ਪਰਚੀਆਂ ਪਾਤਸ਼ਾਹੀ ਦਸ ਕੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਚੀਆਂ ਪਾਤਸ਼ਾਹੀ ਦਸ ਕੀਆਂ: ਅਠਾਰ੍ਹਵੀਂ ਸਦੀ ਦੇ ਪਹਿਲੇ ਅੱਧ ਦੀ ਇਹ ਇਕ ਮਹੱਤਵਪੂਰਣ ਗੱਦ ਰਚਨਾ ਹੈ। ਇਹ ਅਸਲ ਵਿਚ ਗੁਰੂ ਸਾਹਿਬਾਨ ਬਾਰੇ 50 ਸਾਖੀਆਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਪਹਿਲੀਆਂ ਅੱਠ ਪਰਚੀਆਂ ਇਕ ਇਕ ਕਰਕੇ ਪਹਿਲੇ ਅੱਠ ਗੁਰੂਆਂ ਨਾਲ ਸੰਬੰਧਿਤ ਹਨ। ਅਗਲੀਆਂ ਚਾਰ ਨੌਵੇਂ ਗੁਰੂ ਬਾਰੇ ਹਨ ਅਤੇ ਬਾਕੀ 38 ਦਾ ਸੰਬੰਧ ਦਸਵੇਂ ਗੁਰੂ ਨਾਲ ਹੈ। ਇਸ ਦਾ ਇਕ ਨਾਮਾਂਤਰ ‘ਪਰਚੀਆਂ ਗੁਰੂ ਗੋਬਿੰਦ ਸਿੰਘ ਜੀ’ ਵੀ ਪ੍ਰਸਿੱਧ ਹੈ। ਇਸ ਵਿਚ ਸੰਦੇਹ ਨਹੀਂ ਕਿ ਪਹਿਲੀਆਂ 12 ਸਾਖੀਆਂ ਦਾ ਸੰਬੰਧ ਦਸਮ ਗੁਰੂ ਨਾਲ ਨਹੀਂ ਹੈ, ਪਰ ਚੂੰਕਿ ਇਸ ਸਾਖੀ-ਸੰਗ੍ਰਹਿ ਵਿਚ ਪ੍ਰਧਾਨਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਖੀਆਂ ਦੀ ਹੈ, ਇਸ ਲਈ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ਕਰ ਦਿੱਤਾ ਗਿਆ ਹੈ। ਉਂਜ ਕਿਤੇ ਕਿਤੇ ਇਸ ਦਾ ਨਾਂ ‘ਸਾਖੀਆਂ ਪਾਤਸਾਹੀਆਂ ਦਸਾਂ’ ਲਿਖਿਆ ਗਿਆ ਹੈ, ਜੋ ਨਿਤਾਂਤ ਅਨੁਪਯੁਕਤ ਹੈ। ਹੱਥ-ਲਿਖਿਤ ਪੋਥੀਆਂ ਤੋਂ ਇਲਾਵਾ ਇਸ ਦਾ ਪ੍ਰੋ. ਹਰੀ ਸਿੰਘ ਦੁਆਰਾ ਸੰਪਾਦਿਤ ਸੰਸਕਰਣ ਵੀ ਉਪਲਬਧ ਹੈ ਜਿਸ ਨੂੰ ਭਾਸ਼ਾ ਵਿਭਾਗ ਨੇ ਸੰਨ 1961 ਈ. ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਦਾ ਰਚੈਤਾ ਇਕ ਅੰਦਰਲੀ ਗਵਾਹੀ ਅਨੁਸਾਰ ਸੇਵਾ ਦਾਸ ਉਦਾਸੀ ਹੈ— ਸੇਵਾਦਾਸ ਉਦਾਸੀ ਕੀਨੀ ਪਰਚਰੀ ਗੁਰ ਉਸਤਤੁ ਦੀ ਪੋਥੀ ਪ੍ਰੇਮ ਕੇਸਰ ਚਰਚਰੀ (ਪੰਨਾ 183)

ਇਸ ਤੋਂ ਭਿੰਨ ਲੇਖਕ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ। ਸ਼ਮਸ਼ੇਰ ਸਿੰਘ ਅਸ਼ੋਕ (ਪੰਜਾਬੀ ਹੱਥ- ਲਿਖਿਤਾਂ ਦੀ ਸੂਚੀ , ਭਾਗ 2, ਪੰਨਾ 266) ਨੇ ਨਿਰਾਧਾਰ ਤੌਰ ’ਤੇ ਸੇਵਾ ਦਾਸ ਨੂੰ ਅੱਡਣਸ਼ਾਹੀ ਸੰਸਥਾ ਨਾਲ ਜੋੜਦਿਆਂ ਇਸ ਨੂੰ ਉਦਾਸੀ ਸੰਪ੍ਰਦਾਇ ਦੀ ਥਾਂ ਤੇ ਸੇਵਾਪੰਥੀ ਸੰਪ੍ਰਦਾਇ ਨਾਲ ਸੰਬੰਧਿਤ ਕੀਤਾ ਹੈ। ਅਸਲ ਵਿਚ, ਸੇਵਾ ਦਾਸ ਬਾਲੂ ਹਸਨਾ (ਦੂਜਾ ਧੂਆਂ) ਦੀ ਸੇਵਕ-ਪਰੰਪਰਾ ਵਿਚ ਪੰਜਵੇਂ ਸਥਾਨ’ਤੇ ਸੀ ਅਤੇ ਲੁਧਿਆਣੇ ਜ਼ਿਲ੍ਹੇ ਦੇ ਕਿਸੇ ਉਦਾਸੀ ਡੇਰੇ ਨਾਲ ਸੰਬੰਧਿਤ ਸੀ।

ਇਸ ਦਾ ਰਚਨਾ-ਕਾਲ ਵੀ ਸੰਦਿਗਧ ਹੈ। ਕੁਝ ਵਿਦਵਾਨਾਂ ਨੇ ਇਸ ਦੀਆਂ ਪੋਥੀਆਂ ਦੇ ਆਖ਼ੀਰ ਵਿਚ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ ਸੰਮਤ (1766 ਬਿ.) ਨੂੰ ਇਸ ਦਾ ਰਚਨਾ ਕਾਲ ਮਿਥ ਲਿਆ ਹੈ, ਪਰ ਇਸ ਵਿਚ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਉਨ੍ਹਾਂ ਦੇ ਦੇਹਰੇ ਅਤੇ ਉਸ ਦੇ ਅਧਿਆਤਮਿਕ ਵਾਤਾਵਰਣ ਦਾ ਉੱਲੇਖ ਹੋਇਆ ਹੈ, ਜਿਸ ਦੇ ਆਧਾਰ’ਤੇ ਇਹ ਕੁਝ ਪਰਵਰਤੀ ਰਚਨਾ ਪ੍ਰਤੀਤ ਹੁੰਦੀ ਹੈ। ਇਸ ਦੀ ਸਭ ਤੋਂ ਪ੍ਰਾਚੀਨ ਹੱਥ-ਲਿਖਿਤ ਪੋਥੀ 1741 ਈ. (1798 ਬਿ.) ਦੀ ਲਿਖੀ ਮਿਲਦੀ ਹੈ ਅਤੇ ਇਕ ਹੋਰ ਪੋਥੀ ਜੋ ਕਿਸੇ ਪ੍ਰੇਮੀ ਸੱਜਣ ਨੇ ਬਾਬਾ ਕਲਾਧਾਰੀ ਬੇਦੀ ਲਈ ਲਿਖੀ ਸੀ ਅਤੇ ਜਿਸ ਵਿਚ ਇਹ ਸਾਖੀਆਂ ਸ਼ਾਮਲ ਹਨ, ਇਸ ਨੂੰ ਲਗਭਗ 10 ਸਾਲ ਹੋਰ ਪਿਛੇ ਲੈ ਜਾਂਦੀ ਹੈ ਕਿਉਂਕਿ ਬਾਬਾ ਕਲਾਧਾਰੀ ਦੀ ਮ੍ਰਿਤੂ ਸੰਨ 1737 ਈ. (1794 ਬਿ.) ਤੋਂ ਨਿਸ਼ਚੇ ਹੀ ਇਹ ਪੋਥੀ ਪਹਿਲਾਂ ਲਿਖੀ ਗਈ ਹੋਵੇਗੀ। ਇਸ ਤਰ੍ਹਾਂ ਇਹ ਰਚਨਾ ਅਠਾਰ੍ਹਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਲਿਖੀ ਜਾਣੀ ਸੰਭਵ ਪ੍ਰਤੀਤ ਹੁੰਦੀ ਹੈ।

ਇਸ ਪਰਚੀ-ਸੰਗ੍ਰਹਿ ਵਿਚ ਜਿਗਿਆਸੂਆਂ ਦੇ ਮਨਾਂ ਵਿਚ ਉਨ੍ਹਾਂ ਮਹਾਨ ਮਾਨਤਾਵਾਂ ਨੂੰ ਚੰਗੀ ਤਰ੍ਹਾਂ ਦ੍ਰਿੜ੍ਹ ਕਰਨ ਦਾ ਯਤਨ ਕੀਤਾ ਗਿਆ ਹੈ, ਜਿਨ੍ਹਾਂ ਦੀ ਸਥਾਪਨਾ ਲਈ ਗੁਰੂ ਸਾਹਿਬਾਨ ਦਾ ਜਨਮ ਹੋਇਆ ਸੀ। ਇਸ ਵਿਚ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ ’ ਘਲਣ ਅਤੇ ਬਹਾਦਰਸ਼ਾਹ ਦੀ ਸਹਾਇਤਾ ਕਰਨ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਛਡ ਕੇ, ਬਾਕੀ ਦੀਆਂ ਪਰਚੀਆਂ ਵਿਚ ਸਦਾਚਾਰ ਅਤੇ ਰਹਿਤ- ਮਰਯਾਦਾ ਦੀ ਗੱਲ ਕੀਤੀ ਗਈ ਹੈ ਅਤੇ ਅਜਿਹਾ ਕਰਨ ਵਿਚ ਕਿਤੇ ਕਿਤੇ ਮਿਥਿਕ ਅਤੇ ਅਣਇਤਿਹਾਸਿਕ ਗੱਲਾਂ ਦਾ ਵੀ ਸਮਾਵੇਸ਼ ਹੋ ਗਿਆ ਹੈ। ਪਹਿਲੇ ਅੱਠ ਗੁਰੂ ਸਾਹਿਬਾਨ ਨਾਲ ਸੰਬੰਧਿਤ ਪਰਚੀਆਂ ਵਿਚ ਭਗਤੀ ਅਤੇ ਗਿਆਨ ਦਾ ਸਮਨਵੈ, ਆਗਿਆਕਰਿਤਾ, ਖਿਮਾ, ਹਲੀਮੀ, ਨਿਮਰਤਾ, ਬਿਰਤੀ ਦੀ ਇਕਾਗਰਤਾ , ਪਰਮਾਤਮਾ ਕਰਣ-ਕਾਰਣ ਸਮਰਥ ਆਦਿ ਵਿਸ਼ਿਆਂ ਬਾਰੇ ਪਰਿਚਰਚਾ ਹੋਈ ਹੈ।

ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਤੀਜੀ ਪਰਚੀ ਵਿਚ ਤੁਰਕਾਂ/ਸ਼ੇਖਾਂ ਦੇ ਬੇਟਿਆਂ ਵਲੋਂ ਲੰਗਰ ਲਈ ਪਾਣੀ ਲਿਆਉਣ ਵਾਲੇ ਸਿੱਖਾਂ ਦੇ ਘੜਿਆਂ ਨੂੰ ਗੁਲੇਲੇ ਮਾਰ ਕੇ ਭੰਨਣ ਵਾਲਿਆਂ ਦੇ ਪ੍ਰਸੰਗ ਵਿਚ ਗੁਰੂ ਜੀ ਇਕ ਸਾਧ ਦੀ ਸਾਖੀ ਸੁਣਾਉਂਦੇ ਹਨ :

            ਹੁਕਮੁ ਹੋਆ ਕਿਸੀ ਸਾਧ ਥੀ ਸਾਧ ਪੁਛਿਆ ਥਾ ਜੋ ਕਿਸੀ ਮਾਨੁਖ ਸਾਥ ਕਰੀਏ ਭਲਿਆਈ ਤੇ ਆਗੇ ਤੇ ਉਹੁ ਕਰੇ ਬੁਰਿਆਈ ਤਾ ਤਿਸ ਨਾਲ ਕਿਆ ਕਰੀਏ ਤਬ ਸਾਧ ਉਤਰੁ ਦੀਆ ਜੋ ਉਸ ਨਾਲਿ ਫੇਰਿ ਭਲਿਆਈ ਕਰੀਏ ਤਾਂ ਫੇਰਿ ਸਾਧ ਕਹਿਆ ਭਲਾ ਜੀ ਫੇਰਿ ਕਰੀਏ ਭਲਿਆਈ ਤੇ ਆਗੇ ਤੇ ਫੇਰਿ ਉਹੁ ਕਰੇ ਬੁਰਾਈ ਤਾ ਤਿਸ ਨਾਲਿ ਕਿਆ ਕਰੀਏ ਤਾ ਫੇਰਿ ਸਾਧ ਕਹਿਆ ਭਲਾ ਜੀ ਫੇਰਿ ਕਰੀਏ ਭਲਿਆਈ ਤੇ ਆਗੇ ਤੇ ਫੇਰਿ ਉਹ ਕਰੇ ਬੁਰਾਈ ਤਾਂ ਤਿਸ

ਾਲਿ ਕਿਆ ਕਰੀਏ ਤਾਂ ਫੇਰਿ ਸਾਧ ਕਹਿਆ ਭਲਾ ਜਿ ਇਹ ਕਿਆ ਤਾਂ ਫੇਰਿ ਸਾਧ ਉਤਰਿ ਦੀਆ ਜੇ ਤੁਮ ਕਉ ਭਲਾਈ ਕਾ ਫਲੁ ਅਰੁ ਉਨ ਕਉ ਬੁਰਾਈ ਕਾ ਫਲ ਜਉ ਉਹੁ ਬੁਰਾਈ ਹੀ ਕਉ ਦ੍ਰਿੜ ਰਾਖੇ ਤਉ ਤੁਮ ਕਉ ਤਉ ਭਲਾਈ ਅਤਿ ਕਰਿ ਦ੍ਰਿੜ ਰਾਖਣੀ ਪਰਵਾਨ ਹੈ ਕਿਉ ਤਬ ਉਸ ਸਾਧ ਕਹਿਆ ਭਲਾ ਜੀ ਭਲਾ ਕਹਿਆ ਫੇਰਿ ਹੁਕਮੁ ਹੋਆ ਏਕੁ ਕਰੇ ਤਾਦੀ ਤੇ ਦੂਸਰਾ ਸਹਿ ਜਾਵੇ ਤਬ ਉਸ ਦੀ ਵਿਟਹੁ ਉਸ ਕੇ ਸਾਥਿ ਪਰਮੇਸੁਰ ਤਾਦੀ ਕਰਤਾ ਹੈ ਸੋ ਪਰਮੇਸੁਰ ਕਾ ਏਹੁ ਸੁਭਾਉ ਹੈ ਫੜੇ ਫੜੇ ਪਰ ਜਉ ਫੜੇ ਤਉ ਛਡੇ ਨਾਹੀ ਐਸਾ ਫੜੇ ਜੋ ਚੋਟ ਚਲਾਵੈ ਸੋ ਪਰਮੇਸੁਰ ਸੇਖਾ ਕਉ ਫੜਿਆ ਹੈ ਹਮਾਰੇ ਵਸਿ ਕਿਛੁ ਨਾਹੀ

            ਗੁਰੂ ਤੇਗ ਬਹਾਦਰ ਜੀ ਦੀਆਂ 4 ਪਰਚੀਆਂ ਵਿਚ ਤਿਆਗ ਦੀ ਬਿਰਤੀ ਅਤੇ ਸ਼ਹਾਦਤ ਵਾਲੀ ਘਟਨਾ ਨੂੰ ਚਿਤਰਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ 38 ਪਰਚੀਆਂ ਵਿਚ ਲੋੜ ਤੋਂ ਵਧ ਧਨ ਨ ਸੰਚਣਾ, ਸਤਿ ਸੰਗਤ ਦੀ ਵਡਿਆਈ, ਰਹਿਤ-ਮਰਯਾਦਾ ਦਾ ਪਾਲਣ, ਕੀਰਤਨ ਦੀ ਉਤਮਤਾ, ਮੋਹ ਦਾ ਤਿਆਗ, ਮਸੰਦਾਂ ਦੀ ਸੁਧਾਈ, ਸੇਵਾ ਦਾ ਮਹੱਤਵ, ਆਦਰਸ਼ ਗ੍ਰਿਹਸਥੀ ਬਣਨ ਦੀ ਜਾਚ , ਪੂਜਾ ਦਾਨ ਦੀ ਨਿੰਦਿਆ , ਆਦਿ ਵਿਸ਼ਿਆਂ ਬਾਰੇ ਗੁਰਮਤਿ ਦਾ ਦ੍ਰਿਸ਼ਟੀਕੋਣ ਸਪੱਸ਼ਟ ਕੀਤਾ ਗਿਆ ਹੈ। ਇਨ੍ਹਾਂ ਪਰਚੀਆਂ ਰਾਹੀਂ ਸਾਫ਼ ਹੁੰਦਾ ਹੈ ਕਿ ਗੁਰੂ ਦਰਬਾਰ ਵਿਚ ਗੁਰੂ ਅਤੇ ਜਿਗਿਆਸੂਆਂ ਵਿਚ ਸੰਵਾਦ ਸਦਾ ਚਲਦਾ ਰਹਿੰਦਾ ਸੀ ਅਤੇ ਉਹ ਸੰਵਾਦ ਭੌਤਿਕਤਾ ਤੋਂ ਅਧਿਆਤ- ਮਿਕਤਾ ਵਲ ਦੀ ਯਾਤ੍ਰਾ ਵਿਚ ਪੇਸ਼ ਆਉਣ ਵਾਲੇ ਵਿਘਨਾਂ ਨੂੰ ਦੂਰ ਕਰਨ ਲਈ ਪਥ-ਪ੍ਰਦਰਸ਼ਕ ਦੀ ਭੂਮਿਕਾ ਨਿਭਾਉਂਦਾ ਸੀ। ਇਸ ਤਰ੍ਹਾਂ ਹੌਲੀ ਹੌਲੀ ਸਿੱਖ ਸਭਿਆਚਾਰ ਦੀਆਂ ਮਾਨਤਾਵਾਂ ਸਥਾਪਿਤ ਹੁੰਦੀਆਂ ਜਾ ਰਹੀਆਂ ਸਨ।

ਇਨ੍ਹਾਂ ਪਰਚੀਆਂ ਵਿਚ ਕਿਸੇ ਵਿਸ਼ੇਸ਼-ਕ੍ਰਮ ਜਾਂ ਵਿਧਾਨ ਨੂੰ ਨਹੀਂ ਅਪਣਾਇਆ ਗਿਆ। ਲੇਖਕ ਨੇ ਦਸਮ ਗੁਰੂ ਸੰਬੰਧੀ ਪਰਚੀਆਂ ਦੇ ਸੰਕਲਨ ਵੇਲੇ 13ਵੀਂ ਪਰਚੀ ਵਿਚ ਜ਼ਫ਼ਰਨਾਮੇ ਦੇ ਭੇਜਣ ਦਾ ਪ੍ਰਸੰਗ ਲਿਖਿਆ ਹੈ। ਉਨ੍ਹੀਵੀਂ ਸਾਖੀ ਵਿਚ ਮਸੰਦਾਂ ਦੇ ਸੋਧਣ ਦੀ ਘਟਨਾ ਹੈ ਜੋ ਜ਼ਫ਼ਰਨਾਮਾ ਲਿਖਣ ਤੋਂ ਬਹੁਤ ਪਹਿਲਾ ਘਟ ਚੁਕੀ ਸੀ ਅਤੇ 27ਵੀਂ ਸਾਖੀ ਵਿਚ ਨਦੀ ਵਿਚ ਕੰਗਣ ਸੁਟਣ ਦੇ ਬਚਪਨ ਦੇ ਚੋਜ ਦਾ ਚਿਤ੍ਰਣ ਹੈ। ਇਸ ਤਰ੍ਹਾਂ ਇਹ ਪ੍ਰਸੰਗ ਜੀਵਨ ਦੇ ਵਿਕਾਸ-ਕ੍ਰਮ ਅਨੁਸਾਰ ਨ ਚਿਤਰੇ ਜਾ ਕੇ ਅਨਰਗਲ ਪਰਚੀ-ਸੰਗ੍ਰਹਿ ਦਾ ਨਮੂਨਾ ਪੇਸ਼ ਕਰਦੇ ਹਨ।

ਵਸਤੂ ਦੇ ਅਨੁਚਿਤ ਵਿਧਾਨ ਤੋਂ ਇਲਾਵਾ ਕੁਝ ਇਕ ਪਰਚੀਆਂ ਵਿਚ ਇਤਿਹਾਸਿਕ ਤੱਥਾਂ ਦੇ ਉਲਟ ਬੜੀਆਂ ਬੇਤੁਕੀਆਂ ਕਲਪਨਾਵਾਂ ਕੀਤੀਆਂ ਗਈਆਂ ਹਨ। ਉਦਾਹਰਣ ਵਜੋਂ 12ਵੀਂ ਪਰਚੀ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਲਾਦ ਹੱਥੋਂ ਨ ਹੋ ਕੇ ਉਨ੍ਹਾਂ ਦਾ ਇਕ ਸਾਥੀ ਸਿੱਖ ਤੋਂ ਸ੍ਵ-ਇੱਛਾ ਅਨੁਸਾਰ ਸ਼ੀਸ਼ ਨੂੰ ਕਟਵਾਣਾ, 21ਵੀਂ ਪਰਚੀ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਜ਼ੇਬ -ਕਤਰੇ ਨੂੰ ਤਿੰਨ ਜੇਬਾਂ ਕਤਰਨ ਦੀ ਆਗਿਆ ਦੇਣਾ, 28ਵੀਂ ਸਾਖੀ ਵਿਚ ਦਸਮ ਗੁਰੂ ਜੀ ਦੇ ਚੋਹਾਂ ਸਾਹਿਬਜ਼ਾਦਿਆਂ ਦਾ ਆਨੰਦਪੁਰ ਵਿਚ ਲੜ ਕੇ ਸ਼ਹੀਦ ਹੋਣਾ, 50ਵੀਂ ਸਾਖੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੈਂਦੇ ਖਾਂ ਦੇ ਪੋਤੇ ਨੂੰ ਆਪਣੇ ਦਾਦੇ ਦਾ ਬਦਲਾ ਲੈਣ ਲਈ ਸ੍ਵ-ਕਤਲ ਵਾਸਤੇ ਪ੍ਰੇਰਿਤ ਕਰਨਾ ਅਤੇ ਅਫ਼ੀਮ ਦਾ ਸੇਵਨ ਕਰਨਾ ਆਦਿ। ਅਜਿਹਾ ਵਿਵਰਣ ਨ ਕੇਵਲ ਇਤਿਹਾਸਿਕ ਤੱਥਾਂ ਦੇ ਉਲਟ ਹੈ, ਸਗੋਂ ਗੁਰਬਾਣੀ ਦੀਆਂ ਆਧਾਰਭੂਤ ਮਾਨਤਾਵਾਂ ਦਾ ਵੀ ਵਿਰੋਧ ਕਰਦਾ ਹੈ। ਇਨ੍ਹਾਂ ਤੋਂ ਪਰਚੀ-ਕਾਰ ਦੀ ਮਾਨਸਿਕਤਾ ਦਾ ਵੀ ਬੋਧ ਹੁੰਦਾ ਹੈ।

ਇਸ ਦੀ ਸ਼ੈਲੀ ਭਾਵੇਂ ਬ੍ਰਿੱਤਾਂਤਿਕ ਹੈ, ਪਰ ਕਈਆਂ ਥਾਂਵਾਂ’ਤੇ ਵਿਆਖਿਆ ਪ੍ਰਧਾਨ ਸ਼ੈਲੀ ਵੀ ਵੇਖੀ ਜਾ ਸਕਦੀ ਹੈ, ਖ਼ਾਸ ਕਰਕੇ ਉਨ੍ਹਾਂ ਪ੍ਰਸੰਗਾਂ ਵਿਚ ਜਿਥੇ ਲੇਖਕ ਨੇ ਸਦਾਚਾਰ ਸੰਬੰਧੀ ਕਿਸੇ ਸਿੱਧਾਂਤਿਕ ਨੁਕਤੇ ਦਾ ਵਿਸ਼ਲੇਸ਼ਣ ਕੀਤਾ ਹੈ। ਕਿਤੇ ਕਿਤੇ ਕਥਾ-ਰਸ ਵੀ ਮਿਲ ਜਾਂਦਾ ਹੈ। ਪਰ ਸਮੁੱਚੇ ਤੌਰ’ਤੇ ਇਸ ਰਚਨਾ ਵਿਚ ਰੋਚਕਤਾ ਦੀ ਘਾਟ ਹੈ। ਕੁਲ ਮਲਾ ਕੇ ਸਾਧਾਰਣ ਜਿਹੀ ਅਭਿ-ਵਿਅਕਤੀ ਹੈ। ਇਸ ਵਿਚ ਨ ‘ਪੁਰਾਤਨ ਜਨਮਸਾਖੀ ’ ਵਾਲਾ ਨਾਟਕੀਅਤਾ-ਯੁਕਤ ਅਤੇ ਕਾਵਿਮਾਈ ਗੱਦ ਮਿਲਦਾ ਹੈ ਅਤੇ ਨ ਹੀ ਮਿਹਰਬਾਨ ਵਾਲੀ ਜਨਮਸਾਖੀ ਦੇ ਗੰਭੀਰ ਅਧਿਆਤਮਿਕ ਵਿਸ਼ਲੇਸ਼ਣ ਦੇ ਦਰਸ਼ਨ ਹੁੰਦੇ ਹਨ। ਅਧਿਕਾਂਸ਼ ਪਰਚੀਆਂ ਦਾ ਉਠਾਨ ਇਕ-ਸਮਾਨ ਹੈ। ਪਹਿਲਾਂ ਕਿਸੇ ਸਿੱਖ ਵਲੋਂ ਕਿਸੇ ਅਧਿਆਤਮਿਕ, ਧਾਰਮਿਕ ਜਾਂ ਨੈਤਿਕ ਸਮਸਿਆ ਬਾਰੇ ਸ਼ੰਕਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਫਿਰ ਗੁਰੂ ਜੀ ਵਲੋਂ ਉਸ ਦਾ ਸਮਾਧਾਨ ਕਰਵਾਇਆ ਗਿਆ ਹੁੰਦਾ ਹੈ। ਕਈ ਵਾਰ ਅਜਿਹੇ ਪ੍ਰਸੰਗਾਂ ਵਿਚ ਨਿੱਕੀਆਂ ਨਿੱਕੀਆਂ ਪੁੱਛਾਂ ਪ੍ਰਸ਼ਨੋਤਰੀ ਸ਼ੈਲੀ ਦਾ ਰੂਪ ਵੀ ਧਾਰਣ ਕਰ ਲੈਂਦੀਆਂ ਹਨ, ਜਿਵੇਂ :

ਇਕ ਦਿਨ ਹੁਕਮੁ ਹੋਆ ਭਾਈ ਲੜਕੇ ਤੇਰਾ ਬਰਨ ਕਉਨ ਹੈ ਤਾਂ ਲੜਕੇ ਕਹਿਆ ਸਚੇ ਪਾਤਸਾਹ ਮੇਰਾ ਬਰਨ ਸੁਨਿਆਰੇ ਕਿ ਹੈ ਹੁਕਮੁ ਹੋਆ ਕੋਈ ਭੂਖਨ ਭੀ ਘੜਿ ਜਾਣਦਾ ਹਹਿ ਤਾਂ ਲੜਕੇ ਕਹਿਆ ਸਚੇ ਪਾਤਸਾਹ ਮੈ ਹਭੇ

ੂਖਨ ਘੜਿ ਜਾਣਦਾ ਹਾਂ

            ਇਸ ਸੰਗ੍ਰਹਿ ਦੀ ਭਾਸ਼ਾ ਉਤੇ ਹਿੰਦਵੀ ਦਾ ਪ੍ਰਭਾਵ ਪ੍ਰਬਲ ਹੈ। ਇਹ ਪ੍ਰਭਾਵ ਸ਼ਬਦਾਵਲੀ ਤੋਂ ਲੈ ਕੇ ਵਿਆਕਰਣ ਤਕ ਵੇਖਿਆ ਜਾ ਸਕਦਾ ਹੈ। ਨਮੂਨੇ ਵਜੋਂ :

ਕਿਸੀ ਸਿਖ ਰਬਾਬੀਆਂ ਨੂੰ ਝਿੜਕਿਆ ਹੁਕਮੁ ਹੋਆ, ਸੁਣਿ ਸਿਖਾ ਹਿਕ ਹਿਕ ਰੰਨ ਕਾਣੀ ਪਿਲੀ ਘਰੀ ਛਡਿ ਆਏ ਹੋ ਸੋ ਤਿਸ ਰੰਨ ਕੀ ਖਿਚ ਕਰ ਕੇ ਗੁਰੂ ਪਾਸਿ ਤੁਹਾਡਾ ਮਨੁ ਨਹੀਂ ਲਗਤਾ ਗੁਰੂ ਤਹਾਨੂੰ ਕਲਾਵੇ ਵਿਚਿ ਪਾਇ ਰਖਦਾ ਹੈ ਅਤੇ ਤੁਸੀ ਫਿਰ ਰੰਨਾ ਕੀ ਓਰਿ ਦੌੜਤੇ ਹੋ ਅਤੇ ਗੋਪੀ ਚੰਦ ਐਸਾ ਸੂਰਮਾ ਥਾ ਜੋ ਅਠਾਰਹ ਹਜਾਰ ਰਾਣੀ ਦਾ ਤਿਆਗ ਕਰਿ ਗਇਆ ਹੈ ਅਰੁ ਜੇਤੀ ਉਸ ਕੀ ਰਾਣੀ ਥੀ ਰਾਜਿਅਹੁ ਕੀ ਬੇਟੀ ਥੀ ਮਹਾ ਸੁੰਦਰ ਚੰਦ ਮੁਖ ਉਨ ਕੇ ਬਦਨ ਥੇ ਅਰੁ ਮਸਤਕ ਉਪਰ ਮਣੀ ਰਖਤੀਆ ਮੋਤੀ ਅਰੁ ਮਾਣਿਕ ਉਨ ਕੇ ਗ੍ਰਹਿ ਮਹਿ ਪਹਾੜਹੁ ਕੀ ਲਿਆਈ ਅਬਾਰ ਥੇ ਸੋ ਗੁਰੂ ਗੋਰਖੁ ਮਿਲਿ ਕੇ ਸਭ ਕਾ ਤਿਆਗ ਕਰਿ ਗਇਆ ਹੈ ਤਿਨਹੁ ਕੀ ਬਾਣੀ ਪੜ੍ਹਦਿਆ ਨੂੰ ਕਿਉਂ ਹੋੜਨਾ ਹਹਿ ਤਾ ਸਿਖਾ ਕਹਿਆ ਸਚੇ ਪਾਤਸਾਹ ਮੈਂ ਭੁਲਾ ਹਾਂ ਮੈਨੂੰ ਬਖਸ਼ੀਏ ਹੁਕਮ ਹੋਆ ਭਾਈ ਸੰਤ ਸਭ ਇਕ ਬਸਤੁ ਹਹਿ ਭਿੰਨ ਭੇਦ ਕਿਛੁ ਨਾਹੀ

ਉਕਤ ਪ੍ਰਸੰਗ ਵਿਚ ਹਿੰਦਵੀ ਦੇ ਕ੍ਰਿਆ-ਰੂਪਾਂ, ਸੰਬੰਧਕਾਂ, ਯੋਜਕਾਂ ਦੀ ਵਰਤੋਂ ਹੋਈ ਵੇਖੀ ਜਾ ਸਕਦੀ ਹੈ। ਸਾਖੀਕਾਰ ਨੇ ਭਾਸ਼ਾ ਨੂੰ ਪਾਤਰਾਂ ਦੇ ਅਨੁਕੂਲ ਹੀ ਰਖਿਆ ਹੈ। ਮੁਸਲਮਾਨ ਪਾਤਰਾਂ ਦੇ ਪ੍ਰਸੰਗ ਵਿਚ ਅਰਬੀ ਫ਼ਾਰਸੀ ਦਾ ਪ੍ਰਯੋਗ ਆਮ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.