਗ ਅਸਟਪਦੀ ਮ. ੧ )

ਗੁਰ– ਸ਼ਬਦ ਜਾਂ ਨਾਮ ਹੀ ਇਕ ਅਜਿਹਾ ਸਾਧਨ ਹੈ ਜਿਸ ਦੇ ਸਿਮਰਨ ਦੁਆਰਾ ਆਪਾ ਚੀਨਿਆ ਜਾ ਸਕਦਾ ਹੈ ।

ਆਤਮਕ ਦੁਨੀਆਂ ਨੂੰ ਖੋਜਣ ਵੱਲ ਅੱਜ ਦੇ ਜੁੱਗ ਵਿਚ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ । ਆਤਮਾਵਾਂ ਨੂੰ ਬੁਲਾਉਣ ਅਤੇ ਉਨ੍ਹਾਂ ਨਾਲ ਗੱਲਾਂ ਕਰਨ ਦੇ ਕਈ ਪਰਤਾਵੇ ਕੀਤੇ ਗਏ ਹਨ । ਪ੍ਰਸਿੱਧ ਅੰਗਰੇਜ਼ ਵਿਗਿਆਨੀ ਸਰ ਆੱਲੀਵਰ ਜੋਜ਼ਫ ਲਾੱਜ ਦਾ ਨਾਂ ਇਸ ਸਬੰਧ ਵਿਚ ਕਾਫ਼ੀ ਉੱਘਾ ਹੈ । ਇਸ ਸਬੰਧ ਵਿਚ ਪੈਰਾਮਨੋਵਿਗਿਆਨ ਦੇ ਨਾਂ ਹੇਠਾਂ ਕਾਫ਼ੀ ਖੋਜ ਹੋ ਰਹੀ ਹੈ ਜਿਸ ਅਨੁਸਾਰ ਪਰਾ– ਇੰਦਰਿਅਕ ਦ੍ਰਿਸ਼ਟੀ ਦਾ ਡੂੰਘਾ ਅਧਿਐਨ ਕੀਤਾ ਜਾ ਰਿਹਾ ਹੈ । ਭਾਵੇਂ ਸਾਦਾ ਤੋਂ ਸਾਦਾ ਸਮੱਸਿਆਵਾਂ ਨੂੰ ਛੁਹ ਕੇ ਅਨੇਕ ਪਰਤਾਵਿਆਂ ਰਾਹੀਂ ਕਈ ਅੰਕੜੇ ਇਕੱਠੇ ਕਰਕੇ ਨਿਖੇੜੇ ਗਏ ਹਨ ਪਰ ਅਜੇ ਤਕ ਬਹੁਤ ਘੱਟ ਸਿੱਟਿਆਂ ਦਾ ਐਲਾਨ ਕੀਤਾ ਗਿਆ ਹੈ । ਆਤਮਕ ਮੰਡਲ ਗੁਹਜ ਅਤੇ ਵਿਸਮਾਦ– ਜਨਕ ਹੈ ।                                          


ਲੇਖਕ : ਡਾ. ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਤਮਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਤਮਾ : ਜੀਵ ਆਤਮਾ ਜਾਂ ਆਤਮਾ ਜਿਸ ਦੀ ਧਾਰਮਿਕ ਗ੍ਰੰਥਾਂ ਵਿਚ ਬੜੀ ਮਹੱਤਾ ਦੱਸੀ ਗਈ ਹੈ ਅਤੇ ਜਿਸ ਨੂੰ ਪਰਮਾਤਮਾ ( ਪਰਮ + ਆਤਮਾ ) ਦਾ ਇਕ ਅੰਸ਼ ਹੀ ਮੰਨਿਆ ਗਿਆ ਹੈ , ਪ੍ਰਾਣੀਆਂ ਵਿਚ ਇਕ ਅਜਿਹਾ ਤੱਤ ਹੈ ਜੋ ਅਨੇਕ ਚੇਸ਼ਟਾਵਾਂ ਦਾ ਕਾਰਣ ਹੈ ਅਤੇ ਜਿਸ ਤੋਂ ‘ ਮੈਂ’ ਤੇ ‘ ਮੇਰਾ’ ਆਦਿ ਦਾ ਬੋਧ ਹੁੰਦਾ ਹੈ । ਕਿਸੇ ਨੇ ਇਸ ਦਾ ਨਿਵਾਸ ਦਿਲ , ਕਿਸੇ ਨੇ ਦਿਮਾਗ਼ ਵਿਚ ਅਤੇ ਕਿਸੇ ਨੇ ਇਸ ਨੂੰ ਸਰਵਾਂਗ ਪੂਰਨ ਮੰਨਿਆ ਹੈ । ‘ ਨੑਯਾਯ ਦਰਸ਼ਨ’ ਅਨੁਸਾਰ ਇੱਛਿਆ , ਸੁਖ , ਦੁਖ ਤੇ ਗਿਆਨ ਆਦਿ ਨੂੰ ਧਾਰਨ ਵਾਲਾ ਆਤਮਾ ਹੈ । ਵੇਦਾਂਤ ਅਨੁਸਾਰ ਜੀਵ– ਆਤਮਾ ਬ੍ਰਹਮ ਤੋਂ ਵੱਖ ਨਹੀਂ ਹੈ ਕੇਵਲ ਉਪਾਧੀ ਕਰ ਕੇ ਵੱਖਰਾ ਪ੍ਰਤੀਤ ਹੁੰਦਾ ਹੈ । ਮਾਯਾ ਦਾ ਪਰਦਾ ਵਿਚੋਂ ਹਟ ਜਾਣ ਨਾਲ ਆਤਮਾ ਤੇ ਪਰਮਾਤਮਾ ਦੀ ਇਕਮਿਕਤਾ ਦਾ ਬੋਧ ਹੁੰਦਾ ਹੈ । ਆਤਮਾ ਦਾ ਸਥੂਲ ਰੂਪ ਕਿਤੇ ਦ੍ਰਿਸ਼ਟੀਗੋਚਰ ਨਹੀਂ ਹੁੰਦਾ; ਪਰਮਾਤਮਾ ਦਾ ਅੰਸ਼ ਹੋਣ ਕਾਰਣ ਇਸ ਨੂੰ ਉਸ ਵਾਂਗ ਅਮਰ ਤੇ ਅਜਰ ਮੰਨਿਆ ਜਾਂਦਾ ਹੈ । ਇਸਲਾਮੀ ਧਾਰਣਾ ਅਨੁਸਾਰ ਆਤਮਾਵਾਂ ( ਰੂਹਾਂ ) ਸਰੀਰਿਕ ਵਿਨਾਸ਼ ਮਗਰੋਂ ਕਬਰਾਂ ਵਿਚ ਤਸੀਹੇ ਸਹਿੰਦੀਆਂ ਅਤੇ ਹਸ਼ਰ ਦੇ ਦਿਹਾੜੇ ਆਪਣੇ ਚੰਗੇ ਜਾਂ ਮੰਦੇ ਅਮਲਾਂ ਕਾਰਣ ਸਜ਼ਾ ਜਾਂ ਸਜਾਂ ( ਇਨਾਮ ) ਪ੍ਰਾਪਤ ਕਰਨ ਲਈ ਰੱਬੀ ਦਰਬਾਰ ਵਿਚ ਹਾਜ਼ਿਰ ਹੁੰਦੀਆਂ ਹਨ । ਗੁਰੂ ਸਾਹਿਬਾਨ ਨੇ ਆਤਮਾ ਨੂੰ ‘ ਜੋਤਿ ਸਰੂਪ’ ਕਿਹਾ ਹੈ ਅਤੇ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਲਈ ਆਤਮ ਚੀਨਣ ਉਤੇ ਬਲ ਦਿੱਤਾ ਹੈ । ਗੁਰੂ ਨਾਨਕ ਦੇਵ ਦਾ ਕਥਨ ਹੈ :

                  ( 1 ) ਜਿਨੀ ਆਤਮਾ ਚੀਨਿਆ , ਪਰਮਾਤਮਾ ਸੋਈ ।

                            ਏਕੋ ਅੰਮ੍ਰਿਤ ਬਿਰਖੁ ਹੈ , ਫਲ ਅੰਮ੍ਰਿਤ ਹੋਈ ।                                                                                     – – ( ਆਸਾ ੧ )

                ( 2 ) ਆਤਮਾ ਪਰਮਾਤਕਾ ਏਕੋ ਕਰੈ ।

                            ਅੰਤਰ ਕੀ ਦੁਬਿਧਾ ਅੰਤਰਿ ਮਰੈ ।                                                                                                       – – ( ਧਨਾਸਰੀ ੧ )

                      [ ਸਹਾ. ਗ੍ਰੰਥ– ਮ. ਕੋ.; ਪਿਆਰਾ ਸਿੰਘ ਪਦਮ : ‘ ਗੁਰੂ ਗ੍ਰੰਥ ਸੰਕੇਤ ਕੋਸ਼’ ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.