ਗੁਰਪੁਰਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਪੁਰਬ (ਨਾਂ,ਪੁ) ਗੁਰੂ ਸਾਹਿਬ ਦੇ ਜਨਮਦਿਨ, ਗੁਰਗੱਦੀ ਜਾਂ ਜੋਤੀ ਜੋਤ ਸਮਾਉਣ ਦੇ ਦਿਨ ਨਾਲ ਸੰਬੰਧਿਤ ਉਤਸਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁਰਪੁਰਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਪੁਰਬ [ਨਾਂਪੁ] ਗੁਰੂ ਦਾ ਜਨਮ/ਸ਼ਹੀਦੀ ਜਾਂ ਗੱਦੀਨਸ਼ੀਨ ਹੋਣ ਦਾ ਦਿਹਾੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਪੁਰਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਪੁਰਬ. ਦੇਖੋ, ਗੁਰੁਪਰਵ. “ਭਾਇ ਭਗਤਿ ਗੁਰਪੁਰਬ ਕਰੰਦੇ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਪੁਰਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਪੁਰਬ: ‘ਗੁਰਅਤੇਪੁਰਬ ’ ਦੋ ਸ਼ਬਦਾਂ ਦੇ ਇਸ ਸੰਯੁਕਤ ਸ਼ਬਦ ਦਾ ਪਿਛੋਕੜ ਸੰਸਕ੍ਰਿਤ ਦੇ ‘ਗੁਰੁ’ ਅਤੇ ‘ਪਰੑਵ’ ਸ਼ਬਦਾਂ ਨਾਲ ਜਾ ਜੁੜਦਾ ਹੈ। ਇਸ ਤੋਂ ਭਾਵ ਹੈ ਗੁਰੂ ਨਾਲ ਸੰਬੰਧਿਤ ਤਿਉਹਾਰ ਅਥਵਾ ਮੰਗਲ-ਦਿਨ। ਗੁਰੂ ਨਾਨਕ ਦੇਵ ਜੀ ਤੋਂ ਬਾਦ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਗੁਰੂ ਜੀ ਦਾ ਪਰਵ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਸਿੱਖ ਅਨੁਯਾਈਆਂ ਵਲੋਂ ਅਜਿਹੇ ਪਰਵਾਂ ਵਿਚ ਹੁਮ-ਹੁਮਾ ਕੇ ਸ਼ਾਮਲ ਹੋਣ ਦੀ ਆਸ ਕੀਤੀ ਜਾਣ ਲਗੀ। ਭਾਉ-ਭਗਤੀ ਵਿਚ ਮਗਨ ਹੋ ਕੇ ਗੁਰਪੁਰਬ ਕਰਨ ਵਾਲੇ ਸਿੱਖਾਂ ਉਤੋਂ ਭਾਈ ਗੁਰਦਾਸ ਨੇ ਕੁਰਬਾਨ ਹੋਣਾ ਮੰਨਿਆ ਹੈ— ਕੁਰਬਾਣੀ ਤਿਨਾ ਗੁਰਸਿਖਾ ਭਾਇ ਭਗਤਿ ਗੁਰਪੁਰਬ ਕਰੰਦੇ (12/2)।

            ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਦੇ ਸ਼ੁਰੂ ਜਾਂ ਅੰਤ ਉਤੇ ‘ਚਲਿਤ੍ਰ ਜੋਤੀ ਜੋਤਿ ਸਮਝਣੇ ਕੇ’ (ਵੇਖੋ) ਇਹ ਉਕਤੀ ਲਿਖ ਕੇ ਗੁਰੂ ਸਾਹਿਬਾਨ ਦੇ ਮਹਾਪ੍ਰਸਥਾਨ ਦੀਆਂ ਤਿਥੀਆਂ ਅੰਕਿਤ ਕੀਤੀਆਂ ਜਾਂਦੀਆਂ ਸਨ , ਪਰ ਜਨਮ-ਤਿਥੀਆਂ ਦਾ ਕਿਸੇ ਵੀ ਬੀੜ ਵਿਚ ਅੰਕਨ ਹੋਇਆ ਨਹੀਂ ਮਿਲਿਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਪਹਿਲਾਂ ਗੁਰੂ-ਸਾਹਿਬਾਨ ਦੇ ਸਮਾਉਣ ਦੇ ਦਿਨ ਹੀ ਮਨਾਏ ਜਾਂਦੇ ਸਨ। ਜਨਮ-ਦਿਨ ਮਨਾਉਣ ਦੀ ਪ੍ਰਵ੍ਰਿਤੀ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਵਿਕਸਿਤ ਹੋਈ ਪ੍ਰਤੀਤ ਹੁੰਦੀ ਹੈ। ਸ਼ਾਇਦ ਇਸ ਉਤੇ ਕਿਸੇ ਸੀਮਾ ਤਕ ਪੱਛਮੀ ਪ੍ਰਭਾਵ ਰਿਹਾ ਹੋਵੇ।

            ਉਂਜ ਤਾਂ ਹਰ ਗੁਰੂ ਸਾਹਿਬ ਦੇ ਜਨਮ, ਗੱਦੀ- ਨਸ਼ੀਨੀ ਅਤੇ ਸਮਾਉਣ ਦੇ ਦਿਨ ਨੂੰ ਗੁਰਪੁਰਬ ਵਜੋਂ ਮਨਾਇਆ ਜਾ ਸਕਦਾ ਹੈ, ਪਰ ਕੌਮੀ-ਪੱਧਰ’ਤੇ ਕੁਝ ਕੁ ਪੁਰਬ ਵਿਸ਼ੇਸ਼ ਰੁਚੀ ਨਾਲ ਮਨਾਏ ਜਾਂਦੇ ਹਨ, ਜਿਵੇਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਅਤੇ ਖ਼ਾਲਸੇ ਦਾ ਸਿਰਜਨਾ-ਦਿਵਸ (ਵਿਸਾਖੀ) ਆਦਿ। ਇਨ੍ਹਾਂ ਗੁਰਪੁਰਬਾਂ’ਤੇ ਗੁਰਦੁਆਰਿਆਂ ਵਿਚ ਅਖੰਡ-ਪਾਠ ਰਖਣ, ਨਗਰ ਕੀਰਤਨ ਕਢਣ , ਵਿਸ਼ਾਲ ਦੀਵਾਨ ਸਜਾਉਣ, ਅੰਮ੍ਰਿਤ ਸੰਚਾਰ ਕਰਨ ਅਤੇ ਗੁਰੂ ਕਾ ਲਿੰਗਰ ਵਰਤਾਉਣ ਦੇ ਉਚੇਚੇ ਉੱਦਮ ਕੀਤੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਗੁਰੂ- ਧਾਮਾਂ ਦੇ ਨੇੜੇ ਮੇਲਿਆਂ ਵਾਲੀ ਰੌਣਕ ਹੋ ਜਾਂਦੀ ਹੈ। ਸ਼ਰਧਾਲੂਆਂ ਵਲੋਂ ਸੰਬੰਧੀਆਂ/ਮਿੱਤਰਾਂ ਨੂੰ ਗੁਰੂ ਸਾਹਿਬਾਨ ਦੇ ਜਨਮ ਦਿਨਾਂ ਦੀਆਂ ਵਧਾਈਆਂ ਦੇ ਕਾਰਡ ਵੀ ਭੇਜੇ ਜਾਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਪੁਰਬ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਪੁਰਬ: ਦੋ ਸ਼ਬਦਾਂ ਦਾ ਮੇਲ ਹੈ ਅਰਥਾਤ ਗੁਰੂ , ਅਧਿਆਤਮਿਕ ਉਪਦੇਸ਼ਕ ਅਤੇ ਪੁਰਬ , ਸੰਸਕ੍ਰਿਤ ਵਿਚ ਪਰਵ ਜਿਸਦਾ ਅਰਥ ਤਿਉਹਾਰ ਜਾਂ ਉਤਸਵ ਮਨਾਉਣ ਤੋਂ ਹੈ। ਸਿੱਖ ਪਰੰਪਰਾ ਵਿਚ ਗੁਰਪੁਰਬ ਗੁਰੂਆਂ ਦੇ ਜੀਵਨ ਨਾਲ ਸੰਬੰਧਿਤ ਇਕ ਜਾਂ ਹੋਰ ਜਨਮ ਦਿਹਾੜਿਆਂ ਦੇ ਪਵਿੱਤਰ ਦਿਨਾਂ ਦੀ ਯਾਦਗਾਰ ਨੂੰ ਕਾਇਮ ਬਣਾਈ ਰੱਖਣ ਲਈ ਇਕ ਮਹਤੱਵਪੂਰਨ ਅਤੇ ਪ੍ਰਤੱਖ ਗਤੀਵਿਧੀ ਹੈ। ਅਜਿਹੇ ਜਨਮ ਦਿਹਾੜਿਆਂ ਨੂੰ ਸ਼ਰਧਾਪੂਰਨ ਉਤਸ਼ਾਹ ਨਾਲ ਮਨਾਉਣਾ ਸਿੱਖ ਜੀਵਨ-ਜਾਚ ਦੀ ਪ੍ਰਤੱਖ ਵਿਸ਼ੇਸ਼ਤਾ ਹੈ। ਇਸ ਸੰਦਰਭ ਵਿਚ ਗੁਰੂ ਗ੍ਰੰਥ ਸਾਹਿਬ ਵਿਚੋਂ ਅਕਸਰ ਇਕ ਪੰਗਤੀ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ``॥ (ਗੁ.ਗ੍ਰੰ.951)। ਸਿੱਖ ਕੈਲੰਡਰ ਉੱਤੇ ਦਿੱਤੇ ਗਏ ਬਹੁਤ ਜ਼ਿਆਦਾ ਮਹੱਤਵਪੂਰਨ ਗੁਰਪੁਰਬਾਂ ਵਿਚੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਨ ਅਤੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿਚ ਭਾਦੋਂ ਸੁਦੀ 1, 1661 ਬਿਕਰਮੀ/16 ਅਗਸਤ 1604 ਈ. ਨੂੰ ਪਵਿੱਤਰ ਗ੍ਰੰਥ ਦੀ ਸਥਾਪਨਾ ਦਾ ਦਿਨ ਹਨ। ਇਹਨਾਂ ਦੇ ਨਾਲ -ਨਾਲ ਵਸਾਖੀ , ਜੋ ਭਾਰਤ ਦੇ ਦੇਸੀ ਮਹੀਨੇ ਵੈਸਾਖ ਦਾ ਪਹਿਲਾ ਦਿਨ ਹੈ, ਜਿਹੜਾ 1699 ਵਿਚ ਖ਼ਾਲਸਾ ਪੰਥ ਦੇ ਜਨਮ ਦਾ ਪ੍ਰਤੀਕ ਚਿੰਨ੍ਹ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਵੀ ਉਲੇਖਯੋਗ ਹਨ। ਪੁਰਾਤਨ ਬਿਰਤਾਂਤਾਂ ਵਿਚ ਇਹ ਸੰਕੇਤ ਮਿਲਦੇ ਹਨ ਕਿ ਬਾਅਦ ਵਿਚ ਆਉਣ ਵਾਲੇ ਗੁਰੂ ਆਪ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਮਨਾਉਂਦੇ ਰਹੇ ਸਨ। ਇਹਨਾਂ ਸਾਲਾਨਾ ਉਤਸਵਾਂ ਨਾਲ ਇੰਨੀ ਜ਼ਿਆਦਾ ਮਹੱਤਤਾ ਜੁੜੀ ਹੋਈ ਸੀ ਕਿ ਪਹਿਲੇ ਚਾਰ ਗੁਰੂਆਂ ਦੇ ਜੋਤੀ-ਜੋਤਿ ਸਮਾਉਣ ਦੀਆਂ ਮਿਤੀਆਂ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕੀਤੇ ਗ੍ਰੰਥ ਦੇ ਪਹਿਲੇ ਸੋਧ ਸੰਸਕਰਨ ਵਿਚ ਪੱਤਰੇ ਉੱਤੇ ਅੰਕਿਤ ਕੀਤਾ ਗਿਆ ਸੀ। ਗੁਰਪੁਰਬ ਸ਼ਬਦ ਗੁਰੂਆਂ ਦੇ ਸਮੇਂ ਹੀ ਵਰਤੋਂ ਵਿਚ ਆਉਣ ਲੱਗ ਪਿਆ ਸੀ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਭਾਈ ਗੁਰਦਾਸ (1551-1636) ਦੀਆਂ ਵਾਰਾਂ ਵਿਚ ਘੱਟੋ-ਘੱਟ ਪੰਜ ਥਾਵਾਂ ‘ਤੇ ਆਉਂਦਾ ਹੈ। ਹਵਾਲੇ ਲਈ-“ਕੁਰਬਾਣੀ ਤਿਨਾ ਗੁਰ ਸਿਖਾ ਭਾਇ ਭਗਤਿ ਗੁਰਪੁਰਬ ਕਰੰਦੇ” (ਵਾਰਾਂ, XII. 2)।

     ਗੁਰਪੁਰਬਾਂ ‘ਤੇ ਜੋ ਕੁਝ ਵਾਪਰਦਾ ਹੈ ਉਹ ਧਾਰਮਿਕ ਅਤੇ ਉਤਸਵੀ, ਸ਼ਰਧਾਮਈ ਅਤੇ ਪ੍ਰਭਾਵਸ਼ਾਲੀ, ਵਿਅਕਤੀਗਤ ਅਤੇ ਜਨਤਿਕ ਦਾ ਸੁਮੇਲ ਹੁੰਦਾ ਹੈ। ਕਈ ਦਹਾਕਿਆਂ ਤੋਂ ਇਹ ਪ੍ਰਮਾਣਿਕ ਪੈਟਰਨ ਵਿਕਸਤ ਹੋਇਆ। ਹੁਣ ਤਕ ਇਸ ਨੂੰ ਮਨਾਉਣ ਲਈ ਕਿਸੇ ਵਿਸ਼ੇਸ਼ ਪਾਵਨਤਾ ਦੀ ਤਰਤੀਬ ਕਾਇਮ ਨਹੀਂ ਕੀਤੀ ਗਈ ਅਤੇ ਮਨਾਉਣ ਵਿਚ ਵਿਭਿੰਨਤਾਵਾਂ ਹੋਣਗੀਆਂ ਅਤੇ ਇਸ ਨੂੰ ਮਨਾਉਣਾ ਅਸਲ ਵਿਚ ਸਥਾਨਿਕ ਜਥਿਆਂ ਦੀ ਕਲਪਨਾਸ਼ੀਲਤਾ ਅਤੇ ਉਦੱਮ ਉੱਤੇ ਨਿਰਭਰ ਕਰਦਾ ਹੈ। ਇਹਨਾਂ ਉਤਸਵਾਂ ਉੱਤੇ, ਸਿੱਖ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘਰਾਂ ਵਿਚ ਅਤੇ ਗੁਰਦੁਆਰਿਆਂ ਵਿਚ ਰਸਮੀ ਤੌਰ ‘ਤੇ 48 ਘੰਟੇ ਨਿਰੰਤਰ ਪਾਠ ਕੀਤਾ ਜਾਂਦਾ ਹੈ। ਇਸ ਪਾਠ ਨੂੰ ਅਖੰਡ ਪਾਠ ਕਿਹਾ ਜਾਂਦਾ ਹੈ: ਇਹ ਪਾਠ ਬਿਨਾਂ ਕਿਸੇ ਰੁਕਾਵਟ ਦੇ ਹੋਣਾ ਚਾਹੀਦਾ ਹੈ। ਪਾਠ ਕਰਨ ਵਾਲੇ ਨਿਰੰਤਰ ਲੈਅ ਵਿਚ ਪਵਿੱਤਰ ਗ੍ਰੰਥ ਦੀ ਸ਼ਬਦ ਬਾਣੀ ਉਚਾਰ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਇਸ ਵਿਚ ਕਿਤੇ ਵੀ ਰੁਕਾਵਟ ਨਹੀਂ ਆਈ ਹੈ। ਇਸ ਤੋਂ ਇਲਾਵਾ ਹੋਰ, ਗੁਰਦੁਆਰਿਆਂ ਵਿਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ ਅਤੇ ਗੁਰੂਆਂ ਦੇ ਜੀਵਨ ਸੰਬੰਧੀ ਅਤੇ ਸਿੱਖਿਆਵਾਂ ਉੱਤੇ ਪ੍ਰਵਚਨ ਕੀਤੇ ਜਾਂਦੇ ਹਨ। ਸਿੱਖ ਨਗਰਾਂ ਅਤੇ ਸ਼ਹਿਰਾਂ ਵਿਚ ਪਵਿੱਤਰ ਬਾਣੀ ਦਾ ਉਚਾਰਨ ਕਰਦੇ ਹੋਏ ਸ਼ੋਭਾ ਯਾਤਰਾ/ਜਲੂਸ ਕੱਢਦੇ ਹਨ। ਇਸ ਵਿਚ ਹਿੱਸਾ ਲੈਣ ਵਾਲਿਆਂ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ; ਕੁਝ ਸਥਾਨਾਂ ਤੇ ਇਹਨਾਂ ਦੀ ਗਿਣਤੀ ਹਜ਼ਾਰਾਂ ਵਿਚ ਪਹੁੰਚ ਜਾਂਦੀ ਹੈ। ਇਹਨਾਂ ਉਤਸਵਾਂ ‘ਤੇ ਸਾਂਝੇ ਭੋਜਨ ਵਿਚ ਹਿੱਸਾ ਲੈਣ ਨੂੰ ਗੁਣਕਾਰੀ ਕਾਰਜ ਸਮਝਿਆ ਜਾਂਦਾ ਹੈ। ਇਹਨਾਂ ਉਤਸਵਾਂ ਵਿਚ ਇਹ ਕਾਰਜਕ੍ਰਮ ਵੀ ਸ਼ਾਮਲ ਸੀ ਕਿ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਵੇ ਜਿਨ੍ਹਾਂ ਨੇ ਪਹਿਲਾਂ ਖ਼ਾਲਸੇ ਦੀ ਤਰ੍ਹਾਂ ਅੰਮ੍ਰਿਤ ਨਹੀਂ ਛਕਿਆ ਹੁੰਦਾ ਸੀ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸੇ ਦੀ ਸਥਾਪਨਾ ਵੇਲੇ ਅੰਮ੍ਰਿਤ ਛਕਾਉਣ ਦੀ ਵਿਧੀ ਅਪਣਾਈ ਸੀ। ਇਸ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਸਿੱਖ ਰਸਾਲੇ ਅਤੇ ਅਖ਼ਬਾਰ ਆਪਣੇ ਵਿਸ਼ੇਸ਼ ਅੰਕ ਕੱਢਦੇ ਹਨ। ਸਕੂਲਾਂ ਅਤੇ ਕਾਲਜਾਂ ਵਿਚ ਸਹਾਇਕ ਅਤੇ ਅਕਾਦਮਿਕ ਸਮਾਗਮਾਂ ਤੋਂ ਇਲਾਵਾ ਜਨਤਿਕ ਸਮਾਗਮ ਵੀ ਹੁੰਦੇ ਹਨ। ਜਨਮ ਉਤਸਵਾਂ ਦੀ ਯਾਦ ਵਿਚ ਮਨਾਏ ਜਾਂਦੇ ਗੁਰਪੁਰਬਾਂ ‘ਤੇ ਗੁਰਦੁਆਰਿਆਂ ਅਤੇ ਘਰਾਂ ਵਿਚ ਦੀਪਮਾਲਾਵਾਂ ਵੀ ਕੀਤੀਆਂ ਜਾਂਦੀਆਂ ਹਨ। ਦੋਸਤ ਅਤੇ ਪਰਵਾਰ ਇਕ ਦੂਜੇ ਨੂੰ ਸ਼ੁਭ-ਕਾਮਨਾਵਾਂ ਦਿੰਦੇ ਹਨ। ਅੱਜ-ਕੱਲ੍ਹ ਛੱਪੇ ਹੋਏ ਅਜਿਹੇ ਕਾਰਡਾਂ ਦੀ ਵਰਤੋਂ ਪ੍ਰਚਲਿਤ ਹੋ ਗਈ ਹੈ ਜਿਸ ਪ੍ਰਕਾਰ ਦੇ ਕਾਰਡਾਂ ਦੀ ਵਰਤੋਂ ਪੱਛਮ ਵਿਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਕੀਤੀ ਜਾਂਦੀ ਹੈ।

     1967 ਵਿਚ, ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸੌ-ਸਾਲਾ ਜਨਮ ਉਤਸਵ ਦਾ ਗੁਰਪੁਰਬ ਮਨਾਉਣ ਲਈ ਸਿੱਖਾਂ ਦੀਆਂ ਤਿਆਰੀਆਂ ਦਾ ਉਤਸ਼ਾਹ ਬੇਮਿਸਾਲ ਸੀ। ਇਸ ਸੰਬੰਧੀ ਦਸਤਾਵੇਜ਼ਾਂ ਵਿਚ ਕੋਈ ਸਬੂਤ ਨਹੀਂ ਮਿਲਦੇ ਕਿ ਪਿਛਲੇ ‘ਸ਼ਤਾਬਦੀ ਉਤਸਵਾਂ’ ਨੂੰ ਵੀ ਇਸੇ ਤਰ੍ਹਾਂ ਹੀ ਮਨਾਇਆ ਗਿਆ ਸੀ। ਇਕ ਪ੍ਰਸਤਾਵ ਵਿਸ਼ੇਸ਼ ਕਰਕੇ 1899 ਵਿਚ ਖ਼ਾਲਸਾ ਦੇ ਜਨਮ ਉਤਸਵ ਦੀ ਦੂਜੀ ਸ਼ਤਾਬਦੀ ਨੂੰ ਧੂਮਧਾਮ ਨਾਲ ਮਨਾਉਣ ਸੰਬੰਧੀ ਖੋਜਿਆ ਜਾ ਸਕਦਾ ਹੈ।ਇਹ ਸੁਝਾਅ , ਮਹੱਤਵਪੂਰਨ ਕਿਰਤ ਦ ਸਿੱਖ ਰਿਲਿਜਨ ਦੇ ਲੇਖਕ, ਮੈਕਸ ਆਰਥਰ ਮੈਕਾਲਿਫ਼ ਵੱਲੋਂ ਆਇਆ, ਪਰੰਤੂ ਇਸਨੂੰ ਬਹੁਤਾ ਭਰਵਾਂ ਹੁੰਗਾਰਾ ਪ੍ਰਾਪਤ ਨਹੀਂ ਹੋਇਆ ਸੀ। 1967 ਵਿਚ, ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ-ਸੌ-ਸਾਲਾ ਜਨਮ ਉਤਸਵ ਨੂੰ ਵੱਡੇ ਪੱਧਰ ‘ਤੇ ਮਨਾਏ ਜਾਣ ਨੇ ਦੂਰ-ਦੂਰ ਤਕ ਲੋਕਾਂ ਵਿਚ ਉਤਸ਼ਾਹ ਉਤਪੰਨ ਕਰ ਦਿੱਤਾ ਸੀ ਅਤੇ ਇਸ ਉਤਸਵ ਨੇ ਅਕਾਦਮਿਕ ਅਤੇ ਸਾਹਿਤਿਕ ਕਾਰਜਕ੍ਰਮਾਂ ਦੀ ਦੀਰਘਕਾਲੀ ਲੜੀ ਅਰੰਭ ਕਰ ਦਿੱਤੀ ਸੀ। ਇਸ ਨੇ ਇਕ ਨਵੇਂ ਰੁਝਾਨ ਅਤੇ ਗੁਰਪੁਰਬ ਮਨਾਉਣ ਨੂੰ ਵੀ ਸ਼ੁਰੂ ਕੀਤਾ। ਉਵੇਂ ਹੀ ਉਤਸ਼ਾਹਪੂਰਨ ਤਰੀਕੇ ਨਾਲ ਕੁਝ ਹੋਰ ਦਿਨ ਵੀ ਮਨਾਏ ਗਏ ਸਨ; ਜਿਵੇਂ 1969 ਵਿਚ, ਗੁਰੂ ਨਾਨਕ ਦੇਵ ਜੀ ਦਾ ਪੰਜ-ਸੌ ਸਾਲਾ ਜਨਮ ਉਤਸਵ; 1973 ਵਿਚ, ਸਿੰਘ ਸਭਾ ਦੇ ਜਨਮ ਉਤਸਵ ਦੀ ਪਹਿਲੀ ਸ਼ਤਾਬਦੀ; 1975 ਵਿਚ, ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹੀਦੀ ਦਾ ਤਿੰਨ-ਸੌ-ਸਾਲਾ; 1977 ਵਿਚ, ਗੁਰੂ ਰਾਮਦਾਸ ਜੀ ਦਾ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖਣ ਸੰਬੰਧੀ ਚਾਰ- ਸੌ-ਸਾਲਾ ਉਤਸਵ; 1979 ਵਿਚ, ਗੁਰੂ ਅਮਰਦਾਸ ਜੀ ਦੇ ਜਨਮ ਦਾ 500 ਸਾਲਾ ਉਤਸਵ; 1980 ਵਿਚ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਾ 200 ਸਾਲਾ ਉਤਸਵ; 1982 ਵਿਚ, ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਦਾ ਤਿੰਨ-ਸੌ-ਸਾਲਾ ਉਤਸਵ ਆਦਿ ਵਧ ਚੜ੍ਹ ਕੇ ਮਨਾਏ ਗਏ ਸਨ।


ਲੇਖਕ : ਹ.ਮ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.