ਭਾਸ਼ਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਸ਼ਾ: ਅਸੀਂ ਸਾਰੇ ਭਾਸ਼ਾ ਬੋਲਦੇ ਹਾਂ, ਇਸ ਲਈ ਅਚੇਤ ਰੂਪ ਵਿੱਚ ਤਾਂ ਅਸੀਂ ਜਾਣਦੇ ਹਾਂ ਕਿ ਭਾਸ਼ਾ ਕੀ ਹੈ। ਪਰ ਜੇ ਸੁਚੇਤ ਤੌਰ ’ਤੇ ਸੁਭਾਵਿਕ ਹੀ ਕਿਸੇ ਨੂੰ ਪੁੱਛ ਲਿਆ ਜਾਵੇ ਕਿ ਭਾਸ਼ਾ ਕੀ ਹੈ? ਇਸ ਦਾ ਸਿਧਾ-ਸਾਦਾ ਉੱਤਰ ਹੋਵੇਗਾ ਕਿ ਭਾਸ਼ਾ ਉਹ ਹੈ ਜਿਸ ਨਾਲ ਬੰਦਾ ਆਪਣੇ ਧੀਆਂ-ਪੁੱਤਰਾਂ, ਦੋਸਤਾਂ-ਮਿੱਤਰਾਂ ਜਾਂ ਸਾਕ- ਸੰਬੰਧੀਆਂ ਨਾਲ ਗੱਲ-ਬਾਤ ਕਰਦਾ ਹੈ। ਇਸ ਸੁਭਾਵਿਕ ਉੱਤਰ ਵਿੱਚੋਂ ਹੀ ਭਾਸ਼ਾ ਦੀ ਇੱਕ ਸਧਾਰਨ ਜਿਹੀ ਪਰਿਭਾਸ਼ਾ ਉਪਜੀ ਹੈ ਕਿ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ, ਭਾਵ ਅਤੇ ਇੱਛਾਵਾਂ ਆਦਿ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ। ਪਰ ਮਨੁੱਖ ਆਪਣੇ ਹਾਵ-ਭਾਵ, ਵਿਚਾਰ, ਇੱਛਾਵਾਂ ਤਾਂ ਇਸ਼ਾਰਿਆਂ ਨਾਲ ਵੀ ਪ੍ਰਗਟ ਕਰ ਲੈਂਦਾ ਹੈ; ਤਾਂ ਕੀ ਇਹ ਇਸ਼ਾਰੇ ਵੀ ਭਾਸ਼ਾ ਹਨ? ਜੇ ਇਸ਼ਾਰੇ ਵੀ ਭਾਸ਼ਾ ਹਨ ਤਾਂ ਇਹ ਸਮੁੱਚੀ ਕੁਦਰਤ ਵੀ ਬੋਲਦੀ ਹੈ। ਇਸ ਹਿਸਾਬ ਨਾਲ ਤਾਂ ਰੁੱਖਾਂ ਦੀ, ਬੱਦਲਾਂ ਦੀ, ਪਾਣੀਆਂ ਦੀ ਅਤੇ ਅੱਗ ਦੀ ਵੀ ਬੋਲੀ ਹੁੰਦੀ ਹੈ। ਮੁੱਢਲਾ ਮਨੁੱਖ ਇਵੇਂ ਹੀ ਸੋਚਦਾ ਸੀ। ਉਸ ਅਨੁਸਾਰ ਕੁਦਰਤ ਮਨੁੱਖ ਨੂੰ ਚੇਤਾਵਨੀ ਦੇਣ, ਡਰਾਉਣ, ਧਮਕਾਉਣ ਅਤੇ ਉਤਸ਼ਾਹ ਦੇਣ ਲਈ ਮਨੁੱਖ ਨਾਲ ਬੋਲਦੀ ਹੈ। ਜੇ ਅਸੀਂ ਭਾਸ਼ਾ ਦਾ ਅਰਥ ਸੰਚਾਰ ਕਰਨਾ ਹੀ ਸਮਝੀਏ ਤਾਂ ਕੁਦਰਤ ਵੀ ਸੰਚਾਰ ਕਰਦੀ ਹੈ। ਹਿੱਲਦੀਆਂ ਟਾਹਣੀਆਂ ਤੇਜ ਹਵਾ ਚੱਲਣ ਦੀ ਸੂਚਨਾ ਦਿੰਦੀਆਂ ਹਨ। ਕਾਲੀਆਂ ਘਟਾਵਾਂ ਤੋਂ ਕਿਸੇ ਆਉਣ ਵਾਲੇ ਤੂਫ਼ਾਨ ਦਾ ਸੰਕੇਤ ਮਿਲਦਾ ਹੈ। ਧੂੰਆਂ ਅੱਗ ਦਾ ਸੂਚਕ ਹੈ। ਇਸ ਤਰ੍ਹਾਂ ਦੀ ਜਾਣਕਾਰੀ ਤਾਂ ਪਸ਼ੂ-ਪੰਛੀ ਵੀ ਆਪਣੇ ਸਾਥੀਆਂ ਨੂੰ ਦੇ ਸਕਦੇ ਹਨ। ਪਰ ਕੁਦਰਤ ਜਾਂ ਪਸ਼ੂ ਪੰਛੀ ਜਾਣਕਾਰੀ ਦਿੰਦੇ ਹਨ ਪਰ ਗੱਲ-ਬਾਤ ਨਹੀਂ ਕਰ ਸਕਦੇ। ਗੱਲ-ਬਾਤ ਕੇਵਲ ਮਨੁੱਖ ਹੀ ਕਰ ਸਕਦਾ ਹੈ। ਨਾਲੇ ਸਾਡਾ ਗੱਲਾਂ-ਬਾਤਾਂ ਕਰਨਾ, ਸਾਡੇ ਖਾਣ-ਪੀਣ, ਤੁਰਨ-ਫਿਰਨ ਅਤੇ ਸੌਣ ਵਾਂਗ ਹੀ ਸੁਭਾਵਿਕ ਹੈ। ਇਸ ਲਈ ਇਸ ਤੱਥ ਵੱਲ ਵੀ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਕਿ ਸਾਡੀ ਬਾਤ-ਚੀਤ ਦੀ ਸੁਭਾਵਿਕਤਾ ਕੇਵਲ ਜ਼ਾਹਰਾ ਹੈ। ਮਨੁੱਖੀ ਭਾਸ਼ਾ/ਬੋਲੀ ਉਂਞ ਹੀ ਜਨਮਜਾਤ ਨਹੀਂ ਇਹ ਸਾਨੂੰ ਉਸ ਸਮਾਜ ਨੇ ਸਿਖਾਈ ਹੈ, ਜਿਸ ਵਿੱਚ ਅਸੀਂ ਰਹਿੰਦੇ ਹਾਂ।

     ਇਸ ਤਰ੍ਹਾਂ ਭਾਸ਼ਾ ਸ੍ਵੈ-ਇੱਛਾ ਨਾਲ ਮੂੰਹੋਂ ਉਚਾਰੀਆਂ ਧੁਨੀਆਂ ਰਾਹੀਂ ਸਿਰਜਿਆ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵ-ਵਿਚਾਰ ਅਤੇ ਇੱਛਾਵਾਂ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਪਰ ਮਨੁੱਖ ਦਾ ਸਮਾਜੀਕਰਨ ਭਾਸ਼ਾ ਬਿਨਾਂ ਸੰਭਵ ਨਹੀਂ। ਇਸ ਲਈ ਭਾਸ਼ਾਈ ਸੰਚਾਰ ਸਮਾਜਿਕ ਪ੍ਰਕਿਰਤੀ ਵਾਲਾ ਹੁੰਦਾ ਹੈ। ਇੱਥੇ ਇੱਕ ਹੋਰ ਸ਼ੰਕਾ ਪੈਦਾ ਹੋ ਸਕਦਾ ਹੈ ਕਿ ਜੇ ਭਾਸ਼ਾ ਮੂੰਹੋਂ ਉਚਾਰੀਆਂ ਧੁਨੀਆਂ ਜਾਂ ਅਵਾਜਾਂ ਨਾਲ ਬਣਦੀ ਹੈ ਤਾਂ ਫਿਰ ਕੀ ਲਿਖਤ ਰਾਹੀਂ ਪ੍ਰਗਟ ਕੀਤੇ ਵਿਚਾਰਾਂ ਨੂੰ ਭਾਸ਼ਾ ਨਹੀਂ ਮੰਨਿਆ ਜਾਵੇਗਾ। ਪਰ ਲਿਖੀ ਹੋਈ ਭਾਸ਼ਾ ਵੀ ਅਸਲ ਵਿੱਚ ਬੋਲੀ ਹੋਈ ਜਾਂ ਉਚਾਰੀ ਹੋਈ ਭਾਸ਼ਾ ਦਾ ਹੀ ਅੱਖਰਾਂ ਜਾਂ ਲਿਪੀ-ਚਿੰਨ੍ਹਾਂ ਨਾਲ ਅੰਕਿਤ ਕੀਤਾ ਸਰੂਪ ਹੈ ਜਾਂ ਅਸੀਂ ਇਉਂ ਵੀ ਕਹਿ ਸਕਦੇ ਹਾਂ ਬੋਲੀ ਹੋਈ ਭਾਸ਼ਾ ਦਾ ਸੰਭਾਲ ਕੇ ਰੱਖਿਆ ਰੂਪ ਹੈ। ਲਿਪੀ ਦੇ ਅੱਖਰ ਉਚਰਿਤ ਧੁਨੀਆਂ ਨੂੰ ਹੀ ਲਿਖਤ ਵਿੱਚ ਪੇਸ਼ ਕਰਨ ਵਾਲੇ ਚਿੰਨ੍ਹ ਹਨ। ਵੱਖ-ਵੱਖ ਭਾਸ਼ਾ ਦੀ ਵੱਖ-ਵੱਖ ਲਿਪੀ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ‘ਗੁਰਮੁਖੀ’ ਹੈ। ਹਿੰਦੀ ਭਾਸ਼ਾ ਦੀ ਲਿਪੀ ‘ਦੇਵਨਾਗਰੀ’ ਹੈ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਦਾ ਨਾਂ ‘ਰੋਮਨ’ ਹੈ। ਕਿਸੇ ਵੀ ਭਾਸ਼ਾ ਦੀ ਲਿਪੀ ਦਾ ਆਪਣਾ ਇੱਕ ਨਿਯਮਬੱਧ ਪ੍ਰਬੰਧ ਹੁੰਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਲਿਪੀ ਚਿੰਨ੍ਹਾਂ ਦੀ ਗਿਣਤੀ ਵੀ ਵੱਖ- ਵੱਖ ਹੁੰਦੀ ਹੈ। ਹਰੇਕ ਲਿਪੀ ਚਿੰਨ੍ਹ ਦੇ ਤਿੰਨ ਪੱਖ ਹੁੰਦੇ ਹਨ-ਲਿਪੀ ਚਿੰਨ੍ਹ ਦਾ ਸ਼ਕਲ, ਨਾਮ ਅਤੇ ਧੁਨੀ। ਮਿਸਾਲ ਵਜੋਂ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਦਾ ਇੱਕ ਲਿਪੀ ਚਿੰਨ੍ਹ (ਕ) ਹੈ। ਇਸ ਦੇ ਤਿੰਨਾਂ ਪੱਖਾਂ ਨੂੰ ਹੇਠ ਲਿਖੇ ਅਨੁਸਾਰ ਦਰਸਾਇਆ ਗਿਆ ਹੈ :

                   (ਕ)     -        ਸ਼ਕਲ

                   ਕੱਕਾ     -        ਨਾਮ

                   /ਕ/    -        ਧੁਨੀ

     ਲਿਪੀ ਦੇ ਚਿੰਨ੍ਹਾਂ ਦੀ ਸ਼ਕਲ ਅਤੇ ਧੁਨੀ ਦੇ ਫ਼ਰਕ ਨੂੰ ਸਪਸ਼ਟ ਕਰਨ ਲਈ ਵਿਸ਼ੇਸ਼ ਵਿਧੀ ਵਰਤੀ ਜਾਂਦੀ ਹੈ। ਕੱਕਾ ਦੀ ਧੁਨੀ ਨੂੰ ਦਰਸਾਉਣ ਲਈ ਕੱਕਾ ਨੂੰ ਤਿਰਛੀਆਂ ਲਕੀਰਾਂ /ਕ/ ਵਿੱਚ ਲਿਖਿਆ ਜਾਂਦਾ ਹੈ ਅਤੇ ਕੱਕਾ ਦੀ ਸ਼ਕਲ ਨੂੰ ਦਰਸਾਉਣ ਲਈ (ਕ) ਬਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ।

     ਅਸੀਂ ਜਾਣਦੇ ਹਾਂ ਕਿ ਭਾਸ਼ਾ ਮੂੰਹੋਂ ਉਚਾਰੀਆਂ ਧੁਨੀਆਂ ਨਾਲ ਬਣਦੀ ਹੈ। ਭਾਸ਼ਾ ਦਾ ਮੂਲ ਅੰਸ਼ ਭਾਵੇਂ ਧੁਨੀਆਂ ਹਨ ਪਰ ਇਹਨਾਂ ਧੁਨੀਆਂ ਨੂੰ ਭਾਸ਼ਾ ਬਣਨ ਲਈ ਕਈ ਹੋਰ ਪੜਾਵਾਂ ਵਿੱਚ ਦੀ ਵੀ ਲੰਘਣਾ ਪੈਂਦਾ ਹੈ। ਧੁਨੀਆਂ ਨੂੰ ਸਾਰਥਕ ਤਰੀਕੇ ਜੋੜ ਕੇ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਦੇ ਵਿਉਂਤਬੱਧ ਸੁਮੇਲ ਨਾਲ ਵਾਕ ਬਣਦੇ ਹਨ। ਧੁਨੀਆਂ ਦੇ ਆਪਣੇ ਕੋਈ ਅਰਥ ਨਹੀਂ ਹੁੰਦੇ ਪਰ ਧੁਨੀਆਂ ਦੇ ਸਾਰਥਕ ਸਮੂਹ ਨਾਲ ਬਣੇ ਸ਼ਬਦਾਂ ਦੇ ਅਰਥ ਹੁੰਦੇ ਹਨ। /ਮ,ਅ,ਰ/ ਤਿੰਨ ਧੁਨੀਆਂ ਹਨ। ਇਹਨਾਂ ਦੇ ਆਪਣੇ ਕੋਈ ਅਰਥ ਨਹੀਂ ਹਨ। ਪਰ ਜੇ ਅਸੀਂ ਇਹਨਾਂ ਤਿੰਨਾਂ ਨੂੰ (ਰ+ਅ+ਮ= ਰਾਮ) ਸਾਰਥਕ ਰੂਪ ਵਿੱਚ ਜੋੜ ਦੇਈਏ ਤਾਂ ਸ਼ਬਦ ‘ਰਾਮ’ ਬਣ ਗਿਆ, ਜਿਸ ਦੇ ਅਰਥ ਹਨ।

     ਸ਼ਬਦਾਂ ਦੇ ਵੀ ਭਾਵੇਂ ਅਰਥ ਤਾਂ ਹੁੰਦੇ ਹਨ ਪਰ ਇਕੱਲਾ- ਇਕੱਲਾ ਸ਼ਬਦ ਬੋਲਿਆਂ ਵੀ ਪੂਰਾ ਭਾਵ ਸਪਸ਼ਟ ਨਹੀਂ ਹੁੰਦਾ ਸਿਰਫ਼ ‘ਰਾਮ’ ਕਹਿਣ ਨਾਲ ਸੁਣਨ ਵਾਲੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਬੋਲਣ ਵਾਲੇ ਦਾ ਕੀ ਭਾਵ ਹੈ। ਇਸ ਲਈ ਪੂਰੇ ਭਾਵ ਸਪਸ਼ਟ ਕਰਨ ਲਈ ਸ਼ਬਦਾਂ ਦੀਆਂ ਸਾਰਥਕ ਲੜੀਆਂ (ਵਾਕ) ਬੋਲਣੀਆਂ ਪੈਂਦੀਆਂ ਹਨ। ਜਿਵੇਂ ਇਹ ਰਾਮ ਦਾ ਚਿੱਤਰ ਹੈ। ਪੂਰਾ ਵਾਕ ਬੋਲਣ ਨਾਲ ਪੂਰਾ ਭਾਵ-ਸੰਚਾਰ ਹੁੰਦਾ ਹੈ। ਇਉਂ ਭਾਸ਼ਾ ਦੇ ਤਿੰਨ ਅੰਗ ਹੁੰਦੇ ਹਨ-ਧੁਨੀਆਂ, ਸ਼ਬਦ ਅਤੇ ਵਾਕ ਅਤੇ ਇੱਕ ਚੌਥਾ ਅੰਗ ‘ਅਰਥ’ ਵੀ ਹੈ। ਪਹਿਲੇ ਤਿੰਨ ਅੰਗ ਚੌਥੇ ਅੰਗ ਨੂੰ ਸਪਸ਼ਟ ਕਰਨ ਲਈ ਹੀ ਬੋਲੇ ਜਾਂਦੇ ਹਨ।

     ਭਾਸ਼ਾ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਮਨੁੱਖ ਨੂੰ ਮਨੁੱਖ ਬਣਾਉਣ ਦਾ ਸਭ ਤੋਂ ਵੱਡਾ ਸਿਹਰਾ ਭਾਸ਼ਾ ਦੇ ਸਿਰ ਹੈ। ਭਾਸ਼ਾ ਸ਼ਕਤੀ ਕਾਰਨ ਹੀ ਮਨੁੱਖ ਬਾਕੀ ਸਾਰੀ ਜੀਵ ਸ਼੍ਰੇਣੀ ਵਿੱਚੋਂ ਸਰਬੋਤਮ ਹੈ। ਭਾਸ਼ਾ ਨਾਲ ਹੀ ਮਨੁੱਖ ਨੇ ਹੁਣ ਤੱਕ ਦੀ ਤਰੱਕੀ ਕੀਤੀ ਹੈ। ਭਾਸ਼ਾ ਸੱਭਿਆਚਾਰ ਦੀ ਮਾਂ ਹੈ। ਮਨੁੱਖ ਨੂੰ ਉਸ ਦੀ ਮਾਂ ਜਨਮ ਦਿੰਦੀ ਤੇ ਕੁਝ ਚਿਰ ਸੰਭਾਲਦੀ ਹੈ ਪਰ ਫਿਰ ਉਹ ਆਪਣੇ ਬੱਚੇ ਨੂੰ ਸਦਾ ਜਿਊਂਣ ਜੋਗੀ ਮਾਂ ‘ਭਾਸ਼ਾ’ ਦੀ ਝੋਲੀ ਪਾ ਦਿੰਦੀ ਹੈ ਜੋ ਉਸ ਨੂੰ ਉਮਰ ਭਰ ਪਾਲਦੀ ਤੇ ਸੰਭਾਲਦੀ ਹੈ। ਭਾਸ਼ਾ ਨੂੰ ਮਾਤ-ਭਾਸ਼ਾ ਕਹਿਣ ਦਾ ਵਿਚਾਰ ਇਸੇ ਸਤਿਕਾਰ ਭਾਵਨਾ ਦਾ ਮਹਾਨ ਪ੍ਰਤੀਕ ਹੈ। ਭਾਸ਼ਾ ਮਨੁੱਖ ਆਤਮਾ ਦਾ ਚਿੱਤਰ ਹੈ। ਮਨੁੱਖੀ ਸਮਾਜ ਵਿੱਚ ਭਾਸ਼ਾ ਦਾ ਰੁਤਬਾ ਉੱਚਾ ਤੇ ਸੁੱਚਾ ਹੈ। ਇਸ ਦਾ ਕਾਰਜ- ਖੇਤਰ ਬਹੁਤ ਹੀ ਵਿਸ਼ਾਲ ਤੇ ਵਿਰਾਟ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਸ ਖ਼ਜ਼ਾਨੇ ਦੀ ਦੌਲਤ ਨੂੰ ਇਨਸਾਨ ਦੀ ਬਿਹਤਰੀ, ਇਨਸਾਨੀਅਤ ਅਤੇ ਸਿੱਖਿਆ ਦੇ ਗੁਣਾਂ ਦੀ ਪ੍ਰਾਪਤੀ ਲਈ ਵਰਤੋਂ ਵਿੱਚ ਲਿਆਵੇ ਅਤੇ ਲੋਕਾਂ ਵਿੱਚ ਵੰਡੇ ਕਿਉਂਕਿ ਭਾਸ਼ਾ ਦੀ ਅਗਵਾਈ ਵਿੱਚ ਹੀ ਮਨੁੱਖ ਨੇ ਜੀਵਨ ਬਸਰ ਕਰਨਾ ਹੈ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਭਾਸ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਸ਼ਾ [ਨਾਂਇ] ਬੋਲੀ , ਜ਼ਬਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.