ਗੁਰੂ ਅਮਰਦਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਅਮਰਦਾਸ ( 1479– 1574 ) : ਗੁਰੂ ਅਮਰਦਾਸ ਦਸ ਗੁਰੂ ਸਾਹਿਬਾਨ ਵਿੱਚੋਂ ਤੀਸਰੇ ਸਿੱਖ ਧਰਮ ਦੇ ਗੁਰੂ ਸਨ । ਆਪ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1479 ਵਿੱਚ ਹੋਇਆ । ਗੁਰੂ ਅੰਗਦ ਦੇਵ ਦੀ ਪੁੱਤਰੀ ਬੀਬੀ ਅਮਰੋ ਪਾਸੋਂ ਨਾਨਕ ਬਾਣੀ ਸੁਣਨ ਉਪਰੰਤ ਆਪ ਚੋਖੀ ਵਡੇਰੀ ਉਮਰ ਵਿੱਚ ਗੁਰੂ ਅੰਗਦ ਦੇਵ ਦੀ ਸੰਗਤ ਵਿੱਚ ਆਏ । ਗੁਰਮਤਿ ਜੀਵਨ-ਜਾਚ ਨੂੰ ਨਿਮਰਤਾ ਤੇ ਸੇਵਾ-ਭਾਵਨਾ ਨਾਲ ਆਪ ਨੇ ਅਜਿਹਾ ਆਤਮਸਾਤ ਕੀਤਾ ਕਿ ਗੁਰੂ ਅੰਗਦ ਦੇਵ ਨੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਵਾਰਸ ਥਾਪ ਦਿੱਤਾ । ਆਪ ਨੇ ਪਹਿਲੇ ਦੋ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਭਗਤਾਂ ਦੀ ਰਚਨਾ ਨੂੰ ਸੰਗ੍ਰਹਿਤ ਕਰਨ ਦਾ ਇਤਿਹਾਸਿਕ ਮਹੱਤਵ ਦਾ ਕਾਰਜ ਕੀਤਾ , ਜਿਸ ਸਦਕਾ ਮਗਰੋਂ ਗੁਰੂ ਅਰਜਨ ਦੇਵ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਸੰਭਵ ਹੋ ਸਕੀ । ਸਿੱਖ ਧਰਮ ਨੂੰ ਸੰਸਥਾਈ ਰੂਪ ਪ੍ਰਦਾਨ ਕਰਨ ਦਾ ਕਾਰਜ ਵੀ ਗੁਰੂ ਅਮਰਦਾਸ ਦੁਆਰਾ ਹੀ ਅਰੰਭ ਹੋਇਆ । ਗੋਇੰਦਵਾਲ ਵਿੱਚ ਪਹਿਲਾ ਸਿੱਖ ਸੰਸਥਾਨ ਆਪ ਦੁਆਰਾ ਹੀ ਸਥਾਪਿਤ ਕੀਤਾ ਗਿਆ , ਜਿੱਥੇ ਸੰਗਤ ਵਿੱਚ ਨਾਮ ਬਾਣੀ ਦੇ ਪ੍ਰਵਾਹ ਦੇ ਨਾਲ-ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਦਾ ਆਦੇਸ਼ ਊਚ-ਨੀਚ ਤੇ ਜਾਤ-ਪਾਤ ਵਿੱਚ ਫਸੇ ਸਮਾਜ ਲਈ ਗੁਰੂ ਅਮਰਦਾਸ ਦਾ ਮਨੁੱਖ ਮਾਤਰ ਲਈ ਬਰਾਬਰੀ ਦਾ ਅਮਲੀ ਸੁਨੇਹਾ ਸੀ । ਆਪ ਦੀ ਪੁੱਤਰੀ ਬੀਬੀ ਭਾਨੀ ਦੀ ਸ਼ਾਦੀ ਭਾਈ ਜੇਠਾ ਨਾਲ ਹੋਈ , ਜੋ ਗੁਰੂ ਰਾਮਦਾਸ ਦੇ ਰੂਪ ਵਿੱਚ ਚੌਥੇ ਸਿੱਖ ਗੁਰੂ ਵਜੋਂ ਸ਼ਸ਼ੋਭਿਤ ਹੋਏ । ਬੀਬੀ ਭਾਨੀ ਦੀ ਵੰਸ਼ ਵਿੱਚੋਂ ਹੀ ਮਗਰੋਂ ਸਿੱਖ ਗੁਰੂ ਸਾਹਿਬਾਨ ਦੀ ਲੀਹ ਚੱਲੀ । ਆਪ 1574 ਵਿੱਚ ਜੋਤੀ-ਜੋਤ ਸਮਾ ਗਏ ।

        ਆਦਿ ਗ੍ਰੰਥ ਵਿੱਚ ਕੁੱਲ 31 ਰਾਗਾਂ ਵਿੱਚੋਂ 18 ਰਾਗਾਂ ਵਿੱਚ ਗੁਰੂ ਅਮਰਦਾਸ ਦੀ ਬਾਣੀ ਅੰਕਿਤ ਹੈ । ਇਹ ਰਾਗ ਹਨ : ਸਿਰੀ ਰਾਗ , ਮਾਝ , ਗਉੜੀ , ਆਸਾ , ਗੂਜਰੀ , ਬਿਹਾਗੜਾ , ਵਡਹੰਸ , ਸੋਰਠ , ਧਨਾਸਰੀ , ਸੂਹੀ , ਬਿਲਾਵਲ , ਰਾਮਕਲੀ , ਮਾਰੂ , ਭੈਰਉ , ਬਸੰਤ , ਸਾਰੰਗ , ਮਲਾਰ ਅਤੇ ਪ੍ਰਭਾਤੀ । ਰਾਗਾਂ ਤੋਂ ਇਲਾਵਾ ਕੁਝ ਹੋਰ ਬਾਣੀ ਵੀ ਹੈ , ਜੋ ਭਗਤ ਕਬੀਰ ਅਤੇ ਸ਼ੇਖ਼ ਫ਼ਰੀਦ ਦੇ ਸਲੋਕਾਂ ਨਾਲ ਅਤੇ ‘ ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਬਾਣੀ ਦਰਜ ਹੈ । ਆਪ ਨੇ ਚਉਪਦੇ , ਅਸ਼ਟ- ਪਦੀਆਂ , ਸੋਲਹੇ ਅਤੇ ਛੰਤ ਵੀ ਰਚੇ ਹਨ । ਲੰਮੇਰੇ ਆਕਾਰ ਵਾਲੀਆਂ ਗੁਰੂ ਅਮਰਦਾਸ ਦੀਆਂ ਰਚਨਾਵਾਂ ਵਿੱਚ ਅਨੰਦ , ਅਲਾਹੁਣੀਆਂ , ਪੱਟੀ ਅਤੇ ਵਾਰ ਸਤ ਸ਼ਾਮਲ ਹਨ । ਇਹਨਾਂ ਤੋਂ ਇਲਾਵਾ ਰਾਗ ਗੂਜਰੀ , ਰਾਗ ਸੂਹੀ , ਰਾਗ ਰਾਮਕਲੀ ਅਤੇ ਰਾਗ ਮਾਰੂ ਵਿੱਚ ਆਪ ਨੇ ਚਾਰ ਵਾਰਾਂ ਦੀ ਰਚਨਾ ਕੀਤੀ ਹੈ । ਆਪ ਦੀ ਰਚਨਾ ਦੇ ਸ਼ਬਦਾਂ ਸਲੋਕਾਂ ਦੀ ਕੁੱਲ ਗਿਣਤੀ 885 ਹੈ ।

        ਗੁਰੂ ਅਮਰਦਾਸ ਦੀਆਂ ਲੰਮੀਆਂ ਰਚਨਾਵਾਂ ਵਿੱਚੋਂ ਰਾਮਕਲੀ ਰਾਗ ਵਿੱਚ ਅਨੰਦ ਜਿਸ ਨੂੰ ਸਿੱਖ ਜਗਤ ਵਿੱਚ ਸਤਿਕਾਰ ਵਜੋਂ ਅਨੰਦ ਸਾਹਿਬ ਕਿਹਾ ਜਾਂਦਾ ਹੈ , ਪ੍ਰਮੁਖ ਰਚਨਾ ਹੈ । ਗੁਰੂ ਸਾਹਿਬ ਨੇ ਇਸ ਰਚਨਾ ਵਿੱਚ ਮਨੁੱਖ ਦੀ ਸਰਬ-ਉੱਚ ਪ੍ਰਾਪਤੀ ਨੂੰ ਅਨੰਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ । ਇਹ ਰਚਨਾ ਉਸ ਰੂਹਾਨੀ ਅਨੰਦ ਦਾ ਬੋਧ ਕਰਾਉਂਦੀ ਹੈ , ਜਿਹੜਾ ਲੌਕਿਕ ਸੁੱਖ-ਦੁੱਖ ਨਾਲੋਂ ਵੱਖਰਾ ਤੇ ਉਚੇਰਾ ਹੈ । 40 ਪਉੜੀਆਂ ਉੱਤੇ ਆਧਾਰਿਤ ਇਸ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ ਦਾ ਪਾਠ ਜਾਂ ਗਾਇਨ ਖ਼ੁਸ਼ੀ ਜਾਂ ਗ਼ਮੀ ਦੇ ਹਰ ਮੌਕੇ ਉੱਤੇ ਸਿੱਖ ਜਗਤ ਵਿੱਚ ਕੀਤਾ ਜਾਂਦਾ ਹੈ । ਰਾਗ ਵਡਹੰਸ ਵਿੱਚ ਰਚੀਆਂ ਚਾਰ ਅਲਾਹੁਣੀਆਂ ਵੀ ਗੁਰੂ ਅਮਰਦਾਸ ਦੀਆਂ ਮਹੱਤਵਪੂਰਨ ਰਚਨਾਵਾਂ ਹਨ । ਸੋਗ ਤੇ ਵਾਰਤਾਲਾਪ ਨਾਲ ਸੰਬੰਧਿਤ ਇਸ ਲੋਕ-ਕਾਵਿ ਰੂਪ ਨੂੰ ਗੁਰੂ ਸਾਹਿਬ ਨੇ ਦੁੱਖ ਜਾਂ ਉਦਾਸੀ ਦੇ ਭਾਵਾਂ ਦਾ ਸੰਚਾਰ ਕਰਨ ਦੀ ਬਜਾਏ ਮਨੁੱਖ ਨੂੰ ਸੰਸਾਰਿਕਤਾ ਤੋਂ ਮੁਕਤ ਹੋਣ ਦਾ ਸੰਦੇਸ਼ ਦੇਣ ਲਈ ਵਰਤਿਆ ਹੈ । ‘ ਵਾਰ ਸਤ’ ਰਚਨਾ ਵਿੱਚ ਵੀ ਲੋਕ ਕਾਵਿ-ਰੂਪ ਸਤਵਾਰਾ ਨੂੰ ਕੇਵਲ ਰਚਨਾ-ਜੁਗਤ ਵਜੋਂ ਵਰਤਦਿਆਂ ਹੋਇਆਂ ਗੁਰਮਤਿ ਵਿਚਾਰਧਾਰਾ ਤੇ ਜੀਵਨ ਜਾਚ ਦਾ ਨਿਰੂਪਣ ਕੀਤਾ ਹੈ ।

        ਗੁਰਮਤਿ ਜੀਵਨ-ਜਾਚ ਦੇ ਨਵੇਕਲੇ ਚਰਿੱਤਰ ਨੂੰ ਹੋਰਨਾਂ ਮਤਾਂ-ਮਤਾਂਤਰਾਂ ਦੀ ਤੁਲਨਾ ਵਿੱਚ ਰੱਖ ਕੇ ਪੇਸ਼ ਕਰਨ ਦਾ ਉਪਰਾਲਾ ਗੁਰੂ ਅਮਰਦਾਸ ਦੀ ਬਾਣੀ ਦੇ ਵਿਸ਼ੇ-ਖੇਤਰ ਦਾ ਮੁੱਖ ਲੱਛਣ ਹੈ । ਸਮਕਾਲੀ ਜੀਵਨ ਵਿੱਚ ਪ੍ਰਚਲਿਤ ਬੇਲੋੜੇ ਕਰਮ-ਕਾਂਡ ਅਤੇ ਆਡੰਬਰੀ ਸਾਧਨਾਂ ਦਾ ਖੰਡਨ ਵੀ ਆਪ ਦੀ ਬਾਣੀ ਵਿੱਚ ਹੋਇਆ ਮਿਲਦਾ ਹੈ । ਧਰਮ ਦੇ ਹਕੀਕੀ ਰੂਹਾਨੀ ਅਰਥਾਂ ਨੂੰ ਸਥਾਪਿਤ ਕਰਦੀ ਗੁਰੂ ਅਮਰਦਾਸ ਦੀ ਬਾਣੀ ਬ੍ਰਾਹਮਣਵਾਦੀ ਜਾਤੀ ਪ੍ਰਥਾ ਦਾ ਵੀ ਤਿੱਖਾ ਖੰਡਨ ਕਰਦੀ ਹੈ । ਗੁਰੂ ਸਾਹਿਬ ਨੇ ਕੁਲੀਨ ਵਰਗ ਦੇ ਜਾਤੀ ਅਭਿਮਾਨ ਦਾ ਖੰਡਨ ਕਰਦਿਆਂ ਬ੍ਰਹਮ ਬਿੰਦ ਤਹ ਸਭ ਓਪਤਿ ਹੋਈ ਦੀ ਰੂਹਾਨੀ ਦਲੀਲ ਦਿੱਤੀ ਹੈ :

ਜਾਤਿ ਦਾ ਗਰਬੁ ਨ ਕਰੀਅਹੁ ਕੋਈ

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ।

ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ ।

                  ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ।

        ਧਾਰਮਿਕ ਪ੍ਰਾਪਤੀ ਲਈ ਬਾਹਰਮੁਖੀ ਭੇਖ ਧਾਰਨ ਨੂੰ ਮਹੱਤਵਹੀਣ ਦਰਸਾਂਦਿਆਂ ਹੋਇਆਂ ਗੁਰੂ ਸਾਹਿਬ ਨੇ ਸੱਚ ਤੇ ਸੰਜਮ ਦੇ ਅੰਤਰਮੁਖੀ ਮਾਰਗ ਉੱਤੇ ਚੱਲਣ ਦਾ ਸੰਦੇਸ਼ ਦਿੱਤਾ ਹੈ । ਪ੍ਰਵਿਰਤੀ ਮਾਰਗ ਅਤੇ ਨਿਵਿਰਤੀ ਮਾਰਗ ਵਿਚਕਾਰ ਸੰਤੁਲਨ ਬਿਠਾਉਂਦਿਆਂ ਗੁਰੂ ਸਾਹਿਬ ਨੇ ਗ੍ਰਿਹ ਹੀ ਮਾਹਿ ਉਦਾਸੁ ਦਾ ਰਾਹ ਵਿਖਾਇਆ ਹੈ ।

        ਗੁਰੂ ਅਮਰਦਾਸ ਨੇ ਹਿੰਦੂ ਸਮਾਜ ਵਿੱਚ ਪ੍ਰਚਲਿਤ ਸਤੀ ਪ੍ਰਥਾ ਦਾ ਵੀ ਭਰਪੂਰ ਖੰਡਨ ਕੀਤਾ ਹੈ । ਇਸਤਰੀ ਦੇ ਆਪਣੇ ਮ੍ਰਿਤ ਪਤੀ ਦੀ ਲਾਸ਼ ਦੇ ਨਾਲ ਹੀ ਚਿਤਾ ਵਿੱਚ ਸੜ ਜਾਣ ਦੀ ਅਮਾਨਵੀ ਪ੍ਰਥਾ ਦੇ ਵਿਰੋਧ ਵਿੱਚ ਆਪ ਦੀ ਬਾਣੀ ਦੀਆਂ ਪੰਕਤੀਆਂ ਹਨ :

ਸਤੀਆ ਏਹਿ ਨਾ ਆਖੀਅਨਿ ਜੋ ਮੜਿੳ ਲਗਿ ਜਲੰਨਿ ।

                  ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ।

        ਗੁਰੂ ਸਾਹਿਬ ਨੇ ਸਤੀ ਦੇ ਸੰਕਲਪ ਨੂੰ ਪੁਨਰ ਪਰਿਭਾਸ਼ਿਤ ਕਰਦਿਆਂ ਇਸਤਰੀ ਪੁਰਖ ਸੰਬੰਧਾਂ ਨੂੰ ਵਫ਼ਾਦਾਰੀ ਅਤੇ ਸਿਦਕ ਦੇ ਨਵੇਂ ਪ੍ਰਤਿਮਾਨ ਦੇਣ ਦਾ ਉਪਰਾਲਾ ਕੀਤਾ ਹੈ । ਇਸ ਤਰ੍ਹਾਂ ਸਤੀ ਪ੍ਰਥਾ ਦੇ ਵਿਰੋਧ ਤੋਂ ਅਗਾਂਹ ਜਾ ਕੇ ਗੁਰੂ ਸਾਹਿਬ ਵੱਲੋਂ ਬਰਾਬਰੀ ਤੇ ਪਿਆਰ ਦੇ ਆਧਾਰ ਉੱਤੇ ਰਿਸ਼ਤਿਆਂ ਦੀ ਉਸਾਰੀ ਦਾ ਸੰਦੇਸ਼ ਦਿੱਤਾ ਗਿਆ ਹੈ । ਆਪਣੇ ਜੀਵਨ ਤੇ ਆਪਣੀ ਬਾਣੀ ਦੋਹਾਂ ਹੀ ਰੂਪਾਂ ਰਾਹੀਂ ਗੁਰੂ ਅਮਰਦਾਸ ਨੇ ਮਨੁੱਖ ਨੂੰ ਅਧਿਆਤਮਿਕ ਮੰਜ਼ਲ ਦੀ ਪ੍ਰਾਪਤੀ ਅਤੇ ਸੰਤੁਲਿਤ ਸਮਾਜਿਕ ਜੀਵਨ ਦੇ ਰਾਹ ਉੱਤੇ ਤੋਰਨ ਦਾ ਉਪਰਾਲਾ ਕੀਤਾ ਹੈ ।


ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.