ਪਾਕਿਸਤਾਨੀ ਪੰਜਾਬੀ ਸਾਹਿਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਾਕਿਸਤਾਨੀ ਪੰਜਾਬੀ ਸਾਹਿਤ: 1947 ਵਿੱਚ ਜਦ ਭਾਰਤ ਅਜ਼ਾਦ ਹੋਇਆ ਤਾਂ ਇਸ ਦੇ ਨਾਲ ਹੀ ਪਾਕਿਸਤਾਨ ਨਾਂ ਦਾ ਨਵਾਂ ਮੁਲਕ ਦੁਨੀਆ ਦੇ ਨਕਸ਼ੇ `ਤੇ ਆਇਆ। ਪੰਜਾਬ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ- ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ। ਇਸ ਤਰ੍ਹਾਂ 1947 ਤੋਂ ਪਿੱਛੋਂ ਪਾਕਿਸਤਾਨ ਵਿੱਚ ਜਿਹੜਾ ਸਾਹਿਤ ਪੰਜਾਬੀ ਵਿੱਚ ਲਿਖਿਆ ਗਿਆ, ਉਸ ਨੂੰ ਪਾਕਿਸਤਾਨੀ ਪੰਜਾਬੀ ਸਾਹਿਤ ਦਾ ਨਾਂ ਦਿੱਤਾ ਜਾਂਦਾ ਹੈ। ਕਿਉਂਕਿ ਸਾਹਿਤ ਭਾਸ਼ਾ ਜਾਂ ਜ਼ਬਾਨ ਵਿੱਚ ਰਚਿਆ ਜਾਂਦਾ ਹੈ, ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਹੁਤੀ ਸੰਤੋਸ਼ਜਨਕ ਨਹੀਂ ਹੈ। ਉੱਥੇ ਉਰਦੂ ਦੀ ਸਰਦਾਰੀ ਹੈ। ਕੁਝ ਲੋਕ ਪੰਜਾਬੀ ਨੂੰ ਆਮ ਤੌਰ ਤੇ ਉਰਦੂ, ਇਸਲਾਮ ਤੇ ਪਾਕਿਸਤਾਨ ਦੇ ਹਵਾਲੇ ਨਾਲ ਵੇਖਦੇ ਹਨ। ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਸਿੱਖਾਂ ਦੀ ਜ਼ਬਾਨ ਹੈ ਅਤੇ ਪਾਕਿਸਤਾਨ ਵਿੱਚ ਫ਼ਾਰਸੀ ਅੱਖਰਾਂ ਜਾਂ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਪੰਜਾਬੀ ਮੁਸਲਿਮ ਪੰਜਾਬੀ ਹੈ। ਇਸ ਦਾ ਭਾਰਤ ਵਿੱਚ ਗੁਰਮੁਖੀ ਅੱਖਰਾਂ ਵਿੱਚ ਲਿਖੀ ਜਾਂਦੀ ਸਿੱਖੀ ਪੰਜਾਬੀ ਨਾਲ ਕੋਈ ਸੰਬੰਧ ਨਹੀਂ। ਇਸ ਤਰ੍ਹਾਂ ਕੁਝ ਹਲਕਿਆਂ ਵਿੱਚ ਪੰਜਾਬੀ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸਕੂਲਾਂ ਦੀ ਪੱਧਰ ਤੇ ਪੰਜਾਬੀ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ। ਨਾ ਹੀ ਸਿਆਸੀ, ਸਮਾਜੀ ਅਤੇ ਸੱਭਿਆਚਾਰਿਕ ਪੱਖਾਂ ਤੋਂ ਪੰਜਾਬੀ ਦੀ ਕੋਈ ਪੁੱਛ ਪ੍ਰਤੀਤ ਹੈ। ਫਿਰ ਵੀ ਅਜੋਕੇ ਸਮੇਂ ਅੰਦਰ ਪੰਜਾਬੀ ਬੋਲੀ ਸਿੱਖਣ ਵੱਲ ਝੁਕਾਉ ਵਧ ਰਿਹਾ ਹੈ ਅਤੇ ਪੰਜਾਬੀ ਸਾਹਿਤ ਦੀ ਸਿਰਜਣਾ ਵੱਲ ਵੀ ਕਾਫ਼ੀ ਧਿਆਨ ਦਿੱਤਾ ਜਾਣ ਲੱਗ ਪਿਆ ਹੈ। ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਰਹਿੰਦੇ ਪਾਕਿਸਤਾਨੀ ਮੂਲ ਦੇ ਪੰਜਾਬੀ ਲੇਖਕ ਵੀ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪੁਸਤਕਾਂ ਲਿਖ ਰਹੇ ਹਨ। ਵਿਅਕਤੀਗਤ ਯਤਨਾਂ ਤੋਂ ਛੁੱਟ ਲੋਕ ਵਿਰਸਾ, ਇਸਲਾਮਾਬਾਦ ਅਤੇ ਪਾਕਿਸਤਾਨ ਪੰਜਾਬੀ ਅਦਬੀ ਬੋਰਡ, ਲਾਹੌਰ ਨੇ ਪੰਜਾਬੀ ਦੇ ਵਾਧੇ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ (2004) ਵਿੱਚ ਪੰਜਾਬ ਸਰਕਾਰ ਨੇ ਪੰਜਾਬੀ ਦੇ ਵਾਧੇ ਲਈ ‘ਪੰਜਾਬ ਇਨਸਟੀਚਿਊਟ ਆਫ਼ ਲੈਂਗੂਏਜ਼ ਆਰਟ ਐਂਡ ਕਲਚਰ’ ਦੀ ਸਥਾਪਨਾ ਕੀਤੀ ਹੈ।

     ਪਾਕਿਸਤਾਨ ਦੀ ਕਾਇਮੀ (1947) ਤੋਂ ਲੈ ਕੇ ਹੁਣ ਤੱਕ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਬਾਰੇ ਸੰਖੇਪ ਜਾਣਕਾਰੀ ਅੱਗੇ ਦਿੱਤੀ ਜਾ ਰਹੀ ਹੈ। ਇੱਥੇ ਪੂਰਾ ਵੇਰਵਾ ਸੰਭਵ ਨਹੀਂ ਹੈ। ਪਾਕਿਸਤਾਨੀ ਪੰਜਾਬੀ ਕਵੀਆਂ ਪਾਸ ਸ਼ਾਇਰੀ/ਕਵਿਤਾ ਦੀ ਜ਼ੋਰਦਾਰ ਰਵਾਇਤ ਹੈ। ਸ਼ਰੀਫ਼ ਕੁੰਜਾਹੀ ਨੇ ਪਾਕਿਸਤਾਨੀ ਪੰਜਾਬੀ ਸ਼ਾਇਰੀ ਨਾਂ ਦੀ ਪੁਸਤਕ ਵਿੱਚ ਪੰਜਾਬੀ ਕਵਿਤਾ ਨੂੰ 1947 ਤੋਂ 1997 ਤੱਕ ਪੰਜ ਪੜਾਵਾਂ ਵਿੱਚ ਵੰਡਿਆ ਹੈ। ਪੰਜ ਦਰਿਆ ਦਾ ਨਜ਼ਮ ਨੰਬਰ, ਗ਼ੁਲਾਮ ਮੁਸਤਫ਼ਾ ਬਿਸਮਲ ਰਚਿਤ ਮੇਲੇ ਮਿੱਤਰਾਂ ਦੇ ਅਤੇ ਸਰਫ਼ਰਾਜ਼ ਕਾਜ਼ੀ ਦੀ ਪੁਸਤਕ ਨਵੀਂ ਨਜ਼ਮ ਇਸ ਗੱਲ ਦਾ ਪ੍ਰਮਾਣ ਹਨ ਕਿ ਵਾਹਗੇ ਤੋਂ ਪਾਰ ਪੰਜਾਬੀ ਕਵਿਤਾ ਪੰਜ ਦਰਿਆਵਾਂ ਦੀ ਧਰਤੀ ਦੀਆਂ ਸੁਨਹਿਰੀ ਰਵਾਇਤਾਂ ਨੂੰ ਬਕਾਇਦਾ ਕਾਇਮ ਰੱਖ ਰਹੀ ਹੈ। ਹੁਣ ਤੱਕ ਸੈਂਕੜੇ ਸ਼ਾਇਰਾਂ/ਕਵੀਆਂ ਦੇ ਪੰਜ ਸੌ ਦੇ ਲਗਪਗ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਇਹਨਾਂ ਰਚਨਾਵਾਂ ਨੂੰ ਪੜ੍ਹ ਕੇ ਜਿਹੜੇ ਵਿਸ਼ੇਸ਼ ਨੁਕਤੇ ਜਾਂ ਰੁਝਾਨ ਨਜ਼ਰ ਆਉਂਦੇ ਹਨ, ਉਹ ਹਨ :

          1. ਰਵਾਇਤੀ ਸ਼ਾਇਰੀ 2. ਪੰਜਾਬ-ਵੰਡ ਦਾ ਪ੍ਰਭਾਵ 3. ਡਰ, ਖ਼ੌਫ਼ ਤੇ ਪ੍ਰਤੀਕ ਵਿਧਾਨ 4. ਇੱਕਲਾਪਾ 5. ਲੋਕ-ਕਾਵਿ ਰੂਪਾਂ ਦੀ ਵਰਤੋਂ 6. ਪਿਆਰ, ਰੁਮਾਂਸ ਅਤੇ ਜਿਨਸੀਆਤ 7. ਨਾਮਾਤੀਆ ਸ਼ਾਇਰੀ 8. ਗ਼ਰੀਬਾਂ, ਮਜ਼ਦੂਰਾਂ ਤੇ ਕਾਮਿਆਂ ਨਾਲ ਹਮਦਰਦੀ 9. ਪੰਜਾਬ, ਪੰਜਾਬੀ ਤੇ ਪੰਜਾਬੀਅਤ ਆਦਿ।

     ਨਵੀਂ ਨਜ਼ਮ ਨਾਂ ਦੀ ਪੁਸਤਕ ਵਿੱਚ ਸ਼ਰੀਫ਼ ਕੁੰਜਾਹੀ ਤੋਂ ਲੈ ਕੇ ਇਕਬਾਲ ਸਲਾਹਉਦੀਨ ਤੱਕ ਜਿਨ੍ਹਾਂ 17 ਕਵੀਆਂ ਬਾਰੇ ਚਰਚਾ ਕੀਤੀ ਗਈ ਹੈ, ਉਹਨਾਂ ਵਿੱਚ ਸ਼ਰੀਫ਼ ਕੁੰਜਾਹੀ, ਅਹਿਮਦ ਰਾਹੀ, ਮੁਨੀਰ ਨਿਆਜ਼ੀ, ਅਫ਼ਜ਼ਲ ਰੰਧਾਵਾ, ਸ਼ਫੀਆ ਅਕੀਲ, ਨਜ਼ਮ ਹੁਸੈਨ ਸੱਯਦ ਅਤੇ ਫ਼ਖ਼ਰ ਜ਼ਮਾਨ ਆਦਿ ਸ਼ਾਮਲ ਹਨ। ਸ਼ਰੀਫ਼ ਕੁੰਜਾਹੀ ਨੇ ਸੁਖਨਵਰ ਔਰਤਾਂ ਦੀ ਸ਼ਾਇਰੀ ਸਿਰਲੇਖ ਹੇਠ ਸ਼ਾਇਸਤਾ ਹਬੀਬ, ਕੌਸਰ ਸਦੀਕੀ, ਨਸਰੀਮ ਅੰਜਮ ਭੰਟੀ, ਸਰਵੱਤ ਮਹੀਉਦੀਨ, ਸ਼ਾਹੀਨ ਕਾਜ਼ਲ ਅਤੇ ਆਇਸ਼ਾ ਅਸਲਮ ਨੂੰ ਸ਼ਾਮਲ ਕੀਤਾ ਹੈ। ਬਹੁਤੇ ਕਵੀਆਂ ਨੇ ਨਜ਼ਮਾਂ/ ਕਵਿਤਾਵਾਂ ਦੇ ਨਾਲ-ਨਾਲ ਗ਼ਜ਼ਲਾਂ ਵੀ ਲਿਖੀਆਂ ਹਨ। ਪੰਜਾਹ ਦੇ ਲਗਪਗ ਗ਼ਜ਼ਲਾਂ ਦੇ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ। ਜਗਤਾਰ ਨੇ ਪਾਕਿਸਤਾਨੀ ਗ਼ਜ਼ਲਾਂ ਦੀ ਚੋਣ ਕਰ ਕੇ ਦੋ ਸੰਗ੍ਰਹਿ ਗੁਆਚੀ ਛਾਂ ਅਤੇ ਪਰਲੇ ਪਾਰ ਸੰਪਾਦਿਤ ਕਰ ਕੇ ਗੁਰਮੁਖੀ ਵਿੱਚ ਵੀ ਛਪਵਾਏ ਹਨ।

     ਅਬਦੁਲਮਜੀਦ ਭੱਟੀ ਦੇ ਨਾਵਲ ਠੇਡਾ (1960) ਤੋਂ ਅਰੰਭ ਕਰ ਕੇ ਮੁਹੰਮਦ ਮਨਸ਼ਾ ਯਾਦ ਰਚਿਤ ਟਾਂਵਾਂ ਟਾਂਵਾਂ ਤਾਰਾ (1997) ਤੱਕ ਲਗਪਗ 80 ਨਾਵਲ ਲਿਖੇ ਗਏ ਹਨ। ਪ੍ਰਤਿਨਿਧ ਨਾਵਲਕਾਰਾਂ ਵਿੱਚ ਅਫ਼ਜ਼ਲ ਅਹਿਸਨ ਰੰਧਾਵਾ, ਫ਼ਖ਼ਰ ਜ਼ਮਾਨ, ਸਲੀਮ ਖਾਂ ਸਿੱਮੀ, ਅਹਿਮਦ ਸਲੀਮ, ਫਰਜ਼ੰਦ ਅਲੀ, ਮੁਸਤਨੱਸਰ ਹੁਸੈਨ ਤਾਰੜ, ਅਹਿਸਾਨ ਬਟਾਲਵੀ ਅਤੇ ਮਨਸ਼ਾ ਯਾਦ ਦੇ ਨਾਂ ਲਏ ਜਾ ਸਕਦੇ ਹਨ। ਇਹਨਾਂ ਨਾਵਲਾਂ ਵਿੱਚੋਂ ਕੁਝ ਇੱਕ ਵਿੱਚ ਪੰਜਾਬ ਦੀ ਵੰਡ ਦਾ ਜ਼ਿਕਰ ਹੈ। ਕਵਿਤਾ ਵਾਂਗ ਨਾਵਲਾਂ ਦਾ ਪ੍ਰਤੀਕ ਵਿਧਾਨ ਵੀ ਵੇਖਣ ਯੋਗ ਹੈ। ਇਹਨਾਂ ਨਾਵਲਾਂ ਵਿੱਚ ਪਾਕਿਸਤਾਨੀ ਸਮਾਜ ਵਿੱਚ ਔਰਤ ਦੇ ਯੋਗ ਸਥਾਨ ਦਿੱਤੇ ਜਾਣ ਦੀ ਗੱਲ ਵੀ ਕੀਤੀ ਗਈ ਹੈ। ਲਿਖੇ ਗਏ ਬਹੁਤੇ ਨਾਵਲਾਂ ਨੂੰ ਲੰਮੀਆਂ ਕਹਾਣੀਆਂ ਜਾਂ ਨਾਵਲੈਟ ਕਿਹਾ ਜਾ ਸਕਦਾ ਹੈ। ਗਿਣਤੀ ਦੇ ਕੁਝ ਇੱਕ ਨਾਵਲਾਂ ਨੂੰ ਛੱਡ ਕੇ ਪਾਕਿਸਤਾਨੀ ਨਾਵਲ ਦੀ ਹਾਲਤ ਬਹੁਤ ਤਸੱਲੀਬਖ਼ਸ਼ ਨਹੀਂ ਹੈ।

     ਨਾਵਲ ਦੇ ਟਾਕਰੇ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਧੇਰੇ ਵਿਕਾਸ ਹੋਇਆ ਹੈ। 150 ਤੋਂ ਉਪਰ ਕਹਾਣੀ- ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਕਹਾਣੀਕਾਰਾਂ ਦੀ ਗਿਣਤੀ ਵੀ ਸੌ ਤੋਂ ਉਪਰ ਹੈ। ਭਾਵੇਂ ਬਹੁਤੀਆਂ ਕਹਾਣੀਆਂ ਰਵਾਇਤੀ ਰੰਗਨ ਦੀਆਂ ਹਨ, ਪਰੰਤੂ ਅਫ਼ਜ਼ਲ ਰੰਧਾਵਾ, ਮੁਹੰਮਦ ਮਨਸ਼ਾ ਯਾਦ, ਹਨੀਫ਼ ਚੌਧਰੀ, ਅਨਵਰ ਅਲੀ, ਅਕਬਰ ਲਾਹੌਰੀ, ਸੁਜਾਦ ਹੈਦਰ, ਇਲਿਆਸ ਘੁੰਮਣ, ਅਫ਼ਜ਼ਲ ਤੌਸੀਫ਼, ਕਹਿਕਸ਼ਾਂ ਮਲਿਕ, ਹਨੀਫ਼ਬਾਵਾ, ਹੁਸੈਨ ਸ਼ਾਹਿਦ, ਕੰਵਲ ਮੁਸ਼ਤਾਕ ਆਦਿ ਨੇ ਚੰਗੀਆਂ ਕਹਾਣੀਆਂ ਲਿਖੀਆਂ ਹਨ। ਨਾਵਲਾਂ ਵਾਂਗ ਬਹੁਤੀਆਂ ਕਹਾਣੀਆਂ ਸਮਾਜਿਕ, ਸੱਭਿਆਚਾਰਿਕ, ਇਤਿਹਾਸਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਜੁੜੀਆਂ ਹੋਈਆਂ ਹਨ। ਵਡੇਰਾ ਭਾਗ ਪੰਜਾਬ ਦੀ ਪੇਂਡੂ ਰਹਿਤਲ ਨਾਲ ਸੰਬੰਧਿਤ ਹੈ। ਕੁਝ ਕਹਾਣੀਆਂ ਪੰਜਾਬ ਦੀ ਵੰਡ ਦੇ ਮਸਲਿਆਂ ਨਾਲ ਜੁੜੀਆਂ ਹੋਈਆਂ ਹਨ। ਨਾਵਲ ਤੇ ਕਵਿਤਾ ਵਾਂਗ ਇਹਨਾਂ ਕਹਾਣੀਆਂ ਦਾ ਵਿਸ਼ੇਸ਼ ਪਹਿਲੂ ਵਰਤੀ ਗਈ ਪ੍ਰਤੀਕਾਤਮਿਕ ਸ਼ੈਲੀ ਹੈ। ਪਾਕਿਸਤਾਨੀ ਪੰਜਾਬੀ ਕਹਾਣੀ ਫਿਲਹਾਲ ਤਜਰਬਿਆਂ ਵਿੱਚੋਂ ਲੰਘ ਰਹੀ ਹੈ।

     ਪਾਕਿਸਤਾਨੀ ਪੰਜਾਬੀ ਨਾਟਕ ਨੂੰ ਸਟੇਜੀ ਨਾਟਕ, ਰੇਡੀਓ ਡਰਾਮੇ ਅਤੇ ਟੈਲੀਵੀਜ਼ਨ ਸੀਰੀਅਲ/ਨਾਟਕ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਦਰਜਨ ਦੇ ਲਗਪਗ ਸਟੇਜ ਨਾਲ ਸੰਬੰਧਿਤ ਜਿਹੜੇ ਨਾਟਕ ਪੁਸਤਕ ਰੂਪ ਵਿੱਚ ਛਪ ਕੇ ਪਾਠਕਾਂ ਤੱਕ ਪੁੱਜੇ ਹਨ, ਉਹਨਾਂ ਵਿੱਚੋਂ ਤੂੰ ਕੌਣ, ਸ਼ੱਕ ਸ਼ੁਬ੍ਹੇ ਦਾ ਵੇਲਾ, ਸਰਮਦ ਸਹਿਬਾਈ, ਮੁੱਸਲੀ, ਕੁਕਨਸ, ਮੇਜਰ ਇਸਹਾਕ ਮੁਹੰਮਦ, ਤਖਤ ਲਾਹੌਰ, ਨਜਮ ਹੁਸੈਨ ਸੱਯਦ, ਕਿੱਸਾ ਦੋ ਭਰਾਵਾਂ ਦਾ, ਮੁਨੀਰ ਨਿਆਜ਼ੀ ਅਤੇ ਖਸਮਾਂ ਖਾਣੀਆਂ, ਸ਼ਾਹਦ ਨਦੀਮ ਖਾਸ ਵਰਣਨਯੋਗ ਹਨ। ਸਟੇਜੀ ਨਾਟਕ ਭਾਵੇਂ ਬਹੁਤ ਘੱਟ ਲਿਖੇ ਗਏ ਹਨ, ਪਰ ਇਹਨਾਂ ਵਿੱਚੋਂ ਕੁਝ ਸਫਲਤਾ ਨਾਲ ਸਟੇਜ ਉਪਰ ਖੇਡੇ ਗਏ ਹਨ।

     ਪਾਕਿਸਤਾਨ ਵਿੱਚ ਟਕਸਾਲੀ ਪੰਜਾਬੀ ਦਾ ਪੂਰੀ ਤਰ੍ਹਾਂ ਠੁੱਕ ਨਹੀਂ ਬੱਝਾ, ਇਸ ਲਈ ਸਾਹਿਤਿਕ ਵਾਰਤਕ ਮੂਲੋਂ ਹੀ ਆਪਣੇ ਮੁਢਲੇ ਪੜਾਅ ਤੇ ਹੈ। ਪੰਜਾਬੀ ਅਤੇ ਸਰਾਇਕੀ ਵਿੱਚ ਲਿਖੀਆਂ ਗਈਆਂ ਲੇਖਾਂ ਦੀਆਂ ਕੁੱਲ 20 ਪੁਸਤਕਾਂ ਹੀ ਛਪੀਆਂ ਹਨ। ਫਿਲਹਾਲ ਇੱਕ ਵੀ ਪ੍ਰਤਿਨਿਧ ਸ਼ੈਲੀਕਾਰ ਨਜ਼ਰ ਨਹੀਂ ਆਇਆ। ਸਫ਼ਰ- ਨਾਮਿਆਂ ਦੀਆਂ ਕੇਵਲ ਤਿੰਨ ਪੁਸਤਕਾਂ ਹੀ ਲਿਖੀਆਂ ਗਈਆਂ ਹਨ-ਯੂਰਪ ਤੋਂ ਚਿਉਂਗਮ ਦੇ ਨਾਲ (ਇਜਾਜ਼ੁਲ ਹੱਕ), ਦੇਸ ਪਰਦੇਸ (ਸਲੀਮ ਖਾਂ ਗਿੱਮੀ) ਅਤੇ ਮੇਰੀਆਂ ਭਾਰਤ ਫੇਰੀਆਂ (ਸ਼ਹਿਬਾਜ ਮਲਿਕ)। ਜੀਵਨੀਆਂ/ ਸ੍ਵੈਜੀਵਨੀਆਂ ਦੀ ਲੜੀ ਵਿੱਚ ਅਫ਼ਜ਼ਲ ਤੌਸੀਫ਼ ਦੀ ਲਿਖੀ ਹੋਈ ਆਪ ਬੀਤੀ ਮਨ ਦੀਆਂ ਬਸਤੀਆਂ ਹੀ ਜ਼ਿਕਰ ਯੋਗ ਹੈ। ਅਨਵਰ ਅਲੀ ਦੀ ਰਚਨਾ ਗਵਾਚੀਆਂ ਗੱਲਾਂ ਨੂੰ ਵੀ ਸ੍ਵੈਜੀਵਨੀ ਦੀ ਸ਼੍ਰੇਣੀ ਵਿੱਚ ਵਿਚਾਰਿਆ ਜਾ ਸਕਦਾ ਹੈ। ਸੈਫ਼ੁਲ ਰਹਿਮਾਨ ਡਾਰ ਦੀ ਪੁਸਤਕ ਟੈਕਸਲਾ ਅਤੇ ਅਬਦੁਲ ਗ਼ਫੂਰ ਦਰਸ਼ਨ ਦੀ ਰਚਨਾ ਨਖਾਸ ਨੂੰ ਵਾਕਫ਼ੀ ਭਰਪੂਰ ਵਾਰਤਕ ਵਜੋਂ ਵੇਖ ਸਕਦੇ ਹਾਂ। ਅਸਲ ਵਿੱਚ ਕਿਸੇ ਵੀ ਭਾਸ਼ਾ ਵਿੱਚ ਵਾਰਤਕ ਦਾ ਵਿਕਾਸ ਪੱਤਰਕਾਰੀ ’ਤੇ ਨਿਰਭਰ ਕਰਦਾ ਹੈ। ਪਰ ਪਾਕਿਸਤਾਨ ਵਿੱਚ ਪੰਜਾਬੀ ਪੱਤਰਕਾਰੀ ਦੀ ਹਾਲਤ ਕਾਫ਼ੀ ਪਤਲੀ ਹੈ।

          ਪਾਕਿਸਤਾਨ ਵਿੱਚ ਪੰਜਾਬੀ ਆਲੋਚਨਾ ਤੇ ਖੋਜ ਸੰਬੰਧੀ ਜਿਹੜਾ ਕਾਰਜ ਹੋਇਆ ਹੈ, ਉਸ ਵਿੱਚ ਲਗਪਗ ਇੱਕ ਦਰਜਨ ਪੁਸਤਕਾਂ ਸਾਹਿਤ ਦੀ ਇਤਿਹਾਸਕਾਰੀ ਬਾਰੇ ਹਨ, ਜਿਨ੍ਹਾਂ ਵਿੱਚੋਂ ਇਨਾਮੁਲ ਹੱਕ ਜਾਵੇਦ ਦੀ ਪੁਸਤਕ ਪੰਜਾਬੀ ਅਦਬ ਦਾ ਇਰਤਕਾ (1947-88) ਨੂੰ ਛੱਡ ਕੇ ਬਾਕੀ ਜਾਂ ਤਾਂ ਤਜ਼ਕਰੇ ਹਨ ਜਾਂ ਉਹਨਾਂ ਨੂੰ ਪੜ੍ਹ ਕੇ ਕੁੱਝ ਸਮੱਸਿਆਵਾਂ ਦਿਸ ਆਉਂਦੀਆਂ ਹਨ। ਆਲੋਚਨਾ ਦੇ ਖੇਤਰ ਵਿੱਚ ਵੀ ਸੱਯਦ ਨਜ਼ਮ ਹੁਸੈਨ ਸੱਯਦ ਦੀਆਂ ਅੱਧੀ ਦਰਜਨ ਪੁਸਤਕਾਂ ਨੂੰ ਛੱਡ ਕੇ ਬਾਕੀ ਰਚਨਾਵਾਂ ਆਲੋਚਨਾ ਦੇ ਮਿਆਰ ਤੇ ਪੂਰੀਆਂ ਨਹੀਂ ਉੱਤਰਦੀਆਂ। ਖੋਜ ਅਤੇ ਆਲੋਚਨਾ ਦੀਆਂ ਬਹੁਤੀਆਂ ਪੁਸਤਕਾਂ ਐਮ.ਏ. ਦੇ ਵਿਦਿਆਰਥੀਆਂ ਦੀਆਂ ਇਮਤਿਹਾਨੀ ਲੋੜਾਂ ਪੂਰੀਆਂ ਕਰਨ ਲਈ ਲਿਖੀਆਂ ਗਈਆਂ ਹਨ। ਪੰਜਾਬੀ ਲੋਕ ਸਾਹਿਤ ਦੀ ਖੋਜ ਤੇ ਸੰਭਾਲ ਬਾਰੇ ਹੋਇਆ ਕਾਰਜ ਪ੍ਰਸੰਸਾਯੋਗ ਹੈ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਪ੍ਰਕਾਸ਼ਿਤ ਹੋ ਰਹੇ ਛਿਮਾਹੀ ਰਸਾਲਾ ਖੋਜ ਨੇ ਵੀ ਖੋਜ ਦੇ ਖੇਤਰ ਵਿੱਚ ਮੁੱਲਵਾਨ ਕੰਮ ਕੀਤਾ ਹੈ।


ਲੇਖਕ : ਕਰਨੈਲ ਸਿੰਘ ਥਿੰਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.