ਵਿਸ਼ਨੂੰ ਪ੍ਰਭਾਕਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਸ਼ਨੂੰ ਪ੍ਰਭਾਕਰ (1912) : ਹਿੰਦੀ ਸਾਹਿਤ ਜਗਤ ਵਿੱਚ ਵਿਸ਼ਨੂੰ ਪ੍ਰਭਾਕਰ ਦਾ ਨਾਂ ਆਪਣੀ ਬਹੁਪੱਖੀ ਸ਼ਖ਼ਸੀਅਤ ਕਰ ਕੇ ਜਾਣਿਆ ਜਾਂਦਾ ਹੈ। ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ‘ਮੁਜ਼ੱਫਰਪੁਰ’ ਜਨਪਦ ਦੇ ‘ਮੀਰਾਂਪੁਰ’ ਪਿੰਡ ਵਿੱਚ 21 ਜੂਨ 1912 ਨੂੰ ਹੋਇਆ। ਮੁਢਲੀ ਸਿੱਖਿਆ ਪਿੰਡ ਮੀਰਾਂਪੁਰ ਵਿੱਚ ਹੀ ਹੋਈ। ਇਸ ਤੋਂ ਮਗਰੋਂ ਉਹ ਆਪਣੇ ਮਾਮੇ ਦੇ ਕੋਲ ਹਰਿਆਣਾ ਪ੍ਰਾਂਤ ਦੇ ‘ਹਿਸਾਰ’ ਨਾਮਕ ਕਸਬੇ ਵਿੱਚ ਆ ਗਿਆ, ਜਿੱਥੋਂ ਉਸ ਨੇ ਚੰਦੂ ਲਾਲ ਐਂਗਲੋ ਵੈਦਿਕ ਸਕੂਲ ਤੋਂ ਹਾਈ ਸਕੂਲ ਦੀ ਪਰੀਖਿਆ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਜੋ ਭਾਰਤ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਸੀ, ਤੋਂ ਉਸ ਨੇ ਪ੍ਰਭਾਕਰ ਅਤੇ ਬੀ.ਏ. ਦੀ ਪਰੀਖਿਆ ਪਾਸ ਕੀਤੀ। ਇਸ ਲਈ ਉਸ ਦੇ ਨਾਂ ਨਾਲ ‘ਪ੍ਰਭਾਕਰ’ ਦੀ ਪਦਵੀ ਜੁੜ ਗਈ। ਸਿੱਖਿਆ ਖ਼ਤਮ ਕਰ ਕੇ ਉਹ ਸਰਕਾਰੀ ਸੇਵਾ ਵਿੱਚ ਆ ਗਿਆ। 1933 ਵਿੱਚ ਉਸ ਦਾ ਸੰਪਰਕ ਹਿਸਾਰ ਦੀਆਂ ਨਾਟਕ ਮੰਡਲੀਆਂ ਨਾਲ ਹੋਇਆ। ਉਸ ਨੇ ਨਾਟਕ ਖੇਡਿਆ ਅਤੇ ਮੰਤਰੀ ਦੇ ਰੂਪ ਵਿੱਚ ਉਸ ਨੇ ਕੰਮ ਵੀ ਕੀਤਾ।
ਸਾਹਿਤ ਵਿੱਚ ਉਸ ਦੀ ਰੁਚੀ ਸ਼ੁਰੂ ਤੋਂ ਹੀ ਸੀ। ਉਸ ਦੀ ਪਹਿਲੀ ਕਹਾਣੀ ਲਾਹੌਰ ਤੋਂ ਛਪਣ ਵਾਲੇ ਪੱਤਰ ਮਿਲਾਪ ਵਿੱਚ 1931 ਵਿੱਚ ਛਪੀ। ਉਸ ਸਮੇਂ ਇੱਕ ਹੋਰ ਪੱਤ੍ਰਿਕਾ ਹੰਸ ਵੀ ਨਿਕਲਦੀ ਸੀ। ਉਸ ਦਾ ਸੰਪਾਦਕ ਪ੍ਰਸਿੱਧ ਕਥਾਕਾਰ ਮੁਨਸ਼ੀ ਪ੍ਰੇਮ ਚੰਦ ਸੀ, ਉਸ ਦੀ ਮੌਤ ਤੋਂ ਬਾਅਦ ਹੰਸ ਦਾ ਇਕਾਂਗੀ-ਵਿਸ਼ੇਸ਼ ਅੰਕ ਨਿਕਲਿਆ। ਇਸ ਨੂੰ ਉਸ ਨੇ ਬੜੀ ਰੁਚੀ ਨਾਲ ਪੜ੍ਹਿਆ। ਨਾਟਕਾਂ ਵਿੱਚ ਰੁਚੀ ਪਹਿਲਾਂ ਤੋਂ ਹੀ ਸੀ। ਕੁਝ ਦੋਸਤਾਂ ਦੀ ਹੱਲਾਸ਼ੇਰੀ, ਕੁਝ ਮਨ ਦਾ ਝੁਕਾਅ ਅਤੇ ਕੁਝ ਇਸ ਵਿਸ਼ੇਸ਼ ਅੰਕ ਦਾ ਪ੍ਰਭਾਵ, ਇੰਞ ਹੋਇਆ ਕਿ ਉਸ ਨੇ 1939 ਵਿੱਚ ਆਪਣਾ ਪਹਿਲਾ ਇਕਾਂਗੀ ਨਾਟਕ ਹੱਤਿਆ ਕੇ ਬਾਅਦ ਲਿਖਿਆ।
ਉਸ ਦੇ ਜੀਵਨ ਤੇ ਦੋ ਪ੍ਰਭਾਵ ਵਿਆਪਕ ਰੂਪ ਵਿੱਚ ਪਏ, ਆਰੀਆ ਸਮਾਜ ਦਾ ਅਤੇ ਮਹਾਤਮਾ ਗਾਂਧੀ ਦਾ। ਆਰੀਆ ਸਮਾਜ ਦੀ ਸਥਾਪਨਾ ਦਇਆਨੰਦ ਸਰਸਵਤੀ ਨੇ ਕੀਤੀ ਸੀ। ਉਸ ਦਾ ਮੁੱਖ ਕੰਮ ਆਰੀਆ ਸਮਾਜ ਨੂੰ ਰਸਮ ਰਿਵਾਜਾਂ ਤੋਂ ਮੁਕਤ ਕਰਨਾ ਅਤੇ ਸਮਾਜ ਨੂੰ ਫਿਰ ਤੋਂ ਤੰਦਰੁਸਤ ਰੂਪ ਦੇਣਾ ਸੀ। ਮਹਾਤਮਾ ਗਾਂਧੀ ਨੇ ਸੱਚ ਅਤੇ ਅਹਿੰਸਾ ਦੇ ਰਸਤੇ ਨੂੰ ਚੁਣਿਆ ਤੇ ਅਜ਼ਾਦੀ ਪ੍ਰਾਪਤ ਕਰਨ ਲਈ ਲੋਕ ਜਾਗਰਨ ਦਾ ਕਦੀ ਨਾ ਭੁੱਲਣ ਵਾਲਾ ਕੰਮ ਕੀਤਾ। ਇਸ ਤਰ੍ਹਾਂ ਵਿਸ਼ਨੂੰ ਪ੍ਰਭਾਕਰ ਦੀ ਸ਼ਖ਼ਸੀਅਤ ਵਿੱਚ ਦੇਸ ਪ੍ਰੇਮ ਅਤੇ ਸਮਾਜ ਸੁਧਾਰ ਦੇ ਤੱਤ ਆ ਗਏ। ਉਸ ਦਾ ਹੀ ਪ੍ਰਗਟਾਵਾ ਉਸ ਦੇ ਸਾਹਿਤ ਵਿੱਚ ਬਹੁਤ ਵਿਆਪਕ ਰੂਪ ਵਿੱਚ ਹੋਇਆ। ਦੇਸ ਪ੍ਰੇਮ ਦੇ ਕਾਰਨ ਹੀ ਉਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਸੀ। ਸਰਕਾਰ ਉਸ ਤੋਂ ਨਰਾਜ਼ ਸੀ। ਨੌਕਰੀ ਛੱਡ ਕੇ ਉਹ ਅਜ਼ਾਦ ਲੇਖਨ ਕਰਨ ਲੱਗਾ ਪਰ ਆਪਣੇ ਆਦਰਸ਼ਾਂ ਤੋਂ ਹਿੱਲਿਆ ਨਹੀਂ। ਇਸ ਤੋਂ ਜੋ ਆਮਦਨੀ ਹੁੰਦੀ ਸੀ, ਉਸ ਨਾਲ ਹੀ ਆਪਣਾ ਖ਼ਰਚਾ ਚਲਾਉਂਦਾ ਸੀ। ਅਜ਼ਾਦੀ ਪ੍ਰਾਪਤੀ ਤੋਂ ਬਾਅਦ ਦਿੱਲੀ ਵਿੱਚ ਅਕਾਸ਼ਬਾਣੀ ਵਿੱਚ ਰੇਡੀਓ ਤੋਂ ਪ੍ਰਸਾਰਿਤ ਹੋਣ ਵਾਲੇ ਰੂਪਕ ਲਿਖਣੇ ਸ਼ੁਰੂ ਕੀਤੇ। ਉਸ ਨੂੰ ਰੇਡੀਓ ਰੂਪਕ ਲਿਖਣ ਕਰ ਕੇ ਬਹੁਤ ਪ੍ਰਸਿੱਧੀ ਮਿਲੀ।
ਵਿਸ਼ਨੂੰ ਪ੍ਰਭਾਕਰ ਦੀਆਂ ਰਚਨਾਵਾਂ ਦੀ ਗਿਣਤੀ ਚਾਲੀ ਤੋਂ ਉੱਤੇ ਹੈ। ਇਹਨਾਂ ਰਚਨਾਵਾਂ ਵਿੱਚ ਕੁਝ ਨਾਟਕ, ਨਾਵਲ, ਇਕਾਂਗੀ, ਕਹਾਣੀ-ਸੰਗ੍ਰਹਿ, ਸੰਸਮਰਨ ਅਤੇ ਕੁਝ ਯਾਤਰਾ-ਵਰਣਨ ਹਨ ਅਤੇ ਇੱਕ ਜੀਵਨੀ ਹੈ। ਢਲਤੀ ਰਾਤ, ਸਵਪਨਮਈ, ਕੋਈ ਤੋ, ਨਿਸ਼ੀਕਾਂਤ ਅਤੇ ਅਰਧ ਨਾਰੀਸ਼ਵਰ ਉਸ ਦੇ ਪ੍ਰਸਿੱਧ ਨਾਵਲ ਹਨ। ਨਵ ਪ੍ਰਭਾਤ, ਡਾਕਟਰ, ਗੰਧਾਰ ਕੀ ਭਿਕਸ਼ੁਣੀ, ਯੁਗੇ ਯੁਗੇ, ਕਾਂਤੀ, ਟੂਟਤੇ ਪਰਿਵੇਸ਼, ਕੁਹਾਸਾ ਔਰ ਕਿਰਣੇਂ, ਦਰਾਰ, ਵੰਦਿਨੀ, ਅਬ ਔਰ ਨਹੀਂ, ਸ਼ਵੇਤ ਕਮਲਾ, ਕੇਰਲ ਕਾ ਕ੍ਰਾਂਤੀਕਾਰੀ, ਉਸ ਦੇ ਪ੍ਰਸਿੱਧ ਨਾਟਕ ਹਨ। ਵਿਸ਼ਨੂੰ ਪ੍ਰਭਾਕਰ-ਸੰਪੂਰਨ ਨਾਟਕ (3 ਭਾਗ) ਦੇ ਰੂਪ ਵਿੱਚ ਇਸ ਦੇ ਸਾਰੇ ਨਾਟਕਾਂ ਨੂੰ ਇਕੱਠੇ ਕਰ ਕੇ ਵੀ ਪੇਸ਼ ਕੀਤਾ ਗਿਆ ਹੈ।
ਇਨਸਾਨ ਤਥਾ ਅਨਯ ਇਕਾਂਗੀ, ਅਸ਼ੋਕ ਤਥਾ ਅਨਯ ਇਕਾਂਗੀ, ਦਸ ਬਜੇ ਰਾਤ, ਉੱਚਾ ਪਰਬਤ, ਗਹਿਰਾ ਸਾਗਰ, ਮੇਰੇ ਪ੍ਰਿਯ ਇਕਾਂਗੀ, ਪ੍ਰਕਾਸ਼ ਔਰ ਪਰਛਾਈਆਂ, ਯੇ ਰੇਖਾਏਂ, ਯੇ ਦਾਇਰੇ, ਬਾਰਾਂ ਇਕਾਂਗੀ, ਮੇਰੇ ਸ੍ਰੇਸ਼ਠ ਇਕਾਂਗੀ, ਤੀਸਰਾ ਆਦਮੀ, ਨਏ ਇਕਾਂਗੀ, ਡਰੇ ਹੂਏ ਲੋਗ, ਮੈਂ ਭੀ ਮਾਨਵ ਹੂੰ, ਦ੍ਰਿਸ਼ਟੀ ਕੀ ਖੋਜ ਆਦਿ ਉਸ ਦੇ ਇਕਾਂਗੀ-ਸੰਗ੍ਰਹਿ ਹਨ। ਉਸ ਦੇ ਕਹਾਣੀ-ਸੰਗ੍ਰਹਿਆਂ ਵਿੱਚ ਮੇਰੀ ਪ੍ਰੇਮ ਕਹਾਣੀ, ਖਿਲੋਣੇ, ਵਿਸ਼ਣੂ ਪ੍ਰਭਾਕਰ, ਸੰਪੂਰਨ ਕਹਾਣੀਆਂ (8 ਖੰਡ) ਹਿਮਾਲਯ, ਮੇਰੇ ਅਗਰਜ ਮੇਰੇ ਮੀਤ ਅਤੇ ਰਾਹ ਚਲਤੇ ਚਲਤੇ ਹਨ। ਉਸ ਦੀ ਕਹਾਣੀ ‘ਧਰਤੀ ਅਬ ਭੀ ਘੂਮ ਰਹੀ ਹੈ` (1954) ਬਹੁਤ ਚਰਚਾ ਵਿੱਚ ਰਹੀ। ਹਮ ਸਿਖਰ ਕੀ ਛਾਇਆ ਮੇਂ, ਜਯੋਤੀ ਪੁੰਜ ਉਸ ਦੇ ਯਾਤਰਾ ਬਿਰਤਾਂਤ ਹਨ। ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਜਿਸ ਗ੍ਰੰਥ ਤੋਂ ਮਿਲੀ ਹੈ ਉਹ ਹੈ ਅਵਾਰਾ ਮਸੀਹਾ। ਬੰਗਲਾ ਭਾਸ਼ਾ ਦੇ ਨਾਵਲਕਾਰ ਸ਼ਰਤ ਚੰਦਰ ਦੇ ਜੀਵਨ ਤੇ ਸਹੀ ਜਾਣਕਾਰੀ ਵਾਲੀ ਇਹ ਪਹਿਲੀ ਰਚਨਾ ਹੈ। ਇਸ ਵਿੱਚ ਜੀਵਨੀ ਨੂੰ ਨਾਵਲ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਲਗਪਗ 430 ਪੰਨੇ ਹਨ। ਸੰਪੂਰਨ ਕਿਤਾਬ ਨੂੰ ਤਿੰਨ ਭਾਗਾਂ ਵਿੱਚ ਲਿਖਿਆ ਗਿਆ ਹੈ। ਹਰ ਭਾਗ ਨੂੰ ‘ਪਰਵ’ ਨਾਂ ਦਿੱਤਾ ਗਿਆ ਹੈ। ਇਸਦੇ ਤਿੰਨ ਪਰਵ ਹਨ-ਦਿਸ਼ਾਹਾਰਾ, ਦਿਸ਼ਾ ਕੀ ਖੋਜ ਅਤੇ ਦਿਸ਼ਾਂਤ। ਇਸ ਜੀਵਨੀ ਦੀ ਜਾਣਕਾਰੀ ਨੂੰ ਇਕੱਠਾ ਕਰਨ ਲਈ ਅਤੇ ਇਸ ਨੂੰ ਲਿਖਣ ਵਿੱਚ ਲੇਖਕ ਨੇ ਚੌਦਾਂ ਸਾਲ ਬੜੀ ਮਿਹਨਤ ਕੀਤੀ। 1974 ਵਿੱਚ ਇਸਦਾ ਲੇਖਨ ਪੂਰਾ ਹੋਇਆ ਅਤੇ 1976 ਵਿੱਚ ਇਹ ਕਿਤਾਬ ਛਪੀ। ਇਸ ਦੇ ਮਹੱਤਵ ਦਾ ਅੰਦਾਜ਼ਾ ਇਸ ਗੱਲ ਤੋਂ ਕੀਤਾ ਜਾ ਸਕਦਾ ਹੈ ਕਿ ਅਨੇਕ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋ ਚੁੱਕਿਆ ਹੈ। ਇਸ ਕਿਤਾਬ ਦੇ ਆਧਾਰ ਤੇ ਲੇਖਕ ਨੂੰ ‘ਸੋਵੀਅਤ ਲੈਂਡ ਨਹਿਰੂ ਪੁਰਸਕਾਰ’ ਅਤੇ ‘ਪਾਵਲੋ ਸਨਮਾਨ’ ਮਿਲਿਆ ਹੈ।
ਵਿਸ਼ਨੂੰ ਪ੍ਰਭਾਕਰ ਦੀ ਸਾਹਿਤ ਸਾਧਨਾ ਨੂੰ ਅਨੇਕ ਸੰਸਥਾਵਾਂ ਨੇ ਪਸੰਦ ਕੀਤਾ ਹੈ। ਉਸ ਨੂੰ ਸੱਤਾ ਦੇ ਆਰ ਪਾਰ ਨਾਟਕ ਤੇ ‘ਭਾਰਤੀ ਗਿਆਨ ਪੀਠ’ ਦਾ ਮੂਰਤੀ ਦੇਵੀ ਪੁਰਸਕਾਰ ਮਿਲਿਆ। ਹਿੰਦੀ ਅਕਾਦਮੀ ਦਿੱਲੀ ਨੇ ਉਸ ਨੂੰ ‘ਸਲਾਨਾ ਪੁਰਸਕਾਰ’ ਭੇਟ ਕੀਤਾ ਸੀ, ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ, ਲਖਨਊ ਨੇ ‘ਗਾਂਧੀ ਪੁਰਸਕਾਰ’ ਅਤੇ ਰਾਜ ਭਾਸ਼ਾ ਵਿਭਾਗ, ਬਿਹਾਰ ਨੇ ‘ਰਾਜਿੰਦਰ ਪ੍ਰਸ਼ਾਦ ਸਿਖਰ ਪੁਰਸਕਾਰ’ ਦਿੱਤਾ। ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਵਿਸ਼ਨੂੰ ਪ੍ਰਭਾਕਰ ਨੂੰ 2005 ਦੇ ਗਣਤੰਤਰ ਦਿਵਸ ਤੇ ਪਦਮ ਵਿਭੂਸ਼ਣ ਨਾਲ ਸਜਾ ਕੇ ਸੰਪੂਰਨ ਰਾਸ਼ਟਰ ਦੀ ਪ੍ਰਸੰਸਾ ਭੇਟ ਕੀਤੀ।
ਲੇਖਕ : ਮੰਜੂ ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First