ਕਾਫ਼ੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 

 

ਕਾਫ਼ੀ : ਕਾਫ਼ੀ ਇੱਕ ਕਾਵਿ-ਰੂਪ ਹੈ। ਇਸ ਅਧਿਆਤਮਿਕ ਸਰੋਦੀ ਕਾਵਿ ਰੂਪ ਬਾਰੇ ਪੰਜਾਬੀ ਵਿੱਚ ਬੜਾ ਮੱਤ-ਭੇਦ ਹੈ। ਕੁਝ ਵਿਦਵਾਨ ਕਾਫ਼ੀ ਨੂੰ ਰਾਗਣੀ ਮੰਨਦੇ ਹਨ, ਦੂਸਰੇ ਇਸ ਨੂੰ ਛੰਦ ਅਥਵਾ ਤਾਟੰਕ ਛੰਦ ਦੀ ਇੱਕ ਚਾਲ ਕਹਿੰਦੇ ਹਨ। ਬਹੁਤੀਆਂ ਕਾਫ਼ੀਆਂ ਭਿੰਨ- ਭਿੰਨ ਰਾਗਾਂ ਵਿੱਚ ਹੋਣ ਕਰ ਕੇ ਇਸ ਨੂੰ ਰਾਗਣੀ ਨਹੀਂ ਕਿਹਾ ਜਾ ਸਕਦਾ। ਕਾਫ਼ੀ ਦੀਆਂ ਮਿਥੀਆਂ ਮਾਤਰਾਂ ਜਾਂ ਬੱਝਵਾਂ ਰੂਪ-ਵਿਧਾਨ ਨਾ ਹੋਣ ਕਰ ਕੇ ਇਸ ਨੂੰ ਛੰਦ ਵੀ ਨਹੀਂ ਮੰਨਿਆ ਜਾ ਸਕਦਾ। ਕਾਫ਼ੀ ਇੱਕ ਸੁਤੰਤਰ ਕਾਵਿ-ਭੇਦ ਹੈ, ਜੋ ਲੋਕ-ਕਾਵਿ ਦੇ ਹੋਰ ਰੂਪਾਂ ਵਾਂਗ ਪਰੰਪਰਾ ਤੋਂ ਉਪਜਿਆ ਹੈ।

 

     ਕਾਫ਼ੀ ਅਰਬੀ ਦਾ ਸ਼ਬਦ ਹੈ, ਜਿਸਦੇ ਕਈ ਅਰਥਾਂ ਵਿੱਚੋਂ ਇੱਕ ਅਰਥ ਸਥਾਈ ਵਾਲੀ ਤੁਕ ਹੈ। ਕਾਫ਼ੀ ਵਿੱਚ ਸਥਾਈ ਤੁਕ ਲਾਜ਼ਮੀ ਤੱਤ ਮੰਨੀ ਜਾਂਦੀ ਹੈ। ਇਸੇ ਤੁਕ ਵਿੱਚੋਂ ਕਾਫ਼ੀ ਦਾ ਮੁੱਖ ਭਾਵ ਪ੍ਰਗਟ ਹੁੰਦਾ ਹੈ, ਜਿਸ ਕਰ ਕੇ ਇਹੋ ਤੁਕ ਕਾਫ਼ੀ ਦੀ ਮੂਲ-ਪਛਾਣ ਅਥਵਾ ਇਸਦੀ ਵਿਲੱਖਣਤਾ ਬਣ ਗਈ ਹੈ। ਇਸ ਸਥਾਈ ਵਾਲੀ ਤੁਕ ਦੇ ਵਾਰ-ਵਾਰ ਦੁਹਰਾਉਣ ਤੋਂ ਇਸਦਾ ਨਾਂ ਕਾਫ਼ੀ ਪੈ ਗਿਆ।

     ਸੂਫ਼ੀਆਂ ਦੀਆਂ ਮਜਲਸਾਂ ਵਿੱਚ ਕਾਫ਼ੀ ਗਾਉਣ ਦੀ ਪ੍ਰਥਾ ਰਹੀ ਹੈ। ਇਹਨਾਂ ਮਜਲਸਾਂ ਵਿੱਚ ਸਥਾਈ ਵਾਲੀ ਤੁਕ ਨੂੰ ਆਧਾਰ ਬਣਾ ਕੇ ਗਾਉਣ ਵਾਲੇ ਪਦੇ ਨਾਲ ਜੋੜ ਲਏ ਜਾਂਦੇ। ਇਹ ਪਦੇ ਉਸੇ ਵੇਲੇ ਵੀ ਘੜ ਲਏ ਜਾਂਦੇ। ਲੋਕ-ਗੀਤਾਂ ਵਾਂਗ ਇਹਨਾਂ ਪਦਿਆਂ ਦੀ ਵੀ ਨਾ ਤਾਂ ਗਿਣਤੀ ਨਿਸ਼ਚਿਤ ਹੁੰਦੀ ਅਤੇ ਨਾ ਹੀ ਮਾਤਰਾਵਾਂ ਤੇ ਸਤਰਾਂ ਬਾਰੇ ਕੋਈ ਬੰਦਸ਼। ਮਜਲਸ ਵਿੱਚ ਪ੍ਰਧਾਨ ਗਾਇਕ ਪ੍ਰੇਮ ਰੰਗ ਵਿੱਚ ਰੰਗੇ ਪਦੇ ਗਾਇਆ ਕਰਦਾ, ਉਸਦੇ ਪਿੱਛੇ ਸਾਰੀ ਮੰਡਲੀ ਸਥਾਈ ਦੀ ਤੁਕ ਨੂੰ ਰਲ ਕੇ ਗਾਉਂਦੀ। ਇਸ ਨਾਲ ਸੂਫ਼ੀਆਂ ਦੀਆਂ ਮਜਲਸਾਂ ਵਿੱਚ ਕਾਫ਼ੀ ਇੱਕ ਵੱਖਰੀ ਧਾਰਨਾ ਦਾ ਰੂਪ ਗ੍ਰਹਿਣ ਕਰ ਗਈ। ਇਸ ਦ੍ਰਿਸ਼ਟੀ ਤੋਂ ਕਾਫ਼ੀ ਗਾਉਣ ਦਾ ਇੱਕ ਢੰਗ ਵਿਸ਼ੇਸ਼ ਹੈ। ਤੇਜਾ ਸਿੰਘ ਅਨੁਸਾਰ :

     ਕਾਫ਼ੀ ਕੋਈ ਖ਼ਾਸ ਰਾਗ ਨਹੀਂ। ਨਾ ਹੀ ਕਾਫ਼ੀ ਛੰਦਾਬੰਦੀ ਦੀ ਕੋਈ ਜ਼ਾਤ ਹੈ। ਕਾਫ਼ੀ ਦਾ ਮਤਲਬ ਵਾਰ-ਵਾਰ ਆਉਣਾ ਹੈ। ਸ਼ੁਰੂ-ਸ਼ੁਰੂ ਵਿੱਚ ਗੀਤ ਕਾਫ਼ੀ ਫ਼ਕੀਰਾਂ ਨੇ ਵਰਤਿਆ। ਕਾਫ਼ੀ ਦੀ ਅੰਤਲੀ ਸੁਰ ਨੂੰ ਸਾਰੇ ਰਲ ਕੇ ਗਾਉਂਦੇ ਹਨ।

     ਕਾਫ਼ੀ ਨਿਰੋਲ ਦੇਸੀ ਕਾਵਿ-ਸ਼ੈਲੀ ਹੈ, ਜਿਸਦਾ ਪ੍ਰਯੋਗ ਗੁਰੂ ਸਾਹਿਬਾਨਾਂ ਅਤੇ ਸੂਫ਼ੀ ਕਵੀਆਂ ਨੇ ਅਧਿਆਤਮਿਕ ਰਹੱਸਵਾਦੀ ਭਾਵਾਂ ਦੇ ਪ੍ਰਗਟਾਅ ਲਈ ਕੀਤਾ। ਕਾਫ਼ੀ ਵਿੱਚ ਰਹੱਸਵਾਦੀ ਵਿਸ਼ੇ ਦਾ ਲੋਕ-ਬੋਲੀ ਵਿੱਚ ਪ੍ਰਗਟਾਅ, ਇਹਨਾਂ ਦਾ ਸੰਗੀਤਿਕ ਪੱਖ, ਲੋਕ-ਜੀਵਨ ਵਿੱਚੋਂ ਲਏ ਗਏ ਪ੍ਰਤੀਕ, ਲੋਕ-ਗੀਤਾਂ ਵਾਲੀਆਂ ਬਹਿਰਾਂ ਅਤੇ ਲੋਕ- ਕਾਵਿ ਰੂਪਾਂ ਦੀ ਵਰਤੋਂ ਇਹਨਾਂ ਨੂੰ ਲੋਕ-ਗੀਤਾਂ ਵਾਲੀ ਰੰਗਤ ਪ੍ਰਦਾਨ ਕਰਦੇ ਹਨ। ਲੋਕ-ਗੀਤਾਂ ਵਾਂਗ ਹੀ ਇਹ ਲੋਕ-ਪ੍ਰਿਆ ਹਨ।

     ਕਾਫ਼ੀ ਦਾ ਜਨਮ ਸਥਾਨ ਮੁਲਤਾਨ ਮੰਨਿਆ ਜਾਂਦਾ ਹੈ, ਜਿੱਥੇ ਸੂਫ਼ੀਆਂ ਦੀਆਂ ਮੁੱਢਲੀਆਂ ਮਜਲਸਾਂ ਲੱਗਦੀਆਂ ਰਹੀਆਂ। ਲਹਿੰਦੇ ਵਾਲੇ ਪਾਸੇ ਕਾਫ਼ੀ ਨੂੰ ਮੁਲਤਾਨੀ ਕਾਫ਼ੀ ਆਖਿਆ ਜਾਂਦਾ ਹੈ। ਮੁਲਤਾਨ, ਝੰਗ ਅਤੇ ਮਘਿਆਣਾ ਆਦਿ ਇਲਾਕਿਆਂ ਵਿੱਚ ਅੱਜ ਵੀ ਕਾਫ਼ੀ ਦੂਜੇ ਕਾਵਿ- ਰੂਪਾਂ ਨਾਲੋਂ ਵਧੇਰੇ ਪ੍ਰਚਲਿਤ ਹੈ। ਲਹਿੰਦੇ ਵਿੱਚ ਤਾਂ ਇਹ ਕਾਵਿ-ਰੂਪ ਲੋਕ ਪੱਧਰ ਤੇ ਏਨਾ ਵਿਕਸਿਤ ਹੋਇਆ ਕਿ ਕੰਮ ਵਿੱਚ ਰੁੱਝੇ ਹਾਲੀ, ਡੰਗਰ ਚਾਰਦੇ ਵਾਗੀ ਅਤੇ ਖੂਹਾਂ ਤੇ ਪਾਣੀ ਭਰਦੀਆਂ ਜਾਂ ਭੱਤਾ ਲੈ ਕੇ ਜਾਂਦੀਆਂ ਮੁਟਿਆਰਾਂ ਵੀ ਕਾਫ਼ੀਆਂ ਗੁਣਗੁਣਾਉਂਦੀਆਂ ਰਹਿੰਦੀਆਂ।

     ਕਾਫ਼ੀ ਸੂਫ਼ੀ-ਕਾਵਿ ਦੀ ਸੰਚਾਰ-ਵਿਧੀ ਬਣਨ ਤੋਂ ਪਹਿਲਾਂ ਗੁਰਮਤਿ-ਕਾਵਿ ਵਿੱਚ ਮੌਜੂਦ ਸੀ। ਪੰਜਾਬੀ ਵਿੱਚ ਪਹਿਲਾ ਰੂਪ ਗੁਰੂ ਨਾਨਕ ਦੇਵ ਦੀਆਂ ਕਾਫ਼ੀਆਂ ਹਨ, ਜੋ ਆਸਾ, ਸੂਹੀ ਤੇ ਮਾਰੂ ਰਾਗਾਂ ਵਿੱਚ ਦਰਜ ਹਨ। ਕਾਫ਼ੀ ਰਚਨਾ ਵਿੱਚ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਨੇ ਵੀ ਹਿੱਸਾ ਪਾਇਆ। ਇਹਨਾਂ ਕਾਫ਼ੀਆਂ ਵਿੱਚ ਮੁੱਖ ਰੂਪ ਵਿੱਚ ਸੰਸਾਰ ਦੀ ਨਾਸ਼ਮਾਨਤਾ, ਹਉਮੈ ਦਾ ਤਿਆਗ ਅਤੇ ਸੱਚ ਦੀ ਵਡਿਆਈ ਹੈ। ਇਸਦੇ ਬਾਵਜੂਦ ਇਹ ਕਾਵਿ-ਰੂਪ ਪੰਜਾਬੀ ਸੂਫ਼ੀ ਕਵੀਆਂ ਵੱਲੋਂ ਹੀ ਵਧੇਰੇ ਪ੍ਰਵਾਨ ਚੜ੍ਹਿਆ। ਸੂਫ਼ੀ ਕਵੀਆਂ ਨੇ ਆਪਣੇ ਰਹੱਸਮਈ ਵਿਚਾਰਾਂ ਨੂੰ ਮਸਤੀ ਭਰੇ ਗੀਤਾਂ ਦੇ ਰੂਪ ਵਿੱਚ ਵਜਦ ਵਿੱਚ ਆ ਕੇ ਮੰਡਲੀ ਵਿੱਚ ਗਾਇਆ। ਪੰਜਾਬੀ ਸੂਫ਼ੀ ਕਵੀਆਂ ਵਿੱਚੋਂ ਸਭ ਤੋਂ ਪਹਿਲਾਂ ਸ਼ਾਹ ਹੁਸੈਨ ਨੇ ਕਾਫ਼ੀਆਂ ਲਿਖੀਆਂ ਹਨ, ਜੋ ਆਸਾ, ਗਉੜੀ, ਮਾਝ, ਝੰਝੋਟੀ, ਜੈਜਾਵੰਤੀ ਆਦਿ ਕਈ ਰਾਗਾਂ ਵਿੱਚ ਲਿਖੀਆਂ ਮਿਲਦੀਆਂ ਹਨ। ਇਸ ਤੋਂ ਬਿਨਾਂ ਸ਼ਾਹ ਸ਼ਰਫ਼, ਸ਼ਾਹ ਹਬੀਬ, ਸ਼ਾਹ ਮੁਰਾਦ, ਬੁੱਲ੍ਹੇਸ਼ਾਹ, ਗ਼ੁਲਾਮ ਫ਼ਰੀਦ ਆਦਿ ਸੂਫ਼ੀ ਕਵੀਆਂ ਨੇ ਵੀ ਕਾਫ਼ੀਆਂ ਦਾ ਭੰਡਾਰਾ ਭਰਿਆ।

            ਕਾਫ਼ੀ ਦਾ ਮੂਲ ਵਿਸ਼ਾ ਇਸ਼ਕ ਹੈ। ਇਹਨਾਂ ਵਿੱਚ ਬਿਰਹਾ ਦਾ ਸਲ, ਪ੍ਰੇਮ ਦੀਆਂ ਖਿੱਚਾਂ, ਸੰਸਾਰਿਕ ਨਾਸ਼ਮਾਨਤਾ ਆਦਿ ਰਹੱਸਮਈ ਅਤੇ ਉੱਚੇ-ਸੁੱਚੇ ਵਿਚਾਰਾਂ ਨੂੰ ਬਿਆਨਿਆ ਹੁੰਦਾ ਹੈ। ਕਾਫ਼ੀ ਵਿੱਚ ਇਸ਼ਕ ਮਿਜਾਜ਼ੀ ਦੇ ਬੋਲਾਂ ਵਿੱਚ ਇਸ਼ਕ ਹਕੀਕੀ ਦੀਆਂ ਤਾਨਾਂ ਵਜਦੀਆਂ ਹਨ। ਪ੍ਰੀਤਮ ਨਾਲ ਮੇਲ ਦੀਆਂ ਘੜੀਆਂ ਦਾ ਸੁਆਦ ਅਤੇ ਵਿਯੋਗ ਦੀ ਪੀੜਾ ਦਾ ਬੇਬਾਕ ਵਰਣਨ ਹੁੰਦਾ ਹੈ। ਇਹਨਾਂ ਵਿਚਲਾ ਪ੍ਰੇਮ ਰੱਬ ਨਾਲ ਵੀ ਹੋ ਸਕਦਾ ਹੈ ਤੇ ਮੁਰਸ਼ਦ ਨਾਲ ਵੀ। ਸੰਸਾਰ ਦੇ ਝੂਠੇ ਪਿਆਰ ਨੂੰ ਤਿਆਗ ਕੇ ਹੀ ਸੱਚਾ ਪਿਆਰ ਕੀਤਾ ਜਾ ਸਕਦਾ ਹੈ। ਬੁੱਲ੍ਹੇਸ਼ਾਹ ਨੇ ਸਮਾਜਿਕ ਭ੍ਰਿਸ਼ਟਾਚਾਰ ਨੂੰ ਵੀ ਕਾਫ਼ੀ ਦੇ ਵਿਸ਼ਿਆਂ ਵਿੱਚ ਸ਼ਾਮਲ ਕਰ ਲਿਆ ਸੀ। ਨਾਲ ਹੀ ਗਿਲੇ, ਨਿਹੋਰੇ ਅਤੇ ਉਲਾਂਭੇ ਦਾ ਰੰਗ ਵੀ ਚੋਖਾ ਹੈ। ਇਹਨਾਂ ਕਾਫ਼ੀਆਂ ਵਿੱਚ ਸੂਫ਼ੀ ਵਿਚਾਰਧਾਰਾ ਦੀ ਵਿਆਖਿਆ ਵੀ ਹੁੰਦੀ ਚਲੀ ਜਾਂਦੀ ਹੈ :

ਆਪੁ ਨੂੰ ਪਛਾਣ ਬੰਦੇ।

ਜੇ ਤੁਧ ਆਪਣਾ ਆਪ ਪਛਾਤਾ,

ਸਾਹਿਬ ਦਾ ਮਿਲਣ ਆਸਾਨ ਬੰਦੇ।

ਉੱਚੀ ਮਾੜੀ ਸੁਇਨੇ ਦੀ ਸੇਜਾ,

ਹਰ ਬਿਨ ਜਾਣ ਮਸਾਣ ਬੰਦੇ।

ਇਥੇ ਰਹਿਣ ਕਿਸੇ ਦਾ ਨਾਹੀਂ,

ਕਾਹੇ ਨੂੰ ਤਾਣਹਿ ਤਾਣ ਬੰਦੇ।

ਕਹੈ ਹੁਸੈਨ ਫ਼ਕੀਰ ਰੱਬਾਣਾ,

          ਫ਼ਾਨੀ ਸਭ ਜਹਾਨ ਬੰਦੇ।

     ਕਾਫ਼ੀਆਂ ਦਾ ਬੁਨਿਆਦੀ ਤੱਤ ਰਾਗਾਤਮਿਕਤਾ ਅਤੇ ਲੈਅ ਹੈ। ਸੰਬੋਧਨਾਤਮਿਕ ਸ਼ਬਦ ਸਰਲ ਸੁਭਾਵਿਕ ਬੋਲੀ, ਘਰੇਲੂ ਪ੍ਰਤੀਕ, ਜਜ਼ਬੇ ਦਾ ਤੀਖਣ ਬਿਆਨ, ਸਰੋਦੀ ਹੂਕ, ਬਿਆਨ ਦੀ ਨਜ਼ਾਕਤ, ਭਾਵ ਸੂਖਮਤਾ ਆਦਿ ਸਾਰੀਆਂ ਵਿਸ਼ੇਸ਼ਤਾਈਆਂ ਰਲ ਕੇ ਕਾਫ਼ੀ ਨੂੰ ਵੱਖਰੀ ਪਛਾਣ ਬਖ਼ਸ਼ਦੀਆਂ ਹਨ। ਅਸਲ ਵਿੱਚ ਕਾਫ਼ੀ ਅਜਿਹਾ ਕਾਵਿ-ਰੂਪ ਹੈ, ਜਿਸ ਵਿੱਚ ਸਭ ਤੋਂ ਵੱਧ ਜਜ਼ਬੇ ਦੀ ਤੀਬਰਤਾ ਦੀ ਲੋੜ ਹੈ ਅਤੇ ਜਿਸ ਵਿੱਚ ਸਭ ਤੋਂ ਘੱਟ ਰੂਪਕ ਬੰਦਸ਼ ਹੈ। ਇਸ ਵਰਗੀ ਤੋਲ ਦੀ ਭਿੰਨਤਾ, ਵਿਸ਼ੇ ਵਿਭਿੰਨਤਾ ਤੇ ਜਜ਼ਬਿਆਂ ਦੀ ਬਹੁਰੰਗੀ ਤਸਵੀਰ ਹੋਰ ਕਿਸੇ ਕਾਵਿ-ਰੂਪ ਵਿੱਚ ਨਹੀਂ ਮਿਲਦੀ।

     ਬੁੱਲ੍ਹੇਸ਼ਾਹ ਤੋਂ ਮਗਰੋਂ ਕਾਫ਼ੀ ਰਚਨਾ ਇਕਦਮ ਮੱਧਮ ਪੈ ਗਈ, ਪਰ ਪੱਛਮੀ ਪੰਜਾਬ ਵਿੱਚ ਅੱਜ ਵੀ ਮੇਲਿਆਂ ਅਤੇ ਇਕੱਠਾਂ `ਤੇ ਕਾਫ਼ੀਆਂ ਦੀਆਂ ਮਹਿਫ਼ਲਾਂ ਲੱਗਦੀਆਂ ਹਨ। ਉੱਥੇ ਲੰਮਾ ਸਮਾਂ ਬੀਤ ਜਾਣ ਤੇ ਵੀ ਕਾਫ਼ੀ ਆਪਣੀ ਮੂਲ ਪਰੰਪਰਾ ਤਿਆਗ ਨਹੀਂ ਸਕੀ। ਇਸਦਾ ਪ੍ਰਧਾਨ ਵਿਸ਼ਾ ਇਸ਼ਕ ਹੀ ਰਿਹਾ ਹੈ ਅਤੇ ਬੋਲੀ ਲਹਿੰਦੇ ਪ੍ਰਭਾਵ ਵਾਲੀ ਪੰਜਾਬੀ। ਵਿਸ਼ੇ ਵਿਭਿੰਨਤਾ, ਤੋਲ ਦੀ ਭਿੰਨਤਾ ਅਤੇ ਬਹੁਰੰਗੀ ਭਾਵਾਂ ਕਾਰਨ ਕਾਫ਼ੀ ਦੇ ਰੂਪ ਵਿੱਚ ਲਚਕਤਾ ਜ਼ਰੂਰ ਆ ਗਈ ਹੈ।


ਲੇਖਕ : ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 32100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਫ਼ੀ 1 [ਵਿਸ਼ੇ] ਬਹੁਤ, ਚੋਖਾ, ਬਥੇਰਾ 2 [ਨਾਂਇ] ਗਾਉਣ ਵਾਲ਼ਾ ਇੱਕ ਕਾਵਿ-ਰੂਪ 3 [ਨਾਂਇ] ਇੱਕ ਬੂਟਾ , ਇਸ ਦੇ ਬੀਜ ਜੋ ਭੁੰਨ ਕੇ ਅਤੇ ਚਾਹ ਵਾਂਗ ਉਬਾਲ਼ ਕੇ ਪੀਤੇ ਜਾਂਦੇ ਹਨ, ਇੱਕ ਪੀਣ ਵਾਲ਼ਾ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਫ਼ੀ: ‘ਕਾਫ਼ੀ’ ਕੀ ਹੈ ? ਇਸ ਬਾਰੇ ਵਿਦਵਾਨਾਂ ਵਿਚ ਮਤ -ਏਕਤਾ ਨਹੀਂ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨਕੋਸ਼’ ਵਿਚ ਇਸ ਬਾਰੇ ਦਸਦਿਆਂ ਦੋ ਮੁੱਖ ਸਥਾਪਨਾਵਾਂ ਕੀਤੀਆਂ ਹਨ। ਪਹਿਲੀ ਇਹ ਕਿ ਇਹ ਕਾਫ਼ੀ ਠਾਟ ਦੀ ਸੰਪੂਰਣ ਰਾਗਿਨੀ ਹੈ। ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ। ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ। ਪੰਚਮ ਵਾਦੀ ਅਤੇ ਸ਼ੜਜ ਸੰਵਾਦੀ ਹੈ। ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਕਈਆਂ ਨੇ ਕਾਫ਼ੀ ਨੂੰ ਧਮਾਰ ਨਾਉਂ ਦਿੱਤਾ ਹੈ।... ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਫ਼ੀ ਵਖਰੀ ਨਹੀਂ ਲਿਖੀ, ਕਿੰਤੂ ਆਸਾ , ਤਿਲਿੰਗ, ਸੂਹੀ ਅਤੇ ਮਾਰੂ ਨਾਲ ਮਿਲਾ ਕੇ ਲਿਖੀ ਗਈ ਹੈ। ਦੂਜੀ ਇਹ ਕਿ ਇਹ ਗੀਤ ਦੀ ਇਕ ਧਾਰਣਾ ਹੈ। ਅਰਬੀ ਵਿਚ ‘ਕਾਫ਼ੀ’ ਦਾ ਅਰਥ ਹੈ ਪਿਛੇ ਚਲਣ ਵਾਲਾ, ਅਨੁਚਰ, ਅਨੁਗਾਮੀ। ਛੰਦ ਦਾ ਉਹ ਪਦ , ਜੋ ਸਥਾਈ (ਰਹਾਉ) ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ , ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼੍ਰਾਮ ਪੁਰ ਆਵੇ, ਸੋ ‘ਕਾਫ਼ੀ’ ਹੈ। ਇਹ ਛੰਦ ਦੀ ਖ਼ਾਸ ਜਾਤਿ ਨਹੀਂ, ਸੂਫ਼ੀ ਫ਼ਕੀਰ ਜੋ ਪ੍ਰੇਮ-ਰਸ ਭਰੇ ਪਦ ਗਾਇਆ ਕਰਦੇ ਸਨ ਅਤੇ ਜਿਨ੍ਹਾਂ ਪਿਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ‘ਕਾਫ਼ੀ’ ਨਾਮ ਤੋਂ ਪ੍ਰਸਿੱਧ ਹਨ।

            ‘ਕਾਫ਼ੀ’ ਵਾਸਤੇ ਕੋਈ ਛੰਦ ਨਿਸਚਿਤ ਨਹੀਂ ਅਤੇ ਨ ਹੀ ਇਹ ਖ਼ੁਦ ਕੋਈ ਛੰਦ ਹੈ। ਇਸ ਨੂੰ ਚੌਪਈ, ਤਾਟੰਕ ਆਦਿ ਛੰਦਾਂ ਵਿਚ ਲਿਖਿਆ ਜਾ ਸਕਦਾ ਹੈ।

            ਡਾ. ਮੋਹਨ ਸਿੰਘ ਨੇ ‘ਸ਼ਾਹ ਹੁਸੈਨ ’ ਨਾਮਕ ਪੁਸਤਕ ਵਿਚ ਕਾਫ਼ੀ ਨੂੰ ‘ਰਾਗਨੀ’ ਮੰਨਿਆ ਹੈ ਅਤੇ ਗੁਰਬਾਣੀ ਦੇ ਚਉਪਦਿਆਂ ਨੂੰ ਵੀ ਕਾਫ਼ੀ ਕਹਿਣੋਂ ਸੰਕੋਚ ਨਹੀਂ ਕੀਤਾ। ਪਰ ਪਿ੍ਰੰਸੀਪਲ ਤੇਜਾ ਸਿੰਘ ਨੇ ‘ਸਾਹਿਤ ਦਰਸ਼ਨ’ ਵਿਚ ਇਸ ਨੂੰ ਛੰਦ ਜਾਂ ਕਾਵਿ-ਰੂਪ ਕਿਹਾ ਹੈ।

            ਸਪੱਸ਼ਟ ਹੈ ਕਿ ਅਜੇ ਤਕ ‘ਕਾਫ਼ੀ’ ਨੂੰ ਠੀਕ ਢੰਗ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਿਆ। ਅਸਲ ਵਿਚ ‘ਕਾਫ਼ੀ’ ਇਕ ਪ੍ਰਕਾਰ ਦਾ ਰੂਹਾਨੀ ਗੀਤ ਹੈ ਜੋ ਸੂਫ਼ੀ ਫ਼ਕੀਰਾਂ ਦੀਆਂ ਮਜਲਸਾਂ ਵਿਚ ਇਸ ਤਰ੍ਹਾਂ ਗਾਇਆ ਜਾਂਦਾ ਹੈ ਜਿਸ ਤਰ੍ਹਾਂ ਸਿੱਖ ਧਰਮ ਦੇ ਦੀਵਾਨਾਂ ਵਿਚ ਚਉਪਦੇ ਅਥਵਾ ਸ਼ਬਦ ਅਤੇ ਵੈਸ਼ਣਵ ਜਾਂ ਸਗੁਣ ਭਗਤਾਂ ਦੀਆਂ ਮੰਡਲੀਆਂ ਵਿਚ ਬਿਸਨਪਦੇ ਗਾਏ ਜਾਂਦੇ ਹਨ। ‘ਕਾਫ਼ੀ’ ਨੂੰ ਵਿਕਾਸ ਦੀਆਂ ਅਨੇਕ ਮੰਜ਼ਲਾਂ ਵਿਚੋਂ ਲਿੰਘਣਾ ਪਿਆ ਹੈ। ਇਸ ਲਈ ਸ਼ੁਰੂ ਵਿਚ, ਸੰਭਵ ਹੈ, ਇਹ ਗਾਉਣ ਦੀ ਕੋਈ ਤਰਜ਼ ਰਹੀ ਹੋਵੇ ਅਤੇ ਜੋ ਕਾਲਾਂਤਰ ਵਿਚ ਵਿਸ਼ੇਸ਼ ਰਾਗਿਨੀ ਵਜੋਂ ਪ੍ਰਚਲਿਤ ਵੀ ਹੋ ਗਈ ਹੋਵੇ।

            ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ , ਤੀਜੇ , ਚੌਥੇ, ਪੰਜਵੇਂ ਅਤੇ ਨੌਵੇਂ ਗੁਰੂਆਂ ਦੀ ਲਿਖੀਆਂ ਕਾਫ਼ੀਆਂ ਮਿਲਦੀਆਂ ਹਨ। ਇਨ੍ਹਾਂ ਦਾ ਮੁੱਖ ਵਿਸ਼ਾ ਹੈ ਸੰਸਾਰਿਕਤਾ ਦਾ ਮੋਹ ਤਿਆਗਣਾ, ਹਉਮੈ ਤੋਂ ਬਚਣਾ ਆਦਿ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਫ਼ੀ: ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਅਗਵਾਈ ਦੇਣ ਵਾਲਾ, ਗਿਆਨ ਦੇਣ ਵਾਲਾ, ਲੋੜ ਪੂਰੀ ਕਰਨ ਵਾਲਾ। ਕਾਵਿ ਸ਼ਾਸਤਰ ਵਿਚ ਇਹ ਗੀਤ ਜਾਂ ਸ਼ਬਦ ਦਾ ਸਥਾਈ ਪਦਾ ਹੈ ਅਤੇ ਅਰਬੀ ਭਾਸ਼ਾ ਅਤੇ ਭਾਰਤੀ ਸਾਹਿਤ ਵਿਚ ਇਹ ਕਾਵਿ ਰੂਪ ਹੈ। ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲਾਂ ਇਸ ਕਾਵਿ ਰੂਪ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਤੇ ਫਿਰ ਇਸਨੂੰ ਸੂਫ਼ੀ ਕਵੀਆਂ ਅਤੇ ਹੋਰਾਂ ਨੇ ਅਪਣਾਇਆ ਸੀ। ਕਾਫ਼ੀ ਨੂੰ ਰਾਗਿਨੀ ਅਤੇ ਛੰਦ ਵੀ ਕਿਹਾ ਗਿਆ ਹੈ ਭਾਵੇਂ ਕਿ ਇਸ ਉੱਤੇ ਮੱਤ-ਭੇਦ ਵੀ ਹਨ। ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ , ਵਿਚ ਕਾਫ਼ੀਆਂ ਨੂੰ ਕਿਸੇ ਇਕ ਰਾਗ ਦੇ ਅਧੀਨ ਨਹੀਂ ਰੱਖਿਆ ਗਿਆ; ਇਹ ਆਸਾ , ਤਿਲੰਗ, ਸੂਹੀ ਅਤੇ ਮਾਰੂ ਰਾਗਾਂ ਵਿਚ ਆਉਂਦੀਆਂ ਹਨ। ਇਸ ਤਰ੍ਹਾਂ ਵੱਖ-ਵੱਖ ‘ਰਾਗਾਂ’ ਅਤੇ ਵੱਖ-ਵੱਖ ‘ਘਰੁ` ਵਿਚ ਇਹਨਾਂ ਦੀ ਥਾਂ ਨਿਰਧਾਰਿਤ ਕੀਤੀ ਗਈ ਹੈ: ਆਸਾ ਰਾਗ ਵਿਚ ਘਰੁ ਅੱਠ ਨਾਲ , ਸੂਹੀ ਰਾਗ ਵਿਚ ਘਰੁ ਦਸਵੇਂ ਨਾਲ, ਮਾਰੂ ਰਾਗ ਵਿਚ ਇਹ ਘਰੁ ਦੋ ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਯੋਗਦਾਨ ਪਾਉਣ ਵਾਲੇ ਗੁਰੂ ਅੰਗਦ ਦੇਵ ਜੀ ਤੋਂ ਬਿਨਾਂ ਬਾਕੀ ਸਾਰੇ ਪੰਜ ਗੁਰੂ ਸਾਹਿਬਾਨ ਨੇ ਕਾਫ਼ੀਆਂ ਦੀ ਰਚਨਾ ਕੀਤੀ ਹੈ। ਇਹਨਾਂ ਕਾਫ਼ੀਆਂ ਦਾ ਮੁੱਖ ਵਿਸ਼ਾ ਇਸ ਅਸਥਾਈ ਜਗਤ ਬਾਰੇ ਅਪ੍ਰਤੱਖ ਸੁਝਾਵਾਂ ਰਾਹੀਂ ਇਹ ਸਮਝਾਉਂਦਾ ਹੈ ਕਿ ਇਸ ਦ੍ਰਿਸ਼ਟਮਾਨ ਜਗਤ ਨਾਲ ਮੋਹ ਨਹੀਂ ਰੱਖਣਾ ਚਾਹੀਦਾ। ਦੁਨਿਆਵੀ ਵਸਤੂਆਂ ਨਾਲ ਲਗਾਉ ਅਤੇ ਸੰਬੰਧ ਆਤਮਾ ਨੂੰ ਬੰਧਨ ਵੱਲ ਲੈ ਜਾਂਦੇ ਹਨ। ਜਨਮ, ਮੌਤ ਅਤੇ ਮੁੜ ਜਨਮ ਦੇ ਚੱਕਰ ਨੂੰ ਤੋੜ ਕੇ ਅਤੇ ਮੁਕਤੀ ਪ੍ਰਾਪਤ ਕਰਨ ਜਾਂ ਪਰਮ-ਸੱਤਾ ਨਾਲ ਮੇਲ ਹਾਸਲ ਕਰਨ ਲਈ ਮਨੁੱਖ ਨੂੰ ਹਉਮੈ ਦਾ ਨਾਸ ਕਰਕੇ ਪਰਮਾਤਮਾ ਦੇ ਭਾਣੇ ਅੱਗੇ ਝੁਕਣਾ ਜ਼ਰੂਰੀ ਹੈ। ਨਾ ਤਾਂ ਦੁਨਿਆਵੀ ਪਦਾਰਥਾਂ ਦਾ ਸੰਗ੍ਰਹਿ ਅਤੇ ਨਾ ਹੀ ਹੋਰ ਕਿਸੇ ਕਿਸਮ ਦੀ ਦੁਨਿਆਵੀ ਪਦਵੀ ਦੈਵੀ ਦਰਬਾਰ ਵਿਚ ਕੋਈ ਸਹਾਇਤਾ ਕਰ ਸਕਦੇ ਹਨ। ਉੱਥੇ ਕੇਵਲ ਚੰਗੇ ਅਤੇ ਨੇਕ ਕਰਮ ਹੀ ਮਨੁੱਖ ਦੇ ਪਰਮਾਤਮਾ ਪ੍ਰਤੀ ਪ੍ਰੇਮ ਦਾ ਸੰਕੇਤ ਸਮਝੇ ਜਾਂਦੇ ਹਨ।


ਲੇਖਕ : ਧ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਫ਼ੀ : ‘ਕਾਫ਼ੀ’ ਅਰਬੀ ਸ਼ਬਦ ਹੈ ਅਤੇ ਇਸ ਦੇ ਅਰਥ ਹਨ––ਬੇਨਿਆਜ਼ ਕਰਨ ਵਾਲ, ਅੱਗੇ ਅੱਗੇ ਚਲਣ ਵਾਲ, ਗਿਆਨਵਾਨ, ਲੋੜ ਪੂਰੀ ਕਰਨ ਵਾਲਾ। ਕਾਵਿ ਖੇਤਰ ਵਿਚ ਇਹ ਗੀਤਾ ਦਾ ਉਹ ਸਥਾਈ ਪਦ ਹੈ ਜਿਸ ਦੇ ਨਾਲ ਗਾਉਣ ਲਈ ਹੋਰ ਤੁਕਾਂ ਜੋੜੀਆਂ ਜਾਣ। ਗੀਤ ਗਾਉਣ ਸਮੇਂ ਇਹ ਤੁਕ ਗੀਤ ਵਿਚ ਵਾਰ ਵਾਰ ਆਉਂਦੀ ਹੈ।

          ਕਈਆਂ ਨੇ ਕਾਫ਼ੀ ਨੂੰ ‘ਤਾਟੰਕ ਛੰਦ’ ਦੀ ਇਕ ਚਾਲ ਦੱਸਿਆ ਹੈ, ਪਰ ਇਹ ਠੀਕ ਨਹੀਂ ਕਿਉਂਕਿ ਕਾਫ਼ੀਆਂ ਭਿੰਨ ਭਿੰਨ ਰਾਗਾਂ ਵਿਚ ਲਿਖਿਆਂ ਮਿਲਦੀਆਂ ਹਨ। ਕਈਆਂ ਨੇ ਕਾਫ਼ੀ ਨੂੰ ਰਾਗ ਵੀ ਕਿਹਾ ਹੈ, ਪਰ ਇਸ ਦਾ ਸੰਬੰਧ ਕਿਸੇ ਇਕ ਰਾਗ ਨਾਲ ਨਹੀਂ। ਕਾਫ਼ੀਆਂ ਕਈ ਰਾਗਾਂ ਵਿਚ ਲਿਖੀਆਂ ਗਈਆਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ ਕਾਫ਼ੀ ਵੱਖਰੀ ਨਹੀਂ ਲਿਖੀ ਗਈ, ਸਗੋਂ ਇਸ ਨੂੰ ਆਸਾ, ਤਿਲੰਗ, ਸੂਹੀ ਤੇ ਮਾਰੂ ਰਾਗਾਂ ਨਾਲ ਮਿਲਾ ਕੇ ਪੇਸ਼ ਕੀਤਾ ਗਿਆ ਹੈ। ਹਾਂ, ਅੱਗੇ ਹਰ ਰਾਗ ਵਿਚ ਇਸ ਦੀ ਥਾਂ ਨੀਅਤ ਹੇ ਜਿਵੇਂ ਆਸਾ ਰਾਗ ਦੀਆਂ ਪੰਜੇ ਕਾਫ਼ੀਆਂ ਨਾਲ ਘਰ ੧੦ ਲਿਖਿਆ ਹੈ ਅਤੇ ਰਾਗ ਮਾਰੂ ਵਿਚ ਘਰ ੨ ਲਿਖਿਆ ਹੈ। ਭਾਵ ਹਰ ਰਾਗ ਵਿਚ ਇਸ ਦੀ ਥਾਂ ਨੀਅਤ ਹੈ।

          ਵਾਸਤਵ ਵਿਚ, ਕਾਫ਼ੀ ਕੌਈ ਖ਼ਾਸ ਛੰਦ ਨਹੀਂ, ਕੇਵਲ ਗਾਉਣ ਦਾ ਇਕ ਢੰਗ ਹੈ। ਸੂਫ਼ੀ ਫ਼ਕੀਰ ਮਸਤੀ ਭਰੇ ਗੀਤ ਗਾਉਂਦੇ ਹਨ ਅਤੇ ਗੀਤ ਦੀ ਮੁੱਖ ਤੁਕ, ਉਨ੍ਹਾਂ ਦੇ ਗਿਰਦ ਬੈਠੇ ਮੁਗੰਦ ਦੁਹਰਾਂਦੇ ਹਨ, ਅਜਿਹਾ ਗੀਤ ਹੀ ‘ਕਾਫ਼ੀ’ ਸਦਾਉਂਦਾ ਹੈ।

          ਪੰਜਾਬੀ ਵਿਚ ਪਹਿਲੀ ਵਾਰ ਲਿਖੀਆ ਕਾਫ਼ੀਆਂ ਗੁਰੂ ਨਾਨਕ ਦੇਵ ਜੀ ਦੀਆਂ ਮਿਲਦੀਆਂ ਹਨ ਜੋ ਆਸਾ, ਸੂਹੀ ਤੇ ਮਾਰੂ ਰਾਗਾਂ ਵਿਚ ਦਰਜ ਹਨ। ਕਾਫ਼ੀ ਰਚਨਾ ਵਿਚ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਨੇ ਵੀ ਹਿੱਸਾ ਪਾਇਆ ਹੈ। ਇਨ੍ਹਾਂ ਕਾਫ਼ੀਆਂ ਵਿਚ ਮੁੱਖ ਰੂਪ ਵਿਚ ਸੰਸਾਰ ਦੀ ਨਾਸ਼ਮਾਨਤਾ ਦਾ ਹੀ ਵਰਣਨ ਕੀਤਾ ਹੈ; ਜੀਵਾਤਮਾ ਆਣ ਜਾਣ ਦੇ ਚੱਕਰ ਵਿਚ ਰਹਿੰਦੀ ਹੈ, ਹਉਮੈ ਮਾਰ ਕੇ ਪਿਆਰੇ ਦਾ ਹੋ ਰਹਿਣਾ ਮੁਕਤੀ ਹੈ; ਸਚੁ ਦਾ ਵੱਖਰ ਹੀ ਅੱਗੇ ਸਹਾਇਕ ਹੋਏਗਾ।

          ਪੰਜਾਬ ਦੇ ਸੂਫ਼ੀ ਕਵੀਆਂ ਵਿਚੋਂ ਸਭ ਤੋਂ ਪਹਿਲੇ ਸ਼ਾਹ ਹੁਸੈਨ ਨੇ ਕਾਫ਼ੀਆਂ ਲਿਖੀਆਂ ਹਨ। ਇਸ ਦੀਆਂ ਕਾਫ਼ੀਆਂ ਰਾਗ ਆਸਾ, ਗਾਉੜੀ, ਮਾਝ, ਝੰਝੋਟੀ, ਜੈਜਾਵੰਤੀ ਆਦਿ ਕਈ ਰਾਗਾਂ ਵਿਚ ਲਿਖਿਆਂ ਮਿਲਦੀਆਂ ਹਨ। ਇਸ ਤਰ੍ਹਾਂ ਸ਼ਾਹ ਸ਼ਰਫ, ਸ਼ਾਹ ਹਬੀਬ, ਸ਼ਾਹ ਮੁਰਾਦ , ਬੁੱਲ੍ਹੇ ਸ਼ਾਹ, ਗੁਲਾਮ ਫ਼ਰੀਦ ਆਦਿ ਸੂਫ਼ੀ ਕਵੀਆਂ ਨੇ ਵੀ ਕਾਫ਼ੀਆਂ ਦੇ ਭੰਡਾਰ ਨੂੰ ਭਰਿਆ ਹੈ। ਇਨ੍ਹਾਂ ਸੂਫ਼ੀਆਂ ਦਾ ਮੁੱਖ ਮਜ਼ਮੂਲ ਬਿਰਹਾ ਅਤੇ ਪ੍ਰੇਮ ਹੈ। ਇਹ ਪ੍ਰੇਮ ਰੱਬ ਨਾਲ ਵੀ ਹੈ ਤੇ ਮੁਰਸ਼ਦ ਨਾਲ ਵੀ। ਸੰਸਾਰ ਦੇ ਝੂਠੇ ਪਿਆਰ ਨੂੰ ਤਿਆਗ ਕੇ ਹੀ ਸੱਚਾ ਪਿਆਰ ਕੀਤਾ ਜਾ ਸਕਦਾ ਹੈ। ਲਗਭਗ ਸਾਰੀਆਂ ਕਾਫ਼ੀਆਂ ਗੀਤਾਂ ਦੀ ਤਰਜ਼ ਪਰ ਹਨ। ਇਸ਼ਕ ਮਜਾਜ਼ੀ ਦੇ ਬੋਲਾਂ ਵਿਚ ਇਸ਼ਕ ਹਕੀਕੀ ਦੀਆਂ ਤਾਨਾਂ ਵਜਦੀਆਂ ਹਨ। ਗੀਤਾਂ ਰਾਹੀਂ ਸੂਫ਼ੀ ਵਿਚਾਰਧਾਰਾ ਦੀ ਵਿਆਖਿਆ ਵੀ ਹੁੰਦੀ ਚਲੀ ਜਾਂਦੀ ਹੈ, (ਵੇਖੋ : ‘ਕਵਾਲੀ’) । ਨਮੂਨੇ ਵਜੋਂ ਬੁੱਲ੍ਹੇ ਸ਼ਾਹ ਦੀ ਕਾਫ਼ੀ ਹਾਜ਼ਰ ਹੈ :

                             ਹੁਣ ਕੈ ਥੀਂ ਆਪ ਛਪਾਈਦਾ

                             ਮਨਸੂਰ ਭੀ ਤੈਥੈ ਆਇਆ ਹੈ

                             ਤੈਂ ਸੂਲੀ ਪਕੜ ਚੜ੍ਹਾਇਆ ਹੈ

                             ਤੈਂ ਖ਼ੌਫ਼ ਨ ਕੀਤੋ ਸਾਈਂ ਦਾ

                             ਹੁਣ ਕੈਂ ਥੀਂ।.............।

                             ਕਹੁੰ ਸੇਖ ਮਸਾਇਕ ਹੋਨਾ ਹੈਂ।

                             ਕਹੁੰ ਉਦਿਆਨੀ ਬੈਠਾ ਰੋਨਾ ਹੈਂ।

                             ਤੇਰਾ ਅੰਤ ਨ ਕਤਹੂੰ ਪਾਇਦਾ

                             ਹੁਣ ਕੈਂ.......................।

                             ਬੁਲ੍ਹੇ ਨਾਲੋਂ ਚੁਲ੍ਹਾ ਚੰਗਾ

                             ਜਿਸ ਤੇ ਤਾਮ ਪਕਾਈਦਾ।

                             ਰਲ ਫ਼ਕੀਰਾਂ ਮਸਲਤ ਕੀਤੀ

                             ਭੋਰਾ ਭੋਰਾ ਪਾਈਦਾ।

                             ਹੁਣ ਕੈਂ ਥੀਂ...............।

    [ਸਹਾ. ਗ੍ਰੰਥ––‘ਆਦਿ ਗ੍ਰੰਥ’ ; ਮ. ਕੋ. ; ‘ਫ਼ਰਹੰਗੇ–ਨਫੀਸੀ’ (ਫਾ.); ‘ਫ਼ਰਹੰਗੇ ਆਨੰਦਰਾਜ’(ਫਾ.)] 


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਫ਼ੀ : ਪੰਜਬੀ ਕਾਵਿ ਵਿਚ ਕਾਫ਼ੀ ਦਾ ਮਹੱਤਵਪੂਰਨ ਸਥਾਨ ਹੈ। ਕਾਫ਼ੀ ਦੀ ਪਰਿਭਾਸ਼ਾ ਬਾਰੇ ਹੁਣ ਤੱਕ ਮੁਖ ਰੂਪ ਵਿਚ ਦੋ ਮਤ ਪ੍ਰਚਲਤ ਹਨ। ਪਹਿਲਾ ਪ੍ਰਿੰਸੀਪਲ ਤੇਜਾ ਸਿੰਘ ਦਾ ਤੇ ਦੂਸਰਾ ਡਾ. ਮੋਹਨ ਸਿੰਘ ਦੀਵਾਨਾ ਦਾ। ਪ੍ਰਿੰਸੀਪਲ ਤੇਜਾ ਸਿੰਘ ਅਨੁਸਰ ਕਾਫ਼ੀ ਦਾ ਅਰਥ ਹੈ ਵਾਰ ਵਾਰ ਆਉਣਾ। ਉਨ੍ਹਾਂ ਨੇ ਇਹ ਮਤ ਕਵਾਫ਼ੀ ਤੋਂ ਵਿਗੜਿਆ ਸ਼ਬਦ ਸਮਝ ਕੇਪੇਸ਼ ਕੀਤਾ ਤੇ ਕੱਵਾਲੀ ਨਾਲ ਜੋੜ ਕੇ ਇਸ ਦਾ ਅਰਥ ਕੱਢੇ। ਕੱਤਵਾਲੀ ਡੂੰਮਾਂ ਤੇ ਕਲੌਂਤਾ ਦੇ ਗਾਇਨ ਨੂੰ ਆਖਦੇ ਹਨ ਜਿਸ ਵਿਚ ਟੇਕ ਜਾਂ ਧਾਰਨਾ ਵਾਲੀਆਂ ਤੁਕਾਂ ਨੂੰ ਮੁੜ ਮੁੜ ਕੇ ਦੁਹਰਾਇਆ ਜਾਂਦਾ ਹੈ। ਪਰ ਡਾ. ਮੋਹਨ ਸਿੰਘ ਦੀਵਾਨਾ ਇਸ ਨੂੰ ਇਕ ਰਾਗਨੀ ਮੰਨਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਫ਼ੀ ਇਕ ਰਾਗਨੀ ਵੀ ਹੈ ਪਰ ਇਸ ਨੂੰ ਨਿਰਾ ਰਾਗਨੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਵੱਖ ਵੱਖ ਰਾਗਾਂ ਵਿਚ ਕਾਫ਼ੀ ਲਿਖੀ ਮਿਲਦੀ ਹੈ। ਸ਼ਾਹ ਹੁਸੈਨ ਨੇ ਸ੍ਰੀਰਾਗ, ਗਾਉੜੀ, ਮਾਝ, ਆਸਾ, ਆਸਾਵਾਰੀ, ਝੰਝੋਟੀ, ਗੂਜਰੀ, ਦੇਵਗੰਧਾਰੀ, ਵਡਹੰਸ, ਸੋਰਠ, ਧਨਾਸਰੀ, ਜੈਜਾਵੰਤੀ, ਤਿਲੰਗ, ਸਿੰਧੜਾ, ਸੂਹੀ ਪਰੁਜ਼, ਬਿਲਾਵਲ, ਗੌਂਡ-ਬਿਲਵਲ, ਰਾਮਕਲੀ, ਢੋਲਾ, ਖੱਟ, ਪਰਜ ਜੋਗ, ਤੁਖਾਰੀ, ਕਿਦਾਰਾ-ਭੈਰੋਂ, ਭੈਰਵੀ, ਹਿੰਡੋਲ, ਸਾਰੰਗ, ਕਾਨੜਾ, ਕਾਨੜਾ-ਤਿਲੰਗ, ਕਾਨੜਾ-ਮਾਰੂ, ਜੰਗਲਾਂ ਤੇ ਕਲਿਆਣ ਰਾਗਾਂ ਵਿਚ ਕਾਫ਼ੀਆਂ ਲਿਖੀਆਂ ਹਨ।

          ਭਾਈ ਕਾਨ੍ਹ ਸਿੰਘ ਨਾਭਾ ਨੇ ਕਾਫ਼ੀ ਨੂੰ ਰਾਗਨੀ ਵੀ ਦਸਿਆ ਹੈ ਤੇ ਗੀਤ-ਧਾਰਣਾ ਵੀ। ਇਹ ਕਾਫ਼ੀ ਠਾਟ ਦੀ ਇਕ ਸੰਪੂਰਣ ਰਾਗਨੀ ਹੈ ਜਿਸ ਵਿਚ ਗਾਂਧਾਰ ਦੇ ਸ਼ੁੱਧ ਤੇ ਕੋਮਲ ਸੁਰ ਦੋਵੇਂ ਲਗਦੇ ਹਨ। ਨਿਸ਼ਾਦ ਕੋਮਲ ਤੇ ਬਾਕੀ ਸਾਰੇ ਸ਼ੁਧ ਸੁਰ ਹਨ। ਪੰਚਮ ਵਾਦੀ ਤੇ ਖੜਜ ਸੰਵਾਦੀ ਹੈ। ਇਹ ਦਿਨ ਦੇ ਚੌਥੇ ਪਹਿਰ ਗਾਈ ਜਾਂਦੀ ਹੈ। ਕਈਆਂ ਨੇ ਕਾਫ਼ੀ ਨੂੰ ਧਮਾਰ ਦਾ ਨਾਉਂ ਵੀ ਦਿੱਤਾ ਹੈ। ਅਰਬੀ ਵਿਚ ਕਾਫ਼ੀ ਦਾ ਅਰਥ ਪਿੱਛੇ ਚਲਣ ਵਾਲਾ, ਅਨਚਰ ਜਾਂ ਅਨੁਗਾਮੀ ਹੈ। ਛੰਦ ਦਾ ਇਹ ਪਦ ਜੋ ਸਥਾਈ (ਰਹਾਉ) ਹੋਵੇ ਜਿਸ ਵਿਚ ਗੌਣ ਸਮੇਂ ਹੋਰ ਤੁਕਾਂ ਲੋੜੀਆਂ ਜਾਣ ਅਤੇ ਜੋ ਮੁੜ ਮੁੜ ਗੀਤ ਤੇ ਤਾਲ ਵਿਸ਼੍ਰਾਮਪੁਰ ਆਵੇ ਸੋ ਕਾਫ਼ੀ ਹੈ। ਇਹ ਛੰਦ ਦੀ ਖਾਸ ਜਾਤਿ ਨਹੀਂ ਹੈ। ਸੂਫੀ ਫ਼ਕੀਰ ਜੋ ਪ੍ਰੇਮ-ਰਸ ਭਰੇ ਪਦ ਗਾਇਆ ਕਰਦੇ ਹਨ ਤੇ ਜਿਨ੍ਹਾਂ ਪਿਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦਰਸਾਉਂਦੀ ਹੈ ਉਹ ਕਾਫ਼ੀ ਨਾਮ ਤੋਂ ਪ੍ਰਸਿੱਧ ਹੈ। ਕਈਆਂ ਨੇ ਤਾਟੰਕ ਛੰਦ ਦੀ ਚਾਲ ਨੂੰ ਹੀ ਕਾਫ਼ੀ ਦਾ ਸਰੂਪ ਦਸਿਆ ਹੈ ਪਰ ਇਹ ਠੀਕ ਨਹੀਂ ਹੈ ਕਿਉਂਕਿ ਕਾਫ਼ੀ ਪੂਰਨ ਛੰਦ ਨਹੀਂ ਹੈ ਪਰੰਤੂ ਗਾਉਣ ਦਾ ਇਕ ਢੰਗ ਹੈ।

          ਉਪਰੋਕਤ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਫ਼ੀ ਇਕ ਰਾਗਨੀ ਵੀ ਹੈ ਅਤੇ ਗਾਉਣ ਦੀ ਵਿਧੀ ਵੀ ਹੈ।

          ਪੰਜਾਬੀ ਸਾਹਿਤਕਾਰਾਂ ਦੀਆਂ ਕਾਫ਼ੀਆਂ ਵੱਖ ਵੱਖ ਛੰਦਾਂ ਤੇ ਵੱਖ ਵੱਖ ਰਾਗਾਂ ਵਿਚ ਉਪਲਬਧ ਹਨ। ਇਸ ਲਈ ਨਾ ਤਾਂ ਇਸ ਨੂੰ ਕੋਈ ਰਾਗ-ਵਿਸ਼ੇਸ਼ ਅਤੇ ਨਾ ਹੀ ਇਕ ਛੰਦ-ਵਿਸ਼ੇਸ਼ ਮੰਨਿਆ ਜਾ ਸਕਦਾ ਹੈ। ਇਸ ਨੂੰ ਨਿਰੋਲ ਕੱਵਾਲੀ ਦਾ ਰੂਪ ਵੀ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਮੁਸਲਮਾਨ ਸੂਫ਼ੀ ਫ਼ਕੀਰਾਂ ਨਾਲ ਸਬੰਧਤ ਕੀਤਾ ਜਾ ਸਕਦਾ ਹੈ ਕਿਉਂਕਿ ਹਿੰਦੂ-ਸਿੱਖ ਕਵੀਆਂ ਨੇ ਵੀ ਕਾਫ਼ੀਆਂ ਲਿਖੀਆਂ ਹਨ।

          ਅਸਲ ਵਿਚ ਕਾਫ਼ੀ ਇਕ ਸਰੋਦੀ ਰਚਨਾ ਹੈ ਜੋ ਕਿਸੇ ਵੀ ਰਾਗ ਵਿਚ ਗਾਈ ਜਾ ਸਕਦੀ ਹੈ। ਇਸ ਲਈ ਕੋਈ ਛੰਦ ਨਿਯਤ ਨਹੀਂ ਹੈ। ਇਹ ਕਿਸੇ ਵੀ ਛੰਦ ਵਿਚ ਲਿਖੀ ਜਾ ਸਕਦੀ ਹੈ। ਇਸ ਨੂੰ ਗਾਉਣ ਵਾਲੇ ਕੈਫ਼ੀ ਲੋਕ ਸਨ ਜੋ ਕੈਫ਼ੀਅਤ ਦੀ ਦਸ਼ਾ ਵਿਚ ਇਸ ਨੂੰ ਰਚਕੇ ਅਤੇ ਗਾਉਂਦੇ ਸਨ। ਇਸ ਲਈ ਇਸ ਕੈਫ਼ੀ ਤੋਂ ਕਾਫ਼ੀ ਸ਼ਬਦ ਬਣਿਆ ਮੰਨਿਆ ਜਾਣਾ ਠੀਕ ਪ੍ਰਤੀਤ ਹੁੰਦਾ ਹੈ। ਕਾਫ਼ੀ ਪੰਜਾਬੀ ਦਾ ਇਕ ਕਾਵਿ ਰੂਪ ਹੈ ਜਿਸ ਤੇ ਹਿੰਦੂ ਸਿੱਖ ਤੇ ਮੁਸਲਮਾਨ ਕਵੀਆਂ ਨੇ ਹੱਥ-ਅਜ਼ਮਾਈ ਕੀਤੀ ਹੈ।

          ਪੰਜਾਬੀ ਕਾਫ਼ੀ ਸਾਹਿਤ ਦਾ ਆਰੰਭ ਬਾਬਾ ਫ਼ਰੀਦ ਦੀਆਂ ਕਾਫ਼ੀਆਂ ਨਾਲ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਤੇ ਹੋਰ ਗੁਰੂ ਸਾਹਿਬਾਨ ਦੀਆਂ ਕਾਫ਼ੀਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਸ਼ਾਹ ਹੁਸੈਨ, ਭਗਤ ਕਾਨ੍ਹਾ, ਸੰਤ ਦਾਦੂ ਅਤੇ ਸ਼ਾਹ ਸ਼ਰਫ਼ ਨਾਨਕ-ਕਾਲ ਦੇ ਉਘੇ ਕਾਫ਼ੀ ਲੇਖਕ ਹਨ। ਬੁਲ੍ਹੇ ਸ਼ਾਹ ਨੇ ਕਾਫ਼ੀ ਨੂੰ ਸਿਖਰ ਤੇ ਪਹੁੰਚਾਇਆ ਹੈ। ਸਤਾਰ੍ਹਵੀਂ ਅਠਾਰ੍ਹਵੀਂ ਸਦੀ ਵਿਚ ਗੁਲਾਬਦਾਸ, ਪੀਰੋ, ਗਰੀਬ ਦਾਸ, ਸਾਧੂ ਜਨ, ਵਲੀ ਰਾਮ, ਆਕੁਲ ਸ਼ਾਹ, ਸੁੰਦਰ ਦਾਸ, ਸ਼ਫ਼ੀ ਸ਼ਾਹ ਕਲੰਦਰ, ਗੁਆਲਦਾਸ, ਟਹਿਕਨ, ਲਾਲ ਖ਼ਿਆਲ ਆਦਿ ਕਵੀਆਂ ਨੇ ਕਾਫ਼ੀਆਂ ਲਿਖੀਆਂ। ਉਨ੍ਹੀਵੀਂ ਤੇ ਵੀਹਵੀਂ ਸਦੀ ਵਿਚ ਵੀ ਕੁਝ ਕਵੀਆਂ ਨੇ ਕਾਫ਼ੀਆਂ ਲਿਖੀਆਂ ਹਨ ਜਿਵੇਂ ਕਰਮ ਅਲੀ ਸ਼ਾਹ, ਈਸ਼ਰਦਾਸ, ਪਾਲ ਸਿੰਘ ਆਰਿਫ਼, ਮੀਰਾਂ ਸ਼ਾਹ ਜਲੰਧਰੀ, ਮਸਤਨ ਖਾਨ ਮਸਤਨ, ਪੀਰ ਗੁਲਾਮ ਜੀਲਾਨੀ ਆਦਿ।

          ਇਨ੍ਹਾਂ ਕਾਫ਼ੀਆਂ ਦਾ ਵਿਸ਼ਾ ਅਧਿਆਤਮਕ ਪਿਆਰ ਜਾਂ ਰਹੱਸਵਾਦੀ ਅਨੁਭਵਾਂ ਦੀ ਅਭਿਵਿਅਕਤੀ ਹੈ। ਮਸਤੀ ਵਿਚ ਗੜੂੰਦ ਆਤਮਕ ਮੰਡਲਾਂ ਦੀ ਦੱਸ ਪਾਉਂਦੇ ਇਹ ਰੱਬੀ ਕਵੀ ਸਵੈ-ਪ੍ਰਕਾਸ਼ ਕਰਦੇ ਸਰੋਦੀ ਕਾਵਿ ਰਚਨਾ ਕਰਦੇ ਹਨ ਜਿਸ ਵਿਚ ਰੱਬੀ ਪ੍ਰੇਮ, ਨਿੱਜੀ ਵੇਦਨਾ, ਵਸਲ ਦੀ ਤਾਂਘ, ਹਿਰਜ ਦੇ ਸੱਲ, ਮੁਰਸ਼ਦ ਦੀ ਉਪਮਾ ਤੇ ਬਫ਼ਸ਼ਿਸ਼ ਦੇ ਗੁਣ ਗਾਏ ਹੁੰਦੇ ਹਨ। ਇਸ ਵਿਚ ਉਪਦੇਸ਼ਾਤਮਕ ਪ੍ਰਵਿਤਰੀ ਪ੍ਰਧਾਨ ਹੁੰਦੀ ਹੈ। ਇਹ ਕਲਾਤਮਕ ਪੱਖੋਂ ਬੜੀ ਪ੍ਰੋੜ ਕਵਿਤਾ ਹੈ ਜਿਸ ਵਿਚ ਕਵਿਤਾ ਦੇ ਸਾਰੇ ਗੁਣ ਵਿਦਮਾਨ ਹਨ। ਇਹ ਛੰਦਬਧ, ਸੰਗੀਤਮਈ, ਪ੍ਰਤੀਕਾਂ, ਬਿੰਬਾਂ, ਅਲੰਕਾਰਾਂ ਆਦਿ ਪੱਖੋਂ ਬੜੀ ਸਫ਼ਲ ਕਵਿਤਾ ਹੈ।

          ਹ. ਪੁ.––ਸਾਹਿਤ ਦਰਸ਼ਨ––ਪ੍ਰਿੰ. ਤੇਜਾ ਸਿੰਘ ; ਕਾਫ਼ੀਆਂ ਸ਼ਾਹ ਹੁਸੈਨ––ਡਾ. ਮੋਹਨ ਸਿੰਘ ਦੀਵਾਨਾ; ਚੋਣਵੀਆਂ ਕਾਫ਼ੀਆਂ––ਡਾ. ਸੁਰਿੰਦਰ ਸਿੰਘ ਕੋਹਲੀ; ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਫ਼ੀ : ਇਕ ਪੀਣ ਯੋਗ ਪਦਾਰਥ ਜੋ ਇਕ ਸਦਾ ਬਹਾਰ ਝਾੜੀ ਰੁਬੀਏਸੀ ਕੁਲ ਦੀ ਪ੍ਰਜਾਤੀ ਕੌਫ਼ੀਆ ਦੇ ਪੌਦਿਆਂ ਦੇ ਬੀਜਾਂ ਤੋਂ ਬਣਾਈ ਜਾਂਦੀ ਹੈ। ਇਸ ਦੇ ਬੀਜਾਂ ਲਈ ਜਾਂ ਇਸ ਦੇ ਬੀਜਾਂ ਨੂੰ ਪਕਾਉਣ ਅਤੇ ਪੀਸਣ ਉਪਰੰਤ ਪਾਣੀ ਵਿਚ ਜੋ ਬੀਵਰੇਜ (ਪੀਣ ਯੋਗ ਪਦਾਰਥ) ਬਣਦਾ ਹੈ, ਉਸ ਲਈ ਵੀ ਇਹ ਨਾਂ ਵਰਤਿਆ ਜਾਂਦਾ ਹੈ। ਇਸ ਬੀਵਰੇਜ ਨੂੰ ਦੁਨੀਆਂ ਦੀ ਲਗਭਗ ਇਕ ਤਿਹਾਈ ਆਬਾਦੀ ਗਰਮ ਜਾਂ ਠੰਢਿਆਂ ਪੀਂਦੀ ਹੈ। ਕਾਫ਼ੀ ਦਾ ਇਹ ਨਾਂ ਸ਼ਾਇਦ ਅਰਬੀ ਸ਼ਬਦ ਕਾਹਵਾ ਤੋਂ ਲਿਆ ਗਿਆ ਹੈ। ਕਈ ਨਿਰੁਕਤਕਾਰ ਇਸ ਨੂੰ ਇਸ ਦੇ ਮੂਲ-ਅਸਥਾਨ ਕਾਫ਼ਾ ਜੋ ਦੱਖਣ ਪੱਛਮੀ ਈਥੋਪੀਆ ਦੇ ਇਕ ਸੂਬੇ ਦਾ ਨਾਂ ਹੈ, ਨਾਲ ਵੀ ਜੋੜਦੇ ਹਨ। ਕਾਫ਼ੀ ਦੀਆਂ 25 ਜਾਂ ਇਸ ਤੋਂ ਵੀ ਵੱਧ ਜਾਤੀਆਂ ਪੂਰਬੀ ਅਰਧ-ਗੋਲੇ ਦੇ ਤਪਤ-ਖੰਡੀ ਇਲਾਕਿਆਂ ਵਿਚ ਆਪਣੇ ਆਪ ਉਗਦੀਆਂ ਜਾਂ ਖ਼ੁਦਰੌ ਮਿਲਦੀਆਂ ਹਨ। ਸਭ ਤੋਂ ਪੁਰਾਣੀ ਕਾਸ਼ਤ ਕੀਤੀ ਜਾਣ ਵਾਲੀ ਜਾਤੀ ਕੌਫ਼ੀਆ ਅਰੈਬੀਕਾ (Coffea Arabica) ਹੈ। ਇਹ ਅਰਬ ਦੇਸ਼ ਦੀ ਇਕ ਝਾੜੀ ਹੈ, ਜਿਹੜੀ ਅੱਜ ਕੱਲ੍ਹ ਲਾਤੀਨੀ ਅਮਰੀਕਾ ਵਿਚ ਬਹੁਤ ਜ਼ਿਆਦਾ ਉਗਾਈ ਜਾਂਦੀ ਹੈ। ਕੌਫ਼ੀਆ ਰੋਬਸਟਾ, ਜੋ ਪੂਰਬੀ ਅਫ਼ਰੀਕਾ ਅਤੇ ਕਾਂਗੋ ਬੇਸਿਨ ਵਿਚ ਉਪਜੀ ਸੀ ਅੱਜ ਕੱਲ੍ਹ ਅਫ਼ਰੀਕਾ ਅਤੇ ਮਦਗਾਸਕਰ ਵਿਚ ਬਹੁਤ ਜ਼ਿਆਦਾ ਕਾਸ਼ਤ ਕੀਤੀ ਜਾਂਦੀ ਹੈ। ਇਹ ਦੋਵ੍ਹੇਂ ਜਾਤੀਆਂ ਏਸ਼ੀਆ ਵਿਚ ਵੀ ਕਾਸ਼ਤ ਕੀਤੀਆਂ ਜਾਂਦੀਆਂ ਹਨ।

          ਆਪਣੇ ਆਪ ਉੱਗੀ ਹਾਲਤ ਵਿਚ ਕਾਫ਼ੀ ਦੀ ਝਾੜੀ ਸਦਾਬਹਾਰ ਹੁੰਦੀ ਹੈ ਜੋ 8-10 ਮੀ. ਉੱਚੀ ਹੋ ਸਕਦੀ ਹੈ। ਇਸ ਦੀਆ ਸ਼ਾਖ਼ਾਵਾਂ ਉਤੇ ਚਿੱਟੇ ਰੰਗ ਦੇ ਫੁੱਲਾਂ ਦੇ ਗੁੱਛੇ ਲਗਦੇ ਹਨ ਜਿਨ੍ਹਾਂ ਦੀ ਖ਼ੁਸ਼ਬੂ ਮੋਤੀਏ ਦੇ ਫੁੱਲਾਂ ਵਰਗੀ ਹੁੰਦੀ ਹੈ। ਇਸ ਦਾ ਫਲ, ਜੋ 15 ਤੋਂ 18 ਮਿ. ਮੀ. ਲੰਮਾ ਹੁੰਦਾ ਹੈ, ਜਦ ਪੱਕ ਜਾਂਦਾ ਹੈ, ਤਾਂ ਇਸ ਦਾ ਰੰਗ ਲਾਲ ਹੋ ਜਾਂਦਾ ਹੈ। ਇਸ ਨੂੰ ਆਮ ਤੌਰ ਤੇ ‘ਚੈਰੀ’ ਕਹਿੰਦੇ ਹਨ। ਇਹ ਗੁੱਦੇਦਾਰ ਰਸ ਭਰੇ ਫਲ ਵਿਚ ਜੋ ਬੀਜ ਨਾਲੋ ਨਾਲ ਪਏ ਜੁੜੇ ਹੁੰਦੇ ਹਨ ਅਤੇ ਹਰੇਕ ਬੀਜ ਦੋ ਪਰਤਾਂ ਨਾਲ ਢਕਿਆ ਹੁੰਦਾ ਹੈ। ਕੌਫ਼ੀਆ ਅਰੈਬੀਕਾ ਜਾਤੀ ਤੋਂ ਕਈ ਹੋਰ ਕਿਸਮਾਂ ਵਿਕਸਿਤ ਹੋਈਆਂ ਹਨ, ਜਿਨ੍ਹਾਂ ਵਿਚ ਮੈਰਾਗੋਗਾਈਪ, ਬਾਰਗਨ ਅਤੇ ਕੈਟੂਰਾ ਬਰਾਜ਼ੀਲ ਵਿਚ ਬਹੁਤ ਹੀ ਚੰਗੀਆਂ ਕਿਸਮਾਂ ਗਿਣੀਆਂ ਜਾਂਦੀਆਂ ਹਨ। ਕੌਫ਼ੀਆ ਰੋਬਸਟਾ ਜਾਤੀ ਕੌਫ਼ੀਆ ਅਰੈਬੀਕਾ ਤੋਂ ਜ਼ਿਆਦਾ ਸਖ਼ਤ ਹੈ ਤੇ ਬਿਮਾਰੀਆਂ ਦਾ ਟਾਕਰਾ ਵੀ ਚੰਗੀ ਤਰ੍ਹਾਂ ਕਰ ਸਕਦੀ ਹੈ। ਇਸ ਨੂੰ ਫਲ ਵੀ ਜ਼ਿਆਦਾ ਲਗਦਾ ਹੈ। ਇਹ ਅਰੈਬੀਕਾ ਜਾਤੀ ਦੇ ਉਲਟ ਗਰਮ ਅਤੇ ਸਿੱਲ੍ਹੇ ਜਲਵਾਯੂ ਦੇ ਵੀ ਅਨੁਕੂਲ ਹੈ।

          ਕਾਫ਼ੀ, ਪਕਾਏ ਹੋਏ ਤੇ ਪੀਸੇ ਹੋਏ ਬੀਨਜ਼ ਤੋਂ ਕਈ ਤਰੀਕਿਆਂ ਨਾਲ ਤਿਆਰ ਕੀਤੀ ਜਾ ਸਕਦੀ ਹੈ। ਕਾਫ਼ੀ ਦੀਆਂ ਬੈਰੀਜ਼ ਜਦ ਪੱਕ ਜਾਣ ਤਾਂ ਇਕ ਇਕ ਕਰਕੇ ਹਥ ਨਾਲ ਚੁਗੀਆਂ ਜਾਂਦੀਆਂ ਹਨ, ਭਾਵੇਂ ਅਰਬ ਅਤੇ ਬਰਾਜ਼ੀਲ ਦੇ ਕੁਝ ਹਿੱਸਿਆਂ ਵਿਚ ਇਨ੍ਹਾਂ ਨੂੰ ਜ਼ਮੀਨ ਤੇ ਡਿੱਗਣ ਮਗਰੋਂ ਹੀ ਇਕੱਠਾ ਕੀਤਾ ਜਾਂਦ ਹੈ। ਕਾਫ਼ੀ ਚੁਗਣ ਤੇ ਇਸ ਵਿਚੋਂ ਗੰਦ ਮੰਦ ਆਦਿ ਕੱਢ ਦੇਣ ਤੋਂ ਪਿਛੋਂ ਇਸ ਨੂੰ ਖ਼ੁਸ਼ਕ ਜਾਂ ਤਰ ਤਰੀਕੇ ਨਾਲ ਮਾਰਕੀਟ ਲਈ ਤਿਆਰ ਕੀਤਾ ਜਾਂਦਾ ਹੈ। ਪਹਿਲੇ ਤਰੀਕੇ ਵਿਚ ਬੈਰੀਜ਼ ਨੂੰ ਜ਼ਮੀਨ ਤੇ ਖਿਲਾਰ ਕੇ ਧੁੱਪ ਵਿਚ ਸੁਕਾਇਆ ਜਾਂਦਾ ਹੈ ਤੇ ਇਹ ਧਿਆਨ ਰਖਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਮੀਂਹ ਤੋਂ ਬਚਾਇਆ ਜਾ ਸਕਦੇ। ਬੈਰੀਜ਼ ਨੂੰ ਲਗਾਤਾਰ ਹਿਲਾਇਆ ਜਾਂਦਾ ਹੈ ਤਾਂ ਜੋ ਇਹ ਇਕਸਾਰ ਹੀ ਖ਼ੁਸ਼ਕ ਹੋ ਜਾਣ। ਅਖ਼ੀਰ ਵਿਚ ਖ਼ੁਸ਼ਕ ਛਿੱਲ ਅਤੇ ਗੁੱਦੇ ਨੂੰ ਮਸ਼ੀਨਾ ਨਾਲ ਸਾਫ਼ ਕੀਤਾ ਜਾਂਦਾ ਹੈ। ਤਰ ਵਿਧੀ ਵਿਚ ਬੈਰੀਜ਼ ਨੂੰ ਇਕ ਅਜਿਹੀ ਮਸ਼ੀਨ ਵਿਚੋਂ ਦੀ ਲੰਘਾਇਆ ਜਾਂਦਾ ਹੈ, ਜਿਸ ਵਿਚ ਛਿੱਲ ਅਤੇ ਗੁੱਦੇ ਦਾ ਕੁਝ ਭਾਗ ਲੱਥ ਜਾਂਦਾ ਹੈ। ਇਨ੍ਹਾਂ ਨੂੰ ਫਿਰ ਇਕ ਹੌਜ਼ ਵਿਚ ਰਖਿਆ ਜਾਂਦਾ ਹੈ, ਜਿਸ ਵਿਚ ਗੁੱਦੇ ਦਾ ਬਾਕੀ ਰਹਿ ਗਿਆ ਭਾਗ ਵੀ, ਖ਼ਮੀਰਿਆ ਜਾਂਦਾ ਹੈ ਅਤੇ ਇਸ ਨੂੰ ਧੋਇਆ ਜਾ ਸਕਦਾ ਹੈ। ਇਸ ਨੂੰ ਅਖ਼ੀਰ ਵਿਚ ਧੁੱਪ ਵਿਚ ਜਾਂ ਬਣਾਉਟੀ ਤੌਰ ਤੇ ਤਾਪ ਦੇ ਕੇ ਸੁਕਾਇਆ ਜਾਂਦਾ ਹੈ। ਇਸ ਤਰ੍ਹਾਂ ਤਿਆਰ ਹੋਏ ਪਦਾਰਥ ਦਾ ਰੰਗ ਇਸ ਵਿਚਲੀ ਨਮੀ ਤੇ ਨਿਰਭਰ ਕਰਦਾ ਹੈ। ਸੁਕਾਉਣ ਤੋਂ ਪਿਛੋਂ ਭੁਰਭੁਰੀ ਛਿੱਲੜ ਟੁੱਟ ਜਾਂਦੀ ਹੈ ਅਤੇ ਇਸ ਨੂੰ ਹਲਿੰਗ ਮਸ਼ੀਨਾਂ ਦੁਆਰਾ ਲਾਹ ਲਿਆ ਜਾਂਦਾ ਹੈ। ਇਸ ਤੋਂ ਹੇਠਲੀ ਛਿੱਲ ਨੂੰ ਪਾਲਸ਼ ਕਰਨ ਵਾਲੀਆਂ ਮਸ਼ੀਨਾਂ ਦੁਆਰਾ ਸਾਫ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਤਿਆਰ ਬੀਜ ਜਾਂ ਕਾਫ਼ੀ ਬੀਨਜ਼ ਮਾਰਕੀਟਿੰਗ ਲਈ ਤਿਆਰ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਗਰੇਡਿੰਗ ਕਰਕੇ ਬਾਹਰ ਭੇਜਿਆ ਜਾਂਦਾ ਹੈ।

          ਅਖ਼ੀਰ ਵਿਚ ਬੀਨਜ਼ ਨੂੰ ਪਕਾ ਲਿਆ ਜਾਂਦਾ ਹੈ,ਜਿਸ ਨਾਲ ਇਨ੍ਹਾਂ ਦਾ ਭਾਰ ਤਾਂ ਜ਼ਰੂਰ ਘਟ ਜਾਂਦਾ ਹੈ, ਪਰ ਇਨ੍ਹਾਂ ਦਾ ਆਇਤਨ ਵਧ ਜਾਂਦਾ ਹੈ। ਇਸ ਵਿਧੀ ਨਾਲ ਕਈ ਕਿਰਿਆਤਮਕ ਤਬਦੀਲੀਆਂ ਵੀ ਵਾਪਰਦੀਆਂ ਹਨ। ਬੀਨਜ਼ ਵਿਚ ਸੁਆਦ ਅਤੇ ਮਹਿਕ ਇਸੇ ਸਮੇਂ ਦੌਰਾਨ ਹੀ ਬਣਦੀ ਹੈ। ਕੋਈ ਵੀ ਦੋ ਕਿਸਮਾਂ ਨੂੰ ਪੱਕਣ ਲਈ ਇਕੋ ਜਿੰਨਾ ਸਮਾਂ ਨਹੀਂ ਲਗਦਾ ਅਤੇ ਇਸ ਕਿਰਿਆ ਦੇ ਦੌਰਾਨ ਤਾਪਮਾਨ ਵਿਚ ਵੀ ਕਈ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਿਆ ਜਾਂਦਾ ਹੈ। ਵਪਾਰਕ ਕਾਫ਼ੀ ਕਈ ਕਿਸਮਾਂ ਨੂੰ ਮਿਲਾਉਣ ਉਪਰੰਤ ਤਿਆਰ ਕੀਤੀ ਜਾਂਦੀ ਹੈ। ਪਕਾਏ ਹੋਏ ਬੀਨਜ਼ ਵਿਚ 0.75 ਤੋਂ 1.5% ਕੈਫ਼ੀਨ (ਉਤੇਜਕ ਏਜੰਟ) ਅਤੇ ਕੈਫ਼ਰੋਲ (ਉੱਡਣਸ਼ੀਲ ਤੇਲ) ਹੁੰਦਾ ਹੈ, ਜਿਸ ਤੋਂ ਇਸ ਨੂੰ ਸੁਆਦ ਤੇ ਮਹਿਕ ਪ੍ਰਦਾਨ ਹੁੰਦੀ ਹੈ। ਇਸ ਵਿਚ ਗਲੂਕੋਜ਼, ਡੈੱਕਸਟਰੀਨ, ਪ੍ਰੋਟੀਨ ਅਤੇ ਚਰਬੀ ਵਾਲੇ ਤੇਲ ਵੀ ਹੁੰਦੇ ਹਨ। ਜੇਕਰ ਕਾਫ਼ੀ ਨੂੰ ਬਹੁਤ ਦੇਰ ਰਖਿਆ ਜਾਵੇ ਤਾਂ ਚਰਬੀ ਵਾਲੇ ਤੇਲਾਂ ਕਾਰਨ ਇਸ ਵਿਚੋਂ ਬੋ ਆਉਣ ਲਗ ਜਾਂਦੀ ਹੈ।

          ਪੀਣ ਯੋਗ ਕਾਫ਼ੀ ਪਕਾਈ ਅਤੇ ਪੀਸੀ ਹੋਈ ਕਾਫ਼ੀ ਤੋਂ ਕਈ ਤਰ੍ਹਾਂ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਮੰਤਵ ਲਈ ਭਿੰਨ ਭਿੰਨ ਪ੍ਰਕਾਰ ਦੇ ਬਰਤਨ ਵਰਤੇ ਜਾਂਦੇ ਹਨ। ਇਕ ਭਾਂਡੇ ਵਿਚ ਪੀਸੀ ਹੋਈ ਕਾਫ਼ੀ ਪਾਣੀ ਵਿਚ ਭਿਉਂਕੇ ਇਸ ਦਾ ਅਰਥ ਕੱਢਿਆ ਜਾਂਦਾ ਹੈ। ਐਸਪੈਸੋ ਕਾਫ਼ੀ ਪਾਊਡਰ ਕਾਫ਼ੀ ਨੂੰ ਪਰਕੁਲੇਟਰ ਵਿਚ ਪਾ ਕੇ ਇਸ ਵਿਚੋਂ ਭਾਫ਼ ਲੰਘਾਇਆ ਬਣ ਜਾਂਦੀ ਹੈ। ਪੀਸੀ ਹੋਈ ਕਾਫ਼ੀ ਨੂੰ ਪਾਣੀ ਵਿਚ ਉਬਾਲਣ ਨਾਲ ਇਸ ਦਾ ਕਾੜ੍ਹਾ ਤਿਆਰ ਕੀਤਾ ਜਾ ਸਕਦਾ ਹੈ।

          ਹ. ਪੁ.––ਇ. ਬਾ. : 468; ਐਨ. ਬ੍ਰਿ. ਮਾ. 2 : 1040


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਫ਼ੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਫ਼ੀ :          ਕਾਫ਼ੀ ਦੇ ਦੋ ਮੁੱਖ ਅਰਥ ਪ੍ਰਚਲਿਤ ਹਨ :- (ੳ) ਇਕ ਰਾਗਣੀ ਜੋ ਕਾਫ਼ੀ ਥਾਟ ਦੀ ਸੰਪੂਰਨ ਰਾਗਣੀ ਹੈ।ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ।ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ।ਪੰਚਮ ਵਾਦੀ ਅਤੇ ਸ਼ੜਜ ਸੰਵਦੀ ਹੈ। ਇਸ ਦੇ ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਫ਼ੀ ਵਖਰੀ ਨਹੀਂ ਲਿਖੀ ਗਈ ਸਗੋਂ ਰਾਗ ਆਸਾ, ਤਿਲੰਗ, ਸੂਹੀ ਅਤੇ ਮਾਰੂ ਨਾਲ ਮਿਲਾ ਕੇ ਲਿਖੀ ਗਈ ਹੈ।

(ਅ) ਕਾਫ਼ੀ, ਗੀਤ ਦੀ ਇਕ ਧਾਰਨਾ ਮੰਨੀ ਜਾਂਦੀ ਹੈੈ। ਅਰਬੀ ਵਿਚ ਕਾਫ਼ੀ ਦਾ ਅਰਥ ਹੈ ਪਿੱਛੇ ਚਲਣ ਵਾਲਾ। ਛੰਦ ਦਾ ਉਹ ਪਦ ਜੋ ਸਥਾਈ ਹੋਵੇ ਅਤੇ ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼ਰਾਮ ਤੇ ਆਉਣ। ਇਸ ਲਈ ਇਸ ਛੰਦ ਦੀ ਖ਼ਾਸ ਜਾਤੀ ਨਹੀਂ ਹੈ। ਸੂਫ਼ੀ ਫ਼ਕੀਰ ਜੋ ਪ੍ਰੇਮ ਰਸ ਭਰੇ ਪਦ ਗਾਇਆ ਕਰਦੇ ਹਨ ਅਤੇ ਜਿਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ਕਾਫ਼ੀ ਨਾਂ ਨਾਲ ਪ੍ਰਸਿੱਧ ਹੈ। ਇਸ ਧਾਰਨਾ ਵਿਚ ਤਿੰਨ ਪਦ ਸੋਲ੍ਹਾਂ ਸੋਲ੍ਹਾਂ ਮਾਤਰਾ ਦੇ ਹਨ। ਅੰਤ ਦਾ ਰਹਾਉ 12 ਮਾਤਰਾ ਦਾ ਹੈ।

       ਪੰਜਾਬੀ ਦੇ ਮੁਸਲਮਾਨ ਸੂਫ਼ੀ ਕਵੀਆਂ ਨੇ ਬਾਬਾ ਫ਼ਰੀਦ ਤੋਂ ਸ਼ੁਰੂ ਕਰ ਕੇ ਗ਼ਜ਼ਲ ਦੀ ਥਾਂ, ਪੰਜਾਬੀ ਸਥਾਨਕ ਜ਼ਰੂਰਤਾਂ ਦੇ ਅਨੁਕੂਲ ਇਕ ਨਵਾਂ ਕਾਵਿ-ਰੂਪ ਘੜ ਲਿਆ ਜਿਸ ਦਾ ਨਾਂ, ਸੰਗੀਤ ਦੇ ਸਬੰਧ ਕਰ ਕੇ ‘ਕਾਫ਼ੀ' ਪ੍ਰਚਲਿਤ ਹੋ ਗਿਆ।ਇਨ੍ਹਾਂ ਨੂੰ ਗਾਉਣ ਵਾਲੇ ਕੱਵਾਲ ਸਦਾਉਂਦੇ ਹਨ ਅਤੇ ਕਵਾਲਾਂ ਵੱਲੋਂ ਖਾਸ ਤਰਜ਼ ਤੇ ਗਾਈਆਂ ਜਾਣ ਵਾਲੀਆਂ ਕਾਫ਼ੀਆਂ ਨੂੰ ਕਵਾਲੀਆਂ ਕਹਿੰਦੇ ਹਨ। ਕਵਾਲੀ ਵਿਚ ਧਾਰਨਾ ਦੀ ਤੁਕ ਜਾਂ ਕੇਂਦਰੀ ਭਾਵ ਵਾਲੀ ਤੁਕ ਬਾਰ-ਬਾਰ ਦੁਹਰਾਈ ਜਾਂਦੀ ਹੈ ਅਤੇ ਕਾਫ਼ੀ ਦੀਆਂ ਬਾਕੀ ਤੁਕਾਂ ਕੇਵਲ ਇਕ ਵਾਰ ਹੀ ਪੜ੍ਹੀਆਂ ਜਾਂਦੀਆਂ ਹਨ। ਪੰਜਾਬੀ ਕਵੀਆਂ ਵਿਚ ਪੁਰਾਣੇ ਸੂਫ਼ੀ ਕਵੀਆਂ ਤੋਂ ਇਲਾਵਾ ਧਨੀ ਰਾਮ ਚਾਤ੍ਰਿਕ ਆਦਿ ਨੇ ਕਾਫ਼ੀਆਂ ਅਤੇ ਵਿਧਾਤਾ ਸਿੰਘ ਤੀਰ (ਅਣਿਆਲੇ ਤੀਰ), ਸੋਹਣ ਸਿੰਘ ਜੋਸ਼ (ਰੁੱਤ ਨਵਿਆਂ ਦੀ ਆਈ) ਆਦਿ ਨੇ ਕੁਝ ਕਵਾਲੀਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਕਵੀਆਂ ਦੇ ਕਾਵਿ-ਸੰਗ੍ਰਹਿਾਂ ਵਿਚ ਆਈਆਂ ਕਾਫ਼ੀਆਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਇਹ ਧਾਰਨਾ ਜਾਂ ਗਾਇਨ ਸ਼ੈਲੀ ਹੈ, ਕੋਈ ਵਿਸ਼ੇਸ਼ ਕਾਵਿ ਰੂਪ ਨਹੀਂ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-01-00-44, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. :319 ; ਆਧੁਨਿਕ ਪੰਜਾਬੀ ਕਾਵਿ-ਸਤਿੰਦਰ ਸਿੰਘ : 212; ਪੰ. ਸਾ. ਇ. –ਭਾ. ਵਿ. ਪੰ.

ਵਿਚਾਰ / ਸੁਝਾਅ

Hor jaankari


Savita, ( 2020/05/06 10:2304)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.