ਸੱਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਦ : ਸੱਦ ਪੰਜਾਬੀ ਲੋਕ-ਕਾਵਿ ਦਾ ਵਿਸ਼ੇਸ਼ ਰੂਪ ਹੈ । ਇਸਦੀ ਨਵੇਕਲੀ ਧਾਰਨਾ ਅਥਵਾ ਗਾਇਨ ਸ਼ੈਲੀ ਹੈ । ਇਸ ਗੀਤ ਦਾ ਗਾਇਨ ਲੰਮੀ ਹੇਕ ਨਾਲ ਕੀਤਾ ਜਾਂਦਾ ਹੈ । ਸਪਸ਼ਟ ਹੈ ਸੱਦ ਦਾ ਗਾਇਨ ਸ਼ੈਲੀਆਂ ਅਥਵਾ ਲੋਕ ਸੰਗੀਤ ਨਾਲ ਗੂੜ੍ਹਾ ਸੰਬੰਧ ਹੈ ।

        ਸੱਦ ਦੇ ਕੋਸ਼ਗਤ ਅਰਥ ਪੁਕਾਰ , ਹਾਕ , ਬੁਲਾਵਾ ਅਥਵਾ ਅਵਾਜ਼ ਹਨ । ਉੱਚੀ ਅਵਾਜ਼ ਨਾਲ ਪਿਆਰੇ ਨੂੰ ਪੁਕਾਰਨਾ ਸੱਦ ਹੈ । ਮੁੱਢ ਵਿੱਚ ਸੱਦ ਦੀ ਵਰਤੋਂ ਉਹਨਾਂ ਗੀਤਾਂ ਲਈ ਕੀਤੀ ਜਾਂਦੀ ਸੀ ਜਿਨ੍ਹਾਂ ਵਿੱਚ ਪ੍ਰੀਤਮ ਪ੍ਰੇਮਿਕਾ ਨੂੰ ਸੰਬੋਧਨ ਕਰ ਕੇ ਮਨ ਦੇ ਭਾਵ ਪ੍ਰਗਟ ਕਰਦਾ ਸੀ । ਮਗਰੋਂ ਇਹ ਕਾਵਿ-ਰੂਪ ਕਿਸੇ ਵਿਛੜੇ ਪਿਆਰੇ ਦੇ ਵਿਰਾਗ ਵਿੱਚ ਪ੍ਰਗਟ ਭਾਵਾਂ ਲਈ ਰੂੜ੍ਹ ਹੋ ਗਿਆ । ਇਸ ਆਧਾਰ ਤੇ ਹੀ ਕੁਝ ਲੋਕ ਸੱਦ ਨੂੰ ਸੋਗ ਗੀਤ ਦਾ ਨਾਂ ਦਿੰਦੇ ਹਨ ਜਿਸ ਵਿੱਚ ਵਿਛੜੇ ਪਿਆਰੇ ਨੂੰ ਸੰਬੋਧਨ ਕੀਤਾ ਹੁੰਦਾ ਹੈ । ਇੱਕਮਤ ਅਨੁਸਾਰ ਸੱਦ ਵੀ ਮਰਸੀਏ ਵਾਂਗ ਕਿਸੇ ਦੀ ਮੌਤ ਪਿੱਛੋਂ ਲਿਖਿਆ ਜਾਂਦਾ ਹੈ ਪਰ ਇਸ ਤਰ੍ਹਾਂ ਦੀ ਕੋਈ ਸ਼ਰਤ ਸੱਦ `ਤੇ ਲਾਗੂ ਨਹੀਂ ਹੁੰਦੀ । ਹਾਂ , ਇਸ ਵਿੱਚੋਂ ਵਿਛੋੜੇ ਅਤੇ ਉਦਾਸੀ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ ।

        ਕੁਝ ਵਿਦਵਾਨ ਸੱਦ ਨੂੰ ਛੰਦ ਵਜੋਂ ਲੈਂਦੇ ਹਨ ਪਰ ਸੱਦ ਛੰਦ ਜਾਂ ਉਸ ਦੀ ਜਾਤਿ ਨਹੀਂ । ਅਸਲ ਵਿੱਚ ਸੱਦ ਲਈ ਕੋਈ ਖ਼ਾਸ ਛੰਦ ਨਿਸ਼ਚਿਤ ਨਹੀਂ । ਲੋਕ-ਗੀਤਾਂ ਵਿੱਚ ਸੱਦ ਵੱਖ-ਵੱਖ ਛੰਦਾਂ ਵਿੱਚ ਰਚੀ ਮਿਲਦੀ ਹੈ । ਮਿਰਜ਼ੇ ਦੀ ਸੱਦ ‘ ਦੋਹਿਰੇ` ਵਿੱਚ ਹੈ ਜਦ ਕਿ ਸੁੰਦਰ ਦੀ ਸੱਦ ‘ ਹੁਲਾਸ` ਛੰਦ ਵਿੱਚ ਹੈ ।

        ਧਨੀ ਰਾਮ ਚਾਤ੍ਰਿਕ ਆਪਣੀ ਲੋਕ-ਪ੍ਰਿਆ ਕਵਿਤਾ ‘ ਮੇਲੇ ਵਿੱਚ ਜੱਟ` ਵਿੱਚ ਲਿਖਦਾ ਹੈ , ਚੰਗੀ ਜੇਹੀ ਸੱਦ ਲਾ ਦੇ ਬੱਲੇ ਬੇਲੀਆ... । ਇਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੱਦ ਪੇਂਡੂ ਲੋਕਾਂ ਦਾ ਪ੍ਰਿਆ ਗੀਤ ਸੀ ਜਿਸਨੂੰ ਉਹ ਮੇਲਿਆਂ ਮੁਸਾਹਬਿਆਂ ਵਿੱਚ ਲੰਮੀ ਹੇਕ ਨਾਲ ਗਾਇਆ ਕਰਦੇ ਸਨ । ਇਸ ਨੂੰ ਗਾਉਣ ਵਾਲਾ ਖੱਬਾ ਹੱਥ ਕੰਨ ਉਪਰ ਰੱਖ ਕੇ ਅਤੇ ਸੱਜੀ ਬਾਂਹ ਫੈਲਾ ਕੇ ਲੰਮੀ ਹੇਕ ਕੱਢਦਾ ਹੈ । ਕਾਵਿ-ਰੂਪ ਦੀ ਦ੍ਰਿਸ਼ਟੀ ਤੋਂ ਸੱਦ ਵਿੱਚ ਅਲਾਹੁਣੀ ਵਾਲੀ ਭਾਵਨਾ ਉਪਲਬਧ ਹੈ । ਦੋਹਾਂ ਵਿੱਚ ਵਿਅਕਤੀ ਦੀ ਮੌਤ ਮਗਰੋਂ ਉਸ ਦੇ ਗੁਣਾਂ ਦਾ ਜਸ ਅਤੇ ਸੰਸਾਰ ਦੀ ਅਸਥਿਰਤਾ ਦਾ ਉਲੇਖ ਹੁੰਦਾ ਹੈ । ਦੋਹਾਂ ਵਿੱਚ ਸੋਗੀ ਵਾਤਾਵਰਨ ਨੂੰ ਕਰੁਣਾ ਭਰੇ ਸ਼ਬਦਾਂ ਵਿੱਚ ਸਿਰਜਿਆ ਜਾਂਦਾ ਹੈ । ਪਰ ਦੋਹਾਂ ਵਿੱਚ ਵੱਖਰਤਾ ਇਹ ਹੈ ਕਿ ਇੱਕ ਤਾਂ ਸੱਦ ਲੰਮੀ ਹੇਕ ਵਿੱਚ ਗਾਈ ਜਾਂਦੀ ਹੈ , ਦੂਸਰਾ ਸੱਦ ਅਲਾਹੁਣੀ ਨਾਲੋਂ ਵਧੇਰੇ ਸੂਖਮ ਹੈ ।

        ਮੱਧਕਾਲ ਵਿੱਚ ਪੀਲੂ ਦਾ ਲਿਖਿਆ ਕਿੱਸਾ ਮਿਰਜ਼ਾ ਸਾਹਿਬਾ   ਸੱਦ ਦੀ ਧਾਰਨਾ ਤੇ ਕੀਤੀ ਰਚਨਾ ਦੀ ਉੱਤਮ ਮਿਸਾਲ ਹੈ । ਪੰਜਾਬੀ ਵਿੱਚ ਮਿਰਜ਼ੇ ਦੀਆਂ ਸੱਦਾਂ ਏਨੀਆਂ ਹਰਮਨ ਪਿਆਰੀਆਂ ਹੋਈਆਂ ਕਿ ਇਸ ਰਚਨਾ ਨੂੰ ਲੋਕ- ਕਾਵਿ ਹੀ ਸਮਝਿਆ ਜਾਣ ਲੱਗ ਪਿਆ । ਕਿੱਸੇ ਦੀਆਂ ਬਹੁਤ ਸਾਰੀਆਂ ਸਤਰਾਂ ਅਜਿਹੀਆਂ ਦਰਦਨਾਕ ਅਤੇ ਧੂਹ ਪਾਊ ਹਨ ਕਿ ਪੇਂਡੂ ਮੇਲੇ ਇਹਨਾਂ ਬਿਨਾਂ ਅਧੂਰੇ ਸਮਝੇ ਜਾਂਦੇ ਹਨ । ਜਿਵੇਂ :

ਮੰਦਾ ਕੀਤਾ ਸੁਣ ਸਾਹਿਬਾਂ ,

ਮੇਰਾ ਤਰਕਸ਼ ਟੰਗਿਆ ਜੰਡ

ਤਿੰਨ ਸੌ ਕਾਨੀ ਮਿਰਜ਼ੇ ਜੱਟ ਦੀ ,

ਨੀਂ ਮੈਂ ਦੇਂਦਾ ਸਿਆਲੀਂ ਵੰਡ

ਪਹਿਲੋਂ ਮਾਰਦਾ ਵੀਰ ਸ਼ਮੀਰ ਦੇ ,

ਦੂਜੀ ਕੁੱਲੇ ਦੇ ਤੰਗ

ਤੀਜਾ ਮਾਰਾਂ ਉਸ ਨੂੰ ਸਾਹਿਬਾਂ ,

                      ਜੀਹਦੀ ਸੈਂ ਤੂੰ ਮੰਗ

        ਮਿਰਜ਼ੇ ਤੋਂ ਪੂਰਵ ਸੱਸੀ ਪੁੰਨੂੰ ਦੀਆਂ ਸੱਦਾਂ ਲੋਕ-ਕਾਵਿ ਵਿੱਚ ਆਮ ਪ੍ਰਚਲਿਤ ਸਨ । ਉਦਾਹਰਨ ਵਜੋਂ :

                      ਸੱਸੀ ਪੁੰਨੂੰ ਦੋ ਜਾਣੇ ,

                      ਕੋਈ ਮੁਖ ਪਰ ਜ਼ਰਦ ਰੁਮਾਲ ਵੇ ,

                      ਹਾਏ ਵੇ ਪੁੰਨੂੰ ਜ਼ਾਲਮਾ ,

                      ਦਿਲਾਂ ਦਿਆ ਮਹਿਰਮਾ

                      ਸੁੱਤੀ ਨੂੰ ਛੋੜ ਕੇ ਨਾ ਜਾਣਾ ਵੇ ।

        ਬਾਬਾ ਸੁੰਦਰ ਜੀ ਦੁਆਰਾ ਰਚਿਤ ‘ ਸਦੁ` ਸਿਰਲੇਖ ਹੇਠ ਇੱਕ ਬਾਣੀ ਆਦਿ ਗ੍ਰੰਥ   ਵਿੱਚ ਦਰਜ ਹੈ । ਰਾਮਕਲੀ ਰਾਗ ਵਿੱਚ ਰਚੀ ਇਹ ਬਾਣੀ ਗੁਰੂ ਅਮਰ ਦਾਸ ਦੇ ਜੋਤੀ ਜੋਤ ਸਮਾਉਣ ਉਪਰੰਤ ਲਿਖੀ ਗਈ । ਇਸ ਰਾਹੀਂ ਚੜ੍ਹਾਈ ਕਰਨ ਵਾਲੇ ਪੁਰਸ਼ ਨੂੰ ਜੇਤੂ ਦੱਸ ਕੇ ਸਿੱਖ ਸੰਗਤਾਂ ਨੂੰ ਭਾਣਾ ਮੰਨਣ ਦੀ ਸਿੱਖਿਆ ਦਿੱਤੀ ਹੈ । ਇਹ ਸੱਦ ਸਿੱਖਾਂ ਵਿੱਚ ਪ੍ਰਾਣੀ ਦੇ ਭੋਗ ਸਮੇਂ ਪੜ੍ਹੀ ਜਾਂਦੀ ਹੈ । ਇਸ ਵਿੱਚ ਮੌਤ ਸੰਬੰਧੀ ਪ੍ਰਚਲਿਤ ਗ਼ਲਤ ਰਹੁ-ਰੀਤਾਂ ਦਾ ਖੰਡਨ ਕਰ ਕੇ ਸਤਿਸੰਗ ਅਤੇ ਕੀਰਤਨ ਦੀ ਮਹਿਮਾ ਕੀਤੀ ਗਈ ਹੈ :

ਸਤਿਗੁਰੂ ਭਾਣੇ ਆਪਣੈ ਸਹਿ ਪਰਵਾਰੁ ਸਦਾਇਆ ॥

ਮਤ ਮੈ ਪਿਛੈ ਰੋਵਸੀ ਸੋ ਮੈ ਮੂਲ ਨ ਭਾਇਆ ॥

ਮਿਤੁ ਪੈਝੇ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥

ਤੁਸੀ ਵੀਚਾਰ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ।

ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪ ਵਿਕਾਇਆ ।

                      ਸਭਿ ਸਿਖ ਬੰਧਨ ਪੁਤ ਭਾਈ ਰਾਮਦਾਸ ਪੈਰੀ ਪਾਇਆ ।

        ਇਸੇ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਦਸਮ ਗ੍ਰੰਥ ਵਿੱਚ ‘ ਵਿਖਮਪਦ` ਸੱਦ ਦਾ ਜ਼ਿਕਰ ਕੀਤਾ ਹੈ । ( ਬਿਸਰਾਮ ) ਇਸਦੇ ਤਿੰਨ ਚਰਣ ਅਤੇ ਪ੍ਰਤਿ ਚਰਣ 29 ਮਾਤਰਾਂ ਅਤੇ 17 + 12 ਤੇ ਬਿਸਰਾਮ ਹੈ :

ਸੁਣ ਕੈ ਸੱਦ ਮਾਹੀ ਦਾ ਮੇਹੀ , ਪਾਣੀ ਘਾਹ ਮੁਤੋਨੇ ।

ਕਿਸ ਹੀ ਨਾਲ ਨਾ ਰਲੀਆ ਕਾਈ , ਕਾਰੀ ਸ਼ੌਕ ਪਯੋਨੇ ।

                      ਗਯਾ ਫਿਰਾਕ ਮਿਲਾ ਮਿੱਤ ਮਾਹੀ , ਤਾਹੀਂ ਸ਼ੁਕਰ ਕਿਤੋਨੇ ।

                  ਇਸ ਪ੍ਰਕਾਰ ਨਵੇਕਲੀ ਧਾਰਨਾ ਅਥਵਾ ਗਾਇਨ ਸ਼ੈਲੀ ਸੱਦ ਹਮੇਸ਼ਾ ਲੋਕ-ਕਾਵਿ ਅਤੇ ਵਿਸ਼ਿਸ਼ਟ ਕਾਵਿ ਵਿੱਚ ਬਰਕਰਾਰ ਰਹੀ । ਲੋਕ ਕਵੀਆਂ ਅਤੇ ਢਾਡੀਆਂ ਨੇ ਇਸ ਕਾਵਿ-ਰੂਪ ਨੂੰ ਲੋਕਾਂ ਨਾਲ ਜੋੜੀ ਰਖਿਆ ਹੈ ।


ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਦ ( ਨਾਂ , ਇ ) ਬੁਲਾਵਾ ਜਾਂ ਵਾਜ ਦੇਣ ਦੀ ਵਿਧਾ ਅਤੇ ਨਿਵੇਕਲੀ ਸ਼ੈਲੀ ਨਾਲ ਸੰਬੰਧਿਤ ਇੱਕ ਲੋਕ-ਕਾਵਿ; ਮਿਰਤਕ ਦੇ ਭੋਗ ਸਮੇਂ ਪੜ੍ਹਿਆ ਜਾਣ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਦ [ ਨਾਂਇ ] ਅਵਾਜ਼ , ਹੇਕ , ਕੂਕ , ਬੋਲ; ਇੱਕ ਛੰਦ , ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਜੋ ਮਿਰਤਕ ਦੇ ਭੋਗ ਸਮੇਂ ਪੜ੍ਹਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਦ . ਦੇਖੋ , ਸਦ ਅਤੇ ਸਦੁ । ੨ ਸ਼ਬਦ. ਧੁਨਿ. “ ਭਯੋ ਸੱਦ ਏਵੰ , ਹੜ੍ਯੋ ਨੀਰਧੇਵੰ.” ( ਵਿਚਿਤ੍ਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਦ : ‘ ਸੱਦ’ ਦੇ ਕੋਸ਼ੀ ਅਰਥ ਹਨ ਪੁਕਾਰ , ਹਾਕ , ਆਵਾਜ਼ । ਉੱਚੀ ਆਵਾਜ਼ ਨਾਲ ਕਿਸੇ ( ਪ੍ਰਿਯ ) ਨੂੰ ਪੁਕਾਰਨਾ ‘ ਸੱਦ’ ਹੈ । ਇਹ ਇਕ ਪੁਰਾਤਨ ਪੰਜਾਬੀ ਕਾਵਿ– ਰੂਪ ਵੀ ਹੈ । ਇਸ ਵਿਚ ਪੇਂਡੂ ਲੋਕ ਲੰਮੀ ਹੇਕ ਲਾ ਕੇ ਪਿਆਰੇ ਨੂੰ ਸੰਬੋਧਨ ਕਰਦੇ ਹਨ , ਜਿਵੇਂ ‘ ਮਿਰਜ਼ਿਆ ਜੱਟਾ ਹੋ’ । ਵਾਸਤਵ ਵਿਚ ਇਹ ਸੋਗ ਭਰਿਆ ਗੀਤ ਹੈ ਜਿਸ ਵਿਚ ਵਿਛੜੇ ਪਿਆਰੇ ਨੂੰ ਸੰਬੋਧਨ ਕੀਤਾ ਹੁੰਦਾ ਹੈ ।

                  ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ‘ ਸੱਦ’ ਵੀ ਮਰਸੀਏ ਵਾਂਗ ਕਿਸੇ ਦੀ ਮੌਤ ਤੋਂ ਪਿੱਛੇ ਲਿਖਿਆ ਜਾਂਦਾ ਹੈ । ਵਾਸਤਵ ਵਿਚ ਅਜਿਹੀ ਕੋਈ ਸ਼ਰਤ ਇਸ ਤੇ ਲਾਗੂ ਨਹੀਂ । ਹਾਂ , ਇਸ ਰਾਹੀਂ ਥੋੜਾ ਜਿਹਾ ਵਿਛੋੜੇ ਤੇ ਉਦਾਸੀ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ ।

                  ‘ ਗੁਰੂ ਗ੍ਰੰਥ ਸਾਹਿਬ’ ਵਿਚ ਰਾਮਕਲੀ ਰਾਗ ਅੰਦਰ ‘ ਸੱਦ’ ਨਾਂ ਹੇਠ ਬਾਬਾ ਸੁੰਦਰ ਰਚਿਤ ਬਾਣੀ ਦਰਜ ਹੈ । ਇਹ ਰਚਨਾ ਗੁਰੂ ਅਰਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਦੇ ਅਵਸਰ ਤੇ ਲਿਖੀ ਗਈ ਸੀ । ਇਸ ਵਿਚ ਸੋਗੀ ਵਾਤਾਵਰਣ ਨੂੰ ਦੂਰ ਕਰਣ ਲਈ ਗੁਰੂ ਜੀ ਦੀ ਸਿਖਿਆ ਦਰਜ ਹੈ , ਜਿਵੇਂ :

                                    ਸਤਿਗੁਰ ਭਾਣੇ ਆਪਣੈ ਬਹਿ ਪਰਵਾਰ ਸਦਾਇਆ ।

                                    ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲ ਨ ਭਾਇਆ ।

                  ਸੱਦ ਦਾ ਕੋਈ ਖ਼ਾਸ ਛੰਦ ਨਿਯਤ ਨਹੀਂ । ਗੁਰੂ ਗ੍ਰੰਥ ਸਾਹਿਬ ਵਿਚ ‘ ਸੁੰਦਰ’ ਜੀ ਰਚਿਤ ‘ ਸੱਦ’ ਨੂੰ ਭਾਈ ਕਾਨ੍ਹ ਸਿੰਘ ਨੇ ‘ ਹੁਲਾਸ’ ਛੰਦ ਦਾ ਇਕ ਭੇਦ ਦੱਸਿਆ ਹੈ । ਇਸ ਵਿਚ ਛੇ ਚਰਣ ਹਨ । ਪਹਿਲੇ ਚਰਣ ਦੀਆਂ 23 ਮਾਤ੍ਰਾਂ , ਦੂਜੇ ਦੀਆਂ 25 ਤੇ ਬਾਕੀ ਹਰ ਇਕ ਦੀਆਂ 28 ਮਾਤ੍ਰਾਂ ਹਨ; ਇਸੇ ਤਰ੍ਹਾਂ ‘ ਦਸਮ ਗ੍ਰੰਥ’ ਵਿਚ ਵਿਖਮਪਦ ‘ ਸੱਦ’ ਹੈ । ਇਸ ਦੇ ਤਿੰਨ ਚਰਣ ਹਨ ਤੇ 29 ਮਾਤ੍ਰਾਂ । ਪਹਿਲਾ ਵਿਸਰਾਮ 17 ਪਰ ਹੈ ।

                                    ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ ,

                                    ਕਿਸਹੀ ਨਾਲ ਨ ਰਲੀਆ ਕਾਈ , ਕਾਰੀ ਸੋਕ ਪਯੋਨੇ ।

                                    ਗਿਆ ਫਰਾਕ ਮਿਲਿਆ ਮਿਤਮਾਹੀ , ਤਾਹੀ ਕੁਕਰ ਕਿਤੋਨੇ ।

                  ਲੋਕ– ਕਾਵਿ ਵਿਚ ਪੀਲੂ ਰਚਿਤ ‘ ਸੱਦ’ ਪ੍ਰਸਿੱਧ ਹੈ । ਇਸ ਵਿਚ ਕਵੀ ਨੇ ਮਿਰਜਾ ਸਾਹਿਬਾਂ ਦੀ ਪਿਆਰ ਕਥਾ ਬਿਆਨ ਕੀਤੀ ਹੈ । ਨਮੂਨਾ ਇਸ ਤਰ੍ਹਾਂ ਹੈ :

                                    ਮਾੜੀ ਤੇਰੀ ਟੀਕਰੀ ਮਿਰਜ਼ਿਆ! ਲਿਆਇਆ ਕਿਧਰੋਂ ਟੋਰ ।

                                    ਸੁਕਾ ਇਹਦਾ ਚੌਕਟਾ , ਕਾਵਾਂ ਖਾਧੇ ਕਮਰੋੜ ।

                                    ਜੇ ਘਰ ਨਾ ਆਹੀ ਤੇਰੇ ਬਾਪਦੇ , ਮੰਗ ਲਿਆਵੰਦੋਂ ਹੋਰ ।

                                    ਘੋੜੀ ਖੀਵੇ ਖਾਨ ਦੀ ਬੜੀ ਮਰਾਤਬ ਖੋਰ

                                    ਭਜਿਆਂ ਨੂੰ ਜਾਣ ਨਾ ਦੇਣਗੇ , ਉਧਲ ਗਈਆਂ ਦੇ ਚੋਰ

                                    ਵਿਚ ਉਜਾੜ ਦੇ ਮਾਰਦੇ , ਤੇਰੀ ਸੁਟਣ ਧੌਣ ਮਰੋੜ

                  [ ਸਹਾ. ਗ੍ਰੰਥ– – ਮ. ਕੋ.; ਗੁ. ਛੰ. ਦਿ.; ਸ. ਸ. ਅਮੋਲ : ‘ ਪੁਰਾਤਨ ਪੰਜਾਬੀ ਕਾਵਿ’ ]


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੱਦ : ਸੱਦ ਸ਼ਬਦ ਦਾ ਭਾਵ ਹਾਕ ਜਾਂ ਆਵਾਜ਼ ਹੈ । ਸਾਹਿਤ ਵਿਚ ਅਜਿਹੀ ਰਚਨਾ ਜਿਸ ਨੂੰ ਲੰਮੀ ਹੇਕ ਨਾਲ ਗਾਇਆ ਜਾਵੇ ਸੱਦ ਅਖਵਾਉਂਦੀ ਹੈ । ਸੱਦਾਂ ਗਾਉਣ ਦਾ ਰਿਵਾਜ ਪਿੰਡਾਂ ਵਿਚ ਬਹੁਤ ਜ਼ਿਆਦਾ ਰਿਹਾ ਹੈ । ਸੱਦ ਸ਼ਬਦ ਦਾ ਭਾਵ ਸੱਦਾ ਜਾਂ ਮਰਨ ਸਮੇਂ ਦਿੱਤਾ ਗਿਆ ਬੁਲਾਵਾ ਵੀ ਹੈ । ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਸੁੰਦਰ ਜੀ ਦੀ ਰਾਮਕਲੀ ਦੀ ਸੱਦ ਵਿਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦਾ ਵਰਣਨ ਹੈ । ਬਾਬਾ ਸੁੰਦਰ ਗੁਰੂ ਅਮਰਦਾਸ ਜੀ ਦਾ ਪੜਪੋਤਾ ਸੀ ਜੋ ਆਪ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਹਾਜ਼ਰ ਸੀ ।

                  ਭਾਈ ਕਾਨ੍ਹ ਸਿੰਘ ਅਨੁਸਾਰ ‘ ਸੱਦ’ ਵਿਚ ਛੰਦਾਂ ਦੇ ਕਈ ਰੂਪ ਹੋਇਆ ਕਰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਸੁੰਦਰ ਜੀ ਦੀ ਸੱਦ ਰਾਗ ਰਾਮਕਲੀ ਵਿਚ ਹੈ , ਜਿਸ ਦੇ ਛੇ ਚਰਣ ਹਨ ਅਤੇ ਇਹ ‘ ਹੁਲਾਸ’ ਛੰਦ ਦੀ ਜਾਤੀ ਦਾ ਇਕ ਭੇਦ ਹੈ । ਪਹਿਲੇ ਚਰਣ ਦੀਆਂ 23 ਮਾਤਰਾ , ਦੂਜੇ ਦੀਆਂ 25 , ਚਾਰ ਚਰਣਾਂ ਦੀਆਂ 28 , ਦੂਜੀ ਤੁੱਕ ਦਾ ਅੰਤਿਮ ਪਦ ਸਿੰਘਾਵਲੋਕਨ ਨਿਆਇ ਨਾਲ ਤੀਜੀ ਤੁੱਕ ਦੇ ਮੁੱਢ ਹੁੰਦਾ ਹੈ :

ਉਦਾਹਰਣ :           ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ।

                                    ਗੁਰੁ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ।

                                    ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮ ਧਿਆਵਹੇ ।

                                    ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ । .......

ਪੀਲੂ ਦੇ ਮਿਰਜ਼ਾ ਸਹਿਬਾਂ ਦੇ ਕਿੱਸੇ ਨੂੰ ਮਿਰਜ਼ਾ ਸਾਹਿਬਾਂ ਦੀ ਸੱਦ ਵੀ ਕਿਹਾ ਜਾਂਦਾ ਹੈ । ਇਹ ਕਈ ਵਾਰੀ ਇਕੱਠਾਂ ਵਿਚ ਲੰਮੀ ਹੇਕ ਲਾ ਕੇ ਪੜ੍ਹੀ ਜਾਂਦੀ ਹੈ ।

                  ਦਸਮ ਗ੍ਰੰਥ ਵਿਚ ਵਿਖਮਪਦ ‘ ਸਦ’ ਮਿਲਦਾ ਹੈ ਜਿਸ ਨੇ ਤਿੰਨ ਚਰਣ ਹਨ । ਭਾਈ ਕਾਨ੍ਹ ਸਿੰਘ ਅਨੁਸਾਰ ਪ੍ਰਤਿਚਰਣ 29 ਮਾਤਰਾ , ਪਹਿਲਾ ਵਿਸ਼ਰਾਮ 17 ਉਤੇ , ਦੂਜਾ 12 ਉਤੇ , ਅਤ ਯਗਣ : 155

ਉਦਾਹਰਣ :         ਸੁਣ ਕੈ ਸੱਦ ਮਾਹੀ ਦਾ ਮੇਹੀ , ਪਾਣੀ ਘਾਹ ਮੁਤੋਨੇ ।

                                    ਕਿਸ ਹੀ ਨਾਲ ਨ ਰਲੀਆ ਕਾਈ , ਕਾਰੀ ਸ਼ੌਕ ਪਯੋਨੇ ।

                                    ਗਯਾ ਫਿਰਾਕ ਮਿਲਾ ਮਿੱਤ ਮਾਹੀ , ਤਾਹੀ ਸ਼ੁਕਰ ਕਿਤੋਨੇ ।


ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.