ਘੁੱਕੇਵਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੱਕੇਵਾਲੀ . ਜਿਲਾ ਅਮ੍ਰਿਤਸਰ , ਤਸੀਲ ਥਾਣਾ ਅਜਨਾਲਾ ਵਿੱਚ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ੧੫ ਮੀਲ ਉੱਤਰ ਹੈ. ਰਾਜਾਸਾਂਸੀ ਤਕ ਪੱਕੀ ਸੜਕ ਹੈ , ਅੱਗੇ ਚਾਰ ਮੀਲ ਕੱਚਾ ਰਸਤਾ ਹੈ. ਇੱਥੇ ਦੋ ਗੁਰਦ੍ਵਾਰੇ ਹਨ , ਜੋ ਪਹਿਲਾਂ ਪਿੰਡ ‘ ਸਹਿੰਸਰੇ’ ਵਿੱਚ ਸਨ.

( ੧ ) ਗੁਰੂ ਕਾ ਬਾਗ , ਸ਼੍ਰੀ ਗੁਰੂ ਅਰਜਨ ਦੇਵ ਨੂੰ ਸਹਿੰਸਰੇ ਦੀ ਸੰਗਤਿ ਪ੍ਰੇਮਭਾਵ ਨਾਲ ਇੱਥੇ ਲੈ ਆਈ ਸੀ. ਗੁਰੂ ਸਾਹਿਬ ਕਈ ਦਿਨ ਰਹੇ. ਦਰਬਾਰ ਬਹੁਤ ਸੁੰਦਰ ਬਣਿਆ ਹੋਇਆ ਹੈ , ਜਿਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ. ਗੁਰਦ੍ਵਾਰੇ ਨਾਲ ਸੌ ਘੁਮਾਉਂ ਜ਼ਮੀਨ ਹੈ , ਜਿਸ ਵਿੱਚ ਇੱਕ ਬਾਗ ਹੈ. ਇਹ ਬਾਗ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਲਗਵਾਇਆ ਸੀ. ਪਹਿਲਾਂ ਇਸ ਗੁਰਅਸਥਾਨ ਦਾ ਨਾਉਂ ‘ ਗੁਰੂ ਕੀ ਰੌੜ ’ ਸੀ. ਹਰ ਪੂਰਨਮਾਸੀ ਅਤੇ ਅਮਾਵਸ ਨੂੰ ਮੇਲਾ ਹੁੰਦਾ ਹੈ. ਇਸੇ ਥਾਂ ਲੰਗਰ ਲਈ ਲੱਕੜਾਂ ਕੱਟਣ ਪੁਰ ਝਗੜਾ ਹੋਕੇ ਇਤਨੀ ਤਵਾਲਤ ਹੋਈ ਕਿ ਸ਼ਿਰੋਮਣੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਨੂੰ ੧੨ ਅਗਸਤ ਸਨ ੧੯੨੨ ਨੂੰ ਭਾਰੀ ਮੋਰਚਾ ਲਾਉਣਾ ਪਿਆ , ਜੋ ੧੭ ਨਵੰਬਰ ਸਨ ੧੯੨੨ ਨੂੰ ਸਮਾਪਤ ਹੋਇਆ.1

( ੨ ) ਪਿੰਡ ਤੋਂ ਦੱਖਣ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਵੱਲੇ ਤੋਂ ਆਕੇ ਇੱਥੇ ਕੁਝ ਕਾਲ ਰਹੇ. ਉਸੇ ਵੇਲੇ ਗੁਰੂ ਕੀ ਰੌੜ ਵਿੱਚ ਬਾਗ਼ ਲਾਉਣ ਦੀ ਸੰਗਤਿ ਨੂੰ ਆਗ੍ਯਾ ਦਿੱਤੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੁੱਕੇਵਾਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘੁੱਕੇਵਾਲੀ ( ਪਿੰਡ ) : ਪੰਜਾਬ ਦੇ ਅੰਮ੍ਰਿ੍ਰਤਸਰ ਜ਼ਿਲ੍ਹੇ ਦਾ ਇਕ ਪਿੰਡ , ਜੋ ਅੰਮ੍ਰਿਤਸਰ ਨਗਰ ਤੋਂ ਉੱਤਰ ਵਾਲੇ ਪਾਸੇ ਲਗਭਗ 20 ਕਿ.ਮੀ. ਦੀ ਵਿਥ ਉਤੇ ਵਸਿਆ ਹੋਇਆ ਹੈ । ਇਹ ਪਿੰਡ ਗੁਰੂ ਅਰਜਨ ਦੇਵ ਜੀ ਦੇ ਇਕ ਸਿੱਖ ਨੇ ਸਹਿੰਸਰਾ ਨਾਮਕ ਪਿੰਡ ਦੇ ਨੇੜੇ ਵਸਾਇਆ ਸੀ । ਇਸ ਪਿੰਡ ਵਿਚ ਦੋ ਗੁਰੂ-ਧਾਮ ਹਨ— ‘ ਗੁਰਦੁਆਰਾ ਗੁਰੂ ਕਾ ਬਾਗ਼ ’ ਅਤੇ ‘ ਗੁਰਦੁਆਰਾ ਬਾਉਲੀ ਸਾਹਿਬ’ ।

                  ‘ ਗੁਰਦੁਆਰਾ ਗੁਰੂ ਕਾ ਬਾਗ਼’ ਦਾ ਸੰਬੰਧ ਗੁਰੂ ਅਰਜਨ ਦੇਵ ਜੀ ਨਾਲ ਹੈ ਜੋ ਮਾਝੇ ਦੀ ਧਰਮ-ਪ੍ਰਚਾਰ ਫੇਰੀ ਵੇਲੇ ਇਥੇ ਕਈ ਦਿਨ ਰੁਕੇ ਸਨ । ਇਸ ਥਾਂ ਨੂੰ ਪਹਿਲਾਂ ‘ ਗੁਰੂ ਦੀ ਰੌੜ ’ ਨਾਂ ਨਾਲ ਯਾਦ ਕੀਤਾ ਜਾਂਦਾ ਸੀ । ਜਦੋਂ ਸੰਨ 1664 ਈ. ਵਿਚ ਗੁਰੂ ਤੇਗ ਬਹਾਦਰ ਜੀ ਇਥੇ ਆਏ , ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਪ੍ਰੇਰ ਕੇ ਇਸ ਸਥਾਨ’ ਤੇ ਇਕ ਖੂਹ ਲਗਵਾਇਆ ਅਤੇ ਰੌੜ ਨੂੰ ਬਾਗ਼ ਵਿਚ ਬਦਲਣ ਲਈ ਆਦੇਸ਼ ਦਿੱਤਾ । ਉਸ ਦਿਨ ਤੋਂ ਇਸ ਧਾਮ ਦਾ ਨਾਂ ‘ ਗੁਰੂ ਕਾ ਬਾਗ਼’ ਪ੍ਰਚਲਿਤ ਹੋ ਗਿਆ । ਇਸ ਥਾਂ’ ਤੇ ਮਹਾਰਾਜਾ ਰਣਜੀਤ ਸਿੰਘ ਨੇ ਦੋਹਾਂ ਗੁਰੂ ਸਾਹਿਬਾਂ ਦੀ ਯਾਦ ਵਿਚ ਗੁਰਦੁਆਰਾ ਬਣਵਾਇਆ ਅਤੇ ਕਾਫ਼ੀ ਜ਼ਮੀਨ ਵੀ ਗੁਰਦੁਆਰੇ ਦੇ ਨਾਂ ਉਤੇ ਲਗਵਾਈ । ਇਸ ਗੁਰਦੁਆਰੇ ਦੀ ਦੇਖ-ਭਾਲ ਉਦਾਸੀ ਸਾਧ ਕਰ ਰਹੇ ਸਨ । ਪਰ ਗੁਰਦੁਆਰੇ ਦੇ ਪ੍ਰਬੰਧ ਨੂੰ ਸੁਧਾਰਨ ਲਈ 12 ਅਗਸਤ 1922 ਈ. ਨੂੰ ਅਕਾਲੀ ਦਲ ਨੇ ਮੋਰਚਾ ਲਗਾਇਆ ਅਤੇ 17 ਨਵੰਬਰ 1922 ਈ. ਨੂੰ ਗੁਰਦੁਆਰੇ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਸਲ ਕਰ ਲਿਆ । ਇਸ ਮੋਰਚੇ ਵਿਚ ਸ਼ਹੀਦ ਹੋਏ ਸਿੰਘਾਂ ਦਾ ਸਮਾਰਕ ਸਰੋਵਰ ਦੇ ਕੰਢੇ ਉਤੇ ਬਣਾਇਆ ਗਿਆ ਹੈ । ( ਵੇਖੋ ‘ ਗੁਰੂ ਕਾ ਬਾਗ਼ ਮੋਰਚਾ ’ ) । ਗੁਰਦੁਆਰੇ ਦੀ ਨਵੀਂ ਇਮਾਰਤ ਸੰਨ 1980 ਈ. ਤੋਂ ਬਾਦ ਬਣਵਾਈ ਗਈ ਹੈ ।

                  ‘ ਗੁਰਦੁਆਰਾ ਬਾਉਲੀ ਸਾਹਿਬ’ ਗੁਰੂ ਤੇਗ ਬਹਾਦਰ ਜੀ ਦੀ ਆਮਦ ਦੀ ਯਾਦ ਵਿਚ ਪਿੰਡ ਦੀ ਦੱਖਣ ਦਿਸ਼ਾ ਵਿਚ ਉਸਾਰਿਆ ਗਿਆ ਸੀ । ਇਸ ਗੁਰਦੁਆਰੇ ਵਾਲੀ ਥਾਂ ਉਤੇ ਗੁਰੂ ਤੇਗ ਬਹਾਦਰ ਜੀ ਨੇ ਇਕ ਬਾਉਲੀ ਵੀ ਖੁਦਵਾਈ ਸੀ , ਜੋ ਹੁਣ ਵੀ ਮੌਜੂਦ ਹੈ ।

                      ਉਪਰੋਕਤ ਦੋਵੇਂ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਹਨ , ਇਨ੍ਹਾਂ ਦੀ ਵਿਵਸਥਾ ਸਥਾਨਕ ਕਮੇਟੀ ਤੋਂ ਕਰਵਾਈ ਜਾਂਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਘੁੱਕੇਵਾਲੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੱਕੇਵਾਲੀ : ਪਿੰਡ , ਅੰਮ੍ਰਿਤਸਰ ( 31° -38’ ਉ , 74° -52’ ਪੂ ) ਤੋਂ 21 ਕਿਲੋਮੀਟਰ ਉੱਤਰ ਵਾਲੇ ਪਾਸੇ ਅੰਮ੍ਰਿਤਸਰ- ਅਜਨਾਲਾ-ਡੇਰਾ ਬਾਬਾ ਨਾਨਕ ਦੀ ਲਿੰਕ ਰੋੜ ‘ ਤੇ ਸਥਿਤ ਹੈ । ਇੱਥੇ ਦੋ ਇਤਿਹਾਸਿਕ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਇਕ ਗੁਰੂ ਅਰਜਨ ਦੇਵ ਜੀ ( 1563-1606 ) ਅਤੇ ਦੂਜਾ ਗੁਰੂ ਤੇਗ਼ ਬਹਾਦਰ ਜੀ ( 1621-75 ) ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ ।

 

ਗੁਰਦੁਆਰਾ ਗੁਰੂ ਕਾ ਬਾਗ਼ , ਉਸ ਅਸਥਾਨ ‘ ਤੇ ਸਥਾਪਿਤ ਹੈ ਜਿਸ ਅਸਥਾਨ ਨੂੰ ਪਹਿਲਾਂ ਗੁਰੂ ਕੀ ਰੋੜ ( ਰੋੜ ਤੋਂ ਭਾਵ ਹੈ ਜ਼ਮੀਨ ਦਾ ਬੰਜਰ ਖੇਤਰ ) ਕਿਹਾ ਜਾਂਦਾ ਸੀ । ਇਹ ਗੁਰਦੁਆਰਾ , ਗੁਰੂ ਅਰਜਨ ਦੇਵ ਜੀ ਦੀਆਂ ਮਾਝਾ ਇਲਾਕੇ ਦੀਆਂ ਯਾਤਰਾਵਾਂ ਦੌਰਾਨ ਇਸ ਅਸਥਾਨ ‘ ਤੇ ਠਹਿਰਨ ਦੀ ਯਾਦ ਨੂੰ ਕਾਇਮ ਰੱਖਦਾ ਹੈ । ਭਾਈ ਘੁੱਕਾ , ਜੋ ਇਸ ਪਿੰਡ ਦਾ ਬਾਨੀ ਸੀ , ਨੇ ਇਕ ਛੋਟੇ ਧਾਰਮਿਕ ਅਸਥਾਨ ਦੀ ਉਸਾਰੀ ਕਰਵਾਈ ਸੀ , ਜਿਸਦੀ ਦੇਖ-ਭਾਲ ਬਾਅਦ ਵਿਚ ਇਹਨਾਂ ਦੇ ਪਰਵਾਰ ਨਾਲ ਸੰਬੰਧਿਤ ਵਿਅਕਤੀਆਂ ਨੇ ਜਾਰੀ ਰੱਖੀ ਸੀ । 1664 ਵਿਚ , ਜਦੋਂ ਗੁਰੂ ਤੇਗ਼ ਬਹਾਦਰ ਜੀ ਇਸ ਅਸਥਾਨ ‘ ਤੇ ਆਏ ਤਾਂ ਉਹਨਾਂ ਨੇ ਪਿੰਡ ਵਾਸੀਆਂ ਨੂੰ ਖੂਹ ਖੋਦਣ ਲਈ ਅਤੇ ਬੰਜਰ ਜ਼ਮੀਨ ਵਿਚ ਬਾਗ਼ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਦਾ ਨਤੀਜਾ ਇਹ ਹੋਇਆ ਕਿ ਗੁਰੂ ਕੀ ਰੋੜ ਕੁਝ ਸਮਾਂ ਬਾਅਦ ਗੁਰੂ ਕਾ ਬਾਗ਼ ਵਿਚ ਤਬਦੀਲ ਹੋ ਗਈ । ਸਿੱਖ ਸ਼ਾਸਕ , ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ( 1780- 1839 ) ਦੌਰਾਨ ਇੱਥੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਅਤੇ ਕਾਫ਼ੀ ਮਾਤਰਾ ਵਿਚ ਇਸ ਨੂੰ ਦਾਨ ਦਿੱਤਾ ਗਿਆ । ਹੋਰ ਬਹੁਤ ਸਾਰੇ ਗੁਰਦੁਆਰਿਆਂ ਵਾਂਗ , ਇਹ ਗੁਰਦੁਆਰਾ ਵੀ ਉਦਾਸੀ ਮਹੰਤਾਂ ਦੇ ਕਬਜ਼ੇ ਅਧੀਨ ਸੀ । ਇੱਥੇ ਭਿਆਨਕ ਅਹਿੰਸਾਤਮਿਕ ਅੰਦੋਲਨ ਸ਼ੁਰੂ ਹੋਇਆ ਜਿਸਨੂੰ 1922 ਵਿਚ ਗੁਰੂ ਕਾ ਬਾਗ਼ ਮੋਰਚਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ , ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੁਰਦੁਆਰੇ ਦਾ ਅਤੇ ਇਸ ਦੇ ਨਾਲ ਲੱਗਦੀ ਜ਼ਮੀਨ ਦਾ ਪ੍ਰਬੰਧ ਆਪਣੇ ਕਬਜ਼ੇ ਅਧੀਨ ਲੈ ਲਿਆ ਸੀ । ਉੱਚੀ ਚਾਰ ਦੀਵਾਰੀ ਦੇ ਵਿਚਾਲੇ ਵਰਤਮਾਨ ਇਮਾਰਤ ਦੀ 1980 ਵਿਚ ਉਸਾਰੀ ਕੀਤੀ ਗਈ । ਮੁੱਖ ਹਾਲ ਕਮਰੇ ਦੇ ਅਖੀਰ ਵਿਚ ਪ੍ਰਕਾਸ਼ ਅਸਥਾਨ ਉੱਪਰ ਇਕ ਸਜਾਵਟੀ ਗੁੰਬਦ ਬਣਿਆ ਹੋਇਆ ਹੈ । ਹਾਲ ਦੇ ਸਾਮ੍ਹਣੇ ਸਰੋਵਰ ਹੈ , ਜਿਸ ਦੇ ਕਿਨਾਰੇ’ ਤੇ 1922 ਵਿਚ ਗੁਰੂ ਕਾ ਬਾਗ਼ ਮੋਰਚਾ ਵਿਚ ਸ਼ਹੀਦ ਹੋਏ ਸ਼ਹੀਦਾਂ ਦੇ ਸਨਮਾਨ ਵਿਚ ਉੱਚਾ ਸਮਾਰਕ ਬਣਾਇਆ ਗਿਆ ਹੈ । ਇਸੇ ਹੀ ਚਾਰ ਦੀਵਾਰੀ ਅੰਦਰ ਇਕ ਵੱਖਰਾ ਗੁਰਦੁਆਰਾ , ਜੋ ਇਤਨਾ ਹੀ ਸੁੰਦਰ ਹੈ , ਗੁਰੂ ਤੇਗ਼ ਬਹਾਦਰ ਜੀ ਦੀ ਇੱਥੇ ਆਉਣ ਦੀ ਯਾਦ ਵਿਚ ਬਣਾਇਆ ਗਿਆ ਹੈ ।

ਗੁਰਦੁਆਰਾ ਬਾਉਲੀ ਸਾਹਿਬ , ਵੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਹੈ । ਗੁਰੂ ਸਾਹਿਬ ਦੁਆਰਾ ਜਿਸ ਬਾਉਲੀ ਦੀ ਖੁਦਵਾਈ ਕਰਵਾਈ ਗਈ ਸੀ ਉਹ ਅਜੇ ਵੀ ਮੌਜੂਦ ਹੈ । ਉਸਦੇ ਨੇੜੇ ਹੀ ਸੰਗਤ ਲਈ ਹਾਲ ਹੈ ਜਿਸਦੇ ਅਖੀਰ ਵਿਚ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ।

        ਇਹਨਾਂ ਦੋਵਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਅਧੀਨ ਸਥਾਨਿਕ ਕਮੇਟੀ ਦੁਆਰਾ ਚਲਾਇਆ ਜਾ ਰਿਹਾ ਹੈ ।


ਲੇਖਕ : ਗ.ਨ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.