ਚੇਤ ਸਿੰਘ ਬਾਜਵਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚੇਤ ਸਿੰਘ ਬਾਜਵਾ (ਮ. 1839 ਈ.): ਮਹਾਰਾਜਾ ਖੜਕ ਸਿੰਘ ਦਾ ਇਕ ਰਿਸ਼ਤੇਦਰ, ਜੋ ਬਚਪਨ ਵਿਚ ਇਸ ਦਾ ਉਸਤਾਦ ਵੀ ਰਿਹਾ ਸੀ। ਖੜਕ ਸਿੰਘ ਨਾਲ ਡੂੰਘੀ ਮਿਤਰਤਾ ਹੋਣ ਕਾਰਣ ਰਾਜ-ਦਰਬਾਰ ਵਿਚ ਵੀ ਇਸ ਦਾ ਕਾਫ਼ੀ ਪ੍ਰਭਾਵ ਸੀ। ਇਹ ਅਕਸਰ ਮਹਾਰਾਜਾ ਖੜਕ ਸਿੰਘ ਦੇ ਅੰਗ-ਸੰਗ ਹੀ ਰਹਿੰਦਾ ਸੀ। ਡੋਗਰਾ ਵਜ਼ੀਰ ਧਿਆਨ ਸਿੰਘ ਨੂੰ ਸਦਾ ਡਰ ਬਣਿਆ ਰਹਿੰਦਾ ਸੀ ਕਿ ਇਹ ਕਿਤੇ ਉਸ ਦੇ ਔਹਦੇ ਨੂੰ ਹੱਥ ਨ ਪਾ ਲਏ। ਚੇਤ ਸਿੰਘ ਨੇ ਬਹੁਤ ਸਾਰੇ ਦਰਬਾਰੀਆਂ ਅਤੇ ਵਿਦੇਸ਼ੀ ਕਾਰਿੰਦੇ ਨੂੰ ਆਪਣੇ ਨਾਲ ਜੋੜ ਲਿਆ। ਪਰ ਧਿਆਨ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਨੂੰ ਆਪਣੇ ਵਸ ਕਰ ਲਿਆ ਅਤੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਚੇਤ ਸਿੰਘ ਮਹਾਰਾਜਾ ਖੜਕ ਸਿੰਘ ਤੋਂ ਖ਼ਾਲਸਾ ਫ਼ੌਜ ਨੂੰ ਬਰਖ਼ਾਸਤ ਕਰਾ ਕੇ ਲਾਹੌਰ ਦਰਬਾਰ ਨੂੰ ਅੰਗ੍ਰੇਜ਼ਾਂ ਦੇ ਅਧੀਨ ਕਰਨਾ ਚਾਹੁੰਦਾ ਹੈ। ਇਸ ਸੰਬੰਧ ਵਿਚ ਖੜਕ ਸਿੰਘ ਵਲੋਂ ਅੰਗ੍ਰੇਜ਼ਾਂ ਨੂੰ ਲਿਖੇ ਕਈ ਜਾਅਲੀ ਪੱਤਰ ਵੀ ਤਿਆਰ ਕਰਵਾ ਕੇ ਨਸ਼ਰ ਕੀਤੇ ਗਏ।
ਕੰਵਰ ਨੇ ਆਪਣੇ ਪਿਤਾ ਖੜਕ ਸਿੰਘ ਨੂੰ ਰਾਜ- ਅਧਿਕਾਰ ਛਡਣ ਲਈ ਕਿਹਾ ਅਤੇ ਨਾਲ ਹੀ ਚੇਤ ਸਿੰਘ ਨੂੰ ਆਪਣੇ ਤੋਂ ਵਖ ਕਰ ਦੇਣ ਲਈ ਜ਼ੋਰ ਦਿੱਤਾ। ਖੜਕ ਸਿੰਘ ਦੇ ਨ ਮੰਨਣ’ਤੇ 9 ਅਕਤੂਬਰ 1839 ਈ. ਨੂੰ ਸਵੇਰ ਵੇਲੇ ਧਿਆਨ ਸਿੰਘ ਕੰਵਰ ਨੌ ਨਿਹਾਲ ਸਿੰਘ ਅਤੇ 15 ਹੋਰ ਸਰਦਾਰਾਂ ਨੂੰ ਲੈ ਕੇ ਮਹੱਲ ਦੇ ਉਸ ਕਮਰੇ ਵਿਚ ਗਿਆ ਜਿਥੇ ਖੜਕ ਸਿੰਘ ਅਤੇ ਚੇਤ ਸਿੰਘ ਇਕੱਠੇ ਸੌਂਦੇ ਸਨ। ਉਨ੍ਹਾਂ ਨੂੰ ਵੇਖ ਕੇ ਚੇਤ ਸਿੰਘ ਨੇ ਲੁਕਣ ਦਾ ਯਤਨ ਕੀਤਾ, ਪਰ ਇਸ ਨੂੰ ਲੁਕੀ ਹੋਈ ਥਾਂ ਤੋਂ ਬਲਵਈਆਂ ਨੇ ਬਾਹਰ ਖਿਚ ਲਿਆਉਂਦਾ ਅਤੇ ਧਿਆਨ ਸਿੰਘ ਨੇ ਉਸ ਦੀ ਛਾਤੀ ਵਿਚ ਕਟਾਰ ਮਾਰ ਕੇ ਕਤਲ ਕਰ ਦਿੱਤਾ। ਬਸ ਇਥੋਂ ਹੀ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਦਾ ਆਰੰਭ ਹੁੰਦਾ ਹੈ। ਇਸ ਸੰਬੰਧੀ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਲਿਖਿਆ ਹੈ—ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਗ਼ਰਕ ਜਾਵੇ ਦਰਬਾਰ ਮੀਆਂ। ਪਿਛੇ ਸਾਡੇ ਵੀ ਕੌਰ ਨਾ ਰਾਜ ਕਰਸੀ, ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ। ਨਾਹਕ ਦਾ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਮਰਨਗੇ ਸਭ ਸਰਦਾਰ ਮੀਆਂ। ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗੀ, ਸਭ ਕਤਲ ਹੋਂਣੇ ਵਾਰੋ ਵਾਰ ਮੀਆਂ।7।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚੇਤ ਸਿੰਘ ਬਾਜਵਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੇਤ ਸਿੰਘ ਬਾਜਵਾ (ਅ.ਚ. 1839): ਮਹਾਰਾਜਾ ਖੜਕ ਸਿੰਘ ਦਾ ਦੂਰ ਦਾ ਰਿਸ਼ਤੇਦਾਰ ਅਤੇ ਪੁਰਾਣਾ ਉਸਤਾਦ ਸੀ ਜਿਸ ਨੇ ਸਿੱਖ ਦਰਬਾਰ ਵਿਚ ਚੋਖਾ ਪ੍ਰਭਾਵ ਪਾ ਲਿਆ ਸੀ। ਡੋਗਰਾ ਮੰਤਰੀ ਧਿਆਨ ਸਿੰਘ ਨੂੰ ਲੱਗਦਾ ਸੀ ਕਿ ਚੇਤ ਸਿੰਘ ਉਸਦੀ ਗੱਦੀ ਲਈ ਤਕੜਾ ਦਾਅਵੇਦਾਰ ਹੋ ਸਕਦਾ ਹੈ। ਚੇਤ ਸਿੰਘ ਨੇ ਦਰਬਾਰ ਵਿਚ ਭਾਈਆਂ ਅਤੇ ਮਿਸਰਾਂ ਨਾਲ ਗੰਢਤੁਪ ਕਰ ਲਈ ਅਤੇ ਡੋਗਰਾ ਗਰੁੱਪ ਵਿਰੁੱਧ ਖੁੱਲ੍ਹੀ ਬਗਾਵਤ ਕਰਨ ਵਾਲੇ ਜਨਰਲ ਵੈਨਤੁਰਾ ਅਤੇ ਹੋਰ ਦੂਜੇ ਫ਼ਰੰਗੀ ਅਫ਼ਸਰਾਂ ਤੋਂ ਸਹਾਇਤਾ ਦੀ ਮੰਗ ਕੀਤੀ। ਦੂਜੇ ਪਾਸੇ ਡੋਗਰਿਆਂ ਨੇ ਟਿੱਕਾ ਕੰਵਰ ਨੌ ਨਿਹਾਲ ਸਿੰਘ ਨੂੰ ਆਪਣੇ ਵੱਲ ਕਰ ਲਿਆ। ਡੋਗਰਿਆਂ ਨੇ ਅਫ਼ਵਾਹ ਫੈਲਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਅਤੇ ਉਸ ਦੇ ਚਹੇਤੇ ਚੇਤ ਸਿੰਘ ਨੇ ਖ਼ਾਲਸਾ ਫ਼ੌਜ ਨੂੰ ਤੋੜਨ ਦਾ ਅਤੇ ਰਣਜੀਤ ਸਿੰਘ ਦੇ ਰਾਜ ਨੂੰ ਅੰਗਰੇਜ਼ਾਂ ਦੀ ਸੁਰੱਖਿਆ ਅਧੀਨ ਕਰਨ ਦਾ ਫ਼ੈਸਲਾ ਕਰ ਲਿਆ ਹੈ। ਆਪਣੇ ਮਤ ਦੀ ਪੁਸ਼ਟੀ ਲਈ ਉਹਨਾਂ ਨੇ ਕੁਝ ਝੁੱਠੇ ਪੱਤਰ ਪੇਸ਼ ਕੀਤੇ ਜੋ ਕਿ ਉਹਨਾਂ ਦੁਆਰਾ ਹੀ ਅੰਗਰੇਜ਼ਾਂ ਨੂੰ ਲਿਖੇ ਦੱਸੇ ਜਾਂਦੇ ਹਨ। ਰਾਜ ਵਿਚ ਉੱਚਤਮ ਪਦ ਪ੍ਰਾਪਤ ਕਰਨ ਲਈ ਦ੍ਰਿੜ ਨੌ ਨਿਹਾਲ ਸਿੰਘ ਨੇ ਆਪਣੇ ਪਿਤਾ ਨੂੰ ਚੇਤ ਸਿੰਘ ਨੂੰ ਬਰਖ਼ਾਸਤ ਕਰਨ ਲਈ ਬੇਨਤੀ ਕੀਤੀ। ਪਰ ਖੜਕ ਸਿੰਘ ਨਾ ਤਾਂ ਆਪਣੇ ਪੁੱਤਰ ਨੂੰ ਸੱਤਾ ਦੇਣ ਲਈ ਰਾਜੀ ਹੋਇਆ ਅਤੇ ਨਾ ਹੀ ਉਸਨੇ ਆਪਣੇ ਵਫ਼ਾਦਾਰ ਨੂੰ ਬਰਖ਼ਾਸਤ ਕਰਨ ਲਈ ਸਹਿਮਤੀ ਪ੍ਰਗਟਾਈ। ਧਿਆਨ ਸਿੰਘ ਨੇ ਕੰਵਰ ਨੌਂ ਨਿਹਾਲ ਸਿੰਘ ਨਾਲ ਮਿਲ ਕੇ ਚੇਤ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ। 9 ਅਕਤੂਬਰ 1839 ਦੇ ਤੜਕੇ ਗੁਲਾਬ ਸਿੰਘ , ਸੁਚੇਤ ਸਿੰਘ, ਮਿਸਰ ਲਾਲ ਸਿੰਘ ਅਤੇ ਅਤਰ ਸਿੰਘ ਸੰਧਾਵਾਲੀਆ ਸਮੇਤ 15 ਹੋਰ ਸਰਦਾਰਾਂ ਨੂੰ ਨਾਲ ਲੈ ਕੇ ਧਿਆਨ ਸਿੰਘ ਅਤੇ ਨੌ ਨਿਹਾਲ ਸਿੰਘ ਕਿਲ੍ਹੇ ਦੇ ਮਹਿਲ ਵਿਚ ਦਾਖ਼ਲ ਹੋ ਗਏ ਅਤੇ ਜਬਰਦਸਤੀ ਸ਼ਾਹੀ ਮਹਿਲ ਦੇ ਕਮਰਿਆਂ ਵਿਚ ਜਾ ਵੜੇ ਜਿੱਥੇ ਆਮ ਤੌਰ ਤੇ ਮਹਾਰਾਜਾ ਖੜਕ ਸਿੰਘ ਅਤੇ ਚੇਤ ਸਿੰਘ ਸੌਂਦੇ ਹੁੰਦੇ ਸਨ। ਚੇਤ ਸਿੰਘ ਅੰਦਰਲੀ ਗੈਲਰੀ ਵਿਚ ਲੁਕ ਗਿਆ ਪਰ ਇਸਦੀ ਤਲਵਾਰ ਦੀ ਚਮਕ ਨੇ ਇਸਦੇ ਹਨੇਰੇ ਖੂੰਜੇ ਵਿਚ ਛੁਪੇ ਹੋਣ ਦੀ ਭਿਣਕ ਦੇ ਦਿੱਤੀ। ਰਾਜਾ ਧਿਆਨ ਸਿੰਘ ਨੇ ਇਸਤੇ ਹਮਲਾ ਕਰਕੇ ਆਪਣਾ ਬਰਛਾ ਇਸਦੀ ਛਾਤੀ ਵਿਚ ਖੋਭ ਦਿੱਤਾ। ਚੇਤ ਸਿੰਘ ਦਾ ਕਤਲ ਸਿੱਖ ਰਾਜ ਵਿਚ ਹੱਤਿਆਵਾਂ ਅਤੇ ਸਾਜ਼ਸ਼ਾਂ ਦੇ ਲੰਮੇ ਨਾਟਕ ਦਾ ਮੁੱਖਬੰਧ ਸਾਬਤ ਹੋਇਆ।
ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਚੇਤ ਸਿੰਘ ਬਾਜਵਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੇਤ ਸਿੰਘ (ਬਾਜਵਾ) : ਮਹਾਰਾਜਾ ਖੜਕ ਸਿੰਘ ਦੇ ਰਾਜ ਕਾਲ ਦੌਰਾਨ ਉਨ੍ਹਾਂ ਦਾ ਮੁੱਖ ਸਲਾਹਕਾਰ ਅਤੇ ਉਨ੍ਹਾਂ ਦੀ ਮਹਾਰਾਣੀ ਚੰਦ ਕੌਰ ਵੱਲੋਂ ਇਕ ਨਜ਼ਦੀਕੀ ਰਿਸ਼ਤੇਦਾਰ ਸੀ। ਇਸਦਾ ਵਿਆਹ ਮਹਾਰਾਜਾ ਖੜਕ ਸਿੰਘ ਦੇ ਸਾਲੇ ਸਰਦਾਰ ਮੰਗਲ ਸਿੰਘ ਦੀ ਭਤੀਜੀ ਨਾਲ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵੇਲੇ ਇਕ ਵਾਰ ਮਹਾਰਾਜਾ ਖੜਕ ਸਿੰਘ ਨੇ ਆਪਣੀ ਇਕ ਬਟਾਲੀਅਨ ਦੀ ਅੱਠਾਂ ਮਹੀਨਿਆਂ ਦੀ ਬਕਾਇਆ ਤਨਖ਼ਾਹ ਨਹੀਂ ਸੀ ਦਿੱਤੀ ਅਤੇ ਉਹ ਕੇਵਲ ਦੋ ਮਹੀਨਿਆਂ ਦੀ ਹੀ ਬਕਾਇਆ ਤਨਖਾਹ ਦੇਣ ਲਈ ਤਿਆਰ ਸੀ। ਫ਼ੌਜਾਂ ਨੇ ਦੋ ਮਹੀਨਿਆਂ ਦੀ ਬਕਾਇਆ ਤਨਖ਼ਾਹ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਖੜਕ ਸਿੰਘ ਹੁਰਾਂ ਦੇ ਦੋ ਚੇਲਿਆਂ, ਚੇਤ ਸਿੰਘ ਅਤੇ ਮੀਆਂ ਲਾਭ ਸਿੰਘ ਨੂੰ ਫ਼ੌਜਾਂ ਦੀ ਦੋ ਮਹੀਨਿਆਂ ਦੀ ਤਨਖਾਹ ਲੈ ਲੈਣ ਸਬੰਧੀ ਭੇਜਿਆ ਸੀ ਪਰ ਇਨ੍ਹਾਂ ਦੋਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਫ਼ੌਜਾਂ ਅੜੀ ਹੀ ਫੜੀ ਬੈਠੀਆਂ ਰਹੀਆਂ। ਇਸ ਗੱਲ ਤੇ ਜਮਾਦਾਰਾਂ ਨੇ ਆਪਣੀ ਮਰਜ਼ੀ ਨਾਲ ਹੀ ਬਾਗ਼ੀ ਫ਼ੌਜੀਆਂ ਤੇ ਗੋਲੀ ਚਲਾ ਦਿੱਤੀ ਜਿਸ ਵਿਚ ਕਈ ਫ਼ੌਜੀ ਤਾਂ ਮਾਰੇ ਗਏ ਅਤੇ ਕੁਝ ਦਰਿਆ ਪਾਰ ਕਰਨ ਲੱਗੇ ਡੁੱਬ ਗਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੁਰਘਟਨਾ ਦਾ ਜ਼ਿੰਮੇਵਾਰ ਚੇਤ ਸਿੰਘ ਬਾਜਵਾ ਨੂੰ ਠਹਿਰਾਇਆ ਅਤੇ ਸਜ਼ਾ ਵਜੋਂ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਦੂਜੇ ਪਾਸੇ ਬਹੁਤ ਸਾਰੇ ਸਰਦਾਰਾਂ ਅਤੇ ਕੰਵਰ ਖੜਕ ਸਿੰਘ ਨੇ ਚੇਤ ਸਿੰਘ ਬਾਜਵਾ ਨੂੰ ਰਿਹਾ ਕਰਵਾਉਣ ਦਾ ਹਰ ਸੰਭਵ ਯਤਨ ਕੀਤਾ। ਆਖ਼ਰਕਾਰ ਸਰਦਾਰ ਬਸਾਵਾ ਸਿੰਘ ਨੇ ਚੇਤ ਸਿੰਘ ਬਾਜਵਾ ਵਲੋਂ 40,000 ਰੁਪਏ ਜੁਰਮਾਨੇ ਦੇ ਤੌਰ ਤੇ ਤਾਰ ਕੇ, ਉਸਨੂੰ ਆਜ਼ਾਦ ਕਰਵਾ ਲਿਆ।
ਉਨ੍ਹੀਂ ਦਿਨੀ ਸਿੱਖ ਸਰਦਾਰਾਂ ਅਤੇ ਡੋਗਰਿਆਂ ਵਿਚਕਾਰ ਅੰਦਰ ਖਾਤੇ ਦੁਸ਼ਮਣੀ ਵੱਧ ਚੁੱਕੀ ਸੀ। ਚੇਤ ਸਿੰਘ ਬਾਜਵਾ ਇਸ ਸਮੇਂ ਮਹਾਰਾਜਾ ਖੜਕ ਸਿੰਘ ਦਾ ਮੁੱਖ ਸਲਾਹਕਾਰ ਹੋਣ ਦੇ ਨਾਤੇ ਰਾਜ ਦੇ ਪਿੱਛੇ ਇਕ ਚੰਗੀ ਤਾਕਤ ਸੀ। ਸਿੱਖ ਸਰਦਾਰਾਂ ਦੇ ਅਸਰ ਹੇਠ ਅਤੇ ਸ਼ੱਕ ਹੋਣ ਕਾਰਨ ਮਹਾਰਾਜਾ ਖੜਕ ਸਿੰਘ ਨੇ ਡੋਗਰਾ ਧਿਆਨ ਸਿੰਘ ਅਤੇ ਉਸਦੇ ਪੁੱਤਰਾਂ ਨੂੰ ਮਹਿਲਾਂ ਅੰਦਰ ਦਾਖ਼ਲ ਹੋਣ ਤੋਂ ਮਨ੍ਹਾਂ ਕਰ ਦਿੱਤਾ। ਰਾਜ ਪ੍ਰਬੰਧ ਵਿਚ ਬੋਲਬਾਲਾ ਹੋਣ ਕਾਰਨ ਇਹ ਡੋਗਰੇ ਸਰਦਾਰਾਂ ਦੀਆਂ ਅੱਖਾਂ ਵਿਚ ਬਹੁਤ ਰੜਕਣ ਲੱਗਾ। ਇਸ ਸਭ ਕੁਝ ਨੂੰ ਖਤਮ ਕਰਨ ਲਈ ਧਿਆਨ ਸਿੰਘ ਅਤੇ ਗੁਲਾਬ ਸਿੰਘ ਨੇ ਇਕ ਨਵੀਂ ਚਾਲ ਖੇਡੀ। ਉਨ੍ਹਾਂ ਨੇ ਆਪਣੀ ਸਾਜ਼ਿਸ਼ ਨਾਲ ਕੰਵਰ ਨੌ ਨਿਹਾਲ ਸਿੰਘ ਨੂੰ ਰਾਜਗੱਦੀ ਤੇ ਬਿਠਾਉਣ ਲਈ ਕੰਵਰ ਅਤੇ ਮਹਾਰਾਣੀ ਚੰਦ ਕੌਰ ਨੂੰ ਸਹਿਮਤ ਕਰ ਲਿਆ ਅਤੇ ਨਾਲ ਹੀ ਲਾਹੌਰ ਦੇ ਸਰਦਾਰਾਂ ਵਿਚ ਇਹ ਅਫ਼ਵਾਹ ਵੀ ਫੈਲਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਨੇ ਚੇਤ ਸਿੰਘ ਬਾਜਵਾ ਦੀ ਸਲਾਹ ਨਾਲ ਅੰਗਰੇਜ਼ਾਂ ਨੂੰ ਆਪਣੀ ਆਮਦਨ ਵਿਚੋਂ 6 ਆਨੇ ਦੇਣੇ ਸਵੀਕਾਰ ਕਰ ਲਿਆ ਹੈ।
ਨੌ-ਨਿਹਾਲ ਸਿੰਘ ਨੇ ਆਪਣਾ ਸਰਹੱਦੀ ਅਹੁਦਾ ਛੱਡ ਦਿੱਤਾ ਅਤੇ ਸਾਰਾ ਰਾਜ-ਭਾਗ ਆਪਣੇ ਹੱਥ ਵਿਚ ਲੈਣ ਲਈ ਲਾਹੌਰ ਆ ਪਹੁੰਚਿਆ। ਧਿਆਨ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਨੂੰ ਉਸਦੀ ਰਾਜ-ਭਾਗ ਹਥਿਆਉਣ ਲਈ ਬਣਾਈ ਵਿਉਂਤ ਨੂੰ ਅਮਲ ਵਿਚ ਲਿਆਉਣ ਤੋਂ ਰੋਕ ਦਿੱਤਾ। ਇਸ ਦੀ ਥਾਂ ਤੇ ਧਿਆਨ ਸਿੰਘ ਨੇ, ਕੰਵਰ ਦੇ ਰਾਜ-ਭਾਗ ਦੇ ਪਾਲਿਸੀ ਵਾਲੇ ਵੱਡੇ-ਵੱਡੇ ਫ਼ੈਸਲੇ ਕਰਨ ਦਾ ਅਧਿਕਾਰ ਪਰਵਾਨ ਕਰ ਲਿਆ ਅਤੇ ਆਪ ਇਕ ਵੱਡੇ ਸਲਾਹਕਾਰ ਦੀ ਹੈਸੀਅਤ ਵਿਚ ਰੋਲ ਕਰਨ ਲਈ ਰਜ਼ਾਮੰਦ ਹੋ ਗਿਆ ਪਰ ਚੇਤ ਸਿੰਘ ਬਾਜਵਾ ਨੇ ਮਹਾਰਾਜਾ ਖੜਕ ਸਿੰਘ ਨੂੰ ਸ਼ਾਹੀ ਇਖ਼ਤਿਆਰਾਂ ਦੇ ਖੋਹਣ ਵਿਰੁੱਧ ਕਾਰਵਾਈ ਕਰਨ ਲਈ ਮਨਾ ਲਿਆ। ਮਹਾਰਾਜਾ ਸਾਹਿਬ ਨੇ ਆਪਣੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਅਤੇ ਡੋਗਰਾ ਮੁੱਖ ਮੰਤਰੀ ਧਿਆਨ ਸਿੰਘ ਹੁਰਾਂ ਨੂੰ ਆਪੋ ਆਪਣੀਆਂ ਥਾਵਾਂ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਸਾਰਿਆਂ ਹੀ ਸਬੰਧਤ ਬੰਦਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਪਹਿਲ ਚੇਤ ਸਿੰਘ ਬਾਜਵਾ ਵੱਲੋਂ ਹੋਈ ਹੈ ਜਿਹੜਾ ਕਿ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਲਈ ਆਪਣੀ ਬੰਦੂਕ ਮਹਾਰਾਜਾ ਖੜਕ ਸਿੰਘ ਦੇ ਮੋਢਿਆਂ ਤੇ ਟਿਕਾਈ ਬੈਠਾ ਹੈ। ਮਹਾਰਾਜਾ ਖੜਕ ਸਿੰਘ ਦੇ ਰਾਜ ਕਾਲ ਦੌਰਾਨ ਚੇਤ ਸਿੰਘ ਬਾਜਵਾ ਥੋੜ੍ਹੇ ਜਿਹੇ ਸਮੇਂ ਲਈ ਬਹੁਤ ਚਮਕਿਆ ਅਤੇ ਤਖ਼ਤ ਪਿੱਛੇ ਇਕ ਤਾਕਤ ਵਜੋਂ ਉਭਰ ਕੇ ਅੱਗੇ ਆਇਆ। ਤਾਕਤ ਦੇ ਨਸ਼ੇ ਨੇ ਇਸ ਦਾ ਸਿਰ ਫੇਰ ਦਿੱਤਾ ਅਤੇ ਡੋਗਰਿਆਂ ਨਾਲ ਤਾਂ ਇਹ ਬਹੁਤ ਹੀ ਵਧੀਕੀਆਂ ਕਰਨ ਲੱਗ ਪਿਆ। ਚੇਤ ਸਿੰਘ ਬਾਜਵੇ ਨੇ ਜਰਨੈਲ ਵੈਨਤੂਰਾ, ਜਿਸਦੀ ਧਿਆਨ ਸਿੰਘ ਨਾਲ ਕਾਫ਼ੀ ਅਣਬਣ ਸੀ, ਦੀ ਵੀ ਮਦਦ ਪ੍ਰਾਪਤ ਕਰਨ ਲਈ ਕੋਸ਼ਿਸ਼ ਕੀਤੀ। ਚੇਤ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਧਿਆਨ ਸਿੰਘ ਨੂੰ ਮਰਵਾ ਦੇਵੇਗਾ। ਚੇਤ ਸਿੰਘ ਨੇ ਆਪਣੇ ਅੰਗ ਰਖਿਅਕਾਂ ਦੀਆਂ ਦੋ ਨਵੀਆਂ ਬਟਾਲੀਅਨਾਂ ਖੜ੍ਹੀਆਂ ਕਰ ਲਈਆਂ। ਧਿਆਨ ਸਿੰਘ ਦੇ ਪਹਿਰੇਦਾਰਾਂ ਨੂੰ ਕਿਲੇ ਦੇ ਤਿੰਨਾਂ ਦਰਵਾਜ਼ਿਆਂ ਤੋਂ ਹਟਾ ਦਿੱਤਾ ਅਤੇ ਧਿਆਨ ਸਿੰਘ ਨੂੰ ਕਤਲ ਕਰਵਾਉਣ ਦੀ ਸਾਜਿਸ਼ ਤਿਆਰ ਕਰ ਲਈ। ਸਾਜਿਸ਼ ਮੁਕੰਮਲ ਕਰ ਲੈਣ ਤੇ ਚੇਤ ਸਿੰਘ ਨੇ ਧਿਆਨ ਸਿੰਘ ਨੂੰ ਖੁਲ੍ਹੇ ਦਰਬਾਰ ਵਿਚ ਹੀ ਕਹਿ ਦਿੱਤਾ ਕਿ ਤੁਸੀ ਵੇਖੋਗੇ ਕਿ ਚੌਵੀ ਘੰਟਿਆਂ ਵਿਚ ਤੁਹਾਡਾ ਕੀ ਬਣੇਗਾ?
ਰਾਜ ਦਰਬਾਰ ਦੀ ਅਜਿਹੀ ਸਥਿਤੀ ਵੇਲੇ ਗੁਲਾਬ ਸਿੰਘ ਡੋਗਰਾ ਤਾਂ ਜੰਮੂ ਨੂੰ ਪਰਤ ਗਿਆ ਅਤੇ ਨੌਨਿਹਾਲ ਉਦਾਸ ਹੋ ਕੇ ਰਾਜਧਾਨੀ ਛੱਡ ਗਿਆ ਅਤੇ ਅਫ਼ਗਾਨਾਂ ਦਾ ਪਿੱਛਾ ਕਰਨ ਲਈ ਉੱਤਰ-ਪੱਛਮ ਵੱਲ ਨੂੰ ਮੁੜ ਗਿਆ।
ਵਜ਼ੀਰਾਂ ਦੀ ਆਪਸੀ ਅਣਬਣ ਇਕ ਸਕੈਂਡਲ ਬਣ ਗਈ ਅਤੇ ਗੱਦਾਰ ਅਫ਼ਸਰਾਂ ਨੇ ਨਿੱਜੀ ਲਾਭ ਉਠਾਉਣ ਲਈ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਕੰਵਰ ਨੌ ਨਿਹਾਲ ਸਿੰਘ ਨੇ ਅਜਿਹੀ ਸਥਿਤੀ ਵਿਚ ਦਖ਼ਲ ਦੇਣ ਦਾ ਫ਼ੈਸਲਾ ਕਰ ਲਿਆ। ਅਗਸਤ, 1839 ਨੂੰ ਕੰਵਰ ਲਾਹੌਰ ਪਹੁੰਚ ਗਿਆ ਅਤੇ ਨਾਲ ਦੀ ਨਾਲ ਮਹਾਰਾਜਾ ਸਾਹਿਬ ਕੋਲ ਇਹ ਗੱਲ ਪਹੁੰਚਾ ਦਿੱਤੀ ਕਿ ਸਾਰੇ ਸਲਾਹਕਾਰਾਂ ਦੀ ਇਹੀ ਇਕੋ ਰਾਏ ਹੈ ਕਿ ਚੇਤ ਸਿੰਘ ਬਾਜਵਾ ਨੂੰ ਬਰਖ਼ਾਸਤ ਕਰ ਦਿੱਤਾ ਜਾਵੇ ਪਰ ਮਹਾਰਾਜਾ ਸਾਹਿਬ ਨੇ ਨਾ ਕੇਵਲ ਇਸ ਰਾਏ ਨੂੰ ਠੁਕਰਾਇਆ ਹੀ ਸਗੋਂ ਚੇਤ ਸਿੰਘ ਬਾਜਵਾ ਨੂੰ ਨਵੀਆਂ ਜਾਗੀਰਾਂ ਦੇਣ ਸਬੰਧੀ ਉਸਦੀ ਅਗੇਤ ਭਾਵੀ ਸ਼ਰਤ ਵੀ ਪਰਵਾਨ ਕਰ ਲਈ। ਇਸ ਵੇਲੇ ਕੰਵਰ ਨੇ ਜਾਰਜ ਰਸਲ ਕਲਰਕ (ਪੁਲਿਟੀਕਲ ਏਜੰਟ-ਲੁਧਿਆਣਾ) ਜਿਹੜਾ ਕਿ ਇਸ ਸਮੇਂ ਕਿਸੇ ਕਾਰੋਬਾਰ ਅਤੇ ਸੋਗ ਦੇ ਸਬੰਧ ਵਿਚ ਲਾਹੌਰ ਆਇਆ ਹੋਇਆ ਸੀ, ਨਾਲ ਰਾਜ ਗੱਦੀ ਹਥਿਆਉਣ ਬਾਰੇ ਗੁਪਤ ਗੱਲਬਾਤ ਕੀਤੀ। ਕਲਰਕ ਨੇ ਕੰਵਰ ਨੂੰ ਯਕੀਨ ਦਿਵਾਇਆ ਕਿ ਅੰਗਰੇਜ਼ ਉਸ ਦੇ ਰਾਹ ਵਿਚ ਕੋਈ ਅੜਿਕਾ ਨਹੀਂ ਖੜ੍ਹਾ ਕਰਨਗੇ। ਅਜਿਹਾ ਯਕੀਨ ਮਿਲਣ ਤੇ ਕੰਵਰ ਨੇ ਚੁਪ ਚਾਪ ਹੀ ਇਕ ਹਾਕਮ ਵਜੋਂ ਕੰਮ ਕਾਜ ਕਰਨੇ ਸ਼ੁਰੂ ਕਰ ਦਿੱਤੇ। ਲੁਧਿਆਣੇ ਦੇ ਪੁਲਿਟੀਕਲ ਏਜੰਟ ਨੂੰ ਚੇਤ ਸਿੰਘ ਬਾਜਵਾ ਨੂੰ ਕਤਲ ਕਰਨ ਸਬੰਧੀ ਤਿਆਰ ਕੀਤੀ ਸਾਜ਼ਸ਼ ਤੋਂ ਜਾਣੂੰ ਕਰਵਾਇਆ ਗਿਆ। ਕਲਰਕ ਨੇ ਲਿਖਿਆ ਹੈ ਕਿ ਉਸ ਕੋਲੋਂ ਮਹਾਰਾਜਾ ਸਾਹਿਬ ਦੇ ਕਿਰਪਾ ਪਾਤਰਾਂ ਨੂੰ ਗੋਲੀ ਨਾਲ ਉਡਾਉਣ ਜਾਂ ਤਲਵਾਰ ਨਾਲ ਉਨ੍ਹਾਂ ਦੇ ਸਿਰ ਵੱਢਣ ਬਾਰੇ ਬਣਾਏ ਇਰਾਦੇ ਸਬੰਧੀ ਰਾਏ ਪੁੱਛੀ ਗਈ ਸੀ ਅਤੇ ਉਸ ਨੇ ਉਨ੍ਹਾਂ ਸਾਜ਼ਸ਼ੀਆਂ ਨੂੰ ਇਹੀ ਸਲਾਹ ਦਿੱਤੀ ਸੀ ਕਿ ਮਹਾਰਾਜਾ ਸਾਹਿਬ ਅਜਿਹੇ ਕੁਕਰਮ ਤੇ ਉਨ੍ਹਾਂ ਸਾਰਿਆਂ ਨੂੰ ਬਹੁਤ ਝਾੜ ਪਾਉਣਗੇ। ਅੱਗੇ ਜਾ ਕੇ ਕਲਰਕ ਨੇ ਲਿਖਿਆ ਹੈ ਕਿ ਉਸਨੇ ਉਨ੍ਹਾਂ ਨੂੰ ਇਹੀ ਸਲਾਹ ਦਿੱਤੀ ਕਿ ਚੇਤ ਸਿੰਘ ਬਾਜਵਾ ਨੂੰ ਸਰੀਰਕ ਚੋਟ ਪਹੁੰਚਾਏ ਬਿਨਾਂ ਹੀ ਉਸਨੂੰ ਰਾਹ ਵਿਚੋਂ ਪਾਸੇ ਕਰ ਦੇਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੇ ਉਸਨੂੰ ਕੋਈ ਸਰੀਰਕ ਚੋਟ ਪਹੁੰਚਾ ਦਿੱਤੀ ਤਾਂ ਉਨ੍ਹਾਂ ਦਾ ਅਜਿਹਾ ਕਦਮ ਦਰਬਾਰ ਦੇ ਨਾਂ ਉੱਤੇ ਇਕ ਕਲੰਕ ਹੋਵੇਗਾ।
9 ਅਕਤੂਬਰ, 1839 ਦੇ ਤੜਕੇ (ਅਜੇ ਦੋ ਘੰਟੇ ਰਾਤ ਰਹਿੰਦੀ ਸੀ) ਹੀ ਕੰਵਰ ਨੌ ਨਿਹਾਲ ਸਿੰਘ ਨੇ ਆਪਣੇ ਕੋਈ ਵੀਹ ਚੋਣਵੇਂ ਜਵਾਨਾਂ ਅਤੇ ਤਿੰਨ ਡੋਗਰਾ ਭਰਾਵਾਂ (ਗੁਲਾਬ ਸਿੰਘ, ਧਿਆਨ ਸਿੰਘ ਅਤੇ ਸੁਚੇਤ ਸਿੰਘ) ਨਾਲ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਖ਼ਵਾਬਗਾਹ ਵੱਲ ਨੂੰ ਕੂਚ ਕਰ ਦਿੱਤਾ। ਸਭ ਤੋਂ ਪਹਿਲਾਂ ਰਸਤੇ ਵਿਚ ਇਨ੍ਹਾਂ ਨੂੰ ਦੋ ਭਾਈ ਮਿਲੇ ਜਿਨ੍ਹਾਂ ਨੂੰ ਇਨ੍ਹਾਂ ਨੇ ਉਸ ਵੇਲੇ ਹੀ ਮਾਰ ਦਿੱਤਾ। ਇਸ ਤੋਂ ਪਿੱਛੋਂ ਇਨ੍ਹਾਂ ਨੂੰ ਮਹਾਰਾਜਾ ਸਾਹਿਬ ਦਾ ਗੜਵਈ ਮਿਲਿਆ ਜਿਹੜਾ ਕਿ ਮਹਾਰਾਜਾ ਸਾਹਿਬ ਵੱਲ ਨੂੰ ਜਾ ਰਿਹਾ ਸੀ। ਧਿਆਨ ਸਿੰਘ ਡੋਗਰਾ ਜੋ ਕਿ ਇਕ ਪੱਕਾ ਨਿਸ਼ਾਨਚੀ ਸੀ, ਨੇ ਆਪਣੀ ਅੰਗਰੇਜ਼ੀ ਰਾਈਫਲ ਨਾਲ ਗੜਵਈ ਨੂੰ ਉਡਾ ਦਿੱਤਾ। ਗੁਲਾਬ ਸਿੰਘ ਨੇ ਧਿਆਨ ਸਿੰਘ ਦੇ ਇਸ ਕਦਮ ਤੇ ਉਸਨੂੰ ਕਾਫ਼ੀ ਝਾੜ ਪਾਈ ਅਤੇ ਨਾਲ ਦੀ ਨਾਲ ਸਾਰਿਆਂ ਨੂੰ ਚੁੱਪ-ਚਪੀਤੇ ਹੀ ਅੱਗੇ-ਅੱਗੇ ਜਾਣ ਲਈ ਕਿਹਾ। ਹੁਣ ਸਾਰੀ ਟੋਲੀ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵੱਲ ਨੂੰ ਵਧੀ। ਚੇਤ ਸਿੰਘ ਬਾਜਵਾ ਇਨ੍ਹਾਂ ਸਾਰਿਆਂ ਦਾ ਸ਼ੋਰ ਸੁਣਕੇ ਮਹਾਰਾਜਾ ਸਾਹਿਬ ਦੀ ਖ਼ਵਾਬਗਾਹ (ਸੌਣ ਵਾਲੀ ਜਗ੍ਹਾ) ਦੇ ਪਿੱਛੇ ਜਾ ਲੁਕਿਆ। ਸਾਜ਼ਸ਼ੀਆਂ ਨੇ ਚੇਤ ਸਿੰਘ ਬਾਜਵਾ ਨੂੰ ਮਹਾਰਾਜਾ ਸਾਹਿਬ ਦੇ ਸਾਹਮਣੇ ਲੁਕੀ ਹੋਈ ਥਾਂ ਤੋਂ ਬਾਹਰ ਘੜੀਸ ਲਿਆਂਦਾ। ਧਿਆਨ ਸਿੰਘ ਡੋਗਰੇ ਨੇ ਆਪਣੇ ਹੱਥਾਂ ਨਾਲ ਇਕ ਲੰਬਾ ਚਾਕੂ ਚੇਤ ਸਿੰਘ ਬਾਜਵੇ ਦੇ ਦੋ ਵਾਰ ਮਾਰਿਆ ਅਤੇ ਉਸਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਅਤੇ ਨਾਲ ਦੀ ਨਾਲ ਇਕ ਉੱਚਾ ਲਲਕਾਰਾ ਮਾਰਦਿਆਂ ਕਿਹਾ, ‘ਇਸ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਲੈ ਜਾਉ।’
ਇਸ ਕਤਲ ਦਾ ਤਸਵੀਰੀ ਵਰਣਨ ਕਰਨਲ ਗਾਰਡਨਰ ਜਿਹੜਾ ਕਿ ਇਸ ਕਤਲ ਦਾ ਚਸ਼ਮਦੀਦ ਗਵਾਹ ਸੀ, ਨੇ ਕੀਤਾ ਹੈ।
ਚੇਤ ਸਿੰਘ ਦੀ ਸਾਰੀ ਜਾਇਦਾਦ ਜਿਹੜੀ ਕਿ 50 ਤੋਂ 90 ਲੱਖ ਰੁਪਏ ਦੇ ਵਿਚਕਾਰ ਸੀ, ਕੁਰਕ ਕਰ ਲਈ ਗਈ। ਬਾਜਵੇ ਦੇ ਮੁੱਖ ਹਿਮਾਇਤੀ ਮਿਸਰ ਬੇਲੀ ਰਾਜ ਅਤੇ ਉਸ ਦੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਦੀਆਂ ਜਾਇਦਾਦਾਂ ਜਿਨ੍ਹਾਂ ਦਾ ਮੁਲ ਕੋਈ 70 ਲੱਖ ਰੁਪਏ ਤੋਂ ਵੱਧ ਸੀ, ਵੀ ਜ਼ਬਤ ਕਰ ਲਈਆਂ।
ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜਾ ਖੜਕ ਸਿੰਘ ਦੀ ਹਾਜ਼ਰੀ ਵਿਚ ਹੋਏ ਚੇਤ ਸਿੰਘ ਬਾਜਵਾ ਦੇ ਕਤਲ ਤੋਂ ਪਿੱਛੋਂ ਉਹ ਆਪ ਘੱਟ ਹੀ ਦਰਬਾਰ ਜਾਇਆ ਕਰਦੇ ਸਨ ਅਤੇ ਉਨ੍ਹਾਂ ਨੇ ਲਾਹੌਰ ਦਰਬਾਰ ਦੇ ਇਸ ਅਪਮਾਨ ਨੂੰ ਕਦੇ ਵੀ ਨਹੀਂ ਸੀ ਭੁੱਲਿਆ।
ਪੰਜਾਬੀ ਦੇ ਪ੍ਰਸਿੱਧ ਸਮਕਾਲੀ ਕਵੀ ਸ਼ਾਹ ਮੁਹੰਮਦ ਨੇ ਚੇਤ ਸਿੰਘ ਬਾਜਵਾ ਦੇ ਕਤਲ ਦੀ ਵੀ ਡਟਕੇ ਨਿਖੇਧੀ ਕੀਤੀ ਅਤੇ ਇਸਨੂੰ ਰਾਜ-ਦਰਬਾਰ ਦੀ ਮਰਿਆਦਾ ਭੰਗ ਹੋ ਗਈ ਲਿਖਿਆ।
‘ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਅੱਗੇ ਜਾ ਕੇ ਸ਼ਾਹ ਮੁਹੰਮਦ ਲਿਖਦਾ ਹੈ ਕਿ ਇਸ ਸਾਰੀ ਧੱਕੇ ਸ਼ਾਹੀ ਰੁਚੀ ਕਾਰਨ ਹੀ ਦਰਬਾਰ ਵਿਚ ਖ਼ੂਨ-ਖਰਾਬੇ ਦਾ ਦੌਰ ਚਲਿਆ ਸੀ।
‘ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,
ਖਾਲੀ ਨਹੀਂ ਜਾਣਾ ਇਕ ਵਾਰ ਮੀਆਂ।
ਸ਼ਾਹ ਮੁਹੰਮਦ ਲਿਖਦਾ ਹੈ ਕਿ ਆਪਣੇ ਕਦੀਮੀ ਯਾਰ (ਚੇਤ ਸਿੰਘ ਬਾਜਵਾ) ਦੀ ਮੌਤ ਤੇ ਮਹਾਰਾਜਾ ਖੜਕ ਸਿੰਘ ਧਾਹਾਂ ਮਾਰ-ਮਾਰ ਰੋਇਆ ਸੀ ਅਤੇ ਇਸੇ ਮੌਤ ਦੇ ਗ਼ਮ ਵਿਚ ਹੀ ਇਕ ਸਾਲ ਪਿੱਛੋਂ ਉਹ ਕਾਲ ਵੱਸ ਹੋ ਗਏ ਸਨ।
ਹ. ਪੁ.––ਹਿ. ਸਿ.––ਖ਼ੁ. ਸਿੰਘ, ਤਵਾ ਗੁ. ਖਾ; ਏ ਹਿਸਟਰੀ ਆਫ਼ ਦੀ ਰੇਨਿੰਗ ਫੈਮਿਲੀ ਆਫ਼ ਲਾਹੌਰ-ਸੰਪਾਦਕੀ ਮੇਜਰ ਜੀ ਕਾਰਮਾਈਕਲ ਸਮਿਥ; ਪੰਜਾਬ ਆਨ ਦੀ ਈਵ ਆਫ਼ ਫ਼ਸਟ ਸਿੱਖ ਵਾਰ-1844-ਹ. ਰ. ਗੁਪਤਾ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no
ਚੇਤ ਸਿੰਘ ਬਾਜਵਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੇਤ ਸਿੰਘ (ਬਾਜਵਾ) : ਮਹਾਰਾਜਾ ਖੜਕ ਸਿੰਘ ਦੇ ਰਾਜ ਕਾਲ ਦੌਰਾਨ ਉਸ ਦਾ ਮੁੱਖ ਸਲਾਹਕਾਰ ਅਤੇ ਉਸ ਦੀ ਮਹਾਰਾਣੀ ਚੰਦ ਕੌਰ ਵੱਲੋਂ ਇਕ ਨਜ਼ਦੀਕੀ ਰਿਸ਼ਤੇਦਾਰ ਸੀ। ਇਸ ਦਾ ਵਿਆਹ ਮਹਾਰਾਜਾ ਖੜਕ ਸਿੰਘ ਦੇ ਸਾਲੇ ਸਰਦਾਰ ਮੰਗਲ ਸਿੰਘ ਦੀ ਭਤੀਜੀ ਨਾਲ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵੇਲੇ ਇਕ ਵਾਰ ਮਹਾਰਾਜਾ ਖੜਕ ਸਿੰਘ ਨੇ ਆਪਣੀ ਇਕ ਬਟਾਲੀਅਨ ਦੀ ਅੱਠਾਂ ਮਹੀਨਿਆਂ ਦੀ ਬਕਾਇਆ ਤਨਖ਼ਾਹ ਨਹੀਂ ਸੀ ਦਿੱਤੀ ਅਤੇ ਉਹ ਕੇਵਲ ਦੋ ਮਹੀਨਿਆਂ ਦੀ ਹੀ ਬਕਾਇਆ ਤਨਖ਼ਾਹ ਦੇਣ ਲਈ ਤਿਆਰ ਸੀ। ਫ਼ੌਜਾਂ ਨੇ ਦੋ ਮਹੀਨਿਆਂ ਦੀ ਬਕਾਇਆ ਤਨਖ਼ਾਹ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਖੜਕ ਸਿੰਘ ਦੇ ਦੋ ਚੇਲਿਆਂ ਚੇਤ ਸਿੰਘ ਅਤੇ ਮੀਆਂ ਲਾਭ ਸਿੰਘ ਨੂੰ ਫ਼ੌਜਾਂ ਦੀ ਦੋ ਮਹੀਨਿਆਂ ਦੀ ਤਨਖ਼ਾਹ ਲੈ ਲੈਣ ਸਬੰਧੀ ਭੇਜਿਆ ਸੀ ਪਰ ਇਨ੍ਹਾਂ ਦੋਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਫ਼ੌਜਾਂ ਅੜੀ ਹੀ ਫੜੀ ਬੈਠੀਆਂ ਰਹੀਆਂ। ਇਸ ਗੱਲ ਤੇ ਜਮਾਂਦਾਰਾਂ (ਨਾਇਬ ਸੂਬੇਦਾਰਾਂ) ਨੇ ਆਪਣੀ ਮਰਜ਼ੀ ਨਾਲ ਹੀ ਬਾਗ਼ੀ ਫ਼ੌਜੀਆਂ ਤੇ ਗੋਲੀ ਚਲਾ ਦਿੱਤੀ ਜਿਸ ਵਿਚ ਕਈ ਫ਼ੌਜੀ ਤਾਂ ਮਾਰੇ ਗਏ ਅਤੇ ਕੁਝ ਦਰਿਆ ਪਾਰ ਕਰਨ ਲੱਗੇ ਡੁੱਬ ਗਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੁਰਘਟਨਾ ਦਾ ਜ਼ਿੰਮੇਵਾਰ ਚੇਤ ਸਿੰਘ ਬਾਜਵਾ ਨੂੰ ਠਹਿਰਾਇਆ ਅਤੇ ਸਜ਼ਾ ਵੱਜੋਂ ਇਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਦੂਜੇ ਪਾਸੇ ਬਹੁਤ ਸਾਰੇ ਸਰਦਾਰਾਂ ਅਤੇ ਕੰਵਰ ਖੜਕ ਸਿੰਘ ਨੇ ਚੇਤ ਸਿੰਘ ਬਾਜਵਾ ਨੂੰ ਰਿਹਾਅ ਕਰਵਾਉਣ ਦਾ ਹਰ ਸੰਭਵ ਯਤਨ ਕੀਤਾ। ਆਖ਼ਰਕਾਰ ਸਰਦਾਰ ਬਸਾਵਾ ਸਿੰਘ ਨੇ ਚੇਤ ਸਿੰਘ ਬਾਜਵਾ ਵੱਲੋਂ 40,000 ਰੁਪਏ ਜੁਰਮਾਨੇ ਦੇ ਤੌਰ ਤੇ ਤਾਰ ਕੇ, ਇਸ ਨੂੰ ਆਜ਼ਾਦ ਕਰਵਾ ਲਿਆ।
ਉਨ੍ਹੀਂ ਦਿਨੀਂ ਸਿੱਖ ਸਰਦਾਰਾਂ ਅਤੇ ਡੋਗਰਿਆਂ ਵਿਚਕਾਰ ਅੰਦਰਖਾਤੇ ਦੁਸ਼ਮਣੀ ਵੱਧ ਚੁੱਕੀ ਸੀ। ਚੇਤ ਸਿੰਘ ਬਾਜਵਾ ਇਸ ਸਮੇਂ ਮਹਾਰਾਜਾ ਖੜਕ ਸਿੰਘ ਦਾ ਮੁੱਖ ਸਲਾਹਕਾਰ ਹੋਣ ਦੇ ਨਾਤੇ ਰਾਜ ਦੇ ਪਿੱਛੇ ਇਕ ਚੰਗੀ ਤਾਕਤ ਸੀ। ਸਿੱਖ ਸਰਦਾਰਾਂ ਦੇ ਅਸਰ ਹੇਠ ਅਤੇ ਸ਼ੱਕ ਹੋਣ ਕਾਰਨ ਮਹਾਰਾਜਾ ਖੜਕ ਸਿੰਘ ਨੇ ਡੋਗਰਾ ਧਿਆਨ ਸਿੰਘ ਅਤੇ ਉਸ ਦੇ ਪੁੱਤਰਾਂ ਨੂੰ ਮਹਿਲਾਂ ਅੰਦਰ ਦਾਖ਼ਲ ਹੋਣ ਤੋਂ ਮਨ੍ਹਾ ਕਰ ਦਿੱਤਾ। ਰਾਜ ਪ੍ਰਬੰਧ ਵਿਚ ਬੋਲਬਾਲਾ ਹੋਣ ਕਾਰਨ ਇਹ ਡੋਗਰੇ ਸਰਦਾਰਾਂ ਦੀਆਂ ਅੱਖਾਂ ਵਿਚ ਬਹੁਤ ਰੜਕਣ ਲੱਗਾ। ਇਸ ਸਭ ਕੁਝ ਨੂੰ ਖ਼ਤਮ ਕਰਨ ਲਈ ਧਿਆਨ ਸਿੰਘ ਅਤੇ ਗੁਲਾਬ ਸਿੰਘ ਨੇ ਇਕ ਨਵੀਂ ਚਾਲ ਖੇਡੀ। ਇਨ੍ਹਾਂ ਨੇ ਆਪਣੀ ਸਾਜ਼ਸ਼ ਨਾਲ ਕੰਵਰ ਨੌਨਿਹਾਲ ਸਿੰਘ ਨੂੰ ਰਾਜਗੱਦੀ ਉੱਤੇ ਬਿਠਾਉਣ ਲਈ ਕੰਵਰ ਅਤੇ ਮਹਾਰਾਣੀ ਚੰਦ ਕੌਰ ਨੂੰ ਸਹਿਮਤ ਕਰ ਲਿਆ ਅਤੇ ਨਾਲ ਹੀ ਲਾਹੌਰ ਦੇ ਸਰਦਾਰਾਂ ਵਿਚ ਇਹ ਅਫ਼ਵਾਹ ਵੀ ਫੈਲਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਨੇ ਚੇਤ ਸਿੰਘ ਬਾਜਵਾ ਦੀ ਸਲਾਹ ਨਾਲ ਅੰਗਰੇਜ਼ਾਂ ਨੂੰ ਆਪਣੀ ਆਮਦਨ ਵਿਚੋਂ 6 ਆਨੇ ਦੇਣੇ ਸਵੀਕਾਰ ਕਰ ਲਿਆ ਹੈ।
ਨੌਨਿਹਾਲ ਸਿੰਘ ਨੇ ਆਪਣਾ ਸਰਹੱਦੀ ਅਹੁਦਾ ਛੱਡ ਦਿੱਤਾ ਅਤੇ ਸਾਰਾ ਰਾਜ-ਭਾਗ ਆਪਣੇ ਹੱਥ ਵਿਚ ਲੈਣ ਲਈ ਲਾਹੌਰ ਆ ਪਹੁੰਚਿਆ। ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਨੂੰ ਉਸ ਦਾ ਰਾਜ-ਭਾਗ ਹਥਿਆਉਣ ਲਈ ਬਣਾਈ ਵਿਉਂਤ ਨੂੰ ਅਮਲ ਵਿਚ ਲਿਆਉਣ ਤੋਂ ਰੋਕ ਦਿੱਤਾ। ਇਸ ਦੀ ਥਾਂ ਤੇ ਧਿਆਨ ਸਿੰਘ ਨੇ ਕੰਵਰ ਦੇ ਰਾਜ-ਭਾਗ ਦੇ ਪਾਲਸੀ ਵਾਲੇ ਵੱਡੇ-ਵੱਡੇ ਫ਼ੈਸਲੇ ਕਰਨ ਦਾ ਅਧਿਕਾਰ ਪਰਵਾਨ ਕਰ ਲਿਆ ਅਤੇ ਆਪ ਇਕ ਵੱਡੇ ਸਲਾਹਕਾਰ ਦੀ ਹੈਸੀਅਤ ਵਿਚ ਕੰਮ ਕਰਨ ਲਈ ਰਜ਼ਾਮੰਦ ਹੋ ਗਿਆ ਪਰ ਚੇਤ ਸਿੰਘ ਬਾਜਵਾ ਨੇ ਮਹਾਰਾਜਾ ਖੜਕ ਸਿੰਘ ਨੂੰ ਸ਼ਾਹੀ ਅਖ਼ਤਿਆਰਾਂ ਦੇ ਖੋਹਣ ਵਿਰੁੱਧ ਕਾਰਵਾਈ ਕਰਨ ਲਈ ਮਨਾ ਲਿਆ। ਮਹਾਰਾਜਾ ਸਾਹਿਬ ਨੇ ਆਪਣੇ ਪੁੱਤਰ ਕੰਵਰ ਨੌਨਿਹਲ ਸਿੰਘ ਅਤੇ ਡੋਗਰਾ ਮੁੱਖ ਮੰਤਰੀ ਧਿਆਨ ਸਿੰਘ ਨੂੰ ਆਪੋ ਆਪਣੀਆਂ ਥਾਵਾਂ ਉੱਤੇ ਬਿਠਾੳਣ ਦੀ ਕੋਸ਼ਿਸ਼ ਕੀਤੀ। ਸਾਰਿਆਂ ਹੀ ਸਬੰਧਤ ਬੰਦਿਆਂ ਨੂੰ ਇਸ ਗੱਲ ਦਾ ਪਤਾ ਲਗ ਗਿਆ ਕਿ ਪਹਿਲ ਚੇਤ ਸਿੰਘ ਬਾਜਵਾ ਵੱਲੋਂ ਹੋਈ ਹੈ ਜਿਹੜਾ ਕਿ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਆਪਣੀ ਬੰਦੂਕ ਮਹਾਰਾਜਾ ਖੜਕ ਸਿੰਘ ਦੇ ਮੋਢਿਆਂ ਤੇ ਟਿਕਾਈ ਬੈਠਾ ਹੈ। ਮਹਾਰਾਜਾ ਖੜਕ ਸਿੰਘ ਦੇ ਰਾਜ ਕਾਲ ਦੌਰਾਨ ਚੇਤ ਸਿੰਘ ਬਾਜਵਾ ਥੋੜ੍ਹੇ ਜਿਹੇ ਸਮੇਂ ਲਈ ਬਹੁਤ ਚਮਕਿਆ ਅਤੇ ਤਖ਼ਤ ਪਿੱਛੇ ਇਕ ਤਾਕਤ ਵੱਜੋਂ ਉਭਰ ਕੇ ਅੱਗੇ ਆਇਆ। ਤਾਕਤ ਦੇ ਨਸ਼ੇ ਨੇ ਇਸ ਦਾ ਸਿਰ ਫ਼ੇਰ ਦਿੱਤਾ ਅਤੇ ਡੋਗਰਿਆਂ ਨਾਲ ਤਾਂ ਇਹ ਬਹੁਤ ਹੀ ਵਧੀਕੀਆਂ ਕਰਨ ਲਗ ਪਿਆ। ਚੇਤ ਸਿੰਘ ਬਾਜਵੇ ਨੇ ਜਰਨੈਲ ਵੈਨਤੂਰਾ ਜਿਸ ਦੀ ਧਿਆਨ ਸਿੰਘ ਨਾਲ ਕਾਫ਼ੀ ਅਣਬਣ ਸੀ, ਦੀ ਵੀ ਮਦਦ ਪ੍ਰਾਪਤ ਕਰਨ ਲਈ ਕੋਸ਼ਿਸ਼ ਕੀਤੀ। ਚੇਤ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਇਹ ਧਿਆਨ ਸਿੰਘ ਨੂੰ ਮਰਵਾ ਦੇਵੇਗਾ। ਚੇਤ ਸਿੰਘ ਨੇ ਆਪਣੇ ਅੰਗ ਰੱਖਿਅਕਾਂ ਦੀਆਂ ਦੋ ਨਵੀਆਂ ਬਟਾਲੀਅਨਾਂ ਖੜ੍ਹੀਆਂ ਕਰ ਲਈਆਂ। ਧਿਆਨ ਸਿੰਘ ਦੇ ਪਹਿਰੇਦਾਰਾਂ ਨੂੰ ਕਿਲੇ ਦੇ ਤਿੰਨਾਂ ਦਰਵਾਜ਼ਿਆਂ ਤੋਂ ਹਟਾ ਦਿੱਤਾ ਅਤੇ ਧਿਆਨ ਸਿੰਘ ਨੂੰ ਕਤਲ ਕਰਵਾਉਣ ਦੀ ਸਾਜ਼ਸ਼ ਤਿਆਰ ਕਰ ਲਈ। ਸਾਜ਼ਸ਼ ਮੁਕੰਮਲ ਕਰ ਲੈਣ ਤੇ ਚੇਤ ਸਿੰਘ ਨੇ ਧਿਆਨ ਸਿੰਘ ਨੂੰ ਖੁਲ੍ਹੇ ਦਰਬਾਰ ਵਿਚ ਹੀ ਕਹਿ ਦਿੱਤਾ ਕਿ ਤੁਸੀਂ ਵੇਖੋਗੇ ਕਿ ਚੌਵੀਂ ਘੰਟਿਆਂ ਵਿਚ ਤੁਹਾਡਾ ਕੀ ਬਣੇਗਾ?
ਰਾਜ ਦਰਬਾਰ ਦੀ ਅਜਿਹੀ ਸਥਿਤੀ ਵੇਲੇ ਗੁਲਾਬ ਸਿੰਘ ਡੋਗਰਾ ਤਾਂ ਜੰਮੂ ਨੂੰ ਪਰਤ ਗਿਆ ਅਤੇ ਨੌਨਿਹਾਲ ਸਿੰਘ ਉਦਾਸ ਹੋ ਕੇ ਰਾਜਧਾਨੀ ਛੱਡ ਗਿਆ ਅਤੇ ਅਫ਼ਗਾਨਾਂ ਦਾ ਪਿੱਛਾ ਕਰਨ ਲਈ ਉੱਤਰ-ਪੱਛਮ ਵੱਲ ਨੂੰ ਮੁੜ ਗਿਆ।
ਵਜ਼ੀਰਾਂ ਦੀ ਆਪਸੀ ਅਣਬਣ ਇਕ ਸਕੈਂਡਲ ਬਣ ਗਈ ਅਤੇ ਗ਼ਦਾਰ ਅਫ਼ਸਰਾਂ ਨੇ ਨਿੱਜੀ ਲਾਭ ਉਠਾਉਣ ਲਈ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਕੰਵਰ ਨੌਨਿਹਾਲ ਸਿੰਘ ਨੇ ਅਜਿਹੀ ਸਥਿਤੀ ਵਿਚ ਦਖ਼ਲ ਦੇਣ ਦਾ ਫ਼ੈਸਲਾ ਕਰ ਲਿਆ। ਅਗਸਤ, 1839 ਨੂੰ ਕੰਵਰ ਲਾਹੌਰ ਪਹੁੰਚ ਗਿਆ ਅਤੇ ਨਾਲ ਹੀ ਮਹਾਰਾਜਾ ਸਾਹਿਬ ਕੋਲ ਇਹ ਗੱਲ ਪਹੁੰਚਾ ਦਿੱਤੀ ਕਿ ਸਾਰੇ ਸਲਾਹਕਾਰਾਂ ਦੀ ਇਹੀ ਇਕੋ ਰਾਇ ਹੈ ਕਿ ਚੇਤ ਸਿੰਘ ਬਜਵਾ ਨੂੰ ਬਰਖ਼ਾਸਤ ਕਰ ਦਿੱਤਾ ਜਾਵੇ ਪਰ ਮਹਾਰਾਜਾ ਸਾਹਿਬ ਨੇ ਨਾ ਕੇਵਲ ਇਸ ਰਾਏ ਨੂੰ ਠੁਕਰਾਇਆ ਸਗੋਂ ਚੇਤ ਸਿੰਘ ਬਾਜਵਾ ਨੂੰ ਨਵੀਆਂ ਜਾਗੀਰਾਂ ਦੇਣ ਸਬੰਧੀ ਇਸ ਦੀ ਅਗੇਤਭਾਵੀ ਸ਼ਰਤ ਵੀ ਪਰਵਾਨ ਕਰ ਲਈ। ਇਸ ਵੇਲੇ ਕੰਵਰ ਨੇ ਜਾਰਜ ਰਸਲ ਕਲਾਰਕ (ਪੁਲਿਟੀਕਲ ਏਜੰਟ-ਲੁਧਿਆਣਾ) ਜਿਹੜਾ ਕਿ ਇਸ ਸਮੇਂ ਕਿਸੇ ਕਾਰੋਬਾਰ ਅਤੇ ਸੋਗ ਦੇ ਸਬੰਧ ਵਿਚ ਲਾਹੌਰ ਆਇਆ ਹੋਇਆ ਸੀ, ਨਾਲ ਰਾਜਗੱਦੀ ਹਥਿਆਉਣ ਬਾਰੇ ਗੁਪਤ ਗੱਲਬਾਤ ਕੀਤੀ।ਕਲਾਰਕ ਨੇ ਕੰਵਰ ਨੂੰ ਯਕੀਨ ਦਿਵਾਇਆ ਕਿ ਅੰਗਰੇਜ਼ ਉਸ ਦੇ ਰਾਹ ਵਿਚ ਕੋਈ ਅੜਿਕਾ ਨਹੀਂ ਖੜ੍ਹਾ ਕਰਨਗੇ। ਅਜਿਹਾ ਯਕੀਨ ਮਿਲਣ ਤੇ ਕੰਵਰ ਨੇ ਚੁਪਚਾਪ ਹੀ ਇਕ ਹਾਕਮ ਵੱਜੋਂ ਕੰਮ ਕਾਜ ਕਰਨੇ ਸ਼ੁਰੂ ਕਰ ਦਿੱਤੇ। ਲੁਧਿਆਣੇ ਦੇ ਪੁਲਿਟੀਕਲ ਏਜੰਟ ਨੂੰ ਚੇਤ ਸਿੰਘ ਬਾਜਵਾ ਨੂੰ ਕਤਲ ਕਰਨ ਸਬੰਧੀ ਤਿਆਰ ਸਾਜ਼ਸ਼ ਤੋਂ ਜਾਣੂ ਕਰਵਾਇਆ ਗਿਆ। ਕਲਾਰਕ ਨੇ ਲਿਖਿਆ ਹੈ ਕਿ ਉਸ ਕੋੋਲੋਂ ਮਹਾਰਾਜਾ ਸਾਹਿਬ ਦੇ ਕਿਰਪਾ ਪਾਤਰਾਂ ਨੂੰ ਗੋਲੀ ਨਾਲ ਉਡਾਉਣ ਜਾਂ ਤਲਵਾਰ ਨਾਲ ਉਨ੍ਹਾਂ ਦੇ ਸਿਰ ਵੱਢਣ ਬਾਰੇ ਬਣਾਏ ਇਰਾਦੇ ਸਬੰਧੀ ਰਾਏ ਪੁੱਛੀ ਗਈ ਸੀ ਅਤੇ ਉਸ ਨੇ ਉਨ੍ਹਾਂ ਸਾਜ਼ਸ਼ੀਆਂ ਨੂੰ ਇਹੀ ਸਲਾਹ ਦਿੱਤੀ ਸੀ ਕਿ ਮਹਾਰਾਜਾ ਸਾਹਿਬ ਅਜਿਹੇ ਕੁਕਰਮ ਤੇ ਉਨ੍ਹਾਂ ਸਾਰਿਆਂ ਨੂੰ ਬਹੁਤ ਝਾੜ ਪਾਉਣਗੇ। ਅੱਗੇ ਜਾ ਕੇ ਕਲਾਰਕ ਨੇ ਲਿਖਿਆ ਹੈ ਕਿ ਉਸ ਨੇ ਉਨ੍ਹਾਂ ਨੂੰ ਇਹੀ ਸਲਾਹ ਦਿੱਤੀ ਕਿ ਚੇਤ ਸਿੰਘ ਬਾਜਵਾ ਨੂੰ ਸਰੀਰਕ ਚੋਟ ਪਹੁੰਚਾਏ ਬਿਨਾ ਹੀ ਉਸ ਨੂੰ ਰਾਹ ਵਿਚੋਂ ਪਾਸੇ ਕਰ ਦੇਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੇ ਇਸ ਨੂੰ ਕੋਈ ਸਰੀਰਕ ਚੋਟ ਪਹੁੰਚਾ ਦਿੱਤੀ ਤਾਂ ਉਨ੍ਹਾਂ ਦਾ ਅਜਿਹਾ ਕਦਮ ਦਰਬਾਰ ਦੇ ਨਾਂ ਉੱਤੇ ਇਕ ਕਲੰਕ ਹੋਵੇਗਾ।
9 ਅਕਤੂਬਰ, 1839 ਦੇ ਤੜਕੇ (ਅਜੇ ਦੋ ਘੰਟੇ ਰਾਤ ਰਹਿੰਦੀ ਸੀ) ਹੀ ਕੰਵਰ ਨੌਨਿਹਾਲ ਸਿੰਘ ਨੇ ਆਪਣੇ ਕੋਈ ਵੀਹ ਚੋਣਵੇਂ ਜਵਾਨਾਂ ਅਤੇ ਤਿੰਨ ਡੋਗਰੇ ਭਰਾਵਾਂ (ਗੁਲਾਬ ਸਿੰਘ, ਧਿਆਨ ਸਿੰਘ ਅਤੇ ਸੁਚੇਤ ਸਿੰਘ) ਨਾਲ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਖ਼ਵਾਬਗਾਹ ਵੱਲ ਨੂੰ ਕੂਚ ਕਰ ਦਿੱਤਾ। ਸਭ ਤੋਂ ਪਹਿਲਾਂ ਰਸਤੇ ਵਿਚ ਇਨ੍ਹਾਂ ਨੂੰ ਦੋ ਭਾਈ ਮਿਲੇ ਜਿਨ੍ਹਾਂ ਨੂੰ ਇਨ੍ਹਾਂ ਨੇ ਉਸ ਵੇਲੇ ਹੀ ਮਾਰ ਦਿੱਤਾ। ਇਸ ਤੋ਼ ਪਿੱਛੋਂ ਇਨ੍ਹਾਂ ਨੂੰ ਮਹਾਰਾਜਾ ਸਾਹਿਬ ਦਾ ਗੜਵਈ ਮਿਲਿਆ ਜਿਹੜਾ ਕਿ ਮਹਾਰਾਜਾ ਸਾਹਿਬ ਵੱਲ ਨੂੰ ਜਾ ਰਿਹਾ ਸੀ। ਧਿਆਨ ਸਿੰਘ ਡੋਗਰਾ ਜੋ ਕਿ ਇਕ ਪੱਕਾ ਨਿਸ਼ਾਨਚੀ ਸੀ, ਨੇ ਆਪਣੀ ਅੰਗਰੇਜ਼ੀ ਰਾਈਫ਼ਲ ਨਾਲ ਗੜਵਈ ਨੂੰ ਉਡਾ ਦਿੱਤਾ। ਗੁਲਾਬ ਸਿੰਘ ਨੇ ਧਿਆਨ ਸਿੰਘ ਦੇ ਇਸ ਕਦਮ ਤੇ ਉਸ ਨੂੰ ਕਾਫ਼ੀ ਝਾੜ ਪਾਈ ਤੇ ਨਾਲ ਹੀ ਨਾਲ ਸਾਰਿਆਂ ਨੂੰ ਚੁਪਚਾਪ ਹੀ ਅੱਗੇ ਅੱਗੇ ਜਾਣ ਲਈ ਕਿਹਾ। ਹੁਣ ਸਾਰੀ ਟੋਲੀ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵੱਲ ਨੂੰ ਵਧੀ। ਚੇਤ ਸਿੰਘ ਬਾਜਵਾ ਇਨ੍ਹਾਂ ਸਾਰਿਆਂ ਦਾ ਸ਼ੋਰ ਸੁਣ ਕੇ ਮਹਾਰਾਜਾ ਸਾਹਿਬ ਦੀ ਖ਼ਵਾਬਗਾਹ (ਸੌਣ ਵਾਲੀ ਜਗ੍ਹਾ) ਦੇ ਪਿੱਛੇ ਜਾ ਲੁਕਿਆ। ਸਾਜ਼ਸ਼ੀਆਂ ਨੇ ਚੇਤ ਸਿੰਘ ਬਾਜਵਾ ਨੂੰ ਮਹਾਰਾਜਾ ਸਾਹਿਬ ਦੇ ਸਾਹਮਣੇ ਲੁਕੀ ਹੋਈ ਥਾਂ ਤੋਂ ਬਾਹਰ ਘੜੀਸ ਲਿਆਂਦਾ। ਧਿਆਨ ਸਿੰਘ ਡੋਗਰੇ ਨੇ ਆਪਣੇ ਹੱਥਾਂ ਨਾਲ ਇਕ ਲੰਬਾ ਚਾਕੂ ਚੇਤ ਸਿੰਘ ਬਾਜਵੇ ਦੇ ਦੋ ਵਾਰ ਮਾਰਿਆ ਅਤੇ ਇਸ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਅਤੇ ਨਾਲ ਹੀ ਨਾਲ ਇਕ ਉੱਚਾ ਲਲਕਾਰਾ ਮਾਰਦਿਆਂ ਕਿਹਾ, ‘ਇਸ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਲੈ ਜਾਉ।’
ਇਸ ਕਤਲ ਦਾ ਤਸਵੀਰੀ ਵਰਣਨ ਕਰਨਲ ਗਾਰਡਨਰ ਜਿਹੜਾ ਕਿ ਕਤਲ ਦਾ ਚਸ਼ਮਦੀਦ ਗਵਾਹ ਸੀ, ਨੇ ਕੀਤਾ ਹੈ।
ਚੇਤ ਸਿੰਘ ਦੀ ਸਾਰੀ ਜਾਇਦਾਦ ਜਿਹੜੀ ਕਿ 50 ਤੋਂ 90 ਲੱਖ ਰੁਪਏ ਦੇ ਵਿਚਕਾਰ ਸੀ, ਕੁਰਕ ਕਰ ਲਈ ਗਈ। ਬਾਜਵੇ ਦੇ ਮੁੱਖ ਹਿਮਾਇਤੀ ਮਿਸਰ ਬੇਲੀ ਰਾਮ ਅਤੇ ਉਸ ਦੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਦੀਆਂ ਜਾਇਦਾਦਾਂ ਜਿਨ੍ਹਾਂ ਦਾ ਮੁਲ ਕੋਈ 70 ਲੱਖ ਰੁਪਏ ਤੋਂ ਵੱਧ ਸੀ, ਵੀ ਜ਼ਬਤ ਕਰ ਲਈਆਂ।
ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜਾ ਖੜਕ ਸਿੰਘ ਦੀ ਹਾਜ਼ਰੀ ਵਿਚ ਹੋਏ ਚੇਤ ਸਿੰਘ ਬਾਜਵਾ ਦੇ ਕਤਲ ਤੋਂ ਪਿੱਛੋਂ ਉਹ ਆਪ ਘੱਟ ਹੀ ਦਰਬਾਰ ਜਾਇਆ ਕਰਦਾ ਸੀ ਅਤੇ ਉਸ ਨੇ ਲਾਹੌਰ ਦਰਬਾਰ ਦੇ ਇਸ ਅਪਮਾਨ ਨੂੰ ਕਦੇ ਵੀ ਨਹੀਂ ਸੀ ਭੁੱਲਿਆ।
ਪੰਜਾਬੀ ਦੇ ਪ੍ਰਸਿੱਧ ਸਮਕਾਲੀ ਕਵੀ ਸ਼ਾਹ ਮੁਹੰਮਦ ਨੇ ਚੇਤ ਸਿੰਘ ਬਾਜਵਾ ਦੇ ਕਤਲ ਦੀ ਡਟ ਕੇ ਨਿਖੇਧੀ ਕੀਤੀ ਅਤੇ ਇਸ ਨੂੰ ਰਾਜ-ਦਰਬਾਰ ਦੀ ਮਰਿਯਾਦਾ ਭੰਗ ਹੋ ਗਈ ਲਿਖਿਆ: –
‘ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ ।
ਅੱਗੇ ਜਾ ਕੇ ਸ਼ਾਹ ਮੁਹੰਮਦ ਲਿਖਦਾ ਹੈ ਕਿ ਇਸ ਸਾਰੀ ਧੱਕੇ ਸ਼ਾਹੀ ਰੁਚੀ ਕਾਰਨ ਹੀ ਦਰਬਾਰ ਵਿਚ ਖ਼ੂਨ-ਖਰਾਬੇ ਦਾ ਦੌਰ ਚਲਿਆ ਸੀ : –
‘ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,
ਖਾਲੀ ਨਹੀਂ ਜਾਣਾ ਇਕ ਵਾਰ ਮੀਆਂ ।
ਸ਼ਾਹ ਮੁਹੰਮਦ ਲਿਖਦਾ ਹੈ ਕਿ ਆਪਣੇ ਕਦੀਮੀ ਯਾਰ (ਚੇਤ ਸਿੰਘ ਬਾਜਵਾ) ਦੀ ਮੌਤ ਤੇ ਮਹਾਰਾਜਾ ਖੜਕ ਸਿੰਘ ਧਾਹਾਂ ਮਾਰ-ਮਾਰ ਰੋਇਆ ਸੀ ਅਤੇ ਇਸ ਮੌਤ ਦੇ ਗ਼ਮ ਵਿਚ ਹੀ ਇਕ ਸਾਲ ਪਿੱਛੋਂ ਉਸ ਦੀ ਮੌਤ ਹੋ ਗਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-12-09-58, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਸਿ. – ਖੁਸ਼ਵੰਤ ਸਿੰਘ, ਤ. ਗੁ. ਖਾ.; ਏ ਹਿਸਟਰੀ ਆਫ਼ ਦੀ ਰੇਨਿੰਗ ਫੈਮਿਲੀ ਆਫ਼ ਲਾਹੌਰ-ਸੰਪਾਦਕ ਮੇਜਰ ਜੀ ਕਾਰਮਾਈਕਲ ਸਮਿਥ; ਪੰਜਾਬ ਆਨ ਦੀ ਈਵ ਆਫ਼ ਫਸਟ ਸਿੱਖ ਵਾਰ–ਗੁਪਤਾ : 1844
ਵਿਚਾਰ / ਸੁਝਾਅ
Please Login First