ਆਸਾ ਦੀ ਵਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਸਾ ਦੀ ਵਾਰ : ਗੁਰੂ ਨਾਨਕ ਦੇਵ ਰਚਿਤ ਸਭ ਤੋਂ ਲੋਕ-ਪ੍ਰਿਆ ਵਾਰ ਆਸਾ ਦੀ ਵਾਰ ਹੈ। ਸਿੱਖ ਧਰਮ ਦੇ ਮੰਗਲ ਕਾਰਜਾਂ ਤੇ ਕੀਰਤਨ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਇਸ ਦਾ ਗਾਇਨ ਰੋਜ਼ ਸਵੇਰੇ ਹਰਿਮੰਦਰ ਸਾਹਿਬ ਵਿਖੇ ਵੀ ਕੀਤਾ ਜਾਂਦਾ ਹੈ। ਆਪਣੇ ਮੂਲ ਰੂਪ ਵਿੱਚ ਇਹ ਵਾਰ 24 ਪਉੜੀਆਂ ਦੀ ਰਚਨਾ ਹੈ। ਅਜੋਕੇ ਰੂਪ ਵਿੱਚ ਇਸ ਨਾਲ 59 ਸਲੋਕ ਵੀ ਮਿਲਦੇ ਹਨ ਜਿਨ੍ਹਾਂ ਵਿੱਚੋਂ 44 ਸਲੋਕ ਗੁਰੂ ਨਾਨਕ ਦੇਵ ਦੇ ਹਨ ਤੇ ਬਾਕੀ 15 ਗੁਰੂ ਅੰਗਦ ਦੇਵ ਦੇ। ਰਚਨਾ ਦੇ ਅਰੰਭ ਵਿੱਚ ਮਿਲਦਾ ਉਲੇਖ ‘ਵਾਰ ਸਲੋਕਾ ਨਾਲਿ ਭੀ ਸਲੋਕ ਮਹਲੇ ਪਹਿਲੇ ਕੇ ਲਿਖੇ` ਤੋਂ ਪਤਾ ਚੱਲਦਾ ਹੈ ਕਿ ਇਹ ਮੂਲ ਰਚਨਾ ਵਿੱਚ ਨਹੀਂ ਸਨ, ਸਗੋਂ ਗੁਰੂ ਅਰਜਨ ਦੇਵ ਨੇ ਸੰਪਾਦਨ ਸਮੇਂ ਇਹਨਾਂ ਨੂੰ ਵਾਰ ਨਾਲ ਜੋੜਿਆ ਸੀ। ਇਸ ਨਾਲ ਇਹ ਵੀ ਦਰਜ ਕੀਤਾ ਗਿਆ ਹੈ ਕਿ ਇਸ ਵਾਰ ਨੂੰ ਟੁੰਡੇ ਅਸਰਾਜੇ ਦੀ ਧੁਨੀ ਵਿੱਚ ਗਾਇਆ ਜਾਏ ਕਿਉਂਕਿ ਉਹ ਉਸ ਸਮੇਂ ਦੀ ਪ੍ਰਸਿੱਧ ਲੋਕ ਵਾਰ ਸੀ।

     ਆਮ ਤੌਰ `ਤੇ ਵਾਰ ਕਾਵਿ ਰੂਪ ਦਾ ਵਿਸ਼ਾ ਯੋਧਿਆਂ ਦੀ ਵੀਰਤਾ ਦਾ ਵਰਣਨ ਕਰਨਾ ਹੁੰਦਾ ਹੈ। ਪਰ ਗੁਰੂ ਜੀ ਨੇ ਇਸ ਦੀ ਵਰਤੋਂ ਅਧਿਆਤਮਿਕ ਵਿਸ਼ੇ ਦੇ ਚਿਤਰਨ ਲਈ ਕੀਤੀ ਹੈ। ਇਸ ਵਿੱਚ ਗੁਰਮੁਖ ਤੇ ਮਨਮੁਖ ਦੇ ਉਲੇਖ ਦੇ ਨਾਲ-ਨਾਲ ਗੁਰਮੁਖ ਦੇ ਜਗਤ ਅਤੇ ਮਾਇਆ ਉੱਤੇ ਜਿੱਤ ਹਾਸਲ ਕਰਨ ਤੇ ਪ੍ਰਭੂ ਦੀ ਪ੍ਰਾਪਤੀ ਕਰਨ ਨੂੰ ਤਰਜੀਹ ਦਿੱਤੀ ਗਈ ਹੈ।

     ਪ੍ਰੋ. ਸਾਹਿਬ ਸਿੰਘ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਇਹ ਵਾਰ ਗੁਰੂ ਜੀ ਦੀਆਂ ਦੂਜੀਆਂ ਵਾਰਾਂ ਤੋਂ ਭਿੰਨ ਹੈ। ਨ ਕੇਵਲ ਇਸ ਦੀਆਂ ਪਉੜੀਆਂ ਦੀ ਗਿਣਤੀ ਘੱਟ (24) ਹੈ, ਸਗੋਂ ਇਸ ਦਾ ਵਿਸ਼ਾ ਵੀ ਭਿੰਨ ਹੈ। ਇਸ ਵਿੱਚ ਮਨੁੱਖ ਦੇ ਆਤਮਿਕ ਵਿਕਾਸ ਨੂੰ ਦਰਸਾਇਆ ਗਿਆ ਹੈ। ਬਾਣੀ ਦੇ ਅਰੰਭ ਵਿੱਚ ਗੁਰੂ ਨਾਨਕ ਦੇਵ ਦਾ ਦਿੱਤਾ ਗਿਆ ਸਲੋਕ ਬਾਣੀ ਦੀ ਮੂਲ ਸਮੱਸਿਆ ਨੂੰ ਉਜਾਗਰ ਕਰਦਾ ਹੈ। ਇਸ ਅਨੁਸਾਰ ਗੁਰੂ ਜੀ ਉਸ ਗੁਰੂ ਤੋਂ ਸੌ ਵਾਰ ਸਦਕੇ ਜਾਂਦੇ ਹਨ ਜੋ ਆਪਣੀ ਮਿਹਰ ਨਾਲ ਪਲ ਵਿੱਚ ਹੀ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ।

     ਆਸਾ ਦੀ ਵਾਰ ਵਿਚਲੇ ਮਨੋਰਥ ਨੂੰ ਚੌਥੀ ਪਉੜੀ ਵਿੱਚ ਪ੍ਰਗਟਾਇਆ ਗਿਆ ਹੈ। ਪਰ ਇਸ ਤੋਂ ਪਹਿਲਾਂ ਪਰਮਾਤਮਾ ਤੇ ਉਸ ਦੀ ਸ੍ਰਿਸ਼ਟੀ ਦਾ ਉਲੇਖ ਕੀਤਾ ਗਿਆ ਹੈ। ਗੁਰੂ ਜੀ ਅਨੁਸਾਰ ਅਕਾਲ ਪੁਰਖ ਨੇ ਆਪਣਾ ਸਰਗੁਣ ਸਰੂਪ ਆਪ ਹੀ ਸਾਜਿਆ ਹੈ ਤੇ ਕੁਦਰਤ ਸਾਜ ਕੇ ਆਪ ਹੀ ਇਸ ਜਗਤ ਦਾ ਤਮਾਸ਼ਾ ਵੇਖ ਰਿਹਾ ਹੈ। ਉਹ ਦਾਤਾਂ ਦੇਣ ਵਾਲਾ ਹੈ। ਮਨੁੱਖੀ ਜੀਵਨ ਤੇ ਮਰਨ ਵੀ ਉਸ ਦੇ ਹੱਥ ਵਿੱਚ ਹੈ। ਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਕਰਮਾਂ ਦਾ ਲੇਖਾ-ਜੋਖਾ ਰੱਖਣ ਲਈ ਧਰਮਰਾਜ ਨੂੰ ਥਾਪਿਆ ਗਿਆ ਹੈ। ਇਥੇ ਸੱਚ ਦੁਆਰਾ ਹੀ ਨਿਬੇੜਾ ਹੁੰਦਾ ਹੈ। ਜੋ ਮਨੁੱਖ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਹਨ ਉਹ ਸਫਲ ਹੁੰਦੇ ਹਨ। ਮਾਇਆ ਵਿੱਚ ਫਸਿਆ ਜੀਵ ਜਨਮ ਅਜਾਈਂ ਗਵਾ ਲੈਂਦਾ ਹੈ। ਗੁਰੂ ਜੀ ਸਾਰੀ ਲੋਕਾਈ ਨੂੰ ਕਹਿੰਦੇ ਹਨ ਕਿ ਸਤਿਗੁਰੂ ਦੇ ਬਰਾਬਰ ਤਾਂ ਹੋਰ ਕੋਈ ਦਾਤਾ ਨਹੀਂ। ਸਤਿਗੁਰੂ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਸਤਿਗੁਰੂ ਦੇ ਮਿਲਣ ਨਾਲ ਪ੍ਰਭੂ ਮਿਲਾਪ ਹੁੰਦਾ ਹੈ ਜਿਸ ਕਰ ਕੇ ਮਨੁੱਖ ਦਾ ਆਪਾ ਭਾਵ ਗੁਆਚ ਜਾਂਦਾ ਹੈ। ਸਤਿਗੁਰੂ ਹੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੂਝ ਦਿੰਦਾ ਹੈ। ਇਸ ਲਈ ਜੇ ਮਨੁੱਖ ਆਪਣੀ ਭਲਾਈ ਚਾਹੁੰਦਾ ਹੈ ਤਾਂ ਉਸ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਤੇ ਆਪਣੇ-ਆਪ ਨੂੰ ਨੀਵਾਂ ਸਮਝਣਾ ਚਾਹੀਦਾ ਹੈ।

     ਆਸਾ ਦੀ ਵਾਰ ਵਿੱਚ ਗੁਰੂ ਜੀ ਸਤਿਗੁਰੂ ਦੀ ਸੋਝੀ ਉੱਤੇ ਜ਼ੋਰ ਦਿੰਦੇ ਹਨ। ਜੇ ਮਨੁੱਖ ਨੂੰ ਅਜਿਹਾ ਗੁਰੂ ਮਿਲੇ ਜਿਸ ਨੇ ਆਪਣੇ ਅੰਦਰੋਂ ਮੋਹ ਨੂੰ ਦੂਰ ਕੀਤਾ ਹੋਇਆ ਹੈ ਤਾਂ ਹੀ ਮੁਕਤੀ ਮਿਲ ਸਕਦੀ ਹੈ। ਇਹ ਵਿਚਾਰ ਉੱਤਮ ਹੈ ਕਿ ਜਿਸ ਮਨੁੱਖ ਨੇ ਗੁਰੂ ਨਾਲ ਚਿੱਤ ਜੋੜ ਲਿਆ ਉਸ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਪਰ ਇਹ ਤਾਂ ਹੀ ਸੰਭਵ ਹੈ ਜੇ ਪ੍ਰਭੂ ਉਸ ਮਨੁੱਖ ਉੱਤੇ ਆਪ ਬਖ਼ਸ਼ਿਸ਼ ਕਰੇ। ਨਾਮ ਉਹੀ ਮਨੁੱਖ ਸਿਮਰ ਸਕਦਾ ਹੈ ਜੋ ਸੰਤੋਖੀ ਹੋਵੇ। ਜੋ ਮਨੁੱਖ ਗ਼ਰੀਬ ਸੁਭਾਅ ਵਾਲੇ ਹਨ ਤੇ ਪ੍ਰਭੂ ਦੀ ਸਿਫ਼ਤ ਸਲਾਹ ਵਿੱਚ ਲੀਨ ਰਹਿੰਦੇ ਹਨ ਅਜਿਹੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ।

     ਆਸਾ ਦੀ ਵਾਰ ਵਿੱਚ ਮਨੁੱਖ ਨੂੰ ਨਾਮ ਜਪਣ, ਹਲੀਮੀ ਧਾਰਨ ਕਰਨ ਤੇ ਸੰਤੋਖੀ ਹੋਣ ਲਈ ਕਿਹਾ ਗਿਆ ਹੈ। ਕੇਵਲ ਕਰਮ ਕਰ ਕੇ ਫਲ ਦੀ ਆਸ ਲਾਈ ਰੱਖਣਾ ਭੁੱਲ ਹੈ। ਸਭ ਕੁਝ ਪ੍ਰਭੂ ਦੀ ਮਿਹਰ ਉੱਤੇ ਹੀ ਸੰਭਵ ਹੈ। ਮਨੁੱਖੀ ਜੀਵਨ ਸਮੁੰਦਰ ਸਮਾਨ ਹੈ ਤੇ ਗੁਰੂ ਜਹਾਜ਼ ਹੈ। ਪਰ ਇਸ ਗੱਲ ਦੀ ਵਿਰਲਿਆਂ ਨੂੰ ਸਮਝ ਆਉਂਦੀ ਹੈ। ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਹ ਹੀ ਗੁਰੂ ਦੇ ਮਹੱਤਵ ਨੂੰ ਸਮਝ ਸਕਦਾ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਪੜ੍ਹੇ-ਅਨਪੜ੍ਹੇ ਦਾ ਵਿਚਾਰ ਨਹੀਂ ਹੁੰਦਾ ਕਿਉਂਕਿ ਮਨੁੱਖ ਦਾ ਨਿਬੇੜਾ ਤਾਂ ਅਮਲਾਂ `ਤੇ ਹੋਣਾ ਹੈ।

     ਆਸਾ ਦੀ ਵਾਰ ਵਿੱਚ ਗੁਰੂ ਜੀ ਦੱਸਦੇ ਹਨ ਕਿ ਅਸਲੀ ਵਡਿਆਈ ਮਨੁੱਖ ਦੇ ਆਤਮਿਕ ਗੁਣ ਹਨ। ਇਹ ਗੁਣ ਉਸ ਨੂੰ ਗੁਰੂ ਪਾਸੋਂ ਮਿਲਦੇ ਹਨ। ਗੁਰੂ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ। ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਗੁਰੂ ਬਹੁਤ ਵੱਡਾ ਹੈ, ਉਸ ਦੇ ਵੱਡੇ ਗੁਣ ਹਨ, ਇਸ ਲਈ ਉਸ ਦੇ ਗੁਣ ਗਾਉਣੇ ਚਾਹੀਦੇ ਹਨ। ਪ੍ਰਭੂ ਦੀ ਮਿਹਰ ਨਾਲ ਉਹ ਗੁਣ ਮਨੁੱਖ ਦੇ ਮਨ ਵਿੱਚ ਆ ਵੱਸਦੇ ਹਨ। ਉਸ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ।

     ਗੁਰੂ ਜੀ ਅਨੁਸਾਰ ਇਹ ਮਨੁੱਖਾ ਜੀਵਨ ਥੋੜ੍ਹ-ਚਿਰਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਪ੍ਰਭੂ ਦੇ ਨਾਮ ਦੇ ਸਿਮਰਨ ਨਾਲ ਜੀਵਨ ਨੂੰ ਸਵਾਰੇ। ਮਨੁੱਖ ਨੂੰ ਇਹ ਉੱਦਮ ਆਪ ਹੀ ਕਰਨਾ ਪੈਂਦਾ ਹੈ। ਇਹ ਨਫ਼ੇ ਵਾਲੀ ਕਮਾਈ ਹੈ। ਸਭ ਕੁਝ ਪ੍ਰਭੂ ਆਪ ਹੀ ਕਰਦਾ ਹੈ। ਇਸ ਲਈ ਪ੍ਰਭੂ ਦੀ ਟੇਕ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ।


ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਆਸਾ ਦੀ ਵਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਾ ਦੀ ਵਾਰ. ਆਸਾ ਰਾਗ ਦੇ ਅੰਤ ਲਿਖੀ ਗੁਰੂ ਨਾਨਕ ਦੇਵ ਦੀ ਸਲੋਕ ਅਤੇ ੨੪ ਪੌੜੀਆਂ ਦੀ ਇੱਕ ਮਨੋਹਰ ਰਚਨਾ , ਜਿਸ ਵਿੱਚ ਕੁਝ ਸਲੋਕ ਗੁਰੂ ਅੰਗਦ ਦੇਵ ਦੇ ਭੀ ਹਨ. ਇਸ ਦੇ ਅਮ੍ਰਿਤਵੇਲੇ ਕੀਰਤਨ ਦਾ ਪ੍ਰਚਾਰ ਗੁਰੁਮਤ ਵਿੱਚ ਬਹੁਤ ਪੁਰਾਣਾ ਹੈ. ਗੁਰੂ ਅਰਜਨ ਦੇਵ ਨੇ ਗੁਰੂ ਰਾਮਦਾਸ ਜੀ ਦੇ ੨੪ ਛੱਕੇ ਪੌੜੀਆਂ ਨਾਲ ਮਿਲਾਕੇ ਸਿੱਖਾਂ ਨੂੰ ਕੀਰਤਨ ਕਰਨਾ ਸਿਖਾਇਆ. ਪੁਰਾਤਨ ਮਰਯਾਦਾ ਹੈ ਕਿ ਆਸਾ ਵਾਰ ਦਾ ਆਰੰਭ ਆਸਾ ਦੇ ਆਲਾਪ ਨਾਲ ਹੋਵੇ ਅਤੇ ਪਹਿਲੀਆਂ ਦੋ ਚਾਰ ਪੌੜੀਆਂ ਆਸਾ ਵਿੱਚ ਹੀ ਗਾਈਆਂ ਜਾਣ. ਸਵੇਰ ਦੇ ਰਾਗਾਂ ਵਿੱਚ ਹੋਰ ਪੌੜੀਆਂ ਗਾਕੇ ਅੰਤ ਦੀ ਪੌੜੀ ਭੀ ਆਸਾ ਰਾਗ ਵਿੱਚ ਗਾਈ ਜਾਵੇ. ਦੇਖੋ, ਆਸਾ ੩ ਅਤੇ ਚਾਰ ਚੌਕੀਆਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਸਾ ਦੀ ਵਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਸਾ ਦੀ ਵਾਰ : ‘ਜਪੁਜੀ’ ਤੋਂ ਮਗਰੋਂ ‘ਆਸਾ ਦੀ ਵਾਰ’ ਗੁਰੂ ਨਾਨਕ ਦੇਵ ਜੀ ਦੀ ਦੂਜੀ ਪ੍ਰਸਿੱਧ ਰਚਨਾ ਹੈ ਜਿਸ ਵਿਚ ਕੁਝ ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਵੀ ਹਨ। ਗੁਰੂ ਜੀ ਦੀਆਂ ਮਾਝ ਅਤੇ ਮਲ੍ਹਾਰ ਰਾਗ ਵਿਚ ਲਿਖੀਆਂ ਹੋਈਆਂ ਦੋ ਹੋਰ ਵਾਰਾਂ ਵੀ ਮਿਲਦੀਆਂ ਹਨ ਪਰ ‘ਆਸਾ ਦੀ ਵਾਰ’ ਦਾ ਸਿੱਖਾਂ ਦੇ ਧਰਮ-ਅਸਥਾਨਾਂ ਵਿਚ ਹਰ ਰੋਜ਼ ਅੰਮ੍ਰਿਤ ਵੇਲੇ ਕੀਰਤਨ ਹੁੰਦਾ ਹੈ। ਜਿਸ ਤਰ੍ਹਾਂ ਹਰ ਸਿੱਖ ਲਈ ਅੰਮ੍ਰਿਤ ਵੇਲੇ ‘ਜਪੁਜੀ’ ਦਾ ਪਾਠ ਕਰਨ ਦਾ ਹੁਕਮ ਹੈ, ਇਵੇਂ ਹੀ ਹਰ ਸਿੱਖ ਲਈ ਹਰ ਰੋਜ਼ ‘ਆਸਾ ਦੀ ਵਾਰ’ ਦਾ ਕੀਰਤਨ ਕਰਨਾ ਜਾਂ ਸੁਣਨਾ ਵੀ ਜ਼ਰੂਰੀ ਹੈ।

          ਇਹ ਬਾਣੀ ਕਦੋਂ ਅਤੇ ਕਿਸ ਪਰਥਾਇ ਉਚਾਰੀ ਗਈ ਇਸ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਨਮ-ਸਾਖੀਆਂ ਵਿਚ ਲਿਖਿਆ ਹੈ ਕਿ ਇਸ ਵਾਰ ਦੀਆਂ ਪਹਿਲੀਆਂ ਨੌਂ ਪਉੜੀਆਂ ਸ਼ੇਖ਼ ਬ੍ਰਹਮ ਦੇ ਪਰਥਾਇ ਉਚਾਰਣ ਕੀਤੀਆਂ ਗਈਆਂ। ਇਸ ਵਾਰ ਨਾਲ ਪੰਜਾਬੀ ਸਾਹਿਤ ਵਿਚ ਇਕ ਨਵੀਂ ਪਰੰਪਰਾ ਸ਼ੁਰੂ ਹੋਈ। ਇਸ ਤੋਂ ਪਹਿਲਾਂ ਕੇਵਲ ਬੀਰ-ਰਸੀ ਵਾਰਾਂ ਲਿਖੀਆਂ ਜਾਂਦੀਆਂ ਸਨ। ਪੰਜਾਬੀ ਸਾਹਿਤ ਵਿਚ ਇਹ ਪਹਿਲੀ ਅਧਿਅਆਤਮਕ ਵਾਰ ਹੈ। ਮਗਰੋਂ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਅਤੇ ਹੋਰ ਮਹਾਂ ਪੁਰਸ਼ਾਂ ਨੇ ਅਧਿਆਤਮਕ ਵਾਰਾਂ ਲਿਖੀਆਂ।

          ਇਸ ਵਾਰ ਦੀਆਂ 24 ਪਉੜੀਆਂ ਹਨ। ਹਰ ਪਉੜੀ ਤੋਂ ਪਹਿਲਾਂ ਦੋ ਜਾਂ ਵਧੀਕ ਸ਼ਲੋਕ ਹਨ। ਪਉੜੀਆਂ ਨਾਲ ਸ਼ਲੋਕ ਲਾਉਣ ਦੀ ਪ੍ਰਥਾ ਵੀ ਇਸੇ ਵਾਰ ਤੋਂ ਸ਼ੁਰੂ ਹੋਈ ਜਾਪਦੀ ਹੈ। ਇਸ ਵਾਰ ਵਿਚ ਵਰਤਿਆ ਪਉੜੀ ਰੂਪ (13,16 ਮਾਤਰਾਂ) ਮਗਰੋਂ ਸੱਤੇ ਬਲਵੰਡ ਦੀ ਵਾਰ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵਰਤਿਆ ਮਿਲਦਾ ਹੈ। ਪੂਰਵ-ਨਾਨਕ-ਕਾਲ ਵਿਚ ਪਉੜੀ ਰੂਪ 13,10 ਮਾਤਰਾਂ ਦਾ ਸੀ ਜਿਸ ਨੂੰ ਨਿਸ਼ਾਨੀ ਛੰਦ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਵਰਤੇ ਪਉੜੀ ਰੂਪ ਦੀ ਉਨ੍ਹਾਂ ਤੋਂ ਪਹਿਲੇ ਦੀ ਕੋਈ ਵੀ ਉਦਾਹਰਣ ਨਹੀਂ ਮਿਲਦੀ। ਇਸ ਦਾ ਖ਼ਾਸਾ ਇਹ ਹੈ ਕਿ ਇਸ ਦੀ ਅਖ਼ੀਰਲੀ ਤੁਕ ਅੱਧੀ ਹੁੰਦੀ ਹੈ ਜਿਸ ਦੀਆਂ ਮਾਤਰਾਂ ਪੂਰੀ ਤੁਕ ਦੇ ਦੂਜੇ ਅੱਧ ਜਿੰਨੀਆਂ ਹੁੰਦੀਆਂ ਹਨ। ਸ਼ਲੋਕ ਗੁਰੂ ਜੀ ਤੋਂ ਪਹਿਲਾਂ ਬਾਬਾ ਫ਼ਰੀਦ ਅਤੇ ਭਗਤ ਕਬੀਰ ਦੇ ਮਿਲਦੇ ਹਨ ਪਰ ਉਨ੍ਹਾਂ ਨੇ ਬਹੁਤਾ ਦੋ ਪਾਲਾਂ ਦਾ ਸ਼ਲੋਕ ਹੀ ਲਿਖਿਆ ਹੈ। ਇਸਦਾ ਛੰਦ ਦੋਹਰਾ ਹੈ ਪਰ ਗੁਰੂ ਜੀ ਨੇ ਸ਼ਲੋਕ ਦੀ ਬਣਤਰ ਵਿਚ ਵੀ ਨਵੀਨਤਾ ਲਿਆਂਦੀ। ਬਹੁਤੇ ਸ਼ਲੋਕਾਂ ਵਿਚ ਉਨ੍ਹਾਂ ਨੇ ਦੋ ਤੋਂ ਵਧੀਕ ਪਾਲਾਂ ਰੱਖੀਆਂ ਅਤੇ ਛੰਦ ਦੀ ਦੋਹਰੇ ਤੋਂ ਛੁੱਟ ਚੌਪਈ, ਦਵੈਯਾ ਆਦਿ ਵਰਤੇ।

          ਇਸ ਵਾਰ ਵਿਚ ਗੁਰੂ ਜੀ ਨੇ ਸਮਕਾਲੀ ਧਾਰਮਿਕ, ਸਮਾਜਕ ਅਤੇ ਰਾਜਨੀਤਿਕ ਆਗੂਆਂ ਅਤੇ ਕੁਰੀਤੀਆਂ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਦੀਆਂ ਬੁਰਾਈਆਂ ਨੂੰ ਉਘਾੜ ਕੇ ਉਨ੍ਹਾਂ ਦੇ ਮੱਤ ਦਾ ਖੰਡਨ ਕੀਤਾ ਹੈ ਅਤੇ ਇਕ ਨਰੋਏ ਸਮਾਜ ਦੀ ਉਸਾਰੀ ਲਈ ਪਰੇਰਿਆ ਹੈ। ਕੂੜ ਦੀਆਂ ਕੰਧਾਂ ਕਰੁਣ ਅਤੇ ਸੱਚ ਨੂੰ ਪਛਾਣਨ ਦਾ ਉਪਦੇਸ਼ ਦਿੱਤਾ ਹੈ। ਸੰਸਾਰ ਦੇ ਬਹੁਤੇ ਰੋਗਾਂ ਦਾ ਕਾਰਨ ਮਨੁੱਖ ਦੀ ‘ਹਉਂ’ ਨੂੰ ਦੱਸਿਆ ਹੈ। ‘ਹਉਂ’ ਵਿਚ ਕੀਤੇ ਕਰਮ ਬੰਧਨ ਰੂਪ ਹਨ। ਇਸੇ ਲਈ ਹੀ ਗੁਰੂ ਜੀ ਨੇ ਕਰਮ-ਕਾਂਡ ਅਤੇ ਉਪਾਸਨਾ-ਕਾਂਡ ਤੋਂ ਉੱਚਿਆਂ ਉੱਠਣ ਲਈ ਉਪਦੇਸ਼ ਦਿੱਤਾ। ਉਨ੍ਹਾਂ ਨੇ ਗਿਆਨ-ਕਾਂਡ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ। ਵੇਦਾਂ ਦਾ ਗਿਆਨ-ਕਾਂਡ ਉਪਨਿਸ਼ਦ ਹਨ। ਇਸ ਲਈ ਉਪਨਿਸ਼ਦਾਂ ਅਤੇ ਗੁਰੂ ਨਾਨਕ ਜੀ ਦੀ ਬਾਣੀ ਵਿਚ ਸਾਂਝ ਹੈ। ‘ਆਸਾ ਦੀ ਵਾਰ’ ਦੀ ਬਹੁਤੀ ਸਾਂਝ ਕਠ-ਉਪਨਿਸ਼ਦ ਨਾਲ ਹੈ। ਕਠ-ਉਪਨਿਸ਼ਦ ਵਿਚ ਸਰੀਰ ਨੂੰ ਰਥ, ਆਤਮਾ ਨੂੰ ਰਥ ਦਾ ਮਾਲਕ ਅਤੇ ਬੁੱਧੀ ਨੂੰ ਰਥਵਾਹ ਮੰਨਿਆ ਗਿਆ ਹੈ। ਇਹ ਰਥ ਵਾਲਾ ਵਿਚਾਰ ‘ਆਸਾ ਦੀ ਵਾਰ’ ਵਿਚ ‘ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ’ ਵਾਲੇ ਸ਼ਲੋਕ ਵਿਚ ਮਿਲਦਾ ਹੈ। ਕਠ-ਉਪਨਿਸ਼ਦ ਦੇ ਅਖ਼ੀਰਲੇ ਭਾਗ ਧਰਮ-ਰਾਜ ਨਚਿਕੇਤ ਨੂੰ ਕਹਿੰਦਾ ਹੈ, “ਉਸ (ਬ੍ਰਹਮ) ਦੇ ਭੈ ਵਿਚ ਅਗਨੀ ਬਲਦੀ ਹੈ, ਸੂਰਜ ਚਮਕਦਾ ਹੈ, ਇੰਦਰ ਅਤੇ ਵਾਯੂ ਭੈ ਦੇ ਅੰਦਰ ਹਨ ਅਤੇ ਕਾਲ ਵੀ ਭੈ ਵਿਚ ਤੁਰ ਰਿਹਾ ਹੈ।” ’ਆਸਾ ਦੀ ਵਾਰ’ ਵਿਚ ਇਸ ਬਾਰੇ ਇਕ ਪੂਰਾ ਸ਼ਲੋਕ ਮਿਲਦਾ ਹੈ:

                   “ਭੈ ਵਿਚਿ ਪਵਣੁ ਵਹੈ ਸਦਵਾਉ।

                   ਭੈ ਵਿਚਿ ਚਲਹਿ ਲਖ ਦਰੀਆਉੇ।

                   ਭੈ ਵਿਚਿ ਅਗਨਿ ਕਢੈ ਵੇਗਾਰਿ।

                   ਭੈ ਵਿਚ ਧਰਤੀ ਦਬੀ ਭਾਰਿ।

                   ਭੈ ਵਿਚਿ ਇੰਦੁ ਫਿਰੈ ਸਿਰ ਭਾਰ।

                   ਭੈ ਵਿਚਿ ਰਾਜਾ ਧਰਮ ਦੁਆਰ।

                   ਭੈ ਵਿਚਿ ਸੂਰਜੁ ਭੈ ਵਿਚਿ ਚੰਦੁ।

                   ਕੋਹ ਕਰੋੜੀ ਚਲਤ ਨ ਅੰਤੁ।......”

          ਉਪਨਿਸ਼ਦਾਂ ਵਿਚ ਬ੍ਰਹਮ-ਵਿੱਦਿਆ ਹੈ ਅਤੇ ਗੁਰੂ ਜੀ ਦੀਆਂ ਰਚਨਾਵਾਂ ਵਿਚ ਬ੍ਰਹਮ-ਗਿਆਨ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ‘ਆਸਾ ਦੀ ਵਾਰ’ ਵਿਚ ਬ੍ਰਹਮ ਲਈ ਨਿਰੰਕਾਰ, ਕਾਦਰ, ਨਿਰਭਉ, ਸੱਚ, ਕਰਤਾ, ਵੱਡਾ, ਕਰੀਮ ਆਦਿਕ ਸ਼ਬਦਾਂ ਦੀ ਵਰਤੋਂ ਮਿਲਦੀ ਹੈ। ਕਾਦਰ ਦੀ ਕੁਦਰਤ ਦਾ ਅੰਤ ਨਹੀਂ, ਉਹ ਆਪ ਸੱਚਾ ਹੈ ਅਤੇ ਉਸ ਦਾ ਜਗਤ ਵੀ ਸੱਚ ਹੈ। ਇਹ ਨਿਰਾ ਭਰਮ ਨਹੀਂ। ਜਗਤ ਨਾਸ਼ਮਾਨ ਤੇ ਥੋੜ੍ਹ-ਚਿਰਾ ਹੈ, ਇਸ ਲਈ ਰਚਨਾ ਦੀ ਥਾਂ ਰਚਣਹਾਰ ਨਾਲ ਪਿਆਰ ਕੀਤਾ ਜਾਵੇ ਕਿਉਂ ਜੋ ਉਹ ਸਦੀਵੀਂ ਹੋਂਦ ਵਾਲਾ ਹੈ ਪਰ ਉਸ ਦਾ ਗਿਆਨ ਗੁਰੂ ਤੋਂ ਮਿਲਦਾ ਹੈ। ‘ਗੁਰੂ’ ਸ਼ਬਦ ਅਥਵਾ ਨਾਮ ਦਾ ਜਾਪ ਕਰ ਕੇ ਅਸੀਂ ਹਉਮੈ ਦੀ ਕੰਧ ਨੂੰ ਤੋੜ ਸਕਦੇ ਹਾਂ ਅਤੇ ਸਾਨੂੰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚੀ ਜੀਵਨ ਜੁਗਤੀ ਹੀ ਇਹੋ ਹੈ ਕਿ ਸਰੀਰ ਰੂਪੀ ਧਰਤੀ ਨੂੰ ਸਾਧ ਕੇ ਇਹਦੇ ਵਿਚ ਕਰਤਾ ਦੇ ਨਾਮ ਦਾ ਬੀਜ ਪਾਇਆ ਜਾਏ।

          ‘ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ’ ਕਹਿ ਕੇ ਗੁਰੂ ਜੀ ਨੇ ਸਾਂਖ ਦੇ ‘ਦਵੈਤ-ਵਾਦ’ ਦਾ ਖੰਡਨ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਪੁਰਸ਼ ਤੇ ਪ੍ਰਕਿਰਤੀ ਅਨਾਦੀ ਨਹੀਂ। ਪ੍ਰਕਿਰਤੀ ਦਾ ਰਚਣਹਾਰ ਕਾਦਰ ਆਪ ਹੈ। ਇਸ ਪ੍ਰਕਿਰਤੀ ਵਿਚ ਵਿਚਰਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੀ ਹੈ। ਲੇਖਾ ਲਿਖਣ ਵਾਲਾ ਅਤੇ ਬਖ਼ਸ਼ਸ਼ ਕਰਨ ਵਾਲ ਵੀ ਉਹ ਆਪ ਹੀ ਹੈ। ਸਭ ਸ਼ਕਤੀ ਉਸੇ ਦੀ ਹੀ ਹੈ। ਸਭ ਜੀਵ ਉਸੇ ਦੇ ਹੁਕਮ ਅੰਦਰ ਕਿਰਤ ਵਿਚ ਬੱਧੇ ਹੋਏ ਹਨ। ਉਹ ‘ਤਾਕੋ ਤਾਕ’ ਵਰਤਦਾ ਹੈ। ਉਸ ਦੇ ਚਲਾਏ ਨਿਯਮ ਅਟੱਲ ਹਨ। ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਨਿਰਮਤਾ ਸਭ ਤੋਂ ਵੱਡਾ ਗੁਣ ਹੈ: “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।” ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ।” ਨਿਮਰਤਾ ਹਊਮੈ ਨੂੰ ਦੂਰ ਕਰਦੀ ਹੈ – ਰਾਜੇ ਨੂੰ ਪਰਜਾ ਦਾ ਸੇਵਕ ਬਣਾਉਂਦੀ ਹੈ, ਧਾਰਮਿਕ ਆਗੂ ਨੂੰ ਅਸਲੀ ਗਿਆਨ ਦੇ ਪ੍ਰਚਾਰ ਲਈ ਪ੍ਰੇਰਦੀ ਹੈ। ਸਮਾਜ ਵਿਚ ਬਰਾਬਰੀ ਦੇ ਭਾਵ ਨੂੰ ਜਗਾਉਂਦੀ ਹੈ, ਬ੍ਰਾਹਮਣ ਤੇ ਸ਼ੂਦਰ ਦਾ ਵਿਤਕਰਾ ਮਿਟ ਜਾਂਦਾ ਹੈ ਅਤੇ ਇਸਤਰੀ ਨੂੰ ਮਰਦ ਦੇ ਨਾਲ ਬਰਾਬਰ ਦੇ ਹੱਕ ਪ੍ਰਾਪਤ ਹੁੰਦੇ ਹਨ। ਮੰਦਾ ਕਰਨ ਜਾਂ ਮੰਦਾ ਚਿਤਵਣ ਦਾ ਆਧਾਰ ‘ਹਉਮੈ’ ਹੈ ਜੋ ਸਾਨੂੰ ਰੱਬ ਤੋਂ ਦੂਰ ਲੈ ਜਾਂਦੀ ਹੈ। ਕਿਸੇ ਜੀਵ ਨਾਲ ਫਿੱਕਾ ਨਾ ਬੋਲੇ, ਨਾ ਕਿਸੇ ਨੂੰ ਮੰਦਾ ਆਖੋ। ਇਸਤਰੀ ਜਾਤੀ ਨੂੰ ਮੰਦਾ ਕਹਿਣਾ ਤਾਂ ਬਹੁਤ ਹੀ ਬੁਰਾ ਹੈ : “ਸੋ ਕਿਉਂ ਮੰਦਾ ਆਾਖੀਐ ਜਿਤ ਜੰਮਹਿ ਰਾਜਾਨ।”

          ‘ਆਸਾ ਦੀ ਵਾਰ’ ਵਿਚ ਇਹੋ ਜਿਹੀਆਂ ਕਈ ਅਟੱਲ ਸਚਾਈਆਂ ਤੇ ਉਪਦੇਸ਼ ਦਰਜ ਹਨ।

  


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਸਾ ਦੀ ਵਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਸਾ ਦੀ ਵਾਰ :  ਸਿੱਖ ਧਰਮ ਅਸਥਾਨਾਂ ਵਿਚ ਹਰ ਰੋਜ਼ ਅੰਮ੍ਰਿਤ ਵੇਲੇ ਗਾਈ ਜਾਣ ਵਾਲੀ ਇਹ ਬਾਣੀ ਸ੍ਰੀ ਗੁਰ ਨਾਨਕ ਦੇਵ ਜੀ ਦੀ ਰਚਨਾ ਹੈ ਜਿਸ ਵਿਚ ਕੁਝ ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ।

        'ਵਾਰ' ਇਕ ਅਜਿਹੀ ਰਚਨਾ ਹੁੰਦੀ ਹੈ ਜਿਹੜੀ ਮਰਾਸੀ, ਡੂੰਮ ਜਾਂ ਢਾਡੀ, ਰਾਜੇ ਮਹਾਰਾਜਿਆਂ ਦੀ ਸਿਫ਼ਤ ਵਿਚ ਗਾਇਆ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਆਪ ਨੁੰ ਪ੍ਰਭੂ ਦਾ ਢਾਡੀ ਦੱਸਿਆ ਹੈ ਅਤੇ ਉਸ ਦੀ ਉਪਮਾ ਵਿਚ ਉਸ ਦੇ ਗੁਣਾਂ ਦਾ ਗਾਇਨ ਆਸਾ ਦੀ ਵਾਰ ਵਿਚ ਕੀਤਾ ਹੈ। ਗੁਰੂ ਜੀ ਦੀਆਂ ਰਚੀਆਂ ਦੇ ਹੋਰ ਵਾਰਾਂ ਮਾਝ ਅਤੇ ਮਲਾਰ ਰਾਗ ਵਿਚ ਵੀ ਮਿਲਦੀਆਂ ਹਨ। ਆਸਾ ਦੀ ਵਾਰ ਦੀਆਂ 24 ਪਉੜੀਆਂ ਹਨ।ਹਰ ਪਉੜੀ ਤੋਂ ਪਹਿਲਾਂ ਦੋ ਜਾਂ ਵਧੀਕ ਸਲੋਕ ਹਨ।ਪਉੜੀ ਨਾਲ ਸਲੋਕ ਲਾਉਣ ਦੀ ਪ੍ਰਥਾ ਵੀ ਇਸੇ ਵਾਰ ਤੋਂ ਸ਼ੁਰੂ ਹੋਈ ਜਾਪਦੀ ਹੈ। ਇਸ ਵਾਰ ਵਿਚ ਵਰਤਿਆ ਪਉੜੀ ਰੂਪ 13,16 ਮਾਤਰਾ ਦਾ ਹੈ ਜਿਹੜਾ ਮਗਰੋਂ ਸੱਤੇ ਬਲਵੰਡ ਦੀ ਵਾਰ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵਰਤਿਆ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪਉੜੀ ਰੂਪ 13,10 ਮਾਤਰਾ ਦਾ ਸੀ ਜਿਸ ਨੂੰ ਨਿਸ਼ਾਨੀ ਛੰਦ ਵੀ ਕਿਹਾ ਜਾਂਦਾ ਹੈ।

        ਇਸ ਵਾਰ ਵਿਚ ਗੁਰੂ ਜੀ ਦੇ ਸਮਕਾਲੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਦੀਆਂ ਕੁਰੀਤੀਆਂ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਦੇ ਭੈੜਾਂ ਨੂੰ ਨੰਗਿਆਂ ਕਰ ਕੇ ਉਨ੍ਹਾਂ ਦੇ ਮਤ ਦਾ ਖੰਡਨ ਕੀਤਾ ਹੈ ਅਤੇ ਇਕ ਨਰੋਏ ਸਮਾਜ ਦੀ ਉਸਾਰੀ ਲਈ ਪ੍ਰੇਰਿਆ ਹੈ। ਇਸ ਵਾਰ ਵਿਚ ਦਾਰਸ਼ਨਿਕ ਅਤੇ ਧਾਰਮਿਕ ਵਿਚਾਰ ਉਹੀ ਹਨ ਜੋ ਗੁਰੂ ਸਾਹਿਬ ਦੀਆਂ ਹੋਰ ਬਾਣੀਆਂ ਵਿਚ ਦਿੱਤੇ ਹੋਏ ਹਨ। ਰਸਮਾਂ ਤੇ ਕਰਮਾਂ ਕਾਂਡਾਂ ਬਾਰੇ, ਰਾਜਸੀ ਤੇ ਸਭਿਆਚਾਰਕ ਅਧੋਗਤੀ ਬਾਰੇ, ਝੂਠ ਅਤੇ ਸੱਚ ਦੇ ਨਿਖੇੜ ਬਾਰੇ ਵਿਚਾਰ ਬਹੁਤ ਦ੍ਰਿੜ੍ਹਤਾ ਨਾਲ ਪੇਸ਼ ਹੋਏ ਹਨ –

        ਜਨੇਊ (ਤਗੁ) ਦਾ ਰੂਪ ਦਸਦਿਆਂ ਆਪ ਫੁਰਮਾਉਂਦੇ ਹਨ:

        ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟ      ǁ

        ਏਹ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ    ǁ

        ਉਹ ਜਨੇਊ ਹੀ ਕੀ ਹੋਇਆ ਜਿਹੜਾ ਮੌਤ ਨਾਲ ਨਾਸ਼ ਹੋ ਜਾਏ:–

        ਓਹੁ ਮੁਆ ਓਹੁ ਝੜਿ ਪਾਇਆ ਵੇਤਗਾ ਗਾਇਆ       ǁ

        ਜਨੇਊ ਜੇਕਰ ਬੁਰਾ ਕਰਨ ਤੋਂ ਨਹੀਂ ਰੋਕਦਾ ਤਾਂ ਉਹ ਵਿਅਰਥ ਹੈ :–

        ਲਖ ਚੋਰੀਆ ਲਖ ਜਾਰੀਆ ਲਖ ਕੂੜੀਆਂ ਲਖ ਗਾਲਿ ǁ

        ਲਖ ਠਗੀਆ ਪਹਿਨਾਮੀਆ ਰਾਤਿ ਦਿਨਸ ਜੀਅ ਨਾਲਿ        ǁ

        ਸਚਾ ਜਨੇਊ ਤਾਂ ਮੌਤ ਮਗਰੋਂ ਵੀ ਨਹੀਂ ਉਤਰਦਾ ਅਤੇ ਨਾਲ ਰਹਿੰਦਾ ਹੈ :

        ਨਾਇ ਮੰਨਿਐ ਪਤਿ ਉਪਜੈ ਸਾਲਾਹੀ ਸਚੁ ਸੂਤ                 ǁ

        ਦਰਗਹਿ ਅੰਦਰਿ ਪਾਈਐ ਤਗੁ ਨ ਤੂਟੀਸ ਪੂਤ                ǁ

        ਸਮਕਾਲੀਨ ਰਾਜਸੀ, ਸਮਾਜਿਕ, ਸਦਾਚਾਰਕ ਅਤੇ ਸਭਿਆਚਾਰਕ ਅਧੋਗਤੀ ਦਾ ਆਪ ਨੇ ਜ਼ੋਰਦਾਰ ਲਹਿਜੇ ਵਿਚ ਵਰਣਨ ਕੀਤਾ ਹੈ:–

        ਗਊ ਬਿਰਾਹਮਣ ਕਉ ਕਰੁ ਲਾਵਹੁ

        ਗੋਬਰਿ ਤਰਣੁ ਨ ਜਾਈ ǁ

        ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾ ਖਾਈ ǁ

        ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ  ǁ

          ਛੋਡੀਲੇ ਪਾਖੰਡਾ  ǁ  ਨਾਮਿ ਲਇਐ ਜਾਹਿ ਤਰੰਦਾ      ǁ

        .............

        ਕਹੁ ਨਾਨਕ ਸਚੁ ਧਿਆਈਐ   ǁ

        ਸੁਚਿ ਹੋਵੈ ਤਾ ਸਚੁ ਪਾਈਐ    ǁ

        ਉਪਰੋਕਤ ਸਲੌਕ ਵਿਚ ਸਭਿਆਚਾਰਕ ਗਿਰਾਵਟ ਦੇ ਸਾਰੇ ਚਿੰਨ੍ਹ ਦੱਸੇ ਹਨ– ਆਪਣੀਆਂ ਧਰਮ ਪੁਸਤਕਾਂ ਦਾ ਮਾਣ ਘਟ ਜਾਣਾ, ਡਰ ਕਰ ਕੇ ਪਾਖੰਡ ਕਰਨਾ, ਮਨੁੱਖ  ਦਾ ਮਨੁੱਖ ਨਾਲ ਧੱਕਾ ਕਰਨਾ, ਹਾਕਮਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਤਰ੍ਹਾਂ ਦੇ ਕੱਪੜੇ ਪਾਉਣੇ, ਉਨ੍ਹਾਂ ਦੇ ਤਰੀਕਿਆਂ ਅਨੁਸਾਰ ਖਾਣ ਪੀਣ ਦੇ ਢੰਗ ਧਾਰਨ ਕਰਨੇ, ਆਪਣੀ ਬੌਲੀ ਛੱਡ ਕੇ ਹਾਕਮਾਂ ਦੀ ਬੋਲੀ ਬੋਲਣੀ; ਇਹ ਸਾਰੇ ਸਦਾਚਾਰਕ ਅਤੇ ਸਭਿਆਚਾਰਕ ਗਿਰਾਵਟ ਦੇ ਚਿੰਨ੍ਹ ਹਨ।

        ਰਾਜਿਆਂ ਦੇ ਲੋਭ; ਪਰਜਾ ਦੀ ਆਗਿਆਨਤਾ ਅਤੇ ਧਾਰਮਿਕ ਆਗੂਆਂ ਦੇ ਪਤਨ ਨੂੰ ਪੇਸ਼ ਕਰਦੇ ਹੋਏ ਗੁਰੂ ਜੀ ਫਰਮਾਉਂਦੇ ਹਨ:

                        ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ǁ

                        ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ     ǁ

                        ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ǁ

                        ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ǁ

                        ਉਚੈ ਕੂਕਹਿ ਵਾਦਾ  ਗਾਵਹਿ ਜੋਧਾ ਕਾ ਵੀਚਾਰੁ       ǁ

                        ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੇ ਕਰਹਿ ਪਿਆਰ ǁ

                        ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖੁ ਦੁਆਰ ǁ

                        ਜਤੀ ਸਦਾਵਹਿ ਜਗਤਿ ਨ ਜਾਣਹਿ

                        ਛਡਿ ਬਹਹਿ ਘਰ ਬਾਰੁ ǁ

        ਇਸ ਤਰ੍ਹਾਂ ਆਸਾ ਦੀ ਵਾਰ ਪੂਰੀ ਤਰ੍ਹਾਂ ਸਮਕਾਲੀਨ ਇਤਿਹਾਸ ਹੈ। ਇਸ ਵਿਚ ਸਮਕਾਲੀਨ ਸਮਾਜ ਦਾ ਚਿਤਰਨ ਬੜੀ ਸੂਝ ਬੂਝ ਤੇ ਬਰੀਕੀ ਨਾਲ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਥਾਂ ਥਾਂ ਤੇ ਉਤਮ ਧਰਮ  ਦੇ ਸਿਧਾਂਤ ਪੇਸ਼ ਕੀਤੇ ਹੋਏ ਹਨ :–

                1. ਨਾਨਕ ਜਿਨ ਮਨਿ  ਭਉ ਤਿਨਾ ਮਨਿ ਭਾਉ        ǁ

                2. ਨਾਨਕ ਸਚੈ ਨਾਮ ਬਿਨੁ ਕਿਆ ਟਿਕਾ ਕਿਆ ਤਗੁ ǁ

                3. ਨਾਨਕ ਲੇਖੈ ਇਕ ਗਲ ਹੋਰੁ ਹਊਮੈ ਝਖਣਾ ਝਾਖ ǁ

                4. ਨਾਨਕ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ।

                5. ਸਚ ਸਭਨਾ ਹੋਇ ਦਾਰੂ ਪਾਪ ਕਢੇ ਧੋਇ ǁ

                6. ਸੀਸ ਨਿਵਾਈਐ ਕਿਆ ਥੀਐ ਜਾ ਰਿਦੈ ਕਸੁਧੇ ਜਾਹਿ ǁ

                7. ਛੋਡੀਲੇ ਪਾਖੰਡਾ ǁ ਨਾਮਿ ਲਇਐ ਜਾਹਿ ਤਰੰਦਾ ǁ

        ਦੁਨੀਆਂ ਵਿਚ ਚੰਗਾ ਤੇ ਸਫ਼ਲ ਜੀਵਨ ਜਿਉਣ ਲਈ ਗੁਰ ਜੀ ਨੇ ਬੁਨਿਆਦੀ ਸਿਧਾਂਤ ਦੱਸੇ ਹਨ :–

                1. ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ ǁ

                2. ਕਰਿ ਪੁੰਨਹੁ ਨੀਚੁ ਸਦਾਈਐ ǁ

                3. ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ǁ

                ਸੰਸਾਰ ਦੀ ਨਾਸ਼ਮਾਨਤਾ ਬਾਰੇ ਗੁਰੂ ਜੀ ਫੁਰਮਾਉਂਦੇ ਹਨ :–

                ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰ ǁ

                ਕੂੜੁ ਮੰਡਪੁ ਕੂੜੁ ਮਾੜੀ ਕੂੜੁ ਬੈਸਣਹਾਰੁ ǁ

                ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰ ǁ

        ............................................................................

        ...........................................................................

        ਕਿਸ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ǁ

        ਇਸ ਸਲੋਕ ਦੀ ਆਖ਼ਰੀ ਤੁਕ ਵਿਚ ਸਿਧਾਂਤ ਬਿਆਨ ਕਰਦੇ ਹਨ :–

        ਨਾਨਕ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ǁ

        'ਹਉਮੈ' ਇਕ ਅਜਿਹੀ ਬੁਨਿਆਦੀ ਚੀਜ਼ ਹੈ ਜੋ ਸਾਰੇ ਦੁੱਖਾਂ ਦਾ ਅਤੇ ਜਨਮ ਮਰਨ ਦੇ ਚੱਕਰ ਦਾ ਮੂਲ ਹੈ। ਆਸਾ ਦੀ ਵਾਰ ਹਉਮੈ ਦੇ ਵਿਸ਼ੇ ਤੇ ਇਕ ਖੋਜ ਪੱਤਰ ਹੈ

        ਹਉ ਵਿਚਿ ਆਇਆ ਹਉ ਵਿਚਿ ਗਇਆ ǁ

        ਹਉ ਵਿਚਿ ਜੰਮਿਆ ਹਉ ਵਿਚਿ ਮੁਆ ǁ

        ਹਉ ਵਿਚਿ ਦਿਤਾ ਹਉ ਵਿਚਿ ਲਇਆ ǁ

        ਹਉ ਵਿਚਿ ਖਟਿਆ ਹਉ ਵਿਚਿ ਗਾਇਆ ǁ

        ................................................

        ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ǁ

        ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ǁ

        ਹਉਮੈ ਕਿਥਹੁ ਊਪਜੈ ਕਿਤਿ ਸੰਜਮਿ ਇਹ ਜਾਹਿ ǁ

        ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹਿ ǁ

        ਕਿਰਪਾ ਕਰਹਿ ਜੇ ਆਪਣੀ ਤ ਗੁਰੂ ਕਾ ਸਬਦ ਕਮਾਹਿ ǁ

        ਨਾਨਕ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ǁ

        ਇਸ ਵਾਰ ਵਿਚ ਰੱਬੀ ਨਿਆਂ ਦੇ ਸਿਧਾਂਤ ਉੱਤੇ ਵੀ ਰੌਸ਼ਨੀ ਪਾਈ ਗਈ ਹੈ। ਮੌਤ ਤੇ ਮੌਤ ਤੋਂ ਮਗਰੋਂ ਕਰਮਾਂ ਦਾ ਨਿਰਣਾ ਅਵੱਸ਼ ਹੈ। ਚੰਗੇ ਕਰਮਾਂ ਨੂੰ ਦਰਗਾਹ ਵਿਚ ਸਤਿਕਾਰ ਅਤੇ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਹੈ :–

                1. ਨਾਨਕ ਜੀਅ ਉਪਾਇ ਕੈ

                        ਲਿਖਿ ਨਾਵੈ ਧਰਮੁ ਬਹਾਲਿਆ ǁ

                             ਓਥੇ ਸਚੇ ਹੀ ਸਚਿ ਨਿਬੜੈ

                        ਚੁਣ ਵਖਿ ਕਢੇ ਜਜਮਾਲਿਆ ǁ

        2. ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ǁ

        3.ਦਰਿ ਲਏ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ ǁ

        4. ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ǁ

        5. ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ǁ

        ਇਸ ਵਾਰ ਵਿਚ ਕੁਦਰਤ ਦੀ ਅਸਲੀਅਤ (ਸੱਚ) ਸੁੰਦਰਤਾ (ਵਿਸਮਾਦ) ਸਮੱਰਥਾ ਜਾਂ ਸ਼ਕਤੀ (ਕੁਦਰਤ) ਅਤੇ ਪ੍ਰਬੰਧ (ਭੈ) ਦੇ ਪੱਖ ਬਰੀਕੀ ਨਾਲ ਉਜਾਗਰ ਕੀਤੇ ਗਏ ਹਨ :–

                ਸਚੇ ਤੇਰੇ ਖੰਡ ਸਚੇ ਬ੍ਰਹਿਮੰਡ ǁ

                ਸਚੇ ਤੇਰੇ ਲੋਅ ਸਚੇ ਆਕਾਰ ǁ

        ਕੁਦਰਤ ਸੁੰਦਰ ਹੈ ਇਸ ਲਈ ਵਿਸਮਾਦ (ਹੈਰਾਨੀ) ਉਤਪੰਨ ਕਰਦੀ ਹੈ। ਇਹ ਸੁੰਦਰਤਾ ਵੀ ਪਰਮਾਤਮਾ ਦਾ ਆਪਣਾ ਆਪਾ ਹੈ :–

        ਵਿਸਮਾਦੁ ਨਾਦੁ ਵਿਸਮਾਦ ਵੇਦ ǁ

        ਵਿਸਮਾਦੁ ਜੀਅ ਵਿਸਮਾਦੁ ਭੇਦੂ ǁ

        ਕੁਦਰਤ ਦੇ ਬੇਅੰਤ ਪੱਖ ਹਨ ਜਿਨ੍ਹਾ ਨੂੰ 'ਵਿਸਮਾਦੁ' ਦੇ ਸਲੋਕ ਵਿਚ ਦਰਸਾਇਆ ਗਿਆ ਹੈ ਪਰ ਕੁਦਰਤ ਕੀ ਹੈ ਅਤੇ ਉਸ ਦੀ ਸਮੱਰਥਾ ਕਿੰਨੀ ਹੈ ? ਇਸ ਦਾ ਉਤਰ ਇਸ ਸਲੋਕ ਵਿਚ ਦਿੱਤਾ ਹੈ :–

        ਕੁਦਰਤਿ ਦਿਸੈ ਕੁਦਰਤਿ ਸੁਣੀਐ

        ਕੁਦਰਤਿ ਭਉ ਸੁਖ ਸਾਰੁ ǁ

        ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ǁ

        ਇਹ ਸਾਰਾ ਬ੍ਰਹਿਮੰਡ ਕਿਸੇ ਪ੍ਰਬੰਧ ਤੇ ਹੁਕਮ ਵਿਚ ਚਲ ਰਿਹਾ ਹੈ : –

        ਭੈ ਵਿਚ ਪਵਣੁ ਵਹੈ ਸਦ ਵਾਉ ǁ

        ਭੈ ਵਿਚ ਚਲਹਿ ਲਖ ਦਰੀਆਉ ǁ

        ਭੈ ਵਿਚ ਅਗਨਿ ਕਢੈ ਵੇਗਾਰਿ ǁ

        ਭੈ ਵਿਚ ਧਰਤੀ ਦਬੀ ਭਾਰਿ ǁ

        ਆਸਾ ਦੀ ਵਾਰ ਵਿਚ ਗਿਆਨ ਦੀ ਪ੍ਰਾਪਤੀ ਉੱਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਅਗਿਆਨਤਾ ਵਿਚ ਜਨਮ ਨਾਸ਼ ਹੋ ਰਿਹਾ ਹੈ :–

        ਮਨਿ ਅੰਧੇ ਜਨਮ ਗਵਾਇਆ ।

        'ਸਚ' ਨੂੰ ਬੁਝਣਾ ਜਾਂ ਪਛਾਣਨਾ ਹੀ ਸਹੀ ਗਿਆਨ ਹੈ ਪਰ ਗਿਆਨ ਦੀ ਪ੍ਰਾਪਤੀ ਪ੍ਰਭੂ ਦੀ ਮਿਹਰ ਦੁਆਰਾ ਹੁੰਦੀ ਹੈ: –

        ਗਿਆਨ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ǁ

        ਕਰਮਿ ਮਿਲੈ ਤ ਪਾਈਐ ਹੋਰ ਹਿਕਮਤਿ ਹੁਕਮ ਖੁਆਰ ǁ

                        ਅਥਾਵਾ

        ਗਿਆਨ ਕਾ ਬਧਾ ਮਨੁ ਰਹੈ

        ਗੁਰ ਬਿਨੁ ਗਿਆਨ ਨ ਹੋਇ ǁ

        ਉਸ ਸਮੇਂ ਇਸਤਰੀਆਂ ਦੀ ਹੋ ਰਹੀ ਦੁਰਦਸ਼ਾ ਨੂੰ ਵੇਖ ਕੇ ਗੁਰੂ ਜੀ ਨੇ ਇਸ ਵਿਰੁਧ ਜ਼ੋਰਦਾਰ ਆਵਾਜ ਉਠਾਈ ਤੇ ਕਿਹਾ :–

        ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ǁ

        ਆਸਾ ਦੀ ਵਾਰ ਵਿਚ ਸਲੋਕਾਂ ਦੀ ਤਾਸੀਰ ਗਰਮ ਹੈ ਅਤੇ ਪਉੜੀਆਂ ਵਿਚ ਅਨੋਖਾ ਅੰਮ੍ਰਿਤਮਈ ਸ਼ਾਂਤ ਵਾਯੂਮੰਡਲ ਹੈ ਜੋ ਆਸਾ ਰਾਗ ਵਿਚ ਠੰਢੇ ਪ੍ਰਭਾਵ ਦਾ ਸੂਚਕ ਹੈ। ਇਹ ਵਾਰ ਸਮਾਜਿਕ ਚੇਤਨਤਾ, ਭਗਤੀ ਭਾਵ, ਉਚੇ ਆਚਰਣਕ ਜੀਵਨ ਅਤੇ ਰਬੀ ਨਿਆ ਦੇ ਸਰਬ ਵਿਆਪੀ ਅਸੂਲਾ ਦਾ ਸਮੁੱਚੇ ਰੂਪ ਵਿਚ ਨਿਰਣਾ ਕਰਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-25-06, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਸਾ. ਕੋ; ਅੰਮ੍ਰਿਤ ਕੀਰਤਨ; ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਨੇਮ ਤੇ ਪ੍ਰੇਮ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.