ਹਰੀ ਸਿੰਘ ਭੰਗੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹਰੀ ਸਿੰਘ ਭੰਗੀ: ਭੰਗੀ ਮਿਸਲ ਦਾ ਮੋਢੀ। ਵੇਖੋ ‘ਭੰਗੀਆਂ ਦੀ ਮਿਸਲ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਹਰੀ ਸਿੰਘ ਭੰਗੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰੀ ਸਿੰਘ ਭੰਗੀ (ਅ.ਚ. 1765): ਭੂਮਾ ਸਿੰਘ ਦਾ ਭਤੀਜਾ ਅਤੇ ਮੁਤਬੰਨਾ ਪੁੱਤਰ ਸੀ ਜੋ ਭੰਗੀ ਮਿਸਲ ਦਾ ਬਾਨੀ ਸੀ। ਹਰੀ ਸਿੰਘ ਨੇ ਬਾਬਾ ਦੀਪ ਸਿੰਘ ਸ਼ਹੀਦ ਤੋਂ ਅੰਮ੍ਰਿਤ ਛਕਿਆ ਸੀ। 1748 ਵਿਚ, ਦਲ ਖ਼ਾਲਸਾ ਦੇ ਸੰਗਠਨ ਵੇਲੇ ਹਰੀ ਸਿੰਘ ਨੂੰ ਭੰਗੀ ਮਿਸਲ ਦਾ ਮੁਖੀ ਅਤੇ ਤਰੁਣਾ ਦਲ ਦਾ ਆਗੂ ਪ੍ਰਵਾਨ ਕੀਤਾ ਗਿਆ ਸੀ। ਇਸ ਨੇ ਭੰਗੀ ਮਿਸਲ ਦੀ ਸ਼ਕਤੀ ਅਤੇ ਪ੍ਰਭਾਵ ਨੂੰ ਬਹੁਤ ਵਧਾਇਆ ਜੋ ਆਪਣੇ ਨਾਲ ਦੀਆਂ ਮਿਸਲਾਂ ਵਿਚੋਂ ਸਭ ਤੋਂ ਵੱਧ ਸ਼ਕਤੀਸ਼ਾਲੀ ਮੰਨੀ ਜਾਣ ਲੱਗੀ ਸੀ। ਇਸ ਨੇ 20,000 ਤੇਜ਼ ਤਰਾਰ ਨੌਜਵਾਨਾਂ ਦੀ ਇਕ ਫ਼ੌਜ ਤਿਆਰ ਕੀਤੀ, ਤਰਨ ਤਾਰਨ ਪਰਗਣੇ ਵਿਚ ਪੰਜਵੜ ਉੱਤੇ ਕਬਜ਼ਾ ਕਰ ਲਿਆ ਅਤੇ ਆਪਣਾ ਹੈਡ ਕੁਆਟਰ ਪਹਿਲਾਂ ਅਜੋਕੇ ਅੰਮ੍ਰਿਤਸਰ ਜ਼ਿਲੇ ਵਿਚ ਸੋਹਲ ਅਤੇ ਫਿਰ ਗਿਲਵਾਲੀ ਵਿਖੇ ਸਥਾਪਿਤ ਕਰ ਲਿਆ। ਅਖੀਰ ਇਹ ਅੰਮ੍ਰਿਤਸਰ ਵਿਖੇ ਵੱਸ ਗਿਆ ਜਿੱਥੇ ਇਸ ਨੇ ਇਕ ਰਿਹਾਇਸ਼ੀ ਇਲਾਕਾ ਸਥਾਪਿਤ ਕੀਤਾ ਜਿਸਦੇ ਨਾਲ ਹੀ ਇਸ ਨੇ ਕਟੜਾ ਹਰੀ ਸਿੰਘ ਨਾਂ ਦਾ ਇਕ ਬਜ਼ਾਰ ਬਣਾਇਆ ਅਤੇ ਕਿਲ੍ਹਾ ਭੰਗੀਆਂ ਦੀ ਉਸਾਰੀ ਅਰੰਭ ਕੀਤੀ। ਹਰੀ ਸਿੰਘ ਨੇ ਲਗਾਤਾਰ ਅਫ਼ਗ਼ਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਨੂੰ ਭਾਰਤ ਉੱਤੇ ਹਮਲਿਆਂ ਵੇਲੇ ਜਿੱਚ ਕਰੀ ਰੱਖਿਆ। ਮਾਲੇਰਕੋਟਲਾ ਦੇ ਨੇੜੇ ਕੁੱਪ ਵਿਖੇ ਸਿੱਖਾਂ ਦੇ ਕਤਲੇਆਮ ਦੇ ਕੁਝ ਮਹੀਨਿਆਂ ਪਿੱਛੋਂ ਜਿਸ ਨੂੰ ਸਿੱਖ ਇਤਿਹਾਸ ਵਿਚ ‘ਵੱਡਾ ਘੱਲੂਘਾਰਾ` ਕਰਕੇ ਜਾਣਿਆ ਜਾਂਦਾ ਹੈ ਅਤੇ ਇਹ ਫ਼ਰਵਰੀ 1762 ਨੂੰ ਵਾਪਰਿਆ ਸੀ, ਹਰੀ ਸਿੰਘ ਨੇ ਖ਼ਵਾਜਾ ਸੱਯਦ ਕਾ ਕੋਟ ਉੱਤੇ ਹਮਲਾ ਕਰ ਦਿੱਤਾ ਅਤੇ ਇੱਥੋਂ ਕਾਫ਼ੀ ਮਾਤਰਾ ਵਿਚ ਹਥਿਆਰ ਕਬਜ਼ੇ ਵਿਚ ਕਰ ਲਏ। 1763 ਵਿਚ, ਇਸ ਨੇ ਕਨ੍ਹਈਆ ਅਤੇ ਰਾਮਗੜ੍ਹੀਆਂ ਨਾਲ ਮਿਲਕੇ ਕਸੂਰ ਦੇ ਅਫ਼ਗ਼ਾਨਾਂ ਦੇ ਗੜ੍ਹ ਉੱਤੇ ਹਮਲਾ ਕੀਤਾ। 1764 ਵਿਚ, ਇਸਨੇ ਬਹਾਵਲਪੁਰ ਅਤੇ ਮੁਲਤਾਨ ਉੱਤੇ ਹੱਲਾ ਬੋਲਿਆ। ਸਿੰਧ ਦਰਿਆ ਪਾਰ ਕਰਕੇ ਇਸਨੇ ਮੁਜ਼ੱਫ਼ਰਗੜ੍ਹ, ਡੇਰਾ ਗਾਜ਼ੀ ਖ਼ਾਨ ਅਤੇ ਡੇਰਾ ਇਸਮਾਈਲ ਖ਼ਾਨ ਜ਼ਿਲਿਆਂ ਦੇ ਮੁਖੀਆਂ ਤੋਂ ਨਜ਼ਰਾਨਾ ਵਸੂਲ ਕੀਤਾ। ਵਾਪਸੀ ਤੇ ਇਸ ਨੇ ਝੰਗ , ਚਿਨੀਉਟ ਅਤੇ ਸਿਆਲਕੋਟ ਨੂੰ ਲੁੱਟਿਆ। ਜਦੋਂ ਪਟਿਆਲੇ ਦੇ ਬਾਬਾ ਆਲਾ ਨੇ ਕੁਝ ਰਿਆਇਤਾਂ ਹਾਸਲ ਕਰਕੇ ਮਾਰਚ 1765 ਵਿਚ ਅਹਮਦ ਸ਼ਾਹ ਦੁੱਰਾਨੀ ਅੱਗੇ ਸਮਰਪਣ ਕਰ ਦਿੱਤਾ ਤਾਂ ਹਰੀ ਸਿੰਘ ਦੀ ਅਗਵਾਈ ਵਿਚ ਤਰੁਣਾ ਦਲ ਨੇ ਉਸਨੂੰ ਦੰਡ ਦੇਣ ਲਈ ਪਟਿਆਲੇ ਉੱਤੇ ਹਮਲਾ ਕਰ ਦਿੱਤਾ। ਹਰੀ ਸਿੰਘ ਇਸ ਮੁਹਿੰਮ ਵਿਚ ਸ਼ਹੀਦ ਹੋ ਗਿਆ। ਅਜਿਹਾ ਉਹਨਾਂ ਦੀ ਸਾਜ਼ਸ਼ ਕਾਰਨ ਹੋਇਆ ਜੋ ਇਸ ਦੀ ਵੱਧਦੀ ਹੋਈ ਸ਼ਕਤੀ ਤੋਂ ਈਰਖ਼ਾ ਕਰਦੇ ਸਨ। ਖੁਸ਼ਵਕਤ ਰਾਇ ਅਨੁਸਾਰ ਹਰੀ ਸਿੰਘ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ।
ਲੇਖਕ : ਸ.ਸ.ਭ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹਰੀ ਸਿੰਘ ਭੰਗੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹਰੀ ਸਿੰਘ ਭੰਗੀ (ਸਰਦਾਰ) ––– ਸਰਦਾਰ ਹਰੀ ਸਿੰਘ ਭੰਗੀ, ਮਿਸਲ ਭੰਗੀਆਂ ਦਾ ਮੋਢੀ ਤੇ ਪ੍ਰਮੁੱਖ ਆਗੂ ਸੀ। ਸਰਦਾਰ ਹਰੀ ਸਿੰਘ ਅਸਲ ਵਿਚ ਪਿੰਡ ਹੋਠਾ, ਪ੍ਰਗਣਾ ਬੱਧਨੀ, ਇਲਾਕਾ ਮਾਲਵਾ ਦਾ ਰਹਿਣ ਵਾਲਾ ਸੀ, ਪਰੰਤੂ ਮੁਸਲਮਾਨਾ ਹਾਕਮਾਂ ਦੇ ਅਤਿਆਚਾਰਾਂ ਕਰਕੇ ਇਹ ਪਿੰਡ ਨੱਥੂ ਜ਼ਿਲ੍ਹਾ ਝੰਗ ਵਿਚ ਜਾ ਵੱਸਿਆ। ਇਹ ਸਰਦਾਰ ਭੂਸਾ ਸਿੰਘ ਦਾ ਪੁੱਤਰ ਸੀ। ਇਹ ਬਹੁਤ ਬਹਾਦਰ ਜੋਧਾ ਤੇ ਇਰਾਦੇ ਦਾ ਬੜਾ ਦ੍ਰਿੜ੍ਹ ਸੀ। ਇਸ ਨੇ ਮੁੱਢਲੇ ਸਮੇਂ ਸਿੱਖ ਸਰਦਾਰਾਂ ਵਿਚ ਮੁਲਕੀ ਮੱਲਾਂ ਮਾਰ ਕੇ ਬੜਾ ਨਾ ਖੱਟਿਆ।
ਇਸਨੇ ਗੁਜਰਾਤ, ਸਿਆਲਕੋਟ, ਝੰਗ ਅਤੇ ਚਨਿਓਟ ਤੇ ਕਬਜ਼ਾ ਕਰ ਲਿਆ। ਇਸਨੇ ਪਹਿਲਾਂ ਆਪਣੀ ਰਾਜਧਾਨੀ ਗਿੱਲਵਾਲੀ ਅਤੇ ਫੇਰ ਅੰਮ੍ਰਿਤਸਰ ਬਣਾਈ ਤੇ ਇਥੇ ਕਿਲਾ ਭੰਗੀਆਂ ਦੀ ਨੀਂਹ ਰੱਖੀ।
29 ਮਾਰਚ, 1748 ਈ. ਨੂੰ ਜਦੋਂ ਮਿਸਲਾਂ ਬਣੀਆਂ ਤਾਂ ਇਸਨੇ ਆਪਣੀ ਵੱਖਰੀ ਮਿਸਲ ਬਣਾ ਲਈ। ਸਰਦਾਰ ਹਰੀ ਸਿੰਘ ਭੰਗ ਪੀਣ ਦਾ ਸ਼ੋਕੀਨ ਸੀ ਇਸ ਲਈ ਇਸ ਮਿਸਲ ਦਾ ਨਾਮ ਮਿਸਲ ਭੰਗੀਆਂ ਮਸ਼ਹੂਰ ਹੋ ਗਿਆ। ਇਸ ਮਿਸਲ ਦੀ ਤਾਕਤ ਸਾਰੀਆਂ ਮਿਸਲਾਂ ਨਾਲੋਂ ਵੱਧ ਸੀ। ਸਿੱਖਾਂ ਦੇ ਵੱਡੇ ਘੱਲੂਘਾਰੇ ਸਮੇਂ, ਜੋ ਮਲੇਰਕੋਟਲੇ ਦੇ ਨੇੜੇ ਕੁੱਪ ਰਹੀੜੇ ਦੇ ਸਥਾਨ ਤੇ ਹੋਇਆ, ਸਰਦਾਰ ਹਰੀ ਸਿੰਘ ਨੇ ਬਹੁਤ ਬੀਰਤਾ ਦਿਖਾਈ। ਜਦ ਇਸ ਘੱਲੂਘਾਰੇ ਪਿਛੋਂ ਬੁੱਢਾ–ਦਲ ਤੇ ਤਰੁਣਾ–ਦਲ ਬਣੇ ਤਾਂ ਤਰੁਣਾ–ਦਲ ਦਾ ਜਥੇਦਾਰ ਹਰੀ ਸਿੰਘ ਭੰਗੀ ਬਣਿਆ। ਇਸਨੇ ਖਾਲਸਾ ਦਲ ਦੀ ਸਹਾਇਤਾ ਨਾਲ ਮੁਲਤਾਨ ਦਾ ਇਲਾਕਾ ਫਤਿਹ ਕੀਤਾ, ਫੇਰ ਦਰਿਆ ਅਟਕ ਪਾਰ ਜਾ ਕੇ ਡੇਰਾਜਾਤ ਆਦਿ ਦੇ ਹਾਕਮਾਂ ਤੋਂ ਮਾਮਲਾ ਉਗਰਾਹਿਆ ਤੇ ਲਾਹੌਰ ਉੱਤੇ ਕਬਜ਼ਾ ਜਮਾਇਆ। ਇਸ ਤੋਂ ਥੋੜ੍ਹਾ ਚਿਰ ਪਿਛੋਂ ਹੀ ਸੰਨ 1763 ਵਿਚ ਕਸੂਰ ਉਤੇ ਚੜ੍ਹਾਈ ਕਰਕੇ ਉਥੋਂ ਦੇ ਨਵਾਬ ਪਾਸੋਂ ਇਕ ਗਰੀਬ ਬ੍ਰਾਹਮਣ ਦੀ ਔਰਤ ਵਾਪਸ ਦਿਵਾਈ।
ਸੰਨ 1764 ਵਿਚ ਸ੍ਰ. ਹਰੀ ਸਿੰਘ ਨੇ ਦਲ ਖਾਲਸਾ ਨਾਲ ਮਿਲਕੇ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਤੇ ਚੜ੍ਹਾਈ ਕਰ ਦਿੱਤੀ, ਕਿਉਂਕਿ ਇਸਨੇ ਅਬਦਾਲੀ ਦੀ ਈਨ ਮੰਨ ਲਈ ਸੀ। ਇਸੇ ਲੜਾਈ ਵਿਚ ਇਹ ਬਹਾਦਰ ਸ਼ਹੀਦ ਹੋ ਗਿਆ। ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੇ ਵਿਚ ਪੈ ਕੇ ਸੁਲ੍ਹਾਂ ਕਰ ਦਿੱਤੀ। ਮਹਾਰਾਜਾ ਆਲਾ ਸਿੰਘ ਨੇ ਪੰਥ ਤੋਂ ਮਾਫ਼ੀ ਮੰਗ ਲਈ।
ਸ੍ਰ. ਹਰੀ ਸਿੰਘ ਤੋਂ ਪਿਛੋਂ ਉਸਦੇ ਪੁੱਤਰ ਗੰਡਾ ਸਿੰਘ, ਝੰਡਾ ਸਿੰਘ ਆਦਿ ਇਸਦੀ ਜਾਇਦਾਦ ਦੇ ਵਾਰਸ ਬਣੇ ਜੋ ਆਪਣੇ ਪਿਤਾ ਜਿਤਨੇ ਕਾਬਲ ਨਹੀਂ ਸਨ। ਇਸ ਪਿਛੋਂ ਛੇਤੀ ਹੀ ਇਸ ਖ਼ਾਨਦਾਨ ਹੱਥੋਂ ਸਾਰਾ ਰਾਜ ਭਾਗ ਖੁੱਸ ਗਿਆ।
ਹ. ਪੁ. ––ਤਵਾ. ਗੁ. ਖਾ.; ਸਿ. ਮਿ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First