ਮੀਆਂ ਮੁਹੰਮਦ ਬਖ਼ਸ਼' ਮੀਆਂ ਮੁਹੰਮਦ ਬਖ਼ਸ਼ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੀਆਂ ਮੁਹੰਮਦ ਬਖ਼ਸ਼ (1830–1907) : ਮੀਆਂ ਮੁਹੰਮਦ ਬਖ਼ਸ਼ ਜੰਮੂ ਕਸ਼ਮੀਰ, ਜਿਹਲਮ, ਪਿੰਡੀ ਅਤੇ ਕੈਮਲਪੁਰ ਦਾ ਮਸ਼ਹੂਰ ਸੂਫ਼ੀ ਸੀ। ਇੱਥੋਂ ਦੇ ਲੋਕ ਉਸ ਨੂੰ ਪਿਆਰਦੇ ਤੇ ਸਤਿਕਾਰਦੇ ਹਨ। ਪਹੁੰਚਿਆ ਹੋਇਆ ਸੂਫ਼ੀ ਦਰਵੇਸ਼, ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਅਤੇ ਨੂਰੀ ਜੋਤ ਦਾ ਮਾਲਕ ਸੀ। ਇਲਾਕੇ ਦਾ ਸਰਬਸਾਂਝਾ ਆਗੂ, ਪਿਆਰ, ਸੇਵਾ, ਕੁਰਬਾਨੀ ਦੀ ਮੂਰਤ ਅਤੇ ਕਰਨੀ ਵਾਲਾ ਸੰਤ ਸੀ। ਜੀਵਨ ਦੀ ਪੁਸਤਕਾਂ ਵਿੱਚੋਂ ਅਮਰ ਉਪਦੇਸ਼ ਦੇਣ ਵਾਲਾ ਸੀ। ਬਿਆਨ ਸ਼ਕਤੀ ਲੋਹੜੇ ਦੀ ਅਤੇ ਸੰਸਾਰੀ ਤੇ ਅਰਸ਼ੀ ਗਿਆਨ ਦਾ ਖ਼ਜ਼ਾਨਾ ਸੀ। ਉਹ ਹੱਦ ਦਰਜੇ ਦਾ ਹਰਮਨਪਿਆਰਾ ਕਵੀ, ਸਾਈਂ ਤੇ ਆਗੂ ਸੀ।
ਮੀਆਂ ਮੁਹੰਮਦ ਬਖ਼ਸ਼ ਦਾ ਜਨਮ 1830 ਵਿੱਚ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਮੀਰਪੁਰ ਦੇ ਪਿੰਡ ਖੜੀ ਸ਼ਰੀਫ਼ ਵਿੱਚ ਹੋਇਆ। ਪਿਤਾ ਦਾ ਨਾਂ ਮੀਆ ਸ਼ਮਸਉੱਦੀਨ ਸੀ। ਕੁਝ ਲੋਕਾਂ ਨੇ ਇਹਨਾਂ ਦਾ ਜਨਮ ਜਿਹਲਮ ਤੋਂ ਸੱਤ ਕੋਹ ’ਤੇ ਵੱਸੇ ਪਿੰਡ ਠਾਕਰੇ ਦੱਸਿਆ ਹੈ। ਪਰ ਕਵੀ ਨੇ ਆਪਣੀ ਪੁਸਤਕ ਵਿੱਚ ਖ਼ੁਦ ਜ਼ਿਕਰ ਕੀਤਾ ਹੈ ਕਿ ਉਹ ਖੜੀ ਮਲਕ ਵਿੱਚ ਪੈਦਾ ਹੋਇਆ ਸੀ, ਵੇਖੋ :
ਜਿਹਲਮ ਘਾਟੋਂ ਪਰਬਤ ਪਾਸੇ ਮੀਰਪੁਰੇ ਥੀਂ ਦੱਖਣ।
ਖੜੀ ਮਲਕ ਵਿੱਚ ਲੋੜਣ ਜਿਹੜੇ, ਤਲਬ ਬੰਦੇ ਦੀ ਰੱਖਣ।
ਮੀਰਪੁਰ ਜ਼ਿਲ੍ਹੇ ਦਾ ਪਿੰਡ ਖੜੀ ਜਾਂ ਖੜੀ ਸ਼ਰੀਫ਼ ਬਹੁਤ ਪ੍ਰਸਿੱਧ ਪਿੰਡ ਹੈ। ਇਸ ਜਗ੍ਹਾ ਪੀਰ ਸ਼ਾਹ ਕਲੰਦਰ ਦਮੜੀ ਵਾਲੇ ਦਾ ਦਰਬਾਰ ਹੈ। ਮੀਆਂ ਮੁਹੰਮਦ ਬਖ਼ਸ਼ ਨੂੰ ਪੀਰ ਗਾਜ਼ੀ ਕਲੰਦਰ ਕਰ ਕੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹਨਾਂ ਦਾ ਪਿਤਾ ਇਸੇ ਪੀਰ ਦੀ ਗੱਦੀ ਦਾ ਗੱਦੀਦਾਰ ਸੀ।
ਮੀਆਂ ਜੀ ਨੇ ਆਪਣੇ ਜੀਵਨ ਦੀਆਂ ਗੱਲਾਂ ਰਚਨਾਵਾਂ ਵਿੱਚ ਲਿਖ ਦਿੱਤੀਆਂ ਹਨ। ਉਸ ਵੱਲੋਂ ਲਿਖੀਆਂ ਰਚਨਾਵਾਂ ਅਤੇ ਉਮਰ ਆਦਿ ਦੇ ਵੇਰਵੇ ਵੀ ਸਾਫ਼-ਸਾਫ਼ ਲਿਖੇ ਹੋਏ ਹਨ। ਕੁਝ ਲੋਕ ਇਹਨਾਂ ਨੂੰ ਜਿਹਲਮੀ ਕਰ ਕੇ ਲਿਖਦੇ ਹਨ। ਸ਼ਾਇਦ ਉਪਰ ਆਏ ‘ਜਿਹਲਮ ਘਾਟ’ ਨੂੰ ਪੜ੍ਹ ਕੇ ਉਹਨਾਂ ਨੂੰ ਗ਼ਲਤੀ ਲੱਗੀ ਹੈ। ਮੁਹੰਮਦ ਬਖ਼ਸ਼ ਜੰਮੂ ਕਸ਼ਮੀਰ ਦਾ ਜਮਪਲ ਸੀ। ਇਸ ਗੱਲ ਦਾ ਸਪਸ਼ਟ ਸੰਕੇਤ ਉਸ ਨੇ ਆਪਣੀ ਲਗਪਗ ਹਰ ਰਚਨਾ ਵਿੱਚ ਕਰ ਦਿੱਤਾ ਹੈ।
ਮੁਹੰਮਦ ਬਖ਼ਸ਼ ਦੇ ਜਨਮ ਤੇ ਮ੍ਰਿਤੂ ਦੀਆਂ ਤਾਰੀਖ਼ਾਂ ਬਾਰੇ ਵੀ ਵਿਦਵਾਨਾਂ ਵਿੱਚ ਮੱਤ-ਭੇਦ ਹੈ, ਪਰ ਬਹੁਤੇ ਵਿਦਵਾਨ ਇਸ ਗੱਲ ਬਾਰੇ ਸਹਿਮਤ ਹਨ ਕਿ ਮੁਹੰਮਦ ਬਖ਼ਸ਼ ਦਾ ਜਨਮ 1246 ਹਿਜਰੀ (1830 ਈ.) ਅਤੇ ਮ੍ਰਿਤੂ 1323 ਹਿਜਰੀ (1907 ਈ.) ਹੀ ਹੈ। ਇਸ ਹਿਸਾਬ ਨਾਲ ਉਹਨਾਂ ਦੀ ਉਮਰ 77 ਵਰ੍ਹੇ ਦੀ ਸੀ। ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਮ੍ਰਿਤੂ ਅਧਰੰਗ ਹੋਣ ਕਾਰਨ ਹੋਈ ਸੀ। ਉਂਞ ਕੱਦ-ਕਾਠ ਦੇ ਲੰਮੇ, ਭਰਵੇਂ ਸਰੀਰ ਵਾਲੇ ਤੇ ਚੰਗੇ ਡੀਲ-ਡੌਲ ਵਾਲੇ ਸਨ। ਪਤਾ ਲੱਗਦਾ ਹੈ ਕਿ ਉਹ ਇੱਕ ਚੰਗੇ ਰੱਜੇ ਪੁੱਜੇ ਜ਼ਿੰਮੀਦਾਰ ਘਰਾਣੇ ਦਾ ਦੀਪਕ ਸੀ। ਪਰ ਜਵਾਨੀ ਵਿੱਚ ਜਾ ਕੇ ਦੁਨੀਆ ਛੱਡ ਕੇ ਦਰਵੇਸ਼ ਬਣ ਗਿਆ। ਮਗਰੋਂ ਪੀਰ ਸ਼ਾਹ ਕਲੰਦਰ ਦੀ ਗੱਦੀ ਦਾ ਵਾਰਸ ਹੋ ਗਿਆ ਸੀ। ਪੰਜ ਸਾਲ ਤੱਕ ਖਾਣਾ ਨਹੀਂ ਖਾਧਾ। ਜੰਗਲਾਂ ਬੇਲਿਆਂ ਵਿੱਚ ਘੁੰਮ ਫਿਰ ਕੇ ਖ਼ੁਦਾ ਦੀ ਭਗਤੀ ਵਿੱਚ ਲੀਨ ਰਿਹਾ।
ਮੀਆਂ ਮੁਹੰਮਦ ਬਖ਼ਸ਼ ਦੁਨੀਆਦਾਰੀ ਦੇ ਝੰਜਟਾਂ ਤੋਂ ਸਦਾ ਦੂਰ ਰਿਹਾ। ਵਿਆਹ ਨਾ ਕਰਾ ਕੇ ਉਮਰ ਭਰ ਜਤੀ ਸਤੀ ਰਿਹਾ। ਉਹ ਸਾਫ਼ ਦਿਲ ਇਨਸਾਨ, ਸਬਰ ਸਬੂਰੀ ਦਾ ਜੀਵਨ ਬਿਤਾਉਣ ਵਾਲਾ ਅਤੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਸੂਫ਼ੀ ਸੰਤ ਸੀ। ਉਹ ਆਪਣੀ ਕਵਿਤਾ ਵਿੱਚ ਕਿਧਰੇ ਆਪਣਾ ਉਪਨਾਮ ‘ਮੁਹੰਮਦ’ ਵਰਤਦਾ ਸੀ ਤੇ ਕਿਧਰੇ ‘ਫ਼ਕੀਰਾ’ ਜਾਂ ਫ਼ਕੀਰ। ਉਹ ਤਿੰਨ ਭਰਾ ਸਨ, ਸਭ ਤੋਂ ਵੱਡੇ ਭਾਈ ਦਾ ਨਾਂ ਮੀਆਂ ਬਹਾਵਲ ਬਖ਼ਸ਼ ਸੀ। ਸਭ ਤੋਂ ਛੋਟੇ ਦਾ ਨਾਂ ਮੀਆਂ ਅਲੀ ਬਖ਼ਸ਼ ਸੀ। ਇਹਨਾਂ ਦੀ ਇੱਕ ਭੈਣ ਵੀ ਦੱਸੀ ਜਾਂਦੀ ਹੈ, ਜੋ ਇਹਨਾਂ ਤੋਂ ਉਮਰ ਵਿੱਚ ਵੱਡੀ ਸੀ। ਦੋਵੇਂ ਭਰਾ ਵਿਆਹੇ ਵਰੇ ਸਨ ਅਤੇ ਔਲਾਦ ਮੁਰਾਦ ਵਾਲੇ ਸਨ। ਆਪਣੀਆਂ ਰਚਨਾਵਾਂ ਵਿੱਚ ਇਹਨਾਂ ਸਾਰਿਆਂ ਨੂੰ ਆਪ ਦੁਆ ਸਲਾਮ ਵੀ ਕਹਿੰਦੇ ਤੇ ਉਹਨਾਂ ਦੀ ਸੁਖ ਵੀ ਮੰਨਦੇ ਹਨ।
ਸੈਫੁਲ-ਮਲੂਕ ਕਿੱਸੇ ਵਿੱਚੋਂ ਇਹ ਵੀ ਪਤਾ ਚੱਲਦਾ ਹੈ ਕਿ ਚੜ੍ਹਦੀ ਜਵਾਨੀ ਮੁਹੰਮਦ ਬਖ਼ਸ਼ ਨੇ ਵੀ ਕਿਸੇ ਨਾਲ ਪਿਆਰ ਕੀਤਾ ਸੀ। ਜਿਸ ਦਾ ਦਰਦ ਉਸ ਨੂੰ ਗੱਲ-ਗੱਲ ਵਿੱਚ ਆ ਘੇਰਦਾ ਹੈ। ‘ਦਰਦ ਅਪਨੇ ਦੀ ਛੋੜ ਕਹਾਣੀ, ਰੋਵੇ ਪਿਆ ਮੁਹੰਮਦ’ ਪੜ੍ਹ ਕੇ ਕਵੀ ਦੇ ਨਿੱਜੀ ਪਿਆਰ ਦੀ ਸੱਲ ਵਿਛੋੜੇ ਦਾ ਅਨੁਮਾਨ ਸਹਿਜੇ ਹੀ ਲੱਗ ਸਕਦਾ ਹੈ।
ਮੀਆਂ ਮੁਹੰਮਦ ਬਖ਼ਸ਼ ਨੇ ਅਸਲ ਵਿੱਦਿਆ ਤਾਂ ਆਪਣੇ ਪਿਤਾ ਤੋਂ ਹੀ ਪ੍ਰਾਪਤ ਕੀਤੀ, ਜੋ ਦਰਬਾਰ ਖੜੀ ਸ਼ਰੀਫ ਦਾ ਗੱਦੀਦਾਰ ਸੀ। ਅੱਖਰ ਗਿਆਨ ਲਈ ਸੀਵਲ ਸ਼ਰੀਫ਼ ਵਿਖੇ ਹਾਫ਼ਿਜ਼ ਮੁਹੰਮਦ ਅਲੀ ਦੇ ਮਦਰੱਸੇ ਵੀ ਘੱਲਿਆ ਗਿਆ ਸੀ। ਆਪ ਨੇ ਇੱਥੋਂ ਹੀ ਹਾਫ਼ਿਜ਼ ਨਾਸਰਦੀਨ ਸਾਹਿਬ ਤੋਂ ਮੁਢਲੀ ਵਿੱਦਿਆ ਪ੍ਰਾਪਤ ਕੀਤੀ। ਰਵਾਇਤ ਹੈ ਕਿ ਮੁਹੰਮਦ ਬਖ਼ਸ਼ ਦੀ ਲਿਖਾਈ ਬਹੁਤ ਸਾਫ਼ ਸੁਥਰੀ ਅਤੇ ਖ਼ੁਸ਼ਖ਼ਤ ਸੀ। ਨਾਸਰਦੀਨ ਅੱਖਾਂ ਤੋਂ ਮੁਨਾਖਤ ਸੀ ਪਰ ਸੰਗੀਤ ਪ੍ਰੇਮੀ ਸੀ। ਉਹਨਾਂ ਤੋਂ ਹੀ ਮੀਆਂ ਮੁਹੰਮਦ ਬਖ਼ਸ਼ ਨੂੰ ਸੰਗੀਤ-ਕਲਾ ਦੀ ਚੇਟਕ ਲੱਗੀ। ਉਹ ਦਿਨ ਭਰ ਮਸਤੀ ਤੇ ਵਜਦ ਵਿੱਚ ਗਾਉਂਦਾ ਰਹਿੰਦਾ ਸੀ।
ਉਹ ਬਹੁਤ ਬੇਪਰਵਾਹ ਕਿਸਮ ਦਾ ਬੰਦਾ ਸੀ। ਲੋਭ ਲਾਲਚ ਜਾਂ ਮੋਹ ਤੇ ਖ਼ੁਦੀ ਤਕੱਬਰ ਤੋਂ ਕੋਹਾਂ ਦੂਰ ਸੀ। ਮਰਨ ਵੇਲੇ ਪਿਤਾ ਨੇ ਇਸ ਨੂੰ ਆਪਣੀ ਗੱਦੀ ਦੇਣ ਦਾ ਐਲਾਨ ਕੀਤਾ। ਪਰ ਇਹ ਹੱਥ ਜੋੜ ਕੇ ਖੜ੍ਹੇ ਹੋ ਗਏ। ਵੱਡੇ ਭਰਾ ਦੇ ਹੁੰਦੇ ਮੈਂ ਗੱਦੀ ਕਿਵੇਂ ਸਾਂਭ ਸਕਦਾ ਹਾਂ। ਗੱਦੀ ਉੱਤੇ ਇਹਨਾਂ ਦਾ ਹੀ ਹੱਕ ਹੈ। ਆਪ ਦੇ ਪਿਤਾ ਪੁੱਤਰ ਦੀ ਬੇਗਰਜ ਪ੍ਰੀਤ ਤੋਂ ਬਹੁਤ ਪ੍ਰਭਾਵਿਤ ਹੋਏ। ਜ਼ਿੰਦਗੀ ਭਰ ਕਠੋਰ ਤਪ ਕੀਤਾ, ਰੱਬੀ ਗਿਆਨ ਪ੍ਰਾਪਤ ਕਰਨ ਲਈ ਦੂਰ-ਦੁਰਾਡੇ ਜਾ ਕੇ ਵੱਡੇ-ਵੱਡੇ ਵਲੀਆਂ ਤੇ ਫ਼ਕੀਰਾਂ ਦੀ ਸੰਗਤ ਕੀਤੀ।
ਮੁਹੰਮਦ ਬਖ਼ਸ਼ ਦੀ ਗੁਰੂ ਭਗਤੀ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਪੀਰ ਦਮੜੀ ਵਾਲੇ ਦੇ ਕਸੀਦੇ ਪੜ੍ਹਦੇ ਸੱਯਦ ਅਬਦੁਲ ਕਾਦਿਰ ਜੀਲਾਨੀ ਦੀ ਤਾਰੀਫ਼ ਕਰਦੇ। ਲੋਕਾਂ ਨੇ ਉਹਨਾਂ ਨੂੰ ਪੀਰ ਦਮੜੀ ਵਾਲੇ ਦੇ ਦਰਬਾਰ ਵਿੱਚ ਆਪਣੀ ਦਾੜ੍ਹੀ ਨਾਲ ਬੁਹਾਰੀ ਦਿੰਦੇ ਵੀ ਦੇਖਿਆ ਸੀ। ਧਨ ਦੌਲਤ ਪਿੱਛੇ ਨਹੀਂ ਜਾਂਦੇ ਸਨ। ਗੁਰੂ ਭਗਤੀ ਤੇ ਈਸ਼ਵਰ ਭਗਤੀ ਹੀ ਇਹਨਾਂ ਦੀ ਮੰਗ ਸੀ। ਇੱਕ ਵੇਲੇ ਜੰਮੂ ਰਿਆਸਤ ਦਾ ਹਾਕਮ ਚੰਗੇਰ ਭਰ ਕੇ ਮੋਤੀ ਤੇ ਮਾਣਕ ਲਿਆਇਆ। ਪਰ ਇਹਨਾਂ ਨੇ ਇਹ ਭੇਟ ਸਵੀਕਾਰ ਨਾ ਕੀਤੀ। ਮੁਹੰਮਦ ਬਖ਼ਸ਼ ਸੱਚੇ-ਸੁੱਚੇ ਮੁਸਲਮਾਨ ਹੋਣ ਦੇ ਨਾਲ-ਨਾਲ ਦਿਲੋਂ ਮਾਨਵਤਾਵਾਦੀ ਸੀ। ਹਰ ਜ਼ਾਤ ਤੇ ਹਰ ਮਜ਼ਹਬ ਦੇ ਲੋਕਾਂ ਨੂੰ ਇੱਕੋ ਜਿੰਨਾ ਪਿਆਰ ਕਰਦੇ ਸਨ। “ਦੇਈ ਜਜ਼ਾਈ ਰੱਬ ਨਾ ਹਿੰਦੂ ਮੁਸਲਮਾਨ" ਕਹਿ ਕੇ ਆਪ ਦੋਵੇਂ ਵੱਡੇ ਧਰਮਾਂ ਲਈ ਸੁੱਖ ਮੰਗਦੇ ਸਨ। ਕਵਿਤਾ ਵਿੱਚ ਕਈ ਥਾਂ ਪ੍ਰਭੂ ਲਈ ਰਾਮ ਤੇ ਸ਼ਿਆਮ ਸ਼ਬਦ ਵੀ ਵਰਤੇ ਹਨ।
ਇਹਨਾਂ ਦੀਆਂ ਲਿਖੀਆਂ ਡੇਢ ਦਰਜਨ ਪੁਸਤਕਾਂ ਦੀ ਦੱਸ ਪਾਈ ਗਈ ਹੈ। ਇਹਨਾਂ ਦੇ ਨਾਂ ਹਨ-ਕਿੱਸਾ ਸੋਹਣੀ ਮਹੀਂਵਾਲ, ਤੁਹਫਾ ਮੀਆਂ ਕਰਾਮਾਤ ਗੌਸਿਆਜ਼ਮ, ਤੁਹਫਾ ਰਸੂਲੀਆ ਮੁਅਜਜ਼ਾਤ ਜਨਾਬ ਸਰਵਰ ਕਾਇਨਾਤ, ਕਿੱਸਾ ਸ਼ੇਖ ਸਨਆਨ, ਸੀਰੀ ਫਰਿਹਾਦ, ਨੌਂ ਰੰਗੇ ਖਿਆਲ, ਸਖੀ ਖਵਾਸ ਖਾਂ, ਮਿਰਜ਼ਾ ਸਾਹਿਬਾਂ, ਸ਼ਾਹ ਮਨਸੂਰ, ਹਦਾਇਤੁਲ ਮੁਸਲਮੀਨ, ਗੁਲਜ਼ਾਰਿ ਫਕਰ, ਤਜ਼ਕਰਾ ਹਤਮੀ, ਸੀਹਰਫੀ ਸੱਸੀ ਪੁਨੂੰ, ਸੀਹਰਫੀ ਹੀਰ ਰਾਂਝਾ, ਸੈਫੁਲ-ਮਲੂਕ ਬਦੀਅ ਜਮਾਲ, ਸ਼ਰਾ ਕਸੀਦਾ ਬਰਦਾ, ਪੰਜ ਗੰਜ। ਹੋਰ ਵੀ ਕੁਝ ਛੋਟੇ-ਮੋਟੇ ਕਿੱਸੇ ਦੱਸੇ ਜਾਂਦੇ ਹਨ। ਪਰ ਪੰਜਾਬੀ ਵਿੱਚ ਜ਼ਿਆਦਾ ਪ੍ਰਸਿੱਧੀ ਇਹਨਾਂ ਦੇ ਦੋ ਕਿੱਸਿਆਂ ਸੈਫੁਲ-ਮਲੂਕ ਅਤੇ ਸੋਹਣੀ ਮਹੀਂਵਾਲ ਨੂੰ ਹੀ ਮਿਲੀ ਹੈ।
ਲੇਖਕ : ਧਰਮਪਾਲ ਸਿੰਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First