ਸੰਗਰਾਂਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਰਾਂਦ (ਨਾਂ,ਇ) ਦੇਸੀ ਮਹੀਨੇ ਦਾ ਪਹਿਲਾ ਦਿਨ; ਸੂਰਜ ਦਾ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਦਾਖਲ ਹੋਣ ਦਾ ਦਿਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਗਰਾਂਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਰਾਂਦ [ਨਾਂਪੁ] ਦੇਸੀ ਮਹੀਨੇ ਦੀ ਪਹਿਲੀ ਤਾਰੀਖ, ਸੰਕਰਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਗਰਾਂਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਰਾਂਦ. ਦੇਖੋ, ਸੰਕ੍ਰਾਂਤਿ ਅਤੇ ਬਾਰਹਰਾਸਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਗਰਾਂਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਰਾਂਦ : ਸੰਸਕ੍ਰਿਤ ਵਿਚ ਸੰਕ੍ਰਾਂਤੀ ਭਾਰਤੀ ਸੂਰਜੀ ਕੈਲੰਡਰ ਦੇ ਹਰ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ ਅਤੇ ਇਹ ਸੂਰਜ ਦੇ ਇਕ ਘਰ (ਰਾਸ਼ੀ) ਤੋਂ ਦੂਸਰੇ ਘਰ ਵਿਚ ਪ੍ਰਵੇਸ਼ ਹੋਣ ਤੇ ਅਧਾਰਿਤ ਹੈ। ਮਨੁੱਖੀ ਇਤਿਹਾਸ ਦੇ ਕਾਫੀ ਸ਼ੁਰੂ ਤੋਂ ਹੀ ਸੂਰਜ ਨੂੰ ਬਾਕੀ ਬ੍ਰਹਮੰਡੀ ਗ੍ਰਹਿਾਂ-ਉਪਗ੍ਰਹਿਾਂ ਸਮੇਤ ਪਦਾਰਥ ਮੰਨਿਆ ਗਿਆ ਹੈ ਜਿਸ ਕੋਲ ਦੈਵੀ ਮਨ , ਇਕ ਵਿਸ਼ੇਸ਼ ਸ਼ਖ਼ਸੀਅਤ ਅਤੇ ਮਨੁੱਖੀ ਹੋਣੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ। ਇਹੀ ਉਹ ਦੇਵੀ ਦੇਵਤੇ ਬਣ ਗਏ ਜਿਨ੍ਹਾਂ ਦੀ ਸਵੱਲੀ ਨਜ਼ਰ ਮਨੁੱਖ ਨੇ ਹਮੇਸ਼ਾਂ ਚਾਹੀ ਸੀ। ਸੂਰਜ ਦੇਵਤਾ ਦੀ ਪੂਜਾ ਵੇਦਾਂ ਦੇ ਸਮੇਂ ਹੁੰਦੀ ਸੀ ਅਤੇ ਇਹ ਭਾਰਤੀ ਪਰੰਪਰਾ ਵਿਚ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਹੁੰਦੀ ਰਹੀ ਹੈ। ਕੁਝ ਕਰਮ-ਕਾਂਡਾਂ ਨਾਲ ਸੰਕ੍ਰਾਂਤੀ ਨੂੰ ਮਨਾਉਣਾ ਅਤੇ ਪਵਿੱਤਰ ਥਾਵਾਂ, ਭਾਵ ਕਿ ਤੀਰਥਾਂ ਉੱਤੇ ਇਸ਼ਨਾਨ ਕਰਨਾ ਅਤੇ ਵਰਤ ਰਖਣੇ ਅਤੇ ਦਾਨ ਆਦਿ ਦੇਣੇ ਇਸ ਪੂਜਾ ਦੇ ਪ੍ਰਸਿੱਧ ਰੂਪ ਰਹੇ ਹਨ। ਸਿੱਖ ਪ੍ਰਣਾਲੀ ਜਾਂ ਪਰੰਪਰਾ ਵਿਚ ਪੂਜਾ ਦਾ ਇਕੋ ਇਕ ਸ੍ਰੋਤ ਪਰਮਾਤਮਾ ਹੈ। ਅਰਥਾਤ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕੀਤੀ ਜਾਂਦੀ। ਹੋਰ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਿਆ ਨਹੀਂ ਜਾਂਦਾ। ਸਿੱਖੀ ਦੀ ਅਲੰਕਾਰਿਕ ਭਾਸ਼ਾ ਵਿਚ ਗੁਰੂ ਹੀ ਸੂਰਜ ਹੈ ਜਿਹੜਾ ਸਿੱਖ ਦੇ ਮਨ ਨੂੰ ਰੁਸ਼ਨਾਉਂਦਾ ਹੈ। ਗੁਰੂ ਨਾਨਕ ਦੇਵ ਅਤੇ ਗੁਰੂ ਅਰਜਨ ਦੇਵ ਨੇ ਬਾਰਾਂਮਾਹਾਂ ਬਾਣੀਆਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚ ਹਰ ਇਕ ਸੂਰਜੀ ਮਹੀਨੇ ਬਾਰੇ ਇਕ ਇਕ ਪਦਾ ਹੈ। ਗੁਰੂ ਨਾਨਕ ਦੇਵ ਜੀ ਹਰ ਮਹੀਨੇ ਦੇ ਬਦਲਦੇ ਕੁਦਰਤੀ ਦ੍ਰਿਸ਼ਾਂ ਦੀ ਵਿਆਖਿਆ ਕਰਦੇ ਹਨ ਅਤੇ ਸਾਧਕ ਰੂਪੀ ਇਸਤਰੀ ਦੀ ਪਰਮਾਤਮਾ ਪ੍ਰਾਪਤੀ ਲਈ ਤੀਬਰ ਇੱਛਾ ਨੂੰ ਪ੍ਰਗਟਾਉਂਦੇ ਹਨ। ਗੁਰੂ ਅਰਜਨ ਦੇਵ ਦੀ ਬਾਣੀ ਦੇ ਹਰ ਸ਼ਬਦ ਵਿਚ ਸ਼ਰਧਾਲੂ ਦੀ ਮਨੋਬਿਰਤੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦਸਦੇ ਹਨ: ਚੇਤ ਬਸੰਤ ਭਲਾ ਭਵਰ ਸੁਹਾਵੜੇ॥ ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ (ਗੁ.ਗ੍ਰੰ.1108)। ਗੁਰੂ ਅਰਜਨ ਦੇਵ ਜੀ ਚੇਤ ਮਹੀਨੇ ਬਾਰੇ ਕਹਿੰਦੇ ਹਨ। ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥(ਗੁ.ਗ੍ਰੰ. 133)। ਦੋਵੇਂ ਗੁਰੂ ਸਾਹਿਬਾਨ ਬਾਰਾਮਾਹ ਦੇ ਅੰਤ ਵਿਚ ਵਿਚਾਰ ਦਿੰਦੇ ਹਨ ਕਿ ਹਰ ਪਲ , ਦਿਨ ਅਤੇ ਮਹੀਨਾ ਜਿਹੜਾ ਪਰਮਾਤਮਾ ਦੇ ਸਿਮਰਨ ਵਿਚ ਗੁਜ਼ਾਰਿਆ ਜਾਂਦਾ ਹੈ ਨਿਰਸੰਦੇਹ ਖੁਸ਼ੀ, ਅਨੰਦ ਅਤੇ ਖੇੜਾ ਪ੍ਰਦਾਨ ਕਰਦਾ ਹੈ। ਨਾਮ ਤੋਂ ਬਿਨਾਂ ਪਰਮਾਤਮਾ ਦੀ ਹੋਰ ਕੋਈ ਪੂਜਾ ਨਹੀਂ ਹੈ ਅਤੇ ਨਾ ਹੀ ਇਹ ਸਹਾਇਕ ਸਿੱਧ ਹੋਵੇਗੀ।

      ਪਰੰਤੂ ਸਮੇਂ ਦੇ ਨਾਲ ਨਾਲ ਸੰਗਰਾਂਦ (ਸੰਕ੍ਰਾਂਤੀ) ਮਨਾਉਣ ਦੀ ਰੀਤ ਸਿੱਖ ਧਾਰਮਿਕ ਜੀਵਨ ਦਾ ਅੰਗ ਬਣ ਗਈ ਜਿਸ ਰਾਹੀਂ ਇਹਨਾਂ ਵਿਚੋਂ ਇਕ ਬਾਰਾਮਾਹ ਦਾ ਪਾਠ ਕੀਤਾ ਜਾਣ ਲੱਗਾ। ਗੁਰਦੁਆਰਿਆਂ ਵਿਚ ਨਿੱਤਨੇਮ ਤੋਂ ਇਲਾਵਾ ਗੁਰੂ ਅਰਜਨ ਦੇਵ ਦੇ ਬਾਰਾਮਾਹ ਦਾ ਪਾਠ ਕੀਤਾ ਜਾਂਦਾ ਹੈ। ਭਾਰੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ ਅਤੇ ਵਿਸ਼ੇਸ਼ ਕਰਕੇ ਕੜਾਹ ਪ੍ਰਸ਼ਾਦ ਦੀ ਭੇਟਾ ਲਿਆਉਂਦੇ ਹਨ। ਗੁਰਦੁਆਰਿਆਂ ਵਿਚ ਜਿਹੜੇ ਵਿਅਕਤੀ ਨਹੀਂ ਪਹੁੰਚ ਸਕਦੇ ਉਹ ਆਪਣੇ ਤੌਰ ਤੇ ਇਸ ਦਾ ਪਾਠ ਕਰ ਸਕਦੇ ਹਨ। ਘਰ ਵਿਚ ਜਿੱਥੇ ਨੇਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਥੇ ਇਸ ਦਿਨ ਨੂੰ ਮਨਾਉਣ ਲਈ ਵਿਸ਼ੇਸ਼ ਤੌਰ ਤੇ ਨਿੱਤਨੇਮ ਕੀਤਾ ਜਾਂਦਾ ਹੈ ਅਤੇ ਪਰਵਾਰ ਬਾਰਾਮਾਹ ਨੂੰ ਸੁਣਨ ਲਈ ਇਕੱਤਰ ਹੁੰਦੇ ਹਨ।


ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਗਰਾਂਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਗਰਾਂਦ: ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸੰਕ੍ਰਾਤਿ’ ਤੋਂ ਬਣਿਆ ਹੈ। ਇਹ ਉਹ ਦਿਨ ਹੈ ਜਿਸ ਵਿਚ ਸੂਰਜ ਨਵੀਂ ਰਾਸ਼ੀ ਵਿਚ ਦਾਖ਼ਲ ਹੁੰਦਾ ਹੈ। ਇਹ ਸੂਰਜ ਮਹੀਨੇ ਦਾ ਪਹਿਲਾ ਦਿਨ ਹੈ। ਇਹ ਪਵਿੱਤਰ ਦਿਹਾੜਾ ਦੇਸੀ ਮਹੀਨੇ (ਬਿਕਰਮੀ ਸੰਮਤ) ਦਾ ਪਹਿਲਾ ਦਿਨ ਹੁੰਦਾ ਹੈ। ਸਿੱਖਾਂ ਵਿਚ ਸੰਗਰਾਂਦ ਦਾ ਧਾਰਮਿਕ ਮਹੱਤਵ ਹੈ। ਇਸ ਦਿਨ ਸਿੱਖ ਘਰਾਣੇ ਦੇ ਲੋਕ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਦੇ ‘ਬਾਰਾਂਮਾਹ’ ਦਾ ਪਾਠ ਕਰਦੇ ਹਨ ਅਤੇ ਕਿਸੇ ਪਵਿੱਤਰ ਸਰੋਵਰ ਵਿਚ, ਖਾਸ ਕਰਕੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨਾ ਬਹੁਤ ਚੰਗਾ ਸਮਝਿਆ ਜਾਂਦਾ ਹੈ। ਹਿੰਦੂਆਂ ਵਿਚ ਵੀ ਇਸ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਕਿਸੇ ਪਾਵਨ ਦਰਿਆ ਜਾਂ ਸਰੋਵਰ ਵਿਚ ਇਸ਼ਨਾਨ ਕਰਨ ਦਾ ਬੜਾ ਮਹਾਤਮ ਹੈ। ਆਮ ਵਿਸ਼ਵਾਸ ਹੈ ਕਿ ਇਸ ਦਿਨ ਜਪ, ਤਪ, ਪਾਠ, ਪੂਜਾ, ਵਰਤ, ਦਾਨ ਦਾ ਫਲ ਕਈ ਗੁਣਾਂ ਮਿਲਦਾ ਹੈ। ਲੋਕਾਂ ਦਾ ਯਕੀਨ ਹੈ ਕਿ ਇਸ ਦਿਨ ਨਵੇਂ ਮਹੀਨੇ ਦਾ ਨਾਂ ਕਿਸੇ ਭਲੇ ਪੁਰਸ਼ ਦੀ ਜ਼ਬਾਨੀ ਸੁਣਿਆ ਜਾਵੇ ਕਿਉਂਕਿ ਇਹ ਸਮਿਝਆ ਜਾਂਦਾ ਹੈ ਕਿ ਨਾਂ ਲੈਣ ਵਾਲੇ ਦੀ ਸ਼ਖਸੀਅਤ ਮੁਤਾਬਿਕ ਹੀ ਸਾਰਾ ਮਹੀਨਾ ਗੁਜ਼ਰਨਾ ਹੈ। ਜੇਕਰ ਕੋਈ ਨਵਾਂ ਕੰਮ ਆਰੰਭ ਕਰਨਾ ਹੋਵੇ ਤਾਂ ਸੰਗਰਾਂਦ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ ਸਨਾਤਨੀ ਵਿਚਾਰਾਂ ਦੇ ਲੋਕ ਸੰਗਰਾਂਦ ਵਾਲੇ ਦਿਨ ਕਿਸੇ ਨੂੰ ਘਰੋਂ ਰੁਪਿਆ ਦੇਣਾ ਚੰਗਾ ਨਹੀਂ ਸਮਝਦੇ। ਆਮ ਕਰ ਕੇ ਮੰਨਿਆ ਜਾਂਦਾ ਹੈ ਕਿ ਜੇਕਰ ਇਸ ਦਿਨ ਕਿਸੇ ਨੂੰ ਪੈਸੇ ਦਿੱਤੇ ਜਾਣ ਤਾਂ ਸਾਰਾ ਮਹੀਨਾ ਪੈਸੇ ਖਰਚ ਹੁੰਦੇ ਰਹਿਣਗੇ ਪਰ ਜੇ ਇਸ ਦਿਨ ਪੈਸੇ ਮਿਲਣ ਤਾਂ ਸਮਝਿਆ ਜਾਂਦਾ ਹੈ ਕਿ ਸਾਰਾ ਮਹੀਨਾ ਪੈਸੇ ਮਿਲਦੇ ਰਹਿਣਗੇ। ਸੰਗਰਾਂਦ ਵਾਲੇ ਦਿਨ ਕਈ ਸਿੱਖ ਲੋਕ ਗੁਰਦੁਆਰੇ ਪ੍ਰਸ਼ਾਦਾ ਭੇਜਦੇ ਹਨ। ਖੱਤਰੀ ਅਤੇ ਅਰੋੜੇ ਇਸ ਦਿਨ ਆਪਣੀ ਧੀ ਭੈਣ ਨੂੰ ਰੋਟੀ ਲਈ ਨਿਉਂਦਾ ਦਿੰਦੇ ਹਨ। ਹੁਣ ਇਹ ਰਿਵਾਜ ਘੱਟ ਰਹੇ ਹਨ। ਸੰਗਰਾਂਦ ਦਾ ਮਹਾਤਮ ਪੁਰਾਤਨ ਸਮੇਂ ਤੋ ਹੀ ਚਲਿਆ ਆ ਰਿਹਾ ਹੈ। ਸੰਕਰਾਂਤੀ ਦੀ ਪਵਿੱਤਰ ਘੜੀ ਕਿੰਨਾ ਕੁ ਚਿਰ ਰਹਿੰਦੀ ਹੈ, ਇਸ ਬਾਰੇ ਵੀ ਵੱਖੋ ਵੱਖਰੇ ਵਿਚਾਰ ਹਨ ਪਰ ਆਧਾਰ ਇਹ ਰਖਿਆ ਗਿਆ ਹੈ ਕਿ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ ਕਰਨ ਦੀ ਘੜੀ ਦੇ ਨੇੜੇ ਦਾ ਸਮੇਂ ਹੀ ਜ਼ਿਆਦਾ ਪਵਿੱਤਰ ਮੰਨਿਆ ਗਿਆ ਹੈ। ਸਨਾਤਨੀ ਵਿਚਾਰਾਂ ਦੇ ਹਿੰਦੂ ਇਸ ਦਿਨ ਨੂੰ ਸ਼ੁਭ ਸਮਝ ਕੇ ਵਰਤ ਰਖਦੇ ਹਨ। ਹਿੰਦੂ ਧਾਰਨਾ ਅਨੁਸਾਰ ਇਹ 12 ਵਰਤ ਕ੍ਰਮਵਾਰ ਨਿਰ-ਵਿਘਨ ਸਮਾਪਤ ਕਰਨ ਨਾਲ ਸੰਸਾਰ ਦੇ ਸਾਰੇ ਸੁੱਖ ਮਿਲਦੇ ਹਨ। ਇਨ੍ਹਾਂ ਵਰਤਾਂ ਦੇ ਨਾਂ ਇਹ ਹਨ – ਲਵਣ ਸੰਕਰਾਂਤੀ ਵਰਤ, ਧਾਨਿ ਸੰਕਰਾਂਤੀ ਵਰਤ, ਸੁਹਾਗ ਸੰਕਰਾਂਤੀ ਵਰਤ, ਉਬੋਲ ਸੰਕਰਾਂਤੀ ਵਰਤ, ਕਾਮਨਾ ਸੰਕਰਾਂਤੀ ਵਰਤ, ਆਯੂ ਸੰਕਰਾਂਤੀ ਵਰਤ, ਧਨ ਸੰਕਰਾਂਤੀ ਵਰਤ, ਭੋਗ ਸੰਕਰਾਂਤੀ ਵਰਤ, ਰੂਪ ਸੰਕਰਾਂਤੀ ਵਰਤ, ਤੇਜ ਸੰਕਰਾਂਤੀ ਵਰਤ, ਅਸ਼ੋਕ ਸੰਕਰਾਂਤੀ ਵਰਤ ਅਤੇ ਖੀਰ ਸੰਕਰਾਂਤੀ ਵਰਤ। ਹ. ਪੁ. – ਮ. ਕੋ. ਪੰ. ਲੋ. ਵਿ. ਕੋ. 2:437


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.