ਸੈਕਸ ਜੀਵਨ ਲਈ ਕਿਉਂ ਜ਼ਰੂਰੀ ? ਸਰੋਤ :
ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰਸ਼ਨ ਇਹ ਹੈ ਕਿ ਪ੍ਰਜਣਨ ਲਈ ਜੀਵਾਂ ਨੂੰ ਸੈਕਸ ਦੀ ਲੋੜ ਕਿਉਂ ਪਈ, ਜਦ ਕਿ ਇਸ ਬਿਨਾਂ ਵੀ ਪ੍ਰਜਣਨ ਸੰਭਵ ਸੀ। ਸੈਕਸ ਬਿਨਾਂ ਦੇ ਪ੍ਰਜਣਨ ਲਈ ਨਾ ਸਾਥ ਢੂੰਡਣ ਦੀ ਲੋੜ ਸੀ ਅਤੇ ਨਾ ਹੀ ਕਿਸੇ ਪਰਾਏ ਨਾਲ ਜੀਨਾਂ ਦੀ ਸਾਂਝ ਬਣਾਉਣ ਦੀ ਲੋੜ ਸੀ। ਅਜਿਹੇ ਜੀਵ ਵੀ ਹਨ, ਜਿਹੜੇ ਸੈਕਸ -ਰਹਿਤ ਪ੍ਰਜਣਨ ਦੇ ਯੋਗ ਹਨ। ਫਿਰ ਵੀ, ਸਾਧਾਰਨ, ਜੀਵਾਂ ਨੇ ਸੈਕਸ ਨੂੰ ਪ੍ਰਜਣਨ ਦੇ ਸਾਧਨ ਵਜੋਂ ਅਪਣਾਇਆ ਹੋਇਆ ਹੈ। ਜੀਵਨ ਆਰੰਭ ਹੋਣ ਦੇ ਮੁਢਲੇ ਦੋ-ਢਾਈ ਅਰਬ ਵਰ੍ਹਿਆਂ ਤਕ ਸੈੱਕਸ ਦੀ ਕਿਧਰੇ ਚਰਚਾ ਵੀ ਨਹੀਂ ਸੀ। ਫਿਰ ਜਦ ਇਕ ਵਾਰ ਇਹ ਪ੍ਰਜਣਨ ਦਾ ਸਾਧਨ ਬਣ ਗਿਆ ਤਾਂ ਫਿਰ ਇਸੇ ਨੂੰ ਤਰਜੀਹ ਮਿਲਣ ਲਗ ਪਈ। ਅਜਿਹਾ ਕਿਉਂ ਹੋਇਆ ?
ਅਣਵਿਆਹੇ ਪ੍ਰਜਣਨ ਕਾਰਨ ਉਪਜੀ ਸੰਤਾਨ, ਪੁਸ਼ਤ ਪਿਛੋਂ ਪੁਸ਼ਤ, ਇਕਸਾਰ ਵਿਸ਼ੇਸ਼ਤਾਵਾਂ ਦੀ ਧਾਰਨੀ ਬਣੀ ਰਹਿੰਦੀ ਹੈ। ਇਸ ਪ੍ਰਕਾਰ ਉਪਜੇ ਸੱਭ ਜੀਵ, ਬਿਨਾਂ ਭੇਦ-ਭਾਵ ਦੇ, ਠੀਕ ਇਕ ਦੂਜੇ ਜਿਹੇ ਹੁੰਦੇ ਹਨ। ਇਹ ਜਦ ਰੋਗ ਗ੍ਰਸਤ ਹੁੰਦੇ ਹਨ, ਤਾਂ ਇੱਕਠੇ ਅਤੇ ਸੰਕਟ ਵਾਲੀ ਸਥਿਤੀ ਦੌਰਾਨ ਇਹ ਸਾਰੇ, ਇਕੋ ਸਮੇਂ , ਢਹਿ-ਢੇਰੀ ਹੋ ਜਾਂਦੇ ਹਨ। ਇਹ ਸਥਿਤੀ ਵਿਕਾਸ ਲਈ ਉਚਿਤ ਸਿੱਧ ਨਹੀਂ ਸੀ ਹੋ ਰਹੀ , ਇਸ ਲਈ ਕਿਉਂਕਿ ਭੀੜ ਪਈ ਤੋਂ ਜੀਵਨ ਨੂੰ ਚਲਦਿਆਂ ਰੱਖਣ ਦੇ ਇਹ ਸਮਰੱਥ ਨਹੀਂ ਸੀ। ਉਧਰ, ਸੈੱਕਸ ਦੁਆਰਾ ਉਪਜੀ ਸੰਤਾਨ 'ਚ, ਦੋ ਜਣਿਆ ਦੇ ਜੀਨਾਂ ਦੇ ਰਲਾ ਕਾਰਨ, ਭਾਂਤ ਭਾਂਤ ਦੀਆਂ ਵਿਸ਼ੇਸ਼ਤਾਵਾਂ ਉਭਰਦੀਆਂ ਰਹਿੰਦੀਆਂ ਹਨ। ਸੈਕਸ ਦੁਆਰਾ ਜਨਮੀ ਸੰਤਾਨ ਦੇ ਦੋ ਜੀਵ ਇਕੋ ਜਿਹੇ ਨਹੀਂ ਹੁੰਦੇ, ਇਕੋ ਮਾਂ ਅਤੇ ਪਿਓ ਦੇ ਜਾਏ ਵੀ ਨਹੀਂ। ਪ੍ਰਜਣਨ ਲਈ ਅਪਣਾਈ ਇਸ ਵਿਧੀ ਦੁਆਰਾ ਜੀਵਾਂ ਅੰਦਰ ਨਵੀਆਂ–ਨਵੀਆਂ ਵਿਸ਼ੇਸ਼ਤਾਵਾਂ ਦੇ ਉਪਜ ਆਉਣ ਕਾਰਨ ਵਿਕਾਸ ਪ੍ਰੋਸਾਹਿਤ ਹੋਇਆ ਅਤੇ ਅਸੁਖਾਵੀਆਂ ਸਥਿਤੀਆਂ ਨਾਲ ਨਿਪਟਣ ਯੋਗ ਨਸਲਾਂ ਹੋਂਦ’ਚ ਆਉਣ ਲੱਗ ਪਈਆਂ।
ਸਾਧਾਰਨ ਹਾਲੀਂ , ਪ੍ਰਜਣਨ ਰੁੱਤੇ ਮਦੀਨ , ਇਕ ਸਮੇਂ, ਇਕ ਅੰਡਾ ਉਪਜਾਉਂਦੀ ਹੈ। ਉਧਰ ਨਰ, ਇਕ ਸਮੇਂ ਇਕ ਨਹੀਂ, ਅਨੇਕਾਂ ਸ਼ੁਕਰਾਣੂ ਉਪਜਾਉਂਦਾ ਹੈ। ਅੰਡਾ ਨਿਰੋਲ ਜੀਨਾਂ ਦਾ ਸਮੂਹ ਹੀ ਨਹੀਂ ਹੁੰਦਾ , ਇਸ 'ਚ ਭਰੂਣ ਦੀ ਪ੍ਰਗਤੀ ਦੌਰਾਨ ਲੋੜੀਂਦੇ ਖ਼ੁਰਾਕੀ ਤੱਤਾਂ ਦਾ ਭੰਡਾਰ ਵੀ ਇੱਕਤਰ ਹੋਇਆ ਹੁੰਦਾ ਹੈ। ਉਧਰ ਸ਼ੁਕਰਾਣੂ ਨਿਰੋਲ ਜੀਨਾਂ ਦੀ ਪੋਟਲੀ ਹੁੰਦਾ ਹੈ, ਜਿਸ ਨਾਲ ਭਾਵੇਂ ਹਰਕਤ ਕਰਨ ਲਈ ਇਕ ਪੂਛ ਲੱਗੀ ਹੁੰਦੀ ਹੈ, ਜਿਸ ਨੂੰ ਸ਼ੁਕਰਾਣੂ, ਅੰਡੇ ਅੰਦਰ ਪ੍ਰਵੇਸ਼ ਕਰਨ ਸਮੇਂ ਝਾੜ ਛੱਡਦਾ ਹੈ।
ਮੱਛੀਆਂ ਅਤੇ ਡੱਡੂਆਂ 'ਚ ਅੰਡੇ ਮਦੀਨ ਦੇ ਸਰੀਰੋਂ ਬਾਹਰ ਨਿਸ਼ੇਚੇ ਜਾਂਦੇ ਹਨ। ਇਸੇ ਲਈ ਇਨ੍ਹਾਂ 'ਚ ਇਹ ਸੀਮਿਤ ਗਿਣਤੀ 'ਚ ਨਹੀਂ ਉਪਜਾਏ ਜਾਂਦੇ। ਉਧਰ, ਵਿਸਰਪੀ ਪ੍ਰਾਣੀਆਂ ਅਤੇ ਪੰਛੀਆਂ ਦੇ ਅੰਡੇ ਮਦੀਨ ਦੇ ਸਰੀਰ ਅੰਦਰ ਨਿਸ਼ੇਚੇ ਜਾਂਦੇ ਹਨ, ਜਦ ਕਿ ਇਨ੍ਹਾਂ ਦੇ ਭਰੂਣ ਦੀ ਪ੍ਰਗਤੀ ਸਰੀਰੋਂ ਬਾਹਰ ਹੁੰਦੀ ਹੈ। ਇਹ ਸਥਿਤੀ ਪਸ਼ੂਆਂ 'ਚ ਹੋਰ ਵੀ ਅਗਾਂਹ-ਵਧੂ ਹੈ। ਇਨ੍ਹਾਂ 'ਚ ਭਰੂਣ ਦੀ ਪ੍ਰਗਤੀ ਮਾਂ ਦੀ ਕੁੱਖ ਅੰਦਰ ਹੀ ਸਿਰੇ ਚੜ੍ਹ ਜਾਂਦੀ ਹੈ। ਸੰਤਾਨ ਦੀ ਸੰਭਾਲ ਦੀ ਜ਼ਿੰਮੇਵਾਰੀ ਤਾਂ ਮਦੀਨਾਂ ਸਿਰ ਪਹਿਲਾਂ ਵੀ ਸੀ; ਪਰ ਪਸ਼ੂਆਂ ਵਿਖੇ ਨਰ ਵੀ ਸੰਤਾਨ ਦੀ ਪਾਲਣਾ ਪੋਸਣਾ 'ਚ ਭਾਗ ਲੈਣ ਲੱਗ ਪਏ। ਜਦ ਤਕ ਬੱਚਾ ਜਾ ਵੱਛਾ ਆਪਣੇ ਆਪ ਯੋਗ ਨਹੀਂ ਹੋ ਜਾਂਦਾ, ਮਦੀਨ ਤਾਂ ਉਸ ਦੀ ਸੰਭਾਲ ਕਰਦੀ ਹੀ ਹੈ, ਪਰ, ਕਈ ਹਾਲਤਾਂ 'ਚ, ਇਸ ਕਾਰਜ 'ਚ ਨਰ ਵੀ ਮਦੀਨ ਦਾ ਸਾਥ ਦਿੰਦਾ ਹੈ। ਇਸੇ ਰੁਚੀ ਅਧੀਨ ਕਈ ਪ੍ਰਾਣੀ ਟੱਬਰ ਦੀ ਪਰੰਪਰਾ ਦੇ ਧਾਰਨੀ ਬਣੇ। ਮਨੁੱਖ’ਚ ਤਾਂ ਇਹ ਪਰੰਪਰਾ ਉਸ ਦੇ ਵਿਚਰਨ ਦਾ ਮੂਲ ਹੀ ਬਣ ਗਈ ।
ਪੰਛੀਆਂ 'ਚ ਸੰਤਾਨ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਭਾਵੇਂ ਪਸ਼ੂਆਂ ਦੀ ਹੱਦ ਤਕ ਗੰਭੀਰ ਨਹੀਂ, ਪਰ ਫਿਰ ਵੀ ਇਹ ਆਲ੍ਹਣੇ ਉਸਾਰਦੇ ਹਨ, ਜਿਨ੍ਹਾਂ ਅੰਦਰ ਮਦੀਨ ਅੰਡੇ ਦਿੰਦੀ ਹੈ ਅਤੇ ਫਿਰ ਉਸੇ ਆਲ੍ਹਣੇ 'ਚ ਅੰਡਿਆਂ ਚੋਂ ਚੂਜ਼ੇ ਨਿਕਲ ਆਉਂਦੇ ਹਨ ਅਤੇ ਇੱਥੇ ਹੀ ਇਨ੍ਹਾਂ ਨੂੰ ਚੋਗਾ ਚੁਗਾ ਕੇ ਆਪਣੇ-ਆਪ ਯੋਗ ਬਣਾ ਦਿੱਤਾ ਜਾਂਦਾ ਹੈ। ਜਦ ਇਹ ਚੂਜ਼ੇ ਉੱਡਣ ਯੋਗ ਹੋ ਜਾਂਦੇ ਹਨ ਤਾਂ ਟੱਬਰ ਵੀ ਖਿੰਡ-ਪੁੰਡ ਜਾਂਦਾ ਹੈ। ਹਰ ਹਾਲਤ 'ਚ, ਪਰ, ਮਦੀਨ ਦੀ ਸੰਤਾਨ ਦੀ ਪਰਵਰਿਸ਼ ਦੇ ਪ੍ਰਸੰਗ 'ਚ ਨਰ ਨਾਲੋਂ ਵੱਧ ਗੰਭੀਰ ਭੂਮਿਕਾ ਹੁੰਦੀ ਹੈ। ਭਾਵੇਂ ਇਸੇ ਕਾਰਨ, ਸੰਭੋਗੀ ਸਾਥ ਲਈ ਚੋਣ ਵੀ ਮਦੀਨ ਸਿਰ ਹੀ ਹੈ।
ਚੋਣ ਕਰਨ ਲੱਗਿਆਂ ਸੰਤਾਨ ਦਾ ਵਿਚਾਰ ਮਦੀਨ ਦੇ ਮਨ ਅੰਦਰ ਬਣਿਆ ਰਹਿੰਦਾ ਹੈ। ਸੁਭਾਵਿਕ ਹੀ, ਮਦੀਨ, ਹੋਣ ਵਾਲੀ ਸੰਤਾਨ ਦੇ ਨੈਣ-ਨਕਸ਼ ਆਪਣੇ ਬਣਨ ਵਾਲੇ ਸਾਥੀ ਦੇ ਮੁਹਾਂਦਰੇ ਚੋਂ ਖੋਜਣ ਦੀ ਆਦੀ ਹੈ ਅਤੇ ਇਹੋ ਮੰਤਵ ਉਨ੍ਹਾਂ ਦੀ ਕੀਤੀ ਜਾ ਰਹੀ ਚੋਣ ਨੂੰ ਵੀ ਪ੍ਰਭਾਵਿਤ ਕਰਦਾ ਰਹਿੰਦਾ ਹੈ। ਪ੍ਰੇਮ ਦੇ ਪ੍ਰਸੰਗ 'ਚ, ਇਸਤਰੀਆਂ ਦਾ ਵਤੀਰਾ ਪੁਰਸ਼ਾਂ ਨਾਲੋਂ ਇਸੇ ਕਾਰਨ ਭਿੰਨ ਹੈ : ਇਸਤਰੀ ਸਾਥ ਦੀ ਚੋਣ ਕਰਦਿਆਂ ਆਪਣੀ ਸੰਤਾਨ ਦਾ ਪਿਤਾ ਖੋਜ ਰਹੀ ਹੁੰਦੀ ਹੈ, ਜਦ ਕਿ ਪੁਰਸ਼ , ਸੰਭੋਗ ਦੇ ਪ੍ਰਸੰਗ’ਚ ਸਾਥ ਖੋਜ ਰਿਹਾ ਹੁੰਦਾ ਹੈ।
ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First