ਕੇਸਰ ਸਿੰਘ ਛਿੱਬਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੇਸਰ ਸਿੰਘ ਛਿੱਬਰ : ‘ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ’ ਦੇ ਲੇਖਕ ਭਾਈ ਕੇਸਰ ਸਿੰਘ ਛਿੱਬਰ ਦਾ ਜਨਮ ਕਦ ਅਤੇ ਕਿਥੇ ਹੋਇਆ ? ਇਸ ਬਾਰੇ ਇਤਿਹਾਸ ਚੁਪ ਹੈ । ਅੰਦਰਲੇ ਸੰਕੇਤ ਅਨੁਸਾਰ — ਸਤਰ ਬਰਸ ਸੋਧ ਮੈ ਕੀਤੀ ਤਾ ਇਹੁ ਕਥਾ ਸੁਣਾਈ ( 14/622 ) । ਇਸ ਦੀ ਆਯੂ ਬੰਸਾਵਲੀਨਾਮੇ ਦੀ ਸਮਾਪਤੀ ( ਸੰ. 1826 ਬਿ. ) ਵੇਲੇ 70 ਵਰ੍ਹਿਆਂ ਦੀ ਸੀ । ਇਸ ਹਿਸਾਬ ਅਨੁਸਾਰ ਇਸ ਦਾ ਜਨਮ ਸ. 1756 ਬਿ. ਦੇ ਨੇੜੇ-ਤੇੜੇ ਹੋਇਆ ਹੋਵੇਗਾ । ਗੁਰੂ ਗੋਬਿੰਦ ਸਿੰਘ ਜੀ ਸੰ. 1765 ਬਿ. ਵਿਚ ਜੋਤੀ ਜੋਤਿ ਸਮਾਏ , ਉਦੋਂ ਇਸ ਦੀ ਉਮਰ 8/9 ਵਰ੍ਹਿਆਂ ਦੀ ਹੋਵੇਗੀ । ਇਸ ਲਈ ਇਹ ਗੁਰੂ ਸਾਹਿਬ ਦਾ ਹਜੂਰੀ ਲੇਖਕ ਨਹੀਂ ਹੋ ਸਕਦਾ । ਗੁਰੂ ਗੋਬਿੰਦ ਸਿੰਘ ਜੀ ਦੇ ਪਰਵਰਤੀ ਕਾਲ ਵਿਚ ਕੇਸਰ ਸਿੰਘ ਸਿੱਖ-ਸੰਗਠਨ ਅਤੇ ਉਘੇ ਸਿੱਖ ਆਗੂਆਂ ਦੇ ਸੰਪਰਕ ਵਿਚ ਰਿਹਾ ਸੀ । ਇਸ ਨੇ ਬਹੁਤ ਸਮਾਂ ਮਾਤਾ ਸੁੰਦਰੀ ਦੇ ਦਰਬਾਰ ਵਿਚ ਦਿੱਲੀ ਅਤੇ ਦਰਬਾਰ ਸਾਹਿਬ ਵਿਚ ਅੰਮ੍ਰਿਤਸਰ ਬਿਤਾਇਆ ਸੀ । ਇਹ ਅਵੱਸ਼ ਹੀ ਮਾਮਾ ਕ੍ਰਿਪਾਲ , ਭਾਈ ਮਨੀ ਸਿੰਘ , ਭਾਈ ਤਾਰਾ ਸਿੰਘ ਆਦਿ ਦੇ ਨੇੜੇ ਵਿਚਰਿਆ ਹੋਵੇਗਾ ।

                      ਬੰਸਾਵਲੀਨਾਮੇ ਵਿਚ ਭਾਈ ਕੇਸਰ ਸਿੰਘ ਨੇ ਆਪਣੇ ਜਨਮ-ਸਥਾਨ ਦਾ ਕੋਈ ਉਲੇਖ ਨਹੀਂ ਕੀਤਾ , ਪਰ ਇਸ ਦੀ ਕੁਲ-ਪਰੰਪਰਾ ਜੰਮੂ ਦੇ ਛਿੱਬਰ ਖ਼ਾਨਦਾਨ ਨਾਲ ਜੁੜਦੀ ਹੈ । ਇਸ ਨੇ ਆਪਣੇ ਆਪ ਨੂੰ ਧਰਮਚੰਦ ਦਾ ‘ ਨਾਤੀ’ ਕਿਹਾ ਹੈ । ਇਸ ਨੇ ਨੌਵੇਂ ਚਰਣ ( 33-34 ) ਵਿਚ ਦਸਿਆ ਹੈ ਕਿ ਬਕਾਲੇ ਵਿਚ 22 ਮੰਜੀਆਂ ਉਤੇ ਅਖੌਤੀ ਗੁਰੂਆਂ ਵਿਚੋਂ ਵਾਸਤਵਿਕ ਗੁਰੂ ਨੂੰ ਲਭਣ ਦਾ ਸਿਹਰਾ ਦੀਵਾਨ ਦੁਰਘਾ ਮੱਲ ਛਿੱਬਰ ਨੂੰ ਹੈ , ਜੋ ਗੁਰੂ ਹਰਿਕ੍ਰਿਸ਼ਨ ਜੀ ਨਾਲ ਦਿੱਲੀ ਗਿਆ ਸੀ ਅਤੇ ਗੁਰੂ-ਪਦ ਦਾ ਵਿਵਾਦ ਛਿੜ ਪੈਣ’ ਤੇ ਪੰਜਵੇਂ ਮਹੀਨੇ ਦਿਲੀਓਂ ਸੰਗਤ ਲੈ ਕੇ ਬਾਬੇ ਬਕਾਲੇ ਆਇਆ ਸੀ । ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਸਿਰੋਪਾਓ ਦਿੱਤਾ ਅਤੇ ਆਪਣੇ ਦਰਬਾਰ ਦੀ ‘ ਦੀਵਾਨੀ ’ ਦੀ ਜ਼ਿੰਮੇਵਾਰੀ ਵੀ ਸੌਂਪੀ । ਬਿਰਧ ਹੋਣ ਕਰਕੇ ਉਸ ਨੇ ਇਸ ਕੰਮ ਲਈ ਸਤੀਦਾਸ ਅਤੇ ਮਤੀਦਾਸ ਨਾਂ ਦੇ ਆਪਣੇ ਦੋ ਭਤੀਜਿਆਂ ਦਾ ਸਹਿਯੋਗ ਲਿਆ , ਕਿਉਂਕਿ ਧਰਮਚੰਦ ਨਾਂ ਦਾ ਉਸ ਦਾ ਪੁੱਤਰ ਉਦੋਂ ਉਮਰ ਵਿਚ ਛੋਟਾ ਸੀ ਅਤੇ ‘ ਦੀਵਾਨੀ’ ਦਾ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਸੀ ।

                      ਧਰਮਚੰਦ ਅਤੇ ਸਾਹਿਬ ਚੰਦ ਦੋਵੇਂ ਭਰਾ ਸਨ । ਇਨ੍ਹਾਂ ਦੋਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ ਉਤੇ ਬੈਠਣ ਵੇਲੇ ‘ ਦੀਵਾਨੀ’ ਦਾ ਕੰਮ ਸੰਭਾਲਣ ਲਈ ਆਦੇਸ਼ ਦਿੱਤਾ । ਸਾਹਿਬ ਚੰਦ ਦੀ ਜ਼ਿੰਮੇਵਾਰੀ ਦਰਬਾਰ ਦੀ ਦੀਵਾਨੀ ਸੰਭਾਲਣਾ ਸੀ ਅਤੇ ਧਰਮਚੰਦ ਦੇ ਸਪੁਰਦ ਖ਼ਜ਼ਾਨੇ ਅਤੇ ਤੋਸ਼ਾਖ਼ਾਨੇ ਦਾ ਕੰਮ ਸੀ ( 10/26-27 ) । ਧਰਮਚੰਦ ਦੇ ਪੁੱਤਰ ਦਾ ਨਾਂ ਗੁਰਬਖ਼ਸ਼ ਸਿੰਘ ਸੀ ਅਤੇ ਗੁਰਬਖ਼ਸ਼ ਸਿੰਘ ਦਾ ਲੜਕਾ ਕੇਸਰ ਸਿੰਘ ਸੀ । ਇਸ ਤਰ੍ਹਾਂ ਕੇਸਰ ਸਿੰਘ ਦੁਰਘਾ ਮੱਲ ਦੇ ਖ਼ਾਨਦਾਨ ਵਿਚੋਂ ਸੀ ਅਤੇ ਦਸਮ ਗੁਰੂ ਜੀ ਦੇ ਖ਼ਜ਼ਾਨੇ ਅਤੇ ਤੋਸ਼ਾਖ਼ਾਨੇ ਤਕ ਉਸ ਦੀ ਸਿਧੀ ਪਹੁੰਚ ਸੀ ।

                      ਕੇਸਰ ਸਿੰਘ ਛਿੱਬਰ ਦੇ ਨਾਂ ਨਾਲ ਇਕ ‘ ਬਾਰਾਮਾਹ ’ ਦੀ ਰਚਨਾ ਵੀ ਜੋੜੀ ਜਾਂਦੀ ਹੈ , ਪਰ ਉਸ ਬਾਰੇ ਅਧਿਕ ਜਾਣਕਾਰੀ ਦਾ ਅਭਾਵ ਹੈ । ਇਸ ਦੀ ਇਕੋ ਇਕ ਰਚਨਾ ‘ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ’ ( ਵੇਖੋ ) ਹੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.