ਸੁਰਜੀਤ ਪਾਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਰਜੀਤ ਪਾਤਰ : ਆਧੁਨਿਕ ਦੌਰ ਦੇ ਸਭ ਤੋਂ ਹਰਮਨ ਪਿਆਰੇ ਕਵੀ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ

Surjit Patar

ਪਿੰਡ ਪੱਤੜਾਂ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਉਸ ਦਾ ਕਾਵਿ ਤਖ਼ਲਸ ਪੱਤੜ ਤੋਂ ਹੀ ਮਿੱਤਰਾਂ ਦੇ ਮਸ਼ਵਰੇ `ਤੇ ‘ਪਾਤਰ` ਬਣਿਆ। ਉਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਪ੍ਰਥਮ ਸਥਾਨ ਤੇ ਰਹਿ ਕੇ ਕੀਤੀ ਅਤੇ ਕੁਝ ਸਾਲ ਬੀੜ ਬਾਬਾ ਬੁੱਢਾ ਕਾਲਜ ਵਿਖੇ ਲੈਕਚਰਾਰ ਰਿਹਾ। ਪਰ ਪਿਛੋਂ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ, ਲੰਮਾਂ ਸਮਾਂ ਅਧਿਆਪਕ ਵਜੋਂ ਸੇਵਾ ਕਰ ਕੇ ਅੱਜ-ਕੱਲ੍ਹ ਲੁਧਿਆਣਾ ਵਿਖੇ ਸੇਵਾਮੁਕਤ ਜੀਵਨ ਗੁਜ਼ਾਰ ਰਿਹਾ ਹੈ। ਮਿੱਠ ਬੋਲੜਾ, ਮਲੂਕ, ਛਾਟਵੀਂ ਕਾਇਆ ਕਲਪ, ਧੀਮੇ ਬੋਲਾਂ ਵਾਲਾ, ਯਾਰਾਂ ਦਾ ਯਾਰ ਪਾਤਰ ਮਨ ਮੋਹਨ ਵਾਲਾ ਸ਼ਖ਼ਸ ਹੈ। ਉਹ  ਆਧੁਨਿਕ ਯੁੱਗ ਸੰਵੇਦਨਾ ਦੇ ਪ੍ਰਾਣਵੰਤ ਅਹਿਸਾਸਾਂ ਅਤੇ ਵਲੂੰਧਰੀਆਂ ਦੁਸ਼ਵਾਰੀਆਂ ਦਾ ਕਾਇਲ ਕਰ ਦੇਣ ਵਾਲਾ ਸ਼ਾਇਰ ਹੈ।

 

     ਕੋਲਾਜ ਨਾਮੀ ਪਹਿਲਾ ਕਾਵਿ-ਸੰਗ੍ਰਹਿ ਪਾਤਰ ਨੇ ਦੋ ਮਿੱਤਰਾਂ ਨਾਲ ਰਲ ਕੇ ਛਪਵਾਇਆ। ਉਸ ਦੇ ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ  ਅਤੇ ਸੁਰਜ਼ਮੀਨ ਪੰਜ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਨੇ ਲੋਰਕਾ ਦੇ ਨਾਟਕ ਬਲੱਡ ਵੈਡਿੰਗ ਦਾ ਅੱਗ ਦੇ ਕਲੀਰੇ, ਯਰਮਾ ਦਾ ਸਈਓਂ ਨੀਂ ਮੈਂ, ਅੰਤ-ਹੀਣ ਤਰਕਾਲਾਂ ਅਤੇ ਯਾਂ ਜਿਰਾਦੂ ਦੇ ਨਾਟਕ ਮੈਡ ਵਿਮੈਨ ਆਫ਼ ਸਈਓ ਦਾ ਸ਼ਹਿਰ ਮੇਰੇ ਦੀ ਪਾਗਲ ਔਰਤ ਸਿਰਲੇਖ ਹੇਠ ਅਤਿਅੰਤ ਸਿਰਜਣਾਤਮਿਕ ਅਨੁਵਾਦ ਕੀਤੇ ਹਨ। ਸਦੀ ਦੀਆਂ ਤਰਕਾਲਾਂ ਉਸ ਦੁਆਰਾ ਸੰਪਾਦਤ ਕਾਵਿ ਪੁਸਤਕ ਹੈ, ਜਿਸ ਵਿੱਚ ਪ੍ਰਤਿਨਿਧ ਚਰਚਿਤ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ। ਉਸਨੂੰ ਬੇਸ਼ੁਮਾਰ ਇਨਾਮ ਸਨਮਾਨ ਮਿਲੇ ਹਨ। ਹਨੇਰੇ ਵਿੱਚ ਸੁਲਗਦੀ ਵਰਨਮਾਲਾ ਕਾਵਿ-ਸੰਗ੍ਰਹਿ ਉੱਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।


 ਸੁਰਜੀਤ ਪਾਤਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਦਾ ਇਨਾਮ ਲੈਣੋਂ ਨਾਂਹ ਕਰਨ ਦੀ ਜੁਅੱਰਤ ਵਿਖਾਈ ਹੈ।

     ਸੁਰਜੀਤ ਪਾਤਰ ਦਾ ਕਾਵਿ-ਸੰਸਾਰ ਪੜ੍ਹੇ ਲਿਖੇ ਨੌਜਵਾਨ ਮਨੁੱਖ ਦੇ ਖਿੰਡੇ, ਤਿੜਕੇ, ਹਨੇਰੇ, ਉਲਝੇ ਤੇ ਉਦਾਸੇ ਬਿੰਬਾਂ ਪ੍ਰਤਿਬਿੰਬਾਂ ਨਾਲ ਓਤਪੋਤ ਹੈ, ਜੋ ਆਧੁਨਿਕ ਮਨੁੱਖ ਦੀ ਅਣਇੱਛਤ, ਅਮੇਲਵੀਂ, ਖੌਫ਼ਨਾਕ ਲਾਜ਼ਮੀ ਹੋਂਦ ਤੇ ਹੋਣੀ ਹੈ। ਪਾਤਰ ਨੇ ਪੰਜਾਬੀ ਸ਼ਾਇਰੀ ਵਿੱਚ ਮਨਭਾਉਂਦੀ ਕ੍ਰਾਂਤੀ ਦੇ ਰੁਮਾਂਸ ਅਤੇ ਪਿਆਰ ਦੇ ਰੁਮਾਂਸ ਦੋਹਾਂ ਹੀ ਮਿੱਥਾਂ ਦਾ ਨਵੀਂ ਅਸਤਿਤਵਮੂਲਕ ਸੰਵੇਦਨਾ ਰਾਹੀਂ ਪੂਰੀ ਸ਼ਿੱਦਤ, ਸੰਜੀਦਗੀ, ਸਲੀਕੇ ਅਤੇ ਨਵੇਂ ਬਲਸ਼ਾਲੀ ਮਾਨਵੀ ਦਰਦੀਲੇ ਤਰਕਾਂ ਨਾਲ ਵਿਸਫ਼ੋਟ ਕੀਤਾ।

     ਸੁਰਜੀਤ ਪਾਤਰ ਕ੍ਰਾਂਤੀ ਦਾ ਮੁਦਈ ਸ਼ਾਇਰ ਹੈ। ਉਸ ਦੀ ਕਾਵਿ ਸੋਝੀ ਦਾ ਇਹ ਕੇਂਦਰੀ ਸੂਤਰ ਹੈ। ਪਾਤਰ ਦਾ ਕਾਵਿ-ਨਾਇਕ ਕ੍ਰਾਂਤੀਕਾਰੀ ਨਾਇਕ ਨਹੀਂ। ਪਾਤਰ ਦਾ ਨਾਇਕ ਅਜਿਹਾ ਕਾਵਿ-ਨਾਇਕ ਹੈ ਜੋ ਕ੍ਰਾਂਤੀ ਦਾ ਪ੍ਰਸੰਸਕ ਹੈ, ਕ੍ਰਾਂਤੀ ਦੇ ਸੁਪਨੇ ਦਾ ਹਾਮੀ ਹੈ। ਉਹ ਕ੍ਰਾਂਤੀਕਾਰੀ ਨਾਇਕ ਦੀ ਸੂਰਮਗਤੀ ਤੇ ਕੁਰਬਾਨੀ ਨੂੰ ਨਤਮਸਤਕ ਹੈ ਪਰ ਉਹ ਆਪਣਾ ਕਾਵਿ-ਨਾਇਕੀ ਚਰਿੱਤਰ ਇੱਕ ਨੌਜਵਾਨ ਸ਼ਾਇਰ ਦੇ, ਇੱਕ ਕ੍ਰਾਂਤੀਮੁਖੀ ਸ਼ਾਇਰ ਦੇ ਸੁਰਮਈ ਬੋਲਾਂ ਵਿੱਚ ਕਲਪਦਾ ਹੈ। ਮਿਸਾਲ ਵਜੋਂ ਉਸ ਦੀਆਂ ਕਾਵਿ ਪੰਕਤੀਆਂ ਵੇਖੋ :

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,

ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,

ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ।

 

ਕਾਲੀ ਰਾਤ ਦੀਆਂ ਫੌਜਾਂ ਨਾ ਲੜਨ ਲਈ

            ਮੈਂ ਵੀ ਆ ਪਹੁੰਚਾਂ ਹਾਂ ਆਪਣਾ ਸਾਜ਼ ਲਈ।

     ਪਾਤਰ ਦੀ ਕਾਵਿਕ ਸੰਵੇਦਨਾ ਵਿੱਚ ਪ੍ਰਗਤੀ, ਪਿਆਰ ਅਤੇ ਉੱਦਾਤ ਜ਼ਿੰਦਗੀ ਦਾ ਖ਼ੂਬਸੂਰਤ, ਨਵਾਂ, ਸੁਚੱਜਾ ਤੇ ਉਚੇਰਾ ਸੰਤੁਲਨ ਹੈ। ਪਾਤਰ ਦੀ ਪਿਆਰ ਸੰਵੇਦਨਾ ਇੱਕ ਟੇਢੀ ਤਿਕੋਨ `ਤੇ ਟਿਕੀ ਹੋਈ ਹੈ। ਇਸ ਤਿਕੋਨ ਦਾ ਇੱਕ ਕੋਣ ਆਧੁਨਿਕ ਜ਼ਮਾਨੇ ਵਿੱਚ ਪਿਆਰ, ਸਨੇਹ, ਨੇੜਤਾ, ਇੱਕਸੁਰਤਾ, ਜਿਸਮੀ ਅਨੰਦ ਅਤੇ ਰੂਹਾਨੀ ਤ੍ਰਿਪਤੀ ਲਈ ਸਿਕਦੇ ਨੌਜਵਾਨ ਦਾ ਹੈ। ਪਰ ਉਸ ਦੀ ਇਸ ਸਥਿਤੀ ਦੇ ਦੂਸਰੇ ਕੋਣ ਵਿੱਚ ਕਰੂੜ ਅਤੇ ਮਾਰੂ ਸਮਾਜਿਕ ਸਿਸਟਮ ਦਾ ਉਹ ਅਮਾਨਵੀ ਸਿਲਸਿਲਾ ਹੈ, ਜਿਸਦੇ ਜੀਵਨ ਏਜੰਡੇ ਵਿੱਚੋਂ ਪਿਆਰ ਵਰਗੀ ਨਫ਼ਾਸਤੀ ਅਤੇ ਨਜ਼ਾਕਤੀ ਟੇਕ ਖ਼ਤਮ ਹੈ ਚੁੱਕੀ ਹੈ। ਇਸ ਬੇਮੇਚ ਦਹਾੜ ਦਾ ਤੀਸਰਾ ਕੋਣ ਸਿੱਕ ਅਤੇ ਅਪ੍ਰਾਪਤੀ ਤੋਂ ਉਪਜੀ ਉਸ ਉਦਾਸ ਮਨੋਸਥਿਤੀ ਦਾ ਹੈ, ਜੋ ਇਸ ਅਟਾਲਵੀਂ ਤੇ ਅਸਾਵੀਂ ਜੀਵਨ-ਜਾਚ ਦਾ ਅਹਿਮ ਪਰ ਦੁਖਾਂਤਿਕ ਪਰਿਣਾਮ ਹੈ। ਪਰ ਪਾਤਰ ਦੀ ਪਿਆਰ ਸੰਵੇਦਨਾ ਨਾ ਤਾਂ ਪਰੰਪਰਾਗਤ ਸ਼ਾਇਰਾਂ ਵਾਂਗ ਮਹਿਬੂਬਾ ਨੂੰ ਬੇਵਫ਼ਾ, ਬੇਈਮਾਨ ਜਾਂ ਅਜਿਹੇ ਹੋਰ ਲੱਕਬ ਦੇ ਕੇ ਸੰਤੁਸ਼ਟ ਹੁੰਦੀ ਹੈ ਅਤੇ ਨਾ ਹੀ ਉਹ ਆਪਣੀ ਵਫ਼ਾਈ ਦਾ ਢੰਡੋਰਾ ਪਿੱਟਦਾ ਹੈ। ਪਾਤਰ ਦਾ ਪਿਆਰ ਅਨੁਭਵ ਮੁੱਖ ਤੌਰ `ਤੇ ਵਿਯੋਗ, ਤਨਹਾਈ, ਤੜਪ, ਬੇਕਰਾਰੀ ਅਤੇ ਉਦਾਸੀ ਦਾ ਹੈ :

      -     ਏਨਾ ਹੀ ਬਹੁਤ ਹੈ ਕਿ ਮੇਰੇ ਖ਼ੂਨ ਨੇ ਰੁੱਖ ਸਿੰਜਿਆ

            ਕੀ ਹੋਇਆ ਜੇ ਪੱਤਿਆਂ `ਤੇ ਮੇਰਾ ਨਾਮ ਨਹੀਂ ਹੈ।

      -     ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖ਼ਿਆਲ ਰਿਹਾ

            ਕੀ ਸਾਰੀ ਉਮਰ ਲੱਗਿਆ ਕਲੇਜੇ ਨਾਲ ਰਿਹਾ।

      -     ਅੱਥਰੂ ਟੈਸਟ ਟਿਊਬ `ਚ ਪਾ ਕੇ ਵੇਖਾਂਗੇ

            ਕੱਲ੍ਹ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ।

      -     ਰਾਹਾਂ `ਚ ਕੋਈ ਹੋਰ ਹੈ ਚਾਹਾਂ `ਚ ਕੋਈ ਹੋਰ

            ਬਾਹਾਂ `ਚ ਕਿਸੇ ਹੋਰ ਦੀਆਂ ਬਿਖਰੇ ਪਏ ਨੇ।

      -     ਮੈਂ ਬਿਰਖ ਬਣ ਗਿਆ ਸਾਂ ਉਹ ਪੌਣ ਹੋ ਗਈ ਸੀ

            ਕਿੱਸਾ ਹੈ ਸਿਰਫ਼ ਏਨਾ ਆਪਣੀ ਤਾਂ ਆਸ਼ਕੀ ਦਾ।

      -     ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ

            ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ।

     ਪਾਤਰ ਸੁਚਾਰੂ ਰਾਜਨੀਤਿਕ ਅਤੇ ਜ਼ੁੰਮੇਵਾਰ ਇਤਿਹਾਸਿਕ ਸੋਝੀ ਨਾਲ ਵਰੋਸਾਇਆ ਹੋਇਆ ਸ਼ਾਇਰ ਹੈ। ਇਤਿਹਾਸ ਖ਼ਾਸ ਕਰ ਗੌਰਵਸ਼ਾਲੀ ਸੱਭਿਆਚਾਰਿਕ ਅਵਚੇਤਨ ਉਸ ਦੇ ਕਾਵਿ ਵਿੱਚ ਇੱਕ ਸ਼ਕਤੀਸ਼ਾਲੀ ਧਾਰਾ ਵਜੋਂ ਪ੍ਰਵਾਹਿਤ ਹੈ। ਇਸ ਵਿੱਚੋਂ ਪਾਤਰ ਆਪਣੀ ਕਾਵਿ- ਸੋਝੀ ਪੁਸ਼ਟ ਕਰਦਾ ਹੈ। ਸ਼ਿਵ, ਗੌਤਮ, ਕ੍ਰਿਸ਼ਨ, ਕਬੀਰ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਵਾਰਿਸ ਸ਼ਾਹ ਉਸ ਦੀ ਸੱਭਿਆਚਾਰਿਕ ਇਤਿਹਾਸਿਕ ਸਿਮਰਤੀ ਦਾ ਪ੍ਰਾਣਵੰਤ ਸ੍ਰੋਤ ਹਨ। ਸਮਕਾਲੀ ਰਾਜਨੀਤਿਕ ਲਹਿਰਾਂ ਵਿੱਚੋਂ ਪਹਿਲੇ ਦੌਰ ਦੀ ਕਵਿਤਾ ਵਿੱਚ ਨਕਸਲਬਾੜੀ ਲਹਿਰ ਦੀ ਪ੍ਰਤਿਧੁਨੀ ਬਹੁਤ ਸਾਰੀਆਂ ਕਵਿਤਾਵਾਂ ਤੇ ਗ਼ਜ਼ਲਾਂ ਵਿੱਚ ਗੂੰਜਦੀ ਹੈ। ਨਕਸਲਬਾੜੀ ਲਹਿਰ ਦਾ ਉਹ ਮੁਕਤ ਮਨ ਨਾਲ ਮੁੱਦਈ ਹੈ :

      -     ਮੇਰੇ ਯਾਰ ਜੋ ਇਸ ਆਸ ਤੇ ਮਰ ਗਏ

            ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ

            ਜੇ ਮੈਂ ਕੁਝ ਨਾ ਕਿਹਾ ਜੇ ਮੈਂ ਚੁਪ ਹੀ ਰਿਹਾ

            ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ...

      -     ਯਾਰੋ ਐਸਾ ਕੋਈ ਨਿਜ਼ਾਮ ਨਹੀਂ

            ਜਿਥੇ ਸੂਲੀ ਦਾ ਇੰਤਜ਼ਾਮ ਨਹੀਂ।

     ਪਾਤਰ ਨੇ ਕਵਿਤਾ, ਗੀਤ ਅਤੇ ਗ਼ਜ਼ਲ ਤਿੰਨੋਂ ਕਾਵਿ ਰੂਪਾਕਾਰਾਂ ਵਿੱਚ ਰਚਨਾ ਕੀਤੀ ਹੈ। ਉਸ ਦੀ ਕਵਿਤਾ ਖੁੱਲ੍ਹੀ ਕਵਿਤਾ ਦੀ ਰੂਪਾਕਾਰਕ ਸੰਰਚਨਾ ਦੀ ਧਾਰਨੀ ਹੁੰਦੀ ਹੋਈ ਵੀ ਕਾਵਿਕ ਰਿਦਮ, ਰਵਾਨਗੀ ਅਤੇ ਮੁਕਤ ਤੁਕਾਂਤ ਦਾ ਖ਼ੂਬਸੂਰਤ ਨਮੂਨਾ ਹੈ। ਇਹ ਗੁਲਾਈਦਾਰ ਤਰਕ ਪਾਤਰ ਕਾਵਿ ਦੀ ਕਾਵਿ-ਵਿਧੀ ਦਾ ਅਹਿਮ ਪਛਾਣ-ਚਿੰਨ੍ਹ ਹੈ। ਉਸ ਦੀਆਂ ਕਵਿਤਾਵਾਂ ਵਿੱਚ ਨਵੇਂ ਤੇ ਮੌਲਿਕ ਗੁਲਾਈਦਾਰ ਤਰਕ ਦੀ ਪ੍ਰਧਾਨਤਾ ਹੈ। ਪਾਤਰ ਦੀ ਨਜ਼ਮ ਵਧੇਰੇ ਬੌਧਿਕ-ਚਿੰਤਨਮੁੱਖ, ਸਮਾਜੀ ਰਾਜਸੀ ਸਮੱਸਿਆ ਮੁਖ ਹੈ ਅਤੇ ਤਿੱਖੇ ਕਠੋਰ ਵਿੰਗ ਦੀ ਧਾਰਨੀ ਹੈ। ਪਾਤਰ ਦੀ ਗ਼ਜ਼ਲ ਪੁੱਜ ਕੇ ਪ੍ਰਗੀਤਕ, ਡੂੰਘੇ ਤੇ ਤਿੱਖੇ ਭਾਵਨਾਮੂਲਕ, ਚਿੰਤਾਮਈ ਜਾਂ ਉਦਾਸਮੂਲਕ ਤੇ ਮੇਹਣਾਮੂਲਕ ਅਰਥਾਤ ਮਿੰਨੀ ਕਟਾਖ਼ਸ਼ੀ ਹੈ।

     ਪਾਤਰ ਨੇ ਪੰਜਾਬੀ ਗ਼ਜ਼ਲ ਨੂੰ ਜਿਸ ਮਾਣਯੋਗ ਸਿਖ਼ਰ ਤੱਕ ਪਹੁੰਚਾਇਆ ਹੈ, ਇਹ ਪੰਜਾਬੀ ਕਾਵਿ ਨੂੰ ਉਸ ਦੀ ਚਿਰੰਜੀਵੀ ਦੇਣ ਹੈ।

     ਪਾਤਰ ਕਾਵਿ ਦੇ ਸੁਹਜ ਸੰਚਾਰ ਦਾ ਪੰਜਾਬੀ ਕਾਵਿ ਦੇ ਖੇਤਰ ਵਿੱਚ ਇੱਕ ਉੱਜਵਲ ਪਸਾਰ ਉਸ ਦੀ ਸ਼ਬਦ ਨਾਦ ਦੀ ਡੂੰਘੀ ਮਾਹਰਾਨਾ ਸੁਰ ਸੂਝ ਦਾ ਹੈ। ਪਾਤਰ ਕਾਵਿ ਧੁਨੀ ਅਤੇ ਬਿੰਬ ਦਾ ਕਾਵਿ ਹੈ।

     ਉਦਾਸੀ, ਬੇਗਾਨਗੀ, ਅਣਹੋਂਦ, ਅਧੂਰੀ ਹੋਂਦ, ਜ਼ਖ਼ਮੀ ਹੋਂਦ ਦੇ ਅਜਿਹੇ ਮਾਰਮਕ ਚਿੱਤਰ ਉਸ ਦੀ ਕਵਿਤਾ ਵਿੱਚ ਹਾਜ਼ਰ ਹਨ ਜੋ ਉਸ ਦੀ ਮੂਲ ਸੰਵੇਦਨਾ ਨੂੰ ਸੋਗੀ ਸਰੂਪ ਦਿੰਦੇ ਹਨ ਪਰ ਪਾਤਰ ਦਾ ਇਹ ਸੋਗੀ ਅਨੁਭਵ ਨਾ ਨਿਰਾਸ਼ਾਜਨਕ ਹੈ ਨਾ ਭਾਂਜਵਾਦੀ ਅਤੇ ਨਾ ਹੀ ਬੇਲੋੜੀ ਫੋਕੀ ਮਾਅਰਕੇਬਾਜ਼ੀ ਵਾਲਾ। ਆਧੁਨਿਕ ਯੁੱਗ ਸੰਵੇਦਨਾ ਦੇ ਪੇਚੀਦਾ ਅਮਾਨਵੀ ਅਤੇ ਖਲਬਲੀਯੁਕਤ ਮਾਹੌਲ ਵਿੱਚ ਇਹ ਗੰਭੀਰ, ਜ਼ੁੰਮੇਵਾਰ ਸੱਚਾ-ਸੁੱਚਾ ਹੁੰਗਾਰਾ ਹੈ।

     ਪਾਤਰ ਕਾਵਿ ਦੀ ਲੋਕ-ਪ੍ਰਿਅਤਾ ਏਨੀ ਹੈ ਕਿ ਆਧੁਨਿਕ ਪੰਜਾਬੀ ਕਵਿਤਾ ਵਿੱਚ ਉਹ ਸਭ ਤੋਂ ਅਧਿਕ ਪੜ੍ਹਿਆ ਤੇ ਸਤਿਕਾਰਿਆ ਜਾਣ ਵਾਲਾ ਚਰਚਿਤ ਸ਼ਾਇਰ ਹੈ। ਉਸ ਦੀ ਕਵਿਤਾ ਲੋਕ ਮਨ ਦੇ ਏਨੀ ਨੇੜੇ ਹੈ ਕਿ ਇਹ ਨਾ ਸਿਰਫ਼ ਟੁੰਬਵਾਂ ਸੁਹਜ ਅਨੰਦ ਦੇਣ ਯੋਗ ਹੈ, ਸਗੋਂ ਲੋਕ ਗੀਤਾਂ ਵਾਂਗ ਕੰਠ ਵੀ ਆਪ ਮੁਹਾਰੇ ਹੋ ਜਾਂਦੀ ਹੈ।

 

 

 


ਲੇਖਕ : ਜਸਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 20348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁਰਜੀਤ ਪਾਤਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-01-05-12-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.