ਸੁੰਦਰੀ, ਮਾਤਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਦਰੀ, ਮਾਤਾ (ਅ.ਚ. 1747) : ਗੁਰੂ ਗੋਬਿੰਦ ਸਿੰਘ ਜੀ (1666-1708) ਦੀ ਦੂਜੀ ਸੁਪਤਨੀ , ਵਰਤਮਾਨ ਹੁਸ਼ਿਆਰਪੁਰ ਜ਼ਿਲੇ ਦੇ ਬਿਜਵਾੜਾ ਦੇ ਕੁਮਰਾਵ ਖੱਤਰੀ ਭਾਈ ਰਾਮ ਸਰਨ ਦੀ ਸੁਪੁੱਤਰੀ ਸਨ। ਗੁਰੂ ਗੋਬਿੰਦ ਸਿੰਘ ਨਾਲ ਆਪ ਦਾ ਵਿਆਹ 4 ਅਪ੍ਰੈਲ 1684 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਜਨਵਰੀ 26, 1687 ਨੂੰ ਆਪ ਨੇ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵੱਡੇ ਸੁਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜਨਮ ਦਿੱਤਾ। ਦਸੰਬਰ 5-6, 1705 ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਛੱਡਣ ਤੇ ਆਪ ਮਾਤਾ ਸਾਹਿਬ ਦੇਵਾਂ ਦੇ ਨਾਲ ਭਾਈ ਮਨੀ ਸਿੰਘ ਦੀ ਅਗਵਾਈ ਵਿਚ ਦਿੱਲੀ ਪੁਜੇ। 1706 ਵਿਚ ਆਪ ਗੁਰੂ ਗੋਬਿੰਦ ਸਿੰਘ ਕੋਲ ਤਲਵੰਡੀ ਸਾਬੋ ਪੁਜ ਗਏ ਜਿੱਥੇ ਆਪਨੇ ਆਪਣੇ ਪੁੱਤਰ ਅਤੇ ਹੋਰ ਸਾਹਿਬਜ਼ਾਦਿਆਂ ਦੇ ਨਾਲ ਆਪਣੀ ਬਜ਼ੁਰਗ ਸੱਸ ਮਾਤਾ ਗੁਜਰੀ ਦੀ ਸ਼ਹਾਦਤ ਦੀ ਖਬਰ ਸੁਣੀ। ਆਪ ਰਹਿਣ ਲਈ ਦਿੱਲੀ ਵਾਪਸ ਚਲੇ ਗਏ ਜਦ ਕਿ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਜਾਣ ਲਈ ਤਲਵੰਡੀ ਸਾਬੋ ਤੋਂ ਚਲ ਪਏ। ਦਿੱਲੀ ਵਿਖੇ ਮਾਤਾ ਸੁੰਦਰੀ ਨੇ ਇਕ ਲੜਕੇ ਨੂੰ ਗੋਦ ਲੈ ਲਿਆ ਅਤੇ ਆਪਣੇ ਪੁੱਤਰ ਨਾਲ ਮੁਹਾਂਦਰਾ ਮਿਲਣ ਕਰਕੇ ਉਸ ਦਾ ਨਾਂ ਅਜੀਤ ਸਿੰਘ ਰੱਖ ਲਿਆ। ਅਕਤੂਬਰ 1708 ਵਿਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾ ਜਾਣ ਤੇ ਸਿੱਖਾਂ ਨੇ ਮਾਤਾ ਸੁੰਦਰੀ ਜੀ ਪਾਸੋਂ ਅਗਵਾਈ ਚਾਹੀ। ਆਪ ਨੇ ਅੰਮ੍ਰਿਤਸਰ ਵਿਚਲੇ ਪਵਿੱਤਰ ਸਿੱਖ ਅਸਥਾਨਾਂ ਦੀ ਸੰਭਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਨੂੰ ਇਕੱਠਾ ਕਰਨ ਦਾ ਕਾਰਜ ਭਾਈ ਮਨੀ ਸਿੰਘ ਨੂੰ ਸੌਂਪਿਆ। ਆਪ ਨੇ ਆਪਣੀ ਮੋਹਰ ਅਤੇ ਅਧਿਕਾਰ ਦੇ ਅੰਤਰਗਤ ਵਿਭਿੰਨ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ। ਪਿੱਛੋਂ ਖੋਜੇ ਅਤੇ ਪ੍ਰਕਾਸ਼ਿਤ ਕੀਤੇ ਗਏ ਇਹਨਾਂ ਹੁਕਮਨਾਮਿਆਂ ਤੇ 12 ਅਕਤੂਬਰ 1717 ਤੋਂ 10 ਅਗਸਤ 1730 ਦੇ ਦਰਮਿਆਨ ਦੀਆਂ ਤਾਰੀਖਾਂ ਪਈਆਂ ਹੋਈਆਂ ਹਨ।

    ਮਾਤਾ ਸੁੰਦਰੀ ਆਪਣੇ ਗੋਦ ਲਏ ਪੁੱਤਰ ਤੋਂ ਨਿਰਾਸ਼ ਸਨ। ਬਾਦਸ਼ਾਹ ਬਹਾਦਰ ਸ਼ਾਹ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਜਾਨਸ਼ੀਨ ਮੰਨ ਕੇ ਆਪਣੇ ਦਰਬਾਰ ਵਿਚ ਬੁਲਾ ਲਿਆ ਅਤੇ ਸਤੰਬਰ 1710 ਵਿਚ ਉਸ ਨੂੰ ਸਨਮਾਨ ਸੂਚਕ ਬਸਤਰ ਦਿੱਤੇ। ਇਹ ਗੱਲ ਉਸਦੇ ਸਿਰ ਚੜ੍ਹ ਗਈ ਅਤੇ ਉਹ ਇਕ ਦਰਬਾਰੀ ਵਰਗਾ ਜੀਵਨ ਬਿਤਾਉਣ ਲੱਗਾ। ਇਥੋਂ ਤਕ ਕਿ ਉਹ ਮਾਤਾ ਸੁੰਦਰੀ ਜੀ ਪ੍ਰਤੀ ਵੀ ਹੈਂਕੜਬਾਜ ਅਤੇ ਅਭਿਮਾਨੀ ਹੋ ਗਿਆ। ਆਪ ਇਸ ਨੂੰ ਤਿਆਗ ਕੇ ਮਥੁਰਾ ਚਲੇ ਗਏ। ਬਾਅਦ ਵਿਚ ਅਜੀਤ ਸਿੰਘ ਕਤਲ ਦੇ ਜੁਰਮ ਵਿਚ ਦੋਸ਼ੀ ਪਾਇਆ ਗਿਆ ਅਤੇ 18 ਜਨਵਰੀ 1725 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਤਾ ਸੁੰਦਰੀ ਦਿੱਲੀ ਵਾਪਸ ਆ ਗਏ ਜਿਥੇ 1747 ਵਿਚ ਆਪ ਅਕਾਲ ਚਲਾਣਾ ਕਰ ਗਏ। ਗੁਰਦੁਆਰਾ ਬਾਲਾ ਸਾਹਿਬ, ਨਵੀਂ ਦਿੱਲੀ ਵਿਚ ਆਪ ਜੀ ਦੇ ਸਨਮਾਨ ਵਿਚ ਇਕ ਯਾਦਗਾਰ ਸਥਿਤ ਹੈ।


ਲੇਖਕ : ਸ.ਸ.ਅ. ਅਤੇ ਅਨੁ. ਸ.ਸ.ਭ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.