ਗੁਰਮਤ ਗ੍ਰੰਥ ਪ੍ਰਚਾਰਕ ਸਭਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਮਤ ਗ੍ਰੰਥ ਪ੍ਰਚਾਰਕ ਸਭਾ: ਸਿੱਖ ਧਰਮ ਦੇ ਪ੍ਰਚਾਰ ਲਈ ਕਿਤਾਬਾਂ, ਰਸਾਲੇ , ਟ੍ਰੈਕਟ ਆਦਿ ਛਾਪ ਕੇ ਉਨ੍ਹਾਂ ਨੂੰ ਵੰਡਣ ਦੇ ਉਦੇਸ਼ ਤੋਂ ਗਿਆਨੀ ਸਰਦੂਲ ਸਿੰਘ ਨੇ 8 ਅਪ੍ਰੈਲ 1885 ਈ. ਨੂੰ ਅੰਮ੍ਰਿਤਸਰ ਵਿਚ ‘ਗੁਰਮਤ ਗ੍ਰੰਥ ਪ੍ਰਚਾਰਕ ਸਭਾ’ ਦੀ ਸਥਾਪਨਾ ਕੀਤੀ ਅਤੇ ਹਕੀਮ ਆਗਿਆ ਸਿੰਘ ਨੂੰ ਇਸ ਸਭਾ ਦਾ ਸਕੱਤਰ ਚੁਣਿਆ ਜਿਸ ਦੀ ਅਪ੍ਰੈਲ 1887 ਈ. ਵਿਚ ਹੋਈ ਮ੍ਰਿਤੂ ਤੋਂ ਬਾਦ ਉਸ ਦੇ ਪੁੱਤਰ ਹਕੀਮ ਮੰਨਾ ਸਿੰਘ ਨੂੰ ਸਕੱਤਰ ਬਣਾਇਆ ਗਿਆ। ਇਸ ਸਭਾ ਵਲੋਂ ਸਭ ਤੋਂ ਪਹਿਲਾ ‘ਗੁਰਸਿੱਖਾਂ ਦੇ ਨਿੱਤ ਦੇ ਕਰਮ ’ ਨਾਂ ਦੀ ਪ੍ਰਕਾਸ਼ਨਾ ਸਾਹਮਣੇ ਆਈ। ਉਸ ਤੋਂ ਬਾਦ ‘ਸਦ ਸਿੱਧਾਂਤ ’, ‘ਥਿਤਾਂ ਵਾਰ ਬਾਹਾਮਾਹ’, ‘ਗੁਰ ਮਹਿਮਾ ਪ੍ਰਕਾਸ਼ ’, ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਧੀ’, ‘ਗੁਰਪੁਰਬ ਪਤ੍ਰਿਕਾ’, ‘ਗੁਰਪ੍ਰਨਾਲੀ’, ‘ਯਾਤ੍ਰਾ ਹਜ਼ੂਰ ਅਬਚਲਨਗਰ ਸਾਹਿਬ ਜੀ ਦੀ’ ਅਤੇ ‘ਗੁਰਬਿਲਾਸ ਦਸਮ ਪਾਤਸ਼ਾਹ ਕਾ ’ (ਭਾਈ ਸੁਖਾ ਸਿੰਘ) ਆਦਿ ਰਚਨਾਵਾਂ ਦਾ ਪ੍ਰਕਾਸ਼ਨ ਹੋਇਆ।
ਇਸ ਸਭਾ ਦਾ ਸਭ ਤੋਂ ਮਹੱਤਵਪੂਰਣ ਕੰਮ ‘ਦਸਮ ਗ੍ਰੰਥ ’ ਦੇ ਪ੍ਰਮਾਣਿਕ ਪਾਠ ਦਾ ਨਿਰਧਾਣ ਕਰਨਾ ਸੀ। ਸਿੰਘ ਸਭਾ, ਅੰਮ੍ਰਿਤਸਰ ਦੀ ਪ੍ਰੇਰਣਾ ਅਤੇ ਹਕੀਮ ਮੰਨਾ ਸਿੰਘ ਦੀ ਮਾਇਕ ਸਹਾਇਤਾ ਨਾਲ ‘ਦਸਮ ਗ੍ਰੰਥ ’ ਦੀਆਂ 32 ਪੁਰਾਤਨ ਹੱਥ-ਲਿਖਿਤ ਬੀੜਾਂ ਇਕੱਠੀਆਂ ਕੀਤੀਆਂ ਗਈਆਂ ਅਤੇ 13 ਜੂਨ 1895 ਈ. ਤੋਂ 16 ਫਰਵਰੀ 1896 ਈ. ਤਕ ਅਕਾਲ ਤਖ਼ਤ ਉਤੇ ਹੋਈਆਂ ਕਈ ਮੀਟਿੰਗਾਂ ਵਿਚ ਵਿਚਾਰ -ਵਟਾਂਦਰਾ ਕਰਕੇ ‘ਰਿਪੋਰਟ ਸੋਧਕ ਕਮੇਟੀ ਦਸਮ ਪਾਤਸ਼ਾਹ ਦੇ ਗ੍ਰੰਥ ਸਾਹਿਬ ਦੀ’, ਤਿਆਰ ਕੀਤੀ ਗਈ ਅਤੇ ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਨੂੰ ਰਾਏ ਦੇਣ ਲਈ ਭੇਜੀ ਗਈ। ਉਨ੍ਹਾਂ ਦੀਆਂ ਟਿੱਪਣੀਆਂ ਦੇ ਪ੍ਰਕਾਸ਼ ਵਿਚ 11 ਫਰਵਰੀ 1898 ਈ. ਨੂੰ ਦੂਜੀ ਰਿਪੋਰਟ ‘ਦਸਮ ਗ੍ਰੰਥ ਦੀ ਸੁਧਾਈ ਦੀ’ ਤਿਆਰ ਕੀਤੀ ਗਈ। ਇਸ ਵਿਚ ਸਥਾਪਿਤ ਕੀਤਾ ਗਿਆ ਕਿ ‘ਦਸਮ ਗ੍ਰੰਥ’ ਦਾ ਸੰਕਲਨ ਸੰਨ 1698 ਈ. ਨੂੰ ਆਨੰਦਪੁਰ ਸਾਹਿਬ ਵਿਚ ਹੋਇਆ ਸੀ।
ਇਸ ਸਭਾ ਦੀ ਅੰਤਿਮ ਪ੍ਰਕਾਸ਼ਨਾ ‘ਮਾਈ ਦੇ ਜਾਮੇ ਨੂੰ ਅੰਮ੍ਰਿਤ ਛਕਾਵਨ ਦੀ ਵਿਧੀ’ ਦੇ ਨਾਂ ਅਧੀਨ ਸੰਨ 1900 ਈ. ਵਿਚ ਸਾਹਮਣੇ ਆਈ। ਇਸ ਮਸਲੇ ਨੂੰ ਵਿਚਾਰਨ ਅਤੇ ਅੰਤਿਮ ਦਿਸ਼ਾ ਸੁਝਾਉਣ ਲਈ ਪੰਜ ਵਿਦਵਾਨਾਂ —ਭਾਈ ਕਾਨ੍ਹ ਸਿੰਘ ਨਾਭਾ , ਗਿਆਨੀ ਦਿੱਤ ਸਿੰਘ, ਗਿਆਨੀ ਠਾਕਰ ਸਿੰਘ ਅੰਮ੍ਰਿਤਸਰ, ਗਿਆਨੀ ਭਗਵਾਨ ਸਿੰਘ ਪਟਿਆਲਾ ਅਤੇ ਬਾਬੂ ਤੇਜਾ ਸਿੰਘ ਭਸੌੜ— ਦੀ ਬਣਾਈ ਗਈ ਕਮੇਟੀ ਦੇ ਵਿਚਾਰਾਂ ਨੂੰ ਇਸ ਪ੍ਰਕਾਸ਼ਨਾ ਵਿਚ ਸਮੋਇਆ ਗਿਆ। ਇਸ ਤੋਂ ਬਾਦ ਸੰਨ 1893 ਈ. ਵਿਚ ਖ਼ਾਲਸਾ ਟ੍ਰੈਕਟ ਸੁਸਾਇਟੀ ਅਤੇ ਸੰਨ 1902 ਈ. ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਨਾਲ ਇਸ ਸਭਾ ਦਾ ਮਹੱਤਵ ਘਟ ਗਿਆ ਅਤੇ ਕੁਝ ਸਮੇਂ ਬਾਦ ਇਸ ਦੀ ਕਾਰਵਾਈ ਬੰਦ ਹੋ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰਮਤ ਗ੍ਰੰਥ ਪ੍ਰਚਾਰਕ ਸਭਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਮਤ ਗ੍ਰੰਥ ਪ੍ਰਚਾਰਕ ਸਭਾ: ਉਹ ਸਭਾ ਸੀ ਜਿਸਦਾ ਉਦੇਸ਼ ਸਿੱਖ ਧਰਮ ਦਾ ਪ੍ਰਕਾਸ਼ਨਾਵਾਂ ਰਾਹੀਂ ਪ੍ਰਚਾਰ ਕਰਨਾ ਸੀ। ਇਸਦੀ ਸਥਾਪਨਾ ਗਿਆਨੀ ਸਰਦੂਲ ਸਿੰਘ ਨੇ ਆਪਣੇ ਪਿਤਾ ਗਿਆਨੀ ਗਿਆਨ ਸਿੰਘ (ਅ.ਚ. 30 ਮਾਰਚ 1884) ਦੇ ਕੰਮ ਨੂੰ ਜਾਰੀ ਰੱਖਣ ਲਈ 8 ਅਪ੍ਰੈਲ 1885 ਵਿਚ ਅੰਮ੍ਰਿਤਸਰ ਵਿਖੇ ਕੀਤੀ ਸੀ। ਗਿਆਨੀ ਗਿਆਨ ਸਿੰਘ 1873 ਵਿਚ ਸਥਾਪਿਤ ਹੋਈ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਦੇ ਪਹਿਲੇ ਸਕੱਤਰ ਸਨ। ਅੰਮ੍ਰਿਤਸਰ ਦੇ ਆਗਿਆ ਸਿੰਘ ਹਕੀਮ , ਗੁਰਮਤ ਗ੍ਰੰਥ ਪ੍ਰਚਾਰਕ ਸਭਾ ਦੇ ਸਕੱਤਰ ਚੁਣੇ ਗਏ ਸਨ। ਅਪ੍ਰੈਲ 1887 ਵਿਚ ਇਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਹਨਾਂ ਦੇ ਪੁੱਤਰ ਮੰਨਾ ਸਿੰਘ ਹਕੀਮ ਨੇ ਇਹਨਾਂ ਦੀ ਸਕੱਤਰੀ ਵਾਲਾ ਅਹੁਦਾ ਸੰਭਾਲਿਆ ਸੀ। ਇਸ ਸਭਾ ਨੇ ਖੋਜ ਕਾਰਜਾਂ ਦੀ ਸਹਾਇਤਾ ਕੀਤੀ ਅਤੇ ਗੁਰੂ ਸਾਹਿਬਾਨ ਦੀਆਂ ਪ੍ਰਮਾਣਿਕ ਰਚਨਾਵਾਂ ਅਤੇ ਹੋਰ ਕਿਰਤਾਂ ਜਿਵੇਂ ਕਿ ਜਨਮ ਸਾਖੀਆਂ ਅਤੇ ਗੁਰਪ੍ਰਣਾਲੀਆਂ ਨੂੰ ਪ੍ਰਕਾਸ਼ਿਤ ਕਰਨ ਦੀ ਜ਼ੁੰਮੇਵਾਰੀ ਆਪਣੇ ਸਿਰ ਲਈ ਹੋਈ ਸੀ। ਗਿਆਨੀ ਗਿਆਨ ਸਿੰਘ ਜੀ ਦੇ ਉਦਮ ਨਾਲ ਪਹਿਲਾਂ ਹੀ ਗੁਰਪੁਰਬ ਪ੍ਰਕਾਸ਼, ਗੁਰੂ ਪਰੀਖਿਆ ਅਤੇ ਸ੍ਰੀ ਗੁਰ ਕਿਰਪਾ ਕਟਾਖਯ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਸਨ। ਇਸ ਪ੍ਰਚਾਰਕ ਸਭਾ ਦੀ ਅਗਵਾਈ ਅਧੀਨ ਪਹਿਲਾ ਪ੍ਰਕਾਸ਼ਨ ਗੁਰ-ਸਿੱਖਾਂ ਦੇ ਨਿੱਤ ਕਰਮ- ਸਿੱਖਾਂ ਦੇ ਰੋਜ਼ ਦੇ ਨਿਯਮ ਸੀ, ਜੋ ਇਸ ਦੀ ਪਹਿਲੀ ਕਿਰਤ ਸਿੱਖ ਧਰਮ ਸ਼ਾਸਤਰ ਦੇ ਪਹਿਲੇ ਅਧਿਆਇ ‘ਤੇ ਆਧਾਰਿਤ ਸੀ।ਹੋਰ ਪ੍ਰਕਾਸ਼ਿਤ ਸਿਰਲੇਖ ਜਿਵੇਂ-ਸਦ ਸਿਧਾਂਤ (1887), ਗੁਰਮਤ ਸਿਧਾਂਤ ਵ ਪੰਚਾਂਗ ਵ ਪ੍ਰਸ਼ਨਾਵਲੀ ਕੇ ਉੱਤਰ , ਥਿੱਤਾਂ ਵਾਰ ਬਾਰਾਂਮਾਹ , ਗੁਰ ਮਹਿਮਾ ਪ੍ਰਕਾਸ਼ , ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਧੀ, ਗੁਰਪੁਰਬ ਪਤ੍ਰਿਕਾ (1893), ਗੁਰਪ੍ਰਨਾਲੀ (1894), ਸੁਧਾਸਰ ਸਤਕ ਪਚੀਸਾ, ਗੁਰਪ੍ਰਨਾਲੀ ਵਿਦਿਆਰਥੀਆਂ ਦੇ ਕੰਠ ਕਰਨ ਵਾਲੀ (1894) ਅਤੇ ਯਾਤਰਾ ਹਜ਼ੂਰ ਅਬਚਲਨਗਰ ਸਾਹਿਬ ਜੀ ਦੀ (1897) ਸ਼ਾਮਲ ਸਨ। ਇਸ ਸਭਾ ਨੇ 1797 ਵਿਚ ਭਾਈ ਸੁੱਖਾ ਸਿੰਘ ਦੁਆਰਾ ਸੰਪੂਰਨ ਕੀਤੇ ਗ੍ਰੰਥ ਗੁਰ- ਬਿਲਾਸ ਦਸਮ ਪਾਤਸ਼ਾਹ ਕਾ ਦੇ ਪ੍ਰਾਚੀਨ ਖਰੜੇ ਨੂੰ ਲੱਭਿਆ ਅਤੇ ਪ੍ਰਕਾਸ਼ਿਤ ਵੀ ਕਰਵਾਇਆ। ਇਹ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਕਵਿਤਾ ਵਿਚ ਬਿਰਤਾਂਤ ਹੈ। ਇਸ ਸਭਾ ਨੇ ਅਗਲਾ ਮੁੱਖ ਕੰਮ, ਅੰਮ੍ਰਿਤਸਰ ਸਿੰਘ ਸਭਾ ਦੇ ਸੁਝਾਅ ‘ਤੇ, ਦਸਮ ਗ੍ਰੰਥ ਦੇ ਸੋਧੇ ਹੋਏ ਪ੍ਰਮਾਣਿਕ ਸੰਸਕਰਨ ਨੂੰ ਤਿਆਰ ਕਰਨਾ ਆਪਣੇ ਜ਼ੁੰਮੇ ਲਿਆ। ਇਸ ਪਰਿਯੋਜਨਾ ਲਈ ਧਨ ਰਾਸ਼ੀ ਇਸ ਸਭਾ ਦੇ ਸਕੱਤਰ, ਭਾਈ ਮੰਨਾ ਸਿੰਘ ਹਕੀਮ ਨੇ ਦਿੱਤੀ। ਵੱਖ-ਵੱਖ 32 ਸੋਧੇ ਹੋਏ ਸੰਸਕਰਨ ਇੱਕਤਰ ਕੀਤੇ ਗਏ ਅਤੇ ਬਹੁਤ ਸਾਰੇ ਮਸ਼ਹੂਰ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਨੂੰ ਇਹਨਾਂ ਦਾ ਅਧਿਐਨ ਕਰਨ ਲਈ ਸੱਦਾ ਦਿੱਤਾ ਗਿਆ। ਇਹ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ‘ਤੇ ਇਕੱਠੇ ਹੋਏ ਅਤੇ ਇਹਨਾਂ ਨੇ ਨਿਰੰਤਰ ਰੂਪ ਵਿਚ 13 ਜੂਨ 1895 ਅਤੇ 16 ਫ਼ਰਵਰੀ 1896 ਦੇ ਸਮੇਂ ਦੌਰਾਨ ਮੀਟਿੰਗਾਂ ਕੀਤੀਆਂ ਅਤੇ ਇਸ ਮਸਲੇ ਬਾਰੇ ਰਸਮੀ ਤੌਰ ‘ਤੇ ਬਹਿਸਾਂ ਜਾਂ ਵਿਚਾਰ-ਵਟਾਂਦਰਾ ਕੀਤਾ। ਇਹਨਾਂ ਨੇ ਮੁਢਲੀ ਰਿਪੋਰਟ ਜਿਸਦਾ ਸਿਰਲੇਖ ਰਿਪੋਰਟ ਸੋਧਕ ਕਮੇਟੀ ਦਸਮ ਪਾਤਸ਼ਾਹ ਦੇ ਗ੍ਰੰਥ ਸਾਹਿਬ ਦੀ ਤਿਆਰ ਕੀਤੀ ਅਤੇ ਇਸਨੂੰ ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਨੂੰ ਉਹਨਾਂ ਦੀ ਰਾਇ ਪ੍ਰਾਪਤ ਕਰਨ ਲਈ ਭੇਜਿਆ ਗਿਆ। ਦੂਸਰਾ ਦਸਤਾਵੇਜ਼ , ਰਿਪੋਰਟ ਦਸਮ ਗ੍ਰੰਥ ਦੀ ਸੁਧਾਈ ਦੀ 11 ਫ਼ਰਵਰੀ 1898 ਨੂੰ ਸਾਮ੍ਹਣੇ ਆਇਆ ਸੀ। ਪਟਨਾ ਵਿਖੇ ਸ੍ਰੀ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਸੁਰੱਖਿਅਤ ਪਈਆਂ ਦਸਮ ਗ੍ਰੰਥ ਦੀਆਂ ਪੁਰਾਤਨ ਹੱਥ-ਲਿਖਿਤ ਕਾਪੀਆਂ ਦੇ ਅਧਿਐਨ ਨੂੰ ਆਪਣੇ ਸਿੱਟੇ ਦਾ ਆਧਾਰ ਬਣਾ ਕੇ ਇਸ ਰਿਪੋਰਟ ਵਿਚ ਸਪਸ਼ਟ ਕਰ ਦਿੱਤਾ ਕਿ ਇਹ ਪਵਿੱਤਰ ਗ੍ਰੰਥ ਦਾ 1698 ਵਿਚ ਅਨੰਦਪੁਰ ਸਾਹਿਬ ਵਿਖੇ ਸੰਕਲਨ ਕੀਤਾ ਗਿਆ ਸੀ। ਅਗਲਾ ਮਹੱਤਵਪੂਰਨ ਮੁੱਦਾ ਜੋ ਪ੍ਰਚਾਰਕ ਸਭਾ ਨੇ ਆਪਣੇ ਹੱਥ ਵਿਚ ਲਿਆ ਸੀ ਉਹ 1893 ਵਿਚ ਇਸਤਰੀਆਂ ਨੂੰ ਦੋ ਧਾਰੀ ਤਲਵਾਰ ਨਾਲ ਅੰਮ੍ਰਿਤ ਛਕਾਉਣ ਨਾਲ ਉੱਠੇ ਵਿਵਾਦ ਨਾਲ ਸੰਬੰਧਿਤ ਸੀ। ਜਦੋਂ ਕਿ ਲਾਹੌਰ ਖ਼ਾਲਸਾ ਦੀਵਾਨ ਨੇ ਇਸ ਬਾਰੇ ਫ਼ੈਸਲਾ ਲੈਣ ਦੀ ਜ਼ੁੰਮੇਵਾਰੀ ਪੰਜ ਵਿਦਵਾਨਾਂ-ਭਾਈ ਕਾਨ੍ਹ ਸਿੰਘ ਨਾਭਾ , ਗਿਆਨੀ ਦਿੱਤ ਸਿੰਘ, ਅੰਮ੍ਰਿਤਸਰ ਦੇ ਗਿਆਨੀ ਠਾਕੁਰ ਸਿੰਘ, ਪਟਿਆਲਾ ਦੇ ਗਿਆਨੀ ਭਗਵਾਨ ਸਿੰਘ ਅਤੇ ਭਸੌੜ ਦੇ ਬਾਬੂ ਤੇਜਾ ਸਿੰਘ ਨੂੰ ਸੌਂਪੀ ਪਰੰਤੂ ਗੁਰਮਤ ਗ੍ਰੰਥ ਪ੍ਰਚਾਰਕ ਸਭਾ ਨੇ ਇਸ ਮਾਮਲੇ ਸੰਬੰਧੀ ਆਪਣੀਆਂ ਆਮ ਮੀਟਿੰਗਾਂ ਵਿਚ ਵਿਚਾਰ-ਵਟਾਂਦਰੇ ਦੇ ਨਤੀਜੇ ਵਜੋਂ ਭਾਈ ਮੰਨਾ ਸਿੰਘ ਹਕੀਮ ਨੇ 1900 ਵਿਚ ਪੈਂਫ਼ਲਿਟ ਪ੍ਰਕਾਸ਼ਿਤ ਕੀਤਾ ਜਿਸਦਾ ਸਿਰਲੇਖ ਸੀ ਮਾਈ ਦੇ ਜਾਮੇ ਨੂੰ ਅੰਮ੍ਰਿਤ ਛਕਾਵਨ ਦੀ ਵਿਧੀ।ਇਹ ਗੁਰਮਤ ਗ੍ਰੰਥ ਪ੍ਰਚਾਰਕ ਸਭਾ ਦਾ ਅੰਤਿਮ ਮਹੱਤਵਪੂਰਨ ਪ੍ਰਕਾਸ਼ਨ ਸੀ। ਇਹ ਸਭਾ ਗੁਮਨਾਮੀ ਵਿਚ ਚੱਲੀ ਗਈ ਕਿਉਂਕਿ ਦੋ ਨਵੀਆਂ ਸਭਾਵਾਂ, ਖ਼ਾਲਸਾ ਟ੍ਰੈਕਟ ਸੁਸਾਇਟੀ (ਸਥਾਪਿਤ 1893) ਅਤੇ ਚੀਫ਼ ਖ਼ਾਲਸਾ ਦੀਵਾਨ (ਸਥਾਪਿਤ 1902) ਨੇ ਆਪਣੀਆਂ ਕਾਰਵਾਈਆਂ ਦਾ ਘੇਰਾ ਫੈਲਾ ਲਿਆ ਸੀ।
ਲੇਖਕ : ਜ.ਜ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First