ਪਾਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਪ ( ਨਾਂ , ਪੁ ) ਧਰਮ ਦੇ ਵਿਰੁੱਧ ਕੀਤਾ ਗਿਆ ਕਰਮ; ਗ਼ੁਨਾਹ; ਕੁਕਰਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਪ [ ਨਾਂਪੁ ] ਅਨੈਤਿਕ ਕਾਰਜ , ਗ਼ੈਰਸਦਾਚਾਰੀ ਕੰਮ , ਗੁਨਾਹ , ਜੁਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਪ : ਗੁਰਮਤਿ ਵਿਚ ਪੁੰਨ ਦੇ ਵਿਪਰੀਤ ਕਰਮ ਨੂੰ ‘ ਪਾਪ’ ਕਿਹਾ ਗਿਆ ਹੈ । ਸਥੂਲ ਰੂਪ ਵਿਚ ‘ ਪਾਪ’ ਅਜਿਹੇ ਕਰਮ ਦਾ ਲਖਾਇਕ ਹੈ ਜਿਸ ਤੋਂ ਮਨੁੱਖ ਨੂੰ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ । ਸਮਾਜ ਦੇ ਸਥਾਪਿਤ ਆਚਾਰ , ਅਖ਼ਲਾਕ ਜਾਂ ਨੈਤਿਕਤਾ , ਈਸ਼ਵਰੀ ਨਿਯਮਾਂ , ਇਸ਼ਟ ਜਾਂ ਧਰਮ ਪ੍ਰਤਿ ਪ੍ਰਵਾਨਿਤ ਕਰਤੱਵਾਂ ਆਦਿ ਦੀ ਉਲੰਘਣਾ ਆਮ ਤੌਰ ’ ਤੇ ‘ ਪਾਪ’ ਸਮਝੀ ਜਾਂਦੀ ਹੈ । ਪਾਪ ਦੀ ਕਲਪਨਾ ਜਾਂ ਮਾਨਤਾ ਦੀ ਸਥਾਪਨਾ ਸਾਰਿਆਂ ਧਰਮਾਂ , ਦੇਸ਼ਾਂ ਜਾਂ ਜਾਤੀਆਂ ਵਿਚ ਹੋਈ ਹੈ ।

ਮਨੁੱਖ ਦੇ ਮਨ ਵਿਚ ਪਾਪ ਦੀ ਕਲਪਨਾ ਕਦੋਂ ਸ਼ੁਰੂ ਹੋਈ , ਇਸ ਬਾਰੇ ਪ੍ਰਮਾਣਿਕ ਤੌਰ’ ਤੇ ਕੁਝ ਕਹਿ ਸਕਣਾ ਸਰਲ ਨਹੀਂ । ਇਸ ਦਾ ਸੰਬੰਧ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ । ਕੋਈ ਕਰਮ ਕਿਸੇ ਦੇਸ਼ ਜਾਂ ਜਾਤਿ ਲਈ ਪੁੰਨ ਹੈ ਤਾਂ ਕਿਸੇ ਹੋਰ ਵਿਚ ਪਾਪ ਵੀ ਸਮਝਿਆ ਜਾ ਸਕਦਾ ਹੈ । ਮੁੱਖ ਤੋਰ’ ਤੇ ਪਾਪ ਦਾ ਸੰਬੰਧ ਧਰਮ-ਸ਼ਾਸਤ੍ਰ ਨਾਲ ਹੈ । ਬੌਧ -ਮਤ ਵਿਚ ਨਿਖਿਧ ਕਰਮ ਕਰਨਾ ਅਤੇ ਕਰਨ-ਯੋਗ ਕਰਮ ਨ ਕਰਨਾ ‘ ਪਾਪ’ ਹੈ । ਵੇਦਾਂਤ ਅਨੁਸਾਰ ਧਰਮ ਤੋਂ ਉਲਟ ਸ਼ਾਸਤ੍ਰਾਂ ਵਿਚ ਵਰਜਿਤ ਕਰਮਾਂ ਨੂੰ ਕਰਨ ਨਾਲ ਪੈਦਾ ਹੋਣ ਵਾਲੇ ਅਧਰਮ , ਆਤਮਾ ਦੇ ਨਾਲ ਜੁੜੇ ਰਹਿ ਕੇ ਜਨਮਾਂਤਰਾਂ ਵਿਚ ਦੁਖਦਾਈ ਪਾਪ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ । ਸਾਂਖੑਯ -ਮਤ ਵਾਲੇ ਮਨੁੱਖ ਵਿਚ ਰਜੋ ਗੁਣ ਦੇ ਵਾਧੇ ਨੂੰ ਪਾਪ ਮੰਨਦੇ ਹਨ ।

ਪਾਪਾਂ ਦੀ ਗਿਣਤੀ ਸਮੇਂ ਸਮੇਂ ਵਧਦੀ ਰਹੀ ਹੈ । ਇਨ੍ਹਾਂ ਸਾਰਿਆਂ ਲਈ ਵਰਗ-ਵੰਡ ਵੀ ਕੀਤੀ ਗਈ ਹੈ । ਹਿੰਦੂ ਧਰਮ ਵਿਚ ਮੁੱਖ ਤੌਰ’ ਤੇ ਪੰਜ ਪਾਪ-ਵਰਗ ਮੰਨੇ ਗਏ ਹਨ— ਮਹਾ-ਪਾਪ , ਅਤਿ-ਪਾਪ , ਪਾਤਕ , ਪ੍ਰਸੰਗਿਕ ਅਤੇ ਉਪ-ਪਾਤਕ । ‘ ਮਹਾਭਾਰਤ ’ ਵਿਚ ਦਸੇ ਗਏ ਦਸ ਮਹਾ -ਪਾਪ ਇਸ ਪ੍ਰਕਾਰ ਹਨ— ਹਿੰਸਾ , ਚੋਰੀ , ਪਰ-ਤ੍ਰੀਆ- ਗਮਨ ਕਰਨਾ , ਝੂਠ ਬੋਲਣਾ , ਕੌੜਾ ਬੋਲ ਉਚਰਨਾ , ਚੁਗ਼ਲੀ ਕਰਨਾ , ਪ੍ਰਣ ਤੋੜਨਾ , ਬੁਰਾ ਸੋਚਣਾ , ਨਿਰਦਈ ਹੋਣਾ , ਪੁੰਨਦਾਨ ਤੋਂ ਫਲ ਦੀ ਇੱਛਾ ਕਰਨਾ । ‘ ਮਨੁ-ਸਮ੍ਰਿਤੀ’ ( ਅ.11 ) ਵਿਚ ਮਹਾ-ਪਾਪਾਂ ਦੀ ਗਿਣਤੀ ਪੰਜ ਹੈ— ਬ੍ਰਹਮ- ਹਤਿਆ , ਸੁਰਾਪਾਨ , ਚੋਰੀ , ਪਰ-ਇਸਤਰੀ-ਗਮਨ ਅਤੇ ਅਜਿਹੇ ਪਾਪ ਕਰਨ ਵਾਲਿਆਂ ਦੇ ਸੰਪਰਕ ਵਿਚ ਆਉਣਾ । ਸਿੱਖ ਧਰਮ ਵਿਚ ਰਹਿਤਨਾਮਿਆਂ ਵਿਚ ਪਾਪਾਂ ਦੀ ਕਾਫ਼ੀ ਗਿਣਤੀ ਦਿੱਤੀ ਹੋਈ ਹੈ । ਹਰ ਪ੍ਰਕਾਰ ਦੀ ਕੁਰਹਿਤ ਸਿੱਖਾਂ ਲਈ ‘ ਪਾਪ’ ਹੈ ।

ਇਸਲਾਮ ਵਾਲਿਆਂ ਨੇ ਮੁੱਖ ਤੌਰ’ ਤੇ ਦੋ ਪ੍ਰਕਾਰ ਦੇ ਪਾਪ ( ਗੁਨਾਹ ) ਮੰਨੇ ਹਨ— ਲਘੂ-ਪਾਪ ਅਤੇ ਮਹਾ-ਪਾਪ । ਮਹਾ-ਪਾਪਾਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ— ਰੱਬ ਦੇ ਬਰਾਬਰ ਕਿਸੇ ਹੋਰ ਨੂੰ ਮੰਨਣਾ , ਵਿਭਚਾਰ ਕਰਨਾ , ਜਾਣ ਬੁਝ ਕੇ ਕਤਲ ਕਰਨਾ , ਚੋਰੀ , ਗ਼ੈਰ-ਕੁਦਰਤੀ ਸੰਭੋਗ , ਸ਼ਰਾਬਨੋਸ਼ੀ , ਝੂਠੀ ਗਵਾਹੀ , ਯਤੀਮਾਂ ਨਾਲ ਧੋਖਾ , ਜਾਦੂ-ਟੂਣਾ , ਰੋਜ਼ਾ ਰਖਣ ਜਾਂ ਨਮਾਜ਼ ਗੁਜ਼ਾਰਨ ਵਿਚ ਅਵੇਸਲਾ ਹੋਣਾ ਆਦਿ । ਮਾਰੂ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਪਾਪਾਂ ਦੀ ਹਾਲਤ’ ਤੇ ਪ੍ਰਕਾਸ਼ ਪਾਇਆ ਹੈ— ਪਾਪ ਕਰੇਦੜ ਸਰਪਰ ਮੁਠੇ ਅਜਰਾਈਲ ਫੜੇ ਫੜਿ ਕੁਠੇ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ( ਗੁ.ਗ੍ਰੰ.1019-20 ) ।

ਈਸਾਈ-ਮਤ ਵਿਚ ਦੋ ਤਰ੍ਹਾਂ ਦੇ ਪਾਪਾਂ ਦੀ ਗੱਲ ਹੋਈ ਹੈ— ਆਦਿ-ਪਾਪ ਅਤੇ ਵਿਅਕਤੀਗਤ-ਪਾਪ । ਆਦਿ -ਪਾਪ ਦਾ ਸੰਬੰਧ ਆਦਮ ਅਤੇ ਹਵਾ ਨਾਲ ਜਾ ਜੁੜਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਧਰਤੀ ਉਤੇ ਸੁਟਿਆ ਗਿਆ ਸੀ । ਸਾਰੇ ਮਨੁੱਖ ਉਸੇ ਪਾਪ ਦੇ ਭਾਗੀ ਬਣ ਕੇ ਜਨਮ ਲੈਂਦੇ ਹਨ । ਇਸ ਤੋਂ ਛੁਟਕਾਰਾ ਈਸਾਈ-ਮਤ ਵਿਚ ਦੀਖਿਅਤ ਹੋਣ ਨਾਲ ਹੀ ਸੰਭਵ ਹੈ । ਵਿਅਕਤੀਗਤ-ਪਾਪ ਆਪਣੀ ਸੁਤੰਤਰ ਇੱਛਾ ਦੀ ਦੁਰਵਰਤੋਂ ਦੁਆਰਾ ਜਾਣ-ਬੁਝ ਕੇ ਈਸ਼ਵਰੀ ਇੱਛਾ ਦੇ ਵਿਰੁੱਧ ਆਚਰਣ ਕਰਨ ਨਾਲ ਹੁੰਦੇ ਹਨ ।

ਸਮੁੱਚੇ ਤੌਰ’ ਤੇ ਧਰਮ ਆਧਾਰਿਤ ਮਰਯਾਦਾ , ਨੈਤਿਕਤਾ ਅਤੇ ਈਸ਼ਵਰੀ ਨਿਯਮਾਂ ਦੇ ਵਿਰੁੱਧ ਕੀਤਾ ਹੋਇਆ ਕਰਮ ‘ ਪਾਪ’ ਹੈ । ਇਸ ਤਰ੍ਹਾਂ ਚੰਗਾ ਕਰਮ ਪੁੰਨ ਹੈ ਅਤੇ ਮਾੜਾ ਕਰਮ ਪਾਪ ਹੈ । ਕਰਮ ਦੇ ਇਨ੍ਹਾਂ ਦੋਹਾਂ ਰੂਪਾਂ ਦੇ ਆਧਾਰ’ ਤੇ ਸ੍ਰਿਸ਼ਟੀ ਦਾ ਚੱਕਰ ਜਾਂ ਆਵਾਗਵਣ ਦੀ ਪ੍ਰਕ੍ਰਿਆ ਚਲਦੀ ਹੈ । ਇਨ੍ਹਾਂ ਦੋਹਾਂ ਦੀਆਂ ਸੀਮਾਵਾਂ ਤੋਂ ਉੱਚਾ ਉਠਣ’ ਤੇ ਹੀ ਪਰਮਾਤਮਾ ਦਾ ਮੇਲ ਸੰਭਵ ਹੈ । ਗੁਰੂ ਅਮਰਦਾਸ ਅਨੁਸਾਰ— ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ( ਗੁ.ਗ੍ਰੰ.126 ) । ਪਾਪ-ਨਿਵਾਰਣ ਦਾ ਗੁਰੂ ਨਾਨਕ ਦੇਵ ਜੀ ਅਨੁਸਾਰ ਇਕੋ ਸਾਧਨ ਹੈ— ਭਰੀਐ ਮਤਿ ਪਾਪਾ ਕੈ ਸੰਗਿ ਓਹੁ ਧੋਪੈ ਨਾਵੈ ਕੈ ਰੰਗਿ ( ਗੁ.ਗ੍ਰੰ.4 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਪ ( ਸੰ. । ਸੰਸਕ੍ਰਿਤ ) ਗੁਨਾਹ , ਅਪ੍ਰਾਧ , ਦੋਖ , ਮਾੜਾ ਕੰਮ । ਯਥਾ-‘ ਪਰਹਰਿ ਪਾਪੁ ਪਛਾਣੈ ਆਪੁ’ । ਤਥਾ-‘ ਪਾਪ ਖੰਡਨ ਪ੍ਰਭ ਤੇਰੋ ਨਾਮੁ ’ ।

ਦੇਖੋ , ‘ ਪਾਪ ਗਰਹ ’ , ‘ ਪਾਪ ਰਤ ਕਰ ਝਾਰ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.