ਇੰਤਕਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇੰਤਕਾਲ (ਨਾਂ,ਪੁ) ਮਾਲ ਮਹਿਕਮੇ ਦੇ ਰਿਕਾਰਡ ਵਿੱਚ ਭੋਂਏਂ ਦੀ ਮਾਲਕੀ ਦਾ ਇੱਕ ਤੋਂ ਦੂਜੇ ਦੇ ਅਧਿਕਾਰ ਵਿੱਚ ਕੀਤਾ ਜਾਣ ਵਾਲਾ ਇੰਦਰਾਜ; ਪਰਲੋਕ ਸਿਧਾਰ ਜਾਣ ਦਾ ਭਾਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਇੰਤਕਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇੰਤਕਾਲ [ਨਾਂਪੁ] ਇੱਕ ਥਾਂ ਤੋਂ ਦੂਜੀ ਥਾਂ ਚਲੇ ਜਾਣ ਦਾ ਭਾਵ; ਪਰਲੋਕ ਸਿਧਾਰਨ ਦਾ ਭਾਵ; ਜ਼ਮੀਨ-ਜਾਇਦਾਦ ਦਾ ਦੂਸਰੇ ਦੇ ਨਾਂ ਪੱਕਾ ਤਬਾਦਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇੰਤਕਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Alienation_ਇੰਤਕਾਲ: ਸੰਪਤੀ ਅਤੇ ਭੋਂ ਅਤੇ ਮਕਾਨ ਦੇ ਕਬਜ਼ੇ ਦੀ ਇਕ ਵਿਅਕਤੀ ਤੋਂ ਦੂਜੇ ਨੂੰ ਬਦਲੀ। ਇਹ ਸ਼ਬਦ ਆਮ ਤੌਰ ਤੇ ਜ਼ਮੀਨ ਜਾਇਦਾਦ ਦੇ ਬੈ ਕਰਨ ਬਾਰੇ ਵਰਤਿਆ ਜਾਂਦਾ ਹੈ। ਬੈ ਕਰਨ ਦਾ ਅਰਥ ਵੀ ਮੁਕੰਮਲ ਰੂਪ ਵਿਚ ਵਿਕਰੀ ਕਰਨਾ ਅਤੇ ਕਬਜ਼ਾ ਦੇਣਾ ਹੈ। ਇੰਤਕਾਲ ਵਿਚ ਹਿਬਾ ਵੀ ਸ਼ਾਮਲ ਹੈ, ਪਰ ਇਹ ਤਦ ਜੇ ਉਹ ਵਸੀਅਤ ਦੁਆਰਾ ਉਸ ਸੰਪਤੀ ਨੂੰ ਕਿਸੇ ਹੋਰ ਦੀ ਬਣਾ ਦੇਣ ਦਾ ਅਸਰ ਰੱਖਦਾ ਹੋਵੇ। ਪਰ ਜੇ ਵਸੀਅਤ ਦਾ ਪ੍ਰਭਾਵ ਕੇਵਲ ਜੀਵਨ-ਸੰਪਤੀ ਅਤੇ ਨਿਬੇੜਾ ਕਰਨ ਦਾ ਇਖ਼ਤਿਆਰ ਦਿੰਦੀ ਹੋਵੇ ਤਾਂ ਉਹ ਇੰਤਕਾਲ ਵਿਚ ਸ਼ਾਮਲ ਨਹੀਂ। ਇੰਤਕਾਲ ਦਾ ਮਤਲਬ ਜਾਇਦਾਦ ਦੀ ਮਾਲਕੀ ਬਦਲਣ ਦਾ ਹੈ। ਇਸ ਵਿਚ ਪੱਟਾ ਦੇਣਾ ਸ਼ਾਮਲ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਇੰਤਕਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Transfer_ਇੰਤਕਾਲ: ਨਰਨ ਦਾਸ ਕਰਸਨ ਦਾਸ ਬਨਾਮ ਐਸ.ਏ. ਕਮਤਮ (ਏ ਆਈ ਆਰ 1977 ਐਸ ਸੀ 774) ਵਿਚ ਕਿਹਾ ਗਿਆ ਹੈ ਕਿ, ‘‘ਭਾਰਤ ਵਿਚ ਇੰਤਕਾਲ (transfer) ਸ਼ਬਦ ਦੀ ਪਰਿਭਾਸ਼ਾ ‘ਹੱਥ- ਬਦਲੀ ਕਰਨ’ (convey) ਦੇ ਹਵਾਲੇ ਨਾਲ ਕੀਤੀ ਗਈ ਹੈ। ਅੰਗਰੇਜ਼ੀ ਕਾਨੂੰਨ ਵਿਚ ਇੰਤਕਾਲ ਸ਼ਬਦ ਵਿਚ ਸੰਕੁਚਿਤ ਅਤੇ ਆਮ ਭਾਵ ਵਿਚ ਜ਼ਮੀਨ ਵਿਚ ਸੰਪਦਾ (estate) ਦੇ ਇੰਤਕਾਲ ਪ੍ਰਤੀ ਹਵਾਲਾ ਦਿੱਤਾ ਜਾਂਦਾ ਹੈ। ਸੰਪਤੀ ਇੰਤਕਾਲ ਐਕਟ, 1882 ਦੀ ਧਾਰਾ 5 ਵਿਚ ਵਾਕੰਸ਼ਹੱਥ ਬਦਲੀ ਕਰਦਾ ਹੈ’, ਦੀ ਵਰਤੋਂ ਮਾਲਕੀ ਦੀ ਹੱਥ ਬਦਲੀ ਦੇ ਵਿਸ਼ਾਲ ਅਰਥਾਂ ਵਿਚ ਕੀਤੀ ਗਈ ਹੈ।’’

       ਇਸੇ ਤਰ੍ਹਾਂ ਅਰਲ ਜੋਵਿਟ ਨੇ ‘ਦ ਡਿਕਸ਼ਨਰੀ ਆਫ਼ ਇੰਗਲਿਸ਼ ਲਾ ’ ਵਿਚ ਕਿਹਾ ਹੈ, ‘‘ਸੰਪਤੀ ਦੇ ਕਾਨੂੰਨ ਵਿਚ ਸ਼ਬਦ ਇੰਤਕਾਲ ਉੱਥੇ ਵਰਤਿਆ ਜਾਂਦਾ ਹੈ, ਜਿਥੇ, ਜਾਂ ਤਾਂ (1) ਇੰਤਕਾਲ-ਕਾਰ ਦੁਆਰਾ ਕੀਤੇ ਕਿਸੇ ਕੰਮ ਦੁਆਰਾ ਉਸ ਇਰਾਦੇ ਨਾਲ, ਜਿਵੇਂ ਕਿ ਵਿਕਰੀ ਦੁਆਰਾ; ਜਾਂ (2) ਕਾਨੂੰਨ ਦੇ ਅਮਲ ਦੁਆਰਾ, ਜਿਵੇਂ ਕਿ ਜ਼ਬਤੀ , ਦੀਵਾਲੇ, ਉਤਰਣ (descent) ਜਾਂ ਨਿਰਵਸੀਅਤੀ ਦੁਆਰਾ, ਸੰਪਤੀ ਵਿਚਲਾ ਕੋਈ ਅਧਿਕਾਰ ਇਕ ਵਿਅਕਤੀ ਤੋਂ ਦੂਜੇ ਨੂੰ ਮਿਲਦਾ ਹੈ।

       ਕੁਮਾਰੀ ਸੋਨੀਆ ਭਾਟੀਆ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1981 ਐਸ ਸੀ 1274) ਵਿਚ ਅਦਾਲਤ ਨੇ ਕਿਹਾ ਹੈ, ‘‘ਸਪਸ਼ਟ ਹੈ ਕਿ ਸ਼ਬਦ ‘ਇੰਤਕਾਲ’ ਸੰਪਤੀ ਇੰਤਕਾਲ ਐਕਟ ਵਿਚ, ਜੋ ਚੁੱਕਵੀਂ ਅਤੇ ਅਚੁੱਕਵੀਂ ਸੰਪਤੀ ਦੇ ਸਭ ਇੰਤਕਾਲਾਂ ਨੂੰ ਸ਼ਾਸਤ ਕਰਦਾ ਹੈ, ਯਥਾਪਰਿਭਾਸ਼ਤ ਆਮ ਭਾਵ ਵਿਚ ਵਰਤਿਆ ਗਿਆ ਹੈ। ਦੂਜੇ ਸ਼ਬਦਾਂ ਵਿਚ ‘ਇੰਤਕਾਲ’ ਸ਼ਬਦ ਜਾਣੇ ਪਛਾਣੇ ਕਾਨੂੰਨੀ ਅਰਥਾਂ ਅੇਤ ਸੁਨਿਸਚਿਤ ਅਨੁਸੰਗਤੀਆਂ ਵਾਲਾ ਲਫ਼ਜ਼ ਹੋਣ ਕਾਰਨ , ਵਿਧਾਨ ਮੰਡਲ ਨੇ ਇਸ ਨੂੰ ਵਖਰੇ ਰੂਪ ਵਿਚ ਪਰਿਭਾਸ਼ਤ ਕਰਨਾ ਜ਼ਰੂਰੀ ਨਹੀਂ ਸਮਝਿਆ।

       ਮਿਉਂਸਪਲ ਕਾਰਪੋਰੇਸ਼ਨ ਆਫ਼ ਦਿੱਲੀ ਬਨਾਮ ਟ੍ਰਾਈਗਾਨ ਇਨਵੈਸਟਮੈਂਟ ਐਂਡ ਟਰੇਡਿੰਗ (ਪ੍ਰਾ) ਲਿ.          (ਏ ਆਈ ਆਰ 1996 ਐਸ ਸੀ 1579) ਵਿਚ ਸਰਵ ਉੱਚ ਅਦਾਲਤ ਦਾ ਕਹਿਣਾ ਹੈ ਕਿ ਇਹ ਵਾਕੰਸ਼ ‘ਇੰਤਕਾਲ’ ਐਕਟ ਵਿਚ ਪਰਿਭਾਸ਼ਤ ਨਹੀਂ ਕੀਤਾ ਗਿਆ। ਪਰ ਉਸ ਦੇ ਅਰਥ ਸਾਧਾਰਨ ਭਾਵ ਵਿਚ ਲਏ ਜਾਣੇ ਹਨ ਅਰਥਾਤ ਉਸ ਭਾਵ ਵਿਚ ਜਿਸ ਵਿਚ ਉਸ ਨੂੰ ਸੰਪਤੀ ਇੰਤਕਾਲ ਐਕਟ 1882 ਵਿਚ ਸਮਝਿਆ ਗਿਆ ਹੈ। ਪਰ ਉਸ ਤੇ ਸ਼ਰਤ ਇਹ ਹੈ ਕਿ ਉਸ ਐਕਟ ਦੀ ਧਾਰਾ 128(1) ਵਿਚ ਅਜਿਹੇ ਇੰਤਕਾਲ ਨੂੰ ਵੀ ਮਾਨਤਾ ਦਿੱਤੀ ਗਈ ਹੈ ਜਿਸ ਇੰਤਕਾਲ ਦੀ ਲਿਖਤ ਦੀ ਰਜਿਸਟਰੀ ਵੀ ਨਹੀਂ ਹੋਈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਇੰਤਕਾਲ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਇੰਤਕਾਲ : ਇੰਤਕਾਲ (Mutation) ਰਿਕਾਰਡ ਆਫ਼ ਰਾਈਟਸ ਭਾਵ ਜਮ੍ਹਾਬੰਦੀ ਵਿੱਚ ਮਲਕੀਅਤੀ ਹੱਕ ਦਰਜ਼ ਕਰਵਾਉਣ ਦਾ ਤਰੀਕਾ ਹੈ। ਜਮ੍ਹਾਬੰਦੀ ਮਲਕੀਅਤੀ ਹੱਕਾਂ ਬਾਰੇ ਪ੍ਰਮਾਣਿਕ ਰਿਕਾਰਡ ਹੈ। ਜਮ੍ਹਾਬੰਦੀ ਮਲਕੀਅਤੀ ਹੱਕ ਸਾਬਤ ਕਰਨ ਲਈ ਸਭ ਤੋਂ ਪ੍ਰਮੁਖ ਦਸਤਾਵੇਜ਼ ਹੈ। ਇਸ ਨੂੰ ਬਣਾਉਣ, ਬਰਕਰਾਰ ਅਤੇ ਅਪ-ਟੂ-ਡੇਟ ਰੱਖਣ ਲਈ ਇੰਤਕਾਲ ਦੀ ਬਹੁਤ ਹੀ ਅਹਿਮ ਭੂਮਿਕਾ ਹੈ। ਇੰਤਕਾਲ ਨੂੰ ਅੰਗਰੇਜ਼ੀ ਵਿੱਚ Mutation ਅਤੇ ਆਮ ਬੋਲਚਾਲ ਵਿੱਚ ਦਾਖ਼ਲ ਖ਼ਾਰਜ ਕਿਹਾ ਜਾਂਦਾ ਹੈ। ਇੰਤਕਾਲ ਸ਼ਬਦ ਮੌਤ ਵਾਸਤੇ ਵੀ ਵਰਤਿਆ ਜਾਂਦਾ ਹੈ। ਦਾਖ਼ਲ ਖ਼ਾਰਜ ਤੋਂ ਭਾਵ ਹੈ ਜਮ੍ਹਾਬੰਦੀ ਵਿੱਚ ਨਵੇਂ ਮਾਲਕ ਦਾ ਨਾਮ ਦਾਖ਼ਲ ਕਰਨਾ ਅਤੇ ਪਹਿਲੇ ਮਾਲਕ ਦਾ ਨਾਮ ਖ਼ਾਰਜ ਕਰਨਾ। ਇੰਤਕਾਲ ਦਾ ਮੌਤ ਸੰਬੰਧੀ ਮਤਲਬ ਵੀ ਮਲਕੀਅਤੀ ਹੱਕ ਦੀ ਤਬਦੀਲੀ ਨਾਲ ਜੋੜਿਆ ਜਾ ਸਕਦਾ ਹੈ। ਜਿਸ ਤਰ੍ਹਾਂ ਇੱਕ ਆਦਮੀ ਦਾ ਇਸ ਦੁਨੀਆ ਨੂੰ ਛੱਡ ਕੇ ਦੂਸਰੀ ਦੁਨੀਆ ਵਿੱਚ ਜਾਣ ਨੂੰ ਇੰਤਕਾਲ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਮਲਕੀਅਤੀ ਹੱਕ ਦਾ ਜਮ੍ਹਾਬੰਦੀ ਵਿੱਚ ਇੱਕ ਨਾਮ ਤੋਂ ਦੂਸਰੇ ਨਾਮ ਤੇ ਜਾਣ ਨੂੰ ਭੋਂ-ਮਾਲੀਆ ਕਨੂੰਨ ਵਿੱਚ ਇੰਤਕਾਲ ਕਿਹਾ ਜਾਂਦਾ ਹੈ।

ਮਲਕੀਅਤੀ ਹੱਕ ਸਥਿਰ ਅਤੇ ਸਦੀਵੀ ਨਹੀਂ ਹਨ। ਇਹ ਸਮੇਂ, ਲੋੜ ਅਤੇ ਕਨੂੰਨ ਦੇ ਨਾਲ-ਨਾਲ ਬਦਲਦੇ ਰਹਿੰਦੇ ਹਨ। ਇਸਦੇ ਬਦਲਾਓ ਦੇ ਮੁੱਖ ਕਾਰਨ ਹਨ: ਮੌਤ, ਖ਼ਰੀਦ, ਰਹਿਣ, ਗਿਫ਼ਟ, ਅਦਲਾ-ਬਦਲੀ, ਵਸੀਅਤ, ਵਿਰਾਸਤ ਆਦਿ। ਬਦਲੇ ਹੋਏ ਮਲਕੀਅਤੀ ਅਧਿਕਾਰ ਆਪਣੇ-ਆਪ ਸੰਬੰਧਿਤ ਭੋਂ-ਮਾਲੀਆ ਰਿਕਾਰਡ ਵਿੱਚ ਦਰਜ਼ ਨਹੀਂ ਹੁੰਦੇ। ਇੰਤਕਾਲ ਇਹਨਾਂ ਨੂੰ ਦਰਜ਼ ਕਰਾਉਣ ਦਾ ਇੱਕੋ-ਇੱਕ ਮਾਧਿਅਮ ਹੈ। ਸੋ ਜਦੋਂ ਵੀ ਕੋਈ ਮਲਕੀਅਤੀ ਹੱਕ ਹਾਸਲ ਕਰਦਾ ਹੈ ਤਾਂ ਉਸਨੂੰ ਇੰਤਕਾਲ ਕਰਾਉਣ ਦੀ ਜ਼ਰੂਰਤ ਪੈਂਦੀ ਹੈ ਅਤੇ ਉਸਨੂੰ ਇਹ ਜਲਦੀ ਤੋਂ ਜਲਦੀ ਕਰਾਉਣਾ ਚਾਹੀਦਾ ਹੈ ਤਾਂ ਜੋ ਰਿਕਾਰਡ ਵਿੱਚੋਂ ਉਸਦਾ ਨਾਮ ਝਲਕੇ। ਇੰਤਕਾਲ ਦੀ ਪ੍ਰਕਿਰਿਆ ਹਰ ਰਾਜ ਦੇ ਭੋਂ-ਮਾਲੀਆ ਕਨੂੰਨ ਵਿੱਚ ਦਰਜ਼ ਹੈ। ਪੰਜਾਬ ਤੇ ਹਰਿਆਣਾ ਵਿੱਚ ਇਹ ਪ੍ਰਕਿਰਿਆ ਪੰਜਾਬ ਲੈਂਡ ਰੇਵਿਨਯੂ ਐਕਟ, 1887 (ਬਾਅਦ ਪੰਜਾਬ ਭੋਂ-ਮਾਲੀਆ ਕਨੂੰਨ) ਦੀਆਂ ਧਾਰਾਵਾਂ 33 ਤੋਂ 40 ਵਿੱਚ ਮੌਜੂਦ ਹੈ।

ਪੰਜਾਬ ਭੋਂ-ਮਾਲੀਆ ਕਨੂੰਨ ਦੀ ਧਾਰਾ 34 ਨੂੰ ਘੋਖਣ ਤੋਂ ਪਤਾ ਲਗਦਾ ਹੈ ਕਿ ਇੰਤਕਾਲ ਦੇ ਦੋ ਤਰੀਕੇ ਹਨ। ਭੋਂ-ਮਾਲੀਆ ਵਿਭਾਗ ਵੱਲੋਂ ਆਪਣੇ-ਆਪ ਕੀਤਾ ਅਤੇ ਮਲਕੀਅਤੀ ਹੱਕ ਹਾਸਲ ਕਰਨ ਵਾਲੇ ਦੀ ਰਿਪੋਰਟ ਤੇ ਕੀਤਾ ਇੰਤਕਾਲ। ਪਿੰਡ ਦਾ ਪਟਵਾਰੀ ਇਹ ਵਿਸ਼ਵਾਸ ਕਰਨ ਦੀ ਵਜ੍ਹਾ ਰੱਖਣ ਤੇ ਕਿ ਕੋਈ ਵਿਅਕਤੀ ਮਲਕੀਅਤੀ ਹੱਕ ਹਾਸਲ ਕਰ ਚੁੱਕਾ ਹੈ ਆਪਣੇ-ਆਪ ਇੰਤਕਾਲ ਦੀ ਪ੍ਰਕਿਰਿਆ ਅਰੰਭ ਕਰ ਸਕਦਾ ਹੈ। ਪਰ ਇਹ ਤਰੀਕਾ ਸ਼ੁਰੂ ਤੋਂ ਹੀ ਜਾਣੇ-ਅਨਜਾਣੇ ਕਾਰਨਾਂ ਕਰਕੇ ਕਾਰਗਰ ਸਾਬਤ ਨਹੀਂ ਹੋਇਆ। ਮਾਲੀਆ ਅਫ਼ਸਰ ਕਈ ਵਾਰ ਜਾਣ-ਬੁੱਝ ਕੇ, ਕਈ ਵਾਰ ਲੋੜੀਂਦੀ ਸੂਚਨਾ ਦੀ ਕਮੀ ਕਰਕੇ ਅਤੇ ਕਈ ਵਾਰ ਕੇਸ ਦੀ ਪੇਚੀਦਗੀ ਕਰਕੇ ਲੋੜੀਂਦੀ ਕਾਰਵਾਈ ਨਹੀਂ ਕਰਦੇ। ਕੁੱਲ ਮਿਲਾ ਕੇ ਇਹ ਤਰੀਕਾ ਨਾ ਹੋਣ ਦੇ ਬਰਾਬਰ ਹੈ। ਇਸ ਲਈ ਮਲਕੀਅਤੀ ਹੱਕ ਹਾਸਲ ਕਰਨ ਵਾਲਿਆਂ ਨੂੰ ਇਸ ਤਰੀਕੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਦੂਸਰੇ ਤਰੀਕੇ ਵਿੱਚ ਇੰਤਕਾਲ ਮਲਕੀਅਤੀ ਹੱਕ ਹਾਸਲ ਕਰਨ ਵਾਲੇ ਦੀ ਰਿਪੋਰਟ ਤੇ ਕੀਤਾ ਜਾਂਦਾ ਹੈ। ਅਸਲ ਵਿੱਚ ਇਹੀ ਤਰੀਕਾ ਕਾਰਗਰ ਹੈ। ਸੋ ਮਲਕੀਅਤੀ ਹੱਕ ਹਾਸਲ ਕਰਨ ਵਾਲਿਆਂ ਲਈ ਸਲਾਹ ਹੈ ਕਿ ਉਹ ਭੋਂ-ਮਾਲੀਆ ਵਿਭਾਗ ਦੇ ਮੂੰਹ ਵੱਲ ਨਾ ਦੇਖਦੇ ਰਹਿਣ ਅਤੇ ਇੰਤਕਾਲ ਲਈ ਆਪਣੇ-ਆਪ ਲੋੜੀਂਦੇ ਕਦਮ ਚੁੱਕਣ ਤਾਂ ਜੋ ਭਵਿਖ ਵਿੱਚ ਉਹਨਾਂ ਨੂੰ ਇੰਤਕਾਲ ਸਮੇਂ ਸਿਰ ਨਾ ਹੋਣ ਕਾਰਨ ਆਉਣ ਵਾਲੀਆਂ ਮੁਸ਼ਕਲਾਂ ਜਿਵੇਂ ਕਿ ਜ਼ਮੀਨ ਵੇਚਣ, ਕਰਜ਼ਾ ਲੈਣ ਆਦਿ ਦਾ ਸਾਮ੍ਹਣਾ ਨਾ ਕਰਨਾ ਪਵੇ।

ਇੰਤਕਾਲ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਅਤੇ ਉਹਨਾਂ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ :

1. ਮਲਕੀਅਤੀ ਹੱਕ ਹਾਸਲ ਹੋਣ ਦੀ ਰਿਪੋਰਟ : ਪੰਜਾਬ ਭੋਂ-ਮਾਲੀਆ ਕਨੂੰਨ ਦੀ ਧਾਰਾ 34 ਮੁਤਾਬਕ ਹਰ ਮਲਕੀਅਤੀ ਹੱਕ ਹਾਸਲ ਕਰਨ ਵਾਲਾ ਇਸਦੀ ਰਿਪੋਰਟ ਪਿੰਡ ਦੇ ਪਟਵਾਰੀ ਨੂੰ ਕਰਨ ਲਈ ਕਨੂੰਨੀ ਤੌਰ ’ਤੇ ਪਾਬੰਦ ਹੈ। ਸੰਬੰਧਿਤ ਵਿਅਕਤੀ ਦੇ ਨਾਬਾਲਗ਼ ਹੋਣ ਦੀ ਸੂਰਤ ਵਿੱਚ ਇਹ ਜ਼ੁੰਮੇਵਾਰੀ ਉਸਦੇ ਗਾਰਡੀਅਨ ਦੀ ਹੈ। ਇਹ ਰਿਪੋਰਟ ਹੱਕ ਹਾਸਲ ਹੋਣ ਤੋਂ 3 ਮਹੀਨਿਆਂ ਦੇ ਅੰਦਰ-ਅੰਦਰ ਕਰਨੀ ਜ਼ਰੂਰੀ ਹੈ। ਰਾਜ ਸਰਕਾਰ ਸਮੇਂ-ਸਮੇਂ ਇੰਤਕਾਲ ਫ਼ੀਸ ਦਾ ਸਕੇਲ ਨਿਸ਼ਚਿਤ ਕਰਦੀ ਰਹਿੰਦੀ ਹੈ। ਰਿਪੋਰਟ ਸਮੇਂ ਸਿਰ ਨਾ ਕਰਨ ਤੇ ਪ੍ਰਚਲਿਤ ਫ਼ੀਸ ਦੇ ਪੰਜ ਗੁਣਾ ਤੱਕ ਜਰਮਾਨਾ ਹੋ ਸਕਦਾ ਹੈ। ਰਿਪੋਰਟ ਕਰਨ ਵਿੱਚ ਨਾਵਾਜਬ ਦੇਰੀ ਇੰਤਕਾਲ ਵਿੱਚ ਅੜਿੱਕਾ ਬਣ ਸਕਦੀ ਹੈ। ਸੋ ਸੰਬੰਧਿਤ ਵਿਅਕਤੀ ਨੂੰ ਜਲਦੀ ਤੋਂ ਜਲਦੀ ਰਿਪੋਰਟ ਕਰਕੇ ਭੋਂ-ਮਾਲੀਆ ਵਿਭਾਗ ਨੂੰ ਮਾਲੀਆ ਰਿਕਾਰਡ ਆਧੁਨਿਕ ਬਣਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ।

2. ਮਲਕੀਅਤੀ ਹੱਕ ਸੰਬੰਧੀ ਰਿਪੋਰਟ ਦੀ ਇੰਤਕਾਲ ਰਜਿਸਟਰ ਵਿੱਚ ਐਂਟਰੀ : ਪਟਵਾਰੀ ਮਲਕੀਅਤੀ ਹੱਕ ਸੰਬੰਧੀ ਰਿਪੋਰਟ ਨੂੰ ਮਾਲੀਆ ਵਿਭਾਗ ਦੇ ਇੱਕ ਨਿਯਤ ਰਜਿਸਟਰ ਵਿੱਚ ਦਰਜ਼ ਕਰਦਾ ਹੈ। ਇਸ ਰਜਿਸਟਰ ਨੂੰ ਇੰਤਕਾਲ ਰਜਿਸਟਰ ਕਿਹਾ ਜਾਂਦਾ ਹੈ। ਇਸ ਰਜਿਸਟਰ ਦਾ ਇੱਕ ਨਿਸ਼ਚਿਤ ਫਾਰਮੈਟ ਹੈ ਜਿਸਦੇ 15 ਕਾਲਮ ਹਨ। ਇੱਕ ਆਮ ਰਸੀਦ ਬੁੱਕ ਦੀ ਤਰ੍ਹਾਂ ਇਸਦੇ ਦੋ ਹਿੱਸੇ ਹੁੰਦੇ ਹਨ : ਕਾਉਂਟਰਫ਼ਾਇਲ ਅਤੇ ਫ਼ਾਇਲ। ਪਟਵਾਰੀ ਇੰਤਕਾਲ ਰਜਿਸਟਰ ਦੇ ਦੋਨਾਂ ਹਿੱਸਿਆਂ ਵਿੱਚ ਲੋੜੀਂਦੀ ਤਬਦੀਲੀ ਬਾਰੇ ਤੱਥਾਂ ਦੀ ਐਂਟਰੀ ਕਰਨ ਲਈ ਅਧਿਕਾਰਿਤ ਹੈ। ਪਰ ਉਹ ਐਂਟਰੀ ਕਰਨ ਤੋਂ ਪਹਿਲਾਂ ਤੱਥਾਂ ਬਾਰੇ ਆਪਣੀ ਤਸੱਲੀ ਕਰ ਸਕਦਾ ਹੈ। ਇਸ ਮੰਤਵ ਲਈ ਉਹ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਨੰਬਰਦਾਰ ਦੀ ਗਵਾਹੀ ਪੁਆ ਸਕਦਾ ਹੈ।

3. ਕਨੂੰਨਗੋ ਵੱਲੋਂ ਐਂਟਰੀ ਦੀ ਤਸਦੀਕੀ : ਪਟਵਾਰੀ ਵੱਲੋਂ ਇੰਤਕਾਲ ਰਜਿਸਟਰ ਵਿੱਚ ਕੀਤੀ ਐਂਟਰੀ ਦਾ ਕਨੂੰਨਗੋ ਵੱਲੋਂ ਤਸਦੀਕ ਹੋਣਾ ਜ਼ਰੂਰੀ ਹੈ। ਕਨੂੰਨਗੋ ਨੂੰ ਭੋਂ-ਮਾਲੀਆ ਵਿਭਾਗ ਦਾ ਲਾਅ ਅਫ਼ਸਰ ਅਤੇ ਪਟਵਾਰੀਆਂ ਦਾ ਇੰਸਪੈਕਟਰ ਵੀ ਕਿਹਾ ਜਾਂਦਾ ਹੈ। ਕਨੂੰਨਗੋ ਦਾ ਵਿਗੜਿਆ ਸ਼ਬਦ ਹੈ ਕਾਨੂਗੋ। ਕਨੂੰਨਗੋ ਵੱਲੋਂ ਤੱਥਾਂ ਦੇ ਪ੍ਰਮਾਣੀਕਰਨ ਦਾ ਇੰਤਕਾਲ ਪ੍ਰਕਿਰਿਆ ਵਿੱਚ ਵਿਸ਼ੇਸ਼ ਥਾਂ ਅਤੇ ਮਹੱਤਵ ਹੈ।

4. ਇੰਤਕਾਲ ਕੇਸ ਦੀ ਭੋਂ-ਮਾਲੀਆ ਅਫ਼ਸਰ ਸਾਮ੍ਹਣੇ ਪੇਸ਼ਕਾਰੀ : ਉਪਰੋਕਤ ਕਦਮਾਂ ਤੋਂ ਬਾਅਦ ਇੰਤਕਾਲ ਕੇਸ ਸੰਬੰਧਿਤ ਭੋਂ-ਮਾਲੀਆ ਅਫ਼ਸਰ ਕੋਲ ਅਗਲੇਰੀ ਕਾਰਵਾਈ ਲਈ ਪੇਸ਼ ਕੀਤਾ ਜਾਂਦਾ ਹੈ। ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਇੰਤਕਾਲ ਕਰਨ ਲਈ ਅਧਿਕਾਰਤ ਅਫ਼ਸਰ ਹਨ।

5. ਭੋਂ-ਮਾਲੀਆ ਅਫ਼ਸਰ ਵੱਲੋਂ ਛਾਣ-ਬੀਣ : ਭੋਂ-ਮਾਲੀਆ ਅਫ਼ਸਰ ਇੰਤਕਾਲ ਸੰਬੰਧੀ ਦਰਜ਼ ਕੀਤੀ ਰਿਪੋਰਟ ਦੀ ਸਚਾਈ ਜਾਣਨ ਲਈ ਲੋੜੀਂਦੇ ਕਦਮ ਚੁੱਕ ਸਕਦਾ ਹੈ। ਇਸ ਵਾਸਤੇ ਉਹ ਮੌਕੇ ਦਾ ਮੁਆਇਨਾ ਕਰ ਸਕਦਾ ਹੈ, ਸੰਬੰਧਿਤ ਵਿਅਕਤੀਆਂ ਤੋਂ ਪੁੱਛ-ਗਿੱਛ ਕਰ ਸਕਦਾ ਹੈ, ਲੋੜੀਂਦੇ ਦਸਤਾਵੇਜ਼ ਮੰਗਵਾ ਸਕਦਾ ਹੈ ਅਤੇ ਜਿਸ ਤਰ੍ਹਾਂ ਚਾਹੇ ਹੋਰ ਛਾਣ-ਬੀਣ ਕਰ ਸਕਦਾ ਹੈ। ਵਿਰਾਸਤ, ਵਸੀਅਤਾਂ ਵਿੱਚੋਂ ਖ਼ਾਸ ਕਰਕੇ ਅਣਰਜਿਸਟਰਡ ਵਸੀਅਤਾਂ ਅਤੇ ਬਹੁਤ ਦੇਰ ਬਾਅਦ ਇੰਤਕਾਲ ਲਈ ਪੇਸ਼ ਕੀਤੇ ਕੇਸਾਂ ਵਿੱਚ ਵਧੇਰੇ ਛਾਣ-ਬੀਣ ਕਰਨੀ ਜ਼ਰੂਰੀ ਹੈ।

6. ਭੋਂ-ਮਾਲੀਆ ਅਫ਼ਸਰ ਦੀ ਤਸੱਲੀ ਅਤੇ ਇੰਤਕਾਲ ਦਾ ਆਦੇਸ਼ : ਇੰਤਕਾਲ ਦਾ ਆਦੇਸ਼ ਕਰਨ ਤੋਂ ਪਹਿਲਾਂ ਭੋਂ-ਮਾਲੀਆ ਅਫ਼ਸਰ ਦੀ ਮਲਕੀਅਤੀ ਹੱਕ ਹਾਸਲ ਹੋਣ ਬਾਰੇ ਤਸੱਲੀ ਹੋਣੀ ਜ਼ਰੂਰੀ ਹੈ। ਇੰਞ ਨਾ ਹੋਣ ਦੀ ਸੂਰਤ ਵਿੱਚ ਭੋਂ-ਮਾਲੀਆ ਅਧਿਕਾਰੀ ਇੰਤਕਾਲ ਦੀ ਮਨਜ਼ੂਰੀ ਦੇਣ ਲਈ ਪਾਬੰਦ ਨਹੀਂ ਹੈ ਅਤੇ ਮਾਮਲਾ ਦੀਵਾਨੀ ਅਦਾਲਤ ਦੇ ਫ਼ੈਸਲੇ ਲਈ ਛੱਡਿਆ ਜਾ ਸਕਦਾ ਹੈ। ਇਹਨਾਂ ਹਾਲਤਾਂ ਵਿੱਚ ਇੰਤਕਾਲ ਦੀਵਾਨੀ ਅਦਾਲਤ ਦੇ ਫ਼ੈਸਲੇ ਅਨੁਸਾਰ ਹੋਏਗਾ।

7. ਇੰਤਕਾਲ ਦਾ ਹੁਕਮ ਅਤੇ ਲੋੜੀਂਦੀ ਸੋਧ : ਇੰਤਕਾਲ ਦੇ ਹੁਕਮ ਵਿੱਚ ਮਲਕੀਅਤੀ ਹੱਕ ਦੀ ਸਚਾਈ ਜਾਣਨ ਲਈ ਚੁੱਕੇ ਗਏ ਕਦਮ ਅਤੇ ਜਮ੍ਹਾਬੰਦੀ ਵਿੱਚ ਕੀਤੀ ਜਾਣ ਵਾਲੀ ਐਂਟਰੀ ਦੀ ਸਪਸ਼ਟ ਸ਼ਬਦਾਂ ਵਿੱਚ ਕਿਸਮ ਅਤੇ ਸੁਨਿਸ਼ਚਿਤਤਾ ਦਾ ਸੰਖੇਪ ਵੇਰਵਾ ਹੋਣਾ ਚਾਹੀਦਾ ਹੈ। ਇਸ ਹੁਕਮ ਦੀ ਕਾਪੀ ਭੋਂ-ਮਾਲੀਆ ਰਿਕਾਰਡ ਦਫ਼ਤਰ ਨੂੰ ਲੋੜੀਂਦੀ ਸੋਧ ਕਰਨ ਲਈ ਭੇਜ ਦਿੱਤੀ ਜਾਂਦੀ ਹੈ ਤਾਂ ਜੋ ਨਵੇਂ ਮਲਕੀਅਤੀ ਹੱਕ ਵਾਲੇ ਨਾਮ ਨੂੰ ਜਮ੍ਹਾਬੰਦੀ ਵਿੱਚ ਦਾਖ਼ਲ ਕਰਕੇ ਪਹਿਲੇ ਮਲਕੀਅਤੀ ਹੱਕ ਵਾਲੇ ਨਾਮ ਨੂੰ ਖ਼ਾਰਜ ਕੀਤਾ ਜਾ ਸਕੇ। ਇਹੋ ਹੀ ਦਾਖ਼ਲ-ਖ਼ਾਰਜ ਜਾਂ ਇੰਤਕਾਲ ਦੀ ਮੂਲ ਪ੍ਰਕਿਰਿਆ ਹੈ।

8. ਇੰਤਕਾਲ ਦੀ ਦਰੁਸਤੀ : ਜਮ੍ਹਾਬੰਦੀ ਵਿੱਚ ਗ਼ਲਤ ਦਰਜ਼ ਹੋਇਆ ਇੰਤਕਾਲ ਠੀਕ ਕਰਵਾਇਆ ਜਾ ਸਕਦਾ ਹੈ। ਪਰ ਇਸ ਦਰੁਸਤੀ ਦਾ ਫ਼ੈਸਲਾ ਕਰਨਾ ਭੋਂ-ਮਾਲੀਆ ਅਫ਼ਸਰਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸ ਸਮੱਸਿਆ ਦਾ ਹੱਲ ਪੰਜਾਬ ਭੋਂ-ਮਾਲੀਆ ਕਨੂੰਨ ਦੀ ਧਾਰਾ 45 ਅਨੁਸਾਰ ਦੀਵਾਨੀ ਅਦਾਲਤ ਦਾ ਅਧਿਕਾਰ ਖੇਤਰ ਹੈ। ਇਸ ਲਈ ਜਮ੍ਹਾਬੰਦੀ ਵਿੱਚ ਗ਼ਲਤ ਦਰਜ਼ ਹੋਏ ਇੰਤਕਾਲ ਨੂੰ ਦੀਵਾਨੀ ਅਦਾਲਤ ਵਿੱਚ ਚੁਨੌਤੀ ਦਿੱਤੀ ਜਾ ਸਕਦੀ ਹੈ। ਇਹਨਾਂ ਹਾਲਤਾਂ ਵਿੱਚ ਅਦਾਲਤ ਦੇ ਫ਼ੈਸਲੇ ਦੇ ਆਧਾਰ ਤੇ ਹੀ ਭੋਂ-ਮਾਲੀਆ ਅਫ਼ਸਰ ਇੰਤਕਾਲ/ ਜਮ੍ਹਾਬੰਦੀ ਵਿੱਚ ਲੋੜੀਂਦੀ ਦਰੁਸਤੀ ਕਰੇਗਾ।


ਲੇਖਕ : ਬਲਦੇਵ ਸਿੰਘ ਮੱਲ੍ਹੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-12-02-37-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.