ਜਾਤਿ ਭੇਦ-ਭਾਵ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਾਤਿ ਭੇਦ-ਭਾਵ: ਸਿੱਖ ਧਰਮ ਵਿਚ ਸਿੱਧਾਂਤਿਕ ਤੌਰ ’ਤੇ ਜਾਤਿ ਭੇਦ-ਭਾਵ ਦਾ ਕੋਈ ਸਥਾਨ ਅਤੇ ਮਹੱਤਵ ਨਹੀਂ ਹੈ। ਸ਼ਾਬਦਿਕ ਅਰਥ ਦੀ ਦ੍ਰਿਸ਼ਟੀ ਤੋਂ ‘ਜਾਤਿ’ ਦਾ ਅਰਥ ਉਹ ਸਮਾਜਿਕ ਇਕਾਈ ਹੈ ਜੋ ਸਮਾਨ ਭਾਈਚਾਰੇ ਵਾਲੇ ਲੋਕਾਂ ਨੂੰ ਮਿਲਾ ਕੇ ਬਣਦੀ ਹੈ। ਭਾਰਤ ਵਿਚ ਪੁਰਾਤਨ ਕਾਲ ਤੋਂ ਹੀ ਵਖ ਵਖ ਜਾਤੀਆਂ ਵਿਚ ਉੱਚੇ ਨੀਵੇਂ ਦਾ ਭੇਦ-ਭਾਵ ਚਲਦਾ ਆਇਆ ਹੈ। ਇਸ ਜਾਤਿ ਭੇਦ-ਭਾਵ ਨੇ ਮਨੁੱਖ ਮਨੁੱਖ ਵਿਚ ਜੋ ਵਿਥ ਪੈਦਾ ਕੀਤੀ ਹੈ, ਉਸ ਨਾਲ ਭਾਰਤੀ ਸਮਾਜ ਅਤੇ ਧਰਮ ਵਿਚ ਨਕਾਰਾਤਮਕ ਰੁਚੀਆਂ ਦਾ ਵਿਕਾਸ ਹੋਇਆ ਹੈ। ਇਸ ਲਈ ਮੱਧ-ਯੁਗ ਦੇ ਧਰਮ -ਸਾਧਕਾਂ ਨੇ ਇਸ ਪ੍ਰਕਾਰ ਦੀ ਭੇਦ-ਭਾਵਨਾ ਦਾ ਬਹੁਤ ਵਿਰੋਧ ਕੀਤਾ ਹੈ, ਖ਼ਾਸ ਤੌਰ’ਤੇ ਗੁਰਬਾਣੀ ਵਿਚ ਥਾਂ-ਪਰ- ਥਾਂ ਇਸ ਦਾ ਨਿਖੇਧ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਉਸ ਵਿਅਕਤੀ ਨੂੰ ਨੀਵੀਂ ਜਾਤਿ ਦਾ ਮੰਨਿਆ ਹੈ ਜੋ ਆਪਣੇ ਵਾਸਤਵਿਕ ਜੀਵਨ-ਉਦੇਸ਼ ਤੋਂ ਖੁੰਝ ਕੇ ਆਪਣੇ ਮਾਲਿਕ/ਇਸ਼ਟ ਪਰਮਾਤਮਾ ਨੂੰ ਭੁਲ ਜਾਂਦਾ ਹੋਵੇ—ਖਸਮੁ ਵਿਸਾਰਹਿ ਤੇ ਕਮਜਾਤਿ। (ਗੁ.ਗ੍ਰੰ.10)।
ਗੁਰੂ ਰਾਮਦਾਸ ਜੀ ਨੇ ਕਿਹਾ ਹੈ ਕਿ ਬ੍ਰਾਹਮਣ , ਖਤ੍ਰੀ , ਵੈਸ਼ ਅਤੇ ਸ਼ੂਦ੍ਰ ਇਨ੍ਹਾਂ ਚਾਰ ਵਰਣਾਂ ਵਿਚ ਉਹੀ ਵਰਣ ਪ੍ਰਧਾਨ ਹੈ ਜਿਸ ਵਿਚ ਹਰਿ ਦੀ ਆਰਾਧਨਾ ਹੁੰਦੀ ਹੈ। ਉਹ ਵਿਅਕਤੀ ਸਭ ਤੋਂ ਉੱਚਾ ਅਤੇ ਸੁੱਚਾ ਹੈ ਜਿਸ ਦੇ ਹਿਰਦੇ ਵਿਚ ਭਗਵਾਨ ਵਸਦਾ ਹੈ। ਇਸ ਪ੍ਰਕਾਰ ਦਾ ਸੇਵਕ ਜੇ ਨੀਚ ਜਾਤਿ ਵਿਚੋਂ ਹੋਵੇ ਤਾਂ ਵੀ ਉਸ ਦੇ ਚਰਣ ਧੋਣੇ ਚਾਹੀਦੇ ਹਨ— ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ। ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ। ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ। ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ। (ਗੁ.ਗ੍ਰੰ.861)।
ਗੁਰੂ ਅਮਰਦਾਸ ਜੀ ਨੇ ਵੀ ਕਿਹਾ ਹੈ ਕਿ ਉਹੀ ਉਤਮ ਵਿਅਕਤੀ ਹਨ ਜੋ ਭਗਤੀ ਵਿਚ ਰੰਗੇ ਹੋਏ ਹਨ, ਨਾਮ ਸਿਮਰਨ ਤੋਂ ਵਾਂਝਿਆ ਵਿਅਕਤੀ ਨੀਚ ਜਾਤਿ ਦਾ ਹੈ—ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ। ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ। (ਗੁ.ਗ੍ਰੰ.426)।
ਜਾਤਿ ਭੇਦ-ਭਾਵ ਦੇ ਜੇ ਇਤਿਹਾਸ ਨੂੰ ਵਾਚੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਇਸ ਦਾ ਆਧਾਰ ਭਾਰਤੀ ਵਰਣ- ਵਿਵਸਥਾ ਹੈ। ਵਰਣ-ਵਿਵਸਥਾ ਦੀ ਹੋਂਦ ਵੈਦਿਕ ਸਾਹਿਤ ਵਿਚ ਮਿਲ ਜਾਂਦੀ ਹੈ। ਰਿਗਵੇਦ ਦੇ 10ਵੇਂ ਮੰਡਲ ਦੇ ਪੁਰਸ਼- ਸੂਕੑਤ ਅਨੁਸਾਰ ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ, ਭੁਜਾਵਾਂ ਤੋਂ ਛਤ੍ਰੀ , ਜੰਘਾਂ ਤੋਂ ਵੈਸ਼ ਅਤੇ ਪੈਰਾਂ ਤੋਂ ਸ਼ੂਦ੍ਰ ਪੈਦਾ ਹੋਏ ਹਨ। ਪਰ ਉਦੋਂ ਇਸ ਵਰਗ-ਵੰਡ ਦਾ ਸਰੂਪ ਉਦਾਰ ਸੀ , ਅਜ ਵਰਗੀਆਂ ਤੰਗ ਹਦਬੰਦੀਆਂ ਨਹੀਂ ਸਨ। ਸਮਾਜ ਦੀ ਵਿਵਸਥਾ ਕਰਮ ਅਨੁਸਾਰ ਸੀ, ਜਨਮ ਅਨੁਸਾਰ ਨਹੀਂ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਇਸ ਵਿਵਸਥਾ ਦਾ ਆਧਾਰ ਬਦਲਦਾ ਗਿਆ। ‘ਮਨੁ-ਸਮ੍ਰਿਤੀ’ ਵਿਚ ਹਰ ਵਰਣ ਦੇ ਵਿਅਕਤੀ ਦੇ ਸਮਾਜਿਕ ਅਤੇ ਵਿਅਕਤੀਗਤ ਕਾਰਜ , ਜੀਵਿਕਾ, ਸਿਖਿਆ-ਦੀਖਿਆ, ਸੰਸਕਾਰ , ਕਰਤੱਵ ਅਤੇ ਅਧਿਕਾਰ ਸੰਬੰਧੀ ਨਿਯਮਾਂ ਦਾ ਵਿਧਾਨ ਕੀਤਾ ਗਿਆ। ਪਰਵਰਤੀ ਸਮ੍ਰਿਤੀ-ਕਾਲ ਵਿਚ ਕਰਮ ਦਾ ਸਥਾਨ ਜਨਮ ਨੇ ਲੈ ਲਿਆ। ਸਮਾਜ ਦਾ ਸਰੂਪ ਬਦਲ ਗਿਆ। ਮਨੁੱਖ ਮਨੁੱਖ ਨ ਰਿਹਾ, ਉਸ ਦੀ ਵੰਡ ਵਰਣਾਂ ਅਨੁਸਾਰ ਹੋ ਗਈ , ਉਹ ਬ੍ਰਾਹਮਣ, ਛਤ੍ਰੀ, ਵੈਸ਼ ਅਤੇ ਸ਼ੂਦ੍ਰ ਬਣ ਗਿਆ। ਇਸ ਦਾ ਵਿਰੋਧ ਵੀ ਨਾਲ ਨਾਲ ਹੋਣ ਲਗਾ। ਮਹਾਤਮਾ ਬੁੱਧ ਨੇ ਇਸ ਵਿਵਸਥਾ ਦਾ ਵਿਰੋਧ ਕਰਨ ਵਿਚ ਪਹਿਲ ਕੀਤੀ, ਪਰ ਮੱਧ-ਯੁਗ ਤਕ ਇਹ ਵਿਵਸਥਾ ਕਿਸੇ ਨ ਕਿਸੇ ਤਰ੍ਹਾਂ ਆਪਣਾ ਵਿਸਥਾਰ ਕਰਦੀ ਰਹੀ। ਇਸ ਵਿਵਸਥਾ ਦੀ ਨਿਰਸਾਰਤਾ ਆਪਣੇ ਉਘੜੇ ਹੋਏ ਰੂਪ ਵਿਚ ਬਾਹਰੋਂ ਹੋਏ ਮੁਸਲਮਾਨਾਂ ਦੇ ਹਮਲਿਆਂ ਵੇਲੇ ਪ੍ਰਗਟ ਹੋਈ।
ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ (ਮੱਧਕਾਲੀਨ ਧਰਮ -ਸਾਧਨਾ) ਨੇ ਦਸਿਆ ਹੈ ਕਿ ਮੱਧ-ਯੁਗ ਵਿਚ ਪਹਿਲੀ ਵਾਰ ਭਾਰਤੀ ਸਮਾਜ ਨੂੰ ਇਕ ਅਜਿਹੀ ਪਰਿਸਥਿਤੀ ਦਾ ਸਾਹਮਣਾ ਕਰਨਾ ਪੈ ਗਿਆ, ਜੋ ਉਸ ਨੇ ਕਦੇ ਕਿਆਸ ਨਹੀਂ ਸੀ ਕੀਤੀ। ਹੁਣ ਤਕ ਵਰਣ-ਵਿਵਸਥਾ ਦਾ ਕੋਈ ਗੰਭੀਰ ਵਿਰੋਧ ਨਹੀਂ ਸੀ ਪੈਦਾ ਹੋਇਆ, ਪਰ ਹੁਣ ਇਸਲਾਮ ਵਰਗਾ ਸੰਗਠਿਤ ਸਮਾਜ ਸਾਹਮਣੇ ਸੀ, ਜੋ ਹਰ ਇਕ ਵਿਅਕਤੀ ਅਤੇ ਹਰ ਇਕ ਜਾਤਿ ਨੂੰ ਆਪਣੇ ਅੰਦਰ ਸਮਾਨ ਆਸਣ ਦੇਣ ਦੀ ਪ੍ਰਤਿਗਿਆ ਕਰ ਚੁਕਾ ਸੀ। ਇਸ ਨਾਲ ਭਾਰਤੀ ਵਰਣ-ਵਿਵਸਥਾ ਨੇ ਸਾਰੇ ਸਮਾਜ ਨੂੰ ਡਾਵਾਂਡੋਲ ਕਰ ਦਿੱਤਾ।
ਉਪਰੋਕਤ ਸਥਿਤੀ ਦਾ ਸਿੱਟਾ ਇਹ ਨਿਕਲਿਆ ਕਿ ਖ਼ਾਸ ਤੌਰ’ਤੇ ਨੀਵੀਆਂ ਜਾਤਾਂ ਨਾਲ ਸੰਬੰਧ ਰਖਣ ਵਾਲੇ ਇਸ ਵਿਵਸਥਾ ਕਾਰਣ ਦੁਖਾਂ ਅਤੇ ਵਿਤਕਰਿਆਂ ਤੋਂ ਤੰਗ ਹੋ ਕੇ ਮੁਸਲਮਾਨ ਬਣਨ ਲਗੇ। ਇਸ ਦੀ ਪ੍ਰਤਿਕ੍ਰਿਆ ਹੋਣੀ ਵੀ ਸੁਭਾਵਿਕ ਸੀ। ਨਤੀਜੇ ਵਜੋਂ ਭਾਰਤੀ ਸਾਧਕਾਂ ਨੇ ਜਾਤਿ ਭੇਦ-ਭਾਵ ਦੇ ਭਿਆਨਕ ਸਿੱ-ਟਿਆਂ ਅਤੇ ਹਾਨੀਕਾਰਕ ਰੂਪਾਂ ਨੂੰ ਵੇਖ ਕੇ ਇਸ ਦਾ ਵਿਰੋਧ ਕੀਤਾ। ਸਚ ਤਾਂ ਇਹ ਹੈ ਕਿ ਮੱਧ-ਯੁਗ ਤਕ ਆਉਂਦੇ ਆਉਂਦੇ ਵਰਣ-ਵਿਵਸਥਾ ਅਤਿ ਅਧਿਕ ਦੂਸ਼ਿਤ ਹੋ ਗਈ ਅਤੇ ਹੇਠਲੇ ਤਿੰਨੋ ਵਰਣ ਬ੍ਰਾਹਮਣ ਵਰਗ ਦੇ ਅਤਿਆਚਾਰਾਂ ਨੂੰ ਸਹਿੰਦਿਆਂ ਸਹਿੰਦਿਆਂ ਤੰਗ ਪੈਕੇ ਵਿਗੜ ਖੜੋਤੇ ਅਤੇ ਅਜਿਹੇ ਨਵੇਂ ਸਮਾਜਿਕ ਵਿਧਾਨ ਦੀ ਲੋੜ ਦਾ ਅਨੁਭਵ ਕਰਨ ਲਗੇ, ਜਿਸ ਵਿਚ ਬ੍ਰਾਹਮਣਾਂ ਦੇ ਦੈਵੀ ਅਧਿਕਾਰਾਂ ਨੂੰ ਵੰਗਾਰਿਆ ਜਾ ਸਕੇ ਅਤੇ ਸਮਾਨਤਾ ਨੂੰ ਜੀਵਨ ਵਿਚ ਵਿਵਹਾਰਿਕ ਰੂਪ ਦਿੱਤਾ ਜਾ ਸਕੇ। ਸੰਤਾਂ ਦੀਆਂ ਬਾਣੀਆਂ ਵਿਚ ਅਜਿਹੇ ਨਵੇਂ ਸਮਾਜਿਕ ਵਿਧਾਨ ਦੀ ਲਲਕਾਰ ਹੈ।
ਮੱਧ-ਯੁਗ ਵਿਚ ਜਾਤਿ ਭੇਦ-ਭਾਵ ਦੇ ਵਿਰੁੱਧ ਸਭ ਤੋਂ ਨਿਖੜ ਕੇ ਸੁਆਮੀ ਰਾਮਾਨੰਦ ਨੇ ਨਾਹਰਾ ਮਾਰਿਆ ਕਿ ਭਗਤੀ ਦੇ ਖੇਤਰ ਵਿਚ ਇਸ ਅਣਮਨੁੱਖੀ ਵੰਡ ਦਾ ਕੋਈ ਅਰਥ ਨਹੀਂ ਹੈ—ਜਾਤਿ ਪਾਤਿ ਪੂਛੇ ਨਹਿ ਕੋਈ। ਹਰਿ ਕੋ ਭਜੇ ਸੋ ਹਰਿ ਕਾ ਹੋਈ। ਫਿਰ ਲਗਪਗ ਸਾਰਿਆਂ ਸਾਧਕਾਂ ਨੇ ਭਗਤੀ ਦੇ ਖੇਤਰ ਵਿਚ ਇਸ ਨੂੰ ਗ਼ੈਰ-ਜ਼ਰੂਰੀ ਮੰਨਿਆ ਅਤੇ ਇਸ ਦਾ ਵਿਰੋਧ ਕੀਤਾ। ਉੱਚੇ ਵਰਗ ਨਾਲ ਸੰਬੰਧਿਤ ਸਾਧਕਾਂ ਦੇ ਮੁਕਾਬਲੇ ਹੇਠਲੀਆਂ ਸ਼੍ਰੇਣੀਆਂ ਤੋਂ ਆਏ ਸੰਤਾਂ ਸਾਧਕਾਂ ਦੀਆਂ ਬਾਣੀਆਂ ਵਿਚ ਇਸ ਵਿਧਾਨ ਦਾ ਅਧਿਕ ਅਤੇ ਕਿਤੇ ਕਿਤੇ ਚੁਭਵੀਂ ਸ਼ੈਲੀ ਵਿਚ ਖੰਡਨ ਹੋਇਆ। ਇਸ ਪ੍ਰਕਾਰ ਦੇ ਖੰਡਨ ਵਿਚ ਸੰਤ ਕਬੀਰ ਸਭ ਤੋਂ ਅਗੇ ਸਨ। ਸਿੱਖ-ਗੁਰੂਆਂ ਨੇ ਵੀ ਇਸ ਵਿਵਸਥਾ ਦਾ ਡਟ ਕੇ ਖੰਡਨ ਕੀਤਾ, ਪਰ ਉਨ੍ਹਾਂ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਕੁਲੀਨ (ਸ੍ਰੇਸ਼ਠ ਕੁਲਾਂ ਦੇ) ਹੁੰਦੇ ਹੋਏ ਵੀ ਹਰਿ-ਪ੍ਰਾਪਤੀ ਦੇ ਮਾਰਗ ’ਤੇ ਅੱਗੇ ਵਧਣ ਲਈ ਜਾਤਿ ਭੇਦ-ਭਾਵ ਨੂੰ ਰੁਕਾਵਟ ਮੰਨਦੇ ਸਨ। ਗੁਰੂ ਨਾਨਕ ਦੇਵ ਜੀ ਨੇ ਜਾਤੀਆਂ ਅਤੇ ਵਰਣਾਂ ਨੂੰ ਵਿਅਰਥ ਅਤੇ ਧੂੜ ਵਰਗਾ ਮੰਨਿਆ। ਉਨ੍ਹਾਂ ਅਨੁਸਾਰ ਇਸ ਸੰਸਾਰ ਵਿਚ ਕੋਈ ਉੱਚਾ ਜਾਂ ਨੀਵਾਂ ਨਹੀਂ— ਨਾਨਕ ਉਤਮੁ ਨੀਚੁ ਨ ਕੋਇ। (ਗੁ.ਗ੍ਰੰ.7)।
ਗੁਰੂ ਨਾਨਕ ਦੇਵ ਜੀ ਨੇ ਇਕ ਹੋਰ ਪ੍ਰਸੰਗ ਵਿਚ ਕਿਹਾ ਹੈ ਜਾਤੀਆਂ ਅਤੇ ਉਨ੍ਹਾਂ ਦੇ ਨਾਂ ਵਿਅਰਥ ਹਨ। ਸਾਰੇ ਮਨੁੱਖ ਇਕੋ ਦੀ ਸਰਪ੍ਰਸਤੀ ਅਧੀਨ ਹਨ। ਜੇ ਕੋਈ ਉੱਚੀ ਕੁਲ ਵਿਚੋਂ ਹੋਣ ਕਾਰਣ ਆਪਣੇ ਆਪ ਨੂੰ ਮਹਾਨ ਕਹਿੰਦਾ ਹੋਵੇ, ਤਾਂ ਉਹ ਤਦ ਹੀ ਮਹਾਨ ਹੋਵੇਗਾ ਜੇ ਉਹ ਸਚੀ ਦਰਗਾਹ ਵਿਚ ਪ੍ਰਤਿਸ਼ਠਾ ਪ੍ਰਾਪਤ ਕਰੇਗਾ— ਫਕੜ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ। ਆਪਹੁ ਜੇ ਕੋ ਭਲਾ ਕਹਾਏ। ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ। (ਗੁ.ਗ੍ਰੰ.83)।
ਗੁਰੂ ਅਮਰਦਾਸ ਜੀ ਨੇ ਜਾਤਿ ਦਾ ਗਰਬ ਕਰਨ ਵਾਲੇ ਵਿਅਕਤੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਸ ਪ੍ਰਕਾਰ ਦੇ ਗਰਬ ਤੋਂ ਕਈ ਪ੍ਰਕਾਰ ਦੇ ਵਿਕਾਰਾਂ ਦਾ ਵਿਕਾਸ ਹੁੰਦਾ ਹੈ। ਸਭ ਕੋਈ ਚਾਰ ਵਰਣ ਕਹਿੰਦਾ ਹੈ, ਪਰ ਸਾਰੇ ਮਨੁੱਖ ਇਕੋ ਹੀ ਮਿੱਟੀ ਤੋਂ ਬਣੇ ਭਾਂਡਿਆਂ ਵਾਂਗ ਪਰਮਾਤਮਾ ਦੁਆਰਾ ਸੰਵਾਰੇ ਹੋਏ ਹਨ। ਇਨ੍ਹਾਂ ਵਿਚ ਕਿਸੇ ਦੇ ਵਧ-ਘਟ ਹੋਣ ਦੀ ਕੋਈ ਗੁੰਜਾਇਸ਼ ਨਹੀਂ— ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ। ਚਾਰੇ ਵਰਨ ਆਖੈ ਸਭੁ ਕੋਈ। ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ। ਮਾਟੀ ਏਕ ਸਗਲ ਸੰਸਾਰਾ। ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ। ਪੰਚ ਤਤੁ ਮਿਲਿ ਦੇਹੀ ਕਾ ਆਕਾਰਾ। ਘਟਿ ਵਧਿ ਕੋ ਕਰੈ ਬੀਚਾਰਾ। (ਗੁ.ਗ੍ਰੰ.1128)।
ਨੀਵੀਆਂ ਜਾਤਾਂ ਤੋਂ ਆਏ ਸਾਧਕਾਂ ਦੀਆਂ ਬਾਣੀਆਂ ਵਿਚ ਜਾਤਿ ਭੇਦ-ਭਾਵ ਦੇ ਵਿਰੁੱਧ ਜੋ ਅਵਾਜ਼ ਉਠੀ ਸੀ, ਉਹ ਸੁਭਾਵਿਕ ਹੀ ਸੀ ਕਿਉਂਕਿ ਯੁਗਾਂ ਯੁਗਾਂ ਤੋਂ ਇਹ ਲੋਕ ਇਸ ਭੇਦ-ਭਾਵ ਤੋਂ ਦੁਖੀ ਹੁੰਦੇ ਚਲੇ ਆ ਰਹੇ ਸਨ। ਉਨ੍ਹਾਂ ਦਾ ਨਿਜੀ ਅਨੁਭਵ ਬਹੁਤ ਦੁਖ ਪੂਰਣ ਅਤੇ ਕੌੜਾ ਸੀ, ਇਸ ਲਈ ਅਜਿਹੇ ਵਰਗਾਂ ਨਾਲ ਸੰਬੰਧਿਤ ਸਾਧਕਾਂ ਦੀਆਂ ਬਾਣੀਆਂ ਵਿਚ ਉਨ੍ਹਾਂ ਨਾਲ ਸੰਬੰਧਿਤ ਸਮਾਜ ਪ੍ਰਤਿ ਕੀਤੇ ਗਏ ਅਮਾਨਵੀ ਵਿਵਹਾਰ ਦਾ ਪ੍ਰਤਿਕਰਮ ਸੀ। ਪਰ ਗੁਰੂ ਨਾਨਕ ਦੇਵ ਜੀ ਜਾਂ ਉੱਤਰਵਰਤੀ ਗੁਰੂ ਸਾਹਿਬਾਨ ਦਾ ਇਸ ਪ੍ਰਕਾਰ ਦਾ ਕੋਈ ਅਨੁਭਵ ਨਹੀਂ ਸੀ। ਇਸ ਲਈ ਉਨ੍ਹਾਂ ਦੀਆਂ ਬਾਣੀਆਂ ਵਿਚ ਜਾਤਿ ਭੇਦ-ਭਾਵ ਦੇ ਵਿਰੋਧ ਦਾ ਚਿਤ੍ਰਣ ਕੇਵਲ ਲੋਕ-ਮੰਗਲਕਾਰੀ ਅਤੇ ਜਨ- ਕਲਿਆਣਕਾਰੀ ਭਾਵਨਾ ਉਤੇ ਆਧਾਰਿਤ ਹੈ। ਉਹ ਜਾਤਿ ਭੇਦ-ਭਾਵ ਦੇ ਫਲਸਰੂਪ ਮਿਧੇ ਹੋਏ ਲੋਕਾਂ ਨੂੰ ਉਠਾ ਕੇ ਸਮਾਜ ਵਿਚ ਸਮ-ਅਧਿਕਾਰ ਦਿਵਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੀ ਪਰੰਪਰਿਕ ਕੁਲੀਨਤਾ ਨੂੰ ਛਡ ਕੇ ਖ਼ੁਦ ਨੂੰ ਨੀਵੀਆਂ ਜਾਤੀਆਂ ਦੇ ਸੰਪਰਕ ਵਿਚ ਲਿਆਉਂਦਾ ਅਤੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉਨ੍ਹਾਂ ਦਾ ਵੱਡੀਆਂ ਜਾਤੀਆਂ ਵਾਲਿਆਂ ਨਾਲ ਕੋਈ ਸਰੋਕਾਰ ਨਹੀਂ, ਉਹ ਤਾਂ ਨੀਚਾਂ, ਮਿਧਿਆਂ ਹੋਇਆਂ ਦੇ ਸੰਗੀ-ਸਾਥੀ ਹਨ— ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। (ਗੁ.ਗ੍ਰੰ.15)।
ਇਥੇ ਹੀ ਬਸ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਉੱਚੇ ਕੁਲ ਵਾਲੇ ਸਾਧਕਾਂ ਪ੍ਰਤਿ ਜ਼ਰੂਰ ਸ਼ਰਧਾ ਹੈ, ਪਰ ਨੀਵੀਂ ਕੁਲ ਵਾਲੇ ਸਾਧਕਾਂ ਲਈ ਤਾਂ ਉਹ ਆਪਣੀ ਚਮੜੀ ਦੀਆਂ ਜੁੱਤੀਆਂ ਬਣਵਾ ਕੇ ਪਵਾਉਣ ਲਈ ਤਿਆਰ ਹਨ— ਜਾਤਿ ਕੁਲੀਨੁ ਸੇਵਕੁ ਜੇ ਹੋਇ। ਤਾ ਕਾ ਕਹਣਾ ਕਹਹੁ ਨ ਕੋਇ। ਵਿਚਿ ਸਨਾਂਤੀ ਸੇਵਕੁ ਹੋਇ। ਨਾਨਕ ਪਣ੍ਹੀਆ ਪਹਿਰੈ ਸੋਇ। (ਗੁ.ਗ੍ਰੰ.1256)।
ਗੁਰੂ ਸਾਹਿਬਾਨ ਨੇ ਉਨ੍ਹਾਂ ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਮਾਨਵਤਾ-ਵਿਰੋਧੀ ਦਸਿਆ ਹੈ ਜੋ ਇਸ ਪ੍ਰਕਾਰ ਦੇ ਭੇਦ-ਭਾਵ ਦੀ ਭਾਵਨਾ ਨੂੰ ਜਨਮ ਦਿੰਦੇ ਹਨ। ਗੁਰੂ ਸਾਹਿਬ ਤਾਂ ਕੇਵਲ ਉਸ ਵਿਅਕਤੀ ਨੂੰ ਹੀ ਨੀਵੀਂ ਜਾਤਿ ਵਾਲਾ ਮੰਨਦੇ ਹਨ ਜੋ ਪਰਮਾਤਮਾ ਨੂੰ ਭੁਲਾ ਕੇ ਸੰਸਾਰਿਕ ਪ੍ਰਪੰਚ ਵਿਚ ਗ੍ਰਸਤ ਰਹਿੰਦਾ ਹੈ। ਧਰਮ ਅਤੇ ਸਮਾਜ ਦੇ ਖੇਤਰ ਵਿਚ ਗੁਰੂ ਸਾਹਿਬਾਨ ਨੇ ਇਕਰੂਪਤਾ ਵਾਲਾ ਦ੍ਰਿਸ਼ਟੀਕੋਣ ਅਪਣਾ ਕੇ ਇਕ ਨਵੇਂ ਨਰੋਏ ਧਰਮ- ਆਧਾਰਿਤ-ਸਮਾਜ ਨੂੰ ਜਨਮ ਦਿੱਤਾ, ਜੋ ਸਚੇ ਅਰਥਾਂ ਵਿਚ ‘ਮਨੁੱਖ-ਸਮਾਜ’ ਅਖਵਾ ਸਕਦਾ ਹੈ।
ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਬਾਣੀ ਵਿਚ ਜਿਸ ਆਦਰਸ਼-ਪੁਰਸ਼ ਬ੍ਰਹਮ-ਗਿਆਨੀ ਦੀ ਕਲਪਨਾ ਕੀਤੀ, ਉਸ ਦਾ ਸਰਬ-ਸ੍ਰੇਸ਼ਠ ਗੁਣ ਸਮਦਰਸੀ ਹੋਣਾ ਹੈ। ਉਹ ਪਰੋਪਕਾਰ ਦੇ ਨਾਲ ਸਦਾ ਉਤਸਾਹਿਤ ਰਹਿਣ ਵਾਲਾ ਹੈ, ਉਹ ਸਭ ਦਾ ਸਮਾਨ ਰੂਪ ਵਿਚ ਕਲਿਆਣਾ ਚਾਹੁੰਦਾ ਹੋਇਆ ਮਨੁੱਖ ਮਨੁੱਖ ਨੂੰ ਨੇੜੇ ਲਿਆਉਣ ਵਾਲਾ ਮਸੀਹਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ-ਧਰਮ ਵਿਚ ਇਸ ਭੇਦ-ਭਾਵ ਨੂੰ ਖ਼ਤਮ ਕਰਨ ਲਈ ਵਿਭਿੰਨ ਜਾਤੀਆਂ ਦੇ ਵਿਅਕਤੀਆਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਕੀਤਾ, ਨਾਂਵਾਂ ਦੀ ਸਮਤਾ ਤੋਂ ਲੈ ਕੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿਚ ਅੰਤਰ ਖ਼ਤਮ ਕੀਤਾ। ਗੁਰੂਆਂ ਦੁਆਰਾ ਸੰਵਾਰੇ ‘ਗੁਰਮੁਖ ’ ਸਿੱਖ ਦਾ ਸਰੂਪ ਸਹੀ ਅਰਥਾਂ ਵਿਚ ਸਚੇ ਮਨੁੱਖ ਦਾ ਸਰੂਪ ਹੈ। ਇਸ ਸਮਦਰਸੀ ਸਰੂਪ ਨੂੰ ਬਾਣਈ ਰਖਣ ਵਿਚ ਹੀ ਮਾਨਵਤਾ ਦਾ ਕਲਿਆਣ ਹੈ। ਇਸ ਨਵ-ਸਿਰਜਿਤ ਭਾਈਚਾਰੇ ਬਾਰੇ ਸ਼ੰਕਾ-ਗ੍ਰਸਤ ਬ੍ਰਾਹਮਣ ਨੂੰ ਉਤਰ ਦਿੰਦਿਆਂ ਦਸਮ-ਗੁਰੂ ਜੀ ਨੇ ਸਪੱਸ਼ਟ ਕੀਤਾ ਸੀ ਕਿ —ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ, ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ। ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗ਼ਰੀਬ ਕਰੋਰ ਪਰੇ। (‘ਖ਼ਾਲਸਾ ਮਹਿਮਾ ’)।
ਉਪਰੋਕਤ ਤੱਥਾਂ ਦੇ ਬਾਵਜੂਦ ਵਰਤਮਾਨ ਕਾਲ ਵਿਚ ਜਾਤਿ-ਪਾਤਿ ਪ੍ਰਤਿ ਆਕਰਸ਼ਣ ਦੀ ਭਾਵਨਾ ਆਪਣਾ ਰੂਪ ਕੁਝ ਬਦਲ ਕੇ ਸਿੱਖ ਪੰਥ ਵਿਚ ਘੁਸਦੀ ਜਾ ਰਹੀ ਹੈ। ਰਾਮਗੜ੍ਹੀਆਂ ਬਰਾਦਰੀ ਨੇ ਆਪਣੇ ਗੁਰਦੁਆਰੇ ਉਸਾਰ ਲਏ ਹਨ। ਰਵਿਦਾਸੀਆਂ ਨੇ ਆਪਣੇ ਗੁਰਦੁਆਰਾ- ਨੁਮਾ ਮੰਦਿਰ ਹਨ। ਬਾਲਮੀਕੀਆਂ ਨੇ ਵੀ ਆਪਣੀ ਵਖਰੀ ਪਛਾਣ ਸ਼ੁਰੂ ਕਰਾ ਦਿੱਤੀ ਹੈ। ਖਤ੍ਰੀ ਸਿੱਖ ਐਸੋਸੀਏਸ਼ਨ, ਜੱਟ-ਸਿਖ ਐਸੋਸੀਏਸ਼ਨ, ਅਰੋੜਬੰਸ ਬਰਾਦਰੀ, ਸੈਣੀ ਬਰਾਦਰੀ, ਲੁਬਾਣਾ ਬਰਾਦਰੀ ਵਰਗੀਆਂ ਬੇਅਤ ਸੰਸਥਾਵਾਂ, ਸਭਾਵਾਂ ਅਤੇ ਕਮੇਟੀਆਂ ਸਾਹਮਣੇ ਆ ਰਹੀਆਂ ਹਨ। ਇਸ ਪਿਛੇ ਆਧੁਨਿਕ ਯੁਗ-ਚੇਤਨਾ ਤੋਂ ਇਲਾਵਾ ਵੋਟ ਬੈਂਕ ਬਣਨ ਦੀ ਅਹਿਮੀਅਤ ਅਤੇ ਪਛੜੀਆਂ ਹੋਈਆਂ ਜਾਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਪ੍ਰੇਰਿਤ ਕਰ ਰਹੀਆਂ ਹਨ। ਇਸ ਨਾਲ ਸਿੱਖ ਧਰਮ ਵਿਚ ਪ੍ਰਕਾਰਾਂਤਰ ਨਾਲ ਜਾਤਿਵਾਦ ਪ੍ਰਵੇਸ਼ ਕਰ ਰਿਹਾ ਹੈ। ਇਸ ਬਾਰੇ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਚੇਤ ਹੁੰਦੇ ਹੋਇਆਂ ਵੀ ਕੋਈ ਉਸਾਰੂ ਭੂਮਿਕਾ ਨਿਭਾਉਣ ਦੇ ਅਸਮਰਥ ਹੈ ਕਿਉਂਕਿ ਉਸ ਵਿਚ ਵੀ ਧਰਮ ਦੀ ਥਾਂ ਰਾਜਨੈਤਿਕ ਹਿਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First