ਬਾਰਾਂਮਾਹ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਰਾਂਮਾਹ : ਪੰਜਾਬ ਦੇ ਸਾਰੇ ਵਿਦਵਾਨ ਇਹ ਮੰਨਦੇ ਹਨ ਕਿ ਬਾਰਾਂਮਾਹ ਦਾ ਕਾਵਿ ਰੂਪ ਗੁਰੂ ਕਵੀਆਂ ਨੇ ਲੋਕਗੀਤਾਂ ਵਿੱਚੋਂ ਅਪਣਾਇਆ , ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਲੋਕ ਬਾਰਾਂਮਾਹ ਉਪਰ ਕਿਸੇ ਵੀ ਪੰਜਾਬੀ ਲੋਕਧਾਰਾ ਸ਼ਾਸਤਰੀ ਨੇ ਬਹੁਤਾ ਕੰਮ ਨਹੀਂ ਕੀਤਾ । ਜੇਕਰ ਵਣਜਾਰਾ ਬੇਦੀ ਜਿਹੇ ਵਿਦਵਾਨਾਂ ਨੇ ਇਸ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਵੀ ਹੈ ਤਾਂ ਉਹ ਸਾਹਿਤਿਕ ਬਾਰਾਂਮਾਹਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ । ਰਿਤੂ ਵਰਣਨ ਤੋਂ ਬਾਰਾਂਮਾਹ ਦਾ ਵਿਕਾਸ ਅਤੇ ਬਾਰਾਂਮਾਹ ਤੁਖਾਰੀ ਤੋਂ ਲੈ ਕੇ ਉਨ੍ਹੀਵੀਂ ਸਦੀ ਤੱਕ ਦੇ ਬਾਰਾਂਮਾਹਾਂ ਉੱਪਰ ਚਰਚਾ ਕੀਤੀ ਗਈ ਹੈ । ਪਰੰਤੂ ਲੋਕ ਬਾਰਾਂਮਾਹ ਨੂੰ ਧਿਆਨ ਗੋਚਰੇ ਨਹੀਂ ਕੀਤਾ ਗਿਆ । ਲੋਕ ਬਾਰਾਂਮਾਹ ਦੀ ਪਿਰਤ ਬਾਬਾ ਫ਼ਰੀਦ ਤੋਂ ਵੀ ਪਹਿਲਾਂ ਤੱਕ ਜਾਂਦੀ ਹੈ । ਬਾਰਾਂਮਾਹ ਸਾਹਿਤਿਕ ਬਾਰਾਂਮਾਹਾਂ ਦੇ ਸਮਾਨੰਤਰ ਸਿਰਜੇ ਜਾਂਦੇ ਰਹੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚੇ ਹਨ । ਇਹਨਾਂ ਲੋਕ ਬਾਰਾਂਮਾਹਾਂ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਹਨ । ਇਹਨਾਂ ਬਾਰਾਂਮਾਹਾਂ ਵਿੱਚ ਔਰਤ ਬਿਰਹਾ ਦੀ ਸਥਿਤੀ ਵਿੱਚੋਂ ਗੁਜ਼ਰਦੀ ਹੈ । ਉਸ ਦੀਆਂ ਬਿਰਹਾ ਭਾਵਨਾਵਾਂ ਹੀ ਬਾਰਾਂਮਾਹ ਦਾ ਵਿਸ਼ਾ- ਵਸਤੂ ਬਣਦੀਆਂ ਹਨ । ਅਧਿਆਤਮਿਕ ਸਾਹਿਤ ਵਿੱਚ ਜਾ ਕੇ ਇਹੋ ਔਰਤ ਆਦਰਸ਼ਿਕ ਰੂਪ ਵਿੱਚ ਆਤਮਾ ਬਣ ਬਹਿੰਦੀ ਹੈ ਜੋ ਪ੍ਰਮਾਤਮਾ ਪ੍ਰਤਿ ਬਿਰਹਾ ਭੋਗਦੀ ਹੈ । ਬਾਰਾਂਮਾਹ ਵਿੱਚ ਮਰਦ ਪਾਤਰ ਅਸਲੋਂ ਗ਼ਾਇਬ ਹੈ , ਉਸ ਦਾ ਕਿਸੇ ਵੀ ਤਰ੍ਹਾਂ ਦਾ ਹੁੰਗਾਰਾ ਸਾਨੂੰ ਦਿਖਾਈ ਨਹੀਂ ਦਿੰਦਾ । ਜੇਕਰ ਇੱਕ ਅੱਧ ਥਾਂ ਤੇ ਅਜਿਹਾ ਹੋਇਆ ਵੀ ਹੈ ਤਾਂ ਉਹ ਇਸ ਰੂਪ ਵਿੱਚ ਕਿ , ‘ ਪਿਛਲਾ ਭੁੱਲਾ ਨੀ ਖਿਆਲ , ਮੁਸਾਫ਼ਰ ਰਮ ਰਹੇ । `

        ਲੋਕ ਬਾਰਾਂਮਾਹ ਦੀ ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਔਰਤ ਆਪਣੀਆਂ ਭਾਵਨਾਵਾਂ ਧਾਰਮਿਕ ਨਾਇਕ ਦੇ ਓਹਲੇ ਨਾਲ ਪ੍ਰਗਟ ਕਰਦੀ ਹੈ । ਵਿਸ਼ੇਸ਼ ਤੌਰ ਤੇ ਰਾਧਾ ਅਤੇ ਕ੍ਰਿਸ਼ਨ ਦੇ ਪ੍ਰੇਮ ਦੇ ਓਹਲੇ ਵਿੱਚ । ਜਿਸ ਸਮਾਜ ਵਿੱਚ ਔਰਤ ਲਈ ਮਨ ਦੀ ਸਿੱਧੀ ਗੱਲ ਕਹਿਣੀ ਸੰਭਵ ਨਾ ਹੋਵੇ , ਉਥੇ ਅਜਿਹਾ ਓਹਲਾ ਲੈਣ ਦੀ ਲੋੜ ਪੈਂਦੀ ਹੈ ।

        ਲੋਕ ਬਾਰਾਂਮਾਹ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਕਿਉਂਕਿ ਇਹ ਔਰਤ ਦੀ ਰਚਨਾ ਹੈ , ਇਸ ਲਈ ਇਸ ਵਿੱਚ ਕੇਵਲ ਬਿਰਹਾ ਦੀ ਸਥਿਤੀ ਦਾ ਹੀ ਵਰਣਨ ਹੈ , ਮਿਲਾਪ ਦੀ ਸਥਿਤੀ ਦਾ ਨਹੀਂ । ਕਾਲਪਨਿਕ ਪੱਧਰ ਤੇ ਅਧਿਆਤਮਿਕ ਖੇਤਰ ਵਿੱਚ ਇਹ ਭਾਵੇਂ ਸੰਭਵ ਹੋਵੇ ਪਰੰਤੂ ਯਥਾਰਥਿਕ ਜੀਵਨ ਵਿੱਚ ਇਹ ਸੰਭਵ ਨਹੀਂ ਹੈ ।

        ਲੋਕ ਬਾਰਾਂਮਾਹ ਵਿੱਚ ਬਿਰਹਾ ਦਾ ਕਾਰਨ ਪਤੀ ਦਾ ਪਰਵਾਸਗਮਨ ਹੈ । ਪਤੀ ਆਰਥਿਕ ਲੋੜਾਂ ਦੀ ਪੂਰਤੀ ਕਰਨ ਦੀ ਖਾਤਰ ਸਾਲਾਂ ਬੱਧੀ ਘਰ ਤੋਂ ਦੂਰ ਰਹਿੰਦਾ ਹੈ ਜਿਸ ਕਾਰਨ ਬਾਰਾਂਮਾਹ ਵਿੱਚ ਬਿਰਹਾ ਦੀ ਤੀਬਰਤਾ ਨੂੰ ਪਛਾਣਿਆ ਜਾ ਸਕਦਾ ਹੈ ।

        ਲੋਕ ਬਾਰਾਂਮਾਹ ਵਿੱਚ ਹਰ ਮਹੀਨੇ ਦੇ ਸਮਾਜਿਕ , ਸੱਭਿਆਚਾਰਿਕ ਤੇ ਕੁਦਰਤੀ ਸੰਦਰਭ ਹਨ । ਇੱਥੇ ਜੇਠ- ਜਠਾਣੀਆਂ ਹਨ , ਦੁਪੱਟਿਆਂ ਦਾ ਜ਼ਿਕਰ ਹੈ , ਸਾਉਣ ਦੀਆਂ ਪੀਂਘਾਂ ਹਨ , ਉੱਡਦੀਆਂ ਭੰਬੀਰੀਆਂ ਹਨ ਅਤੇ ਬਾਗ਼ੀਂ ਪਪੀਹਾ ਬੋਲਦਾ ਹੈ । ਸੱਸੂ ਨੂੰ ਤਾਹਨੇ ਦੇਣ ਦੇ ਦ੍ਰਿਸ਼ ਹਨ , ਸਿਆਲ ਵਿੱਚ ਲੇਫ਼-ਤਲਾਈਆਂ ਭਰਾਉਣ ਦੇ ਕਾਰਜਾਂ ਦਾ ਜ਼ਿਕਰ ਹੈ ਅਤੇ ਫੱਗਣ ਦੀ ਹੋਲੀ ਦੇ ਤਿਉਹਾਰ ਦੇ ਰੰਗ ਹਨ । ਇੱਥੇ ਉਦਾਹਰਨ ਲਈ ਕੁਝ ਪੰਕਤੀਆਂ ਦੇਖੀਆਂ ਜਾ ਸਕਦੀਆਂ ਹਨ :

                                    -              ਚੜ੍ਹਿਆ ਮਹੀਨਾ ਅੱਸੂ , ਨੀ ਸੁਣ ਮੇਰੀ ਸੱਸੂ ,

                                                        ਨੀ ਸੱਸੂ ਬੜਬੋਲੀਏ ।

                                                        ਤੇਰਾ ਪੁੱਤ ਵੱਸੇ ਪਰਦੇਸ , ਨੀ ਕੀਹਦੇ ਨਾਲ ਬੋਲੀਏ ।

                                    -              ਚੜ੍ਹਿਆ ਮਹੀਨਾ ਵਸਾਖ , ਚਿੱਤ ਨੀ ਉਦਾਸ ,

                                                        ਸਹੀਉ ਨੀ ਮੈਂ ਕੀ ਕਰਾਂ ?

                                                        ਮੇਰਾ ਸ਼ਾਮ ਵੱਸੇ ਪਰਦੇਸ , ਕੁਝ ਨੀ ਮੈਂ ਖਾਏ ਮਰਾਂ ।

                                    -              ਕੱਤਕ ਕਹਿਰ ਜੋ ਕੀਤਾ , ਪਿਆਲਾ ਜ਼ਹਿਰ ਦਾ ਪੀਤਾ

                                                        ਹੋਰ ਨਸ਼ਾ ਵੀ ਨਾ ਕੀਤਾ

                                                        ਅਬ ਤੋਂ ਮਿਲ ਜਾ ਮਿਲ ,

                                                        ਜਾ ਜੀ ਸਾਨੂੰ ਕ੍ਰਿਸ਼ਨ ਮੁਰਾਰ ।

        ਬਾਰਾਂਮਾਹ ਕਾਵਿ-ਰੂਪ ਦਾ ਵਿਕਾਸ ਭਾਰਤੀ ਸਾਹਿਤ ਵਿੱਚ ਪ੍ਰਾਪਤ ਖਟ ਰਿਤੂ ਵਰਣਨ ਤੋਂ ਹੋਇਆ ਪ੍ਰਤੀਤ ਹੁੰਦਾ ਹੈ । ਇਸ ਨੂੰ ਰੁਤੀ-ਕਾਵਿ ਵੀ ਆਖਦੇ ਹਨ । ਰੁੱਤਾਂ ਵਾਂਗ ਬਾਰਾਂ ਮਹੀਨਿਆਂ ਦਾ ਅੱਡੋ-ਅੱਡ ਬਾਰਾਂਮਾਹ ਦਾ ਆਧਾਰ ਹੈ । ਵਿਸ਼ੇ ਪੱਖੋਂ ਰੁਤੀ ਨਾਲੋਂ ਬਾਰਾਂਮਾਹ ਦਾ ਵਿਸ਼ੇਸ਼ ਅੰਤਰ ਧਿਆਨ ਦੇਣ ਯੋਗ ਹੈ । ਖਟ ਰਿਤੂ ਵਰਣਨ ਵਿੱਚ ਖ਼ੁਸ਼ੀ ਜਾਂ ਮੰਗਲ ਦੀ ਚਰਚਾ ਵਧੇਰੇ ਹੁੰਦੀ ਸੀ ਜਦ ਕਿ ਬਾਰਾਂਮਾਹ ਵਿੱਚ ਬਿਰਹੋਂ ਦਾ ਬਿਰਤਾਂਤ ਵਧੇਰੇ ਹੁੰਦਾ ਹੈ । ਇਹ ਗੱਲ ਵੀ ਮਹੱਤਵਪੂਰਨ ਹੈ ਕਿ ਬਾਰਾਂਮਾਹ ਵਿੱਚ ਬਿਰਹੋਂ ਤੇ ਦੁੱਖਾਂ ਦਾ ਗਿਆਰ੍ਹਾਂ ਮਹੀਨੇ ਵਿੱਚ ਚਿਤਰਨ ਕਰਨ ਉਪਰੰਤ ਅੰਤਲੇ ਮਹੀਨੇ ਵਿੱਚ ਖ਼ੁਸ਼ੀਆਂ ਦਾ ਚੰਨ ਚੜ੍ਹਦਾ ਹੈ । ਇਸ ਪ੍ਰਕਾਰ ਬਾਰਾਂਮਾਹ ਵਿਜੋਗਣ ਇਸਤਰੀ ਦੇ ਹਰ ਮਹੀਨੇ ਮਹਿਸੂਸ ਕੀਤੇ ਦੁੱਖਾਂ ਤੇ ਵੇਦਨਾਵਾਂ ਦਾ ਚਿਤਰਨ ਕਰਨ ਵਾਲਾ ਲੋਕ-ਕਾਵਿ ਦਾ ਇੱਕ ਰੂਪ ਹੈ ਜਿਸ ਦੀ ਵਰਤੋਂ ਬਾਅਦ ਵਿੱਚ ਵਿਸ਼ਿਸ਼ਟ ਕਾਵਿ ਵਿੱਚ ਵੀ ਭਰਪੂਰ ਰੂਪ ਵਿੱਚ ਹੋਈ । ਬਾਰਾਂਮਾਹ ਵਿੱਚ ਬਾਰਾਂ ਮਹੀਨਿਆਂ ਦਾ ਕ੍ਰਮਵਾਰ ਨਾਮ ਲੈ ਕੇ ਹੀ ਵੱਖ-ਵੱਖ ਬੰਦ ਰਚੇ ਜਾਂਦੇ ਹਨ ।

                ਸਾਹਿਤ ਵਿੱਚ ਬਾਰਾਂਮਾਹ ਦੀ ਪਰੰਪਰਾ ਬਹੁਤ ਪੁਰਾਣੀ ਹੈ । ਮਲਕ ਮੁਹੰਮਦ ਜਾਇਸੀ ਦੀ ਪ੍ਰਸਿੱਧ ਰਚਨਾ ਪਦਮਾਵਤ ( 928 ) ਵਿੱਚ ਵੀ ਇੱਕ ਬਾਰਾਂਮਾਹ ਪ੍ਰਾਪਤ ਹੈ । ਗਿਆਰ੍ਹਵੀਂ ਸਦੀ ਦੇ ਮਸਊਦ ਸੁਲੇਮਾਨ ਲਾਹੌਰੀ ( 1047-1122 ) ਦਾ ਫ਼ਾਰਸੀ ਵਿੱਚ ਲਿਖਿਆ ਬਾਰਾਂਮਾਹ ਵੀ ਇਸ ਕਾਵਿ-ਰੂਪ ਦੀ ਪੁਰਾਤਨਤਾ ਦਾ ਪ੍ਰਮਾਣ ਹੈ । ਪੰਜਾਬੀ ਵਿੱਚ ਗੁਰੂ ਨਾਨਕ ਰਚਿਤ ਬਾਰਾਂਮਾਹ ਤੁਖਾਰੀ ਸਾਡੀ ਬੋਲੀ ਦੇ ਵਿਸ਼ਿਸ਼ਟ ਸਾਹਿਤ ਦੇ ਖੇਤਰ ਵਿੱਚ ਸਭ ਤੋਂ ਪੁਰਾਣੀ ਰਚਨਾ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੱਕ ਇਹ ਕਾਵਿ-ਰੂਪ ਲੋਕ ਸਾਹਿਤ ਵਿੱਚ ਬਹੁਤ ਹਰਮਨਪਿਆਰਾ ਹੋ ਚੁੱਕਾ ਸੀ । ਗੁਰੂ ਨਾਨਕ ਦੇਵ ਨੇ ਵਿਸ਼ੇ ਪੱਖੋਂ ਇਸ ਕਾਵਿ-ਰੂਪ ਵਿੱਚ ਵਿਸ਼ੇਸ਼ ਪਰਿਵਰਤਨ ਕੀਤਾ ਹੈ । ਉਹਨਾਂ ਨੇ ਦੁਨਿਆਵੀ ਪ੍ਰੀਤ ਦੀ ਥਾਂ ਅਧਿਆਤਮਿਕ ਪ੍ਰੇਮ ਨੂੰ ਇਸ ਦਾ ਵਿਸ਼ਾ ਬਣਾਇਆ । ਗੁਰੂ ਨਾਨਕ ਰਚਿਤ ਬਾਰਾਂਮਾਹ ਬਿਰਹਣ ਆਤਮਾ ਦੇ ਪਿਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਅਤੇ ਉਸ ਦੇ ਪਿਰ ਨਾਲ ਸੰਜੋਗ ਦੁਆਲੇ ਉਸਾਰਿਆ ਗਿਆ ਹੈ । ਇਹੀ ਹਾਲ ਗੁਰੂ ਅਰਜਨ ਦੇਵ ਰਚਿਤ ਬਾਰਾਂਮਾਹ ਮਾਝ ਦਾ ਹੈ । ਇਹ ਰਚਨਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਹੈ । ਦੋਵੇਂ ਰਚਨਾਵਾਂ ਵਿੱਚੋਂ ਨਮੂਨੇ ਵਜੋਂ ਇੱਕ ਇੱਕ ਤੁਕ ਵੇਖੋ :

                1.              ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥

                                    ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥

                                                                          ( ਗੁਰੂ ਨਾਨਕ ਰਚਿਤ ਬਾਰਾਂਮਾਹ ਤੁਖਾਰੀ )

                2.              ਮਾਘਿ ਮਜਨ ਸੰਗਿ ਸਾਧੂਆਂ ਧੂੜੀ ਕਰਿ ਇਸਨਾਨੁ ॥

                                    ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥

                                                                          ( ਗੁਰੂ ਅਰਜਨ ਰਚਿਤ ਬਾਰਾਂਮਾਹ ਮਾਝ )

        ਜਿਵੇਂ ਕਿ ਗੁਰੂ ਅਰਜਨ ਰਚਿਤ ਬਾਰਾਂਮਾਹ ਦੀ ਤੁਕ ਤੋਂ ਹੀ ਸੰਕੇਤ ਮਿਲਦਾ ਹੈ , ਅਧਿਆਤਮਿਕ ਵਿਸ਼ਾ ਹੋਣ ਦੇ ਬਾਵਜੂਦ ਇਸ ਵਿੱਚ ਵਿਸ਼ੇ ਪੱਖੋਂ ਸੂਖਮ ਪਰਿਵਰਤਨ ਹੋਣ ਲੱਗੇ ਹਨ । ਪ੍ਰੇਮ ਜਾਂ ਬਿਰਹਾ ਦੇ ਚਿਤਰਨ ਦੇ ਨਾਲ- ਨਾਲ ਉਪਦੇਸ਼ ਦਾ ਪੱਖ ਇਸ ਰਚਨਾ ਵਿੱਚ ਵਧੇਰੇ ਉਜਾਗਰ ਹੁੰਦਾ ਹੈ । ਪ੍ਰਕਿਰਤੀ ਚਿਤਰਨ ਤੇ ਭਾਵ-ਚਿਤਰਨ ਦੋਵੇਂ ਹੀ ਇਸ ਕਾਵਿ-ਰੂਪ ਵਿੱਚ ਨਾਲ-ਨਾਲ ਤੁਰਦੇ ਹਨ ।

        ਦਸਮ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਵਿੱਚ ਦੋ ਬਾਰਾਂਮਾਹ ਪ੍ਰਾਪਤ ਹਨ । ਸੂਫ਼ੀ ਕਵੀਆਂ ਵਿੱਚੋਂ ਅਲੀ ਹੈਦਰ ਦਾ ਬਾਰਾਂਮਾਹ ਸਭ ਤੋਂ ਪੁਰਾਣਾ ਹੈ । ਕਿੱਸਾ ਕਵੀਆਂ ਵਿੱਚ ਹਾਫ਼ਿਜ਼ ਬਰਖ਼ੁਰਦਾਰ ਤੇ ਹਾਸ਼ਮ ਦੇ ਬਾਰਾਂਮਾਹ ਪ੍ਰਸਿੱਧ ਹਨ । ਪੰਜਾਬ ਤੇ ਪੰਜਾਬੀ ਭਾਸ਼ਾ ਵਿੱਚ ਕੁੱਲ ਮਿਲਾ ਕੇ ਇਸ ਕਾਵਿ ਰੂਪ ਦੀ ਪਰੰਪਰਾ ਕੋਈ ਇੱਕ ਹਜ਼ਾਰ ਸਾਲ ਪੁਰਾਣੀ ਹੈ । ਪੁਰਾਤਨ ਤੇ ਮੱਧਕਾਲੀ ਸਾਹਿਤ ਦੇ ਸਿਰੜੀ ਖੋਜੀ ਪਿਆਰਾ ਸਿੰਘ ਪਦਮ ਨੇ ਇਸ ਲੰਬੀ ਪਰੰਪਰਾ ਵਿੱਚੋਂ 112 ਬਾਰਾਂਮਾਹ ਛਾਂਟ ਕੇ ਪ੍ਰਕਾਸ਼ਿਤ ਕੀਤੇ ਸਨ ਅਤੇ 207 ਹੋਰ ਬਾਰਾਂਮਾਹਾਂ ਦੀ ਸੂਚੀ ਵੀ ਦਿੱਤੀ ਸੀ । ਇਹਨਾਂ ਵਿੱਚ ਕ੍ਰਿਸ਼ਨ ਭਗਵਾਨ ਪ੍ਰਤਿ ਗੋਪੀਆਂ ਦੇ ਪ੍ਰੇਮ ਨਾਲ ਸੰਬੰਧਿਤ ਰਚਨਾਵਾਂ ਸ਼ਾਮਲ ਹਨ । ਹੀਰ , ਸੱਸੀ , ਸੋਹਣੀ ਆਦਿ ਨਾਲ ਸੰਬੰਧਿਤ ਬਾਰਾਂਮਾਹ ਹਨ । ਸੁੱਖਾ ਸਿੰਘ ਦਾ ਬਾਰਾਂਮਾਹ ਹੀਰ ਕਾ ਅਤੇ ਕਰੀਮ ਬਖ਼ਸ਼ ਦਾ ਬਾਰਾਂਮਾਹ ਸੱਸੀ ਕਾ ਪ੍ਰਸਿੱਧ ਰਚਨਾਵਾਂ ਹਨ । ਗਿਆਨ ਤੇ ਵੈਰਾਗ ਦੀ ਸਿੱਖਿਆ ਪੱਖੋਂ ਮੋਤੀ ਰਾਮ ਦਾ ਬਾਰਾਂਮਾਹ ਪ੍ਰਸਿੱਧ ਹੈ । ਇਸ ਵਿੱਚ ਸੰਸਾਰ ਦੀ ਨਾਸ਼ਮਾਨਤਾ ਦੱਸ ਕੇ ਜੀਵ ਨੂੰ ਮਾਇਆ ਦਾ ਮਾਣ ਛੱਡ ਨਿਮਰਤਾ ਵਾਲਾ ਜੀਵਨ ਜਿਊਂਣ ਦਾ ਉਪਦੇਸ਼ ਦਿੱਤਾ ਗਿਆ ਹੈ । ਪ੍ਰਸੰਗਾਤਮਿਕ ਬਾਰਾਂਮਾਹ ਵਿੱਚ ਪ੍ਰੇਮ ਜਾਂ ਵੈਰਾਗ ਦੀ ਲੰਮੀ ਕਥਾ ਪੇਸ਼ ਹੁੰਦੀ ਹੈ । ‘ ਢੋਲ ਸੰਮੀ ਦਾ` ਬਾਰਾਂਮਾਹ ਇਸ ਦੀ ਉਦਾਹਰਨ ਹੈ । ਬਾਰਾਂਮਾਹ ਦੇ ਕਈ ਵਿਸ਼ੇ ਸਾਮ੍ਹਣੇ ਆ ਚੁੱਕੇ ਹਨ । ਕਈ ਕਿਸਮਾਂ ਬਣ ਗਈਆਂ ਹਨ , ਜਿਵੇਂ ਪ੍ਰੇਮਾਤਮਿਕ , ਉਪਦੇਸ਼ਾਤਮਿਕ , ਪ੍ਰਸੰਸਾਤਮਿਕ ।

        ਬਾਰਾਂਮਾਹ ਲਈ ਛੰਦ ਦੀ ਵਰਤੋਂ ਉੱਤੇ ਕੋਈ ਬੰਦਸ਼ ਨਹੀਂ । ਬੁੱਲ੍ਹੇਸ਼ਾਹ ਨੇ ਦੋਹਰੇ ਦੀ ਵਰਤੋਂ ਕੀਤੀ ਹੈ । ਸ਼ਾਹਮੁਰਾਦ ਨੇ ਹਰ ਮਹੀਨੇ ਲਈ ਦੋਹਰੇ ਤੇ ਝੂਲਨੇ ਛੰਦ ਦੋਹਾਂ ਨੂੰ ਵਰਤਿਆ ਹੈ । ਡਿਉਢ , ਕਾਫ਼ੀ , ਬੈਂਤ ਆਦਿ ਵਿੱਚ ਵੀ ਬਾਰਾਂਮਾਹ ਰਚੇ ਗਏ ਹਨ । ਬਾਰਾਂਮਾਹ ਵਿੱਚ ਮਹੀਨਿਆਂ ਦੇ ਨਾਮ ਦੇਸੀ ਹਨ , ਅੰਗਰੇਜ਼ੀ ਨਹੀਂ ਕਿਉਂਕਿ ਇਹ ਕਾਵਿ ਰੂਪ ਨਿਰੋਲ ਸਾਡੇ ਆਪਣੇ ਦੇਸ ਦੀ ਉਪਜ ਹੈ । ਜਨਵਰੀ , ਫ਼ਰਵਰੀ ਵਾਲੀ ਪੱਛਮੀ ਪਰੰਪਰਾ ਨਾਲ ਇਸ ਦਾ ਉਕਾ ਕੋਈ ਸੰਬੰਧ ਨਹੀਂ । ਇਹ ਜ਼ਰੂਰੀ ਹੈ ਕਿ ਕਵੀ ਆਪੋ-ਆਪਣੀ ਮਨਮਰਜ਼ੀ ਨਾਲ ਭਿੰਨ-ਭਿੰਨ ਮਹੀਨਿਆਂ ਤੋਂ ਬਾਰਾਂਮਾਹ ਦਾ ਅਰੰਭ ਕਰ ਲੈਂਦੇ ਹਨ । ਫਿਰ ਵੀ ਬਹੁਤੇ ਬਾਰਾਂਮਾਹ ਚੇਤ ਤੋਂ ਸ਼ੁਰੂ ਹੁੰਦੇ ਹਨ ਜੋ ਦੇਸੀ ਸਾਲ ਦਾ ਪਹਿਲਾ ਮਹੀਨਾ ਹੈ । ਬੁੱਲ੍ਹੇ ਦਾ ਬਾਰਾਂਮਾਹ ਅੱਸੂ ਤੋਂ ਸ਼ੁਰੂ ਹੁੰਦਾ ਹੈ । ਕਈਆਂ ਕਵੀਆਂ ਨੇ ਕੱਤਕ ਤੋਂ ਸ਼ੁਰੂ ਕੀਤਾ ਹੈ ।

    ਇਸ ਕਾਵਿ ਰੂਪ ਦੀ ਵਰਤੋਂ ਅਠਾਰਵੀਂ , ਉਨ੍ਹੀਵੀਂ ਤੇ ਵੀਹਵੀਂ ਸਦੀ ਤੱਕ ਨਿਰੰਤਰ ਪ੍ਰਤਿਭਾਸ਼ੀਲ ਕਵੀਆਂ ਨੇ ਕੀਤੀ ਹੈ । ਮੌਲਾ ਬਖ਼ਸ਼ ਕੁਸ਼ਤਾ ਦੀ ਹੀਰ , ਝੰਡੇ ਸ਼ਾਹ ਦੀ ਸੋਹਣੀ , ਸਦਾ ਰਾਮ ਦੀ ਸੱਸੀ ਤੇ ਦੌਲਤ ਰਾਮ ਦੇ ਰੂਪ ਬਸੰਤ ਸਭ ਵਿੱਚ ਬਾਰਾਂਮਾਹ ਪ੍ਰਾਪਤ ਹੈ । ਆਧੁਨਿਕ ਪੰਜਾਬੀ ਕਵੀਆਂ ਵਿੱਚ ਭਾਈ ਵੀਰ ਸਿੰਘ ਰਚਿਤ ਕੰਤ ਮਹੇਲੀ ਦਾ ਬਾਰਾਂਮਾਹ ਪਹਿਲੀ ਵਰਣਨਯੋਗ ਰਚਨਾ ਹੈ । ਮੌਲਾ ਬਖ਼ਸ਼ ਕੁਸ਼ਤਾ ਤੇ ਅੰਮ੍ਰਿਤਾ ਪ੍ਰੀਤਮ ਦੇ ਬਾਰਾਂਮਾਹ ਸਾਦਗੀ , ਵਿਚਾਰ ਤੇ ਪ੍ਰਭਾਵ ਪੱਖੋਂ ਮਹੱਤਵਪੂਰਨ ਰਚਨਾਵਾਂ ਹਨ । ਦੋਹਾਂ ਵਿੱਚੋਂ ਇੱਕ-ਇੱਕ ਟੂਕ ਵੇਖੋ :

              1.                ਓ ਟਾਹਲੀ ਦਿਓ ਪੱਤਿਓ! ਚੜ੍ਹਿਆ ਆ ਕੇ ਜੇਠ

                                    ਪੁੱਛੇ ਕੌਣ ਗ਼ਰੀਬ ਨੂੰ ਐਸ਼ਾਂ ਕਰਦੇ ਸੇਠ ।   ( ਕੁਸ਼ਤਾ )

              2.              ਕਿੱਕਰਾ ਵੇ ਕੰਡਿਆਲਿਆ ! ਉਤੋਂ ਚੜ੍ਹਿਆ ਜੇਠ ।

                                    ਉਸਲ ਵੱਟੇ ਭੰਨਦੀ , ਧਰਤੀ ਤੇਰੇ ਹੇਠ ।   ( ਅੰਮ੍ਰਿਤਾ )

        ਇਸ ਕਾਵਿ-ਰੂਪ ਦਾ ਮੂਲ ਸਰੂਪ ਬਿਰਤਾਂਤਿਕ ਤੇ ਵਰਣਨਾਤਮਿਕ ਸੀ । ਇਸ ਵਿੱਚ ਪੇਸ਼ ਵਰਣਨ ਮਹੀਨੇ ਦੀ ਵਿਸ਼ੇਸ਼ਤਾ ਅਨੁਸਾਰ ਤੁਰਦਾ ਸੀ । ਲੋਕ-ਕਾਵਿ ਤੇ ਵਿਸ਼ਿਸ਼ਟ ਕਾਵਿ ਵਿੱਚ ਕਵੀਆਂ ਨੇ ਇਸ ਨੂੰ ਪ੍ਰਗੀਤ ਕਾਵਿ ਵਜੋਂ ਵੀ ਵਰਤਿਆ ਹੈ । ਅੰਮ੍ਰਿਤਾ ਤੇ ਕੁਸ਼ਤਾ ਜਿਹੇ ਕਵੀਆਂ ਦੇ ਬਾਰਾਂਮਾਹ ਸਿੱਧੀ ਸੰਬੋਧਨੀ ਸ਼ੈਲੀ ਦੇ ਧਾਰਨੀ ਹਨ ਜਿਨ੍ਹਾਂ ਵਿੱਚ ਜਾਗ੍ਰਿਤ ਤੇ ਨਰੋਈ ਸੋਚ ਨੂੰ ਪੇਸ਼ ਕਰਨ ਉੱਤੇ ਬੱਲ ਹੈ ।


ਲੇਖਕ : ਕਰਮਜੀਤ ਸਿੰਘ, ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਾਰਾਂਮਾਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਰਾਂਮਾਹ ( ਨਾਂ , ਪੁ , ਬ ) 1 ਸਾਲ ਦੇ ਬਾਰਾਂ ਮਹੀਨੇ 2 ਬਾਰਾਂ ਮਹੀਨਿਆਂ ਨੂੰ ਆਧਾਰ ਬਣਾ ਕੇ ਰਚਿਆ ਗਿਆ ਕਾਵਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.