ਚਰਿਤ੍ਰੋਪਾਖਿਆਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਰਿਤ੍ਰੋਪਾਖਿਆਨ ( ਕਾਵਿ ) : ‘ ਦਸਮ-ਗ੍ਰੰਥ ’ ਦੇ 580 ਪੰਨਿਆਂ ਵਿਚ ਪਸਰੀ ਇਸ ਰਚਨਾ ਵਿਚ ਚਰਿਤ੍ਰ ਕਥਾਵਾਂ ਦਾ ਸੰਕਲਨ ਹੋਇਆ ਹੈ । ਇਸ ਦੇ ਆਰੰਭ ਵਿਚ ‘ ਪਾਖੑਯਾਨ ਚਰਿਤ੍ਰ’ ਨਾਂ ਦਿੱਤਾ ਗਿਆ ਹੈ , ਪਰ ਪੁਸ਼ਪਿਕਾਵਾਂ ਵਿਚ ‘ ਚਰਿਤ੍ਰ ਪਾਖੑਯਾਨ’ ਨਾਂ ਲਿਖਿਆ ਮਿਲਦਾ ਹੈ । ਇਸ ਵਿਚਲੇ ਵਰਣਿਤ ਵਿਸ਼ੇ ਦੇ ਆਧਾਰ’ ਤੇ ਇਸ ਨੂੰ ‘ ਤ੍ਰੀਆ ਚਰਿਤ੍ਰ’ ਵੀ ਕਿਹਾ ਜਾਂਦਾ ਹੈ । ‘ ਦਸਮ ਗ੍ਰੰਥ ’ ਦੀ ਇਹ ਇਕ ਵੱਡੇ ਆਕਾਰ ਦੀ ਕ੍ਰਿਤੀ ਹੈ । ਇਸ ਦੀ ਰਚਨਾ ਅੰਦਰਲੀ ਗਵਾਹੀ ਅਨੁਸਾਰ ਸੰਮਤ 1753 ਬਿ. ਵਿਚ ਸਤਲੁਜ ਦਰਿਆ ਦੇ ਕੰਢੇ ਹੋਈ ਸੀ

                      ਭਾਵੇਂ ਮੋਟੇ ਤੌਰ ’ ਤੇ ਇਸ ਵਿਚ 405 ਚਰਿਤ੍ਰ- ਕਥਾਵਾਂ ਦੀ ਹੋਂਦ ਮੰਨੀ ਜਾਂਦੀ ਹੈ , ਪਰ ਇਹ ਸਹੀ ਨਹੀਂ ਹੈ , ਕਿਉਂਕਿ 48 ਛੰਦਾਂ ਦਾ ਪਹਿਲਾ ਚਰਿਤ੍ਰ ਅਸਲ ਵਿਚ ‘ ਸ੍ਰੀ ਭਗਉਤੀ ਜੂ ਕਾ ਛੰਦ’ ਹੈ । ਇਹ ਤੱਥ ਪੁਰਾਤਨ ਬੀੜਾਂ ਦੇ ਸ਼ੁਰੂ ਵਿਚ ਦਿੱਤੀਆਂ ਉਕਤੀਆਂ ਤੋਂ ਸਪੱਸ਼ਟ ਹੋ ਜਾਂਦਾ ਹੈ । ਇਸ ਵਿਚ ਦੇਵੀ ਭਗਵਤੀ ਨੂੰ ਨਮਸਕਾਰ ਕਰਦੇ ਹੋਇਆਂ ਉਸ ਦੇ ਸਰੂਪ , ਸਮਰਥਾ ਅਤੇ ਕਰਤੱਵਾਂ ਉਤੇ ਝਾਤ ਪਾਈ ਗਈ ਹੈ ਅਤੇ ਉਸ ਤੋਂ ਹੀ ਸਾਰੀ ਸ੍ਰਿਸ਼ਟੀ , ਸਾਰੇ ਦੇਵੀ- ਦੇਵਤਿਆਂ ਦੇ ਕੌਤਕਾਂ ਦੀ ਹੋਂਦ ਦਸੀ ਗਈ ਹੈ ।

                      ਇਸਤਰੀ ਦੇ ਚਰਿਤ੍ਰਾਂ ਨੂੰ ਵਰਣਿਤ ਕਰਨ ਵੇਲੇ ਕਵੀ ਨੇ ਸਪੱਸ਼ਟ ਕਿਹਾ ਹੈ ਕਿ ਮੋਤੀ , ਗਰਭ ਵਿਚ ਸਥਿਤ ਬੱਚੇ , ਰਾਜੇ ਅਤੇ ਇਸਤਰੀ ਦੇ ਭੇਦ ਨੂੰ ਸਮਝਣਾ ਅਤਿ ਕਠਿਨ ਹੈ , ਪਰ ਭਗਵਤੀ ਦੀ ਕ੍ਰਿਪਾ ਨਾਲ ਹੀ ਕੁਝ ਕੁਝ ਬਣਾ ਕੇ ਲਿਖਿਆ ਹੈ ( 44 ) । ਅਤੇ ਅੰਤ’ ਤੇ ਵੀ ਰਚੈਤਾ ਜਗਮਾਤ ਭਗਵਤੀ ਦੀ ਕ੍ਰਿਪਾ ਦਾ ਉਲੇਖ ਕਰਦਾ ਹੈ । ਇਹ ਇਤਨੀਆਂ ਭੇਦ ਭਰੀਆਂ ਕਥਾਵਾਂ ਹਨ ਅਤੇ ਇਨ੍ਹਾਂ ਵਿਚ ਇਤਨੀਆਂ ਚਾਲਾਕੀ ਭਰੀਆਂ ਰਮਜ਼ਾਂ ਹਨ ਕਿ ਜਿਨ੍ਹਾਂ ਨੂੰ ਜੇ ਗੁੰਗਾ ਸੁਣ ਲਵੇ ਤਾਂ ਉਸ ਨੂੰ ਜੀਭ ਲਗ ਜਾਂਦੀ ਹੈ ਅਤੇ ਜੇ ਮੂਰਖ ਚਿੱਤ ਲਾ ਕੇ ਸਮਝ ਲਏ ਤਾਂ ਉਸ ਨੂੰ ਚਾਲਾਕੀ ਦੇ ਦਾਉ-ਪੇਚ ਸਮਝ ਆ ਜਾਂਦੇ ਹਨ ( 404 ) ।

                      ਪਹਿਲੇ ਚਰਿਤ੍ਰ ਅੰਕ ਦੇ ‘ ਦੇਵੀ ਉਸਤਤਿ’ ਹੋਣ ਤੋਂ ਇਲਾਵਾ 325ਵਾਂ ਚਰਿਤ੍ਰ ਲਿਖਿਆ ਹੋਇਆ ਨਹੀਂ ਮਿਲਦਾ । ਕੁਝ ਚਰਿਤ੍ਰ-ਕਥਾਵਾਂ ਇਕ ਤੋਂ ਅਧਿਕ ਅਧਿਆਵਾਂ ਵਿਚ ਪਸਰੀਆਂ ਹੋਈਆਂ ਹਨ , ਜਿਵੇਂ ਅਨੂਪ ਕੌਰ ਦੇ ਚਰਿਤ੍ਰ ਦਾ ਵਰਣਨ ਤਿੰਨ ਅਧਿਆਵਾਂ ( 21 , 22 ਅਤੇ 23 ) ਵਿਚ ਹੋਇਆ ਹੈ । ਇਸੇ ਤਰ੍ਹਾਂ ਅਹਿਲਿਆ ਗੌਤਮ ਦੀ ਕਥਾ ਵੀ ਤਿੰਨ ਅਧਿਆਵਾਂ ( 115 , 116 ਅਤੇ 117 ) ਵਿਚ ਵਰਣਿਤ ਹੈ । ਇਸ ਪ੍ਰਕਾਰ ਦੇ ਕੁਝ ਹੋਰ ਚਰਿਤ੍ਰ-ਪ੍ਰਸੰਗ ਵੀ ਹਨ । ਸਪੱਸ਼ਟ ਹੈ ਕਿ ਚਰਿਤ੍ਰ-ਸੰਖਿਆ 404 ਤੋਂ ਘਟ ਹੈ । ਅਨੁਮਾਨ ਹੈ ਕਿ ਇਹ ਗਿਣਤੀ 395 ਦੇ ਨੇੜੇ-ਤੇੜੇ ਬੈਠੇਗੀ ।

                      ਇਨ੍ਹਾਂ ਚਰਿਤ੍ਰਾਂ ਵਿਚ ਅਧਿਕਤਰ ਇਸਤਰੀ ਚਰਿਤ੍ਰ ਹਨ । ਇਹੀ ਕਾਰਣ ਹੈ ਕਿ ਇਸ ਦਾ ਨਾਂ ‘ ਤ੍ਰੀਆ ਚਰਿਤ੍ਰ’ ਵੀ ਪੈ ਗਿਆ ਹੈ । ਇਸ ਸੰਗ੍ਰਹਿ ਵਿਚ ਕੁਝ ਪੁਰਸ਼ ਚਰਿਤ੍ਰ ਵੀ ਹਨ ਜਿਨ੍ਹਾਂ ਰਾਹੀਂ ਪੁਰਸ਼ ਦੀ ਬਹਾਦਰੀ ਅਤੇ ਚਤੁਰਾਈ ਨੂੰ ਪ੍ਰਗਟਾਇਆ ਗਿਆ ਹੈ , ਜਿਵੇਂ ਚਰਿਤ੍ਰ ਅੰਕ 15 , 16 , 21 , 22 , 23 ਆਦਿ ।

                      ਇਸ ਰਚਨਾ ਦੇ ਅੰਤਿਮ ਚਰਿਤ੍ਰ ਵਿਚ ਮਹਾਕਾਲ -ਦੀਰਘਦਾੜ੍ਹ ( ਰਾਖਸ਼ ) ਦਾ ਯੁੱਧ ਦਰਸਾ ਕੇ ਮਹਾਕਾਲ ਦੀ ਜਿਤ ਵਿਖਾਈ ਗਈ ਹੈ । ਇਸ ਚਰਿਤ੍ਰ ਦੀ ਸਮਾਪਤੀ’ ਤੇ ਛੰਦਾਂਕ 377 ਤੋਂ 401 ਤਕ ਦੇ 25 ਛੰਦ ‘ ਕਬਿਓਬਾਚ ਬੇਨਤੀ ਚੌਪਈ’ ਦੇ ਸਿਰਲੇਖ ਨਾਲ ਸ਼ੁਰੂ ਹੁੰਦੇ ਹਨ ਜਿਨ੍ਹਾਂ ਵਿਚ ਮਹਾਕਵੀ ਨੇ ਇਸ਼ਟਦੇਵ ਪ੍ਰਤਿ ਆਪਣੀ ਆਜ਼ਿਜੀ ਦੀ ਭਾਵਨਾ ਪ੍ਰਗਟ ਕਰਦੇ ਹੋਇਆਂ ਨਿਜੀ ਸੁਰਖਿਆ ਲਈ ਵਰ-ਯਾਚਨਾ ਕੀਤੀ ਹੈ । ਇਹ ‘ ਬੇਨਤੀ’ ਅੰਮ੍ਰਿਤ-ਬਾਣੀਆਂ ਵਿਚ ਸ਼ਾਮੀਲ ਹੈ । ਕਈ ਜਿਗਿਆਸੂ ਇਸ ਨੂੰ ਨਿੱਤ-ਨੇਮ ਵਾਲੀਆਂ ਬਾਣੀਆਂ ਨਾਲ ਵੀ ਪੜ੍ਹਦੇ ਹਨ । ਸ਼ਾਮ ਨੂੰ ਪੜ੍ਹੀ ਜਾਣ ਵਾਲੀ ‘ ਰਹਿਰਾਸ ’ ਦਾ ਵੀ ਇਹ ਅੰਗ ਹੈ ।

                      ਇਹ ਚਰਿਤ੍ਰ ਕਥਾਵਾਂ ਕਿਸੇ ਖ਼ਾਸ ਖੇਤਰ , ਧਰਮ ਜਾਂ ਸਮਾਜ ਨਾਲ ਸੰਬੰਧਿਤ ਨਹੀਂ , ਸਗੋਂ ਵਸ ਲਗਦੇ ਹਰ ਖੇਤਰ ਅਤੇ ਸਮਾਜ ਤੋਂ ਚਰਿਤ੍ਰ ਕਥਾਵਾਂ ਲੈ ਕੇ ਇਕ ਅਜਿਹਾ ਸੰਕਲਨ ਤਿਆਰ ਕੀਤਾ ਗਿਆ ਹੈ ਜੋ ਇਕ ਪ੍ਰਕਾਰ ਦੇ ‘ ਚਰਿਤ੍ਰ ਵਿਸ਼ਵਕੋਸ਼’ ਦੀ ਭੂਮਿਕਾ ਨਿਭਾਉਂਦਾ ਹੈ । ਇਸ ਸੰਗ੍ਰਹਿ ਦੀਆਂ ਕਥਾਵਾਂ ਦੇ ਮੁੱਖ ਸਰੋਤ ਹਨ— ਮਹਾਭਾਰਤ , ਬੈਤਾਲ ਪਚੀਸੀ , ਸਿੰਘਾਸਨ ਬਤੀਸੀ , ਪੰਚ-ਤੰਤ੍ਰ , ਕਥਾ ਸਰਿਤ ਸਾਗਰ , ਅਲਫ਼ ਲੈਲਾ , ਅੱਯਾਰ ਦਾਨਿਸ਼ , ਤਦ- ਵਕਤੀ ਜਾਂ ਪੂਰਬ-ਵਰਤੀ ਇਤਿਹਾਸਿਕ ਸਮਾਜਿਕ ਘਟਨਾਵਾਂ , ਫਰੰਗੀਆਂ , ਪੁਰਤਗਾਲੀਆਂ ਅਤੇ ਡਚਾਂ ਨਾਲ ਸੰਬੰਧਿਤ ਸੁਣੀਆਂ ਸੁਣਾਈਆਂ ਕਥਾਵਾਂ । ਇਨ੍ਹਾਂ ਕਥਾਵਾਂ ਦੇ ਮੁੱਖ ਪਾਤਰ ਵਿਲਾਸੀ ਰਾਜੇ-ਰਾਣੀਆਂ , ਰਾਜਕੁਮਾਰ- ਰਾਜਕੁਮਾਰੀਆਂ , ਜਾਗੀਰਦਾਰ , ਸਾਧ , ਵੇਸਵਾਵਾਂ , ਵੇਹਲੜ ਅਤੇ ਆਲਸੀ ਯੁਵਕ ਹਨ । ਇਸ ਤਰ੍ਹਾਂ ਇਨ੍ਹਾਂ ਚਰਿਤ੍ਰਾਂ ਦਾ ਖੇਤਰ ਬੜਾ ਵਿਆਪਕ ਹੈ ।

                      ਇਨ੍ਹਾਂ ਦਾ ਰਚਨਾ ਮਨੋਰਥ ਗਿਆਨ ਜਾਂ ਚਤੁਰਾਈ ਵਿਚ ਵਾਧਾ ਕਰਨਾ ਹੈ । ਇਨ੍ਹਾਂ ਤੋਂ ਜਿਥੇ ਕਥਾ-ਪ੍ਰਸੰਗਾਂ ਦਾ ਗਿਆਨ ਮਿਲਦਾ ਹੈ , ਉਥੇ ਨਾਲ ਹੀ ਉਨ੍ਹਾਂ ਵਿਚ ਵਰਣਿਤ ਇਲਾਕਿਆਂ , ਖੇਤਰਾਂ , ਧਰਮਾਂ , ਸਮਾਜਾਂ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਇਸ ਤੋਂ ਵਧ ਚਤੁਰਾਈ ਦੀ ਪ੍ਰਾਪਤੀ ਹੁੰਦੀ ਹੈ । ਵਿਅਕਤੀ ਦੇ ਚਤੁਰ ਬਣਨ ਨਾਲ ਉਹ ਤ੍ਰੀਆ-ਜਾਲ ਵਿਚ ਫਸਣੋਂ ਬਚ ਸਕਦਾ ਹੈ ਅਤੇ ਆਪਣੇ ਜੀਵਨ-ਕਰਤੱਵ ਨੂੰ ਨਿਭਾਉਣ ਵਲ ਅਗੇ ਵਧ ਸਕਦਾ ਹੈ । ‘ ਦਸਮ-ਗ੍ਰੰਥ’ ਦੀਆਂ ਪੁਰਾਣ-ਕਥਾਵਾਂ ਵਾਂਗ ਇਨ੍ਹਾਂ ਚਰਿਤ੍ਰ-ਕਥਾਵਾਂ ਦੇ ਲਿਖਣ ਦਾ ਮਨੋਰਥ ਨਵੇਂ ਸਿਰਜੇ ਜਾ ਰਹੇ ਸਿੱਖ ਸਮਾਜ ਨੂੰ ਅਜਿਹੀ ਪਾਠ-ਸਾਮਗ੍ਰੀ ਦੇਣਾ ਸੀ ਜਿਸ ਦਾ ਅਧਿਐਨ ਕਰਕੇ ਉਹ ਸੰਸਾਰਿਕ ਵਿਵਹਾਰ ਵਿਚ ਸਤਰਕ ਅਤੇ ਸਚੇਤ ਹੋ ਸਕਣ । ਇਸ ਵਿਚ ਬਹੁਤ ਸਾਰੇ ਚਰਿਤ੍ਰਾਂ ਵਿਚ ਕਾਮ-ਕ੍ਰੀੜਾਵਾਂ ਦਾ ਸਪੱਸ਼ਟ ਅਤੇ ਨਿਸੰਗ ਵਰਣਨ ਹੈ , ਪਰ ਅਜਿਹਾ ਕੁਝ ਪ੍ਰਸੰਗ ਦੀ ਮਜਬੂਰੀ ਕਰਕੇ ਹੋਇਆ ਹੈ । ਇਸ ਵਿਚ ਅਨੇਕ ਥਾਂਵਾਂ’ ਤੇ ਰਹਿਤ-ਨੁਮਾ ਕਥਨ ਅਤੇ ਸਦੀਵੀ ਸਚਾਈਆਂ ਅੰਕਿਤ ਹੋਈਆਂ ਵੀ ਮਿਲਦੀਆਂ ਹਨ ।

                      ਰਾਣੀ ਚਿਤ੍ਰਮਤੀ ਦੁਆਰਾ ਕਾਮੁਕ ਆਰੋਪ ਲਗਾਉਣ’ ਤੇ ਰਾਜਾ ਚਿਤ੍ਰ ਸਿੰਘ ਨੇ ਕ੍ਰੋਧ ਵਿਚ ਆ ਕੇ ਆਪਣੇ ਪੁੱਤਰ ਹਨਵੰਤ ਸਿੰਘ ਨੂੰ ਮਾਰਨ ਦੇ ਆਦੇਸ਼ ਦਿੱਤੇ । ਰਾਜੇ ਦੇ ਮੰਤ੍ਰੀਆਂ ਨੇ ਵਿਚਲੀ ਗੱਲ ਬੁਝ ਲਈ । ਰਾਜੇ ਨੂੰ ਉਨ੍ਹਾਂ ਨੇ ਤ੍ਰੀਆ ਚਰਿਤ੍ਰ ਦੀ ਗੰਭੀਰਤਾ ਬਾਰੇ ਜਾਣਕਾਰ ਕੀਤਾ । ਰਾਜੇ ਨੇ ਪੁੱਤਰ ਨੂੰ ਬੰਦੀਖ਼ਾਨੇ ਵਿਚ ਭੇਜ ਦਿੱਤਾ ਅਤੇ ਹਰ ਰੋਜ਼ ਚਰਿਤ੍ਰ-ਕਥਾ ਸੁਣਨ ਸੁਣਾਉਣ ਲਈ ਰਾਜ- ਕੁਮਾਰ ਨੂੰ ਕੈਦਖ਼ਾਨੇ ਵਿਚੋਂ ਬੁਲਾ ਲਿਆ ਜਾਂਦਾ । ਇਸ ਤਰ੍ਹਾਂ ਇਹ ਕੰਮ ਨਿਰੰਤਰ ਸ਼ੁਰੂ ਕਰ ਦਿੱਤਾ ਗਿਆ । ਰਾਜਕੁਮਾਰ ਨੂੰ ਬੁਲਾਇਆ ਜਾਂਦਾ ਅਤੇ ਚਰਿਤ੍ਰ ਸੁਣਨ ਤੋਂ ਬਾਦ ਫਿਰ ਵਾਪਸ ਬੰਦੀਖ਼ਾਨੇ ਵਿਚ ਭੇਜ ਦਿੱਤਾ ਜਾਂਦਾ । ਜਿਵੇਂ ਕਿ ਚਰਿਤ੍ਰ-ਅੰਕ 4 ਤੋਂ 6 ਦੇ ਸ਼ੁਰੂ ਵਿਚ ਮਿਲਦੇ ਸੰਕੇਤ ਤੋਂ ਸਪੱਸ਼ਟ ਹੈ । ਕਥਾਵਾਂ ਸੁਣਾਉਣ ਦਾ ਕੰਮ ਇਕ ਨਹੀਂ , ਇਕ ਤੋਂ ਅਧਿਕ ਮੰਤ੍ਰੀਆਂ ਦੇ ਹਵਾਲੇ ਕੀਤਾ ਗਿਆ ਸੀ । 29ਵੀਂ ਕਥਾ ਦੀਆਂ ਆਰੰਭਿਕ ਪੰਕਤੀਆਂ ਤੋਂ ਇਹ ਗੱਲ ਉਘੜ ਕੇ ਸਾਹਮਣੇ ਆਉਂਦੀ ਹੈ ।

                      ਸਾਰਿਆਂ ਚਰਿਤ੍ਰ ਪ੍ਰਸੰਗਾਂ ਦੀ ਪੁਸ਼ਪਿਕਾ ਤੋਂ ‘ ਮੰਤ੍ਰੀ ਭੂਪ ਸੰਵਾਦ’ ਦੀ ਨਿਰੰਤਰਤਾ ਦਾ ਬੋਧ ਹੁੰਦਾ ਹੈ । ਅੰਤਿਮ ਚਰਿਤ੍ਰ ਦੇ ਅਖ਼ੀਰ’ ਤੇ ਵੀ ਦਿੱਤੀ ਪੁਸ਼ਪਿਕਾ ਤੋਂ ਇਹੀ ਅਹਿਸਾਸ ਹੁੰਦਾ ਹੈ । ਕੁਝ ਚਰਿਤ੍ਰ-ਪ੍ਰਸੰਗਾਂ ਨੂੰ ਛਡ ਕੇ ਬਾਕੀ ਸਭ ਦਾ ਕੇਂਦਰੀ ਵਿਸ਼ਾ ਇਸਤਰੀ ਦਾ ਚਰਿਤ੍ਰ ਹੈ । ਇਨ੍ਹਾਂ ਕਥਾਵਾਂ ਦੀਆਂ ਨਾਇਕਾਵਾਂ ਛਲ ਕਪਟ ਵਿਚ ਨਿਪੁਣ , ਕਾਮ ਕਲਾ ਦੇ ਅਭਿਆਸ ਵਿਚ ਕੁਸ਼ਲ ਅਤੇ ਸ੍ਵ-ਨਿਰਭਰ ਸਨ । ਯੁਗ ਦੀਆਂ ਪਰਿਸਥਿਤੀਆਂ ਵਿਚ ਤੰਤ੍ਰ ਸਾਧਨਾ ਦੇ ਪੰਚ ਮਕਾਰਾਂ ਨੇ ਉਸ ਵਕਤ ਦੇ ਸਮਾਜ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੋਇਆ ਸੀ । ਜਗਨ-ਨਾਥ , ਕੋਨਾਰਕ ਅਤੇ ਖਜੋਰਾਹੋ ਦੇ ਮੰਦਿਰਾਂ ਅਤੇ ਦੇਵਦਾਸੀ ਪਰੰਪਰਾ ਨੇ ਕਾਮ-ਭੋਗ ਅਤੇ ਇਸਤਰੀ ਮਰਦ ਦੇ ਸੰਬੰਧਾਂ ਨੂੰ ਪੂਰੀ ਖੁਲ੍ਹ ਦੇ ਰਖੀ ਸੀ । ਅਜਿਹੀਆਂ ਪਰੰਪਰਾਵਾਂ ਨਾਲ ਸੰਬੰਧਿਤ ਇਸਤਰੀਆਂ ਸੰਕੋਚ ਨੂੰ ਛਡ ਕੇ ਕਾਮ-ਕਲਾ ਵਿਚ ਪਹਿਲ ਕਰਨ ਨੂੰ ਤਤਪਰ ਹੋ ਚੁਕੀਆਂ ਸਨ । ਮੁਸਲਮਾਨਾਂ ਦੀ ਆਮਦ ਅਤੇ ਉਨ੍ਹਾਂ ਦੀ ਵਿਲਾਸੀ ਰੁਚੀ ਨੇ ਵੀ ਇਸ ਬਿਰਤੀ ਨੂੰ ਵਧਾਇਆ । ਰਾਜਪੂਤ ਰਾਜਿਆਂ ਦੀ ਕਾਮ ਲੋਲੁਪਤਾ ਨੇ ਰਾਜਕੁਮਾਰੀਆਂ ਤਕ ਨੂੰ ਇਸ ਹੋੜ ਵਿਚ ਪਿਛੇ ਨਹੀਂ ਰਹਿਣ ਦਿੱਤਾ । ਰੀਤੀ ਕਾਲ ਦਾ ਸਾਰਾ ਹਿੰਦੀ ਕਾਵਿ ਨਾਇਕ-ਨਾਇਕਾ ਭੇਦ ਅਤੇ ਸ਼ਿੰਗਾਰ ਰਸ ਦੇ ਵਰਣਨ ਵਿਚ ਸਮਾ ਗਿਆ ਸੀ । ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਦੀ ਮਧੁਰ ਉਪਾਸਨਾ ਨੇ ਭਗਤੀ ਕਾਵਿ ਨੂੰ ਵੀ ਇਸ ਬਿਰਤੀ ਤੋਂ ਬਚਣ ਨ ਦਿੱਤਾ ।

                      ਇਸ ਤਰ੍ਹਾਂ ਉਸ ਵਕਤ ਦੇ ਇਸਤਰੀ ਸਮਾਜ ਵਿਚ ਕਾਮ ਭੋਗ ਦੀ ਭਾਵਨਾ ਵਿਚ ਸੁਤੰਤਰਤਾ ਦੀ ਪ੍ਰਵ੍ਰਿੱਤੀ ਆਪਣੀ ਕੁਝ ਨ ਕੁਝ ਥਾਂ ਬਣਾ ਚੁਕੀ ਸੀ । ਪਰ ਸਮਾਜ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ । ਉਹ ਬੇਬਸ ਸੀ । ਇਸ ਬੇਬਸੀ ਨੇ ਉਸ ਨੂੰ ਛਲ ਕਪਟ ਦੇ ਮਾਰਗ ’ ਤੇ ਅਗੇ ਵਧਾਇਆ । ਫਿਰ ਉਹ ਪਹਿਲ ਕਰਨ ਲਈ ਤੁਲ ਗਈ । ਉਹ ਆਪਣੇ ਸ਼ਿਕਾਰ ਨੂੰ ਕਿਸੇ ਕੀਮਤ’ ਤੇ ਹੱਥੋਂ ਨ ਨਿਕਲਣ ਦਿੰਦੀ । ਸਹੇਲੀਆਂ , ਸਖੀਆਂ , ਨੌਕਰਾਣੀਆਂ ਸ਼ਿਕਾਰ ਫਸਾਉਣ ਵਿਚ ਸਹਾਇਕ ਹੁੰਦੀਆਂ , ਨਸ਼ਿਆਂ ਦੇ ਸੇਵਨ ਨਾਲ ਸ਼ਰੀਰਿਕ ਆਨੰਦ ਨੂੰ ਲੰਮਕਾਇਆ ਜਾਂਦਾ । ਚੰਗਾ ਸੰਭੋਗ-ਸੁਖ ਨ ਦੇ ਸਕਣ ਵਾਲੇ ਮਰਦ ਨੂੰ ਅਪਮਾਨਿਤ ਕਰਕੇ ਤਿਆਗ ਦਿੱਤਾ ਜਾਂਦਾ ਅਤੇ ਕਾਮ ਭੋਗ ਨੂੰ ਨ ਸਵੀਕਾਰ ਕਰਨ ਵਾਲਿਆਂ ਨੂੰ ਜੁਤੀਆਂ ਮਾਰ ਕੇ ‘ ਹਾਂ’ ਲਈ ਮਜਬੂਰ ਕੀਤਾ ਜਾਂਦਾ । ਇਸ ਰਚਨਾ ਦੀਆਂ ਇਸਤਰੀਆਂ ਮਨਚਾਹੇ ਮਰਦ ਅਗੇ ਸਭ ਕੁਝ ਨਿਛਾਵਰ ਕਰਦੀਆਂ ਹਨ , ਪਰ ਹੈਂਕੜ -ਬਾਜ਼ ਮਰਦ ਜਾਂ ਉਨ੍ਹਾਂ ਦੀ ਇੱਛਾ ਅਨੁਸਾਰ ਨ ਉਤਰਨ ਵਾਲੇ ਮਰਦਾਂ ਦੀ ਚੰਗੀ ਗਤ ਬਣਾਉਂਦੀਆਂ ਹਨ । ਇਥੇ ਮਰਦਾਂ ਨੂੰ ਕਾਮ ਵਿਚ ਮੂਰਖ ਬਣਾ ਕੇ ਉਨ੍ਹਾਂ ਨੂੰ ਵਰਤਿਆ ਗਿਆ ਹੈ ਅਤੇ ਇਸਤਰੀਆਂ ਬਹੁਤ ਹੀ ਚਤੁਰ , ਸੂਰਬੀਰ , ਅਸੰਭਵ ਨੂੰ ਸੰਭਵ ਕਰ ਵਿਖਾਉਣ ਵਾਲੀਆਂ ਚੁਸਤ ਚਾਲਾਕ ਹਨ । ਇਸ ਤਰ੍ਹਾਂ ਇਹ ਚਰਿਤ੍ਰ-ਕਥਾਵਾਂ ਲਕੀਰ ਤੋਂ ਹਟ ਕੇ ਲਿਖੀਆਂ ਗਈਆਂ ਹਨ ਅਤੇ ਪਾਠਕਾਂ ਨੂੰ ਇਸਤਰੀ ਦੇ ਇਸ ਵਿਕਟ ਅਤੇ ਕਪਟੀ ਪੱਖ ਤੋਂ ਆਗਾਹ ਕਰਕੇ ਸਦਾਚਾਰੀ ਬਣਨ ਲਈ ਪ੍ਰੇਰਣਾ ਦਿੱਤੀ ਗਈ ਹੈ ।

                      ਇਨ੍ਹਾਂ ਚਰਿਤ੍ਰਾਂ ਦੇ ਆਕਾਰ-ਪ੍ਰਕਾਰ ਵਿਚ ਕੋਈ ਅਨੁਪਾਤ ਨਹੀਂ ਹੈ । ਕੁਝ ਕੁ ਛੰਦਾਂ ਤੋਂ ਲੈ ਕੇ 405 ਛੰਦਾਂ ਤਕ ਦੇ ਚਰਿਤ੍ਰ ਮਿਲਦੇ ਹਨ । ਲਗਭਗ ਹਰ ਚਰਿਤ੍ਰ ਵਿਚ ਮੁੱਖ ਪਾਤਰ ਦਾ ਸੰਖੇਪ ਪਰਿਚਯ ਅਤੇ ਅੰਤ ਉਤੇ ਉਸ ਦਾ ਪਰਿਣਾਮ ਅੰਕਿਤ ਹੈ । ਇਸ ਸਮੁੱਚੀ ਰਚਨਾ ਲਈ 7555 ਛੰਦ ਲਿਖੇ ਗਏ ਹਨ । ਇਨ੍ਹਾਂ ਲਈ ੧੬ ਤਰ੍ਹਾਂ ਦੇ ਛੰਦ ਵਰਤੇ ਗਏ ਹਨ । ਚੌਪਈ ਛੰਦ ਦੀ ਵਰਤੋਂ ਲਗਭਗ ਸਾਡੇ ਚਾਰ ਹਜ਼ਾਰ ਵਾਰ ਹੋਈ ਹੈ । ਉਸ ਤੋਂ ਬਾਦ ਦੋਹਰੇ ਅਤੇ ਅੜਿਲ ਦੀ ਵਰਤੋਂ ਹੋਈ ਹੈ । ਛੰਦ ਪਰਿਵਰਤਨ ਬਹੁਤ ਘਟ ਜਾਂ ਨਾਂ -ਮਾਤ੍ਰ ਹੈ । ਵੱਡੇ ਤੋਂ ਵੱਡੇ ਚਰਿਤ੍ਰ ਪ੍ਰਸੰਗ ਵਿਚ ਵੀ ਅੱਠ ਤੋਂ ਜ਼ਿਆਦਾ ਕਿਸਮਾਂ ਦੇ ਛੰਦ ਨਹੀਂ ਵਰਤੇ ਗਏ । ਕਿਤੇ ਕਿਤੇ ਸੁੰਦਰ ਯੁੱਧ ਵਰਣਨ ਹੋਇਆ ਮਿਲਦਾ ਹੈ ਜਿਥੇ ਵੀਰ ਰਸ ਦੀ ਸਥਿਤੀ ਬਣੀ ਰਹਿੰਦੀ ਹੈ । ਉਂਜ ਮੁੱਖ ਤੌਰ’ ਤੇ ਸ਼ਿੰਗਾਰ ਰਸ ਦਾ ਚਿਤ੍ਰਣ ਹੈ । ਕਿਤੇ ਕਿਤੇ ਅਦਭੁਤ ਘਟਨਾਵਾਂ ਕਾਰਣ ਵਿਸਮੈ ਸਥਾਈ ਭਾਵ ਦੀ ਹੋਂਦ ਵੀ ਮਿਲਦੀ ਹੈ । ਇਸ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ । ਉਸੇ ਦੇ ਵਿਆਕਰਣ ਦੀ ਪਾਲਨਾ ਹੋਈ ਹੈ । ਕਿਤੇ ਕਿਤੇ ਪੰਜਾਬੀ , ਰਾਜਸਥਾਨੀ , ਅਵਧੀ ਦੀ ਸ਼ਬਦਾਵਲੀ ਮਿਲਦੀ ਹੈ । ਫ਼ਾਰਸੀ ਸ਼ਬਦਾਵਲੀ ਦੀ ਵਰਤੋਂ ਵੀ ਖੁਲ੍ਹ ਕੇ ਹੋਈ ਹੈ , ਕੁਝ ਚਰਿਤ੍ਰਾਂ ਦੇ ਵਾਤਾਵਰਣ ਕਰਕੇ ਅਤੇ ਕੁਝ ਯੁਗ ਦੀ ਰੁਚੀ ਕਰਕੇ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.