ਕਰਤਾ-ਪੁਰਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰਤਾ-ਪੁਰਖ: ਇਹ ਸ਼ਬਦ ਮੂਲ ਮੰਤ੍ਰ ਵਿਚ ਪਰਮ-ਸੱਤਾ ਲਈ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ ਕਿ ਪਰਮਾਤਮਾ ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲਾ ‘ਕਰਤਾ-ਪੁਰਖ’ ਰੂਪ ਹੈ। ਉਸ ਨੂੰ ਆਦਿ-ਪੁਰਖ, ਸੱਚਾ ਸਾਹਿਬ ਅਤੇ ਅਪਰੰਪਾਰ ਵੀ ਕਿਹਾ ਗਿਆ ਹੈ— ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ (ਗੁ.ਗ੍ਰੰ.437)। ਉਸ ਨੂੰ ‘ਸਤ- ਪੁਰਖ ’ ਵੀ ਆਖਿਆ ਗਿਆ ਹੈ— ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ

            ਪਰਮ-ਤੱਤ੍ਵ ਦੀ ਪੁਰਸ਼ ਰੂਪ ਵਿਚ ਕਲਪਨਾ ਸਭ ਤੋਂ ਪਹਿਲਾਂ ‘ਰਿਗ ਵੇਦ ’ (10/90/1-3) ਵਿਚ ਹੋਈ ਹੈ, ਜਿਥੇ ਸੰਪੂਰਣ ਜਗਤ ਨੂੰ ਇਕ ਪੁਰਸ਼ ਦੇ ਰੂਪ ਵਿਚ ਚਿਤਰਿਆ ਗਿਆ ਹੈ। ਉਥੇ ਹਜ਼ਾਰਾਂ ਮਸਤਕਾਂ, ਹਜ਼ਾਰਾਂ ਨੇਤਰਾਂ , ਹਜ਼ਾਰਾਂ ਪੈਰਾਂ ਵਾਲੇ ਪੁਰਸ਼ ਸਾਰੀ ਸ੍ਰਿਸ਼ਟੀ ਨੂੰ ਲਪੇਟਣ ਵਾਲਾ ਅਤੇ ਇਸ ਤੋਂ ਦਸ ਅੰਗੁਲ ਪਰੇ ਵੀ ਹੈ। ਜੋ ਕੁਝ ਵਰਤਮਾਨ ਹੈ, ਜੋ ਕੁਝ ਹੋਇਆ ਹੈ ਅਤੇ ਜੋ ਕੁਝ ਹੋਵੇਗਾ, ਉਹ ਸਭ ਪੁਰਸ਼ ਹੀ ਹੈ। ਉਹ ਅਮਰਤਾ ਦਾ ਸੁਆਮੀ, ਅੰਨ ਤੋਂ ਪਲਣ ਵਾਲੇ ਸਾਰੇ ਜੀਵਾਂ ਵਿਚ ਵਿਆਪਤ ਹੈ। ਉਸ ਦੀ ਮਹਿਮਾ ਤੋਂ ਵੱਡਾ ਉਹੀ ਪੁਰਸ਼ ਹੈ। ਸਾਰਾ ਵਿਸ਼ਵ ਉਸ ਦਾ ਚੌਥਾ ਹਿੱਸਾ ਹੈ। ਉਸ ਦੇ ਤਿੰਨ ਪਾਦ ਬਾਹਿਰ ਖਗੋਲ ਵਿਚ ਹਨ। ਉਹ ਸਭ ਪਾਸੇ, ਚਰ -ਅਚਰ ਵਿਸ਼ਵ ਵਿਚ ਵਿਆਪਤ ਹੈ। ਕਹਿਣ ਤੋਂ ਭਾਵ ਹੈ ਕਿ ਸਾਰੇ ਜੜ-ਚੇਤਨ ਪਦਾਰਥ, ਦੇਵੀ-ਦੇਵਤਾ, ਸੰਪੂਰਣ ਵਿਸ਼ਵ ਵਿਚ ਵਿਆਪਤ ਵਸਤੂਆਂ ਇਕ ਪੁਰਸ਼ ਦੇ ਹੀ ਅੰਗ ਹਨ। ਉਨਿਸ਼ਦਾਂ ਵਿਚ ਵੀ ਪੁਰਸ਼ ਸਿੱਧਾਂਤ ਦੀ ਸਥਾਪਨਾ ਹੋਈ ਹੈ। ‘ਕਠ-ਉਪਨਿਸ਼ਦ’ (1/3/11) ਅਤੇ ਗੀਤਾ (15 /17) ਵਿਚ ਪੁਰਸ਼ ਨੂੰ ਸਭ ਤੋਂ ਪਰੇ ਮੰਨਿਆ ਗਿਆ ਹੈ। ‘ਮੁੰਡਕ-ਉਪਨਿਸ਼ਦ’ (3/1/3) ਵਿਚ ਪੁਰਸ਼ ਨੂੰ ਕਰਤਾ ਵੀ ਕਿਹਾ ਗਿਆ ਹੈ।

            ਸਾਂਖੑਯਵਾਦੀਆਂ ਨੇ ਵੀ ਪੁਰਸ਼ ਅਤੇ ਪ੍ਰਕ੍ਰਿਤੀ ਦੀ ਕਲਪਨਾ ਕੀਤੀ ਹੈ, ਪਰ ਸਾਂਖੑਯਵਾਦੀ ਪੁਰਸ਼ ਅਤੇ ਪ੍ਰਕ੍ਰਿਤੀ ਦੇ ਸਿੱਧਾਂਤ ਦਾ ਗੁਰਮਤਿ ਵਿਚ ਖੰਡਨ ਹੋਇਆ ਹੈ। ਗੁਰਬਾਣੀ ਅਨੁਸਾਰ ਪ੍ਰਕ੍ਰਿਤੀ ਦਾ ਕੋਈ ਸੁਤੰਤਰ ਮਹੱਤਵ ਨਹੀਂ ਹੈ। ਉਸ ਦਾ ਕਰਤਾ ਜਾਂ ਨਿਰਮਾਤਾ ਪੁਰਸ਼ ਹੈ ਅਤੇ ਉਹ ਪੁਰਸ਼ ਅਧੀਨ ਹੈ। ‘ਮਾਝ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ— ਤੂ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ (ਗੁ. ਗ੍ਰੰ.138)। ਪਰਮਾਤਮਾ ਸ੍ਰਿਸਟੀ ਦਾ ਕੇਵਲ ਕਰਤਾ ਹੀ ਨਹੀਂ, ਸੰਘਾਰਕ ਵੀ ਹੈ। ਉਹ ਜਿਥੇ ਸ੍ਰਿਸ਼ਟੀ ਦੀ ਸਿਰਜਨਾ ਕਰਦਾ ਹੈ, ਉਥੇ ਉਸ ਨੂੰ ਨਸ਼ਟ ਕਰਕੇ ਆਪਣੇ ਵਿਚ ਸਮੋ ਲੈਂਦਾ ਹੈ ਅਤੇ ਉਸ ਦਾ ਫਿਰ ਤੋਂ ਨਿਰਮਾਣ ਕਰਦਾ ਹੈ। ਉਸ ਤੋਂ ਭਿੰਨ ਸੰਸਾਰ ਵਿਚ ਕੋਈ ਦੂਜੀ ਸੱਤਾ ਨਹੀਂ ਹੈ— ਜਿਨੀ ਸਿਰਿ ਸਾਜੀ ਤਿਨਿ ਫੁਨਿ ਗੋਈ ਤਿਸ ਬਿਨੁ ਦੂਜਾ ਅਵਰੁ ਕੋਈ (ਗੁ.ਗ੍ਰੰ.355)।

            ਧਿਆਨ ਦੇਣ ਦੀ ਗੱਲ ਇਹ ਹੈ ਕਿ ਸਾਂਖੑਯ- ਦਰਸ਼ਨ (1/49) ਵਿਚ ਪੁਰਸ਼ ਇਕ ਨਹੀਂ, ਅਨੇਕ ਕਲਪਿਤ ਕੀਤੇ ਗਏ ਹਨ, ਪਰ ਗੁਰਬਾਣੀ ਪਰਮ-ਸੱਤਾ ਨੂੰ ਕੇਵਲ ਇਕ ਪੁਰਸ਼ ਮੰਨਦੀ ਹੋਈ ਹੋਰ ਸਭ ਨੂੰ ਨਾਰੀਆਂ ਦਸਦੀ ਹੈ— ਠਾਕੁਰੁ ਏਕੁ ਸਬਾਈ ਨਾਰਿ ਪਰ ਉਂਜ ਗੁਰਬਾਣੀ ਅਨੁਸਾਰ ਪਰਮਾਤਮਾ ਲਿੰਗ-ਅਤੀਤ ਹੈ। ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੁੰਨ-ਮੰਡਲ (ਨਿਰਵਿਕਲਪ ਅਵਸਥਾ) ਵਿਚ ਇਕ ਯੋਗੀ ਬਿਰਾਜਮਾਨ ਹੈ। ਉਹ ਨ ਇਸਤਰੀ ਹੈ ਅਤੇ ਨ ਹੀ ਪੁਰਸ਼। ਉਸ ਸੰਬੰਧੀ ਕੋਈ ਕੁਝ ਨਹੀਂ ਕਹਿ ਸਕਦਾ। ਤਿੰਨੋਂ ਲੋਕ ਉਸ ਦੀ ਜੋਤਿ ਵਿਚ ਧਿਆਨ ਲਗਾਈ ਰਖਦੇ ਹਨ। ਕੀ ਦੇਵਤਾ , ਕੀ ਮਨੁੱਖ ਅਤੇ ਕੀ ਨਾਥ, ਸਭ ਉਸ ਦੀ ਸ਼ਰਣ ਵਿਚ ਹਨ— ਸੁੰਨ ਮੰਡਲ ਇਕੁ ਜੋਗੀ ਬੈਸੇ ਨਾਰਿ ਪੁਰਖੁ ਕਹਹੁ ਕੋਊ ਕੈਸੇ ਤ੍ਰਿਭਵਣ ਜੋਤਿ ਰਹੇ ਲਿਵ ਲਾਈ ਸੁਰਿ ਨਰ ਨਾਥ ਸਚੇ ਸਰਣਾਈ (ਗੁ.ਗ੍ਰੰ.685)। ਪੁਰਸ਼ ਨੂੰ ਗੁਰਬਾਣੀ ਵਿਚ ਸਰਵ-ਵਿਆਪਕ ਮੰਨਿਆ ਗਿਆ ਹੈ— ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ (ਗੁ.ਗ੍ਰੰ.1291)।

            ਇਹ ਪੁਰਸ਼ ਕਰਤਾ ਹੀ ਨਹੀਂ, ਸੰਚਾਲਕ ਵੀ ਹੈ। ਸ੍ਰਿਸ਼ਟੀ ਨੂੰ ਪੈਦਾ ਕਰਕੇ ਉਸ ਨੂੰ ਆਪਣੇ ਆਪਣੇ ਧੰਧੇ ਲਗਾਣ ਵਾਲਾ ਵੀ ਹੈ। ਉਹ ਅਦਭੁਤ ਸ਼ਕਤੀ ਵਾਲਾ ਵੀ ਹੈ। ਉਹ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ। ਜੇ ਚਾਹੇ ਤਾਂ ਸ਼ੇਰਾਂ , ਬਾਜ਼ਾਂ, ਸ਼ਿਕਰਿਆਂ ਅਤੇ ਕੁਹੀਆਂ ਵਰਗੇ ਮਾਸਾਹਾਰੀ ਪਸ਼ੂ- ਪੰਛੀਆਂ ਨੂੰ ਘਾਹ ਖਵਾ ਸਕਦਾ ਹੈ। ਘਾਹ ਖਾਣ ਵਾਲਿਆਂ ਨੂੰ ਮਾਸਾਹਾਰੀ ਬਣਾ ਸਕਦਾ ਹੈ। ਨਦੀਆਂ ਵਿਚ ਟਿੱਬੇ ਵਿਖਾ ਸਕਦਾ ਹੈ ਅਤੇ ਥਲਾਂ ਨੂੰ ਅਸਗਾਹ ਸਾਗਰਾਂ ਵਿਚ ਬਦਲ ਸਕਦਾ ਹੈ। ਕੀੜੀਆਂ ਨੂੰ ਰਾਜ ਦਿਵਾ ਸਕਦਾ ਹੈ ਅਤੇ ਸੈਨਿਕ ਦਲਾਂ ਨੂੰ ਮਿੱਟੀ ਵਿਚ ਮਿਲਾ ਸਕਦਾ ਹੈ। ਸੁਆਸ ਲੈਣ ਵਾਲਿਆਂ ਨੂੰ ਬਿਨਾ ਸੁਆਸ ਦੇ ਜੀਉਂਦਾ ਰਖ ਸਕਦਾ ਹੈ। ਜਿਵੇਂ ਉਸ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਦੀ ਵਿਵਸਥਾ ਕਰਨ ਵਿਚ ਸਮਰਥ ਹੈ— ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ (ਗੁ.ਗ੍ਰੰ.144)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.