ਵੇਦਾਂਤ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੇਦਾਂਤ ਦਰਸ਼ਨ : ਵੈਦਿਕ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਦਰਸ਼ਨ ਵੇਦਾਂਤ ਹੈ । ਇਸ ਦਾ ਅਰਥ ਹੈ , ਵੇਦ ਦਾ ਅੰਤ ਅਰਥਾਤ ਵੇਦਾਂ ਦਾ ਅੰਤਿਮ ਭਾਗ । ਵੇਦਾਂ ਦਾ ਅੰਤਿਮ ਭਾਗ ਉਪਨਿਸ਼ਦ ਹਨ ਅਤੇ ਉਪਨਿਸ਼ਦਾਂ ਦੇ ਦਰਸ਼ਨ ਵਿੱਚ ਪਰਮ ਤੱਤ ਦੀ ਵਿਆਖਿਆ ਹੀ ਵੇਦਾਂਤ ਦਾ ਆਧਾਰ ਹੈ । ਵਰਤਮਾਨ ਸਮੇਂ ਵਿੱਚ ਭਾਰਤੀ ਅਧਿਆਤਮ ਦਾ ਮੁਕਟ-ਮਣੀ ਵੇਦਾਂਤ ਹੀ ਹੈ ।

 

        ਵੇਦਾਂਤ ਦਰਸ਼ਨ ਦੀ ਸ਼ੁਰੂਆਤ ਤਾਂ ਮਹਾਰਿਸ਼ੀ ਬਾਦਰਾਇਣ ਦੇ ਬ੍ਰਹਮ-ਸੂਤਰ ਤੋਂ ਮੰਨੀ ਜਾਣੀ ਚਾਹੀਦੀ ਹੈ । ਪਰੰਤੂ ਮਹਾਂਰਿਸ਼ੀ ਵਿਆਸ ਨੇ ਬ੍ਰਹਮ ਸੂਤਰ ਨੂੰ ਆਧਾਰ ਬਣਾ ਕੇ ਵੇਦਾਂਤ ਦਰਸ਼ਨ ਦੀ ਰਚਨਾ ਕੀਤੀ , ਜਿਸ ਵਿੱਚ ਅਧਿਆਇ ਅਤੇ 555 ਸੂਤਰ ਲਿਖੇ । ਇਸ ਦਰਸ਼ਨ ਦਾ ਉਦੇਸ਼ ਵੈਦਿਕ ਪਰਮ ਤੱਤ ਅਰਥਾਤ ਬ੍ਰਹਮ ਦਾ ਸੱਚਾ ਗਿਆਨ ਪ੍ਰਾਪਤ ਕਰ ਕੇ ਮੁਕਤੀ ਪਾਉਣਾ ਅਤੇ ਪਰਮ ਅਨੰਦ ਅਵਸਥਾ ਵਿੱਚ ਵਿਚਰਨਾ ਹੈ ।

        ਵੇਦਾਂਤ ਵਿੱਚ ਤਿੰਨ ਵਿਸ਼ੇਸ਼ ਵਿਸ਼ਿਆਂ ਤੇ ਚਰਚਾ ਹੋਈ ਹੈ :

        1. ਬ੍ਰਹਮ : ਸੰਸਾਰ ਦੀ ਸਮੁੱਚੀ ਹੋਂਦ ਦਾ ਆਧਾਰ ਬ੍ਰਹਮ ਹੈ । ਬ੍ਰਹਮ ਦੀ ਸੱਤਾ ਅਤੇ ਸ਼ਕਤੀ ਨਾਲ ਮਾਇਆ ਦੁਆਰਾ ਸਭ ਕੁਝ ਬ੍ਰਹਮ ਤੋਂ ਉਪਜਦਾ ਹੈ । ਵੇਦਾਂ ਵਿੱਚ ਬ੍ਰਹਮ ਦੇ ਸ਼ੁੱਧ ਰੂਪ ਨੂੰ ‘ ਨੇਤਿ-ਨੇਤਿ’ ਸ਼ਬਦਾਂ ਨਾਲ ਪ੍ਰਗਟ ਕੀਤਾ ਗਿਆ ਹੈ । ‘ ਨੇਤਿ-ਨੇਤਿ’ ਦਾ ਅਰਥ ਹੈ ‘ ਨਹੀਂ ਹੈ-ਨਹੀਂ ਹੈ’ ਅਰਥਾਤ ਬ੍ਰਹਮ ਇਹ ਨਹੀਂ , ਉਹ ਵੀ ਨਹੀਂ , ਉਹ ਤਾਂ ਸਭ ਕੁਝ ਹੈ । ਬ੍ਰਹਮ ਦਾ ਅਸਲ ਰੂਪ ਉਸ ਦੇ ਹਰ ਤੱਤ ਵਿੱਚ ਉਸੀ ਤਰ੍ਹਾਂ ਮੌਜੂਦ ਹੈ , ਜਿਵੇਂ ਅੱਗ ਹਰ ਚਿੰਗਾਰੀ ਵਿੱਚ ਮੌਜੂਦ ਰਹਿੰਦੀ ਹੈ ।

        2. ਜੀਵ : ਵੇਦਾਂਤ ਦੇ ਮੁਤਾਬਕ ਜੀਵ ਅਤੇ ਪ੍ਰਕਿਰਤੀ , ਦੋਵੇਂ ਬ੍ਰਹਮ ਦੇ ਅਧੀਨ ਹਨ । ਮਾਇਆ ਵਿੱਚ ਬ੍ਰਹਮ ਦੀ ਪਰਛਾਈਂ ਨਾਲ ਹੀ ਜੀਵ ਹੋਂਦ ਵਿੱਚ ਆਉਂਦਾ ਹੈ । ਸ਼ੁੱਧ ਮਾਇਆ ਵਿੱਚ ਬ੍ਰਹਮ ਦੀ ਪਰਛਾਈ ਈਸ਼ਵਰ ਨੂੰ ਅਤੇ ਮਲੀਨ ਮਾਇਆ ਵਿੱਚ ਬ੍ਰਹਮ ਦੀ ਪਰਛਾਈ ਜੀਵ ਨੂੰ ਰੂਪ ਦਿੰਦੀ ਹੈ । ਜੀਵ ਅਵਿਨਾਸ਼ੀ ਅਤੇ ਇੱਕ ਹੈ , ਸਰੀਰ ਭੇਦ ਦੇ ਕਾਰਨ ਅਲੱਗ-ਅਲੱਗ ਜਾਪਦਾ ਹੈ । ਸਰੀਰ ਭੇਦ ਮਿਟਣ ਉਪਰੰਤ ਜੀਵ ਦੀ ਬ੍ਰਹਮ ਨਾਲ ਅਭੇਦਤਾ ਹੁੰਦੀ ਹੈ । ਬ੍ਰਹਮ ਦੇ ਸੱਚੇ ਗਿਆਨ ਨਾਲ ਜਦ ਜੀਵ ਨੂੰ ਆਪਣੇ ਮੂਲ ਰੂਪ ਦੀ ਪਹਿਚਾਣ ਹੁੰਦੀ ਹੈ ਤਾਂ ਉਹ ਬ੍ਰਹਮ ਵਿੱਚ ਹੀ ਲੀਨ ਹੋ ਜਾਂਦਾ ਹੈ । ਇਹੀ ਮੁਕਤੀ ਹੈ । ਜੀਵ ਅਣੂ ਰੂਪ ਵਿੱਚ ਸਰੀਰ ਬਦਲਦਾ ਹੈ ਅਤੇ ਇਹ ਅਣੂ ਜਦੋਂ ਆਪਣੇ ਮੂਲ ਵਿੱਚ ਮਿਲ ਜਾਂਦਾ ਹੈ ਤਾਂ ਇਸ ਦੀ ਸਾਰੀ ਕਿਰਿਆਸ਼ੀਲਤਾ ਅਤੇ ਵਿਗਿਆਨਾਤਮਿਕ ਸਰੂਪ ਨਸ਼ਟ ਹੋ ਜਾਂਦਾ ਹੈ ।

        3. ਪ੍ਰਕਿਰਤੀ : ਪ੍ਰਕਿਰਤੀ ਨੂੰ ਮਾਇਆ ਵੀ ਆਖਦੇ ਹਨ । ਇਹ ਜਗਤ ਦਾ ਉਪਾਦਾਨ ਕਾਰਨ ( ਉਹ ਕਾਰਨ ਜੋ ਖ਼ੁਦ ਹੀ ਕਾਰਜ ਰੂਪ ਧਾਰਨ ਕਰਦਾ ਹੈ ) ਹੈ । ਇਹ ਪ੍ਰਕਿਰਤੀ ਮਿਥਿਆ ਨਹੀਂ , ਇਸ ਦੀ ਆਪਣੀ ਅਲੱਗ ਸੱਤਾ ਹੈ । ਇਸ ਦੇ ਹੀ ਸ਼ੁੱਧ ਅਤੇ ਮਲੀਨ ਰੂਪ ਵਿੱਚ ਬ੍ਰਹਮ ਦੀ ਪਰਛਾਈ ਕ੍ਰਮਵਾਰ ਈਸ਼ਵਰ ਅਤੇ ਜੀਵ ਦਾ ਪ੍ਰਗਟਾਵਾ ਕਰਦੀ ਹੈ । ਸ਼ੰਕਰਾਚਾਰੀਆ ਇਸ ਨੂੰ ਮਿਥਿਆ ਮੰਨਦੇ ਹਨ ਪਰੰਤੂ ਇਹ ਵਿਵਾਦ ਦਾ ਵਿਸ਼ਾ ਹੈ ।

        4. ਮੋਕਸ਼ : ਵੇਦਾਂਤ ਵਿੱਚ ਆਤਮਾ-ਪਰਮਾਤਮਾ ਜਾਂ ਜੀਵ ਤੇ ਬ੍ਰਹਮ ਦੇ ਮਿਲਨ ਨੂੰ ਹੀ ਮੋਕਸ਼ ਕਿਹਾ ਗਿਆ ਹੈ । ਉਪਰ ‘ ਜੀਵ’ ਵਿੱਚ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ।

        ਬ੍ਰਹਮ ਨੂੰ ਪਰਮ ਤੱਤ ਮੰਨਣ ਵਾਲੇ ਇਸ ਸ਼ਾਸਤਰ ਦਾ ਆਰੰਭ , ' अथातो ब्रह्रा जिज्ञासा’ ਅਰਥਾਤ ਹੁਣ ਬ੍ਰਹਮ ਦੇ ਬਾਰੇ ਵਿਚਾਰ ਸ਼ੁਰੂ ਕੀਤਾ ਜਾਂਦਾ ਹੈ , ਕਹਿ ਕੇ ਕੀਤਾ ਗਿਆ ਹੈ । ਬ੍ਰਹਮ ਇੱਕ ਹੈ , ਇਹ ਪਰਮ ਸੱਤ , ਅਨਾਦਿ ਅਨੰਤ , ਸੰਪੂਰਨ , ਨਿਰਲੇਪ , ਸ਼ਾਸ਼ਵਤ ( ਸਦੀਵੀ ) , ਸਰਬ ਗਿਆਨੀ , ਸੁਤੰਤਰ , ਕਿਸੀ ਭੀ ਬੰਧਨ ਤੋਂ ਮੁਕਤ ਅਤੇ ਵਿਵੇਕ ਰੂਪ ਹੈ । ਬ੍ਰਹਮ ਪਰਮ ਅਨੰਦ ਦਾ ਸਰੂਪ ਅਤੇ ਸਦੀਵੀ ਚੇਤਨ ਹੈ । ਬ੍ਰਹਮ ਸਾਰੀਆਂ ਚੇਤਨ-ਅਚੇਤਨ ਵਸਤਾਂ ਵਿੱਚ ਸਮਾਇਆ ਹੋਇਆ ਹੈ । ਆਤਮਾਵਾਂ ਜਾਂ ਜੀਵ ਬ੍ਰਹਮ ਦੇ ਅੰਸ਼ ਹਨ । ਜਿਸ ਪ੍ਰਕਾਰ ਅਗਨੀ ਦੀ ਚਿੰਗਾਰੀ ਅਗਨੀ ਹੀ ਹੁੰਦੀ ਹੈ , ਉਸੀ ਤਰ੍ਹਾਂ ਜੀਵ ਮੂਲ ਰੂਪ ਵਿੱਚ ਬ੍ਰਹਮ ਹੀ ਹਨ ਅਤੇ ਹਮੇਸ਼ਾਂ ਚੇਤਨ ਅਤੇ ਕਿਰਿਆਸ਼ੀਲ ਰਹਿੰਦੇ ਹਨ ।

        ਅਚੇਤਨ ਪਦਾਰਥ ਓਦੋਂ ਹੀ ਕਿਰਿਆ ਕਰਦਾ ਹੈ , ਜਦੋਂ ਉਸ ਵਿੱਚ ਗਿਆਨ ਦੀ ਲੋ ਪ੍ਰਕਾਸ਼ ਕਰਦੀ ਹੈ । ਇਸ ਲਈ ਮੰਨਿਆ ਜਾਂਦਾ ਹੈ ਕਿ ਇਸ ਜਗਤ ਦਾ ਕਾਰਨ ਚੇਤਨ ਯਥਾਰਥ ਹੈ । ਬ੍ਰਹਮ ਹੀ ਉਹ ਚੇਤਨ ਬੁੱਧੀ ਤੱਤ ਹੈ , ਜੋ ਸਭ ਵਿੱਚ ਵਰਤਦਾ ਅਤੇ ਸਭ ਨੂੰ ਕਿਰਿਆ ਪ੍ਰਦਾਨ ਕਰਦਾ ਹੈ ।

        ਬਾਦਰਾਇਣ ਦੇ ਬ੍ਰਹਮ ਸੂਤਰ ਦੀ ਵਿਆਖਿਆ ਅਨੇਕ ਵਿਦਵਾਨਾਂ ਨੇ ਆਪਣੀ-ਆਪਣੀ ਸੋਚ ਅਤੇ ਮਾਨਤਾ ਦੇ ਮੁਤਾਬਕ ਕੀਤੀ ਹੈ । ਉਹਨਾਂ ਦੀ ਵਿਆਖਿਆ ਦੇ ਆਧਾਰ ਤੇ ਵੇਦਾਂਤ ਦੇ ਅਨੇਕ ਸਿਧਾਂਤ ਬਣ ਗਏ ਹਨ , ਜਿਵੇਂ :

                  1. ਸ਼ੰਕਰਾਚਾਰੀਆ ਦਾ ‘ ਅਦ੍ਵੈਤਵਾਦ’

                  2. ਰਾਮਾਨੁਜ ਅਚਾਰੀਆ ਦਾ ‘ ਵਿਸ਼ਿਸ਼ਟਾਦ੍ਵੈਤਵਾਦ’

                  3. ਭਾਸਕਰ ਅਚਾਰੀਆ ਦਾ ‘ ਭੇਦ ਅਭੇਦਵਾਦ’

                  4. ਮਾਧਵ ਅਚਾਰੀਆ ਦਾ ‘ ਦ੍ਵੈਤਵਾਦ’

                  5. ਨਿੰਬਾਰਕ ਅਚਾਰੀਆ ਦਾ ‘ ਦ੍ਵੈਤਾਦਵੈਤਵਾਦ’

                  6. ਵੱਲਭ ਅਚਾਰੀਆ ਦਾ ‘ ਸ਼ੁੱਧਾਦ੍ਵੈਤਵਾਦ’

        ਇਹਨਾਂ ਵਿੱਚੋਂ ਸ਼ੰਕਰ ਅਚਾਰੀਆ ਦਾ ਅਦ੍ਵੈਤਵਾਦ ਸਭ ਤੋਂ ਮਹੱਤਵਪੂਰਨ ਹੈ । ਸ਼ੰਕਰ ਦੇ ਮੁਤਾਬਕ ਬ੍ਰਹਮ ਹੀ ਸੱਚ ਹੈ , ਸਾਰਾ ਸੰਸਾਰ ਅਤੇ ਸੰਸਾਰ ਦੀ ਹਰ ਹੋਂਦ ਮਿਥਿਆ ਜਾਂ ਝੂਠ ਹੈ । ਇਹ ਮਿਥਿਆ ਹੀ ਮਾਇਆ ਹੈ । ਸ਼ੰਕਰ ਮਾਤਰ ਇੱਕ ਤੱਤਵਾਦੀ ਹੈ । ਬ੍ਰਹਮ ਅਤੇ ਜੀਵ ਵਿੱਚ ਇੱਕ ਹੀ ਤੱਤ ਦੀ ਪ੍ਰਧਾਨਤਾ ਹੋਣ ਕਾਰਨ ਇਹ ਦੋਵੇਂ ਇੱਕ ਹਨ , ਮਾਤਰ ਉਪਾਧਿ-ਭੇਦ ਕਾਰਨ ਅਲੱਗ ਭਾਸਦੇ ਹਨ । ਸੱਚਾ ਗਿਆਨ ਇਸ ਭੇਦ-ਭਾਵ ਨੂੰ ਮਿਟਾਉਂਦਾ ਹੈ ਅਤੇ ਦੋਹਾਂ ਦੀ ਏਕਤਾ ਦਾ ਕਾਰਨ ਬਣਦਾ ਹੈ । ਇਹੀ ਲੀਨਤਾ ਜਾਂ ਮੋਕਸ਼ ਹੈ ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.