ਯੂਰੀਪੀਡੀਜ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯੂਰੀਪੀਡੀਜ਼ (484–406 ਪੂਰਵ ਈਸਵੀ) : ਯੂਰੀਪੀਡੀਜ਼ (Euripides) ਇੱਕ ਪ੍ਰਸਿੱਧ ਯੂਨਾਨੀ ਨਾਟਕਕਾਰ ਸੀ, ਜਿਸ ਨੂੰ ਅਰਸਤੂ ਨੇ ਸਭ ਤੋਂ ਵੱਧ ਤ੍ਰਾਸਦਿਕ ਕਵੀ ਦੱਸਿਆ ਹੈ। ਆਧੁਨਿਕ ਸਮੇਂ ਵਿੱਚ ਵੀ ਯੂਰੀਪੀਡੀਜ਼ ਨੂੰ ਹੀ ਸਭ ਤੋਂ ਵੱਡਾ ਦੁਖਾਂਤ ਨਾਟਕਕਾਰ ਮੰਨਿਆ ਜਾਂਦਾ ਹੈ।

     ਯੂਰੀਪੀਡੀਜ਼ ਨੈਸਆਰਕਸ ਦਾ ਪੁੱਤਰ ਸੀ ਅਤੇ ਇਸ ਪਰਿਵਾਰ ਕੋਲ ਚੋਖੀ ਜਾਇਦਾਦ ਸੀ। ਯੂਰੀਪੀਡੀਜ਼ ਦੇ ਦੋ ਵਿਆਹ ਹੋਏ ਸਨ। ਉਸ ਦਾ ਪਾਲਣ-ਪੋਸਣ ਸਾਹਿਤਿਕ-ਸੱਭਿਆਚਾਰਿਕ ਵਾਤਾਵਰਨ ਵਿੱਚ ਹੋਇਆ ਅਤੇ ਉਸ ਨੇ ਪਰਸ਼ੀਅਨ ਯੁੱਧ ਉਪਰੰਤ ਏਥਨਜ਼ ਦੀਆਂ ਕੰਧਾਂ ਨੂੰ ਉਸਰਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਯੂਰੀਪੀਡੀਜ਼ ਉੱਤੇ ਪ੍ਰਸਿੱਧ ਨਾਟਕਕਾਰ ਐਸਕਲੀਜ਼ ਦਾ ਪ੍ਰਭਾਵ ਸੀ ਅਤੇ ਉਹ ਸੋਫਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ। ਯੂਰੀਪੀਡੀਜ਼ ਨੂੰ ਆਪਣੇ ਸਮੇਂ ਦਾ ਸਭ ਤੋਂ ਵੱਡਾ ਬੌਧਿਕ ਕਵੀ ਅਤੇ ਮੰਚ ਦਾ ਦਾਰਸ਼ਨਿਕ ਕਿਹਾ ਜਾਂਦਾ ਸੀ। ਆਪਣੇ ਸਾਹਿਤਿਕ ਗੁਣਾਂ ਤੋਂ ਇਲਾਵਾ ਉਹ ਇੱਕ ਨਿਪੁੰਨ ਚਿੱਤਰਕਾਰ ਅਤੇ ਬਲਵਾਨ ਐਥਲੀਟ ਵੀ ਸੀ।

     ਯੂਰੀਪੀਡੀਜ਼ ਦਾ ਸਮਾਂ 484-406 ਪੂਰਵ ਈਸਵੀ ਮੰਨਿਆ ਜਾਂਦਾ ਹੈ। ਉਸ ਨੇ ਆਪਣਾ ਪਹਿਲਾ ਨਾਟਕ 455 ਪੂਰਵ ਈਸਵੀ ਵਿੱਚ ਡਾਟਰਜ਼ ਆਫ਼ ਪੀਲੀਅਸ ਲਿਖਿਆ। ਸਾਹਿਤਿਕ ਮੁਕਾਬਲੇ ਵਿੱਚ ਉਸ ਦੀ ਪਹਿਲੀ ਜਿੱਤ 442 ਪੂਰਵ ਈਸਵੀ ਵਿੱਚ ਸਾਈਕਲੋਪਸ ਨਾਟਕ ਨਾਲ ਹੋਈ। ਉਸ ਦੇ ਬਾਕੀ ਨਾਟਕ ਏਥਨਜ਼ ਦੇ ਸਪਾਰਟਾ ਨਾਲ ਯੁੱਧਾਂ ਬਾਰੇ ਹਨ। ਯੂਰੀਪੀਡੀਜ਼ ਆਪਣੇ ਸਮਿਆਂ ਨਾਲੋਂ ਬਹੁਤ ਅੱਗੇ ਸੀ ਅਤੇ ਬੜਾ ਹਰਮਨਪਿਆਰਾ ਸੀ। ਆਪਣੀ ਯੋਗਤਾ ਕਰ ਕੇ ਉਹ ਸਲਾਹਿਆ ਜਾਂਦਾ ਸੀ। ਪਰ ਉਸ ਦੇ ਵਿਚਾਰਾਂ ਕਰ ਕੇ ਉਸ ਦੀ ਨਿੰਦਾ ਕੀਤੀ ਜਾਂਦੀ ਸੀ। ਇਹੀ ਕਾਰਨ ਹੈ ਕਿ ਉਹ ਆਪਣੇ ਜੀਵਨ- ਕਾਲ ਵਿੱਚ ਕੇਵਲ ਪੰਜ ਸਾਹਿਤਿਕ ਮੁਕਾਬਲਿਆਂ ਵਿੱਚ ਹੀ ਜਿੱਤ ਸਕਿਆ।

     ਯੂਰੀਪੀਡੀਜ਼ ਦੇ ਜੀਵਨ ਬਾਰੇ, ਉਸ ਦੇ ਰਾਜਨੀਤਿਕ ਕਾਰਜਾਂ ਬਾਰੇ ਜਾਂ ਫ਼ੌਜ ਦੀ ਉਸ ਦੀ ਸੇਵਾ ਬਾਰੇ ਵੇਰਵੇ ਉਪਲਬਧ ਨਹੀਂ ਹਨ। ਉਸ ਦੀ ਮੌਤ ਏਥਨਜ਼ ਤੋਂ ਬਾਹਰ ਹੋਈ ਸੀ, ਪਰ ਏਥਨਜ਼ ਵਾਸੀਆਂ ਨੇ ਉਸ ਦੀ ਯਾਦ ਵਿੱਚ ਇੱਕ ਭਵਨ ਉਸਾਰਿਆ ਸੀ। ਇੱਕ ਨਾਟਕਕਾਰ ਵਜੋਂ ਉਸ ਦੀ ਆਪਣੀ ਵੱਖਰੀ ਪਛਾਣ ਸੀ। ਉਹ ਦਰਸ਼ਕਾਂ ਦੀ ਸੋਚ ਨੂੰ ਝੰਜੋੜਦਾ ਸੀ ਅਤੇ ਲੋਕਾਂ ਦੇ ਜੀਵਨ ਵਿਚਲੀਆਂ ਆਮ ਘਟਨਾਵਾਂ ਅਤੇ ਵੇਰਵਿਆਂ ਨੂੰ ਆਪਣੇ ਨਾਟਕਾਂ ਵਿੱਚ ਪੇਸ਼ ਕਰਦਾ ਸੀ। ਭਾਵੇਂ ਉਸ ਨੇ ਨਾਟਕ-ਰਚਨਾ ਦੀ ਪਰੰਪਰਿਕ ਵਿਧੀ ਅਪਣਾਈ ਪਰ ਉਸ ਨੇ ਕਈ ਨਵੀਆਂ ਗੱਲਾਂ ਕਹੀਆਂ ਅਤੇ ਅਜਿਹੇ ਢੰਗ ਨਾਲ ਕਹੀਆਂ ਕਿ ਸਮਕਾਲੀ ਨਾਟਕਕਾਰਾਂ ਸੋਫੋਕਲੀਜ਼ ਅਤੇ ਐਸਕਲੀਜ਼ ਦੇ ਮੁਕਾਬਲੇ ਉਸ ਦੀਆਂ ਗੱਲਾਂ ਦਰਸ਼ਕਾਂ ਨੂੰ ਵਧੇਰੇ ਟੁੰਬਦੀਆਂ ਅਤੇ ਪ੍ਰਭਾਵਿਤ ਕਰਦੀਆਂ ਸਨ। ਉਹ ਆਪਣੇ ਜ਼ਮਾਨੇ ਦਾ ਇਬਸਨ ਵੀ ਸੀ, ਉਸ ਨੇ ਪਹਿਲੀ ਵਾਰੀ ਆਪਣੇ ਨਾਇਕਾਂ ਨੂੰ ਚੀਥੜਿਆਂ ਵਿੱਚ, ਫੂਹੜੀਆਂ ਦੇ ਸਹਾਰੇ ਚੱਲਦਿਆਂ ਅਤੇ ਰੋਂਦੇ ਵਿਖਾਇਆ। ਉਸ ਨੇ ਗ਼ੁਲਾਮਾਂ, ਇਸਤਰੀਆਂ ਅਤੇ ਬੱਚਿਆਂ ਨੂੰ ਇਨਸਾਨਾਂ ਵਾਂਗ ਪੇਸ਼ ਕੀਤਾ ਅਤੇ ਇਹ ਮੱਤ ਉਘਾੜਿਆ ਕਿ ਉੱਚਾ ਚਰਿੱਤਰ ਕੇਵਲ ਕੁਲੀਨ ਵਰਗਾਂ ਵਿੱਚ ਹੀ ਸੰਭਵ ਨਹੀਂ ਹੁੰਦਾ।

     ਯੂਰੀਪੀਡੀਜ਼ ਦੇ ਨਾਟਕ ਬਣਤਰ ਦੇ ਪੱਖੋਂ ਅਕਸਰ ਢਿੱਲੇ ਹੁੰਦੇ ਹਨ। ਇਹ ਸ਼ਾਇਦ ਇਸ ਲਈ ਸੀ ਕਿ ਨਾਟਕਕਾਰ ਨਾਟਕ ਦੀ ਬਣਤਰ ਨਾਲੋਂ ਵਿਚਾਰਾਂ ਦੀ ਗਹਿਰਾਈ ਵਿੱਚ ਵਧੇਰੇ ਦਿਲਚਸਪੀ ਲੈ ਰਿਹਾ ਸੀ। ਯੂਰੀਪੀਡੀਜ਼ ਦਾ ਮੀਰੀ ਗੁਣ ਇਹ ਸੀ ਕਿ ਉਹ ਸਮਕਾਲੀ ਸਮਾਜ ਦੀਆਂ ਕਦਰਾਂ-ਕੀਮਤਾਂ ਦੀ ਆਲੋਚਨਾ ਕਰਦਾ ਸੀ। ਇੱਕ ਯਥਾਰਥਵਾਦੀ ਨਾਟਕਕਾਰ ਹੋਣ ਕਰ ਕੇ ਉਹ ਪਰੰਪਰਾਗਤ ਪਾਤਰਾਂ ਦੇ ਮੂੰਹੋਂ ਨਵੀਆਂ ਗੱਲਾਂ ਅਖਵਾ ਲੈਂਦਾ ਸੀ। ਉਹ ਕੇਵਲ ਕੁਲੀਨ ਵਰਗਾਂ ਨੂੰ ਹੀ ਸੱਭਿਅਕ ਬਣਾ ਕੇ ਪੇਸ਼ ਨਹੀਂ ਸੀ ਕਰਦਾ, ਹਰ ਵਰਗ ਦੇ ਪਾਤਰਾਂ ਨੂੰ ਸਤਿਕਾਰਯੋਗ ਸਮਝਦਾ ਸੀ। ਵਿਸ਼ੇਸ਼ ਕਰ ਕੇ ਗ਼ੁਲਾਮਾਂ ਅਤੇ ਇਸਤਰੀਆਂ ਪ੍ਰਤਿ ਉਸ ਦਾ ਦ੍ਰਿਸ਼ਟੀਕੋਣ ਹਮਦਰਦੀ ਭਰਿਆ ਅਤੇ ਸਤਿਕਾਰ ਵਾਲਾ ਸੀ। ਉਸ ਨੇ ਇਸਤਰੀ ਮਨ ਦੀਆਂ ਗੁੰਝਲਾਂ ਨੂੰ ਮਨੋਵਿਗਿਆਨਿਕ ਵਿਧੀ ਨਾਲ ਬੜੀ ਨੀਝ ਨਾਲ ਪੇਸ਼ ਕੀਤਾ। ਉਹ ਤਰਕਵਾਦੀ ਸੀ, ਸੋ ਪਰੰਪਰਾਵਾਦੀ ਉਸ ਦੀ ਨਿੰਦਾ ਕਰਦੇ ਸਨ ਅਤੇ ਉਸ ਨੂੰ ਨਾਸਤਕ ਕਹਿੰਦੇ ਸਨ। ਉਸ ਦੇ ਨਾਟਕਾਂ ਵਿੱਚ ਪਾਤਰ ਬੜੀਆਂ ਗੰਭੀਰ ਬਹਿਸਾਂ ਕਰਦੇ ਹਨ। ਉਸ ਦੇ ਪਲਾਟਾਂ ਵਿੱਚ ਉਤਸੁਕਤਾ ਦਾ ਅੰਸ਼ ਬਲਵਾਨ ਹੈ ਅਤੇ ਦੁਖਾਂਤਿਕ ਪ੍ਰਭਾਵ ਉਸਾਰਨ ਲਈ ਉਹ ਕਈ ਜੁਗਤਾਂ ਵਰਤਦਾ ਪ੍ਰਤੀਤ ਹੁੰਦਾ ਹੈ। ਯੂਰੀਪੀਡੀਜ਼ ਦੇ ਜਿਤਨੇ ਵੀ ਨਾਟਕ ਸਾਡੇ ਤੱਕ ਪਹੁੰਚੇ ਹਨ, ਉਹਨਾਂ ਦੇ ਤਿੰਨ ਪ੍ਰਮੁਖ ਵਿਸ਼ੇ ਹਨ-ਯੁੱਧ, ਇਸਤਰੀ ਅਤੇ ਧਰਮ। ਉਹ ਯੁੱਧ ਦੇ ਵਿਰੁੱਧ ਸੀ, ਇਸਤਰੀਆਂ ਦੇ ਅਧਿਕਾਰਾਂ ਦੇ ਪੱਖ ਵਿੱਚ ਸੀ ਅਤੇ ਧਾਰਮਿਕ ਪਖੰਡਾਂ ਦਾ ਵਿਰੋਧੀ ਸੀ। ਉਸ ਨੂੰ ਮਨੁੱਖੀ ਸ਼ਖ਼ਸੀਅਤ ਦੇ ਤਾਰਕਿਕ ਅਤੇ ਅਤਾਰਕਿਕ ਪੱਖਾਂ ਦਾ ਡੂੰਘਾ ਗਿਆਨ ਸੀ। ਉਹ ਭਾਵੇਂ ਏਥਨਜ਼ ਦੇ ਅਨੇਕਾਂ ਦੋਸ਼ਾਂ ਦੀ ਆਲੋਚਨਾ ਕਰਦਾ ਸੀ ਪਰ ਉਹ ਏਥਨਜ਼ ਦਾ ਮਤਵਾਲਾ ਸੀ ਅਤੇ ਏਥਨਜ਼ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦਾ ਅਭਿਲਾਸ਼ੀ ਸੀ।

     ਯੂਰੀਪੀਡੀਜ਼ ਦੇ ਅਨੇਕਾਂ ਨਾਟਕ ਸਾਡੇ ਤੱਕ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਸਾਈਕਲੋਪਸ, ਮੀਡਾ, ਐਂਡੋਮੈਸ਼, ਹੈਰਾਕਲੀਡ, ਟਰੋਜਨ ਵੂਮੈਨ, ਬੈਕਸ਼ ਆਦਿ ਪ੍ਰਮੁਖ ਹਨ। ਸਾਈਕਲੋਪਸ ਨਾਂ ਦਾ ਨਾਟਕ ਯੂਰੀਪੀਡੀਜ਼ ਦਾ ਸਭ ਤੋਂ ਸੌਖਾ ਨਾਟਕ ਹੈ, ਜਿਹੜਾ ਦੁਖਾਂਤ-ਸੁਖਾਂਤ ਹੈ। ਇਸ ਦਾ ਅੰਤ ਸੁਖਾਂਤ ਹੈ ਅਤੇ ਆਲੋਚਕਾਂ ਵਿੱਚ ਇਹ ਨਾਟਕ ਬੜਾ ਹਰਮਨਪਿਆਰਾ ਹੋਇਆ ਹੈ। ਮੀਡਾ ਨੂੰ ਭਾਵੇਂ ਨਾਟਕ-ਮੁਕਾਬਲੇ ਵਿੱਚ ਤੀਜਾ ਪੁਰਸਕਾਰ ਹੀ ਮਿਲਿਆ, ਪਰ ਯੂਰੀਪੀਡੀਜ਼ ਦੇ ਨਾਟਕਾਂ ਵਿੱਚੋਂ ਇਹ ਬੜਾ ਸ਼ਕਤੀਸ਼ਾਲੀ ਹੈ। ਇਸ ਨਾਟਕ ਵਿੱਚ ਨਾਟਕਕਾਰ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਜਦੋਂ ਕਿਸੇ ਇਸਤਰੀ ਦੀ ਬੇਪਤੀ ਕੀਤੀ ਜਾਵੇ ਤਾਂ ਉਹ ਹਰ ਹਾਲ ਵਿੱਚ ਬਦਲਾ ਲੈਂਦੀ ਹੈ ਅਤੇ ਬਦਲਾ ਲੈਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਨਾਟਕਕਾਰ ਦੱਸਣਾ ਚਾਹੁੰਦਾ ਹੈ ਕਿ ਇਸਤਰੀਆਂ ਨਾਲ ਦੁਰਵਿਹਾਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉਹਨਾਂ ਨੂੰ ਨੀਵਿਆਂ ਸਮਝਿਆ ਜਾਣਾ ਚਾਹੀਦਾ ਹੈ। ਯੂਰੀਪੀਡੀਜ਼ ਨੇ ਇਹ ਪੱਖ ਉਘਾੜਿਆ ਹੈ ਕਿ ਮਨੁੱਖ ਤਰਕਸ਼ੀਲ ਵੀ ਹੈ ਅਤੇ ਤਰਕਹੀਣ ਵੀ ਅਤੇ ਤਰਕਹੀਣ ਹੋਣ ਦੀ ਸਥਿਤੀ ਵਿੱਚ ਮਨੁੱਖ ਕੁਝ ਵੀ ਕਰ ਸਕਦਾ ਹੈ ਅਤੇ ਵਿਸ਼ੇਸ਼ ਕਰ ਕੇ ਇਸਤਰੀ ਦੀ ਤਰਕਹੀਣਤਾ, ਜਿਹੜੀ ਉਸ ਦੀ ਬੇਪਤੀ ਵਿੱਚੋਂ ਉਪਜੀ ਹੋਵੇ, ਬੜੀ ਵਿਨਾਸ਼ਕਾਰੀ ਹੋ ਸਕਦੀ ਹੈ।

     ਟਰੋਜਨ ਵੂਮੈਨ ਯੂਰੀਪੀਡੀਜ਼ ਦੇ ਯੁੱਧ ਸੰਬੰਧੀ ਨਾਟਕਾਂ ਵਿੱਚੋਂ ਬੜਾ ਪ੍ਰਸਿੱਧ ਹੋਇਆ ਹੈ। ਭਾਵੇਂ ਇੱਕ ਨਾਟਕ ਵਜੋਂ ਇਹ ਇੱਕ ਕਮਜ਼ੋਰ ਰਚਨਾ ਹੈ ਪਰ ਇਸ ਰਚਨਾ ਵਿੱਚ ਨਾਟਕਕਾਰ ਨੇ ਯੁੱਧ ਦੀ ਨਿੰਦਾ ਕੀਤੀ ਹੈ ਅਤੇ ਇਸ ਵਿਚਾਰ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਯੁੱਧ ਨਾਲ ਸਮੁੱਚੀ ਮਾਨਵ ਜਾਤੀ ਦੁੱਖ ਪਾਉਂਦੀ ਹੈ ਅਤੇ ਇਸ ਦਾ ਸਭ ਤੋਂ ਵੱਧ ਭੈੜਾ ਪ੍ਰਭਾਵ ਇਸਤਰੀਆਂ ਅਤੇ ਬੱਚਿਆਂ ਉੱਤੇ ਪੈਂਦਾ ਹੈ।

     ਯੂਰੀਪੀਡੀਜ਼ ਦਾ ਨਾਟਕ ਇਲੈਕਟਰਾ ਰਚਨਾਕਾਰ ਦੇ ਯਥਾਰਥਵਾਦ ਅਤੇ ਤਰਕਵਾਦ ਦਾ ਬੜੇ ਸੁੰਦਰ ਢੰਗ ਨਾਲ ਪ੍ਰਗਟਾਵਾ ਕਰਦਾ ਹੈ। ਇਲੈਕਟਰਾ ਦਾ ਵਿਆਹ ਇੱਕ ਕਿਰਸਾਣ ਨਾਲ ਹੋ ਜਾਂਦਾ ਹੈ, ਜਿਹੜਾ ਉਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਬਣਾਉਂਦਾ। ਇਲੈਕਟਰਾ ਪਾਤਰ ਵਾਲੇ ਨਾਟਕ ਪਹਿਲਾਂ ਵੀ ਲਿਖੇ ਗਏ ਸਨ ਪਰ ਯੂਰੀਪੀਡੀਜ਼ ਸਮੁੱਚੀ ਸਥਿਤੀ ਨੂੰ ਬਦਲ ਦਿੰਦਾ ਹੈ। ਇਲੈਕਟਰਾ ਨੂੰ ਆਪਣੇ ਨਾਲ ਹੋਏ ਦੁਰਵਿਹਾਰ ਦਾ ਬਦਲਾ ਲੈਣ ਵਾਲੀ ਜ਼ਾਲਮ ਇਸਤਰੀ ਦੀ ਥਾਂ ਇੱਕ ਪੀੜਿਤ ਇਸਤਰੀ ਵਜੋਂ ਪੇਸ਼ ਕੀਤਾ ਗਿਆ ਹੈ। ਬੈਕਸ਼ ਇੱਕ ਹੋਰ ਪ੍ਰਸਿੱਧ ਨਾਟਕ ਹੈ ਜਿਸ ਨੂੰ ਯੂਰੀਪੀਡੀਜ਼ ਦਾ ਸ਼ਾਹਕਾਰ ਕਿਹਾ ਜਾਂਦਾ ਹੈ। ਇਹ ਯੂਰੀਪੀਡੀਜ਼ ਦਾ ਅੰਤਲਾ ਨਾਟਕ ਸੀ। ਇਸ ਨਾਟਕ ਵਿੱਚ ਵੀ ਇਹ ਪ੍ਰਗਟਾਇਆ ਗਿਆ ਹੈ ਕਿ ਜੇ ਤਰਕਹੀਣ ਸੋਚ ਨੂੰ ਨਿਯੰਤਰਨ ਵਿੱਚ ਨਾ ਰੱਖਿਆ ਜਾਵੇ ਤਾਂ ਇਹ ਇੱਕ ਵਿਨਾਸ਼ਕਾਰੀ ਸ਼ਕਤੀ ਬਣ ਜਾਂਦੀ ਹੈ, ਜਿਸ ਨਾਲ ਬੜੀ ਭਾਰੀ ਤਬਾਹੀ ਹੁੰਦੀ ਹੈ।

     ਆਪਣੇ ਜੀਵਨ ਕਾਲ ਵਿੱਚ ਯੂਰੀਪੀਡੀਜ਼ ਨੇ ਆਪਣੇ ਨਾਟਕਾਂ ਰਾਹੀਂ ਆਪਣੇ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਅਤੇ ਕੁਰੀਤੀਆਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਸੀ। ਉਸ ਨੇ ਹਰੇਕ ਕੁਰੀਤੀ ਨੂੰ ਤਰਕ ਦੀ ਕਸੌਟੀ ਤੇ ਪਰਖਿਆ ਅਤੇ ਉਸ ਸੰਬੰਧੀ ਪ੍ਰਭਾਵਸ਼ਾਲੀ ਟਿੱਪਣੀ ਕੀਤੀ। ਮੁੱਖ ਤੌਰ ਤੇ ਯੂਰੀਪੀਡੀਜ਼ ਇੱਕ ਧੀਰਜਵਾਨ, ਸਹਿਣਸ਼ੀਲ, ਉਸਾਰੂ ਸੋਚ ਵਾਲਾ, ਗੰਭੀਰ ਵਿਅਕਤੀ ਸੀ ਅਤੇ ਉਸ ਦੀ ਪੀੜਿਤ ਮਾਨਵ ਜਾਤੀ ਨਾਲ ਡੂੰਘੀ ਹਮਦਰਦੀ ਸੀ। ਯੂਰੀਪੀਡੀਜ਼ ਇੱਕ ਅਮਰ ਨਾਟਕਕਾਰ ਹੈ ਕਿਉਂਕਿ ਉਸ ਨੇ ਮਨੁੱਖੀ ਸਮਾਜ ਦੀਆਂ ਸਦੀਵੀ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਵਿੱਚ ਬੜੇ ਪ੍ਰਭਾਵਸ਼ਾਲੀ ਅਤੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ। ਨਿਰਸੰਦੇਹ ਉਹ ਇੱਕ ਉਸਤਾਦ ਨਾਟਕਕਾਰ, ਵਿਸ਼ਾਲ ਦ੍ਰਿਸ਼ਟੀ ਵਾਲਾ ਫ਼ਿਲਾਸਫ਼ਰ ਅਤੇ ਪ੍ਰਭਾਵਸ਼ਾਲੀ ਕਲਾਕਾਰ ਸੀ।


ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.