ਕਿਸ਼ਨ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਿਸ਼ਨ ਸਿੰਘ (1911–1993) : ਸਾਹਿਤ ਦੇ ਸੋਮੇ, ਸਾਹਿਤ ਦੀ ਸਮਝ, ਗੁਰਬਾਣੀ ਦਾ ਸੱਚ, ਗੁਰਦਿਆਲ ਸਿੰਘ ਦੀ ਨਾਵਲ ਚੇਤਨਾ, ਆਏ ਇਨਕਲਾਬ ਕੁਰਾਹੇ ਕਿਉਂ?, ਕਲਚਰਲ ਇਨਕਲਾਬ ਅਤੇ ਸਚੁ ਪੁਰਾਣਾ ਨਾ ਥੀਐ ਪੁਸਤਕਾਂ ਦਾ ਰਚੇਤਾ ਕਿਸ਼ਨ ਸਿੰਘ ਪੰਜਾਬੀ ਆਲੋਚਨਾ ਦੇ ਖੇਤਰ ਦਾ ਉੱਘਾ ਵਿਦਵਾਨ ਸੀ। ਇਹਨਾਂ ਆਲੋਚਨਾ ਪੁਸਤਕਾਂ ਤੋਂ ਇਲਾਵਾ ਸਿੱਖ ਲਹਿਰ ਅਤੇ ਸਿੱਖ ਇਨਕਲਾਬ ਦਾ ਮੋਢੀ : ਗੁਰੂ ਨਾਨਕ ਪੁਸਤਕਾਂ ਰਾਹੀਂ ਵੀ ਕਿਸ਼ਨ ਸਿੰਘ ਨੇ ਸਿੱਖ ਧਰਮ ਅਤੇ ਗੁਰਮਤਿ ਫ਼ਲਸਫ਼ੇ ਦੀ ਵਿਆਖਿਆ ਕੀਤੀ ਹੈ। ਗੁਰਬਾਣੀ ਦੇ ਸਿਧਾਂਤਾਂ ਨੂੰ ਮਾਰਕਸਵਾਦੀ ਪਹੁੰਚ ਤੋਂ ਲੋਕ-ਹਿਤੈਸ਼ੀ ਰੂਪ ਵਿੱਚ ਸਮਝਣ ਦਾ ਮੁਢਲਾ ਤੇ ਨਵੇਕਲਾ ਕਾਰਜ ਕਿਸ਼ਨ ਸਿੰਘ ਦੀ ਵੱਖਰੀ ਪਛਾਣ ਦਾ ਆਧਾਰ ਬਣਦਾ ਹੈ।

     10 ਅਗਸਤ 1911 ਨੂੰ ਪਿੰਡ ਬਰਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬੀਬੀ ਭਾਨੀ ਦੀ ਕੁੱਖੋਂ ਸ. ਦੰਮਾਂ ਸਿੰਘ ਦੇ ਘਰ ਪੈਦਾ ਹੋਇਆ ਕਿਸ਼ਨ ਸਿੰਘ ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਵਿਖੇ ਲੰਬਾ ਅਰਸਾ ਅੰਗਰੇਜ਼ੀ ਪੜ੍ਹਾਉਣ ਦਾ ਕਾਰਜ ਨਿਭਾਉਂਦਾ ਰਿਹਾ। ਕਿਸ਼ਨ ਸਿੰਘ ਨੂੰ ਉਹਨਾਂ ਦੀ ਆਲੋਚਨਾ ਨੂੰ ਵੱਡੀ ਦੇਣ ਕਾਰਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 1992 ਵਿੱਚ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇ ਕੇ ਸਨਮਾਨਿਆ ਗਿਆ। ਪੰਜਾਬੀ ਚਿੰਤਨ ਦੇ ਖੇਤਰ ਦਾ ਇਹ ਯੋਧਾ 27 ਨਵੰਬਰ 1993 ਨੂੰ ਸੰਸਾਰ ਤੋਂ ਵਿਦਾ ਹੋਇਆ।

     ਕਿਸ਼ਨ ਸਿੰਘ ਦੀ ਸੰਸਾਰ ਅਤੇ ਸਾਹਿਤ ਨੂੰ ਦੇਖਣ ਦੀ ਮਾਰਕਸੀ ਵਿਚਾਰਧਾਰਿਕ ਪ੍ਰਤਿਬੱਧਤਾ ਵਾਲੀ ਪਹੁੰਚ ਉਸ ਦੀਆਂ ਆਲੋਚਨਾ ਪੁਸਤਕਾਂ ਨੂੰ ਪੰਜਾਬੀ ਸਾਹਿਤ ਆਲੋਚਨਾ ਵਿੱਚ ਨਵੇਕਲਾ ਬਣਾਉਂਦੀ ਹੈ। ਉਹ ਆਪਣੀ ਵਿਚਾਰਧਾਰਿਕ ਪ੍ਰਤਿਬੱਧਤਾ ਨੂੰ ਕੱਟੜਤਾ ਨਾਲ ਨਿਭਾਉਂਦਿਆਂ ਹੋਇਆਂ ਮੱਧ-ਕਾਲੀ ਸਾਹਿਤ ਖ਼ਾਸ ਕਰ ਗੁਰਮਤਿ ਸਾਹਿਤ ਨੂੰ ਵੀ ਇਸੇ ਪੁਸ਼ਟੀ ਤੋਂ ਵਿਸ਼ਲੇਸ਼ਿਤ ਕਰਦਾ ਹੈ। ਉਹ ਆਪਣੀ ਪੁਸਤਕ ਸਿੱਖ ਇਨਕਲਾਬ ਦਾ ਮੋਢੀ : ਗੁਰੂ ਨਾਨਕ ਵਿੱਚ ਇਸ ਧਾਰਨਾ ਨੂੰ ਸਥਾਪਿਤ ਕਰ ਕੇ ਚੱਲਦਾ ਹੈ ਕਿ ਬਾਣੀ ਜਗੀਰੂ ਕਦਰਾਂ-ਕੀਮਤਾਂ ਦੇ ਵਿਰੁੱਧ ਇਨਕਲਾਬੀ ਚੇਤੰਨਤਾ ਹੈ। ਪਰ ਕਿਸ਼ਨ ਸਿੰਘ ਇਸ ਗੱਲੋਂ ਵੀ ਸੁਚੇਤ ਹੈ ਕਿ ਗੁਰਬਾਣੀ ਦਾ ਅਸਲ ਸੱਚ ਬਾਣੀ ਵਿਚਲੇ ‘ਉਸ ਦੇ ਦਿਮਾਗ਼ੀ ਖ਼ਿਆਲਾਂ ਦੇ ਖਰੜੇ ਵਿੱਚ ਨਹੀਂ` ਕਵਿਤਾ ਦਾ ਸੱਚ ਤਾਂ ਜਜ਼ਬੇ ਦਾ ਸੱਚ ਹੁੰਦਾ ਹੈ। ਕਿਸ਼ਨ ਸਿੰਘ ਦੇ ਇਸ ਵਿਚਾਰ ਦੇ ਆਧਾਰ `ਤੇ ਕਿਸ਼ਨ ਸਿੰਘ ਦੀ ਸਾਹਿਤ ਅਤੇ ਵਿਚਾਰ ਦੇ ਸੰਬੰਧਾਂ ਬਾਰੇ ਸੂਝ ਦੀ ਗੱਲ ਕਰੀਏ ਤਾਂ ਇਹ ਸਪਸ਼ਟ ਹੈ ਕਿ ਕਾਵਿ ਜਾਂ ਸਾਹਿਤ ਵਿੱਚ ਵਿਚਾਰ ਤੇ ਤੱਥ ਸਿੱਧੇ ਰੂਪ ਵਿੱਚ ਹਾਜ਼ਰ ਨਹੀਂ ਹੁੰਦੇ ਸਗੋਂ ਜਜ਼ਬੇ ਦੀ ਤੀਬਰਤਾ ਵੀ ਕਵਿਤਾ ਦੇ ਸੱਚ ਨੂੰ ਘੜਦੀ ਹੈ।

     ਕਿਸ਼ਨ ਸਿੰਘ ਸਿੱਖ ਲਹਿਰ ਅਤੇ ਗੁਰਬਾਣੀ ਨੂੰ ਸਮਾਂਤਰ ਦੇਖਦੇ ਹੋਇਆਂ ਬਾਣੀ ਨੂੰ ਸਿੱਖ ਲਹਿਰ ਦੀ ਵਿਚਾਰਧਾਰਾ ਵਜੋਂ ਪੇਸ਼ ਕਰਦਾ ਹੈ। ਉਹ ਆਪਣੀ ਚਰਚਿਤ ਪੁਸਤਕ ਸਿੱਖ ਵਿਚਾਰਧਾਰਾ ਦਾ ਮੋਢੀ : ਗੁਰੂ ਨਾਨਕ ਦਾ ਅੰਤ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ, ਗੁਰੂ ਨਾਨਕ ਸੱਚ ਦਾ, ਗੁਰਬਾਣੀ ਦੇ ਲਫ਼ਜ਼ਾਂ ਵਿੱਚ ਸਦਾ ਰਹਿਣ ਵਾਲੇ ਸੱਚ ਦਾ ਸਰੂਪ ਸਨ। ਉਹਨਾਂ ਨੇ ਉਹ ਸੱਚ ਪ੍ਰਗਟ ਕੀਤਾ। ਉਸੇ ਸੱਚ ਦਾ ਸਰੂਪ ਹੋਏ ਇਨਸਾਨਾਂ-ਗੁਰਮੁਖਾਂ ਦੀ ਲਹਿਰ ਦਾ ਉਹਨਾਂ ਮੁੱਢ ਬੱਧਾ, ਉਸ ਦੀ ਉਸਾਰੀ ਕੀਤੀ। ਉਸ ਦੀ ਅਗਵਾਈ ਕੀਤੀ। ਉਹ ਉਸ ਸੱਚ ਦੇ ਵਾਹਿਦ ਮਾਲਕ ਹਨ-ਸਤਿਗੁਰੂ ਸਨ। ਇਸ ਵਾਸਤੇ ਉਹਨਾਂ ਦੇ ਮਗਰੋਂ ਦਸਵੀਂ ਪੀੜ੍ਹੀ ਤੱਕ ਜੋ ਸੱਚ ਦਾ ਸੋਮਾ ਹੋਇਆ ਉਹ ਨਾਨਕ ਹੀ ਹੋਇਆ।

     ਕਿਸ਼ਨ ਸਿੰਘ ਦੀ ਕਾਰਜ-ਸ਼ੈਲੀ ਦੀ ਵਡਿਆਈ ਇਸ ਗੱਲ ਵਿੱਚ ਦੇਖੀ ਜਾ ਸਕਦੀ ਹੈ ਕਿ ਉਸ ਨੇ ਆਪਣੀ ਵਿਚਾਰਧਾਰਾ ਅਨੁਸਾਰ ਜੋ ਠੀਕ ਜਾਣਿਆ, ਉਸ ਉਪਰ ਪੂਰੀ ਸਿਦਕ ਦਿਲੀ ਨਾਲ ਪਹਿਰਾ ਦਿੱਤਾ ਅਤੇ ਗੁਰਬਾਣੀ ਦੇ ਸਮਾਜਿਕ ਨਕਸ਼ਾਂ ਨੂੰ ਪਛਾਣਨ ਦੇ ਨਵੇਕਲੇ ਚਿੰਤਨੀ ਕਾਰਜ ਨਾਲ ਪੰਜਾਬੀ ਆਲੋਚਨਾ ਨੂੰ ਨਵਾਂ ਵਿਸਤਾਰ ਦਿੱਤਾ। ਕਿਸ਼ਨ ਸਿੰਘ ਦਾ ਇਹ ਕਾਰਜ ਸੰਤ ਸਿੰਘ ਸੇਖੋਂ ਦੀ ਆਲੋਚਨਾ ਨਾਲ ਸੰਵਾਦ ਵਿੱਚੋਂ ਸਾਮ੍ਹਣੇ ਆਉਂਦਾ ਪਛਾਣਿਆ ਜਾ ਸਕਦਾ ਹੈ। ਇਹ ਸੰਵਾਦ ਉਸ ਦੀਆਂ ਪੁਸਤਕਾਂ ਰਾਹੀਂ ਵੀ ਪੇਸ਼ ਹੋਇਆ ਅਤੇ ‘ਸੇਧ’ ਰਸਾਲੇ ਦੀਆਂ ਲੇਖ-ਲੜੀਆਂ ਵਜੋਂ ਵੀ ਪੰਜਾਬੀ ਆਲੋਚਨਾ ਨੂੰ ਸੇਧ ਦਿੰਦਾ ਰਿਹਾ ਹੈ। ‘ਸੇਧ’ ਦੇ ਕੁਸ਼ਲ ਸੰਪਾਦਨ ਦੀ ਗੂੜ੍ਹੀ ਪਿਰਤ ਵੀ ਕਿਸ਼ਨ ਸਿੰਘ ਦੀ ਕੁਸ਼ਲ ਪ੍ਰਤਿਭਾ ਦਾ ਇੱਕ ਹੋਰ ਵਿਸਤਾਰ ਹੈ। ਸੇਧ ਵਰਗੇ ਗਹਿਰ-ਗੰਭੀਰ ਸੰਪਾਦਕੀ ਕਾਰਜ ਅੱਜ ਵੀ ਪੰਜਾਬੀ ਸਾਹਿਤਿਕ ਪੱਤਰਕਾਰੀ ਦਾ ਮਾਰਗ ਦਰਸ਼ਕ ਹਨ।

          ਗੁਰਬਾਣੀ ਦਾ ਸੱਚ ਪੁਸਤਕ ਗੁਰਬਾਣੀ ਦੇ ਮੂਲ ਸੰਕਲਪਾਂ ਹੁਕਮ, ਬਦੀ, ਵਿਜੋਗ ਅਤੇ ਸਰਬੱਤ ਦੀ ਵਿਆਖਿਆ ਪ੍ਰਸਤੁਤ ਕਰਦੀ ਹੋਈ ਗੁਰਬਾਣੀ ਦੀ ਅਸਲ ਸੂਝ ਦੇ ਨਕਸ਼ ਪਛਾਣਨ ਦਾ ਨਵਾਂ ਰਾਹ ਸੁਝਾਉਂਦੀ ਹੈ ਤੇ ਗੁਰਬਾਣੀ ਵਿੱਚ ਪੇਸ਼ ਜੀਵਨ ਮਸਲਿਆਂ ਨੂੰ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਵਿੱਚ ਪਾਉਂਦੀ ਹੋਈ ਕਿਸ਼ਨ ਸਿੰਘ ਦੀ ਇਹ ਰਚਨਾ ਪੰਜਾਬੀ ਪਾਠਕਾਂ ਨੂੰ ਗੁਰਬਾਣੀ ਨੂੰ ਲੋਕ-ਹਿਤੈਸ਼ੀ ਆਧਾਰਾਂ ਉਪਰ ਸਮਝਣ ਦੀ ਗੱਲ ਕਰਦੀ ਹੈ। ਕਿਸ਼ਨ ਸਿੰਘ ਨੇ ਵਿਚਾਰਧਾਰਿਤ ਪ੍ਰਤਿਬੱਧਤਾ ਤੋਂ ਗੁਰਬਾਣੀ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਤੋਂ ਇਲਾਵਾ ਪੰਜਾਬੀ ਗਲਪ ਸਾਹਿਤ ਨੂੰ ਵੀ ਪੰਜਾਬੀ ਸੱਭਿਆਚਾਰਿਕ ਸੰਦਰਭਾਂ ਵਿੱਚ ਸਮਝਣ ਦਾ ਯਤਨ ਕੀਤਾ। ਇਸੇ ਤਹਿਤ ਉਸ ਦੀ ਪੁਸਤਕ ਗੁਰਦਿਆਲ ਸਿੰਘ ਦੀ ਨਾਵਲ-ਚੇਤਨਾ ਵਰਣਨਯੋਗ ਹੈ। ਪਰ ਗਲਪ ਆਲੋਚਕ ਵਜੋਂ ਕਿਸ਼ਨ ਸਿੰਘ ਦਾ ਵੱਖਰਾ ਆਲੋਚਨਾਤਮਿਕ ਮੁਹਾਵਰਾ ਨਜ਼ਰ ਨਹੀਂ ਆਉਂਦਾ। ਕਿਸ਼ਨ ਸਿੰਘ ਦੀ ਅਸਲ ਮਾਨਤਾ ਦਾ ਖੇਤਰ ਗੁਰਬਾਣੀ ਅਤੇ ਸਿੱਖ ਧਰਮ ਦੀ ਵਿਆਖਿਆ ਤੇ ਵਿਸ਼ਲੇਸ਼ਣ ਦਾ ਖੇਤਰ ਹੀ ਬਣਦਾ ਹੈ, ਇਸੇ ਲਈ ਕਿਸ਼ਨ ਸਿੰਘ ਦਾ ਇਹ ਆਲੋਚਨਾ ਕਾਰਜ ਉਸ ਦੀ ਪਛਾਣ ਦਾ ਆਧਾਰ ਹੈ।


ਲੇਖਕ : ਉਮਿੰਦਰ ਜੌਹਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਿਸ਼ਨ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸ਼ਨ ਸਿੰਘ (ਅ.ਚ.1846): ਜਮਾਦਾਰ ਖ਼ੁਸ਼ਹਾਲ ਸਿੰਘ ਦਾ ਦੂਜਾ ਪੁੱਤਰ ਅਤੇ ਸਿੱਖ ਰਾਜ ਵਿਚ ਇਕ ਪ੍ਰਭਾਵਸ਼ਾਲੀ ਦਰਬਾਰੀ ਸੀ। ਕਿਸ਼ਨ ਸਿੰਘ ਦੇ ਪਿਤਾ ਦੀ 1844 ਵਿਚ ਮੌਤ ਤੋਂ ਬਾਅਦ ਦੇ ਲਾਹੌਰ ਜ਼ਿਲੇ ਦੇ ਦਸਤਾਵੇਜ਼ ਕਿਸ਼ਨ ਸਿੰਘ ਦਾ ਕੋਈ ਜ਼ਿਕਰ ਨਹੀਂ ਕਰਦੇ। ਜਿਉਂ ਹੀ 1843 ਵਿਚ ਹੀਰਾ ਸਿੰਘ ਡੋਗਰਾ ਤਾਕਤ ਵਿਚ ਆਇਆ ਤਾਂ ਪਰਵਾਰ ਲਈ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਗਿਆ। ਕਿਸ਼ਨ ਸਿੰਘ ਲਈ ਇਸ ਦੇ ਪਿਤਾ ਦੀਆਂ ਜਗੀਰਾਂ ਦੇ ਉੱਤਰਾਧਿਕਾਰ ਲਈ ਸ਼ਰਤਾਂ ਸਖ਼ਤ ਕਰ ਦਿੱਤੀਆਂ ਗਈਆਂ ਸਨ। ਇਸ ਨੂੰ ਆਪਣੇ ਪਿਤਾ ਦੀਆਂ ਜਗੀਰਾਂ ਵਿਚੋਂ 1,70,000 ਸਲਾਨਾ ਦੇ ਅਧਿਕਾਰ ਖੋਹ ਲਏ ਗਏ ਅਤੇ ਪਰਵਾਰ ਕੋਲ ਕੇਵਲ 70,000 ਰੁਪਏ ਦੇ ਮੁੱਲ ਦੀਆਂ ਜ਼ਮੀਨਾਂ ਹੀ ਰਹਿ ਗਈਆਂ ਸਨ। ਉਸ ਵੱਲੋਂ 5,00,000 ਰੁਪਏ ਦਾ ਨਜ਼ਰਾਨਾ ਰਾਜ ਨੂੰ ਦੇਣਾ ਬਣਦਾ ਸੀ। ਇਸ ਤੋਂ ਇਲਾਵਾ ਇਸ ਦੇ ਪਿਤਾ ਦੁਆਰਾ ਹਰਿਦੁਆਰ ਵਿਖੇ ਲੁਕੋਇਆ ਖ਼ਜ਼ਾਨਾ ਅਤੇ ਮਾਲ ਅਸਬਾਬ ਵਾਪਸ ਪੰਜਾਬ ਲਿਆਉਣ ਲਈ ਵੀ ਇਸ ਉੱਪਰ ਦਬਾਉ ਪਾਇਆ ਗਿਆ। ਕਿਸ਼ਨ ਸਿੰਘ ਨੂੰ ਇਸ ਦੀ ਮਾਤਾ ਅਤੇ ਪਰਵਾਰ ਸਮੇਤ ਅੰਮ੍ਰਿਤਸਰ ਵਿਖੇ ਪਾਬੰਦੀ ਹੇਠ ਰੱਖਿਆ ਗਿਆ ਅਤੇ ਤੋਸ਼ਾਖ਼ਾਨਾ ਦੇ ਇਕ ਅਧਿਕਾਰੀ ਨੂੰ ਜਾਇਦਾਦ ਲੈਣ ਲਈ ਹਰਿਦੁਆਰ ਭੇਜਿਆ ਗਿਆ। ਬੰਧਕਾਂ ਦੀ ਰਿਹਾਈ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਹੀ ਹੋਈ।

      1846 ਵਿਚ ਸਭਰਾਉਂ ਦੇ ਯੁੱਧ ਵਿਚ ਕਿਸ਼ਨ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ।


ਲੇਖਕ : ਜ.ਸ.ਖ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.