ਨਾਜਾਇਜ਼ ਬੱਚਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Illegitimate child_ਨਾਜਾਇਜ਼ ਬੱਚਾ: ਵਿਆਹ ਦੀ ਸੰਸਥਾ ਦਾ ਇਕ ਉਦੇਸ਼, ਬੱਚੇ ਨੂੰ ਜਾਇਜ਼ਤਾ ਪ੍ਰਦਾਨ ਕਰਨਾ ਹੈ। ਜਿਹੜੇ ਬੱਚੇ ਵਿਆਹਤ ਸਬੰਧਾਂ ਤੋਂ ਪੈਦਾ ਹੁੰਦੇ ਹਨ ਉਨ੍ਹਾਂ ਨੂੰ ਜਾਇਜ਼ ਸੰਤਾਨ ਮੰਨਿਆਂ ਜਾਂਦਾ ਹੈ। ਇਸ ਤੋਂ ਇਲਾਵਾ ਉਹ ਬੱਚੇ ਵੀ ਜਾਇਜ਼ ਸਮਝੇ ਜਾਂਦੇ ਹਨ ਜਿਨ੍ਹਾਂ ਦੇ ਨਿੰਮਣ ਤੋਂ ਬਾਦ ਔਰਤ ਮਰਦ ਆਪੋ ਵਿਚ ਵਿਆਹ ਕਰਵਾ ਲੈਂਦੇ ਹਨ ਅਤੇ ਇਕ ਦੂਜੇ ਤੇ ਬੱਚੇ ਦੀ ਜਾਇਜ਼ਤਾ ਬਾਰੇ ਸ਼ਕ ਨਹੀਂ ਕਰਦੇ। ਭਾਰਤੀ ਸ਼ਹਾਦਤ ਐਕਟ ਦੀ ਧਾਰਾ 112 ਅਨੁਸਾਰ ਵਿਆਹਤ ਅਵਸਥਾ ਦੇ ਦੌਰਾਨ ਪੈਦਾ ਹੋਇਆ ਬੱਚਾ , ਜੇ ਬੱਚੇ ਦੇ ਨਿੰਮਣ ਸਮੇਂ ਉਸ ਦੇ ਮਾਤਾ ਪਿਤਾ ਦੀ ਇਕ ਦੂਜੇ ਤਕ ਰਸਾਈ ਸੀ , ਤਾਂ ਜਾਇਜ਼ ਸਮਝਿਆ ਜਾਂਦਾ ਹੈ।

       ਵਿਆਹੋਂ ਬਾਹਰਲੇ ਸਬੰਧਾਂ ਤੋਂ ਪੈਦਾ ਹੋਏ ਬੱਚੇ ਨੂੰ ਨਾਜਾਇਜ਼ ਕਿਹਾ ਜਾਂਦਾ ਹੈ। ਸੁੰਨ ਵਿਆਹਾਂ ਦੇ ਬੱਚਿਆਂ ਨੂੰ ਹੁਣ ਜਾਇਜ਼ ਬੱਚੇ ਸਮਝਿਆ ਜਾਂਦਾ ਹੈ। ਨਾਜਾਇਜ਼ ਬੱਚੇ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਮਾਂ ਤੇ ਹੁੰਦੀ ਹੈ।

       ਚੰਦਰ ਕੁਮਾਰ ਬਨਾਮ ਸ਼ੈਲੇਂਦਰ ਕੁਮਾਰ ਹੋਰ (1985(2) ਐਚ ਐਲ ਆਰ 561 (ਬੰਬਈ)) ਵਿਚ ਉਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਜੇ ਕਿਸੇ ਕੇਸ ਵਿਚ ਪਿਤਾ ਦਾ ਪਿਤਰਤਾ ਦਾ ਫ਼ੈਸਲਾ ਕਰਨ ਲਈ ਖ਼ੂਨ ਟੈਸਟ ਨਹੀਂ ਕਰਵਾਇਆ ਜਾਂਦਾ ਤਾਂ ਉਸ ਨਾਲ ਅਦਾਲਤ ਦਾ ਨਿਰਨਾਂ ਗ਼ਲਤ ਨਹੀਂ ਸਾਬਤ ਹੋ ਜਾਂਦਾ। ਇਹ ਕੇਸ ਅਦਾਲਤ ਅੱਗੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 482 ਜੋ ਅਦਾਲਤ ਦੀਆਂ ਅੰਤਰਨਿਹਿਤ ਸ਼ਕਤੀਆਂ ਦੇ ਮੁਤੱਲਕ ਹੈ, ਅਧੀਨ ਲਿਆਂਦਾ ਗਿਆ ਸੀ ਅਤੇ ਹੇਠਲੀ ਅਦਾਲਤ ਕਰਾਰ ਦੇ ਚੁੱਕੀ ਸੀ ਕਿ ਬੱਚਾ ਅਰਜ਼ੀਦਾਰ ਦਾ ਸੀ। ਜਨਮ ਰਜਿਸਟਰ ਵਿਚ ਬੱਚੇ ਦੇ ਪਿਤਾ ਦਾ ਨਾਮ ਉਹ ਹੀ ਦਿੱਤਾ ਹੋਇਆ ਸੀ ਜੋ ਅਰਜ਼ੀਦਾਰ ਦਾ ਸੀ। ਇਸ ਕੇਸ ਵਿਚ ਉੱਚ ਅਦਾਲਤ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

       ਮੁਹੰਮਦ ਬਨਾਮ ਕਟੀਜਾ ਅਤੇ ਹੋਰ 1984 ਐਚ ਐਲ ਆਰ 618 (ਕੇਰਲ) ਵਿਚ ਮੀਆਂ ਬੀਵੀ ਦਾ ਵਿਆਹ ਹੋਏ ਨੂੰ ਸਤ ਸਾਲ ਹੋ ਗਏ ਸਨ ਅਤੇ ਬੱਚੇ ਦੀ ਉਮਰ ਛੇ ਸਾਲ ਸੀ। ਜਾਇਜ਼ ਵਿਆਹ ਦਾ ਤੱਥ ਸਾਬਤ ਕੀਤਾ ਜਾ ਚੁੱਕਾ ਸੀ। ਪਤਨੀ ਦਾ ਕਹਿਣਾ ਸੀ ਕਿ ਬੱਚਾ ਵਿਆਹ ਤੋਂ ਇਕ ਸਾਲ ਬਾਦ ਪੈਦਾ ਹੋਇਆ ਸੀ। ਪਰ ਅਨਪੜ੍ਹ ਹੋਣ ਕਾਰਨ ਉਸ ਨੂੰ ਆਪਣੇ ਵਿਆਹ ਅਤੇ ਬੱਚੇ ਦੇ ਜਨਮ ਦੀਆਂ ਤਰੀਕਾਂ ਯਾਦ ਨਹੀਂ ਸਨ। ਕੇਸ ਦਾ ਵਿਚਾਰਣ ਕਰਨ ਵਾਲੇ ਜੱਜ ਨੇ ਬੱਚੇ ਨੂੰ ਗੁਜ਼ਾਰਾ ਦਿਵਾਉਣ ਤੋਂ ਇਨਕਾਰ ਕਰ ਦਿੱਤਾ। ਪਰ ਸੈਸ਼ਨ ਜੱਜ ਨੇ ਗੁਜ਼ਾਰਾ ਦਿਵਾ ਦਿੱਤਾ। ਉੱਚ ਅਦਾਲਤ ਨੇ ਨਜ਼ਰਸਾਨੀ ਵਿਚ ਸੈਸ਼ਨ ਅਦਾਲਤ ਦਾ ਫ਼ੈਸਲਾ ਬਹਾਲ ਰਖਿਆ। ਸ੍ਰੀਮਤੀ ਦੁਖ਼ਤਰ ਜਹਾਨ ਬਨਾਮ ਮੁਹੰਮਦ ਫ਼ਾਰੂਕ (ਏ ਆਈ ਆਰ 1987 ਐਸ ਸੀ 1049) ਵਿਚ ਵਿਆਹ ਤੋਂ 7 ਮਹੀਨੇ ਪਿਛੋਂ ਬੱਚਾ ਪੈਦਾ ਹੋਇਆ ਸੀ। ਅਦਾਲਤ ਦਾ ਕਹਿਣਾ ਸੀ ਕਿ ਗਰਭ ਤੋਂ ਅਠਾਈ ਹਫ਼ਤਿਆਂ ਦੇ ਬਾਦ ਬੱਚੇ ਦਾ ਪੈਦਾ ਹੋਣਾ ਜੀਵ-ਵਿਗਿਆਨਕ ਤੌਰ ਤੇ ਅਸੰਭਵ ਘਟਨਾ ਨਹੀਂ ਕਹੀ ਜਾ ਸਕਦੀ। ਇਸ ਤੋਂ ਇਹ ਸਿੱਟਾ ਨਹੀਂ ਕਢਿਆ ਜਾ ਸਕਦਾ ਕਿ ਬੱਚਾ ਵਿਆਹਕ ਸੰਭੋਗ ਤੋਂ ਪਹਿਲਾਂ ਦਾ ਨਿੰਮਿਆਂ ਹੋਇਆ ਸੀ।

       ਉਪਰੋਕਤ ਕੇਸ ਵਿੱਚ ਬੱਚੇ ਦਾ ਜਨਮ ਮੁਹੰਮਦ ਫ਼ਾਰੂਕ ਦੇ ਪਿੰਡ ਅਤੇ ਉਸ ਦੇ ਘਰ ਦਾ ਸੀ। ਜਨਮ ਰਜਿਸਟਰ ਵਿਚ ਪਿਤਾ ਦਾ ਨਾਂ ਮੁਹੰਮਦ ਫ਼ਾਰੂਕ ਵਿਖਾਇਆ ਹੋਇਆ ਸੀ ਅਤੇ ਉਸ ਨੇ ਇਸ ਆਧਾਰ ਤੇ ਪਤਨੀ ਨੂੰ ਤਲਾਕ ਦੇਣ ਵਿਚ ਯਾਰ੍ਹਾਂ ਮਹੀਨੇ ਦਾ ਹੋਰ ਸਮਾਂ ਲਿਆ ਜਿਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਤਲਾਕ ਦਾ ਕਾਰਨ ਕੁਝ ਹੋਰ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.