ਵਿਸ਼ਨੂੰ ਪ੍ਰਭਾਕਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਸ਼ਨੂੰ ਪ੍ਰਭਾਕਰ ( 1912 ) : ਹਿੰਦੀ ਸਾਹਿਤ ਜਗਤ ਵਿੱਚ ਵਿਸ਼ਨੂੰ ਪ੍ਰਭਾਕਰ ਦਾ ਨਾਂ ਆਪਣੀ ਬਹੁਪੱਖੀ ਸ਼ਖ਼ਸੀਅਤ ਕਰ ਕੇ ਜਾਣਿਆ ਜਾਂਦਾ ਹੈ । ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ‘ ਮੁਜ਼ੱਫਰਪੁਰ’ ਜਨਪਦ ਦੇ ‘ ਮੀਰਾਂਪੁਰ’ ਪਿੰਡ ਵਿੱਚ 21 ਜੂਨ 1912 ਨੂੰ ਹੋਇਆ । ਮੁਢਲੀ ਸਿੱਖਿਆ ਪਿੰਡ ਮੀਰਾਂਪੁਰ ਵਿੱਚ ਹੀ ਹੋਈ । ਇਸ ਤੋਂ ਮਗਰੋਂ ਉਹ ਆਪਣੇ ਮਾਮੇ ਦੇ ਕੋਲ ਹਰਿਆਣਾ ਪ੍ਰਾਂਤ ਦੇ ‘ ਹਿਸਾਰ’ ਨਾਮਕ ਕਸਬੇ ਵਿੱਚ ਆ ਗਿਆ , ਜਿੱਥੋਂ ਉਸ ਨੇ ਚੰਦੂ ਲਾਲ ਐਂਗਲੋ ਵੈਦਿਕ ਸਕੂਲ ਤੋਂ ਹਾਈ ਸਕੂਲ ਦੀ ਪਰੀਖਿਆ ਪਾਸ ਕੀਤੀ । ਪੰਜਾਬ ਯੂਨੀਵਰਸਿਟੀ ਜੋ ਭਾਰਤ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਸੀ , ਤੋਂ ਉਸ ਨੇ ਪ੍ਰਭਾਕਰ ਅਤੇ ਬੀ.ਏ. ਦੀ ਪਰੀਖਿਆ ਪਾਸ ਕੀਤੀ । ਇਸ ਲਈ ਉਸ ਦੇ ਨਾਂ ਨਾਲ ‘ ਪ੍ਰਭਾਕਰ’ ਦੀ ਪਦਵੀ ਜੁੜ ਗਈ । ਸਿੱਖਿਆ ਖ਼ਤਮ ਕਰ ਕੇ ਉਹ ਸਰਕਾਰੀ ਸੇਵਾ ਵਿੱਚ ਆ ਗਿਆ । 1933 ਵਿੱਚ ਉਸ ਦਾ ਸੰਪਰਕ ਹਿਸਾਰ ਦੀਆਂ ਨਾਟਕ ਮੰਡਲੀਆਂ ਨਾਲ ਹੋਇਆ । ਉਸ ਨੇ ਨਾਟਕ ਖੇਡਿਆ ਅਤੇ ਮੰਤਰੀ ਦੇ ਰੂਪ ਵਿੱਚ ਉਸ ਨੇ ਕੰਮ ਵੀ ਕੀਤਾ ।

        ਸਾਹਿਤ ਵਿੱਚ ਉਸ ਦੀ ਰੁਚੀ ਸ਼ੁਰੂ ਤੋਂ ਹੀ ਸੀ । ਉਸ ਦੀ ਪਹਿਲੀ ਕਹਾਣੀ ਲਾਹੌਰ ਤੋਂ ਛਪਣ ਵਾਲੇ ਪੱਤਰ ਮਿਲਾਪ ਵਿੱਚ 1931 ਵਿੱਚ ਛਪੀ । ਉਸ ਸਮੇਂ ਇੱਕ ਹੋਰ ਪੱਤ੍ਰਿਕਾ ਹੰਸ ਵੀ ਨਿਕਲਦੀ ਸੀ । ਉਸ ਦਾ ਸੰਪਾਦਕ ਪ੍ਰਸਿੱਧ ਕਥਾਕਾਰ ਮੁਨਸ਼ੀ ਪ੍ਰੇਮ ਚੰਦ ਸੀ , ਉਸ ਦੀ ਮੌਤ ਤੋਂ ਬਾਅਦ ਹੰਸ ਦਾ ਇਕਾਂਗੀ-ਵਿਸ਼ੇਸ਼ ਅੰਕ ਨਿਕਲਿਆ । ਇਸ ਨੂੰ ਉਸ ਨੇ ਬੜੀ ਰੁਚੀ ਨਾਲ ਪੜ੍ਹਿਆ । ਨਾਟਕਾਂ ਵਿੱਚ ਰੁਚੀ ਪਹਿਲਾਂ ਤੋਂ ਹੀ ਸੀ । ਕੁਝ ਦੋਸਤਾਂ ਦੀ ਹੱਲਾਸ਼ੇਰੀ , ਕੁਝ ਮਨ ਦਾ ਝੁਕਾਅ ਅਤੇ ਕੁਝ ਇਸ ਵਿਸ਼ੇਸ਼ ਅੰਕ ਦਾ ਪ੍ਰਭਾਵ , ਇੰਞ ਹੋਇਆ ਕਿ ਉਸ ਨੇ 1939 ਵਿੱਚ ਆਪਣਾ ਪਹਿਲਾ ਇਕਾਂਗੀ ਨਾਟਕ ਹੱਤਿਆ ਕੇ ਬਾਅਦ ਲਿਖਿਆ ।

        ਉਸ ਦੇ ਜੀਵਨ ਤੇ ਦੋ ਪ੍ਰਭਾਵ ਵਿਆਪਕ ਰੂਪ ਵਿੱਚ ਪਏ , ਆਰੀਆ ਸਮਾਜ ਦਾ ਅਤੇ ਮਹਾਤਮਾ ਗਾਂਧੀ ਦਾ । ਆਰੀਆ ਸਮਾਜ ਦੀ ਸਥਾਪਨਾ ਦਇਆਨੰਦ ਸਰਸਵਤੀ ਨੇ ਕੀਤੀ ਸੀ । ਉਸ ਦਾ ਮੁੱਖ ਕੰਮ ਆਰੀਆ ਸਮਾਜ ਨੂੰ ਰਸਮ ਰਿਵਾਜਾਂ ਤੋਂ ਮੁਕਤ ਕਰਨਾ ਅਤੇ ਸਮਾਜ ਨੂੰ ਫਿਰ ਤੋਂ ਤੰਦਰੁਸਤ ਰੂਪ ਦੇਣਾ ਸੀ । ਮਹਾਤਮਾ ਗਾਂਧੀ ਨੇ ਸੱਚ ਅਤੇ ਅਹਿੰਸਾ ਦੇ ਰਸਤੇ ਨੂੰ ਚੁਣਿਆ ਤੇ ਅਜ਼ਾਦੀ ਪ੍ਰਾਪਤ ਕਰਨ ਲਈ ਲੋਕ ਜਾਗਰਨ ਦਾ ਕਦੀ ਨਾ ਭੁੱਲਣ ਵਾਲਾ ਕੰਮ ਕੀਤਾ । ਇਸ ਤਰ੍ਹਾਂ ਵਿਸ਼ਨੂੰ ਪ੍ਰਭਾਕਰ ਦੀ ਸ਼ਖ਼ਸੀਅਤ ਵਿੱਚ ਦੇਸ ਪ੍ਰੇਮ ਅਤੇ ਸਮਾਜ ਸੁਧਾਰ ਦੇ ਤੱਤ ਆ ਗਏ । ਉਸ ਦਾ ਹੀ ਪ੍ਰਗਟਾਵਾ ਉਸ ਦੇ ਸਾਹਿਤ ਵਿੱਚ ਬਹੁਤ ਵਿਆਪਕ ਰੂਪ ਵਿੱਚ ਹੋਇਆ । ਦੇਸ ਪ੍ਰੇਮ ਦੇ ਕਾਰਨ ਹੀ ਉਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਸੀ । ਸਰਕਾਰ ਉਸ ਤੋਂ ਨਰਾਜ਼ ਸੀ । ਨੌਕਰੀ ਛੱਡ ਕੇ ਉਹ ਅਜ਼ਾਦ ਲੇਖਨ ਕਰਨ ਲੱਗਾ ਪਰ ਆਪਣੇ ਆਦਰਸ਼ਾਂ ਤੋਂ ਹਿੱਲਿਆ ਨਹੀਂ । ਇਸ ਤੋਂ ਜੋ ਆਮਦਨੀ ਹੁੰਦੀ ਸੀ , ਉਸ ਨਾਲ ਹੀ ਆਪਣਾ ਖ਼ਰਚਾ ਚਲਾਉਂਦਾ ਸੀ । ਅਜ਼ਾਦੀ ਪ੍ਰਾਪਤੀ ਤੋਂ ਬਾਅਦ ਦਿੱਲੀ ਵਿੱਚ ਅਕਾਸ਼ਬਾਣੀ ਵਿੱਚ ਰੇਡੀਓ ਤੋਂ ਪ੍ਰਸਾਰਿਤ ਹੋਣ ਵਾਲੇ ਰੂਪਕ ਲਿਖਣੇ ਸ਼ੁਰੂ ਕੀਤੇ । ਉਸ ਨੂੰ ਰੇਡੀਓ ਰੂਪਕ ਲਿਖਣ ਕਰ ਕੇ ਬਹੁਤ ਪ੍ਰਸਿੱਧੀ ਮਿਲੀ ।

        ਵਿਸ਼ਨੂੰ ਪ੍ਰਭਾਕਰ ਦੀਆਂ ਰਚਨਾਵਾਂ ਦੀ ਗਿਣਤੀ ਚਾਲੀ ਤੋਂ ਉੱਤੇ ਹੈ । ਇਹਨਾਂ ਰਚਨਾਵਾਂ ਵਿੱਚ ਕੁਝ ਨਾਟਕ , ਨਾਵਲ , ਇਕਾਂਗੀ , ਕਹਾਣੀ-ਸੰਗ੍ਰਹਿ , ਸੰਸਮਰਨ ਅਤੇ ਕੁਝ ਯਾਤਰਾ-ਵਰਣਨ ਹਨ ਅਤੇ ਇੱਕ ਜੀਵਨੀ ਹੈ । ਢਲਤੀ ਰਾਤ , ਸਵਪਨਮਈ , ਕੋਈ ਤੋ , ਨਿਸ਼ੀਕਾਂਤ ਅਤੇ ਅਰਧ ਨਾਰੀਸ਼ਵਰ ਉਸ ਦੇ ਪ੍ਰਸਿੱਧ ਨਾਵਲ ਹਨ । ਨਵ ਪ੍ਰਭਾਤ , ਡਾਕਟਰ , ਗੰਧਾਰ ਕੀ ਭਿਕਸ਼ੁਣੀ , ਯੁਗੇ ਯੁਗੇ , ਕਾਂਤੀ , ਟੂਟਤੇ ਪਰਿਵੇਸ਼ , ਕੁਹਾਸਾ ਔਰ ਕਿਰਣੇਂ , ਦਰਾਰ , ਵੰਦਿਨੀ , ਅਬ ਔਰ ਨਹੀਂ , ਸ਼ਵੇਤ ਕਮਲਾ , ਕੇਰਲ ਕਾ ਕ੍ਰਾਂਤੀਕਾਰੀ , ਉਸ ਦੇ ਪ੍ਰਸਿੱਧ ਨਾਟਕ ਹਨ । ਵਿਸ਼ਨੂੰ ਪ੍ਰਭਾਕਰ-ਸੰਪੂਰਨ ਨਾਟਕ ( 3 ਭਾਗ ) ਦੇ ਰੂਪ ਵਿੱਚ ਇਸ ਦੇ ਸਾਰੇ ਨਾਟਕਾਂ ਨੂੰ ਇਕੱਠੇ ਕਰ ਕੇ ਵੀ ਪੇਸ਼ ਕੀਤਾ ਗਿਆ ਹੈ ।

        ਇਨਸਾਨ ਤਥਾ ਅਨਯ ਇਕਾਂਗੀ , ਅਸ਼ੋਕ ਤਥਾ ਅਨਯ ਇਕਾਂਗੀ , ਦਸ ਬਜੇ ਰਾਤ , ਉੱਚਾ ਪਰਬਤ , ਗਹਿਰਾ ਸਾਗਰ , ਮੇਰੇ ਪ੍ਰਿਯ ਇਕਾਂਗੀ , ਪ੍ਰਕਾਸ਼ ਔਰ ਪਰਛਾਈਆਂ , ਯੇ ਰੇਖਾਏਂ , ਯੇ ਦਾਇਰੇ , ਬਾਰਾਂ ਇਕਾਂਗੀ , ਮੇਰੇ ਸ੍ਰੇਸ਼ਠ ਇਕਾਂਗੀ , ਤੀਸਰਾ ਆਦਮੀ , ਨਏ ਇਕਾਂਗੀ , ਡਰੇ ਹੂਏ ਲੋਗ , ਮੈਂ ਭੀ ਮਾਨਵ ਹੂੰ , ਦ੍ਰਿਸ਼ਟੀ ਕੀ ਖੋਜ ਆਦਿ ਉਸ ਦੇ ਇਕਾਂਗੀ-ਸੰਗ੍ਰਹਿ ਹਨ । ਉਸ ਦੇ ਕਹਾਣੀ-ਸੰਗ੍ਰਹਿਆਂ ਵਿੱਚ ਮੇਰੀ ਪ੍ਰੇਮ ਕਹਾਣੀ , ਖਿਲੋਣੇ , ਵਿਸ਼ਣੂ ਪ੍ਰਭਾਕਰ , ਸੰਪੂਰਨ ਕਹਾਣੀਆਂ ( 8 ਖੰਡ ) ਹਿਮਾਲਯ , ਮੇਰੇ ਅਗਰਜ ਮੇਰੇ ਮੀਤ ਅਤੇ ਰਾਹ ਚਲਤੇ ਚਲਤੇ ਹਨ । ਉਸ ਦੀ ਕਹਾਣੀ ‘ ਧਰਤੀ ਅਬ ਭੀ ਘੂਮ ਰਹੀ ਹੈ` ( 1954 ) ਬਹੁਤ ਚਰਚਾ ਵਿੱਚ ਰਹੀ । ਹਮ ਸਿਖਰ ਕੀ ਛਾਇਆ ਮੇਂ , ਜਯੋਤੀ ਪੁੰਜ ਉਸ ਦੇ ਯਾਤਰਾ ਬਿਰਤਾਂਤ ਹਨ । ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਜਿਸ ਗ੍ਰੰਥ ਤੋਂ ਮਿਲੀ ਹੈ ਉਹ ਹੈ ਅਵਾਰਾ ਮਸੀਹਾਬੰਗਲਾ ਭਾਸ਼ਾ ਦੇ ਨਾਵਲਕਾਰ ਸ਼ਰਤ ਚੰਦਰ ਦੇ ਜੀਵਨ ਤੇ ਸਹੀ ਜਾਣਕਾਰੀ ਵਾਲੀ ਇਹ ਪਹਿਲੀ ਰਚਨਾ ਹੈ । ਇਸ ਵਿੱਚ ਜੀਵਨੀ ਨੂੰ ਨਾਵਲ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ । ਇਸ ਦੇ ਲਗਪਗ 430 ਪੰਨੇ ਹਨ । ਸੰਪੂਰਨ ਕਿਤਾਬ ਨੂੰ ਤਿੰਨ ਭਾਗਾਂ ਵਿੱਚ ਲਿਖਿਆ ਗਿਆ ਹੈ । ਹਰ ਭਾਗ ਨੂੰ ‘ ਪਰਵ’ ਨਾਂ ਦਿੱਤਾ ਗਿਆ ਹੈ । ਇਸਦੇ ਤਿੰਨ ਪਰਵ ਹਨ-ਦਿਸ਼ਾਹਾਰਾ , ਦਿਸ਼ਾ ਕੀ ਖੋਜ ਅਤੇ ਦਿਸ਼ਾਂਤ । ਇਸ ਜੀਵਨੀ ਦੀ ਜਾਣਕਾਰੀ ਨੂੰ ਇਕੱਠਾ ਕਰਨ ਲਈ ਅਤੇ ਇਸ ਨੂੰ ਲਿਖਣ ਵਿੱਚ ਲੇਖਕ ਨੇ ਚੌਦਾਂ ਸਾਲ ਬੜੀ ਮਿਹਨਤ ਕੀਤੀ । 1974 ਵਿੱਚ ਇਸਦਾ ਲੇਖਨ ਪੂਰਾ ਹੋਇਆ ਅਤੇ 1976 ਵਿੱਚ ਇਹ ਕਿਤਾਬ ਛਪੀ । ਇਸ ਦੇ ਮਹੱਤਵ ਦਾ ਅੰਦਾਜ਼ਾ ਇਸ ਗੱਲ ਤੋਂ ਕੀਤਾ ਜਾ ਸਕਦਾ ਹੈ ਕਿ ਅਨੇਕ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋ ਚੁੱਕਿਆ ਹੈ । ਇਸ ਕਿਤਾਬ ਦੇ ਆਧਾਰ ਤੇ ਲੇਖਕ ਨੂੰ ‘ ਸੋਵੀਅਤ ਲੈਂਡ ਨਹਿਰੂ ਪੁਰਸਕਾਰ’ ਅਤੇ ‘ ਪਾਵਲੋ ਸਨਮਾਨ’ ਮਿਲਿਆ ਹੈ ।

        ਵਿਸ਼ਨੂੰ ਪ੍ਰਭਾਕਰ ਦੀ ਸਾਹਿਤ ਸਾਧਨਾ ਨੂੰ ਅਨੇਕ ਸੰਸਥਾਵਾਂ ਨੇ ਪਸੰਦ ਕੀਤਾ ਹੈ । ਉਸ ਨੂੰ ਸੱਤਾ ਦੇ ਆਰ ਪਾਰ ਨਾਟਕ ਤੇ ‘ ਭਾਰਤੀ ਗਿਆਨ ਪੀਠ’ ਦਾ ਮੂਰਤੀ ਦੇਵੀ ਪੁਰਸਕਾਰ ਮਿਲਿਆ । ਹਿੰਦੀ ਅਕਾਦਮੀ ਦਿੱਲੀ ਨੇ ਉਸ ਨੂੰ ‘ ਸਲਾਨਾ ਪੁਰਸਕਾਰ’ ਭੇਟ ਕੀਤਾ ਸੀ , ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ , ਲਖਨਊ ਨੇ ‘ ਗਾਂਧੀ ਪੁਰਸਕਾਰ’ ਅਤੇ ਰਾਜ ਭਾਸ਼ਾ ਵਿਭਾਗ , ਬਿਹਾਰ ਨੇ ‘ ਰਾਜਿੰਦਰ ਪ੍ਰਸ਼ਾਦ ਸਿਖਰ ਪੁਰਸਕਾਰ’ ਦਿੱਤਾ । ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਵਿਸ਼ਨੂੰ ਪ੍ਰਭਾਕਰ ਨੂੰ 2005 ਦੇ ਗਣਤੰਤਰ ਦਿਵਸ ਤੇ ਪਦਮ ਵਿਭੂਸ਼ਣ ਨਾਲ ਸਜਾ ਕੇ ਸੰਪੂਰਨ ਰਾਸ਼ਟਰ ਦੀ ਪ੍ਰਸੰਸਾ ਭੇਟ ਕੀਤੀ ।


ਲੇਖਕ : ਮੰਜੂ ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.