ਮੰਤ੍ਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੰਤ੍ਰ: ਇਸ ਦਾ ਕੋਸ਼ ਅਨੁਸਾਰ ਅਰਥ ਹੈ—‘ਉਹ ਸ਼ਬਦ ਜਾਂ ਸ਼ਬਦ-ਸਮੂਹ ਜਿਸ ਰਾਹੀਂ ਕਿਸੇ ਦੇਵਤਾ ਦੀ ਸਿੱਧੀ ਜਾਂ ਅਲੌਕਿਕ ਸ਼ਕਤੀ ਦੀ ਪ੍ਰਾਪਤੀ ਹੋਵੇ।’। ‘ਨਿਰੁਕਤ ’ ਅਨੁਸਾਰ ਜੋ ਮਨਨ ਕਰੀਏ, ਉਹ ‘ਮੰਤ੍ਰ’ ਹੈ। ਇਹ ਤਿੰਨ ਪ੍ਰਕਾਰ ਦਾ ਹੈ—ਪਰੋਖ-ਕ੍ਰਿਤ, ਪ੍ਰਤੱਖ-ਕ੍ਰਿਤ ਅਤੇ ਅਧਿਆਤਮਿਕ।

ਮੰਤ੍ਰ ਪ੍ਰਤਿ ਮਨੁੱਖ ਦਾ ਵਿਸ਼ਵਾਸ ਮੁੱਢ ਕਦੀਮ ਤੋਂ ਚਲਿਆ ਆਉਂਦਾ ਹੈ। ਡਰ ਜਾਂ ਕਿਸੇ ਅਚਾਨਕ ਵਪਾਰੀ ਬਿਪਤਾ ਪ੍ਰਤਿ ਮਨੁੱਖ ਦੀ ਵਿਵਸ਼ਤਾ ਹੀ ਇਸ ਦੀ ਧਾਰਣਾ ਦਾ ਪਿਛੋਕੜ ਰਿਹਾ ਹੋਵੇਗਾ। ਇਸ ਦਾ ਧਰਮ ਨਾਲ ਸ਼ੁਰੂ ਤੋਂ ਹੀ ਬਹੁਤ ਨੇੜਲਾ ਸੰਬੰਧ ਰਿਹਾ ਹੈ। ਜਦੋਂ ਕੋਈ ਕੰਮ ਕਿਸੇ ਯਤਨ ਜਾਂ ਜੁਗਤ ਨਾਲ ਸਾਧਿਆ ਨਹੀਂ ਜਾ ਸਕਦਾ, ਤਾਂ ਉਦੋਂ ਮਨੁੱਖ ਮੰਤ੍ਰ ਦੀ ਓਟ ਲੈਂਦਾ ਹੈ। ਜੇ ਸੰਯੋਗਵਸ ਸਫਲਤਾ ਪ੍ਰਾਪਤ ਹੋ ਜਾਏ, ਤਾਂ ਮੰਤ੍ਰ-ਵਿਧੀ ਅਥਵਾ ਮੰਤ੍ਰ-ਸਾਧਨਾ ਵਿਚ ਮਨੁੱਖ ਦਾ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਜੇ ਕਾਰਜ ਸਿੱਧ ਨ ਹੋਏ, ਤਾਂ ਪੁਰੋਹਿਤਾਂ, ਓਝਿਆਂ ਜਾਂ ਸਿਆਣਿਆਂ ਵਲੋਂ ਮੰਤ੍ਰ-ਪ੍ਰਯੋਗ ਵਿਚ ਕਿਸੇ ਪ੍ਰਕਾਰ ਦੀ ਘਾਟ ਰਹਿ ਗਈ ਦਸ ਦਿੱਤੀ ਜਾਂਦੀ ਹੈ।

ਡਾ. ਮਥੁਰਾ ਲਾਲ ਸ਼ਰਮਾ ਨੇ ‘ਹਿੰਦੀ ਵਿਸ਼ਵਕੋਸ਼’ ਵਿਚ ਦਸਿਆ ਹੈ ਕਿ ਮੰਤ੍ਰ ਦੀ ਵਰਤੋਂ ਸਾਰੇ ਸੰਸਾਰ ਵਿਚ ਕੀਤੀ ਜਾਂਦੀ ਸੀ ਅਤੇ ਸ਼ੁਰੂ ਵਿਚ ਇਸ ਦੀਆਂ ਕ੍ਰਿਆਵਾਂ ਲਗਭਗ ਇਕੋ ਜਿਹੀਆਂ ਸਨ। ਵਿਗਿਆਨ-ਯੁਗ ਦੇ ਆਰੰਭ ਤੋਂ ਪਹਿਲਾਂ ਕਈ ਪ੍ਰਕਾਰ ਦੇ ਰੋਗਾਂ ਨੂੰ ਵਖ ਵਖ ਤਰ੍ਹਾਂ ਦੇ ਰਾਖਸ਼ ਜਾਂ ਪਿਸ਼ਾਚ ਮੰਨਿਆ ਜਾਂਦਾ ਸੀ। ਇਸ ਲਈ ਪਿਸ਼ਾਚਾਂ ਦੀ ਸ਼ਾਂਤੀ, ਨਿਵਾਰਣ ਜਾਂ ਉਚਾਟਨ ਕੀਤਾ ਜਾਂਦਾ ਸੀ। ਮੰਤ੍ਰ ਵਿਚ ਪ੍ਰਧਾਨਤਾ ਤਾਂ ਸ਼ਬਦਾਂ ਦੀ ਹੀ ਸੀ, ਪਰੰਤੂ ਸ਼ਬਦਾਂ ਨਾਲ ਕ੍ਰਿਆਵਾਂ ਵੀ ਜੁੜੀਆਂ ਹੋਈਆਂ ਸਨ। ਮੰਤ੍ਰ ਦਾ ਉੱਚਾਰਣ ਕਰਨ ਵੇਲੇ ਓਝਾ (ਸਿਆਣਾ) ਜਾਂ ਵੈਦ ਹੱਥ ਨਾਲ, ਉਂਗਲਾਂ ਨਾਲ, ਅੱਖਾਂ ਨਾਲ ਅਤੇ ਮੂੰਹ ਨਾਲ ਵਖ ਵਖ ਤਰ੍ਹਾਂ ਦੀਆਂ ਕ੍ਰਿਆਵਾਂ ਕਰਦਾ ਸੀ। ਇਨ੍ਹਾਂ ਕ੍ਰਿਆਵਾਂ ਵਿਚ ਤ੍ਰਿਸ਼ੂਲ, ਝਾੜੂ, ਕਟਾਰ, ਬ੍ਰਿਛ-ਵਿਸ਼ੇਸ਼ ਦੀਆਂ ਟਹਿਣੀਆਂ ਅਤੇ ਛੱਜ ਜਾਂ ਕਲਸ਼ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਰੋਗ ਦੀ ਇਕ ਨਿੱਕੀ ਜਿਹੀ ਮੂਰਤੀ ਬਣਾਈ ਜਾਂਦੀ ਸੀ ਅਤੇ ਉਸ ਉਤੇ ਮੰਤ੍ਰ ਦਾ ਪ੍ਰਯੋਗ ਹੁੰਦਾ ਸੀ। ਇਸ ਤਰ੍ਹਾਂ ਵੈਰੀ ਦੀ ਮੂਰਤੀ ਵੀ ਬਣਾਈ ਜਾਂਦੀ ਸੀ ਅਤੇ ਉਸ ਉਤੇ ਮਰਣ, ਉੱਚਾਟਨ ਆਦਿ ਦੇ ਪ੍ਰਯੋਗ ਕੀਤੇ ਜਾਂਦੇ ਸਨ। ਅਜਿਹਾ ਵਿਸ਼ਵਾਸ ਸੀ ਕਿ ਜਿਉਂ ਜਿਉਂ ਮੂਰਤੀ ਉਤੇ ਮੰਤ੍ਰ-ਪ੍ਰਯੋਗ ਹੁੰਦਾ ਜਾਂਦਾ ਹੈ ਤਿਉਂ ਤਿਉਂ ਵੈਰੀ ਦੇ ਸ਼ਰੀਰ ਉਤੇ ਇਸ ਦਾ ਪ੍ਰਭਾਵ ਪੈਂਦਾ ਜਾਂਦਾ ਹੈ। ਪਿਪਲ ਜਾਂ ਬੋਹੜ ਬ੍ਰਿਛ ਦੇ ਪੱਤਿਆਂ ਉਤੇ ਕੁਝ ਮੰਤ੍ਰ ਲਿਖ ਕੇ ਉਸ ਦੀ ‘ਰਖ ’ ਅਤੇ ‘ਤਾਵੀਜ਼’ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ, ਅੰਧ ਵਿਸ਼ਵਾਸ ਅਨੁਸਾਰ ਵੀਣੀ , ਭੁਜਾ ਜਾਂ ਗਲੇ ਵਿਚ ਬੰਨ੍ਹਣ ਨਾਲ ਰੋਗ ਦਾ ਨਿਵਾਰਣ ਹੁੰਦਾ ਦਸਿਆ ਜਾਂਦਾ ਸੀ, ਭੂਤ- ਪ੍ਰੇਤ ਤੋਂ ਰਖਿਆ ਹੁੰਦੀ ਸੀ ਅਤੇ ਵੈਰੀ ਵਸ ਵਿਚ ਹੋ ਜਾਂਦਾ ਸੀ। ਇਹ ਵਿਧੀਆਂ ਕੁਝ ਹਦ ਤਕ ਹੁਣ ਵੀ ਪ੍ਰਚਲਿਤ ਹਨ। ਵੈਰੀ ਨੂੰ ਮਾਰਨ ਲਈ ‘ਮੁਠ ’ ਦੀ ਵਰਤੋਂ ਕੀਤੀ ਜਾਂਦੀ ਹੈ।

ਮੰਤ੍ਰਾਂ ਸੰਬੰਧੀ ਰਚੀਆਂ ਗਈਆਂ ਪੁਸਤਕਾਂ ਵਿਚ ਮੰਤ੍ਰਾਂ ਦੇ ਕਈ ਭੇਦ ਮੰਨੇ ਗਏ ਹਨ। ਇਕ ਭੇਦ ਅਨੁਸਾਰ ਕੁਝ ਮੰਤ੍ਰਾਂ ਦੀ ਵਰਤੋਂ ਕਿਸੇ ਦੇਵੀ ਜਾਂ ਦੇਵਤਾ ਦੀ ਓਟ ਲੈ ਕੇ ਕੀਤੀ ਜਾਂਦੀ ਹੈ ਅਤੇ ਕੁਝ ਦੀ ਵਰਤੋਂ ਵਾਸਤੇ ਭੂਤ-ਪ੍ਰੇਤ ਆਦਿ ਦੀ ਓਟ ਲਈ ਜਾਂਦੀ ਹੈ। ਦੂਜੇ ਭੇਦ ਅਨੁਸਾਰ ਕੁਝ ਮੰਤ੍ਰ ਭੂਤ ਜਾਂ ਪਿਸ਼ਾਚ ਦੇ ਵਿਰੁੱਧ ਵਰਤੇ ਜਾਂਦੇ ਹਨ ਅਤੇ ਕੁਝ ਉਨ੍ਹਾਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਯੁਕਤ ਕੀਤੇ ਜਾਂਦੇ ਸਨ। ਇਸਤਰੀ ਅਤੇ ਪੁਰਸ਼ ਜਾਂ ਵੈਰੀ ਨੂੰ ਵਸ ਵਿਚ ਕਰਨ ਲਈ ਜਿਨ੍ਹਾਂ ਮੰਤ੍ਰਾਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਨੂੰ ‘ਵਸ਼ੀਕਰਣ ਮੰਤ੍ਰ’ ਕਿਹਾ ਜਾਂਦਾ ਹੈ। ਵੈਰੀ ਦਾ ਦਮਨ ਜਾਂ ਅੰਤ ਕਰਨ ਲਈ ਜਿਸ ਮੰਤ੍ਰ-ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਸ ਨੂੰ ‘ਮਾਰਣ ਮੰਤ੍ਰ’ ਕਹਿੰਦੇ ਹਨ। ਭੂਤ-ਪ੍ਰੇਤ ਆਦਿ ਦੇ ਨਿਵਾਰਣ ਲਈ ਜਿਨ੍ਹਾਂ ਮੰਤ੍ਰਾਂ ਨੂੰ ਵਰਤਿਆ ਜਾਂਦਾ ਹੈ ਉਨ੍ਹਾਂ ਨੂੰ ‘ਉੱਚਾਟਨ’ ਜਾਂ ‘ਸ਼ਮਨ-ਮੰਤ੍ਰ’ ਕਹਿੰਦੇ ਹਨ।

ਸਹਿਜੇ ਸਹਿਜੇ ਲੋਕਾਂ ਦਾ ਅਜਿਹਾ ਵਿਸ਼ਵਾਸ ਬਣਦਾ ਗਿਆ ਕਿ ਇਸ ਸੰਸਾਰ ਵਿਚ ਕੋਈ ਸੰਕਟ ਜਾਂ ਬਿਪਤਾ ਨਹੀਂ ਜਿਸ ਦਾ ਮੰਤ੍ਰ ਰਾਹੀਂ ਨਿਵਾਰਣ ਨ ਹੋ ਸਕੇ ਅਤੇ ਕੋਈ ਅਜਿਹੀ ਪ੍ਰਾਪਤੀ ਜਾਂ ਸਫਲਤਾ ਨਹੀਂ ਜੋ ਮੰਤ੍ਰ ਦੁਆਰਾ ਹਾਸਲ ਨ ਕੀਤੀ ਜਾ ਸਕੇ। ਇਸੇ ਉਦੇਸ਼ ਤੋਂ ਕਈ ਵਾਰ ਯੁੱਧ ਵੇਲੇ ਨਗਾਰਿਆ, ਧੁਜਾਵਾਂ ਜਾਂ ਸ਼ਸਤ੍ਰਾਂ ਨੂੰ ਮੰਦਰਵਾ ਲਿਆ ਜਾਂਦਾ ਸੀ। ਇਥੋਂ ਤਕ ਕਿ ਪਰੀਖਿਆ ਲਈ ਵਿਦਿਆਰਥੀ ਕਲਮਾਂ/ਲੇਖਣੀਆਂ ਨੂੰ ਵੀ ਮੰਦਰਵਾਣੋ ਸੰਕੋਚ ਨਹੀਂ ਕਰਦੇ ਸਨ।

ਅਜ ਦੇ ਵਿਗਿਆਨਿਕ ਯੁਗ ਵਿਚ ਭਾਵੇਂ ਇਨ੍ਹਾਂ ਪ੍ਰਤਿ ਵਿਸ਼ਵਾਸ ਘਟਦਾ ਜਾ ਰਿਹਾ ਹੈ ਅਤੇ ਤਰਕਸ਼ੀਲ ਸੰਸਥਾਵਾਂ ਵਲੋਂ ਇਨ੍ਹਾਂ ਦੀ ਨਿਰਸਾਰਤਾ ਪ੍ਰਗਟਾਈ ਜਾ ਰਹੀ ਹੈ, ਪਰ ਇਨ੍ਹਾਂ ਦੀਆਂ ਜੜ੍ਹਾਂ ਸਾਡੇ ਸਭਿਆਚਾਰ ਵਿਚ ਇਤਨੀਆਂ ਡੂੰਘੀਆਂ ਹਨ ਕਿ ਖ਼ਰਚ-ਖੁਰਚ ਕੇ ਕਢਣ ਨਾਲ ਵੀ ਇਨ੍ਹਾਂ ਮਾਨਤਾਵਾਂ ਨੂੰ ਖ਼ਤਮ ਕਰ ਸਕਣਾ ਸੰਭਵ ਪ੍ਰਤੀਤ ਨਹੀਂ ਹੁੰਦਾ।

ਗੁਰਬਾਣੀ ਵਿਚ ਪਰੰਪਰਾਗਤ ਮੰਤ੍ਰ-ਪ੍ਰਯੋਗ ਪ੍ਰਤਿ ਅਸਵੀਕਾਰ ਦੀ ਭਾਵਨਾ ਪ੍ਰਗਟਾਈ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਸੂਹੀ ਰਾਗ ਵਿਚ ਦਸਿਆ ਹੈ ਕਿ ‘ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ। (ਗੁ.ਗ੍ਰੰ.766)। ‘ਸਿਧ-ਗੋਸਟਿ’ ਵਿਚ ਗੁਰੂ ਜੀ ਨੇ ਬਨਾਂ , ਮਸਾਣਾਂ ਵਿਚ ਜਾ ਕੇ ਮੰਤ੍ਰ-ਪ੍ਰਯੋਗ ਕਰਨ ਵਾਲਿਆਂ ਨੂੰ ‘ਮਨਮੁਖ ’ ਕਿਹਾ ਹੈ—ਮਨਮੁਖ ਭਰਮ ਭਵੈ ਬੇਬਾਣਿ ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ਸਬਦੁ ਚੀਨੈ ਲਵੈ ਕੁਬਾਣਿ ਨਾਨਕ ਸਾਚਿ ਰਤੇ ਸੁਖੁ ਜਾਣਿ (ਗੁ.ਗ੍ਰੰ.941)।

ਗੁਰੂ ਅਰਜਨ ਦੇਵ ਜੀ ਨੇ ਮੰਤ੍ਰ-ਪ੍ਰਯੋਗ ਨਾਲ ਸੰਕਟ ਨਿਵਾਰਨ ਦੀ ਗੱਲ ਨੂੰ ਨ ਮੰਨ ਕੇ ਹਰਿ-ਜਸ ਰੂਪ ਮਹਾ-ਮੰਤ੍ਰ ਜਪਣ ਨਾਲ ਸਾਰੀਆਂ ਮੁਸੀਬਤਾਂ ਤੋਂ ਖ਼ਲਾਸੀ ਹੋ ਜਾਣ ਦਾ ਵਿਸ਼ਵਾਸ ਦਿਵਾਇਆ ਹੈ—ਸੁਨਤ ਜਪਤ ਹਰਿਨਾਮ ਜਸੁ ਤਾ ਕੀ ਦੂਰਿ ਬਲਾਈ ਮਹਾਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ (ਗੁ.ਗ੍ਰੰ.814)। ਭਾਈ ਗੁਰਦਾਸ ਨੇ ਪਹਿਲੀ ਵਾਰ ਵਿਚ ਸਪੱਸ਼ਟ ਕੀਤਾ ਹੈ ਕਿ ਮੰਤ੍ਰ ਜੰਤ੍ਰ ਕਰਨੇ ਸਭ ਪਾਖੰਡ ਹੈ ਅਤੇ ਭਰਮਾਂ ਵਿਚ ਉਲਝਣਾ ਹੈ— ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧ ਬਹੁ ਵਾਦ ਵਧਾਵੈ ਆਪੋਧਾਪੀ ਹੋਇ ਕੈ ਨੑਯਾਰੇ ਨੑਯਾਰੇ ਧਰਮ ਚਲਾਵੈ ਫੋਟਕ ਧਰਮੀ ਭਰਮ ਭੁਲਾਵੈ੧੮ ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਮੰਤ੍ਰ-ਵਿਧੀ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੰਤ੍ਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੰਤ੍ਰ* (ਸੰ.। ਸੰਸਕ੍ਰਿਤ ਮਨੑਤ੍ਰ) ੧. -ਮੰਤ੍ਰ- ਸੰਸਕ੍ਰਿਤ ਪਦ ਹੈ। ਵੇਦ ਦੇ ਭਾਗ ਨੂੰ ਮੰਤ੍ਰ ਕਹਿੰਦੇ ਹਨ, ਪਹਿਲੇ ਭਾਗ ਵਿਚ ਪ੍ਰਾਰਥਨਾ ਤੇ ਗੀਤ ਹਨ ਜੋ ਬਲੀਆਂ ਵੇਲੇ ਖਾਸ ਖਾਸ ਦੇਵਤਿਆਂ ਲਈ ਹਨ। ਉੱਤ੍ਰ ਕਾਂਡ ਵਿਚ ਇਹ ਬ੍ਰਹਮ ਯਾ ਰੱਬ ਦੀਆਂ ਖ਼ੂਬੀਆਂ, ਗੁਣਾਂ ਆਦਿਕ ਦੇ ਵਰਣਨ ਵਿਚ ਹਨ।

----------

* ਧਾਤੂ ਹੈ-ਮੰਤ੍ਰਿ=ਗੁਪਤ ਮਸ਼ਵਰਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.