ਜ਼ਕਰੀਆ ਖ਼ਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜ਼ਕਰੀਆ ਖ਼ਾਨ ( ਮ. 1745 ਈ. ) : ਇਸ ਦਾ ਇਕ ਨਾਮਾਂਤਰ ‘ ਖ਼ਾਨ ਬਹਾਦੁਰ’ ਵੀ ਹੈ , ਪਰ ਸਿੱਖ ਸਮਾਜ ਵਿਚ ਇਸ ਨੂੰ ‘ ਖ਼ਾਨੂ’ ਨਾਂ ਨਾਲ ਯਾਦ ਕੀਤਾ ਜਾਂਦਾ ਸੀਸੰਨ 1726 ਈ. ਵਿਚ ਇਸ ਦੇ ਬਾਪ ਅਬਦੁਲ ਸਮਦ ਖ਼ਾਨ ਨੂੰ ਲਾਹੌਰ ਤੋਂ ਹਟਾ ਕੇ ਮੁਲਤਾਨ ਦਾ ਗਵਰਨਰ ਬਣਾ ਦਿੱਤਾ ਗਿਆ ਅਤੇ ਉਸ ਦੀ ਥਾਂ ਇਸ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ । ਸਿੱਖਾਂ ਉਤੇ ਜ਼ੁਲਮ ਕਰਨ ਦੇ ਮਾਮਲੇ ਵਿਚ ਇਹ ਆਪਣੇ ਬਾਪ ਤੋਂ ਵੀ ਅਗੇ ਸੀ । ਇਸ ਨੇ ਬੰਦਾ ਬਹਾਦਰ ਨੂੰ ਪਕੜਨ ਵਿਚ ਮੁਗ਼ਲ ਸਰਕਾਰ ਦੀ ਬਹੁਤ ਮਦਦ ਕੀਤੀ ਅਤੇ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਪਕੜੇ ਸਿੱਖਾਂ ਅਤੇ ਮਾਰੇ ਗਏ ਸਿੱਖਾਂ ਦੇ ਸਿਰਾਂ ਨਾਲ ਭਰੇ ਹੋਏ ਸੱਤ ਸੌ ਗੱਡਿਆਂ ਅਤੇ ਬਰਛਿਆਂ ਵਿਚ ਪਰੁਚੇ ਹੋਏ ਸਿੱਖਾਂ ਦੇ ਸਿਰਾਂ ਵਾਲੇ ਜਲੂਸ ਦੀ ਦਿੱਲੀ ਤਕ ਅਗਵਾਈ ਕੀਤੀ । ਲਾਹੌਰ ਦਾ ਸੂਬਾ ਬਣਨ ਉਪਰੰਤ ਇਸ ਨੇ ਸਿੱਖਾਂ ਉਪਰ ਜ਼ੁਲਮਾਂ ਦੀ ਝੜੀ ਲਗਾ ਦਿੱਤੀ । ਪਰ ਜਦੋਂ ਇਸ ਨੇ ਵੇਖਿਆ ਕਿ ਸਿੱਖਾਂ ਨੂੰ ਮਿਧਣਾ ਸਰਲ ਨਹੀਂ , ਤਾਂ ਲਾਹੌਰ ਦੇ ਕੋਤਵਾਲ ਭਾਈ ਸਬੇਗ ਸਿੰਘ ਰਾਹੀਂ ਵਿਸਾਖੀ ਦੇ ਮੌਕੇ ਅੰਮ੍ਰਿਤਸਰ ਵਿਚ ਇਕੱਠੇ ਹੋਏ ਸਰਬੱਤ ਖ਼ਾਲਸਾ ਪਾਸ ਨਵਾਬੀ ਦਾ ਖ਼ਿਲਤ ਅਤੇ ਇਕ ਲੱਖ ਦੀ ਜਾਗੀਰ ਦਾ ਪੱਟਾ ਭੇਜਿਆ , ਤਾਂ ਜੋ ਸੁਲਹ-ਸਫ਼ਾਈ ਨਾਲ ਰਿਹਾ ਜਾਏ । ਪਰ ਇਹ ਸਮਝੌਤਾ ਇਕ ਸਾਲ ਵਿਚ ਹੀ ਜ਼ਕਰੀਆ ਖ਼ਾਨ ਵਲੋਂ ਤੋੜ ਦਿੱਤਾ ਗਿਆ ਅਤੇ ਦੀਵਾਨ ਲਖਪਤ ਰਾਇ ਨੇ ਸਿੱਖਾਂ ਨੂੰ ਮਾਲਵੇ ਦੇ ਜੰਗਲਾਂ ਵਲ ਖਦੇੜ ਦਿੱਤਾ । ਸਿੱਖਾਂ ਨਾਲ ਹੋਈਆਂ ਭਿੜੰਤਾਂ ਵਿਚ ਮੁਗ਼ਲ ਸੈਨਾ ਦੇ ਕਈ ਅਧਿਕਾਰੀ ਮਾਰੇ ਗਏ । ਹਾਲਾਤ ਨੂੰ ਵੇਖਦੇ ਹੋਇਆ ਜ਼ਕਰੀਆ ਖ਼ਾਨ ਖ਼ੁਦ ਮੁਹਿੰਮ ਉਤੇ ਚੜ੍ਹਿਆ । ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਜਨਤਾ ਨੂੰ ਉਕਸਾਇਆ । ਸਿੱਖਾਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈਆਂ ਕੀਤੀਆਂ । ਆਪਣੇ ਉਦੇਸ਼ ਦੀ ਪੂਰਤੀ ਲਈ ਵੀਹ ਹਜ਼ਾਰ ਸਿਪਾਹੀਆਂ ਦਾ ਉਚੇਚਾ ਦਲ ਤਿਆਰ ਕੀਤਾ । ਹਜ਼ਾਰਾਂ ਸਿੱਖ ਪਕੜ ਦੇ ਲਾਹੌਰ ਦੇ ਨਖ਼ਾਸ ਚੌਕ ਵਿਚ ਸ਼ਹੀਦ ਕੀਤੇ । ਭਾਈ ਮਨੀ ਸਿੰਘ , ਭਾਈ ਤਾਰੂ ਸਿੰਘ ਵਰਗੀਆਂ ਮਹਾਨ ਸਿੱਖ ਸ਼ਖ਼ਸੀਅਤਾਂ ਨੂੰ ਇਸ ਦੌਰਾਨ ਸ਼ਹੀਦ ਕੀਤਾ ਗਿਆ । ਇਸ ਸਭ ਦੇ ਬਾਵਜੂਦ ਇਹ ਕਾਮਯਾਬ ਨ ਹੋ ਸਕਿਆ ਅਤੇ ਨਾਕਾਮਯਾਬੀ ਦੇ ਇਸੇ ਝੋਰੇ ਵਿਚ 1 ਜੁਲਾਈ 1745 ਈ. ਨੂੰ ਇਹ ਲਾਹੌਰ ਵਿਚ ਮਰ ਗਿਆ । ਸਿੱਖਾਂ ਦੇ ਕਾਤਲਾਂ ਦੀ ਸੂਚੀ ਵਿਚ ਇਸ ਦਾ ਨਾਂ ਬਹੁਤ ਉਘੜਿਆ ਹੋਇਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜ਼ਕਰੀਆ ਖ਼ਾਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ਕਰੀਆ ਖ਼ਾਨ : ਇਹ ਅਬਦੁਲ ਸਮਦ ਖ਼ਾਂ ਦਾ ਪੁੱਤਰ ਅਤੇ ਸ਼ਾਹ ਨਵਾਜ਼ ਦਾ ਪਿਤਾ ਸੀ । ਇਸ ਨੂੰ ਖ਼ਾਨ ਬਹਾਦਰ ਦਾ ਖ਼ਿਤਾਬ ਹਾਸਲ ਸੀ । ਖ਼ਾਲਸੇ ਇਸ ਨੂੰ ਖ਼ਾਨੂੰ ਦੇ ਨਾਮ ਨਾਲ ਸੱਦਦੇ ਸਨ ।

                  ਜ਼ਕਰੀਆ ਖ਼ਾਨ ਨੇ ਜੰਮੂ ਦੇ ਫ਼ੌਜਦਾਰ ਦੇ ਰੂਪ ਵਿਚ ਕੰਮ ਕੀਤਾ । ਇਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਪੂਰਾ ਤਾਣ ਲਗਾਇਆ । ਬੰਦਾ ਬਹਾਦਰ ਨੂੰ ਇਸੇ ਦੀ ਨਿਗਰਾਨੀ ਵਿਚ ਕੈਦੀ ਬਣਾ ਕੇ ਦਿੱਲੀ ਲਿਜਾਇਆ ਗਿਆ ਸੀ । ਇਸ ਦੀ ਬਹਾਦਰੀ ਨੂੰ ਮੁੱਖ ਰੱਖ ਕੇ 1726 ਈ. ਵਿਚ ਇਸ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ।

                  ਇਸ ਦੇ ਗਵਰਨਰ ਬਣਨ ਨਾਲ ਸਿੱਖਾਂ ਉੱਤੇ ਕਠੋਰਤਾ ਦਾ ਸਮਾਂ ਆ ਗਿਆ । ਇਸ ਨੇ ਪਹਾੜਾਂ ਵਿਚ ਲੁਕੇ ਸਿੱਖਾਂ ਨੂੰ ਲੱਭ ਕੇ ਲਿਆਉਣ ਲਈ ਪਰਬਤੀ ਸੈਨਾ ਤਿਆਰ ਕੀਤੀ । ਇਸ ਦੇ ਸਿਪਾਹੀ ਸਿੱਖਾਂ ਨੂੰ ਲੱਭ ਕੇ ਇਸ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਲਾਹੌਰ ਵਿਚ ਦਰਵਾਜ਼ੇ ਦੇ ਬਾਹਰ ਲਿਆ ਕੇ ਕਤਲ ਕਰ ਦਿੰਦੇ ਸਨ । ਇਸ ਥਾਂ ਨੂੰ ਸੀਸ ਗੰਜ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਜ਼ਕਰੀਆਂ ਖ਼ਾਨ ਨੇ ਸਿੱਖਾਂ ਦਾ ਨੱਕ ਵਿਚ ਦਮ ਕਰਨ ਲਈ ਸਿੱਖਾਂ ਦੇ ਸਿਰਾਂ ਉਪਰ ਇਨਾਮ ਰੱਖ ਦਿੱਤਾ ਅਤੇ ਇਨ੍ਹਾਂ ਦੇ ਸਿਰਾਂ ਦਾ ਇਕ ਗੁੰਬਦ ਜਿਹਾ ਖੜ੍ਹਾ ਕਰ ਦਿੱਤਾ । ਨਤੀਜੇ ਵਜੋਂ ਸਿੱਖਾਂ ਵਿਚ ਹਲਚਲ ਮੱਚ ਗਈ ।

                  ਸਿੱਖਾਂ ਨੇ ਲੁਕ ਛਿਪ ਕੇ ਸ਼ਾਹੀ ਫ਼ੌਜ ਅਤੇ ਖਜ਼ਾਨੇ ਨੂੰ ਕਈ ਵਾਰ ਲੁਟਿਆ ਜਿਸ ਨਾਲ ਜ਼ਕਰੀਆ ਖ਼ਾਨ ਸੋਚਾਂ ਵਿਚ ਪੈ ਗਿਆ । ਉਸਨੇ ਸਿੱਖਾਂ ਨੂੰ ਕੁਚਲਣ ਲਈ ਨਵੀਂ ਨੀਤੀ ਅਪਣਾਈ । ਉਸਨੇ ਮੁਸਲਮਾਨਾਂ ਨੂੰ ਧਰਮ ਦੇ ਨਾਂ ਤੇ ਸਿੱਖਾਂ ਵਿਰੁੱਧ ਭੜਕਾ ਦਿੱਤਾ । ਜਹਾਦ ਦਾ ਨਾਹਰਾ ਲਗਾ ਕੇ ਸੱਯਦ , ਮੁਗ਼ਲ , ਪਠਾਣ , ਗੁੱਜਰ ਅਤੇ ਰਾਜਪੂਤਾਂ ਨੂੰ ਲਾਹੌਰ ਵਿਚ ਹੈਦਰੀ ਝੰਡੇ ਥੱਲੇ ਇਕੱਠੇ ਕਰ ਲਿਆ । ਸਿੱਖਾਂ ਨੇ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਗਠਿਤ ਕਰ ਲਿਆ । ਮਿਲੋਵਾਲ ਦੇ ਨੇੜੇ ਹੈਦਰੀ ਫ਼ੌਜ ਨਾਲ ਸਿੱਖਾਂ ਦੀ ਸਿੱਧੀ ਟੱਕਰ ਹੋ ਗਈ । ਸਿੱਖਾਂ ਨੇ ਹੈਦਰੀ ਫ਼ੌਜ ਨੂੰ ਨੱਕ ਨਾਲ ਚਣੇ ਚਬਾਏ ਤੇ ਹੈਦਰੀ ਝੰਡੇ ਨੂੰ ਸਾੜ ਦਿੱਤਾ । ਜ਼ਕਰੀਆ ਖ਼ਾਨ ਦੀ ਇਹ ਯੋਜਨਾ ਵੀ ਮਿੱਟੀ ਵਿਚ ਮਿਲ ਗਈ ।

                  ਇਸ ਤੋਂ ਮਗਰੋਂ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸੰਧੀ ਕਰਨਾ ਹੀ ਉਚਿੱਤ ਸਮਝਿਆ । ਉਸਨੇ ਸਿੱਖਾਂ ਨੂੰ ਦੀਪਾਲਪੁਰ , ਕੰਗਨਵਾਲ ਅਤੇ ਝੱਬਾਲ ਦੇ ਇਲਾਕੇ ਵਿਚ ਜਾਗੀਰ ਦੇ ਕੇ ਉਨ੍ਹਾਂ ਦੇ ਨੇਤਾ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਦਿੱਤੀ । ਪਰ ਬਾਅਦ ਵਿਚ ਸਿੱਖਾਂ ਦੀਆਂ ਜਾਗੀਰਾਂ ਜ਼ਬਤ ਕਰਕੇ ਮੁੜ ਤੋਂ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ । ਦਿਵਾਲੀ ਦੇ ਮੌਕੇ ਤੇ ਲਖਪਤ ਰਾਇ ਨੂੰ ਭੇਜ ਕੇ ਫ਼ੌਜ ਦੀ ਮਦਦ ਨਾਲ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰਵਾ ਦਿੱਤਾ । ਇਸ ਤੋਂ ਇਲਾਵਾ ਸਿੱਖਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੇ ਸਾਰੇ ਰਾਹਾਂ ਤੇ ਫ਼ੌਜ ਤਾਇਨਾਤ ਕਰ ਦਿੱਤੀ ।

                  ਨਾਦਰ ਸ਼ਾਹ ਦੇ ਇਨ੍ਹਾਂ ਸ਼ਬਦਾਂ ਨੇ ਕਿ ਪੰਜਾਬ ਉੱਤੇ ਇਕ ਦਿਨ ਸਿੱਖਾਂ ਦਾ ਰਾਜ ਹੋਵੇਗਾ , ਜ਼ਕਰੀਆ ਖ਼ਾਨ ਅੰਦਰ ਘਬਰਾਹਟ ਪੈਦਾ ਕਰ ਦਿੱਤੀ । ਸਿੱਟੇ ਵਜੋਂ ਉਸਨੇ ਸਿੱਖਾਂ ਉੱਤੇ ਹੋਰ ਵੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ । ਪਰ ਕੁਝ ਵੀ ਹੋਵੇ , ਜ਼ਕਰੀਆ ਖ਼ਾਨ ਆਪਣੇ ਜਿਉਂਦੇ ਜੀ ਸਿੱਖਾਂ ਦੀ ਇਸ ਬਹਾਦਰ ਕੌਮ ਦੀ ਸ਼ਕਤੀ ਨੂੰ ਕੁਚਲਣ ਵਿਚ ਅਸਮਰਥ ਰਿਹਾ । ਇਸੇ ਸੰਘਰਸ਼ ਦੌਰਾਨ 1 ਜੁਲਾਈ , 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ ।

                  ਹ. ਪੁ.– – ਮ. ਕੋ.; 498; ਏ. ਹਿ. ਆਫ਼. ਸਿ. – – ਖੁਸ਼ਵੰਤ ਸਿੰਘ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜ਼ਕਰੀਆ ਖ਼ਾਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜ਼ਕਰੀਆ ਖ਼ਾਨ : ਇਹ 1726 ਈ. ਵਿਚ ਪੰਜਾਬ ਦਾ ਸੂਬੇਦਾਰ ( ਗਵਰਨਰ ) ਨਿਯੁਕਤ ਹੋਇਆ । ਇਹ ਸਿੱਖਾਂ ਦਾ ਕੱਟੜ ਵਿਰੋਧੀ ਸੀ । ਇਸ ਦੇ ਗਵਰਨਰੀ ਰਾਜ ਵਿਚ ਸਿੱਖਾਂ ਉਪਰ ਬਹੁਤ ਜ਼ੁਲਮ ਕੀਤੇ ਗਏ । ਇਸ ਦੇ ਸਮੇਂ ਵਿਚ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਜਾਂਦਾ ਸੀ । ਜਿਥੇ ਵੀ ਕੋਈ ਸਿੱਖ ਨਜ਼ਰੀ ਪੈਂਦਾ , ਉਸ ਨੂੰ ਲਾਹੌਰ ਸ਼ਹਿਰ ਵਿਚ ਦਿੱਲੀ ਦਰਵਾਜੇ ਦੇ ਬਾਹਰ ਇਕ ਅਸਥਾਨ ਤੇ ਲਿਜਾਇਆ ਜਾਂਦਾ ਜੋ ‘ ਨਖ਼ਾਸ’ ਦੇ ਨਾਂ ਨਾਲ ਮਸ਼ਹੂਰ ਸੀ । ਇਥੇ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ । ਅੱਜਕੱਲ੍ਹ ਇਹ ਜਗ੍ਹਾ ‘ ਸ਼ਹੀਦ ਗੰਜ’ ਦੇ ਨਾਂ ਨਾਲ ਪ੍ਰਸਿੱਧ ਹੈ ।

ਜਾਫ਼ਰ ਬੇਗ਼ ਜੋ ਉਸ ਸਮੇਂ ਪੱਟੀ ਦਾ ਫ਼ੌਜਦਾਰ ਸੀ , ਨੇ ਕੋਈ ਝਗੜਾ ਹੋ ਜਾਣ ਦੀ ਸੂਰਤ ਵਿਚ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੂੰ ਹੋਰ ਫ਼ੌਜ ਭੇਜਣ ਲਈ ਬੇਨਤੀ ਕੀਤੀ । ਜ਼ਕਰੀਆ ਖ਼ਾਨ ਨੇ ਦੋ ਹਜ਼ਾਰ ਤੋਂ ਵੱਧ ਸਿਪਾਹੀ ਭੇਜੇ । ਉਧਰ ਕੇਵਲ 22 ਸਿੱਖਾਂ ਦੀ ਮਦਦ ਨਾਲ ਤਾਰਾ ਸਿੰਘ ਸਾਰੀ ਰਾਤ ਇਸ ਫ਼ੌਜ ਦਾ ਟਾਕਰਾ ਕਰਦਾ ਰਿਹਾ ਪਰ ਆਖ਼ਰ ਤਾਰਾ ਸਿੰਘ 22 ਸਿੱਖਾਂ ਸਮੇਤ ਸ਼ਹੀਦੀ ਪਾ ਗਿਆ ।

ਜੰਗਲਾਂ ਤੇ ਪਹਾੜਾਂ ਵਿਚ ਲੁਕੇ ਸਿੱਖਾਂ ਨੂੰ ਜਦੋਂ ਇਨ੍ਹਾਂ ਮੁੱਠੀ ਭਰ ਸਿੱਖਾਂ ਦੀ ਬਹਾਦਰੀ ਬਾਰੇ ਪਤਾ ਲਗਿਆ ਤਾਂ ਉਹ ਜੋਸ਼ ਤੇ ਉਤਸ਼ਾਹ ਨਾਲ ਭਰ ਗਏ ਤੇ ਉਹ ਵੀ ਆਪਣੀਆਂ ਪਨਾਹਗਾਹਾਂ ਤੋਂ ਬਾਹਰ ਆ ਗਏ ਤੇ ਉਨ੍ਹਾਂ ਨੇ ਮੁਗ਼ਲ ਅਫ਼ਸਰਾਂ ਦੇ ਨੱਕ ਵਿਚ ਦਮ ਕਰ ਦਿੱਤਾ । ਜਦੋਂ ਮੁਗ਼ਲ ਅਫ਼ਸਰ ਸਰਕਾਰੀ ਖ਼ਜ਼ਾਨਾ ਇਕ ਥਾਂ ਤੋਂ ਦੂਜੀ ਥਾਂ ਲਿਜਾ ਰਹੇ ਹੁੰਦੇ ਸਨ ਤਾਂ ਉਹ ਟੁੱਟ ਕੇ ਉਨ੍ਹਾਂ ਉੱਤੇ ਪੈ ਜਾਂਦੇ । ਇਨ੍ਹਾਂ ਅਚਾਨਕ ਛਾਪਿਆਂ ਤੋਂ ਜ਼ਕਰੀਆ ਖ਼ਾਨ ਬਹੁਤ ਤੰਗ ਹੋ ਗਿਆ ਤੇ ਉਸ ਨੇ ਪੰਜਾਬ ਦੇ ਮੁਸਲਮਾਨ ਤਬਕੇ ਤੋਂ ਸਹਾਇਤਾ ਮੰਗੀ । ਪੰਜਾਬ ਦੇ ਚੋਣਵੇਂ ਮੁਸਲਮਾਨ ਯੋਧੇ ਲਾਹੌਰ ਸ਼ਹਿਰ ਵਿਚ ਇਕੱਠੇ ਹੋ ਗਏ ਤੇ ਉਨ੍ਹਾਂ ਨੇ ‘ ਹੈਦਰੀ ਝੰਡਾ’ ਖੜ੍ਹਾ ਕਰ ਦਿੱਤਾ । ਸਿੱਖਾਂ ਨੇ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ । ਘੋਰ ਤਬਾਹੀ ਮਚਾਉਣ ਤੋਂ ਇਲਾਵਾ ਮੁਸਲਮਾਨੀ ਫ਼ੌਜ ਦਾ ਗੋਲਾ ਬਾਰੂਦ , ਜੰਗੀ ਸਾਮਾਨ ਤੇ ਕਈ ਘੋੜੇ ਲੁੱਟ ਲਏ । ਇਸ ਤੋਂ ਬਾਅਦ ਸਿੱਖਾਂ ਨੇ ਹੈਦਰੀ ਝੰਡੇ ਦਾ ਬਿਲਕੁਲ ਖ਼ਾਤਮਾ ਕਰ ਦਿੱਤਾ । ਜਦੋਂ ਸਖ਼ਤੀ ਨਾਲ ਸਿੱਖ ਜ਼ਕਰੀਆ ਖ਼ਾਨ ਤੋਂ ਕਾਬੂ ਨਾ ਹੋਏ ਤਾਂ 1733 ਈ. ਵਿਚ ਇਸ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਯਤਨ ਕੀਤਾ । ਪਹਿਲਾਂ ਤਾਂ ਸਿੱਖਾਂ ਨੇ ਇਸ ਦੀ ਪੇਸ਼ਕਸ਼ ਠੁਕਰਾ ਦਿੱਤੀ ਪਰ ਬਾਅਦ ਵਿਚ ਸਿੱਖ ਮੰਨ ਗਏ । ਸਮਝੌਤੇ ਤੋਂ ਬਾਅਦ ਕੁਝ ਦੇਰ ਸ਼ਾਂਤੀ ਰਹੀ ਪਰ ਸਿੱਖਾਂ ਵਿਚ ਜਾਗ੍ਰਤੀ ਆ ਚੁੱਕੀ ਸੀ ਇਸ ਲਈ ਉਨ੍ਹਾਂ ਨੇ ਫਿਰ ਜੱਥੇ ਬਣਾ ਲਏ । ਜ਼ਕਰੀਆ ਖ਼ਾਨ ਨੇ ‘ ਦਲ ਖ਼ਾਲਸਾ’ ਵਿਰੁੱਧ ਕਾਰਵਾਈ ਕਰਨ ਲਈ ਲਖਪਤ ਰਾਏ ਦੀ ਕਮਾਨ ਹੇਠ ਫ਼ੌਜ ਭੇਜੀ । ਜ਼ਕਰੀਆ ਖ਼ਾਨ ਨੇ ਫਿਰ ਸਿੱਖਾਂ ਤੇ ਕਰੜਾਈ ਸ਼ੁਰੂ ਕਰ ਦਿੱਤੀ ਅਤੇ ਸਿੱਖ ਲਹਿਰ ਦਾ ਬੀਜ ਨਾਸ ਕਰਨ ਵਿਚ ਸਹਾਇਤਾ ਦੇਣ ਵਾਲਿਆਂ ਨੂੰ ਇਨਾਮ ਦੇਣੇ ਸ਼ੁਰੂ ਕਰ ਦਿੱਤੇ । ਇਸ ਨੇ ਭਾਈ ਮਨੀ ਸਿੰਘ , ਮਹਿਤਾਬ ਸਿੰਘ , ਭਾਈ ਤਾਰੂ ਸਿੰਘ , ਬੋਤਾ ਸਿੰਘ ਅਤੇ ਹਕੀਕਤ ਰਾਏ ਵਰਗੇ ਸ਼ਹੀਦਾਂ ਨੂੰ ਬਹੁਤ ਤਸੀਹੇ ਦਿੱਤੇ ।

ਸੰਨ 1745 ਵਿਚ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ ਤੇ ਇਸ ਦਾ ਪੁੱਤਰ ਯਹੀਆ ਖ਼ਾਨ ਇਸ ਦਾ ਜਾਨਸ਼ੀਨ ਬਣਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 54, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-10-26-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.