ਤਾਲਸਤਾਏ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਾਲਸਤਾਏ ( 1828– 1910 ) : ਰੂਸੀ ਲੇਖਕ ਲੀਓ ਤਾਲਸਤਾਏ ( Leo Tolystoy ) ਇੱਕ ਨੀਤੀ ਦਰਸ਼ਨਵੇਤਾ ਅਤੇ ਵਿਸ਼ਵ ਦੇ ਮਹਾਨ ਨਾਵਲਕਾਰਾਂ ਵਿੱਚੋਂ ਇੱਕ ਸੀ । ਉਸ ਦੀਆਂ ਲਿਖਤਾਂ ਨੇ ਵੀਹਵੀਂ ਸਦੀ ਦੇ ਸਾਹਿਤ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ । ਉਸ ਦੀਆਂ ਨੈਤਿਕ ਸਿੱਖਿਆਵਾਂ ਨੇ ਕਈ ਮਹੱਤਵਪੂਰਨ ਅਧਿਆਤਮਿਕ ਅਤੇ ਰਾਜਨੀਤਿਕ ਆਗੂਆਂ ਦੀ ਸੋਚ ਨੂੰ ਉਸਾਰਨ ਵਿੱਚ ਸਹਾਇਤਾ ਕੀਤੀ । ਉਹ ਵਧੇਰੇ ਕਰ ਕੇ ਆਪਣੇ ਨਾਵਲਾਂ ਵਾਰ ਐਂਡ ਪੀਸ ( 1869 ) ਅਤੇ ਐਨਾ ਕੈਰੇਨੀਨਾ ( 1877 ) ਕਰ ਕੇ ਜਾਣਿਆ ਜਾਂਦਾ ਹੈ । ਇਹਨਾਂ ਨਾਵਲਾਂ ਵਿੱਚ ਨੈਤਿਕ ਮਨੋਵਿਗਿਆਨਿਕ ਜਟਿਲਤਾ ਦੀ ਪੇਸ਼ਕਾਰੀ ਹੋਣ ਕਰ ਕੇ ਇਹ ਯਥਾਰਥਵਾਦੀ ਗਲਪ ਦੇ ਸ਼ਾਹਕਾਰ ਮੰਨੇ ਜਾਂਦੇ ਹਨ ।

        ਤਾਲਸਤਾਏ ਦਾ ਜਨਮ ਯਾਸਨਾਯਾ ਪੋਲਿਆਨਾ ਵਿਖੇ ਇੱਕ ਰਈਸ ਘਰਾਣੇ ਵਿੱਚ ਹੋਇਆ , ਜਿਸ ਦੀ ਜਗੀਰ ਮਾਸਕੋ ਦੇ ਦੱਖਣ ਵਿੱਚ ਸੀ । ਉਸ ਨੇ ਮੁਢਲੀ ਵਿੱਦਿਆ ਘਰ ਰਹਿ ਕੇ ਹੀ ਪ੍ਰਾਪਤ ਕੀਤੀ । 1830 ਵਿੱਚ ਉਸ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਉਸ ਦੀ ਦੇਖ-ਰੇਖ ਰਿਸ਼ਤੇਦਾਰਾਂ ਨੇ ਕੀਤੀ । ਸੋਲ੍ਹਾਂ ਸਾਲਾਂ ਦੀ ਉਮਰ ਵਿੱਚ ਉਹ ਕਜ਼ਾਨ ਵਿਸ਼ਵਵਿਦਿਆਲੇ ਵਿੱਚ ਦਾਖ਼ਲ ਹੋ ਗਿਆ , ਪਰੰਤੂ ਉਸ ਨੇ ਆਪਣੇ ਆਪ ਨੂੰ ਸਿੱਖਿਅਤ ਬਣਾਉਣ ਲਈ ਸੁਤੰਤਰ ਯਤਨਾਂ ਨੂੰ ਪਹਿਲ ਦਿੱਤੀ । 1847 ਵਿੱਚ ਉਸ ਨੇ ਆਪਣੀ ਪੜ੍ਹਾਈ ਬਿਨਾਂ ਡਿਗਰੀ ਪੂਰੀ ਕੀਤਿਆਂ ਹੀ ਛੱਡ ਦਿੱਤੀ । ਉਸ ਦੇ ਅਗਲੇ ਪੰਦਰ੍ਹਾਂ ਵਰ੍ਹੇ ਅਸਥਿਰਤਾ ਵਾਲੇ ਸਨ । ਤਾਲਸਤਾਏ ਨੇ ਆਪਣੇ-ਆਪ ਨੂੰ ਬੌਧਿਕ , ਨੈਤਿਕ ਅਤੇ ਸਰੀਰਕ ਤੌਰ `ਤੇ ਵਿਕਸਿਤ ਕਰਨ ਲਈ ਅਤੇ ਖ਼ਾਸ ਕਰ ਕੇ ਆਪਣੇ ਮੁਜ਼ਾਰਿਆਂ ਦੀ ਬਿਹਤਰੀ ਲਈ ਕੰਮ ਕਰਨ ਦੇ ਦ੍ਰਿੜ੍ਹ ਇਰਾਦੇ ਅਤੇ ਆਪਣੀ ਪਰਿਵਾਰਿਕ ਜਗੀਰ ਨੂੰ ਸੰਭਾਲਣ ਲਈ ਵਾਪਸ ਪਰਤ ਆਉਣ ਦਾ ਫ਼ੈਸਲਾ ਕੀਤਾ । ਦੋ ਸਾਲਾਂ ਤੋਂ ਵੀ ਘੱਟ ਸਮੇਂ ਪਿੱਛੋਂ ਉਸ ਨੇ ਮਾਸਕੋ ਦੀ ਸ਼ਾਹਾਨਾ ਜ਼ਿੰਦਗੀ ਲਈ ਪੇਂਡੂ ਜ਼ਿੰਦਗੀ ਨੂੰ ਮੁਲਤਵੀ ਕਰ ਦਿੱਤਾ । 1851 ਵਿੱਚ ਤਾਲਸਤਾਏ ਨੇ ਕੋਕਾਸਿਸ ਦੀ ਯਾਤਰਾ ਕੀਤੀ । ਕੋਕਾਸਿਸ ਉਸ ਵੇਲੇ ਦੱਖਣੀ ਰੂਸ ਦਾ ਇੱਕ ਖਿੱਤਾ ਸੀ । ਉੱਥੇ ਉਸ ਦਾ ਭਰਾ ਫ਼ੌਜ ਵਿੱਚ ਨੌਕਰੀ ਕਰਦਾ ਸੀ । ਤਾਲਸਤਾਏ ਨੇ ਕਰੀਮੀਅਨ ਜੰਗ ( 1853– 1856 ) ਦੌਰਾਨ ਫ਼ੌਜ ਵਿੱਚ ਵਲੰਟੀਅਰ ਦੇ ਤੌਰ `ਤੇ ਸ਼ਾਮਲ ਹੋ ਕੇ ਪ੍ਰਸੰਸਾਯੋਗ ਸੇਵਾਵਾਂ ਅਦਾ ਕੀਤੀਆਂ ।

        ਤਾਲਸਤਾਏ ਨੇ ਆਪਣਾ ਸਾਹਿਤਿਕ ਸਫ਼ਰ ਫ਼ੌਜ ਦੀ ਨੌਕਰੀ ਦੌਰਾਨ ਸ਼ੁਰੂ ਕੀਤਾ । ਉਸ ਦੀ ਪਹਿਲੀ ਰਚਨਾ ਅਰਧ ਸ੍ਵੈ-ਜੀਵਨੀਪਰਕ ਇੱਕ ਲਘੂ ਨਾਵਲ ‘ ਡੈਸਟੋਵੋ’ ( 1852 ) ਸੀ । ਡੈਸਟੋਵੋ ( ਚਾਇਲਡਹੁੱਡ ) ਤੋਂ ਮਗਰਲੀਆਂ ਰਚਨਾਵਾਂ ਓਟਰੋਚੈਸਟਵੋ ( 1854 ) ( ਬੁਆਏਹੁੱਡ ) ਅਤੇ ਇਊਨੋਸਟ ( 1886 ) ( ਯੂਥ ) ਦਸ ਸਾਲਾਂ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਦੇ ਨਾਇਕ ਦੀ ਨੈਤਿਕ ਤੇ ਮਨੋ- ਵਿਗਿਆਨਿਕ ਵਿਕਾਸ ਪ੍ਰਕਿਰਿਆ ਉਪਰ ਕੇਂਦਰਿਤ ਹਨ । ਚਾਇਲਡਹੁਡ ਵਿੱਚ ਬਚਪਨ ਦੀ ਭੋਲੀ-ਭਾਲੀ ਤੇ ਚਾਵਾਂ ਭਰੀ ਜ਼ਿੰਦਗੀ ਦੇ ਖੇੜੇ ਤੇ ਖ਼ੁਸ਼ੀ ਭਰੇ ਦ੍ਰਿਸ਼ ਹਨ , ਜੋ ਇੱਕ ਬੱਚੇ ਦੇ ਸੁਬਕ ਤੇ ਸੁਹਲ ਅਨੁਭਵ ਦੇ ਨਾਲ-ਨਾਲ ਪ੍ਰੋੜ੍ਹ ਜ਼ਿੰਦਗੀ ਦੇ ਅਨੁਭਵੀ ਬਿਰਤਾਂਤਕਾਰ ਦੇ ਰੂਪ ਵਿੱਚ ਸਾਮ੍ਹਣੇ ਆਉਂਦੇ ਹਨ । ਕਰੀਮੀਅਨ ਜੰਗ ਦੇ ਅਨੁਭਵ ਨੇ ਉਸ ਨੂੰ ਉਸ ਦੀ ਰਚਨਾ ਥ੍ਰੀ ਸੇਵਾਸਟੋਪੋਲਸਕੀ ਰਸਕਾਜ਼ੀ ( 1855-56 ) ਸੈਬੇਸਟੋਪੋਲ ਟੇਲਜ਼ ਦੇ ਲਈ ਵਸਤੂਗਤ ਸਮਗਰੀ ਪ੍ਰਦਾਨ ਕੀਤੀ , ਜਿਸ ਵਿੱਚ ਫ਼ੌਜੀ ਨੇਤਾਵਾਂ ਦੇ ਅਖੌਤੀ ਨਾਇਕਾਂ ਦੇ ਮੁਕਾਬਲੇ ਸਧਾਰਨ ਸਿਪਾਹੀਆਂ ਦੇ ਹੌਸਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ । ਤਾਲਸਤਾਏ ਦੇ ਕੋਕਾਸਿਸ ਦੇ ਤਜ਼ਰਬਿਆਂ ਨਾਲ ਸੰਬੰਧਿਤ ਇੱਕ ਹੋਰ ਲਘੂ ਨਾਵਲ ਕਜ਼ਾਕੀ ਦਾ ਕੌਸੈੱਕਸ ਹੈ । ਇਸ ਵਿੱਚ ਇੱਕ ਉੱਚ-ਵਰਗੀ ਸੱਭਿਅਕ ਨਾਇਕ ਪੇਂਡੂ ਜ਼ਿੰਦਗੀ ਦੀ ਖੁੱਲ੍ਹ ਤੇ ਅਜ਼ਾਦ ਤਬੀਅਤ ਦੇ ਮੁਕਾਬਲੇ ਉੱਤੇ ਦੁੱਖਾਂ ਵਿੱਚ ਘਿਰਿਆ ਦਿਖਾਇਆ ਗਿਆ ਹੈ ।

        1856 ਵਿੱਚ ਤਾਲਸਤਾਏ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ 1859 ਵਿੱਚ ਉਹ ਆਪਣੀ ਜਗੀਰ ਦੀ ਦੇਖ-ਭਾਲ ਲਈ ਯਾਸਨਾਯਾ ਪੋਲੀਯਾਨਾ ਵਾਪਸ ਪਰਤ ਆਇਆ । ਇੱਥੇ ਉਸ ਨੇ ਕਿਰਸਾਣਾਂ ਦੇ ਬੱਚਿਆਂ ਲਈ ਇੱਕ ਸਕੂਲ ਦੀ ਸਥਾਪਨਾ ਕੀਤੀ । ਇੱਥੇ ਰਹਿ ਕੇ ਉਸ ਨੇ ਵਿੱਦਿਆ ਦੇ ਪ੍ਰਗਤੀਵਾਦੀ ਵਿਚਾਰਾਂ ਬਾਰੇ ਲਿਖਿਆ । 1862 ਵਿੱਚ ਉਸ ਨੇ ਇੱਕ ਵਿਸ਼ਾਲ ਬੌਧਿਕ ਰੁਚੀਆਂ ਵਾਲੇ ਮੱਧਵਰਗੀ ਪਰਿਵਾਰ ਦੀ ਲੜਕੀ ਸਾਨੀਆ ਐਨਡਰੇਵਨਾ ਬੈਰਸ ਨਾਲ ਵਿਆਹ ਕਰਾ ਲਿਆ । ਉਸ ਨੇ ਅਗਲੇ ਪੰਦਰ੍ਹਾਂ ਸਾਲ ਵਿਆਹੁਤਾ ਜੀਵਨ ਨੂੰ ਸਮਰਪਿਤ ਕਰ ਕੇ ਆਪਣੀਆਂ ਸਿੱਖਿਅਕ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ । ਇਸ ਸਮੇਂ ਦਾ ਬਹੁਤ ਹਿੱਸਾ ਭਰਪੂਰ ਖ਼ੁਸ਼ੀ ਵਾਲਾ ਸੀ , ਜਿਸ ਵਿੱਚੋਂ ਉਸ ਦੇ ਘਰ ਤੇਰ੍ਹਾਂ ਬੱਚੇ ਪੈਦਾ ਹੋਏ । ਇਸ ਦੌਰਾਨ ਉਸ ਨੇ ਆਪਣੀ ਜਗੀਰ ਨੂੰ ਵਧੇਰੇ ਸਫਲਤਾ ਨਾਲ ਸੰਭਾਲਿਆ ਅਤੇ ਆਪਣੀ ਲਿਖਣ ਕਲਾ ਨੂੰ ਜਾਰੀ ਕਰਦਿਆਂ ਵਾਰ ਐਂਡ ਪੀਸ ( ਜੰਗ ਤੇ ਅਮਨ ) ਅਤੇ ਐਨਾ ਕੈਰੇਨੀਨਾ ਦੋ ਸ਼ਾਹਕਾਰ ਕਿਰਤਾਂ ਨੂੰ ਰਚਿਆ ।

        ਵਾਰ ਐਂਡ ਪੀਸ ਨਿਪੋਲੀਅਨ ਜੰਗਾਂ ( 1805- 1815 ) ਦੌਰਾਨ ਪਿਆਰ , ਜੰਗ ਅਤੇ ਪਰਿਵਾਰਿਕ-ਜੀਵਨ ਦੀ ਇੱਕ ਮਹਾਂਕਾਵਿਕ ਕਥਾ ਹੈ , ਜਿਹੜੀ ਕਿਸਮਤ , ਦ੍ਰਿੜ੍ਹ ਇਰਾਦੇ ਅਤੇ ਅਜ਼ਾਦ ਇੱਛਾ ਨੂੰ ਵੱਡੇ ਪੱਧਰ `ਤੇ ਨਜਿੱਠਦੀ ਹੈ । ਇਹ ਰਚਨਾ ਦੋ ਅਮੀਰ ਘਰਾਣਿਆਂ ਬੋਲਕੋਂਸਕਾਯਾ ਅਤੇ ਰੋਸਟੋਵਜ਼ ਦੀ ਕਥਾ ਹੈ । ਇਸ ਵਿੱਚ ਚਾਰ ਪ੍ਰਮੁਖ ਪਾਤਰ ਇੱਕੋ ਜਿਹੀ ਇਤਿਹਾਸਿਕ ਉੱਥਲ-ਪੁੱਥਲ ਵਿੱਚ ਫਸੇ ਹੋਏ ਵੱਖੋ-ਵੱਖਰੀ ਪ੍ਰਤਿਕਿਰਿਆ ਕਰ ਰਹੇ ਦਿਖਾਏ ਹਨ । ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਜ਼ਿੰਦਗੀ ਦੇ ਅਰਥਾਂ ਨੂੰ ਤਲਾਸ਼ਣ ਤੇ ਜਾਣਨ ਵਾਸਤੇ ਉਤਸੁਕ ਹੈ । ਨਾਇਕ ਪੀਅਰੇ ਤੇ ਨਾਇਕਾ ਨਤਾਸ਼ਾ ਰੋਸਟੋਵ ਜ਼ਿੰਦਗੀ ਦੀ ਸੰਪੂਰਨਤਾ ਨੂੰ ਪਰਿਵਾਰ ਵਿੱਚੋਂ ਤਲਾਸ਼ਦੇ ਹਨ । ਨਤਾਸ਼ਾ ਦਾ ਭਰਾ ਨਿਕੋਲਾਈ ਵੀ ਇਸੇ ਰਾਹ `ਤੇ ਚੱਲਦਾ ਹੋਇਆ ਆਪਣੇ ਜ਼ਿੰਮੀਂਦਾਰੀ ਧੰਦੇ ਨੂੰ ਚਲਾਉਣ ਲੱਗ ਪੈਂਦਾ ਹੈ । ਇਹਨਾਂ ਵਿੱਚੋਂ ਆਂਦਰੇ ਬੋਲਕੋਂਸਕੀ ( ਸ਼ੱਕੀ ਵਿਚਾਰਵਾਨ ) ਸਭ ਕੁਝ ਨੂੰ ਖ਼ਾਰਜ ਕਰ ਕੇ ਇਸ ਨੂੰ ਆਪਣੇ ਮੌਤ ਦੇ ਬਿਸਤਰ ਵਿੱਚੋਂ ਤਲਾਸ਼ਦਾ ਹੈ । ਤਾਲਸਤਾਏ ਨੇ ਇਸ ਰਚਨਾ ਵਿੱਚ ਇਹਨਾਂ ਪਾਤਰਾਂ ਦੀ ਅੰਦਰਲੀ ਤੇ ਬਾਹਰਲੀ ਜ਼ਿੰਦਗੀ ਨੂੰ ਪ੍ਰਗਟ ਕਰਨ ਦੇ ਨਾਲ-ਨਾਲ 500 ਤੋਂ ਵੱਧ ਹੋਰ ਪਾਤਰਾਂ ਦੀ ਗਾਲਪਨਿਕ ਤਸਵੀਰ ਨੂੰ ਬਹੁਤ ਸੂਖਮ ਵਿਅਕਤੀਗਤ ਵੇਰਵਿਆਂ ਅਤੇ ਉਹਨਾਂ ਦੇ ਮਨੋ- ਵਿਗਿਆਨਿਕ ਵਿਸ਼ਲੇਸ਼ਣ ਰਾਹੀਂ ਪ੍ਰਸਤੁਤ ਕੀਤਾ ਹੈ । ਇਹ ਨਾਵਲ ਇਸ ਵਾਧੂ ਉਲੇਖ ਨੂੰ ਸ਼ਾਮਲ ਕਰ ਕੇ ਇਸ ਸਵਾਲ ਨੂੰ ਨਜਿੱਠਦਾ ਹੈ ਕਿ ਇਤਿਹਾਸ ਕਿਵੇਂ ਚੱਲਦਾ ਹੈ । ਤਾਲਸਤਾਏ ਉਸ ਵਿਚਾਰ ਨੂੰ ਰੱਦ ਕਰਦਾ ਹੈ ਕਿ ਇਤਿਹਾਸ ਨਿਪੋਲੀਅਨ ਵਰਗੇ ਵਿਅਕਤੀ ਬਣਾਉਂਦੇ ਹਨ । ਉਹ ਇਹ ਦਲੀਲ ਦਿੰਦਾ ਹੈ ਕਿ ਇਤਿਹਾਸਿਕ ਘਟਨਾਵਾਂ ਨੂੰ ਬਹੁ-ਗਿਣਤੀ ਸਧਾਰਨ ਲੋਕਾਂ ਦੇ ਨਿਤਾਪ੍ਰਤੀ ਜੀਵਨ ਦੇ ਕਾਰਜ ਵਿੱਚ ਸਮਝਿਆ ਜਾ ਸਕਦਾ ਹੈ ।

        ਤਾਲਸਤਾਏ ਦਾ ਜੀਵਨ-ਦਰਸ਼ਨ ਜੰਗ ਤੇ ਅਮਨ ਅਤੇ ਐਨਾ ਕੈਰੇਨੀਨਾ ਦੇ ਰਚਨਾਕਾਲ ਦੌਰਾਨ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਸੀ । ਜੰਗ ਤੇ ਅਮਨ ਜੀਵਨ ਪਿਆਰਤਾ ਵਾਲਾ ਇੱਕ ਆਸ਼ਾਵਾਦੀ ਨਾਵਲ ਹੈ । ਇਹ ਆਪਣੇ ਮੁੱਖ ਕਿਰਦਾਰਾਂ ਨੂੰ ਨੈਤਿਕ ਤੌਰ `ਤੇ ਦ੍ਰਿੜ੍ਹ-ਇਰਾਦੇ ਅਤੇ ਆਪਣੇ ਅੰਤਰ-ਦ੍ਵੰਦ ਦੇ ਆਪ ਮਾਲਕ ਬਣਾਉਂਦਾ ਹੈ । ਐਨਾ ਕੈਰੇਨੀਨਾ ਇੱਕ ਨਿਰਾਸ਼ਾਮਈ ਅਤੇ ਪਾਤਰਾਂ ਦੇ ਅਜਿਹੇ ਅੰਤਰ-ਦ੍ਵੰਦ ਦਾ ਨਾਵਲ ਹੈ , ਜਿਹੜਾ ਅਕਸਰ ਅਣਸੁਲਝਿਆ ਰਹਿੰਦਾ ਹੈ ਅਤੇ ਕਈ ਵਾਰ ਮਨੁੱਖੀ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ । ਭਾਵੇਂ ਇਸ ਨਾਵਲ ਵਿੱਚ ਜੰਗ ਜਾਂ ਅਮਨ ਵਾਲੀ ਪਰਿਪੱਕਤਾ ਤਾਂ ਨਹੀਂ , ਪਰ ਫਿਰ ਵੀ ਇਸ ਵਿੱਚ 1860ਵਿਆਂ ਦੀ ਰੂਸੀ ਜ਼ਿੰਦਗੀ ਦਾ ਭਰਪੂਰ ਚਿੱਤਰ ਅੰਕਿਤ ਹੋਇਆ ਹੈ । ਇਸ ਰਚਨਾ ਵਿੱਚ ਤਾਲਸਤਾਏ ਨੇ ਤਿੰਨ ਵਿਆਹਾਂ ਦੀ ਪੜਚੋਲ ਕੀਤੀ ਹੈ । ਪਹਿਲਾ-ਨਾਇਕਾ ਐਨਾ ਦਾ ਇੱਕ ਰੁੱਖ਼ੇ ਅਫ਼ਸਰ ਸ਼ਾਹ ਕੈਰੇਨਿਨ ਨਾਲ ਹੈ , ਜਿਸ ਦੇ ਵੋਰੇਨਸਕੀ ਨਾਂ ਦੇ ਜਵਾਨ ਫ਼ੌਜੀ ਅਫ਼ਸਰ ਨਾਲ ਭਾਵੁਕ ਸੰਬੰਧ ਹਨ । ਸਾਪੇਖਕ ਤੌਰ `ਤੇ ਇੱਕ ਪ੍ਰਸੰਨ ਤੇ ਸਥਿਰ ਵਿਆਹ ਕੋਨਸਤਾਨਤਿਨ ਲੈਵਿਨ ਅਤੇ ਕਿੱਟੀ ਸੈਚਰਬੈਟਸਕੀ ਦਾ ਹੈ ਅਤੇ ਤੀਜਾ ਅਸਥਿਰ ਪਰ ਟਿਕਾਊ ਵਿਆਹ ਐਨਾ ਦੇ ਭਰਾ ਸਟੀਵਾ ਅਤੇ ਕਿੱਟੀ ਦੀ ਭੈਣ ਡੌਲੀ ਦਾ ਹੈ । ਢੌਂਗੀ ਸਮਾਜ ਵੋਰੇਨਸਕੀ ਨਾਲ ਐਨਾ ਦੇ ਸੁਹਿਰਦ ਅਤੇ ਸੁਤੰਤਰ ਪਿਆਰ ਪ੍ਰਗਟਾਵੇ ਨੂੰ ਬਰਦਾਸ਼ਤ ਨਹੀਂ ਕਰਦਾ । ਵਰਜਿਤ ਸੰਬੰਧਾਂ ਤੋਂ ਪੈਦਾ ਹੋਏ ਅਪਰਾਧ-ਬੋਧ ਅਤੇ ਜ਼ਬਰਦਸਤੀ ਉਸ ਦੇ ਪੁੱਤਰ ਤੋਂ ਵਿਛੋੜੇ ਜਾਣ ਕਰ ਕੇ ਉਹ ਆਪਣੀ ਜ਼ਿੰਦਗੀ ਦਾ ਖ਼ਾਤਮਾ ਕਰ ਲੈਂਦੀ ਹੈ । ਇਸ ਤਰ੍ਹਾਂ ਇਸ ਨਾਵਲ ਦਾ ਅੰਤ ਨਿਰਾਸ਼ਾ ਵਿੱਚ ਹੁੰਦਾ ਹੈ । ਭਾਵੇਂ ਲੈਵਿਨ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਆਪਣੀ ਪ੍ਰੇਮਿਕਾ ਨਾਲ ਕਰਦਾ ਹੈ ਪਰ ਉਹ ਵੀ ਆਪਣੀ ਜ਼ਿੰਦਗੀ ਦੇ ਅਰਥਾਂ ਨੂੰ ਲੈ ਕੇ ਸ਼ੰਕਾਗ੍ਰਸਤ ਹੈ ।

        ਭਾਵੇਂ ਤਾਲਸਤਾਏ ਨੇ ਪ੍ਰਸੰਨ ਵਿਆਹੁਤਾ ਜ਼ਿੰਦਗੀ ਗੁਜ਼ਾਰੀ ਅਤੇ ਨਾਵਲਕਾਰ ਦੇ ਤੌਰ `ਤੇ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਅਮੀਰੀ ਦਾ ਅਨੰਦ ਮਾਣਿਆ ਪਰ ਜਦੋਂ ਉਸ ਨੇ ਐਨਾ ਕੈਰੇਨੀਨਾ ਨੂੰ ਸਮਾਪਤ ਕੀਤਾ ਤਾਂ ਉਹ ਆਪਣੇ ਆਪ ਤੋਂ ਅਸੰਤੁਸ਼ਟ ਹੋ ਗਿਆ । ਉਹ ਜੀਵਨ ਦੇ ਅਰਥਾਂ ਦੀ ਤਲਾਸ਼ ਕਰਦਾ-ਕਰਦਾ ਨਿਰਾਸ਼ ਹੋ ਗਿਆ । ਉਸ ਦੀ ਰਚਨਾ ਇਸਪੋਵਡ ( 1882 ) ( ਏ ਕੰਨਫੈਸ਼ਨ ) ਉਸ ਅਧਿਆਤਮਿਕ ਜੱਦੋ-ਜਹਿਦ ਅਤੇ ਜੀਵਨ ਦੇ ਵਿਹਾਰ ਵਿੱਚੋਂ ਜਾਣੇ ਉਸ ਹੱਲ ਦਾ ਵਰਣਨ ਕਰਦੀ ਹੈ , ਜਿਸ ਵਿੱਚ ਈਸਾਈਅਤ ਦਾ ਸਾਰ-ਤੱਤ ਵੀ ਛੁਪਿਆ ਹੋਇਆ ਹੈ ਕਿ ਵਿਸ਼ਵ-ਵਿਆਪੀ ਪਿਆਰ ਅਤੇ ਸਹਿਣਸ਼ੀਲਤਾ ਜ਼ੁਲਮ ਦੇ ਵਿਰੁੱਧ ਵਿਦਰੋਹ ਹੈ । ਆਪਣੀਆਂ ਧਾਰਮਿਕ ਰਚਨਾਵਾਂ ਵਿੱਚ ਉਸ ਨੇ ਲੋਕਾਂ ਨੂੰ ਆਪਣੀ ਜ਼ਮੀਰ ਦੀ ਅਵਾਜ਼ ਪਛਾਣਨ , ਵਿਸ਼ਵ-ਵਿਆਪੀ ਪਿਆਰ ਨੂੰ ਧਾਰਨ ਕਰਨ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੀ ਮਿਹਨਤ ਦੀ ਕਮਾਈ `ਤੇ ਜੀਣ ਦਾ ਸੰਦੇਸ਼ ਦਿੱਤਾ । ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਆਪਣੇ ਨਾਗਰਿਕਾਂ ਤੇ ਰਾਜ ਸੱਤਾ ਦੇ ਬੰਧਨਾ ਅਤੇ ਜੰਗ ਸਮੇਤ ਹਿੰਸਾ ਦੇ ਸਾਰੇ ਰੂਪ ਇੱਕੋ ਜਿਹੇ ਗ਼ਲਤ ਹਨ । ਨੈਤਿਕ ਦਰਸ਼ਨ ਨਾਲ ਸੰਬੰਧਿਤ ਉਸ ਦੀਆਂ ਰਚਨਾਵਾਂ ਵਿੱਚ ਉਸ ਨੇ ਸ਼ਹਿਰੀ ਗੁਰਬਤ , ਸੁਹਜ-ਕਲਾ , ਸ਼ਾਕਾਹਾਰੀ ਜੀਵਨ , ਸਰਮਾਏ ਦੇ ਸੰਤਾਪ ਅਤੇ ਸ਼ਰਾਬ ਦੀ ਬੁਰਾਈ ਬਾਰੇ ਵੀ ਲਿਖਿਆ । ਉਸ ਦੀਆਂ ਬਹੁਤੀਆਂ ਰਚਨਾਵਾਂ ਦੇ ਵਿਚਾਰ ਹਾਕਮ-ਜਮਾਤ ਦੇ ਧਰਮ ਦੀ ਕੱਟੜਤਾ ਨਾਲ ਟਕਰਾਉਂਦੇ ਸਨ , ਜਿਸ ਕਰ ਕੇ ਇਹਨਾਂ ਰਚਨਾਵਾਂ ਉੱਤੇ ਰੂਸ ਵਿੱਚ ਪਾਬੰਦੀ ਲਗਾ ਦਿੱਤੀ ਗਈ , ਪਰੰਤੂ ਇਹ ਰਚਨਾਵਾਂ ਕਈ ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਕੇ ਸੰਸਾਰ ਭਰ ਵਿੱਚ ਪੜ੍ਹੀਆਂ ਜਾਣ ਲੱਗੀਆਂ । ਤਾਲਸਤਾਈ ਭਾਈਚਾਰਾ ਯੂਰਪ ਅਤੇ ਸੰਯੁਕਤ ਰਾਜਾਂ ਵਿੱਚ ਪਲਰਿਆ ਅਤੇ ਯਾਸਨਾਯਾ ਪੋਲੀਆਨਾ ਸਮੁੱਚੇ ਸੰਸਾਰ ਲਈ ਤੀਰਥ ਸਥਾਨ ਬਣ ਗਿਆ ।

        ਅਖੀਰ ਵਿੱਚ ਤਾਲਸਤਾਏ ਫਿਰ ਗਲਪ ਰਚਨਾ ਵੱਲ ਪਰਤਿਆ । ਉਸ ਨੇ ਆਪਣੇ ਧਾਰਮਿਕ ਵਿਚਾਰਾਂ ਨੂੰ ਪ੍ਰਤਿਬਿੰਬਤ ਕਰਦੇ ਦੋ ਲਘੂ ਨਾਵਲ ਸਮਰਟ ਈਵਾਨਾ ਇਲੀਚਾ ( ਇਵਾਨ ਦੀ ਮੌਤ ) ਅਤੇ ਮਾਸਟਰ ਐਂਡ ਮੈਨ ( 1895 ) ਲਿਖੇ । ਨਾਵਲਿਟ ਕਰੀਤਜ਼ਰ ਸੋਨਾਤਾ ( 1889 ) ਵਿੱਚ ਦੁਨਿਆਵੀ ਪਵਿੱਤਰਤਾ ਦੀ ਪੁਰਜ਼ੋਰ ਵਕਾਲਤ ਅਤੇ ਕਾਮੁਕਤਾ ਦੇ ਮਾਰੂ ਪ੍ਰਭਾਵਾਂ ਦੀ ਚਰਚਾ ਕਰ ਕੇ ਉਸ ਨੇ ਰੂਸ ਵਿੱਚ ਤਹਿਲਕਾ ਮਚਾ ਦਿੱਤਾ । 1899 ਵਿੱਚ ਪ੍ਰਕਾਸ਼ਿਤ ਉਸ ਦਾ ਨਾਵਲ ਵੋਸਕਰੈਸਨੀਯ ( ਮੋਇਆਂ ਦੀ ਜਾਗ ) , ਆਪਣੀ ਜ਼ਮੀਰ ਦੇ ਪਿੱਛੇ ਲੱਗ ਕੇ ਆਪਣੇ ਸਮਾਜਿਕ ਰੁਤਬੇ ਅਤੇ ਜ਼ਾਇਦਾਦ ਨੂੰ ਛੱਡ ਦੇਣ ਵਾਲੇ ਇੱਕ ਨਾਇਕ ਦਾ ਵਰਣਨ ਕਰਦਾ ਹੈ । ਉਸ ਦੀ ਅਖੀਰੀ ਗਲਪ ਰਚਨਾ ਹਾਜੀ ਮੁਰਾਦ ( 1911 ) ਕੌਕਾਸਿਸ ਦੇ ਜੀਵਨ ਨਾਲ ਸੰਬੰਧਿਤ ਹੈ ।

        ਤਾਲਸਤਾਏ ਨੇ ਖ਼ੁਦ ਵੀ ਨਵੇਂ ਵਿਸ਼ਵਾਸਾਂ ਨੂੰ ਧਾਰਨ ਕਰਨ ਦਾ ਯਤਨ ਕੀਤਾ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗ ਦਿੱਤਾ । ਉਸ ਦੀ ਵਿਆਹੁਤਾ ਜ਼ਿੰਦਗੀ ਇੱਕ ਤਿੱਖੇ ਤਣਾਉ ਦਾ ਸੰਤਾਪ ਝੱਲਦੀ ਹੈ । ਨਵੰਬਰ 1910 ਵਿੱਚ ਪਤੀ-ਪਤਨੀ ਦੇ ਆਪਸੀ ਸੰਬੰਧ ਏਨੇ ਤਣਾਉਗ੍ਰਸਤ ਹੋ ਗਏ ਕਿ ਬਿਹਤਰੀ ਲਈ ਉਸ ਨੇ ਘਰ ਨੂੰ ਛੱਡ ਦੇਣ ਦਾ ਫ਼ੈਸਲਾ ਕਰ ਲਿਆ । ਸਫ਼ਰ ਦੌਰਾਨ ਨਮੂਨੀਆ ਹੋਣ ਕਾਰਨ ਐਸਟਾਪੋਵੋ ਦੇ ਛੋਟੇ ਜਿਹੇ ਰੇਲਵੇ ਸਟੇਸ਼ਨ `ਤੇ ਉਸ ਦੀ ਮੌਤ ਹੋ ਗਈ ।

        ਤਾਲਸਤਾਏ ਨੇ ਆਪਣੇ ਜੀਵਨ ਦੌਰਾਨ ਰੂਸ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ । ਪੱਛਮੀ ਆਲੋਚਕਾਂ ਨੇ ਮਨੋਵਿਗਿਆਨਿਕ ਯਥਾਰਥਵਾਦ ਅਤੇ ਉਸ ਦੀ ਦ੍ਰਿਸ਼ਟੀ ਦੀ ਵਿਸ਼ਾਲਤਾ ਕਰ ਕੇ ਉਸ ਦੀਆਂ ਰਚਨਾਵਾਂ ਦੀ ਬਹੁਤ ਸ਼ਲਾਘਾ ਕੀਤੀ । ਸ਼ਾਇਦ ਸਾਹਿਤਿਕ ਯਥਾਰਥਵਾਦ ਤਾਲਸਤਾਏ ਦੇ ਨਾਵਲਾਂ ਵਿੱਚ ਆਪਣੇ ਸਿਖਰ `ਤੇ ਸੀ ਪਰ ਉਸ ਦੇ ਮਨੋਵਿਗਿਆਨਿਕ ਵਿਸ਼ਲੇਸ਼ਣ ਨੇ ਮਗਰਲੇ ਸਾਹਿਤਕਾਰਾਂ ਦੀਆਂ ਰਚਨਾਵਾਂ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਇਆ । ਉਸ ਦੀਆਂ ਨੈਤਿਕ ਤੇ ਸਮਾਜਿਕ ਸਿੱਖਿਆਵਾਂ ਨੇ ਵੀਹਵੀਂ ਸਦੀ ਵਿੱਚ ਵੀ ਆਪਣੀ ਅਹਿਮੀਅਤ ਬਣਾਈ ਰੱਖੀ । ਅਧਿਆਤਮਿਕ ਤੇ ਰਾਜਨੀਤਿਕ ਨੇਤਾ ਮੋਹਨ ਦਾਸ ਕਰਮਚੰਦ ਗਾਂਧੀ ਨੇ ਬਰਤਾਨਵੀ ਸ਼ਾਸਨ ਦੇ ਵਿਰੁੱਧ ਸ਼ਾਂਤਮਈ ਵਿਦਰੋਹ ਲਈ ਤਾਲਸਤਾਏ ਦੇ ਵਿਚਾਰਾਂ ਨੂੰ ਅਪਣਾਇਆ ਅਤੇ ਅਮਲ ਵਿੱਚ ਲਿਆਂਦਾ ।


ਲੇਖਕ : ਮਨਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.