ਪੰਜਾ ਸਾਹਿਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ ਸਾਹਿਬ [ ਨਿਪੁ ] ਗੁਰੂ ਨਾਨਕ ਦੇਵ ਜੀ ਨਾਲ਼ ਸੰਬੰਧਿਤ ਹਸਨ ਅਬਦਾਲ ਸਥਿਤ ਇੱਕ ਯਾਦਗਾਰੀ ਸਥਾਨ ਜੋ ਪੱਛਮੀਂ ਪੰਜਾਬ ਪਾਕਿਸਤਾਨ ਵਿੱਚ ਸਥਿਤ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਜਾ ਸਾਹਿਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ ਸਾਹਿਬ . ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹਸਨ ਅਬਦਾਲ ਗ੍ਰਾਮ ਪਾਸ ਇੱਕ ਸਿਲਾ ਪੁਰ ਲੱਗਿਆ ਹੋਇਆ ਹੱਥ ਦਾ ਚਿੰਨ੍ਹ , ਜਿੱਥੇ ਹੁਣ ਪ੍ਰਸਿੱਧ ਗੁਰਦ੍ਵਾਰਾ ਹੈ. ਪੰਜਾਸਾਹਿਬ ਦੇ ਪਾਸ ਜਲ ਦਾ ਚਸ਼ਮਾ ਹੈ , ਜਿਸ ਦਾ ਬਹੁਤ ਨਿਰਮਲ ਜਲ ਤਾਲ ਵਿੱਚ ਜਮਾ ਹੋਕੇ ਵਹਿਂਦਾ ਰਹਿਂਦਾ ਹੈ. ਸੰਗਤਿ ਨੇ ਖੋਜ ਕਰਕੇ ਨਿਸ਼ਚਾ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ੨੪ ਹਾੜ ਸੰਮਤ ੧੫੭੭ ਨੂੰ ਪਧਾਰੇ ਸਨ ਅਤੇ ਇਸੇ ਦਿਨ ਪੰਜਾ ਲੱਗਾ ਹੈ.

ਰੇਲਵੇ ਸਟੇਸ਼ਨ ਹਸਨਅਬਦਾਲ ਤੋਂ ਇਹ ਗੁਰਅਸਥਾਨ ਅੱਧ ਮੀਲ ਦੱਖਣ ਪੱਛਮ ਹੈ. ਗੁਰਦ੍ਵਾਰੇ ਦੀ ਸੇਵਾ ਸਰਦਾਰ ਹਰੀ ਸਿੰਘ ਨਲਵਾ ਨੇ ਸਭ ਤੋਂ ਪਹਿਲਾਂ ਕਰਵਾਈ. ਇਸ ਗੁਰੁਧਾਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਰਪੀ ਪੰਜ ਸੌ ਰੁਪਯਾ ਸਾਲਾਨਾ ਜਾਗੀਰ ਹੈ. ਕੁਝ ਜ਼ਮੀਨ ਗੁਰਦ੍ਵਾਰੇ ਨਾਲ ਹੈ , ਪਨਚੱਕੀਆਂ ਦੀ ਭੀ ਆਮਦਨ ਹੈ. ੨੨ ਨਵੰਬਰ ੧੯੨੦ ਨੂੰ ਇਸ ਪਵਿਤ੍ਰ ਗੁਰਧਾਮ ਦੇ ਪ੍ਰਬੰਧ ਦਾ ਸੁਧਾਰ ਹੋਇਆ , ਹੁਣ ਗੁਰਸਿੱਖਾਂ ਦੀ ਕਮੇਟੀ ਗੁਰਦ੍ਵਾਰੇ ਦਾ ਉੱਤਮ ਪ੍ਰਬੰਧ ਕਰ ਰਹੀ ਹੈ , ਜਾਤ੍ਰੀਆਂ ਦੇ ਆਰਾਮ , ਕਥਾ ਕੀਰਤਨ , ਹਾਸਪਟਿਲ ਅਤੇ ਲੰਗਰ ਦਾ ਚੰਗਾ ਇੰਤਜਾਮ ਹੈ. ਬਹੁਤ ਇਮਾਰਤ ਬਣ ਗਈ ਹੈ ਅਤੇ ਦਿਨੋ ਦਿਨ ਹੋਰ ਬਣਦੀ ਜਾਂਦੀ ਹੈ. ੧੪ ਅਕਤੂਬਰ ਸਨ ੧੯੩੨ ਨੂੰ ਪੰਜੇ ਸਾਹਿਬ ਸਿੱਖ ਕ਼ੌਮ ਦਾ ਭਾਰੀ ਇਕੱਠ ਹੋਯਾ , ਜਿਸ ਵੇਲੇ ਪੰਜਾਂ ਪਿਆਰਿਆਂ ਨੇ ਹਰਿਮੰਦਿਰ ਦੀ ਨਵੀਂ ਨੀਂਹ ਰੱਖੀ ਅਤੇ ਸਰੋਵਰ ਦਾ ਬੁਨਿਆਦੀ ਪੱਥਰ ਟਿੱਕਾ ਸਾਹਿਬ ਯਾਦਵੇਂਦ੍ਰ ਸਿੰਘ ਜੀ ਪਟਿਆਲਾ ਨੇ ਰੱਖਿਆ. ਹੁਣ ਇਹ ਮਨੋਹਰ ਮੰਦਿਰ ਤਿਆਰ ਹੋ ਗਿਆ ਹੈ.

        ਮਹਾਰਾਜਾ ਨਾਭਾ ਦੇ ਪ੍ਰਸਿੱਧ ਕਵਿ ਗ੍ਵਾਲ ਨੇ ਪੰਜਾਸਾਹਿਬ ਬਾਬਤ ਲਿਖਿਆ ਹੈ : —

“ ਪਵ੗ਤ ਪੈ ਪਾਨੀ ਕੀ ਜਲੂਸ ਕੋ ਜਗੈਯਾ ਪੀਰ1

ਵਾਂਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ ,

ਸਿੱਖਨ ਕੇ ਪਾਲਬੇ ਕੋ ਵਿ੄ੑਨੁ ਪਾਣਿਪਦਮ ਜੈਸੋ

ਦਾਰਿਦ ਦੁਖਨ ਕੋ ਤ੍ਰਿਸੂਲਿ ਸਮ ਗੰਜਾ ਹੈ ,

ਗ੍ਵਾਲ ਕਵਿ ਅਰਜ ਕਰੈਯਨ ਕੀ ਪੂਰੈ ਗਜ਼੗

ਤੁਰਕਨ ਤੇਜ ਤੂਲ ਤੁੰਗਨ ਕੋ ਭੰਜਾ ਹੈ ,

                          ਗਿਰਿ ਕੋ ਗਿਰਤ ਥਾਂਭਲਿਯੋ ਸੋ ਪ੍ਰਤੱਖ ਅਜੌਂ

      ਦੇਖੋ ! ਸ੍ਵਛ ਐਸੋ ਗੁਰੁ ਨਾਨਕ ਕੋ ਪੰਜਾ ਹੈ.

੨ ਹੁਣ ਹਸਨਅਬਦਾਲ ਦਾ ਨਾਮ ਭੀ ਪੰਜਾਸਾਹਿਬ ਪ੍ਰਸਿੱਧ ਹੋ ਗਿਆ ਹੈ , ਭਾਵੇਂ ਬਹੁਤ ਲੋਕ ਹਸਨਅਬਦਾਲ ਭੀ ਆਖਦੇ ਹਨ. ਹਸਨਅਬਦਾਲ ਰਾਵਲਪਿੰਡੀ ਤੋਂ ੨੯ ਮੀਲ ਹੈ. ਦੇਖੋ , ਹਸਨਅਬਦਾਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਜਾ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜਾ ਸਾਹਿਬ : ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਅਟਕ ( ਕੈਂਬਲਪੁਰ ) ਜ਼ਿਲ੍ਹੇ ਵਿਚ ਇਹ ਇਕ ਮਹੱਤਵਪੂਰਣ ਗੁਰੂ-ਧਾਮ ਹੈ । ਇਹ ਰਾਵਲਪਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਉਤੇ 46 ਕਿ.ਮੀ. ਦੀ ਵਿਥ ਉਤੇ ਸਥਿਤ ਹਸਨ-ਅਬਦਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋ- ਮੀਟਰ ਦੱਖਣ ਪੱਛਮ ਵਿਚ ਹੈ । ਇਥੇ ਇਕ ਪੱਥਰ ਉਪਰ ਗੁਰੂ ਨਾਨਕ ਸਾਹਿਬ ਦੇ ਸੱਜੇ ਹੱਥ ਦਾ ਚਿੰਨ੍ਹ ਲਗਿਆ ਹੈ ਅਤੇ ਉਸ ਦੇ ਹੇਠੋਂ ਜਲ ਦੀ ਧਾਰਾ ਫੁਟਦੀ ਹੈ । ਹਸਨ- ਅਬਦਾਲ ਇਕ ਇਤਿਹਾਸਿਕ ਮਹੱਤਵ ਵਾਲਾ ਕਸਬਾ ਹੈ । ਇਸ ਕਸਬੇ ਵਿਚ ਮੁਗ਼ਲ ਬਾਦਸ਼ਾਹ ਅਕਬਰ , ਜਹਾਂਗੀਰ ਸ਼ਾਹਜਹਾਨ ਅਤੇ ਔਰੰਗਜ਼ੇਬ ਕਈ ਵਾਰ ਆਏ ਕਿਉਂਕਿ ਇਹ ਕਸਬਾ ਪਿਸ਼ਾਵਰ ਤੋਂ ਲਾਹੌਰ ਜਾਣ ਵਾਲੀ ਮੁੱਖ ਸੜਕ ਉਤੇ ਪੈਂਦਾ ਹੈ । ਅਹਿਮਦਸ਼ਾਹ ਦੁਰਾਨੀ , ਤੈਮੂਰਸ਼ਾਹ , ਜ਼ਮਾਨ ਸ਼ਾਹ ਆਦਿ ਧਾੜਵੀ ਵੀ ਇਥੇ ਕਈ ਵਾਰ ਆਏ ।

ਸਿੱਖ-ਇਤਿਹਾਸ ਅਨੁਸਾਰ ਇਥੇ ਇਕ ਪਹਾੜੀ ਉਤੇ ਹਸਨ-ਅਬਦਾਲ ਨਾਂ ਦਾ ਪੀਰ ਰਹਿੰਦਾ ਹੁੰਦਾ ਸੀ ਜੋ ਖ਼ੁਰਾਸਾਨ ਦੇ ਇਲਾਕੇ ਤੋਂ ਮਿਰਜ਼ਾ ਸ਼ਾਹ ਰੁਖ਼ ਨਾਲ ਹਿੰਦੁਸਤਾਨ ਆਇਆ ਸੀ । ਉਸ ਨੂੰ ਆਮ ਲੋਕ ‘ ਵਲੀ ’ ਕਹਿੰਦੇ ਸਨ । ਉਸ ਨੇ ਪਹਾੜੀ ਉਤੇ ਇਕ ਤਾਲਾਬ ਵੀ ਬਣਾਇਆ ਹੋਇਆ ਸੀ । ਅਨੁਮਾਨਿਕ ਤੌਰ ’ ਤੇ ਸੰਨ 1521 ਈ. ਦੇ ਨੇੜੇ-ਤੇੜੇ ਕੀਤੀ ਪੱਛਮ ਦੀ ਉਦਾਸੀ ਦੌਰਾਨ ਪਿਆਸ ਨਾਲ ਆਤੁਰ ਹੋਇਆ ਭਾਈ ਮਰਦਾਨਾ ਜਦੋਂ ਦੋ ਵਾਰ ਵਲੀ ਪਾਸ ਜਲ ਪੀਣ ਲਈ ਗਿਆ , ਤਾਂ ਉਸ ਨੇ ਜਲ ਪਿਲਾਣੋਂ ਨਾਂਹ ਕਰ ਦਿੱਤੀ । ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੀ ਦੈਵੀ ਸ਼ਕਤੀ ਰਾਹੀਂ ਤਾਲਾਬ ਦਾ ਪਾਣੀ ਆਪਣੇ ਵਲ ਖਿਚ ਲਿਆ । ਇਸ ਤੋਂ ਖਿਝ ਕੇ ਵਲੀ ਨੇ ਇਕ ਬਹੁਤ ਵੱਡਾ ਪੱਥਰ ਗੁਰੂ ਸਾਹਿਬ ਵਲ ਰੇੜ੍ਹ ਦਿੱਤਾ । ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਸੱਜੇ ਹੱਥ ਨਾਲ ਠਲ੍ਹ ਲਿਆ ਜਿਸ ਕਰਕੇ ਉਸ ਪੱਥਰ ਉਤੇ ਗੁਰੂ ਜੀ ਦੇ ਹੱਥ ਦਾ ਚਿੰਨ੍ਹ ਸਥਾਈ ਤੌਰ’ ਤੇ ਲਗ ਗਿਆ । ਇਸੇ ਕਰਕੇ ਇਸ ਧਾਮ ਨੂੰ ‘ ਪੰਜਾ ਸਾਹਿਬ’ ਕਿਹਾ ਜਾਂਦਾ ਹੈ । ਹਸਨ-ਅਬਦਾਲ ਦੇ ਨਾਂ’ ਤੇ ਹੀ ਇਸ ਕਸਬੇ ਦਾ ਨਾਂ ਪ੍ਰਚਲਿਤ ਹੋਇਆ । ਉਸ ਦੀ ਮ੍ਰਿਤੂ ਕੰਧਾਰ ਵਿਚ ਹੋਣ ਕਰਕੇ ਉਸ ਨੂੰ ‘ ਵਲੀ ਕੰਧਾਰੀ ’ ਵੀ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਖੀ ਸਾਹਿਤ ਵਿਚ ਇਸ ਦਾ ਉੱਲੇਖ ਮਿਲਦਾ ਹੈ ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਇਥੇ ਗੁਰਦੁਆਰਾ ਬਣਾਇਆ ਗਿਆ । ਪਿਸ਼ਾਵਰ ਵਲ ਆਉਂਦੇ ਜਾਂਦੇ ਮਹਾਰਾਜਾ ਸਾਹਿਬ ਨੇ ਇਸ ਗੁਰੂ-ਧਾਮ ਦੇ ਇਕ ਤੋਂ ਵਧ ਵਾਰ ਦਰਸ਼ਨ ਕੀਤੇ । ਪਹਿਲਾਂ ਇਸ ਗੁਰਦੁਆਰੇ ਦੀ ਵਿਵਸਥਾ ਉਦਾਸੀ ਮਹੰਤਾਂ ਦੇ ਹੱਥ ਵਿਚ ਸੀ । ਗੁਰਦੁਆਰਾ ਸੁਧਾਰ ਲਹਿਰ ਵੇਲੇ 18 ਨਵੰਬਰ 1920 ਈ. ਨੂੰ ਜੱਥੇਦਾਰ ਕਰਤਾਰ ਸਿੰਘ ਝੱਬਰ ਨੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਲਿਆਉਂਦਾ । 30 ਅਕਤੂਬਰ 1922 ਈ. ਨੂੰ ਗੁਰਦੁਆਰਾ ਸੁਧਾਰ ਲਹਿਰ ਅਧੀਨ ਪਕੜੇ ਗਏ ‘ ਗੁਰੂ ਕਾ ਬਾਗ਼ ’ ਮੋਰਚੇ ਦੇ ਸਿੱਖ ਕੈਦੀਆਂ ਨੂੰ ਅਟਕ ਜੇਲ੍ਹ ਵਿਚ ਲੈ ਜਾਣ ਵਾਲੀ ਗੱਡੀ ਨੂੰ ( ਸਿੰਘਾਂ ਨੂੰ ਲੰਗਰ ਛਕਾਉਣ ਲਈ ) ਇਥੇ ਰੋਕਣ ਦੀ ਬੇਨਤੀ ਨੂੰ ਠੁਕਰਾਏ ਜਾਣ’ ਤੇ ਸਿੱਖ-ਸਾਧਕਾਂ ਨੇ ਪਟੜੀ ਉਤੇ ਵਿਛ ਕੇ ਆਪਣੀ ਸ਼ਹਾਦਤ ਦੇ ਬਲ ’ ਤੇ ਗਡੀ ਨੂੰ ਨਿਸਚਲ ਕਰਨ ਦਾ ਜੋ ਸਾਕਾ ਕੀਤਾ , ਉਹ ਇਤਿਹਾਸ ਦੀ ਦੁਰਲਭ ਮਿਸਾਲ ਹੈ । ਇਸ ਸਾਕੇ ਵਿਚ ਭਾਈ ਪ੍ਰਤਾਪ ਸਿੰਘ ( ਵੇਖੋ ) ਅਤੇ ਭਾਈ ਕਰਮ ਸਿੰਘ ( ਵੇਖੋ ) ਸ਼ਹੀਦ ਹੋਏ ਅਤੇ ਪੰਜ ਸਿੰਘ ਜ਼ਖ਼ਮੀ ਹੋਏ ।

14 ਅਕਤੂਬਰ 1932 ਈ. ਨੂੰ ਨਵੇਂ ਸਰੋਵਰ ਅਤੇ ਉਸ ਨਾਲ ਉਸਾਰੇ ਜਾਣ ਵਾਲੇ ਹਰਿਮੰਦਿਰ ਸਾਹਿਬ ਦਾ ਨੀਂਹ ਪੱਥਰ ਰਖਿਆ ਗਿਆ । ਇਸ ਤਰ੍ਹਾਂ ਇਕ ਸੁੰਦਰ ਇਮਾਰਤ ਅਤੇ ਦਿਲਕਸ਼ ਸਰੋਵਰ ਹੋਂਦ ਵਿਚ ਆਏ । ਹਰ ਸਾਲ 30 ਅਕਤੂਬਰ ਨੂੰ ਸ਼ਹੀਦਾਂ ਦੀ ਯਾਦ ਵਿਚ ਉਥੇ ਭਾਰੀ ਇਕੱਠ ਹੁੰਦਾ ਰਿਹਾ ਸੀ । ਇਸ ਗੁਰੂ-ਧਾਮ ਵਿਚ ਹਰ ਸਾਲ ਵਿਸਾਖੀ ਵਾਲੇ ਦਿਨ ਬਹੁਤ ਭਾਰੀ ਸੰਗਤ ਜੁੜਦੀ ਸੀ । ਦੂਰੋਂ ਦੂਰੋਂ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਸਨ । ਸੰਨ 1947 ਈ. ਵਿਚ ਇਹ ਗੁਰੂ-ਧਾਮ ਪਾਕਿਸਤਾਨ ਵਿਚ ਰਹਿ ਜਾਣ ਕਾਰਣ ਭਾਰਤ ਤੋਂ ਸਿੱਖ ਸ਼ਰਧਾਲੂ ਆਮ ਤੌਰ’ ਤੇ ਵਿਸਾਖੀ ਉਤੇ ਦਰਸ਼ਨਾਂ ਲਈ ਜਾਂਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.