ਵਿਆਹ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਆਹ : ਕੁੱਝ ਅਪਵਾਦਾਂ ਨੂੰ ਛੱਡ ਕੇ ਇਸਤਰੀ ਪੁਰਸ਼ ਦੇ ਪਰਸਪਰ ਮੇਲ ਦੀ ਸਮਾਜਿਕ ਪ੍ਰਵਾਨਗੀ ਵਜੋਂ ‘ ਵਿਆਹ’ ਵਿਸ਼ਵਵਿਆਪੀ ਵਰਤਾਰਾ ਹੈ । ਧਰਮ ਸ਼ਾਸਤਰਾਂ ਵਿੱਚ ਵਿਆਹ ਨੂੰ ਪਵਿੱਤਰ ਬੰਧਨ ਮੰਨਿਆ ਗਿਆ ਹੈ । ਇਸਤਰੀ ਪੁਰਸ਼ ਦੇ ਮੇਲ ਉਪਰੰਤ ਪੈਦਾ ਹੋਈ ਸੰਤਾਨ ਅਤੇ ਉਸ ਨਾਲ ਸਰੋਕਾਰ ਰੱਖਣ ਵਾਲੇ ਪਸਾਰ ਨੂੰ ‘ ਗ੍ਰਹਿਸਥ’ ਕਿਹਾ ਗਿਆ ਹੈ । ਭਾਰਤੀ ਧਰਮ ਗ੍ਰੰਥਾਂ ਵਿੱਚ ਵਿਆਹ ਨੂੰ ਜੀਵਨ ਰਹਿਤਲ ਦਾ ਸਭ ਤੋਂ ਉੱਚਾ ਅਤੇ ਸੁੱਚਾ ਮਾਰਗ ਦਰਸਾਇਆ ਗਿਆ ਹੈ । ਭਾਰਤੀ ਸੱਭਿਆਚਾਰ ਅਤੇ ਰਹਿਤਲ ਅਨੁਸਾਰ , ਵਿਆਹ ਅਜਿਹਾ ਅਣਲਿਖਤੀ ਅਹਿਦ ਸਮਝਿਆ ਜਾਂਦਾ ਹੈ ਜੋ ਅੰਗਾਂ- ਸਾਕਾਂ , ਭਾਈਚਾਰੇ ਦੀ ਹਾਜ਼ਰੀ ਅਤੇ ਧਾਰਮਿਕ ਅਨੁਸ਼ਠਾਨਾਂ ਦੀਆਂ ਪਵਿੱਤਰ ਰਸਮਾਂ ਅਧੀਨ ਮੂਕ-ਸ਼ਬਦਾਂ ਦੁਆਰਾ ਸਹਿਮਤੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ । ( ਇਸਲਾਮੀ ਪਰੰਪਰਾ ਅਨੁਸਾਰ , ਕੰਨਿਆ ਤੋਂ ਬੋਲਾਂ ਰਾਹੀਂ ਸਹਿਮਤੀ ਪੁੱਛੀ ਜਾਂਦੀ ਹੈ ) ਇਸ ਮੂਕ ਅਹਿਦ ਵਿੱਚ ਪਤਨੀ , ਬੱਚੇ , ਆਸ਼ਰਤ ਟੱਬਰ ਦੀ ਪਰਵਰਿਸ਼ ਪ੍ਰਤਿ ਜ਼ੁੰਮੇਵਾਰੀ ਅਤੇ ਪਤੀ ਪਤਨੀ ਦੇ ਇੱਕ ਦੂਜੇ ਪ੍ਰਤਿ ਵਿਸ਼ਵਾਸ ਪਾਤਰ ਬਣੇ ਰਹਿਣ ਦੇ ਫ਼ਰਜ਼ ਸਵੀਕਾਰੇ ਜਾਂਦੇ ਹਨ ।

        ਵਿਆਹ ਦੇ ਅੰਤਰੀਵ ਅਰਥ ਅਜਿਹੇ ਸੰਬੰਧਾਂ ਤੋਂ ਹਨ , ਜੋ ਲਿੰਗਕ ਨੇੜਤਾ ਉਪਰੰਤ ਸਮਾਪਤ ਨਹੀਂ ਹੋ ਜਾਂਦੇ , ਕਿਉਂਕਿ ਪ੍ਰਾਚੀਨ ਸਮਿਆਂ ਤੋਂ ਅਜੋਕੇ ਯੁੱਗ ਤੱਕ ਕੇਵਲ ਯੌਨ-ਸੰਬੰਧ ਹੀ ਵਿਆਹ ਪ੍ਰਤਿੱਗਿਆ ਦਾ ਇੱਕੋ ਇੱਕ ਕਾਰਨ ਨਹੀਂ ਬਣੇ । ਆਦਰਸ਼ ਪ੍ਰੇਮ ਅਤੇ ਇਸਤਰੀ ਦੀ ਦੁਰਬਲਤਾ ਨੂੰ ਵੀ ਵਿਆਹ ਸੰਬੰਧਾਂ ਦਾ ਮੁੱਖ ਕਾਰਨ ਨਹੀਂ ਮੰਨਿਆ ਜਾ ਸਕਦਾ , ਇਸਤਰੀ ਵੱਲੋਂ ਪੁਰਸ਼ ਸਾਹਵੇਂ ਆਤਮ-ਸਮਰਪਣ ਤੋਂ ਪਿੱਛੋਂ ਨਵ-ਜਨਮੇਂ ਬਾਲਾਂ ਦੀ ਦੇਖ- ਭਾਲ , ਖਾਧ-ਖ਼ੁਰਾਕ , ਸਹਿਯੋਗੀ ਬਣੇ ਰਹਿਣ ਦੀ ਪ੍ਰਤਿੱਗਿਆ ਅਤੇ ਪੁਰਸ਼ ਦੀ ਬਲ-ਯੋਗਤਾ ਕਈ ਕਾਰਨ ਹੋ ਸਕਦੇ ਹਨ ।

    ਮਨੂ ਆਦਿ ਰਿਸ਼ੀਆਂ ਨੇ ਵਿਆਹ ਦੇ ਅੱਠ ਭੇਦ ਮੰਨੇ ਹਨ :

                                ਬ੍ਰਹਮ       :                 ਵਰ ਨੂੰ ਘਰ ਬੁਲਾ ਕੇ ਭੂਖਣ ਵਸਤਰ ਸਹਿਤ ਕੰਨਿਆ ਦੇਣੀ ।

                                ਦੈਵ             :                 ਯੱਗ ਕਰਵਾਉਣ ਵਾਲੇ ਪਰੋਹਤ ਨੂੰ ਕੰਨਿਆ ਦਾਨ ਕਰਨੀ ।

                                ਆਰਸ਼       :                 ਸੰਪਤੀ ਦੇ ਇਵਜ ਵਿੱਚ ਕੰਨਿਆ ਦੇਣੀ ।

                                ਪ੍ਰਾਜਾਪਾਤਯ :   ਪਰ ਪੁਰਸ਼ ਅਤੇ ਕੰਨਿਆ ਨੂੰ ਸਨੇਹ ਪੂਰਵਕ ਅਨੰਦ ਮਾਣਦੇ ਹੋਏ ਵੇਖ ਕੇ ਕੰਨਿਆ ਦੇਣੀ ।

                                ਆਸੁਰ       :                 ਧਨ ਦੇ ਇਵਜ ਵਿੱਚ ਕੰਨਿਆ ਦੇਣੀ ।

                                ਗਾਂਧਰਵ   :                 ਇਸਤਰੀ ਪੁਰਸ਼ ਦੇ ਆਪਸੀ ਪ੍ਰੇਮ ਸੰਬੰਧਾਂ ਦੀ ਘਨਿਸ਼ਠਤਾ ਕਾਰਨ ਕੰਨਿਆ ਦੇਣੀ ।

                                ਰਾਖਸ਼       :                 ਜ਼ੋਰਾ-ਜਬਰੀ ਕੰਨਿਆ ਪ੍ਰਾਪਤ ਕਰਨੀ ।

                                ਪਿਸ਼ਾਚ     :                 ਸੁੱਤੀ ਹੋਈ ਬੇਹੋਸ਼ ਕੰਨਿਆ ਨਾਲ ਸੰਭੋਗ ਉਪਰੰਤ ਕੰਨਿਆ ਪ੍ਰਾਪਤ ਕਰਨੀ ।

        ਸੱਭਿਅਕ ਸਮਾਜਾਂ ਵਿੱਚ ਅੱਠਵੀਂ ਪ੍ਰਕਾਰ ਦਾ , ਪਿਸ਼ਾਚ ਵਿਆਹ ਸਭ ਤੋਂ ਨਿੰਦੜ ਅਤੇ ਪਹਿਲੀ ਪ੍ਰਕਾਰ ਦਾ , ਬ੍ਰਹਮ ਵਿਆਹ ਸਭ ਤੋਂ ਉੱਤਮ ਮੰਨਿਆ ਗਿਆ ਹੈ ਜਿਸ ਵਿੱਚ ਇੱਕ ਪਤੀ , ਇੱਕ ਪਤਨੀ ਸਵੀਕਾਰੀ ਗਈ ਹੈ । ਭਾਰਤ ਦੇ ਕਈ ਪ੍ਰਾਂਤਾਂ ਅਤੇ ਕਬੀਲਿਆਂ ਵਿੱਚ ਬਹੁ ਪਤਨੀ ਪ੍ਰਥਾ ਵੀ ਪ੍ਰਚਲਿਤ ਰਹੀ ਹੈ । ਇਸਲਾਮ ਵਿੱਚ ਤਾਂ ਇੱਕ ਤੋਂ ਵਧੇਰੇ ਪਤਨੀਆਂ ਨਾਲ ਨਿਕਾਹ ਜਾਇਜ਼ ਮੰਨਿਆ ਗਿਆ ਹੈ । ਭਾਰਤ ਵਿੱਚ ਅਨੇਕਾਂ ਰਾਜੇ ਮਹਾਰਾਜਿਆਂ ਦੀਆਂ ਇੱਕ ਤੋਂ ਵਧੇਰੇ ਪਤਨੀਆਂ ਹੋਣ ਦੇ ਪ੍ਰਮਾਣ ਉਪਲਬਧ ਹਨ ।

        ਵਿਧਵਾ ਇਸਤਰੀ ਅਤੇ ਪਤਨੀ-ਬਾਹਰੇ ਪਤੀ ਦਾ ਪੁਨਰ-ਵਿਆਹ ਵੀ ਪ੍ਰਚਲਿਤ ਹੈ , ਜਿਸ ਨੂੰ ਇਸਤਰੀ ਵੱਲੋਂ ਕਰੇਵਾ ਅਤੇ ਪੁਰਸ਼ ਵੱਲੋਂ ਚਾਦਰ ਪਾਉਣਾ ਕਿਹਾ ਜਾਂਦਾ ਹੈ । ਪਹਿਲੇ ਸਮਿਆਂ ਵਿੱਚ ਹਿੰਦੂ ਰਾਜਪੂਤ ਵਿਧਵਾ ਇਸਤਰੀਆਂ ਪੁਨਰ-ਵਿਆਹ ਦੀ ਥਾਂ ਪਤੀ ਦੀ ਚਿਖ਼ਾ ਵਿੱਚ ਹੀ ਸੜ ਕੇ ਜਾਨ ਦੇ ਦਿੰਦੀਆਂ ਸਨ । ਕਈ ਹਾਲਤਾਂ ਵਿੱਚ ਵਿਆਹੁਤਾ ਪਤਨੀ ਦੀ ਕੁੱਖੋਂ ਸੰਤਾਨ ਨਾ ਹੋਣ ਦੀ ਸੂਰਤ ਵਿੱਚ ਪੁਰਸ਼ ਵੱਲੋਂ ਪਤਨੀ ਦੀ ਰਜ਼ਾ ਜਾਂ ਗ਼ੈਰ- ਰਜ਼ਾਮੰਦੀ ਨਾਲ ਦੂਜੀ ਪਤਨੀ ਲੈ ਆਉਣ ਦੀ ਵੀ ਖੁੱਲ੍ਹ ਪ੍ਰਾਪਤ ਹੈ । ਬਾਅਦ ਵਿੱਚ ਆਈ ਪਤਨੀ ਦੇ ਜੇਕਰ ਸੰਤਾਨ ਹੋ ਜਾਵੇ ਤਾਂ ਵਿਆਹੁਤਾ ਪਤਨੀ ਦੁਜੈਲੀ ਸਥਿਤੀ ਵਿੱਚ ਚਲੀ ਜਾਂਦੀ ਹੈ । ਵਿਆਹੁਤਾ ਜਾਂ ਅਣ-ਵਿਆਹੁਤਾ ਪੁਰਸ਼ ਇਸਤਰੀ ਜੇਕਰ ਮਾਪਿਆਂ ਦੀ ਰਜ਼ਾਮੰਦੀ ਤੋਂ ਬਿਨਾਂ ਕਿਤੇ ਦੁਰੇਡੇ ਭੱਜ ਕੇ ਜਿਨਸੀ ਸੰਬੰਧ ਬਣਾ ਲੈਣ ਤਾਂ ਅਜਿਹੇ ਵਿਆਹ ਸੰਬੰਧਾਂ ਨੂੰ ‘ ਉਧਾਲੇ’ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਨੂੰ ਸਮਾਜਿਕ ਮਾਨਤਾ ਪ੍ਰਾਪਤ ਨਹੀਂ ਹੈ ।

        ਭਾਰਤ ਦੇ ਕਈ ਪ੍ਰਾਂਤਾਂ ਵਿੱਚ ਬਹੁ-ਪਤੀ ਵਿਆਹ ਪ੍ਰਥਾ ਅਜਿਹੇ ਕਬੀਲਿਆਂ ਜਾਂ ਸਮੁਦਾਵਾਂ ਵਿੱਚ ਪ੍ਰਚਲਿਤ ਹੈ ਜਿੱਥੇ ਇਸਤਰੀਆਂ ਜੀਵਨ ਵਿੱਚ ਅਗਲਵਾਂਢੀ ਹਿੱਸਾ ਲੈਂਦੀਆਂ ਹਨ ਜਾਂ ਇਸਤਰੀਆਂ ਦੇ ਟਾਕਰੇ ਪੁਰਸ਼ਾਂ ਦੀ ਗਿਣਤੀ ਵਧੇਰੇ ਹੈ । ਕਈ ਹਾਲਤਾਂ ਵਿੱਚ ਟੱਬਰ ਦੇ ਇੱਕ ਪੁਰਸ਼ ਦੇ ਵਿਆਹੇ ਜਾਣ ਦੀ ਸੂਰਤ ਵਿੱਚ , ਵਿਆਹੁਤਾ ਪੁਰਸ਼ ਦੇ ਵਿਆਹ ਤੋਂ ਵਿਰਵੇ ਰਹਿ ਗਏ ਭਰਾ ਵੀ ਉਸ ਦੀ ਪਤਨੀ ਨਾਲ ਸੰਬੰਧ ਬਣਾਈ ਰੱਖਦੇ ਹਨ ਜੋ ਭਰਾਵਾਂ ਦੀ ਜਾਇਦਾਦ ਕਬਜ਼ੇ ਹੇਠ ਰੱਖਣ ਦੇ ਲਾਲਚ ਬਦਲੇ ਭਾਵੇਂ ਵਿਆਹੁਤਾ ਪਤੀ ਪਤਨੀ ਲਈ ਇਤਰਾਜ਼ਯੋਗ ਨਾ ਹੋਵੇ ਪਰ ਸਮਾਜਿਕ ਤੌਰ ਤੇ ਅਖ਼ਲਾਕੀ ਗਿਰਾਵਟ ਸਮਝੀ ਜਾਂਦੀ ਹੈ । ਇਹ ਵੱਖਰੀ ਗੱਲ ਹੈ ਕਿ ਮਹਾਂਭਾਰਤ ਦੇ ਨਾਇਕਾਂ ( ਪਾਂਡਵਾਂ ) ਦੀ ਸਾਂਝੀ ਪਤਨੀ ਦੀ ਇੱਕ ਉਦਾਹਰਨ ਦਰੋਪਤੀ ਵੀ ਰਹੀ ਹੈ ਜੋ ਕਦੇ ਵੀ ਅਖ਼ਲਾਕੀ ਗਿਰਾਵਟ ਦੀ ਭਾਗੀ ਨਹੀਂ ਸਮਝੀ ਗਈ ।

        ਭਾਰਤੀ ਪਰੰਪਰਾ ਵਿੱਚ ਜਿਸ ਵਿਆਹ-ਪ੍ਰਥਾ ਨੂੰ ਵਧੇਰੇ ਮਾਨਤਾ ਪ੍ਰਾਪਤ ਹੈ , ਉਹ ਬ੍ਰਹਮ ਰੂਪ ਹੈ ਜਿਸ ਵਿੱਚ ਮਾਪੇ ਆਪਣੀ ਹੀ ਕੁਲ ਜਾਤੀ ਵਿੱਚੋਂ ਯੋਗ ਵਰ ਦੀ ਤਲਾਸ਼ ਕਰਦੇ ਹਨ ਅਤੇ ਸੁਜੋੜ ਹੋਣ ’ ਤੇ ਰਿਸ਼ਤਾ ਤਹਿ ਕਰਦੇ ਹਨ , ਜੋ ਸੁਜਾਤੀ ਵਿਆਹ-ਪ੍ਰਥਾ ਅਖਵਾਉਂਦੀ ਹੈ । ਇਸ ਪ੍ਰਥਾ ਵਿੱਚ ਲਹੂ ਦੀ ਸਾਂਝ ( ਪਿੱਤਰੀ/ਮਾਤਰੀ ਸਾਕਾਦਾਰੀ ) ਨਾਲ ਵਿਆਹ ਸੰਬੰਧ ਜੋੜਨੇ ਨਿਸ਼ੇਧ ਹਨ । ਅਜੋਕੇ ਸਮੇਂ ਸੰਭਾਵੀ ਵਰ ਅਤੇ ਕੰਨਿਆਂ ਨੂੰ ਇੱਕ ਦੂਜੇ ਦੇ ਸਨਮੁਖ ਹੋ ਕੇ ਸਾਥੀ ਨੂੰ ਪਸੰਦ ਕਰਨ ਅਤੇ ਸਹਿਮਤੀ ਪੁੱਛਣ ਦੀ ਰੀਤ ਹੈ ।

        ਦੁਵੱਲੀ ਸੁਜੋੜ ਪਸੰਦ ਹੋਵੇ ਤਾਂ ਮੌਜੂਦਾ ਅਵਸਰ ’ ਤੇ ਹੀ ਦੋਹਾਂ ਧਿਰਾਂ ਵੱਲੋਂ ‘ ਠਾਕੇ’ ਦੀ ਰਸਮ ਅਧੀਨ ਵਰ ਅਤੇ ਕੰਨਿਆ ਦੀ ਝੋਲੀ ਸ਼ਗਨ ਪਾ ਕੇ ਰਿਸ਼ਤੇ ਦਾ ਮੁੱਢ ਬੰਨ੍ਹਿਆ ਜਾਂਦਾ ਹੈ । ਕੁੱਝ ਵਕਫ਼ੇ ਬਾਅਦ ਵਿਧੀਵਤ ਢੰਗ ਨਾਲ ਕੁੜਮਾਈ ( ਮੰਗਣੀ ) ਕੀਤੀ ਜਾਂਦੀ ਹੈ । ਵਿਆਹ ਤੋਂ ਕੁੱਝ ਦਿਨ ਪਹਿਲਾਂ , ਦਿਨ ਨਿਸ਼ਚਿਤ ਕਰਨ ਲਈ ‘ ਸਾਹਾ ਚਿੱਠੀ’ ਭੇਜੀ ਜਾਂਦੀ ਹੈ । ਵਿਆਹ ਦੇ ਨਿਸ਼ਚਿਤ ਦਿਨ ਤੋਂ ਤਿੰਨ ਜਾਂ ਪੰਜ ਦਿਨ ਪਹਿਲਾਂ ਵਰ ਅਤੇ ਕੰਨਿਆ ਨੂੰ ਵਟਣਾ ਮਲਿਆ ਜਾਂਦਾ ਹੈ । ਜਨੇਤ ਆਉਣ ਤੋਂ ਪਹਿਲੀ ਰਾਤ ਵਰ ਅਤੇ ਕੰਨਿਆ ਨੂੰ ਮਹਿੰਦੀ ਲਾਉਣ ਦੀ ਰਸਮ ਕੀਤੀ ਜਾਂਦੀ ਹੈ ਅਤੇ ਜਨੇਤ ਆਉਣ ਤੋਂ ਪਹਿਲਾਂ ਉਹਨਾਂ ਦੇ ਆਪਣੇ-ਆਪਣੇ ਗ੍ਰਹਿ ਵਿਖੇ ਖਾਰੇ ਚਾੜ੍ਹਨ ਦੀ ( ਵਿਧੀਵਤ ਢੰਗ ਅਤੇ ਸ਼ਗਨਾਂ ਅਨੁਸਾਰ ) ਰੀਤ ਕੀਤੀ ਜਾਂਦੀ ਹੈ ।

        ਵਰ ਸਮੇਤ ਜਨੇਤ ਦੇ ਕੰਨਿਆ ਦੇ ਗ੍ਰਹਿ ਵਿਖੇ ਪੁੱਜਣ ਅਤੇ ਮਿਲਣੀ ਜਿਹੀਆਂ ਕਈ ਨਿੱਕੀਆਂ-ਵੱਡੀਆਂ ਰਸਮਾਂ , ਜਿਵੇਂ ਵਰ ਮਾਲਾ ਆਦਿ ਉਪਰੰਤ , ਵਿਆਹ ਦੀ ਸਭ ਤੋਂ ਪਵਿੱਤਰ ਅਤੇ ਉੱਤਮ ਰਸਮ ਫੇਰਿਆਂ ਦੀ ਰੀਤ ਹੈ , ਜਿਸ ਤੋਂ ਬਾਅਦ ਵਰ ਅਤੇ ਕੰਨਿਆ ਨੇ ਸਮਾਜਿਕ ਭਾਈਚਾਰੇ ਵੱਲੋਂ ਪਤੀ ਪਤਨੀ ਦੇ ਰੂਪ ਵਿੱਚ ਸਵੀਕਾਰੇ ਜਾਣਾ ਹੁੰਦਾ ਹੈ । ਵਿਆਹ ਰਸਮਾਂ ਵਿੱਚ ਵਟਣਾ ਮਲੇ ਜਾਣ ਪਿੱਛੋਂ ਮੁੰਡਾ ਕੁੜੀ ‘ ਵਰ’ ਅਤੇ ‘ ਕੰਨਿਆ’ ਦੇ ਰੂਪ ਵਿੱਚ , ਖਾਰੇ ਚੜ੍ਹਨ ਉਪਰੰਤ ‘ ਲਾੜੇ ਲਾੜੀ’ ( ਦੂਲ੍ਹਾ ਦੁਲਹਨ ) ਦੇ ਰੂਪ ਵਿੱਚ ਅਤੇ ਫੇਰਿਆਂ ਉਪਰੰਤ ਵਿਆਹੁਤਾ ਲਾੜੀ ਨੂੰ ‘ ਵਹੁਟੀ’ ( ਬਹੂ/ਨੂੰਹ ਆਦਿ ) ਦੇ ਰੂਪ ਵਿੱਚ ਸੰਬੋਧਿਤ ਕੀਤੇ ਜਾਣ ਦੀ ਰੀਤ ਹੈ ।

        ਸਿੱਖ ਧਰਮ ਅਨੁਸਾਰ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਦੇ ਹੋਏ ਲਾਵਾਂ ਦੇ ਪਾਠ ਸਹਿਤ ਚਾਰ ਫ਼ੇਰੇ ਲੈਣ ਦੀ ਮਰਯਾਦਾ ਮੰਨੀ ਗਈ ਹੈ ਜਿਸ ਵਿੱਚ ਲਾੜੀ ਨੇ ਪਿੱਛੇ ਅਤੇ ਲਾੜੇ ਨੇ ਅੱਗੇ ਰਹਿਣਾ ਹੁੰਦਾ ਹੈ । ਹਿੰਦੂ ਧਰਮ ਵਿੱਚ ਅਗਨੀ ਦੇ ਚੁਫ਼ੇਰੇ ਸੱਤ ਫ਼ੇਰੇ ਲੈਣ ਦੀ ਰੀਤ ਹੈ । ਕਈ ਜਾਤਾਂ ਗੋਤਾਂ ਅਤੇ ਸਮੁਦਾਵਾਂ ਵਿੱਚ ਲਾੜੇ ਦੇ ਚਾਰ ਅਤੇ ਲਾੜੀ ਵੱਲੋਂ ਤਿੰਨ ਫ਼ੇਰੇ ਅੱਗੇ ਲੱਗ ਕੇ ਲੈਣ ਦਾ ਚਲਨ ਹੈ । ਅਜੋਕੇ ਸਮੇਂ ਭਾਰਤੀ ਕਨੂੰਨ ਅਨੁਸਾਰ , ਕੋਈ ਵੀ ਅਣਵਿਆਹੁਤਾ ਬਾਲਗ਼ ਪੁਰਸ਼ ਜਾਂ ਇਸਤਰੀ ਅਦਾਲਤੀ ਕਾਰਵਾਈ ਰਾਹੀਂ ਵੀ ਵਿਆਹ ਕਰਾਉਣ ਦਾ ਅਧਿਕਾਰੀ ਹੈ । ਅਜਿਹੀ ਹਾਲਤ ਵਿੱਚ ਅੰਤਰਜਾਤੀ ਵਿਆਹ ਨੂੰ ਵੀ ਬਰਾਬਰ ਦੀ ਮਾਨਤਾ ਪ੍ਰਾਪਤ ਹੈ । ਭਾਰਤੀ ਸੰਵਿਧਾਨ ਅਤੇ ਰਹਿਤਲ ਦੀ ਮਰਯਾਦਾ ਅਨੁਸਾਰ , ਸੱਕੀ ਭੈਣ , ਧੀ ਅਤੇ ਮਤੇਈ ਮਾਂ ਨਾਲ ਵਿਆਹ ਸੰਬੰਧ ਬਣਾਉਣੇ ਸਖ਼ਤ ਮਨ੍ਹਾਂ ਹਨ ।

        ਯੋਗ ਵਰ ਦੀ ਤਲਾਸ਼ ਲਈ ਇੱਕ ਸਮੇਂ ਕੁਲ ਪਰੋਹਤ , ਵਿਚੋਲੇ ਜਾਂ ਅੰਗਾਂ ਸਾਕਾਂ ਦੀ ਮਦਦ ਲਈ ਜਾਂਦੀ ਸੀ । ਅਜੋਕੇ ਸਮੇਂ ਮੈਰਿਜ ਬਿਉਰੋ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ । ਭਾਰਤੀ ਕਨੂੰਨ ਅਨੁਸਾਰ , ਪ੍ਰੇਮ-ਵਿਆਹ ਨੂੰ ਕਨੂੰਨੀ ਮਾਨਤਾ ਪ੍ਰਾਪਤ ਹੈ ਜਦ ਕਿ ਸਮਾਜਿਕ ਤੌਰ `ਤੇ ਪਿਆਰ ਵਿਆਹ ਨੂੰ ਓਨੀ ਉੱਚਤਾ ਪ੍ਰਾਪਤ ਨਹੀਂ । ਵਿਆਹ ਸੰਬੰਧੀ ‘ ਠਾਕੇ’ ਦੀ ਰਸਮ ਮੁਢਲੀ ਅਤੇ ਡੋਲੀ ( ਵਿਦਾਈ ) ਦੀ ਰਸਮ ਅੰਤਿਮ ਸਮਝੀ ਜਾਂਦੀ ਹੈ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਆਹ ( ਨਾਂ , ਪੁ ) 1 ਇਸਤਰੀ ਪੁਰਸ਼ ਲਈ ਪਰਸਪਰ ਜੀਵਨ ਬੰਧਨ ਵਿੱਚ ਬੰਨ੍ਹੇ ਜਾਣ ਦੀ ਪਵਿੱਤਰ ਰਸਮ 2 ਸ਼ਾਦੀ; ਅਨੰਦ ਕਾਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਆਹ [ ਨਾਂਪੁ ] ਵੇਖੋ ਸ਼ਾਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Marriage _ਵਿਆਹ : ਵਿਆਹ ਮਰਦ ਇਸਤਰੀ ਵਿਚਕਾਰ ਮੁਕਾਬਲਤਨ ਸਥਾਈ ਲਿੰਗ-ਸਬੰਧਾਂ ਉਤੇ ਆਧਾਰਤ ਸੰਸਥਾ ਹੈ । ਜਿਸ ਵਿਚ ਸਾਂਝੇ ਘਰ ਦਾ ਸੰਕਲਪ ਕੰਮ ਕਰ ਰਿਹਾ ਹੁੰਦਾ ਹੈ । ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਭਿਅਤਾ ਦੇ ਸ਼ੁਰੂ ਵਿਚ ਮਰਦ ਇਸਤਰੀ ਵਿਚਕਾਰ ਵੀ ਪਸ਼ੂਆਂ ਪੰਛੀਆਂ ਵਾਂਗ ਲਿੰਗ-ਸਬੰਧਾਂ ਉਤੇ ਬੰਦਸ਼ਾਂ ਨਹੀਂ ਸਨ । ਪਰ ਸਮਾਜਕ- ਤੱਥਾ-ਆਰਥਕ ਲੋੜਾਂ ਨੇ ਮਨੁੱਖ ਨੂੰ ਇਨ੍ਹਾਂ ਸਬੰਧਾਂ ਵਿਚ ਸਥਾਈਪਨ ਲਿਆਉਣ ਲਈ ਪ੍ਰੇਰਿਆ । ਇਹ ਸੰਸਥਾ ਉਸ ਪੜਾ ਵਿਚੋਂ ਵੀ ਲੰਘੀ ਹੈ ਜਿਥੇ ਇਕ ਔਰਤ ਅਤੇ ਅਨੇਕ ਮਰਦਾਂ ਵਿਚਕਾਰ ਮੁਕਾਬਲਤਨ ਸਥਾਈ ਸਬੰਧ ਹੁੰਦੇ ਸਨ । ਇਕ ਮਰਦ ਦੇ ਕਈ ਔਰਤਾਂ ਨਾਲ ਸਮਾਜ-ਪਰਵਾਨਤ ਸਬੰਧ ਲਭਣ ਲਈ ਬਹੁਤਾ ਪਿਛੇ ਨਹੀਂ ਜਾਣਾ ਪੈਂਦਾ । ਪਰ ਅਜ ਜ਼ਿਆਦਾਤਰ ਸਮਾਜਾਂ ਵਿਚ ਇਕ ਮਰਦ-ਇਕ ਔਰਤ ਦੇ ਸਮਾਜਕ , ਧਾਰਮਕ ਅਤੇ ਕਾਨੂੰਨੀ ਤੌਰ ਤੇ ਪਰਵਾਨਤ ਲਿੰਗ ਸਬੰਧਾਂ ਉਤੇ ਉਸਰ ਰਹੇ ਪਰਿਵਾਰ ਦੀ ਸੰਸਥਾ ਦੀ ਬੁਨਿਆਦ ਵਿਆਹ ਨੂੰ ਮੰਨਿਆ ਗਿਆ ਹੈ । ਸਮਾਜ ਵਿਚ ਬੱਚਿਆਂ ਨੂੰ ਜਾਇਜ਼ ਬੱਚੇ ਹੋਣ ਦਾ ਦਰਜਾ ਦਿਵਾਉਣ ਲਈ ਮਾਤਾ ਪਿਤਾ ਵਿਚਕਾਰ ਵਿਆਹ ਦਾ ਹੋਇਆ ਹੋਣਾ ਜ਼ਰੂਰੀ ਹੈ । ਭਾਵੇਂ ਵਿਆਹ ਸੰਸਕਾਰ ਧਾਰਮਕ ਰਸਮਾਂ ਅਦਾ ਕਰਕੇ ਕੀਤਾ ਜਾਂਦਾ ਹੈ ਪਰ ਵਿਆਹਕ ਸਬੰਧਾਂ ਦਾ ਤੁੜਾਉ ਬੁਨਿਆਦੀ ਤੌਰ ਤੇ ਕਾਨੂੰਨ ਦਾ ਵਿਸ਼ਾ ਹੈ । ਉਸ ਦ੍ਰਿਸ਼ਟੀ ਤੋਂ ਵਿਆਹ ਦਾ ਹੋਇਆ ਹੋਣਾ ਵੀ ਕਾਨੂੰਨੀ ਖੇਤਰ ਵਿਚ ਆ ਜਾਂਦਾ ਹੈ ਅਤੇ ਵਿਆਹਕ ਮਸਲਿਆਂ ਦੇ ਉਸਾਰ ਅਤੇ ਵਿਨਾਸ਼ ਦੋਵੇਂ ਕਾਨੂੰਨ ਦਾ ਵਿਸ਼ਾ ਬਣ ਜਾਂਦੇ ਹਨ । ਹਿੰਦੁੂ ਸਮਾਜ ਅੱਜ ਵੀ ਵਿਆਹ ਨੂੰ ਇਕ ਅਜਿਹਾ ਸੰਸਕਾਰ ਮੰਨਦਾ ਹੈ ਜੋ ਸਰੀਰ ਅਤੇ ਆਤਮਾ ਦੀ ਪਵਿਤਰਤਾ ਲਈ ਜ਼ਰੂਰੀ ਹੈ । ਪਰ ਸਮਾਜਕ-ਆਰਥਕ ਅਤੇ ਹੋਰ ਅਨੇਕਾਂ ਮਜਬੂਰੀਆਂ ਕਾਰਨ ਤਲਾਕ ਨੂੰ ਮਾਨਤਾ ਦੇ ਦਿੱਤੀ ਗਈ ਹੈ , ਜੋ ਧਰਮ ਦੇ ਖੇਤਰ ਵਿਚ ਵਰਜਤ ਹੈ ਤੇ ਪ੍ਰਾਚੀਨ ਹਿੰਦੂ ਕਾਨੂੰਨ ਜਿਸ ਤੋਂ ਪੂਰੇ ਤੌਰ ਤੇ ਬੇਖ਼ਬਰ ਸੀ । ਇਸ ਕਾਰਨ ਹੀ ਇਹ ਕਿਹਾ ਜਾਂਦਾ ਹੈ ਕਿ ਹਿੰਦੂਆਂ ਵਿਚ ਵਿਆਹ ਦਾ ਬੰਧਨ ਹੁਣ ਇਕ ਸਿਵਲ-ਮੁਆਇਦਾ ਬਣ ਗਿਆ ਹੈ । ਇਸ ਦੇ ਉਲਟ ਮੁਸਲਮਾਨਾਂ ਵਿਚ ਮਰਦ ਅਜ ਵੀ ਚਾਰ ਔਰਤਾਂ ਨਾਲ ਵਿਆਹ ਕਰਵਾ ਸਕਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.