ਸਟੇਜੀ ਕਵਿਤਾ ਦਾ ਪ੍ਰਤੀਕ ਪ੍ਰਬੰਧ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਟੇਜੀ ਕਵਿਤਾ ਆਮ ਜਨ ਸਧਾਰਨ ਦੀ ਕਵਿਤਾ ਸੀ ਇਸ ਵਿਚ ਗੁੰਝਲਦਾਰ ਪ੍ਰਤੀਕ ਪ੍ਰਬੰਧ ਨੂੰ ਕੋਈ ਥਾਂ ਨਹੀਂ ਹੋ ਸਕਦਾ ਸੀ ਕਿਉਂਕਿ ਸਰੋਤੇ ਨੇ ਕਵਿਤਾ ਸੁਣਨੀ ਸੀ। ਸਟੇਜੀ ਕਵਿਤਾ ਆਧੁਨਿਕ ਬੌਧਿਕ, ਪੁਸਤਕੀ ਕਵਿਤਾ ਵਾਂਗ ਪੜ੍ਹੀ ਨਹੀਂ ਜਾਂਦੀ ਸੀ ਸਰੋਤੇ ਕੋਲ ਪਾਠਕ ਵਰਗਾ ਸਮਾਂ ਨਹੀਂ ਹੁੰਦਾ ਕਿ ਉਹ ਇਕ ਇਕ ਸ਼ਬਦ ਦੇ ਉਪਰ ਧਿਆਨ ਕੇਂਦਰਤ ਕਰੀ ਰੱਖੇ। ਇਹ ਸੁਵਿਧਾ ਤਾਂ ਲਿਖਤ ਪਾਠ ਵਿਚ ਹੀ ਹੁੰਦੀ ਹੈ। ਸਰੋਤੇ ਨੇ ਤਾਂ ਸੁਣਨਾ ਹੈ ਜਿਥੇ ਕਵੀ ਦੇ ਮੁਖਾਰਬਿੰਦ ਵਿਚੋਂ ਨਿਕਲੇ ਸ਼ਬਦ ਨਿਰੰਤਰ ਇਕ ਤੋਂ ਬਾਅਦ ਦੂਜਾ ਆ ਕੇ ਉਸ ਦੇ ਕੰਨਪਰਦੇ ਨਾਲ ਟਕਰਾਉਂਦੇ ਹਨ। ਉਸ ਨੇ ਇਸ ਅਲਪ ਸਮੇਂ ਦੌਰਾਨ ਹੀ ਨਾਦ-ਬਿੰਬ ਤੋਂ ਸੰਕਲਪੀ ਬਿੰਬ ਬਣਾ ਕੇ ਅਰਥ ਉਤਪਾਦਨ ਕਰਨਾ ਹੁੰਦਾ ਹੈ। ਸੰਕਲਪੀ ਬਿੰਬ ਦਾ ਪ੍ਰਤੀਕ ਜੇ ਗੁੰਝਲਦਾਰ ਅਰਥ ਲੜੀ ਉਪਜਾਉਂਦਾ ਹੈ ਤਾਂ ਜਿਸ ਲਈ ਲੰਮਾ ਸਮਾਂ ਚਾਹੀਦਾ ਹੈ, ਉਹ ਸਟੇਜੀ ਕਾਵਿ ਵਿਚ ਸੰਭਵ ਨਹੀਂ ਹੁੰਦਾ। ਕਿਉਂਕਿ ਸਟੇਜੀ ਕਵੀ ਨੇ ਤੁਰੰਤ ਹੀ ਅਗਲਾ ਸ਼ਬਦ, ਅਗਲੀ ਸਤਰ , ਅਗਲੀ ਕਵਿਤਾ ਪੇਸ਼ ਕਰ ਦੇਣੀ ਹੈ। ਇਸੇ ਖ਼ਾਸੀਅਤ ਕਾਰਨ ਸਟੇਜੀ ਕਵਿਤਾ ਦਾ ਪ੍ਰਤੀਕ ਪ੍ਰਬੰਧ ਪੁਸਤਕੀ ਕਵਿਤਾ ਤੋਂ ਵੱਖਰਾ ਹੁੰਦਾ ਹੈ। ਇਹ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਇਹ ਸਰਲ ਤਾਂ ਹੁੰਦਾ ਹੈ ਪਰ ਸਰੋਤੇ ਤੇ ਤੁਰੰਤ ਪ੍ਰਭਾਵ ਪਾਉਣ ਵਾਲਾ ਵੀ ਹੁੰਦਾ ਹੈ।

ਅਸੀਂ ਜਾਣਦੇ ਹਾਂ ਕਿ ਰੂੜ੍ਹ ਹੋ ਰਿਹਾ ਰੂਪਕ ਹੀ ਪ੍ਰਤੀਕ ਵਿਚ ਵਟਣ ਦੀ ਸੰਭਾਵਨਾ ਰਖਦਾ ਹੁੰਦਾ ਹੈ। ਸਟੇਜੀ ਕਵੀਆਂ ਨੇ ਉਹੀ ਪ੍ਰਤੀਕ ਵਰਤੇ ਹਨ ਜਿਹੜੇ ਜਾਂ ਤਾਂ ਕਾਵਿ ਪਰੰਪਰਾ ਵਿਚ ਹੀ ਰੂਪਕਾਂ ਤੋਂ ਰੂੜ੍ਹ ਹੋ ਰਹੇ ਸਨ ਅਤੇ ਜਾਂ ਫਿਰ ਜਿਹੜੇ ਲੋਕ ਧਾਰਾ ਵਿਚ ਮੌਜੂਦ ਸਨ। ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਸਟੇਜੀ ਕਵੀਆਂ ਦੇ ਪ੍ਰਤੀਕ ਆਮ ਜਨਜੀਵਨ ਨਾਲ ਸਬੰਧ ਰਖਦੇ ਹਨ। ਸਟੇਜੀ ਕਾਵਿ ਵਿਚ ਖ਼ਾਸ ਕਰਕੇ ਰਾਜਸੀ ਕਾਵਿ ਵਿਚ ਸ਼ਹੀਦੀ ਨੂੰ ਲਾੜੀ ਮੌਤ ਵਿਆਹੁਣ ਦਾ ਰੂਪਕ ਵਰਤਿਆ ਹੈ ਅਤੇ ਕੁਝ ਕਵਿਤਾਵਾਂ ਵਿਚ ਵਿਆਹ ਨੂੰ ਪ੍ਰਤੀਕ ਮੰਨ ਕੇ ਅਸਲ ਵਿਚ ਸ਼ਹੀਦੀ ਦੀ ਗੱਲ ਕੀਤੀ ਹੈ ਅਤੇ ਇਸੇ ਤਰ੍ਹਾਂ ਹੀ ਹੱਥਕੜੀਆਂ, ਬੇੜੀਆਂ ਲਈ ਗਹਿਣਾ , ਇਨਕਲਾਬੀ ਲਈ ਸ਼ੇਰ , ਜੇਲ੍ਹ ਲਈ ਪਿੰਜਰਾ ਪ੍ਰਤੀਕ ਵਰਤੇ ਗਏ ਹਨ।

ਨਾਇਕਾ ਦੇ ਹੁਸਨ ਵਰਣਨ ਵਿਚ ਅਕਸਰ ਮੁੱਖ ਲਈ ਚੰਦ , ਜੁਲਫ਼ਾਂ ਲਈ ਬੱਦਲਾਂ ਦੀ ਕਾਲੀ ਘਟਾ ਦਾ ਪ੍ਰਤੀਕ ਵਰਤਿਆ ਗਿਆ ਹੈ। ਸ਼ਾਇਦ ਨਾਇਕਾ ਵਰਣਨ ਵਿਚ ਉਰਦੂ ਸ਼ਾਇਰੀ ਦਾ ਅਸਰ ਹੋਵੇ ਜਿਸ ਕਾਰਨ ਅਜਿਹੇ ਪ੍ਰਤੀਕਾਂ ਦੀ ਭਰਮਾਰ ਹੈ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.