ਖਡੂਰ ਸਾਹਿਬ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੂਰ ਸਾਹਿਬ : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਤਰਨ ਤਾਰਨ ( 31° -27`ਉ , 74° -56`ਪੂ ) ਦੇ 19 ਕਿਲੋਮੀਟਰ ਪੂਰਬ ਵੱਲ ਸਥਿਤ ਇਕ ਪੁਰਾਣਾ ਨਗਰ ਹੈ । ਇਸ ਨਗਰ ਨੂੰ ਪਹਿਲੇ ਤਿੰਨ ਗੁਰੂ ਸਾਹਿਬਾਨ ਦੀ ਚਰਨ-ਛੁਹ ਪ੍ਰਾਪਤ ਹੈ । ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੇ ਇਕ ਸਿੱਖ ਸ਼ਰਧਾਲੂ ਭਾਈ ਜੋਧਾ ਖੈਹਰਾ ਜੱਟ ਪਰਵਾਰ ਨਾਲ ਸੰਬੰਧਿਤ ਨੂੰ ਮਿਲਣ ਲਈ ਖਡੂਰ ਸਾਹਿਬ ਆਏ ਸਨ । ਭਾਈ ਜੋਧਾ ਦੀ ਉਦਾਹਰਨ ਕਰਕੇ ਹੀ ਭਾਈ ਲਹਿਣਾ , ਜਿਹੜੇ ਕਿ ਬਾਅਦ ਵਿਚ ਗੁਰੂ ਅੰਗਦ ਦੇਵ ਬਣੇ , ਗੁਰੂ ਨਾਨਕ ਦੇਵ ਜੀ ਪਾਸੋਂ ਸਿੱਖਿਆ ਗ੍ਰਹਿਣ ਕਰਨ ਲਈ ਆਏ ਸਨ । ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਨੇ ਆਪਣਾ ਜੱਦੀ ਪਿੰਡ ਮੱਤੇ ਦੀ ਸਰਾਇ ਛੱਡ ਦਿੱਤਾ ਸੀ ਅਤੇ ਆਰਜ਼ੀ ਤੌਰ ‘ ਤੇ ਉਹ ਹਰੀਕੇ ਰਹਿਣ ਤੋਂ ਬਾਅਦ ਖਡੂਰ ਵਿਖੇ ਵੱਸ ਗਏ ਸਨ । ਬਾਬਾ ਫੇਰੂ ਦੀ ਭੈਣ ਮਾਈ ਭਰਾਈ ਪਹਿਲਾਂ ਹੀ ਖਡੂਰ ਵਿਆਹੀ ਹੋਈ ਸੀ; 1519 ਵਿਚ , ਉਹਨਾਂ ਦੇ ਪੁੱਤਰ ਭਾਈ ਲਹਿਣਾ ਜੀ ਦਾ ਵਿਆਹ ਵੀ ਇੱਥੇ ਹੀ ਹੋ ਗਿਆ ਸੀ । 1539 ਵਿਚ , ਭਾਈ ਲਹਿਣਾ ਗੁਰ-ਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਖਡੂਰ ਵਾਪਸ ਮੁੜ ਆਏ ਸਨ । ਇੰਝ ਖਡੂਰ ਸਿੱਖ ਧਰਮ ਦਾ ਇਕ ਕੇਂਦਰ ਬਣ ਗਿਆ ਸੀ । ਗੁਰੂ ਅੰਗਦ ਦੇਵ ਜੀ 1552 ਤਕ ਆਪਣੇ ਜੋਤੀ-ਜੋਤਿ ਸਮਾਉਣ ਤਕ ਇੱਥੇ ਹੀ ਰਹੇ । ਖਡੂਰ ਸਾਹਿਬ ਵਿਖੇ ਹੀ ( ਗੁਰੂ ) ਅਮਰਦਾਸ ਜੀ ਨੇ ਇਕ ਸਿੱਖ ਦੇ ਤੌਰ ‘ ਤੇ ਉਹਨਾਂ ਦੀ ਸੇਵਾ ਕਰਦੇ ਹੋਏ ਗੁਰਗੱਦੀ ਪ੍ਰਾਪਤ ਕੀਤੀ ਸੀ । ਖਡੂਰ ਸਾਹਿਬ ਵਿਖੇ ਬਹੁਤ ਸਾਰੇ ਗੁਰਦੁਆਰੇ ਮੌਜੂਦ ਹਨ ਜਿਹੜੇ ਕਿ ਗੁਰੂ ਸਾਹਿਬਾਨ ਦੀ ਯਾਦ ਦਿਵਾਉਂਦੇ ਹਨ ।

ਗੁਰਦੁਆਰਾ ਤਪਿਆਣਾ ਸਾਹਿਬ , ਪਿੰਡ ਦੇ ਉੱਤਰ ਵੱਲ 200 ਮੀਟਰ ਦੀ ਦੂਰੀ ਤੇ ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੇ , ਸਥਾਨਿਕ ਪਰੰਪਰਾ ਅਨੁਸਾਰ , ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਆਏ ਸਨ ਅਤੇ ਸ਼ਰਧਾਲੂਆਂ ਦੇ ਇਕ ਇਕੱਠ ਨੂੰ ਉਪਦੇਸ਼ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਭਾਈ ਬਾਲੇ ਦੁਆਰਾ ਦੱਸੀਆਂ ਗਈਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਜਨਮ ਸਾਖੀ ਦੇ ਰੂਪ ਵਿਚ ਇੱਥੇ ਹੀ ਰਿਕਾਰਡ ਕੀਤਾ ਗਿਆ ਸੀ । ਗੁਰਦੁਆਰੇ ਨੇੜੇ ਇਕ ਛੋਟਾ ਜਿਹਾ ਥੜ੍ਹਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਭਾਈ ਬਾਲੇ ਦਾ ਸਸਕਾਰ ਕੀਤਾ ਗਿਆ ਸੀ । ਗੁਰਦੁਆਰੇ ਦਾ ਵਰਗਾਕਾਰ ਹਾਲ ਉੱਚੀ ਕੁਰਸੀ ‘ ਤੇ ਬਣਿਆ ਹੋਇਆ ਹੈ । ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚਿੱਟੇ ਸੰਗਮਰਮਰ ਦੇ ਚੰਦੋਏ ਨਾਲ ਢੱਕੇ ਹੋਏ ਸਿੰਘਾਸਨ ‘ ਤੇ ਕੀਤਾ ਹੋਇਆ ਹੈ । ਸਿਖਰ ‘ ਤੇ ਸਜਾਵਟੀ ਸੋਨ-ਪੱਤਰੇ ਜੜਿਆ ਇਕ ਕਮਲ ਰੂਪੀ ਗੁੰਬਦ ਅਤੇ ਹਾਲ ਦੇ ਸਿਖਰ ‘ ਤੇ ਛਤਰੀ-ਆਕਾਰ ਦਾ ਕਲਸ ਲੱਗਿਆ ਹੋਇਆ ਹੈ । ਹਾਲ ਦੇ ਉੱਪਰ ਹਰ ਕੋਨੇ ਵਿਚ ਛੋਟੇ-ਛੋਟੇ ਕੈਬਿਨ ਰੂਪੀ ਵਰਗਾਕਾਰ ਗੁੰਬਦ ਬਣੇ ਹੋਏ ਹਨ । ਹਾਲ ਦੇ ਸਾਮ੍ਹਣੇ ਇਕ ਏਕੜ ਇੱਟਾਂ ਦੇ ਵਿਹੜੇ ਦੇ ਵਿਚਕਾਰ ਸਰੋਵਰ ਬਣਿਆ ਹੋਇਆ ਹੈ ।

ਗੁਰਦੁਆਰਾ ਤਪ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ , ਗੁਰਦੁਆਰਾ ਤਪਿਆਣਾ ਸਾਹਿਬ ਦੇ ਸਾਮ੍ਹਣੇ ਉਸ ਥਾਂ ਦੀ ਯਾਦ ਦਿਵਾਉਂਦਾ ਹੈ ਜਿੱਥੇ ਬੈਠ ਕੇ ਗੁਰੂ ਅੰਗਦ ਦੇਵ ਜੀ ਆਮ ਤੌਰ ‘ ਤੇ ਸਿਮਰਨ ਕਰਦੇ ਸਨ । ਇਹ ਵਰਗਾਕਾਰ ਗੁੰਬਦਨੁਮਾ ਹਾਲ ਹੈ ਜਿਸ ਦੇ ਸਿਖਰ ਵਾਲੇ ਕੋਨਿਆਂ ‘ ਤੇ ਘਣ-ਆਕਾਰ ਰੂਪੀ ਗੁੰਬਦ ਬਣੇ ਹੋਏ ਹਨ । ਕੇਂਦਰੀ ਗੁੰਬਦ ਤੇ ਸੁਨਿਹਰਾ ਕਲਸ , ਛਤਰੀ-ਆਕਾਰ ਬੁਰਜ ਅਤੇ ਸਿਰੇ ‘ ਤੇ ਖੰਡਾ ਲੱਗਿਆ ਹੋਇਆ ਹੈ ।

ਗੁਰਦੁਆਰਾ ਦਰਬਾਰ ਸਾਹਿਬ ਅੰਗੀਠਾ ਸਾਹਿਬ , ਉੱਚੀ ਚਾਰ-ਦੀਵਾਰੀ ਦੇ ਵਿਹੜੇ ਵਿਚ ਸਥਿਤ ਹੈ ਜਿੱਥੇ ਦੋ-ਮੰਜ਼ਲੇ ਮੁੱਖ-ਦੁਆਰ ਰਾਹੀਂ ਜਾਣਾ ਪੈਂਦਾ ਹੈ । ਇੱਥੇ ਵਰਗਾਕਾਰ ਗੁੰਬਦਨੁਮਾ ਪ੍ਰਕਾਸ਼ ਅਸਥਾਨ , ਪ੍ਰਕਰਮਾ ਅਤੇ ਸਾਮ੍ਹਣੇ ਇਕ ਹਾਲ ਬਣਿਆ ਹੋਇਆ ਹੈ । ਪ੍ਰਕਾਸ਼ ਅਸਥਾਨ ਗੁਰੂ ਅੰਗਦ ਦੇਵ ਜੀ ਦੇ ਸਸਕਾਰ ਸਥਾਨ ਵੱਲ ਸੰਕੇਤ ਕਰਦਾ ਹੈ । ਨੇੜੇ ਹੀ ਵਰਗਾਕਾਰ ਗੁੰਬਦਨੁਮਾ ਸੰਗਮਰਮਰ ਦਾ ਮੰਡਪ ਹੈ ਜਿਸ ਨੂੰ ਕਿੱਲਾ ਸਾਹਿਬ ਜਾਂ ਖੱਡੀ ਸਾਹਿਬ ਕਹਿੰਦੇ ਹਨ । ਇਹ ਇਕ ਜੁਲਾਹੇ ਦੀ ਖੱਡੀ ਸੀ ਜਿੱਥੇ ਬਾਬਾ ਅਮਰਦਾਸ ਨੂੰ ਗਹਿਰੀ ਰਾਤ ਸਮੇਂ ਗੁਰੂ ਅੰਗਦ ਦੇਵ ਜੀ ਲਈ ਪਾਣੀ ਦਾ ਘੜਾ ਭਰ ਕੇ ਲਿਆਉਂਦੇ ਸਮੇਂ ਕਿੱਲੇ ਨਾਲ ਠੇਡਾ ਲੱਗਾ ਸੀ । ਮੁੱਖ ਦੁਆਰ ਦੇ ਨੇੜੇ ਹੀ ਇਕ ਪੁਰਾਤਨ ਖੂਹ ਹੈ ਜਿਸ ਨੂੰ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਦਾ ਖੂਹ ਕਿਹਾ ਜਾਂਦਾ ਹੈ । ਬੀਬੀ ਅਮਰੋ ਜੀ ਦੁਆਰਾ ਗਾਏ ਜਾ ਰਹੇ ਸ਼ਬਦ ਨੂੰ ਸੁਣ ਕੇ ਹੀ ( ਗੁਰੂ ) ਅਮਰਦਾਸ ਜੀ ਨੂੰ ਪ੍ਰੇਰਣਾ ਮਿਲੀ ਸੀ ਅਤੇ ਆਪ ਅਧਿਆਤਮਿਕ ਸ਼ਾਂਤੀ ਲਈ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਸਨ ।

ਗੁਰਦੁਆਰਾ ਮਾਈ ਭਰਾਈ , ਗੁਰਦੁਆਰਾ ਦਰਬਾਰ ਸਾਹਿਬ ਦੇ ਪੱਛਮ ਵੱਲ ਲਗ-ਪਗ 100 ਮੀਟਰ ਦੀ ਦੂਰੀ ‘ ਤੇ ਸਥਿਤ ਉਸ ਅਸਥਾਨ ‘ ਤੇ ਉਸਾਰਿਆ ਗਿਆ ਹੈ ਜਿੱਥੇ ਕਦੇ ਮਾਈ ਭਰਾਈ ਦਾ ਘਰ ਹੁੰਦਾ ਸੀ । ਇਹ ਗੁਰੂ ਅੰਗਦ ਦੇਵ ਜੀ ਦੁਆਰਾ ਬਣਾਇਆ ਹੋਇਆ ਇਕ ਹੋਰ ਪਵਿੱਤਰ ਅਸਥਾਨ ਹੈ । ਸਿੱਖ ਇਤਿਹਾਸਿਕ ਦਸਤਾਵੇਜ਼ਾਂ ਅਨੁਸਾਰ ਜਿਵੇਂ ਹੀ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਤੋਂ ਖਡੂਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਬਣ ਕੇ ਪਹੁੰਚੇ ਤਾਂ ਉਹਨਾਂ ਨੇ ਕੁਝ ਸਮੇਂ ਲਈ ਇਕਾਂਤ ਅਸਥਾਨ ‘ ਤੇ ਜਾ ਕੇ ਸਿਮਰਨ ਕਰਨ ਦਾ ਫ਼ੈਸਲਾ ਕੀਤਾ । ਉਹ ਆਪਣੇ ਘਰ ਨਹੀਂ ਗਏ ਬਲਕਿ ਮਾਈ ਭਰਾਈ ਦੇ ਘਰ ਜਾ ਕੇ ਇਕ ਛੋਟੇ ਜਿਹੇ ਕਮਰੇ ਵਿਚ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਤਾਲਾ ਲਗਾ ਲਿਆ । ਜਿਹੜੀਆਂ ਸੰਗਤਾਂ ਨਵੇਂ ਗੁਰੂ ਦੇ ਦਰਸ਼ਨ ਕਰਨ ਕਰਤਾਰਪੁਰ ਗਈਆਂ ਸਨ ਉਹਨਾਂ ਨੂੰ ਬਾਬਾ ਬੁੱਢਾ ਜੀ ਖਡੂਰ ਸਾਹਿਬ ਲੈ ਆਏ ਸਨ । ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਨਰਾਜ਼ਗੀ ਦਾ ਖ਼ਤਰਾ ਮੁੱਲ ਲੈਂਦੇ ਹੋਏ , ਮਾਈ ਭਰਾਈ ਦੇ ਘਰ ਦੇ ਗੁਰੂ ਜੀ ਵਾਲੇ ਕਮਰੇ ਦੀ ਇਕ ਕੰਧ ਵਿਚ ਮੋਘਾ ਕੱਢ ਲਿਆ । ਉਹ ਗੁਰੂ ਜੀ ਦੇ ਚਰਨਾਂ ‘ ਤੇ ਝੁਕ ਗਏ ਅਤੇ ਦੱਸਿਆ ਕਿ ਕਿਵੇਂ ਸਿੱਖ ਗੁਰੂ ਦਰਸ਼ਨਾਂ ਲਈ ਬਾਹਰ ਉਡੀਕ ਕਰ ਰਹੇ ਹਨ । ਗੁਰੂ ਅੰਗਦ ਦੇਵ ਜੀ ਆਪਣੇ ਆਰਜੀ ਇਕਾਂਤ ਵਿਚੋਂ ਆਪਣੇ ਸ਼ਰਧਾਲੂਆਂ ਨੂੰ ਮਿਲਣ ਲਈ ਬਾਹਰ ਆ ਗਏ । 1980 ਵਿਚ ਉਸਾਰੀ ਗਈ ਗੁਰਦੁਆਰਾ ਮਾਈ ਭਰਾਈ ਦੀ ਨਵੀਂ ਇਮਾਰਤ ਇਕ ਉੱਚੀ ਛੱਤ ਵਾਲਾ ਹਾਲ ਹੈ ਜਿਸ ਦੇ ਅੱਧ ਵਿਚ ਗੈਲਰੀ ਬਣੀ ਹੋਈ ਹੈ । ਇਸ ਦੀਆਂ ਕੰਧਾਂ ਧਾਰੀਦਾਰ ਸੰਗਮਰਮਰ ਸਿਲਾਂ ਦੀਆਂ ਬਣੀਆਂ ਹੋਈਆਂ ਹਨ । ਪ੍ਰਕਾਸ਼ ਅਸਥਾਨ ਹਾਲ ਦੇ ਇਕ ਸਿਰੇ ‘ ਤੇ ਬਣਿਆ ਹੋਇਆ ਹੈ । ਇਸ ਦੇ ਸਿਰੇ ‘ ਤੇ ਵਰਗਾਕਾਰ ਮੰਡਪ ਦੀਆਂ ਤਿੰਨ ਮੰਜ਼ਲਾਂ ਬਣੀਆਂ ਹੋਈਆਂ ਹਨ ਅਤੇ ਇਕ ਗੁੰਬਦ ਚਿੱਟੀਆਂ ਚਮਕਦੀਆਂ ਟਾਈਲਾਂ ਨਾਲ ਢਕਿਆ ਹੋਇਆ ਹੈ ।

ਗੁਰਦੁਆਰਾ ਮੱਲ ਅਖਾੜਾ , ਪਿੰਡ ਦੇ ਉੱਤਰੀ ਕਿਨਾਰੇ ‘ ਤੇ ਸਥਿਤ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਕੁਸ਼ਤੀ-ਮੁਕਾਬਲੇ ਕਰਵਾਏ ਜਾਂਦੇ ਸਨ । ਮੱਲ ਅਖਾੜੇ ਦਾ ਸ਼ਾਬਦਿਕ ਭਾਵ ਹੈ ਪਹਿਲਵਾਨਾਂ ਦੇ ਮੁਕਾਬਲੇ ਵਾਲਾ ਸਥਾਨ । ਇੱਥੇ ਗੁਰੂ ਜੀ ਬੱਚਿਆਂ ਨੂੰ ਗੁਰਮੁਖੀ ਅੱਖਰ ਵੀ ਸਿਖਾਉਂਦੇ ਸਨ । ਅੱਜ ਵੀ ਇੱਥੇ ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਣ ਦਾ ਅਭਿਆਸ ਕਰਵਾਇਆ ਜਾਂਦਾ ਹੈ । ਅਜੋਕੀ ਇਮਾਰਤ ਵਰਗਾਕਾਰ ਗੁੰਬਦਨੁਮਾ ਹਾਲ ਹੈ ਜੋ ਕਿ ਛੋਟੀ ਚਾਰ- ਦੀਵਾਰੀ ਅੰਦਰ ਬਣਿਆ ਹੋਇਆ ਹੈ ।

ਗੁਰਦੁਆਰਾ ਥੜ੍ਹਾ ਸਾਹਿਬ ਗੁਰੂ ਅਮਰਦਾਸ , ਇਕ ਛੋਟਾ ਗੁੰਬਦਦਾਰ ਕਮਰਾ , ਸੰਗਮਰਮਰ ਵਾਲੇ ਫ਼ਰਸ਼ ਦੇ ਵਿਚਕਾਰ ਉੱਚੀ ਕੁਰਸੀ ‘ ਤੇ ਬਣਿਆ ਹੋਇਆ ਹੈ । ਥੜ੍ਹਾ ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੇ ਬਾਬਾ ( ਗੁਰੂ ) ਅਮਰਦਾਸ ਆਮ ਤੌਰ ‘ ਤੇ ਬੈਠ ਕੇ ਉਸ ਸਮੇਂ ਸਿਮਰਨ ਕਰਦੇ ਸਨ ਜਦੋਂ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਅਤੇ ਸਿੱਖਾਂ ਦੀ ਸੇਵਾ ਤੋਂ ਵਿਹਲ ਮਿਲ ਜਾਂਦੀ ਸੀ ।

          ਇਹਨਾਂ ਸਭ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਨਿਕ ਕਮੇਟੀ ਰਾਹੀਂ ਕਰਵਾਇਆ ਜਾਂਦਾ ਹੈ ।


ਲੇਖਕ : ਦ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਖਡੂਰ ਸਾਹਿਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖਡੂਰ ਸਾਹਿਬ : ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਿਵਾਸ ਅਸਥਾਨ ਸੀ । ਇਹ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਚ ਦਰਿਆ ਬਿਆਸ ਤੋਂ 10 ਕਿ. ਮੀ. ਉੱਤਰ-ਪੱਛਮ ਵੱਲ ਸਥਿਤ ਹੈ । ਇਥੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਸਾਰੇ ਗੁਰੂ ਸਾਹਿਬਾਨ ਆਏ । ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਿਆਈ ਦਾ ਸਾਰਾ ਸਮਾਂ , ਜੋ ਲਗਭਗ 13 ਸਾਲ ਬਣਦਾ ਹੈ , ਇਥੇ ਹੀ ਗੁਜ਼ਾਰਿਆ । ਗੁਰੂ ਅਮਰਦਾਸ ਜੀ ਨੇ 62 ਵਰ੍ਹਿਆਂ ਦੀ ਉਮਰ ਤੋਂ 74 ਵਰ੍ਹਿਆਂ ਦੀ ਉਮਰ ਤੱਕ ਇਥੇ ਸ੍ਰੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਗੁਰੂ ਗੱਦੀ ਪ੍ਰਾਪਤ ਕੀਤੀ । ਇਥੇ ਇਕ ਕਾਲਜ ਅਤੇ ਦੋ ਹਾਈ ਸਕੂਲ ਹਨ । ਚੌਧੇ ਸਰਾਧ ਨੂੰ ਭਾਰੀ ਮੇਲਾ ਲਗਦਾ ਹੈ । ਇਥੋਂ ਦੇ ਪ੍ਰਸਿੱਧ ਗੁਰਦੁਆਰੇ ਹੇਠ ਲਿਖੇ ਹਨ : -

                  ਗੁਰਦੁਆਰਾ ਤਪਿਆਣਾ ਸਾਹਿਬ ਅਤੇ ਤਪ ਅਸਥਾਨ – – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਸਥਾਨਾਂ ਤੇ ਤਪ ਕੀਤਾ ਸੀ । ਇਨ੍ਹਾਂ ਗੁਰਦੁਆਰਿਆਂ ਦੇ ਨਾਲ ਲਗਦਾ ਇਕ ਸਰੋਵਰ ਹੈ ਜਿਸ ਦੇ ਕਿਨਾਰੇ ਭਾਈ ਬਾਲੇ ਦੀ ਸਮਾਧ ਹੈ । ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਭਾਈ ਬਾਲੇ ਦਾ ਸਸਕਾਰ ਕੀਤਾ ਸੀ ।

                  ਗੁਰਦੁਆਰਾ ਮਾਈ ਭਰਾਈ – – ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵੀ ਜੀ ਨੂੰ ਤਪ ਅਸਥਾਨ ਤੋਂ ਉਠਾ ਕੇ , ਸੰਗਤ ਸਮੇਤੇ ਮਾਈ ਭਰਾਈ ਦੇ ਘਰ ਲਿਆਏ । ਇਥੇ ਬਾਅਦ ਵਿਚ ਆਲੀਸ਼ਾਨ ਗੁਰਦੁਆਰਾ ਬਣਾਇਆ ਗਿਆ ਹੈ । ਮਾਈ ਭਰਾਈ ਗੁਰੂ ਅੰਗਦ ਦੇਵ ਜੀ ਨੂੰ ਪਾਉ ਭਰ ਦੀ ਇਕ ਰੁਖੀ ਅਤੇ ਅਲੂਣੀ ਰੋਟੀ ਨਿਤ ਪਕਾ ਕੇ ਦਿੰਦੀ ਸੀ ।

                  ਗੁਰਦੁਆਰਾ ਮਲ ਅਖਾੜਾ ਸਾਹਿਬ – – ਗੁਰੂ ਅੰਗਦ ਦੇਵੀ ਜੀ ਗੁਰ ਗੱਦੀ ਹਾਸਲ ਕਰਨ ਮਗਰੋਂ ਪਹਿਲੀ ਵਾਰ ਇਸ ਸਥਾਨ ਤੇ ਬੈਠੇ ਤੇ ਬਾਅਦ ਵਿਚ ਸਾਰੀ ਉਮਰ ਇਸ ਸਥਾਨ ਤੇ ਦੀਵਾਨ ਸਜਾਉਂਦੇ ਰਹੇ । ਇਸ ਸਥਾਨ ਤੇ ਪੈੜੇ ਮੋਖੇ ਤੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਗੁਰਮੁਖੀ ਅੱਖਰਾਂ ਵਿਖ ਲਿਖਵਾਈ । ਇਥੇ ਹੀ ਗੋਰਖ ਤੇ ਚਰਪਟ ਨਾਥ ਆਦਿ ਨਾਲ ਗੋਸ਼ਟ ਕੀਤੀ ਤੇ ਸਿੱਖਾਂ ਨੂੰ ਆਪਣੇ ਮੱਤ ਬਾਰੇ ਦੱਸਿਆ । ਇਥੇ ਇਕ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਬੱਚਿਆਂ ਦਾ ਘੋਲ ਦੇਖ ਰਹੇ ਸਨ ਤਾਂ ਹਿਮਾਯੂੰ ਹਾਰ ਖਾ ਕੇ ਭੱਜਦਿਆਂ , ਇਥੇ ਗੁਰੂ ਸਾਹਿਬ ਪਾਸ ਪੁੱਜਾ । ਗੁਰੂ ਸਾਹਿਬ ਨੇ ਉਸ ਵੱਲ ਧਿਆਨ ਨਾ ਦਿੱਤਾ ਤੇ ਬੱਚਿਆਂ ਦੇ ਘੋਲ ਦੇਖਦੇ ਰਹੇ । ਉਸ ਨੇ ਗੁੱਸੇ ਵਿਚ ਆ ਕੇ ਆਪਣੀ ਤਲਵਾਰ ਨੂੰ ਹੱਥ ਪਾਇਆ ਤਾਂ ਗੁਰੂ ਜੀ ਨੇ ਆਖਿਆ ਜਿਥੇ ਤਲਵਾਰ ਦੀ ਜ਼ਰੂਰਤ ਸੀ ਉਥੋਂ ਭੱਜ ਆਇਆ ਹੈ ਤੇ ਫ਼ਕੀਰਾਂ ਤੇ ਤਲਵਾਰ ਚੁਕਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ । ਉਸ ਨੇ ਮਾਫ਼ੀ ਮੰਗੀ ਤੇ ਅਸੀਸ ਪ੍ਰਾਪਤ ਕਰਕੇ ਚਲਾ ਗਿਆ ।

                  ਗੁਰਦੁਆਰਾ ਥੜ੍ਹਾ ਸਾਹਿਬ – – ਇਥੇ ਤੀਜੇ ਸਤਿਗੁਰੂ ਸੇਵਾ ਕਰਦਿਆਂ ਕਦੇ ਕਦੇ ਬੈਠ ਕੇ ਆਰਾਮ ਕਰਦੇ ਸਨ ਤੇ ਨਾਮ-ਸਿਮਰਨ ਕਰਦੇ ਸਨ ।

                  ਗੁਰਦੁਆਰਾ ਸ੍ਰੀ ਦਰਬਾਰ ਸਾਹਿਬ – – ਇਸ ਗੁਰਦੁਆਰੇ ਦੀ ਪ੍ਰਕਰਮਾ ਵਿਚ ਉਸ ਕਿੱਲੀ ਦਾ ਕਰੀਰ ਹੈ ਜਿਸ ਨਾਲ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸਨਾਨ ਲਈ ਦਰਿਆ ਬਿਆਸ ਤੋਂ ਜਲ ਦੀ ਗਾਗਰ ਲਈ ਆਉਂਦੇ ਠੋਕਰ ਖਾ ਕੇ ਡਿਗ ਪਏ ਸਨ । ਇਹ ਗੁਰਦੁਆਰਾ ਬੜਾ ਆਲੀਸ਼ਾਨ ਹੈ । ਦਰਸ਼ਨੀ ਡਿਉਢੀ ਦੇ ਨਾਲ ਪਹਾੜ ਵਲ ਵੱਡਾ ਖੂਹ ਬੀਬੀ ਅਮਰੋ ਜੀ ਦਾ ਹੈ ।

                  ਅੰਗੀਠਾ ਸਾਹਿਬ – – ਇਸ ਸਥਾਨ ਤੇ ਦੂਸਰੇ ਸਤਿਗੁਰੂ ਅੰਗਦ ਦੇਵ ਜੀ ਦਾ ਸਸਕਾਰ ਕੀਤਾ ਗਿਆ ਸੀ ।

                  ਹ. ਪੁ.– ਮ. ਕੋ. : 366; ਖਡੂਰ ਸਾਹਿਬ ਦੇ ਇਤਿਹਾਸਕ ਗੁਰਦੁਵਾਰੇ- ਸੋਹਣ ਸਿੰਘ ‘ ਰਬ’


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਖਡੂਰ ਸਾਹਿਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖਡੂਰ ਸਾਹਿਬ : ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਕਸਬਾ ਜਿਹੜਾ ਤਰਨਤਾਰਨ ਤੋਂ 16 ਕਿ.ਮੀ. ਦੀ ਦੂਰੀ ਤੇ ਸਥਿਤ ਹੈ । ਇਥੋਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੇ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਕਰਤਾਰਪੁਰ ਜਾਂਦੇ ਸਨ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬੈਠੇ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਆਪਣਾ ਨਿਵਾਸ ਖਡੂਰ ਸਾਹਿਬ ਵਿਚ ਹੀ ਰੱਖਿਆ । ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਮਾਈ ਵਿਰਾਈ ਦੇ ਘਰ ਠਹਿਰੇ ਸਨ । ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਬਾਸਰਕੇ ਤੋਂ ਆ ਕੇ ਇਥੇ 12 ਸਾਲ ਅਣਥੱਕ ਸੇਵਾ ਕੀਤੀ ਅਤੇ ਗੁਰੂ ਪਦਵੀ ਨੂੰ ਪ੍ਰਾਪਤ ਹੋਏ । ਗੁਰੂ ਸਾਹਿਬਾਨ ਨਾਲ ਸਬੰਧਤ ਇਥੇ ਹੇਠ ਲਿਖੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ : -

ਤਪਿਆਣਾ ਸਾਹਿਬ

1. ਤਪਿਆਣਾ ਸਾਹਿਬ – ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਪ ਕੀਤਾ । ਇਸ ਥਾਂ ਉੱਤੇ ਸਰੋਵਰ ਵੀ ਹੈ ।

 

ਥੜ੍ਹਾ ਸਾਹਿਬ

2. ਥੜ੍ਹਾ ਸਾਹਿਬ – ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਨਾਲ ਸਬੰਧਤ ਉਹ ਥੜ੍ਹਾ ਜਿਥੇ ਸੇਵਾ ਤੋਂ ਵਿਹਲੇ ਹੋ ਕੇ ਆਪ ਪਾਠ ਕਰਦੇ ਸਨ ।

ਮੱਲ ਅਖਾੜਾ

3. ਮੱਲ ਅਖਾੜਾ – ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਸ੍ਰੀ ਗੁਰੂ ਅੰਗਦ ਦੇਵ ਜੀ ਬੱਚਿਆਂ ਦੇ ਮੱਲ ਯੁੱਧ ਕਰਵਾਉਂਦੇ ਸਨ ।

ਦੇਹਰਾ ਸਾਹਿਬ

4. ਦੇਹਰਾ ਸਾਹਿਬ – ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਾ ਅਸਥਾਨ ਹੈ ।

ਰਾਮਕਲੀ ਰਾਗ ਵਿਚ ਰਾਇ ਬਲਵੰਡ ਤੇ ਸਤੇ ਡੂਮ ਦੀ ਉਚਾਰਣ ਕੀਤੀ ਵਾਰ ਇਸ ਪਵਿੱਤਰ ਕਸਬੇ ਦਾ ਜ਼ਿਕਰ ਹੈ : -

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ‖

ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ‖ ( ਪੰਨਾ 967 )


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-03-12-54-23, ਹਵਾਲੇ/ਟਿੱਪਣੀਆਂ: ਗੁ. ਪ੍ਰ. ਸੂ. ਗ੍ਰੰ.

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.