ਪੰਜਾਬੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ: ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬਿਆਂ ਅੰਦਰ ਬੋਲੀ ਜਾਣ ਵਾਲੀ ਭਾਸ਼ਾ (ਬੋਲੀ) ਦਾ ਨਾਂ ਪੰਜਾਬੀ ਹੈ। ਪੰਜਾਬੀ ਦੇ ਨਾਮਕਰਨ ਦੀ ਕਹਾਣੀ ਬੜੀ ਲੰਮੀ ਅਤੇ ਦਿਲਚਸਪ ਹੈ। ਪੰਜਾਬ ਅਤੇ ਪੰਜਾਬੀ ਦੇ ਕਈ ਨਾਂ ਪੁਰਾਣੀਆਂ ਪੋਥੀਆਂ ਵਿੱਚੋਂ ਮਿਲਦੇ ਹਨ। ਪੰਜਾਬ ਦਾ ਸਭ ਤੋਂ ਪੁਰਾਣਾ ਨਾਂ ‘ਸਪਤ ਸਿੰਧੂ’ ਸੀ ਜਿਸ ਦੀ ਗਵਾਹੀ ਆਰੀਆ ਦੇ ਪ੍ਰਾਚੀਨਤਮ ਗ੍ਰੰਥ ਰਿਗਵੇਦ ਤੋਂ ਮਿਲਦੀ ਹੈ। ਸਪਤ ਸਿੰਧੂ ਤੋਂ ਭਾਵ ਹੈ ਸੱਤਾਂ ਦਰਿਆਵਾਂ ਦੀ ਧਰਤੀ। ਰਿਗਵੇਦ ਵਿੱਚ ਇਹਨਾਂ ਸੱਤਾਂ ਦਰਿਆਵਾਂ-ਸਿੰਧ, ਜਿਹਲਮ, ਝਨਾਂ, ਰਾਵੀ, ਸਤਲੁਜ, ਬਿਆਸ ਅਤੇ ਸਰਸਵਤੀ ਦਾ ਜ਼ਿਕਰ ਬਾਰ-ਬਾਰ ਕੀਤਾ ਗਿਆ ਹੈ। ਈਰਾਨੀਆਂ ਨੇ ਸਪਤ ਸਿੰਧੂ ਲਈ ‘ਹਫ਼ਤ-ਹਿੰਦੂ’ ਸ਼ਬਦ ਵਰਤਿਆ ਕਿਉਂਕਿ ਉਹ /ਸ/ ਧੁਨੀ ਨੂੰ /ਹ/ ਧੁਨੀ ਉਚਾਰਦੇ ਸਨ। ਵੇਦ ਵਿੱਚ ਸਪਤ ਸਿੰਧੂ ਦੀ ਔਲਾਦ ਨੂੰ ‘ਭਾਰਤ’ ਕਿਹਾ ਗਿਆ ਹੈ ਜੋ ਕਿ ਪਿੱਛੋਂ ਜਾ ਕੇ ਸਾਰੇ ਦੇਸ ਦਾ ਨਾਂ ਪੈ ਗਿਆ। ਯੂਨਾਨੀਆਂ ਨੇ ਸਿੰਧ ਨਦੀ ਨੂੰ ਇੰਦੋਸ (Indos) ਅਤੇ ਇੱਥੋਂ ਦੇ ਵਸਨੀਕਾਂ ਨੂੰ ਇੰਦੋਈ (Indoi) ਕਿਹਾ। ਇਹ ਇੰਦੋਈ ਹੀ ਬਾਅਦ ਵਿੱਚ ਇੰਡੀਆ (India) ਬਣ ਗਿਆ। ਸਪਤ ਸਿੰਧੂ ਤੋਂ ਪਿੱਛੋਂ ਇਸ ਭੂ-ਖੰਡ ਨੂੰ ਵਹੀਕ ਦੇਸ, ਟੱਕ ਦੇਸ, ਮਦਰ ਦੇਸ ਅਤੇ ਪੰਜਨਦ ਵੀ ਕਿਹਾ ਗਿਆ। ਮੁਢਲੇ ਆਰੀਆ ਤੋਂ ਪਿੱਛੋਂ ਹੋਰ ਵੀ ਬਹੁਤ ਸਾਰੇ ਆਰੀਆ ਕਬੀਲੇ ਆਉਂਦੇ ਰਹੇ ਅਤੇ ਇਸ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਵੱਸ ਗਏ, ਇਸ ਲਈ ਇਹ ਨਾਂ ਇਹਨਾਂ ਵੱਖ-ਵੱਖ ਕਬੀਲਿਆਂ ਦੇ ਟਿਕਾਣੇ, ਜਾਤੀ ਜਾਂ ਗੋਤ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਨ। ਮਸਲਨ, ‘ਮਦਰ’ ਆਰੀਆ ਜਾਤੀ ਦਾ ਇੱਕ ਗੋਤ ਵੀ ਹੈ ਅਤੇ ਇੱਕ ਰਾਜੇ ਦੇ ਪੁੱਤਰ ਦਾ ਨਾਂ ਵੀ ਹੈ। ਇਸੇ ਤਰ੍ਹਾਂ ਹੀ ‘ਟੱਕ’ ਵੀ ਇੱਕ ਜਾਤੀ ਦਾ ਨਾਂ ਹੈ। ‘ਵਹੀਕ’ ਦੇ ਅਰਥ ਬਾਹਰਲਾ ਜਾਂ ਬੇਗਾਨਾ ਹਨ। ਸ਼ਾਇਦ ਇਹ ਲੋਕ ਬਾਹਰੋਂ ਆਏ ਹੋਣ ਕਾਰਨ ਇਹ ਨਾਂ ਪੈ ਗਿਆ ਹੋਵੇ। ਇਹਨਾਂ ਸਾਰਿਆਂ ਨਾਂਵਾਂ ਵਿੱਚੋਂ ਸਪਤ ਸਿੰਧੂ ਵਿੱਚੋਂ ਦੋ ਦਰਿਆ (ਸਿੰਧ ਅਤੇ ਸਰਸਵਤੀ) ਕੱਟ ਦਿੱਤੇ। ਇਸ ਲਈ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ‘ਪੰਜ-ਨਦ’ ਪਿਆ। ‘ਪੰਜਾਬ’ ਨਾਂ ਇਸ ‘ਪੰਜ-ਨਦ’ ਦਾ ਫ਼ਾਰਸੀ ਤਰਜਮਾ ਹੈ। ਅਰਬੀ ਫ਼ਾਰਸੀ ਵਿੱਚ ਆਬ ਪਾਣੀ ਨੂੰ ਕਹਿੰਦੇ ਹਨ। ਇਸ ਲਈ ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ (ਪੰਜ+ਆਬ) ਪੰਜ ਦਰਿਆਵਾਂ ਦੀ ਧਰਤੀ ਦੇ ਉਸ ਟੁਕੜੇ ਦਾ ਨਾਂ ਹੈ ਜੋ ਅਜੋਕੇ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਪੰਜਾਬ ਦਾ ਇਹ ਨਾਂ ਮੁਗ਼ਲ ਕਾਲ ਵੇਲੇ ਪ੍ਰਚਲਿਤ ਹੋਇਆ। ਇਤਿਹਾਸ ਗਵਾਹ ਹੈ ਕਿ ਪ੍ਰਾਚੀਨ ਕਾਲ ਅਤੇ ਮੱਧਕਾਲ ਵਿੱਚ ਜਿਵੇਂ-ਜਿਵੇਂ ਇਸ ਖਿੱਤੇ ਦੇ ਨਾਂ ਬਦਲਦੇ ਰਹੇ, ਤਿਵੇਂ-ਤਿਵੇਂ ਇੱਥੇ ਵਰਤੀਂਦੀ ਬੋਲੀ ਦੇ ਕਈ ਨਾਂਵਾਂ ਦੇ ਹਵਾਲੇ ਮਿਲਦੇ ਹਨ। ਪਹਿਲਾਂ-ਪਹਿਲ ਜਦੋਂ ਇਸ ਭੂ-ਖੰਡ ਦਾ ਨਾਂ ਸਪਤ ਸਿੰਧੂ ਸੀ ਤਾਂ ਇੱਥੋਂ ਦੀ ਬੋਲੀ ਨੂੰ ਸਪਤ-ਸਿੰਧਵੀ ਕਿਹਾ ਜਾਂਦਾ ਸੀ। ਫਿਰ ਵਹੀਕ ਦੇਸ ਦੀ ਬੋਲੀ ‘ਵਹੀਕੀ’ ਅਖਵਾਈ ਅਤੇ ਇਸੇ ਤਰ੍ਹਾਂ ਟੱਕ ਭਾਸ਼ਾ ਜਾਂ ਟੱਕੀ ਮਦਰ ਭਾਸ਼ਾ ਆਦਿ ਨਾਂਵਾਂ ਦੇ ਸੰਕੇਤ ਸਾਨੂੰ ਪੁਰਾਣੀਆਂ ਲਿਖਤਾਂ ਵਿੱਚੋਂ ਮਿਲ ਜਾਂਦੇ ਹਨ। ਭਾਸ਼ਾ ਦੇ ਖੋਜੀਆਂ ਨੇ ਪੰਜਾਬ ਦੀ ਪੁਰਾਣੀ ਬੋਲੀ ਦੇ ਲਗਪਗ 15 ਨਾਂ ਲੱਭੇ ਹਨ ਪਰ ਪਿਛਲੇ 1000 ਸਾਲ ਵਿੱਚ ਮੁਗ਼ਲਾਂ ਦੇ ਅਸਰ ਹੇਠ ਇਸ ਖਿੱਤੇ ਦਾ ਨਾਂ ਪੰਜਾਬ ਅਤੇ ਇੱਥੇ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਪੰਜਾਬੀ ਹੀ ਪ੍ਰਸਿੱਧ ਹੋ ਗਿਆ ਹੈ।

     ਪੰਜਾਬੀ ਦਾ ਪੁਸ਼ਤੈਨੀ ਵਿਰਸਾ: ਪੰਜਾਬੀ ਦਾ ਪੁਸ਼ਤੈਨੀ ਵਿਰਸਾ ਸੰਸਕ੍ਰਿਤ ਭਾਸ਼ਾ ਨਾਲ ਜਾ ਜੁੜਦਾ ਹੈ। ਸੰਸਕ੍ਰਿਤ ਪ੍ਰਾਚੀਨ ਭਾਰਤ ਵਿੱਚ ਬੋਲੀ ਜਾਂਦੀ ਲੋਕ ਬੋਲੀ ਜਾਂ ਬੋਲ- ਚਾਲ ਦੀ ਬੋਲੀ ਦਾ ਪ੍ਰਮਾਣਿਕ ਰੂਪ ਹੈ। ਲੋਕ ਬੋਲੀ ਜਾਂ ਆਮ ਬੋਲ-ਚਾਲ ਦੀ ਬੋਲੀ ਹੀ ਭਾਸ਼ਾ ਦਾ ਸੁਭਾਵਿਕ ਜਾਂ ਕੁਦਰਤੀ ਰੂਪ ਹੁੰਦਾ ਹੈ। ਇਹ ਪ੍ਰਕਿਰਤਿਕ (ਕੁਦਰਤੀ) ਬੋਲੀ ਹੀ ਸਭ ਬੋਲੀਆਂ ਦਾ ਮੂਲ ਹੁੰਦਾ ਹੈ। ‘ਪ੍ਰਾ’ ਦਾ ਅਰਥ ‘ਪਹਿਲਾ’ ਅਤੇ ‘ਕ੍ਰਿਤ’ ਦਾ ਅਰਥ ਹੈ ‘ਰਚੀ’ ਭਾਵ ਪਹਿਲਾਂ ਰਚੀ ਗਈ ਭਾਸ਼ਾ। ਇਸ ਲਈ ਪ੍ਰਾਚੀਨ ਭਾਰਤ ਵਿੱਚ ਬੋਲੀ ਜਾਣ ਵਾਲੀ ਲੋਕ ਬੋਲੀ ‘ਪ੍ਰਾਕ੍ਰਿਤ’ ਸੀ। ਇਹ ‘ਪ੍ਰਾਕ੍ਰਿਤ’ ਮੀਂਹ ਵਾਂਗ ਵਰਦੀ ਲੋਕ ਬੋਲੀ ਸੀ। ਸੈਂਕੜੇ ਵਰ੍ਹਿਆਂ ਵਿੱਚ ਇਸ ਲੋਕ ਬੋਲੀ (ਪਹਿਲੀ ਪ੍ਰਾਕ੍ਰਿਤ) ਨੂੰ ਸੋਧ ਸੰਵਾਰ ਕੇ, ਸੰਸਕ੍ਰਿਤ ਤਿਆਰ ਕੀਤੀ ਗਈ। ‘ਸੰਸਕ੍ਰਿਤ’ ਸ਼ਬਦ ਦਾ ਅਰਥ ਹੀ ‘ਸੋਧੀ ਸੁਧਾਰੀ’ ਬਣਦਾ ਹੈ। ਇਉਂ ਸੰਸਕ੍ਰਿਤ ਨਾਂ ਹੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਹ ਸੋਧੀ ਗਈ ਭਾਸ਼ਾ ਹੈ। ਸੰਸਕ੍ਰਿਤ ਲੋਕ-ਬੋਲੀ ਦੇ ਖੁੱਲ੍ਹੇ ਕੁਦਰਤੀ ਵਗਦੇ ਦਰਿਆ ਵਿੱਚੋਂ ਬੰਨ੍ਹ ਮਾਰ ਕੇ, ਕੱਢੀ ਗਈ ਨਹਿਰ ਸੀ। ਨਹਿਰ ਦੇ ਪਾਣੀ ਨੂੰ ਮੋੜਿਆ ਜਾ ਸਕਦਾ ਹੈ, ਰੋੜਿਆ ਜਾ ਸਕਦਾ ਹੈ ਪਰ ਦਰਿਆ ਦੇ ਪਾਣੀ ਨੂੰ ਰੋਕਣਾ ਔਖਾ ਹੈ। ਇਸ ਲਈ ਬੋਲੀਆਂ ਦਾ ਦਰਿਆਈ ਪ੍ਰਵਾਹ ਨਿਰੰਤਰ ਵਗਦਾ ਰਹਿੰਦਾ ਹੈ। ਪ੍ਰਾਚੀਨ ਭਾਰਤ ਵਿੱਚ ਇੱਕ ਪਾਸੇ ਲੋਕ ਬੋਲੀ ‘ਪ੍ਰਾਕ੍ਰਿਤ’ ਦੀ ਧਾਰਾ ਵਹਿੰਦੀ ਵਿਗਸਦੀ ਰਹੀ ਦੂਜੇ ਪਾਸੇ ਨਹਿਰ ਰੂਪ ਸੰਸਕ੍ਰਿਤ ਰਾਜ ਭਾਸ਼ਾ ਅਤੇ ਧਰਮ ਭਾਸ਼ਾ ਬਣ ਕੇ ਲੋਕਾਂ ਤੋਂ ਦੂਰ ਹੋ ਗਈ। ਫਲਸਰੂਪ ਸੰਸਕ੍ਰਿਤ ਪਿੱਛੇ ਰਹਿ ਗਈ ਅਤੇ ਪ੍ਰਾਕ੍ਰਿਤ ਅੱਗੇ ਲੰਘ ਗਈ। ਇਸ ਲੋਕ ਬੋਲੀ ‘ਪ੍ਰਾਕ੍ਰਿਤ’ ਨੂੰ ਬੋਧੀਆਂ ਅਤੇ ਜੈਨੀਆਂ ਨੇ ਗਲੇ ਲਾਇਆ। ਮਹਾਰਾਜਾ ਅਸ਼ੋਕ ਨੇ ਇਸ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ। ਇਉਂ ਇਹ ਪ੍ਰਾਕ੍ਰਿਤ ਤੋਂ ‘ਪਾਲੀ’ ਬਣ ਗਈ। ‘ਪਾਲੀ’ ਨਾਂ ਦੇ ਕਈ ਅਰਥ ਮਿਲਦੇ ਹਨ। ਜੈਨੀਆਂ ਦੇ ਗ੍ਰੰਥਾਂ ਵਿੱਚ ‘ਪੱਲੀ’ ਸ਼ਬਦ ਪਿੰਡ ਦੇ ਅਰਥਾਂ ਵਿੱਚ ਮਿਲਦਾ ਹੈ। ਖ਼ਿਆਲ ਕੀਤਾ ਜਾਂਦਾ ਹੈ ਕਿ ਇਸ ‘ਪੱਲੀ’ ਤੋਂ ‘ਪਾਲੀ’ ਨਾਂ ਪਾਲ-ਪਾਲਣਾ ਤੋਂ ਬਣਿਆ ਹੋਵੇਗਾ। ਅਰਥਾਤ ਸਾਹਿਤਿਕ ਸੰਭਾਲ ਕਰ ਕੇ ਇਸ ਦਾ ਨਾਂ ਪਾਲੀ ਪਿਆ। ਇਸ ਤੱਥ ਵਿੱਚ ਵੀ ਕਾਫ਼ੀ ਵਜ਼ਨ ਹੈ ਕਿਉਂਕਿ ਪਾਲੀ ਨਾਂ ਦੀ ਵਰਤੋਂ ਉਸ ਪਰੰਪਰਾ ਵਾਂਗ ਹੁੰਦੀ ਰਹੀ ਹੈ ਜਿਵੇਂ ਵੇਦਾਂ ਲਈ ‘ਸਹਿੰਤਾ’ ਦੀ। ‘ਸਹਿੰਤਾ’ ਦਾ ਅਰਥ ਹੈ-ਸੰਗ੍ਰਹਿ ਸੈਂਚੀ, ਸੰਕਲਨ ਜਾਂ ਗ੍ਰੰਥ। ਪਾਲੀ ਵਿੱਚ ਬੋਧ-ਸਾਹਿਤ ਦਾ ਸੰਕਲਨ ਕੀਤਾ ਗਿਆ ਹੈ। ਇਸ ਤਰ੍ਹਾਂ ਪ੍ਰਾਕ੍ਰਿਤ ਤੋਂ ਬਣੀ ਪਾਲੀ ਵੀ ਪ੍ਰਮਾਣਿਕ ਭਾਸ਼ਾ ਬਣ ਗਈ ਅਤੇ ਇਹ ਵੀ ਸੰਸਕ੍ਰਿਤ ਵਾਂਗ ਲੋਕਾਂ ਤੋਂ ਦੂਰ ਹੋਣੀ ਸ਼ੁਰੂ ਹੋ ਗਈ। ਇਉਂ ਹੌਲੀ-ਹੌਲੀ ਪਾਲੀ ਦਾ ਪ੍ਰਭਾਵ ਵੀ ਮੱਧਮ ਪੈ ਗਿਆ। ਪਾਲੀ ਦੇ ਮੱਧਮ ਪੈ ਜਾਣ ਕਾਰਨ ਸਥਾਨਿਕ ਪ੍ਰਾਕ੍ਰਿਤਾਂ ਨੇ ਜ਼ੋਰ ਫੜਿਆ। ਸਮੇਂ ਦੇ ਫੇਰ ਨਾਲ ਕੁਝ ਪ੍ਰਾਕ੍ਰਿਤਾਂ ਫਿਰ ਸਾਹਿਤਿਕ ਪ੍ਰਾਕ੍ਰਿਤਾਂ ਬਣ ਗਈਆਂ। ਜੋ ਲੋਕ ਇਹਨਾਂ ਸਾਹਿਤਿਕ ਪ੍ਰਾਕ੍ਰਿਤਾਂ ਦੇ ਮਾਲਕ ਬਣ ਬੈਠੇ, ਉਹਨਾਂ ਆਮ ਲੋਕਾਂ ਦੀ ਬੋਲੀ ਨੂੰ ਨਿਰਾਦਰੀ ਨਾਲ ਅਪਭ੍ਰੰਸ਼ (ਟੁੱਟੀ-ਫੁੱਟੀ ਜਾਂ ਵਿਗੜੀ ਹੋਈ -ਭ੍ਰਿਸ਼ਟ) ਭਾਸ਼ਾ ਆਖਣਾ ਸ਼ੁਰੂ ਕਰ ਦਿੱਤਾ। ਪਰ ਜਿਵੇਂ ਸੰਸਕ੍ਰਿਤ ਦੇ ਰਾਜਭਾਗ ਵਿੱਚ ਥਾਂ-ਥਾਂ ਤੇ ਪ੍ਰਾਕ੍ਰਿਤ ਨੇ ਸਿਰ ਚੁੱਕਿਆ, ਓਵੇਂ ਹੀ ਪ੍ਰਾਕ੍ਰਿਤਾਂ ਦੇ ਜ਼ਮਾਨੇ ਵਿੱਚ ਵੱਖੋ-ਵੱਖ ਸੂਬਿਆਂ ਸਥਾਨੀ ਅਪਭ੍ਰੰਸ਼ਾਂ ਨੇ ਆਪਣਾ ਝੰਡਾ ਬੁਲੰਦ ਕੀਤਾ। ਜਦੋਂ ਸਾਹਿਤਿਕ ਪ੍ਰਾਕ੍ਰਿਤਾਂ ਦਾ ਆਦਰ ਸਨਮਾਨ ਘਟਣ ਲੱਗ ਪਿਆ ਓਦੋਂ ਲੋਕ ਬੋਲੀਆਂ ਅਪਭ੍ਰੰਸ਼ਾਂ ਦਾ ਵਿਕਾਸ ਹੋਣਾ ਸ਼ੁਰੂ ਹੋਇਆ। ਇਉਂ ਇਹ ਤੱਥ ਨਿਖਰ ਕੇ ਸਾਮ੍ਹਣੇ ਆਉਂਦਾ ਹੈ ਕਿ ਲੋਕ ਬੋਲੀਆਂ ਵਿੱਚੋਂ ਹੀ ਸਾਹਿਤਿਕ ਬੋਲੀਆਂ ਵਿਗਸੀਆਂ ਹਨ। ਇਉਂ ਭਾਰਤੀ ਰੰਗ-ਮੰਚ ਉੱਤੇ ਸਮੇਂ-ਸਮੇਂ ਤੇ ਸੰਸਕ੍ਰਿਤ (1500 ਪੂ.ਈ. ਤੋਂ 600 ਪੂ.ਈ.) ਪਾਲੀ ਅਤੇ ਸਾਹਿਤਿਕ ਪ੍ਰਾਕ੍ਰਿਤਾਂ ਨੇ ਆਪਣੀ-ਆਪਣੀ ਲੀਲ੍ਹਾ ਖੇਡੀ। ਸਾਰੀਆਂ ਨੇ ਆਪਣਾ ਸਮਾਂ ਮੁਕਾ ਲਿਆ ਤਾਂ ਫਿਰ ਅਪਭ੍ਰੰਸ਼ ਦੀ ਵਾਰੀ ਆਈ। ਭਾਰਤ ਵਿੱਚ ਅਪਭ੍ਰੰਸ਼ ਦੀ ਨਾਟਕ ਲੀਲ੍ਹਾ ਦਾ ਸਮਾਂ 600 ਤੋਂ ਲੈ ਕੇ 1000 ਤੱਕ ਮੰਨਿਆ ਜਾਂਦਾ ਹੈ। ਇਹ ਅਪਭ੍ਰੰਸ਼ ਭਾਰਤੀ ਆਰੀਆ ਰੂਪੀ ਬੂਟੇ ਦਾ ਉਹ ਫਲ ਹੈ, ਜਿਸ ਵਿੱਚੋਂ ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਦਾ ਫਲ ਤਿਆਰ ਹੋਇਆ। ਪੰਜਾਬੀ ਭਾਸ਼ਾ ਵੀ ਉਸ ਵਿੱਚੋਂ ਇੱਕ ਹੈ। ਅਪਭ੍ਰੰਸ਼ ਨਾਲ ਪੰਜਾਬੀ ਦਾ ਰਿਸ਼ਤਾ ਮਾਂ-ਧੀ ਵਾਲਾ ਹੈ।

     ਪੰਜਾਬੀ ਦਾ ਨਿਕਾਸ: ਹੁਣ ਤੱਕ ਇਹ ਗੱਲ ਨਿਖਰ ਚੁੱਕੀ ਹੈ ਕਿ ਲੋਕ ਬੋਲੀ ਤੋਂ ਸੰਸਕ੍ਰਿਤ, ਪਾਲੀ, ਸਾਹਿਤਿਕ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਆਦਿ ਸਾਹਿਤਿਕ ਭਾਸ਼ਾਵਾਂ ਬਣੀਆਂ, ਵਿਗਸੀਆਂ। ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਿਕਾਸ ਦੀ ਆਖ਼ਰੀ ਕੜੀ ਅਪਭ੍ਰੰਸ਼ ਹੈ। ਕੁਝ ਭਾਸ਼ਾ ਚਿੰਤਕਾਂ ਦਾ ਖ਼ਿਆਲ ਹੈ ਕਿ ਸਾਰੇ ਉੱਤਰੀ ਭਾਰਤ ਵਿੱਚ ਇੱਕ ਹੀ ਅਪਭ੍ਰੰਸ਼ ਪ੍ਰਚਲਿਤ ਸੀ ਪਰ ਇਹ ਗੱਲ ਸਹੀ ਨਹੀਂ ਜਾਪਦੀ। ਬੋਲੀ ਤਾਂ ‘ਬਾਰਾਂ ਕੋਹਾਂ’ ਤੇ ਬਦਲ ਜਾਂਦੀ ਹੈ। ਇਸ ਲਈ ਵੱਖ-ਵੱਖ ਸੂਬਿਆਂ ਦੀਆਂ ਅਪਭ੍ਰੰਸ਼ ਭਾਸ਼ਾਵਾਂ ਵਿੱਚ ਸਥਾਨਿਕ ਰੰਗਣ ਜ਼ਰੂਰ ਹੋਵੇਗੀ। ਸ਼ਾਇਦ ਇਸੇ ਕਰ ਕੇ ਬਹੁਤੇ ਭਾਸ਼ਾ ਚਿੰਤਕਾਂ ਨੇ ਸ਼ੌਰਸ਼ੇਨੀ, ਮਹਾਂਰਾਸ਼ਟਰੀ, ਮਾਗਧੀ, ਅਰਧ ਮਾਗਧੀ, ਪੈਸ਼ਾਚੀ ਅਤੇ ਕੈਕੇਈ ਆਦਿ ਅਪਭ੍ਰੰਸ਼ਾਂ ਦੀ ਹੋਂਦ ਤਸੱਵਰ ਕੀਤੀ ਹੈ। ਇਹਨਾਂ ਤੋਂ ਹੀ ਆਧੁਨਿਕ ਆਰੀਆ ਭਾਸ਼ਾਵਾਂ ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਉੜੀਆ ਅਤੇ ਮੈਥਿਲੀ ਆਦਿ ਦਾ ਨਿਕਾਸ ਹੋਇਆ। ਇਹਨਾਂ ਵਿੱਚੋਂ ਪੰਜਾਬੀ ਨੂੰ ਛੱਡ ਕੇ, ਬਾਕੀ ਭਾਸ਼ਾਵਾਂ ਦੇ ਨਿਕਾਸ ਬਾਰੇ ਕਾਫ਼ੀ ਠੋਸ ਸਿਧਾਂਤ ਸਥਾਪਿਤ ਹੋ ਚੁੱਕੇ ਹਨ ਪਰ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮੱਤ-ਭੇਦ ਹੈ। ਹੁਣ ਬਹੁਤੇ ਭਾਸ਼ਾ ਸ਼ਾਸਤਰੀਆਂ ਦੀ ਰਾਇ ਇਹ ਬਣੀ ਹੋਈ ਹੈ ਕਿ ਪੰਜਾਬੀ ਦਾ ਸ੍ਰੋਤ ਕੈਕੇਈ ਅਪਭ੍ਰੰਸ਼ ਹੈ। ਸਾਡੇ ਪੁਰਾਣੇ ਸਾਹਿਤ ਵਿੱਚ ਪੱਛਮੀ ਇਲਾਕੇ ਦਾ ਨਾਂ ਕੈਕਬ ਲਿਖਿਆ ਮਿਲਦਾ ਹੈ। ਇਸ ਇਲਾਕੇ ਦਾ ਭੂਗੋਲਿਕ ਖੇਤਰ ਮੁਲਤਾਨ ਤੋਂ ਪਿਸ਼ਾਵਰ ਅਤੇ ਤਕਸ਼ਿਲਾ ਤੱਕ ਦਾ ਸੀ। ਇੱਥੋਂ ਦੇ ਗਣਰਾਜ ਦੀ ਪੁੱਤਰੀ ਦਾ ਨਾਂ ਕੈਕੇਈ ਸੀ ਜਿਹੜੀ ਰਾਮ ਚੰਦਰ ਦੇ ਪਿਤਾ ਦਸ਼ਰਥ ਦੀ ਪਤਨੀ ਸੀ। ਕੈਕਬ ਪ੍ਰਦੇਸ਼ ਦੀ ਬੋਲੀ ਕੈਕੇਈ ਸੀ ਜਿਹੜੀ ਪੰਜਾਬੀ ਭਾਸ਼ਾ ਦੀ ਇੱਕ ਸ੍ਰੋਤ ਦੇ ਤੌਰ ਤੇ ਸਥਾਪਿਤ ਹੁੰਦੀ ਹੈ। ਪੰਜਾਬੀ ਦਾ ਨਿਕਾਸ ਇਸੇ ਅਪਭ੍ਰੰਸ਼ ਤੋਂ ਹੋਇਆ।

     ਪੰਜਾਬੀ ਦਾ ਵਿਕਾਸ: ਪੰਜਾਬੀ ਭਾਸ਼ਾ ਆਪਣੇ ਆਧੁਨਿਕ ਸਰੂਪ ਵਿੱਚ ਲਗਪਗ ਇੱਕ ਹਜ਼ਾਰ ਸਾਲ ਪਹਿਲਾਂ (10ਵੀਂ-11ਵੀਂ ਸਦੀ) ਹੀ ਨਿਖਰ ਕੇ ਨਜ਼ਰ ਆਉਂਦੀ ਹੈ। ਇਸ ਦਾ ਨਿਕਾਸ ਉਸ ਵੇਲੇ ਦੀਆਂ ਲੋਕ ਬੋਲੀਆਂ ਅਪਭ੍ਰੰਸ਼ਾਂ ਤੋਂ ਹੋਇਆ। ਪਰ ਕਿਸੇ ਭਾਸ਼ਾ ਨੂੰ ਆਪਣੀ ਨਵੇਕਲੀ ਸ਼ਕਲ-ਸੂਰਤ ਅਖ਼ਤਿਆਰ ਕਰਨ ਵਿੱਚ ਦੋ ਤਿੰਨ ਸਦੀਆਂ ਸਹਿਜੇ ਹੀ ਲੱਗ ਜਾਂਦੀਆਂ ਹਨ। ਇਸ ਲਈ ਗਿਆਰ੍ਹਵੀਂ, ਬਾਰ੍ਹਵੀਂ ਸਦੀ ਦੀ ਪੰਜਾਬੀ ਭਾਸ਼ਾ ਦਾ ਸਰੂਪ ਏਨਾ ਨਿਖਰਵਾਂ ਨਹੀਂ ਕਿ ਜਣਾ-ਖਣਾ ਇਸ ਨੂੰ ਸਮਝ ਲਵੇ। ਅਸਲ ਵਿੱਚ ਇਹ ਸੰਕ੍ਰਾਂਤੀ ਕਾਲ ਦੀ ਭਾਸ਼ਾ ਹੈ ਜਿਸ ਨੂੰ ਵਿਦਵਾਨਾਂ ਨੇ ‘ਅਵੱਹਠ’ ਦਾ ਨਾਂ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬੀ ਆਪਣੇ ਅਪਭ੍ਰੰਸ਼ ਪ੍ਰਭਾਵ ਹੇਠੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਿਧਾਂ- ਨਾਥਾਂ ਦੀਆਂ ਧੂਣੀਆਂ ਦੀ ਅੱਗ ਸੇਕਦੀ ਹੋਈ ਪੰਜਾਬੀਪੁਣੇ ਵੱਲ ਝੁਕਦੀ ਹੈ। ਸ਼ੇਖ਼ ਫ਼ਰੀਦ ਪੰਜਾਬੀ ਦਾ ਪਹਿਲਾ ਅਜਿਹਾ ਕਵੀ ਹੈ ਜਿਸ ਦੀ ਬਾਣੀ ਵਿੱਚ ਪੰਜਾਬੀ ਦਾ ਸਰੂਪ ਸਪਸ਼ਟ ਤੋਂ ਸਪਸ਼ਟਤਰ ਹੁੰਦਾ ਨਜ਼ਰ ਆਉਂਦਾ ਹੈ। ਇਸ ਬਾਣੀ ਰੂਪ ਭਾਸ਼ਾਈ ਸ਼ੀਸ਼ੇ ਵਿੱਚੋਂ ਸਾਨੂੰ ਪਹਿਲੀ ਵਾਰ ਪੰਜਾਬੀ ਦਾ ਨਿਖਰਵਾਂ ਚਿਹਰਾ ਸਾਫ਼-ਸਾਫ਼ ਦਿਸਦਾ ਹੈ। ਫ਼ਰੀਦ ਤੋਂ ਬਾਅਦ ਗੁਰੂ ਨਾਨਕ ਕਾਲ ਤੱਕ ਦੇ ਦਰਮਿਆਨੇ ਸਮੇਂ ਦੀ ਕੋਈ ਰਚਨਾ ਸਾਨੂੰ ਹਾਸਲ ਨਹੀਂ ਹੁੰਦੀ। ਇਸ ਲਈ ਚੌਦ੍ਹਵੀਂ, ਪੰਦ੍ਹਰਵੀਂ ਸਦੀ ਦੀ ਪੰਜਾਬੀ ਭਾਸ਼ਾ ਬਾਰੇ ਕੋਈ ਲੱਖਣ ਲਾਉਣਾ ਸੰਭਵ ਨਹੀਂ। ਹਾਂ, ਏਨੀ ਗੱਲ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਭਾਗ ਦਾ ਸਿਤਾਰਾ ਪੰਦ੍ਹਰਵੀਂ ਸਦੀ ਤੱਕ ਚਮਕ ਉੱਠਿਆ ਸੀ।

     ਸੋਲ੍ਹਵੀਂ ਸਦੀ ਦਾ ਅਮਨ ਦਾ ਜ਼ਮਾਨਾ ਭਾਰਤੀ ਭਾਸ਼ਾਵਾਂ ਦੇ ਲਿਸ਼ਕਣ ਪੁਸ਼ਕਣ ਦਾ ਜ਼ਮਾਨਾ ਹੈ। ਇਸ ਲਈ ਪੰਜਾਬੀ ਭਾਸ਼ਾ ਵੀ ਇਸ ਵੇਲੇ ਨਵੀਂ ਦਿੱਖ ਅਤੇ ਨਵਾਂ ਨਿਖਾਰ ਫੜਦੀ ਹੈ। ਭਾਵੇਂ ਇਸ ਵੇਲੇ ਇੱਕ ਪਾਸੇ ਵਿਦੇਸ਼ੀ ਹਾਕਮਾਂ ਦੀ ਭਾਸ਼ਾ ਫ਼ਾਰਸੀ ਲੋਕ ਬੋਲੀਆਂ ਨੂੰ ਮਾਰਨ ਦੇ ਆਹਰ ਵਿੱਚ ਸੀ ਅਤੇ ਦੂਜੇ ਪਾਸੇ ਸੰਸਕ੍ਰਿਤ ਨੂੰ ਦੇਵ ਬਾਣੀ ਮੰਨਣ ਵਾਲੇ ਬ੍ਰਾਹਮਣ ਲੋਕ ਬੋਲੀਆਂ ਨੂੰ ‘ਗਵਾਰੂ’ ਆਖ ਕੇ ਤ੍ਰਿਸਕਾਰ ਰਹੇ ਸਨ ਪਰ ਅਜਿਹੀ ਦੁਰਦਸ਼ਾ ਦੇ ਸਮੇਂ ਗੁਰੂ ਸਾਹਿਬਾਨ ਨੇ ਲੋਕਾਂ ਦੀ ਭਾਸ਼ਾ ਦਾ ਪੱਖ ਲਿਆ। ਉਹਨਾਂ ਨੇ ਆਪਣੇ ਅਧਿਆਤਮਿਕ ਵਿਚਾਰ ਅਤੇ ਸਮਾਜ ਸੁਧਾਰ ਦੇ ਸੁਨੇਹੜੇ ਲੋਕਾਂ ਦੀ ਭਾਸ਼ਾ ਵਿੱਚ ਦੇਣੇ ਬਿਹਤਰ ਸਮਝੇ। ਗੁਰੂ ਸਾਹਿਬ ਦੇ ਇਸ ਰੂਹਾਨੀ ਨਾਦ ਨਾਲ ਪੰਜਾਬੀ ਭਾਸ਼ਾ ਦੀ ਕਾਇਆ ਜਗਮਗਾ ਉੱਠੀ। 1601 ਵਿੱਚ ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰ ਕੇ, ਪੰਜਾਬੀ ਭਾਸ਼ਾ ਨੂੰ ਇੱਕ ਅਮੋਲਕ ਖ਼ਜ਼ਾਨਾ ਦਿੱਤਾ।

     ਸਤਾਰ੍ਹਵੀਂ ਸਦੀ ਦਾ ਸ਼੍ਰੋਮਣੀ ਕਵੀ ਭਾਈ ਗੁਰਦਾਸ ਹੈ ਉਸ ਨੇ 40 ਦੇ ਕਰੀਬ ਵਾਰਾਂ ਲਿਖੀਆਂ ਜਿਨ੍ਹਾਂ ਦੀ ਭਾਸ਼ਾ ਪੰਜਾਬੀ ਦੇ ਬਹੁ-ਭਾਂਤੇ ਸ਼ਬਦ ਭੰਡਾਰ ਦਾ ਮਹਾਕੋਸ਼ ਹੈ। ਇਸ ਸਦੀ ਦਾ ਬੀਰ-ਰਸੀ ਸਾਹਿਤ ਵੀ ਪੰਜਾਬੀ ਭਾਸ਼ਾ ਦੀ ਭਾਸ਼ਾਈ ਸਮਰੱਥਾ ਨੂੰ ਦ੍ਰਿੜ੍ਹ ਕਰਾਉਂਦਾ ਹੈ। ਅਠਾਰ੍ਹਵੀਂ ਸਦੀ ਦੀ ਚੜ੍ਹਤ ਨਾਲ ਪੰਜਾਬੀ ਭਾਸ਼ਾ ਦਾ ਇੱਕ ਹੋਰ ਨਵਾਂ ਦੌਰ ਸ਼ੁਰੂ ਹੁੰਦਾ ਹੈ। ਇਸ ਦੀ ਸ਼ਾਹਕਾਰ ਰਚਨਾ ‘ਹੀਰ’ ਦੀ ਭਾਸ਼ਾ ਫ਼ਾਰਸੀ ਪ੍ਰਧਾਨ ਹੈ। ਇਸ ਸਦੀ ਦੇ ਸਮੂਹ ਕਿੱਸਾਕਾਰਾਂ ਦੀ ਭਾਸ਼ਾ ਫ਼ਾਰਸੀ ਪ੍ਰਧਾਨ ਹੈ। ਉਨ੍ਹੀਵੀਂ ਸਦੀ ਦੇ ਅੱਧ ਵਿੱਚ ਅੰਗਰੇਜ਼ੀ ਹਕੂਮਤ ਕਾਇਮ ਹੋ ਗਈ। ਇਸ ਸਮੇਂ ਪੰਜਾਬੀ ਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ।ਸਾਹਿਤ ਦੇ ਖੇਤਰ ਵਿੱਚ ਪੱਛਮੀ ਸਾਹਿਤ ਰੂਪ-ਨਾਵਲ, ਕਵਿਤਾ, ਕਹਾਣੀ, ਇਕਾਂਗੀ, ਨਾਟਕ ਆਦਿ ਦੀ ਰਚਨਾ ਹੋਣ ਲੱਗੀ। ਪੰਜਾਬੀ ਵਿੱਚ ਨਵੀਂ ਕਿਸਮ ਦੀ ਭਾਸ਼ਾ ਸ਼ੈਲੀ ਨੇ ਜਨਮ ਲਿਆ।

     1947 ਵਿੱਚ ਭਾਰਤ ਅਜ਼ਾਦ ਹੋ ਗਿਆ। ਅਜ਼ਾਦੀ ਦਾ ਦਿਨ ਭਾਰਤੀ ਇਤਿਹਾਸ ਵਿੱਚ ਬੜਾ ਅਹਿਮ ਮੋੜ ਹੈ। ਪੰਜਾਬੀ ਭਾਸ਼ਾ ਇਸ ਦਿਨ ਤੋਂ ਨਵੇਂ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। ਪੰਜਾਬੀ ਨੂੰ ਰਾਜ ਪ੍ਰਬੰਧ ਅਤੇ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਮਾਨਤਾ ਮਿਲ ਗਈ। ਗਿਆਨ-ਵਿਗਿਆਨ ਅਤੇ ਹੋਰ ਗੰਭੀਰ ਵਿਸ਼ਿਆਂ ਦੇ ਸੂਖਮ ਵਿਚਾਰਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਨੂੰ ਸਮਰੱਥ ਬਣਾਉਣ ਦੀ ਜ਼ੋਰਦਾਰ ਗੱਲ ਛਿੜ ਪਈ। ਇਉਂ ਪਿਛਲੇ ਇੱਕ ਹਜ਼ਾਰ ਸਾਲ ਵਿੱਚ ਪੰਜਾਬੀ ਭਾਸ਼ਾ ਨੇ ਆਪਣੇ ਵਿਕਾਸ ਦੀਆਂ ਅਨੇਕਾਂ ਮੰਜ਼ਲਾਂ ਮੁਕਾਈਆਂ ਹਨ।

     ਅੱਜ ਪੰਜਾਬੀ ਭਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਦਸ ਕਰੋੜ ਤੋਂ ਵੱਧ ਹੈ ਅਤੇ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਇਸ ਦਾ ਦੁਨੀਆ ਦੀਆਂ ਭਾਸ਼ਾਵਾਂ ਵਿੱਚ ਬਾਰਵਾਂ ਨੰਬਰ ਹੈ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 46533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੰਜਾਬੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾਬੀ [ਨਾਂਪੁ] ਪੰਜਾਬੀ ਮੂਲ ਦਾ ਵਿਅਕਤੀ , ਪੰਜਾਬ ਦਾ ਵਸਨੀਕ [ਨਾਂਇ] ਪੰਜਾਬ ਦੇ ਲੋਕਾਂ ਦੀ ਭਾਸ਼ਾ [ਵਿਸ਼ੇ] ਪੰਜਾਬ ਨਾਲ਼ ਸੰਬੰਧਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਜਾਬੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾਬੀ.ਪੰਜਾਬ ਦਾ ਵਸਨੀਕ। ੨ ਪੰਜਾਬ ਦੀ ਭਾ੄੠, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩ ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪ ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.