ਜਪੁ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜਪੁ : ਗੁਰੂ ਨਾਨਕ ਦੇਵ ਵੱਲੋਂ ਲਿਖੀ ਮਹੱਤਵਪੂਰਨ ਬਾਣੀ ਜਪੁ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਦੇ ਪਿੱਛੋਂ ਅਰੰਭ ਵਿੱਚ ਰੱਖਿਆ ਗਿਆ ਹੈ । ਇਹ ਬਾਣੀ ਸਿੱਖ ਧਰਮ ਦੇ ਦਾਰਸ਼ਨਿਕ , ਧਾਰਮਿਕ ਤੇ ਸਾਧਨਾ ਸੰਬੰਧੀ ਸਿਧਾਂਤ ਨੂੰ ਪੇਸ਼ ਕਰਦੀ ਹੈ । ਬਹੁਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਜਪੁ , ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ ਜੋ ਅਧਿਆਤਮਿਕ ਵਿਸ਼ੇ ਤੇ ਰਹੱਸਵਾਦੀ ਅਨੁਭਵ ਨੂੰ ਪ੍ਰਗਟਾਉਣ ਲਈ ਸੂਤਰਮਈ ਸ਼ੈਲੀ ਤੇ ਵਿਸ਼ਾਲ ਸ਼ਬਦ ਭੰਡਾਰ ਦੀ ਸਹਾਇਤਾ ਨਾਲ ਕਾਵਿ-ਰੂਪ ਵਿੱਚ ਲਿਖਿਆ ਗਿਆ ਹੈ ।

        ਇਸ ਬਾਣੀ ਦੇ ਰਚੇ ਜਾਣ ਦੇ ਸਮੇਂ ਬਾਰੇ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਮਿਲਦੀ । ਜਨਮ-ਸਾਖੀਆਂ ਇਸ ਬਾਰੇ ਵੱਖ-ਵੱਖ ਵਿਚਾਰ ਪੇਸ਼ ਕਰਦੀਆਂ ਹਨ । ਰਚਨਾ ਦੀ ਗੰਭੀਰਤਾ , ਸੰਖੇਪਤਾ ਤੇ ਸੂਤਰ ਸ਼ੈਲੀ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਵਿਦਵਾਨ ਇਹ ਬਾਣੀ ਗੁਰੂ ਸਾਹਿਬ ਦੁਆਰਾ ਵੱਡੀ ਉਮਰ ਵਿੱਚ ਲਿਖੀ ਗਈ ਮੰਨਦੇ ਹਨ ।

        ਇਸ ਬਾਣੀ ਨੂੰ ਜਪੁ , ਜਪੁਜੀ , ਜਪੁ-ਨੀਸਾਣੁ ਆਦਿ ਨਾਂ ਦਿੱਤੇ ਜਾਂਦੇ ਹਨ । ਪਰ ਇਸ ਦਾ ਮੂਲ ਨਾਂ ਜਪੁ ਹੈ ਇਸ ਨਾਲ ਸਤਿਕਾਰ ਵਜੋਂ ‘ ਜੀ` ਸ਼ਬਦ ਜੋੜ ਦਿੱਤਾ ਗਿਆ ਹੈ । ਪ੍ਰਕਾਸ਼ਿਤ ਬੀੜਾਂ ਦੇ ਤਤਕਰੇ ਵਿੱਚ ਇਸ ਬਾਣੀ ਨੂੰ ਜਪੁ-ਨੀਸਾਣੁ ਲਿਖਿਆ ਗਿਆ ਹੈ ਜੋ ਹੱਥ ਲਿਖਤ ਪੋਥੀਆਂ ਵਿੱਚ ਪ੍ਰਚਲਿਤ ਗੁਰੂ ਰਾਮਦਾਸ ਦੇ ਦਸਖ਼ਤ ( ਨੀਸਾਣੁ ) ਦਾ ਹੀ ਸੰਕੇਤ ਹੈ । ਪਰ ਬਾਣੀ ਦਾ ਨਾਂ ਜਪੁ ਹੀ ਹੈ ।

        ਜਪੁ ਬਾਣੀ ਵਿੱਚ ਦੋ ਸਲੋਕ ਤੇ 38 ਪਉੜੀਆਂ ਹਨ । ਇੱਕ ਸਲੋਕ ਸ਼ੁਰੂ ਵਿੱਚ ਤੇ ਇੱਕ ਅੰਤ ਵਿੱਚ ਆਇਆ ਹੈ । ਪਹਿਲਾ ਸਲੋਕ ਮੰਗਲਾਚਰਨ ਹੈ ਜਿਸ ਵਿੱਚ ਪਰਮਾਤਮਾ ਦੇ ਸਰੂਪ ਦਾ ਉਲੇਖ ਕੀਤਾ ਗਿਆ ਹੈ । ਪਹਿਲੀਆਂ ਤਿੰਨ ਪਉੜੀਆਂ ( 1-3 ) ਵਿੱਚ ਮਨ ਦੀ ਸੁੱਚ , ਮਨ ਦੀ ਚੁੱਪ ਤੇ ਮਨ ਦੀ ਭੁੱਖ , ਦਾ ਉੱਲੇਖ ਕਰਦਿਆਂ ਇੱਕ ਮਹੱਤਵਪੂਰਨ ਸਵਾਲ ਉਠਾਇਆ ਗਿਆ ਹੈ ਕਿ ਮਨੁੱਖ ਸੱਚ ਦੇ ਪ੍ਰਕਾਸ਼ ਦੇ ਯੋਗ ਕਿਵੇਂ ਬਣ ਸਕਦਾ ਹੈ ? ਮਨੁੱਖ ਦੇ ਅੰਦਰ ਦਾ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ? ਇਸ ਦਾ ਹੱਲ ਵੀ ਨਾਲ ਹੀ ਦਿੱਤਾ ਗਿਆ ਹੈ ਕਿ ਜੋ ਮਨੁੱਖ ਪ੍ਰਭੂ ਦੇ ਹੁਕਮ ਤੇ ਰਜ਼ਾ ਵਿੱਚ ਤੁਰਦਾ ਹੈ ਉਹੀ ਇਸ ਦੇ ਯੋਗ ਬਣ ਸਕਦਾ ਹੈ । ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਨਾਲ ਹੀ ਬਣੀ ਹੈ ਤੇ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ । ਜਿਹੜਾ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝ ਲੈਂਦਾ ਹੈ ਉਹ ਹਉਮੈ ਦੀਆਂ ਗੱਲਾਂ ਨਹੀਂ ਕਰਦਾ । ਪ੍ਰਭੂ ਦਾ ਰਿਜ਼ਕ ਅਥਾਹ ਹੈ । ਉਹ ਬੇਪਰਵਾਹ ਹੈ ਤੇ ਸਦਾ ਪ੍ਰਸੰਨ ਰਹਿਣ ਵਾਲਾ ਹੈ । ਉਸ ਦੇ ਹੁਕਮ ਨਾਲ ਸਾਰੀ ਕਾਇਨਾਤ ਚੱਲ ਰਹੀ ਹੈ ।

        ਅਗਲੀਆਂ ਚਾਰ ਪਉੜੀਆਂ ( 4-7 ) ਵਿੱਚ ਪ੍ਰਭੂ ਨਾਲ ਵਾਰਤਾਲਾਪ ਕਰਨ ਦੀ ਭਾਸ਼ਾ ‘ ਪ੍ਰੇਮ` ਦਾ ਉਲੇਖ ਮਿਲਦਾ ਹੈ । ਪਰ ਪ੍ਰੇਮ ਨੂੰ ਮਨ ਵਿੱਚ ਵਸਾ ਕੇ ਕੀਤੀ ਬੰਦਗੀ ਪ੍ਰਭੂ ਪਾਸੋਂ ਹੀ ਮਿਲਦੀ ਹੈ । ਪ੍ਰਭੂ ਨਾਲੋਂ ਮਨੁੱਖ ਦੀ ਵਿੱਥ ਗੁਰੂ ਰਾਹੀਂ ਹੀ ਦੂਰ ਹੁੰਦੀ ਹੈ । ਜੀਵ ਉਪਰ ਪ੍ਰਭੂ ਦੀ ਮਿਹਰ ਹੋਵੇ ਤਾਂ ਹੀ ਭਗਤੀ ਵਾਲਾ ਗੁਣ ਆਉਂਦਾ ਹੈ ।

        ਅਗਲੀਆਂ ਚਾਰ ਪਉੜੀਆਂ ( 8-11 ) ਵਿੱਚ ਉੱਲੇਖ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਲਾਹ ਵਿੱਚ ਜੁੜਿਆ ਸਧਾਰਨ ਮਨੁੱਖ ਉੱਚੇ ਆਤਮਿਕ ਰੁਤਬੇ `ਤੇ ਪਹੁੰਚ ਸਕਦਾ ਹੈ । ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਨਜ਼ਰ ਆਉਂਦਾ ਹੈ ਤੇ ਮੌਤ ਦਾ ਡਰ ਵੀ ਉਸ ਨੂੰ ਨਹੀਂ ਪੋਂਹਦਾ । ਨਾਮ ਵਿੱਚ ਸੁਰਤ ਲਾਇਆਂ ਪਤਾ ਚੱਲਦਾ ਹੈ ਕਿ ਪ੍ਰਭੂ ਨਾਲੋਂ ਪਈ ਵਿੱਥ ਨੂੰ ਦੂਰ ਕਿਵੇਂ ਕਰੀਦਾ ਹੈ ? ਮਨੁੱਖ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ । ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ । ਜੀਵ ਜੀਵਨ ਦਾ ਸਹੀ ਰਾਹ ਪ੍ਰਾਪਤ ਕਰ ਲੈਂਦਾ ਹੈ ।

        ਅਗਲੀਆਂ ਚਾਰ ਪਉੜੀਆਂ ( 12-15 ) ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ । ਜੋ ਵਿਅਕਤੀ ਨਾਮ ਨਾਲ ਜੁੜਦਾ ਹੈ , ਉਹ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੋ ਜਾਂਦਾ ਹੈ । ਮਨ ਵਿੱਚ ਨਾਮ ਦੇ ਚਾਨਣ ਨਾਲ ਸਾਰੇ ਸੰਸਾਰ ਵਿੱਚ ਪਰਮਾਤਮਾ ਹੀ ਦਿੱਸਦਾ ਹੈ । ਉਸ ਨੂੰ ਕੋਈ ਰੁਕਾਵਟ ਸਹੀ ਉਦੇਸ਼ ਤੋਂ ਭਟਕਾ ਨਹੀਂ ਸਕਦੀ । ਅਜਿਹਾ ਮਨੁੱਖ ਕੇਵਲ ਆਪ ਹੀ ਨਹੀਂ ਬਚਦਾ ਸਗੋਂ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਪ੍ਰਭੂ ਨਾਮ ਨਾਲ ਜੋੜਦਾ ਹੈ ।

        ਪਉੜੀ ( 16-19 ) ਤੱਕ ਉਹਨਾਂ ਮਨੁੱਖਾਂ ਦਾ ਉਲੇਖ ਕੀਤਾ ਗਿਆ ਹੈ ਜਿਨ੍ਹਾਂ ਨੇ ਨਾਮ ਸੁਣਿਆ ਤੇ ਮੰਨਿਆ ਹੈ । ਐਸੇ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ । ਉਹਨਾਂ ਦੀ ਸੁਰਤ ਕੇਵਲ ਇੱਕ ਗੁਰੂ ਵਿੱਚ ਹੀ ਰਹਿੰਦੀ ਹੈ । ਪਰ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਕੋਈ ਨਹੀਂ ਪਾ ਸਕਦਾ । ਨਾ ਹੀ ਜਗਤ ਵਿੱਚ ਭਲੇ ਕੰਮ ਕਰਨ ਵਾਲੇ ਲੋਕਾਂ ਦਾ ਅੰਤ ਹੈ ਤੇ ਨਾ ਹੀ ਬੁਰੇ ਬੰਦਿਆਂ ਦਾ । ਬੋਲੀ ਦੀ ਦਾਤ ਪ੍ਰਭੂ ਦੀ ਸਿਫ਼ਤ ਸਲਾਹ ਲਈ ਮਿਲੀ ਹੈ । ਪ੍ਰਭੂ ਦੀ ਕੁਦਰਤ ਬੇਅੰਤ ਹੈ ਤੇ ਉਸ ਵਿੱਚ ਉਹ ਵਰਤਮਾਨ ਹੈ ।

        ਅਗਲੀਆਂ 8 ਪਉੜੀਆਂ ( 20-27 ) ਵਿੱਚ ਉਲੇਖ ਹੈ ਕਿ ਨਾਮ ਸਿਮਰਨ ਹੀ ਇੱਕੋ-ਇੱਕ ਵਸੀਲਾ ਹੈ ਜਿਸ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ । ਪ੍ਰਭੂ ਦੇ ਨਾਮ ਨੂੰ ਸੁਣਨ ਤੇ ਮੰਨਣ ਨਾਲ ਮਨ ਵਿੱਚ ਪ੍ਰਭੂ ਦਾ ਪਿਆਰ ਉਪਜਦਾ ਹੈ ਤੇ ਆਤਮਾ ਸ਼ੁੱਧ ਹੋ ਜਾਂਦੀ ਹੈ । ਸੰਸਾਰ ਦੀ ਰਚਨਾ ਬਾਰੇ ਕਿਸੇ ਨੂੰ ਪਤਾ ਨਹੀਂ । ਪਰਮਾਤਮਾ ਬੇਅੰਤ ਵੱਡਾ ਹੈ , ਉਸ ਦੀ ਵਡਿਆਈ ਤੇ ਰਚਨਾ ਵੀ ਬੇਅੰਤ ਹੈ । ਕੇਵਲ ਉਹੀ ਆਪਣੇ-ਆਪ ਨੂੰ ਜਾਣਦਾ ਹੈ । ਨਾਮ ਦੇ ਸਾਮ੍ਹਣੇ ਬੇਅੰਤ ਧਨ ਵੀ ਤੁੱਛ ਹੈ । ਪ੍ਰਭੂ ਦੀ ਬਖ਼ਸ਼ਿਸ਼ ਬੇਅੰਤ ਹੈ । ਜੀਵਾਂ ਦੇ ਮੰਗਣ ਤੋਂ ਬਿਨਾਂ ਉਹਨਾਂ ਦੀਆਂ ਲੋੜਾਂ ਵੇਖ ਕੇ ਉਹ ਆਪ ਹੀ ਬਖ਼ਸ਼ਿਸ਼ ਕਰ ਦਿੰਦਾ ਹੈ । ਪਰ ਮਨੁੱਖ ਪ੍ਰਭੂ ਦੀਆਂ ਦਾਤਾਂ ਹਾਸਲ ਕਰ ਕੇ ਉਸ ਨੂੰ ਹੀ ਭੁੱਲ ਜਾਂਦਾ ਹੈ । ਦੁੱਖ-ਤਕਲੀਫ਼ਾਂ ਵੀ ਪ੍ਰਭੂ ਦੀ ਦਾਤ ਹਨ ਜਿਸ ਤੋਂ ਮੁੜ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ । ਪ੍ਰਭੂ ਦੀ ਸਿਫ਼ਤ-ਸਾਲਾਹ ਸਭ ਤੋਂ ਵੱਡੀ ਦਾਤ ਹੈ । ਪ੍ਰਭੂ ਦੇ ਬੇਅੰਤ ਗੁਣਾਂ ਤੇ ਦਾਤਾਂ ਨੂੰ ਜਾਣਨ ਦਾ ਜੋ ਦਾਅਵਾ ਕਰਦਾ ਹੈ , ਉਹ ਹੋਛਾ ਹੈ । ਮਨੁੱਖ ਦੇ ਜੀਵਨ ਦਾ ਮਨੋਰਥ ਪ੍ਰਭੂ ਦਾ ਭੇਤ ਪਾਉਣਾ ਨਹੀਂ ਸਗੋਂ ਉਸ ਦੀ ਰਜ਼ਾ ਵਿੱਚ ਰਹਿਣਾ ਹੈ ।

        ਪਉੜੀ ( 28-33 ) ਵਿੱਚ ਉਲੇਖ ਮਿਲਦਾ ਹੈ ਕਿ ਜੀਵਨ ਦਾ ਮਨੋਰਥ ਉਸ ਪ੍ਰਭੂ ਨੂੰ ਸਿਮਰਨਾ ਹੈ ਜੋ ਮੁੱਢ ਤੋਂ ਹੈ , ਸ਼ੁੱਧ ਸਰੂਪ ਹੈ , ਜਿਸ ਦਾ ਆਦਿ ਨਹੀਂ ਹੈ । ਉਹ ਨਾਸ- ਰਹਿਤ ਸਦਾ ਇੱਕੋ ਜਿਹਾ ਰਹਿਣ ਵਾਲਾ ਹੈ । ਪ੍ਰਭੂ ਦੀ ਰਜ਼ਾ ਨਾਲ ਸਰਬ ਵਿਆਪਕਤਾ ਦੇ ਗਿਆਨ ਨਾਲ ਦੂਜਿਆਂ ਪ੍ਰਤਿ ਦਇਆ ਤੇ ਮਨ ਵਿੱਚ ਪ੍ਰਭੂ ਸ਼ਬਦ ਪੈਦਾ ਹੁੰਦਾ ਹੈ । ਰਿਧੀਆਂ ਤੇ ਸਿਧੀਆਂ ਜੀਵ ਨੂੰ ਕਿਸੇ ਹੋਰ ਪਾਸੇ ਲੈ ਜਾਂਦੀਆਂ ਹਨ । ਪ੍ਰਭੂ ਆਪਣੀ ਰਜ਼ਾ ਵਿੱਚ ਜਗਤ ਦੀ ਕਾਰ ਚਲਾ ਰਿਹਾ ਹੈ । ਨੀਵੀਂ ਅਵਸਥਾ ਤੋਂ ਉਚੇਰੀ ਅਵਸਥਾ ਉੱਤੇ ਮਨੁੱਖ ਉੱਦੋਂ ਪਹੁੰਚਦਾ ਹੈ ਜਦੋਂ ਉਹ ਸਿਮਰਨ ਦਾ ਆਸਰਾ ਲੈ ਕੇ ਆਪਣੇ-ਆਪ ਨੂੰ ਲੀਨ ਕਰ ਦਿੰਦਾ ਹੈ । ਪ੍ਰਭੂ ਦੀ ਮਿਹਰ ਨਾਲ ਹੀ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ।

        ਇਸ ਬਾਣੀ ਵਿੱਚ ਜੋ ਸਿਧਾਂਤਿਕ ਵਿਚਾਰ ਪੇਸ਼ ਕੀਤੇ ਗਏ ਹਨ ਉਸ ਵਿੱਚ ਚਿੰਤਨ ਤੇ ਜੀਵਨ ਵਿੱਚ ਉਸ ਨੂੰ ਢਾਲਣ ਬਾਰੇ ਵੀ ਦੱਸਿਆ ਗਿਆ ਹੈ । ਆਤਮਿਕ ਜੀਵਨ- ਜਾਚ ਉੱਤੇ ਵਧੇਰੇ ਧਿਆਨ ਦਿੱਤਾ ਗਿਆ ਹੈ । ਅੰਤਿਮ ਚਾਰ ਪਉੜੀਆਂ ਵਿੱਚ ਇਸ ਆਤਮਿਕ ਮਾਰਗ ਦੀਆਂ ਨੀਵੇਂ ਤੋਂ ਉਪਰ ਜਾਂਦੀਆਂ ਪੰਜ ਅਵਸਥਾਵਾਂ ਦਾ ਉਲੇਖ ਕੀਤਾ ਗਿਆ ਹੈ ਜੋ ਇਸ ਬਾਣੀ ਦੀ ਮੌਲਿਕ ਵਿਲੱਖਣਤਾ ਹੈ । ਇਹ ਪੰਜ ਖੰਡ ਹਨ-ਧਰਮ ਖੰਡ , ਗਿਆਨ ਖੰਡ , ਸਰਮ ਖੰਡ , ਕਰਮ ਖੰਡ ਤੇ ਸੱਚ ਖੰਡ । ਧਰਮ ਖੰਡ ਵਿੱਚ ਜੀਵਨ ਦਾ ਨਿਬੇੜਾ ਆਪੋ-ਆਪਣੇ ਕਰਮਾਂ ਨਾਲ ਹੁੰਦਾ ਹੈ । ਪ੍ਰਭੂ ਦੀ ਮਿਹਰ ਭਰੀ ਨਜ਼ਰ ਨਾਲ ਜੀਵ ਨੂੰ ਵਡਿਆਈ ਮਿਲਦੀ ਹੈ । ਉਸ ਦੀ ਕਚਿਆਈ ਤੇ ਪਕਿਆਈ ਦਾ ਪਤਾ ਪਰਮਾਤਮਾ ਦੇ ਦਰ `ਤੇ ਗਿਆਂ ਸਮਝ ਆਉ਼ਂਦਾ ਹੈ । ਗਿਆਨ ਖੰਡ ਵਿੱਚ ਮਨੁੱਖ ਦਾ ਮਨ ਵਿਸ਼ਾਲ ਹੁੰਦਾ ਹੈ । ਇਹ ਜਗਤ ਇੱਕ ਵੱਡਾ ਟੱਬਰ ਹੈ ਜਿਸ ਪ੍ਰਤਿ ਪ੍ਰੇਮ ਦੀ ਲਹਿਰ ਚੱਲ ਪੈਂਦੀ ਹੈ । ਸਰਮ ਖੰਡ ਵਿੱਚ ਸਾਧਨਾ ਦੀ ਘਾੜਤ ਨਾਲ ਮਨ ਬਹੁਤ ਸੋਹਣਾ ਹੋ ਜਾਂਦਾ ਹੈ । ਇਸ ਵਿੱਚ ਸੁਰਤਿ , ਮਤ , ਮਨ , ਬੁੱਧ ਘੜੀ ਜਾਂਦੀ ਹੈ । ਕਰਮ ਖੰਡ ਵਿੱਚ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ । ਉਸ ਨੂੰ ਸਾਰੇ ਆਪਣੇ ਹੀ ਦਿੱਸਦੇ ਹਨ । ਉਹ ਹਮੇਸ਼ਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਰਹਿੰਦਾ ਹੈ । ਸੱਚ ਖੰਡ ਵਿੱਚ ਪ੍ਰਭੂ ਦਾ ਨਿਵਾਸ ਹੁੰਦਾ ਹੈ । ਉਹ ਸ੍ਰਿਸ਼ਟੀ ਨੂੰ ਰਚ ਕੇ ਉਸ ਦਾ ਸੰਚਾਲਨ ਵੀ ਕਰਦਾ ਹੈ । ਪਰ ਇਹ ਉੱਚੀ ਅਵਸਥਾ ਆਚਰਨ ਦੀ ਪਵਿੱਤਰਤਾ ਨਾਲ ਹੀ ਸੰਭਵ ਹੈ । ਆਖ਼ਰੀ ਪਉੜੀ ਵਿੱਚ ਦੱਸਿਆ ਗਿਆ ਹੈ ਕਿ ਜਤ , ਧੀਰਜ , ਮਤ , ਗਿਆਨ , ਭਉ ( ਡਰ ) , ਤਪ ਤੇ ਭਾਉ ਦੀ ਮਿਲਵੀਂ ਸੱਚੀ ਟਕਸਾਲ ਵਿੱਚ ਗੁਰ-ਸ਼ਬਦ ਘੜਿਆ ਜਾਂਦਾ ਹੈ । ਇਹ ਕਾਰ ਪ੍ਰਭੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ।

                  ਬਾਣੀ ਦੇ ਅੰਤ ਵਿੱਚ ਜੋ ਸਲੋਕ ਆਇਆ ਹੈ ਉਸ ਵਿੱਚ ਸਾਰੇ ਸਿਧਾਂਤ ਦਾ ਸਾਰ ਰੰਗ ਭੂਮੀ ਦੇ ਰੂਪਕ ਰਾਹੀਂ ਪੇਸ਼ ਕੀਤਾ ਗਿਆ ਹੈ । ਬਿਆਨ ਹੈ ਜੀਵ ਇਸ ਜਗਤ ਵਿੱਚ ਆਪੋ-ਆਪਣੀ ਖੇਡ ਖੇਡ ਰਹੇ ਹਨ । ਮਾਇਆ ਦੀ ਖੇਡ ਖੇਡਣ ਵਾਲਾ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ ਤੇ ਸਿਮਰਨ ਦੀ ਖੇਡ ਖੇਡਣ ਵਾਲਾ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ । ਉਸ ਦਾ ਆਵਾਗਵਨ ਸਮਾਪਤ ਹੋ ਜਾਂਦਾ ਹੈ ।


ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜਪੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਪੁ. ਜਪੁ ਨਾਮਕ ਗੁਰਬਾਣੀ , ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. “ ਜਪੁਜੀ ਕੰਠ ਨਿਤਾਪ੍ਰਤਿ ਰਟੈ । ਜਨਮ ਜਨਮ ਕੇ ਕਲਮਲ ਕਟੈ.” ( ਨਾਪ੍ਰ ) 1  ੨ ਮੰਤ੍ਰਪਾਠ. “ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ.” ( ਸੋਪੁਰਖੁ ) ੩ ਜਪ੍ਯ. ਵਿ— ਜਪਣ ਯੋਗ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.