ਜੀਵਨ-ਮੁਕਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨ-ਮੁਕਤ [ਵਿਸ਼ੇ] ਜੋ ਜੀਵਨ ਦਸ਼ਾ ਵਿੱਚ ਹੀ ਆਤਮ-ਗਿਆਨ ਨੂੰ ਪ੍ਰਾਪਤ ਹੋ ਆਵਾਗੌਣ ਤੋਂ ਛੁਟਕਾਰਾ ਪਾ ਲਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਵਨ-ਮੁਕਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੀਵਨ-ਮੁਕਤ: ਗੁਰਬਾਣੀ ਵਿਚ ਇਸ ਤੋਂ ਭਾਵ ਹੈ ਜੀਉਂਦੇ-ਜੀ ਜਾਂ ਜੀਵਿਤ ਅਵਸਥਾ ਵਿਚ ਹੀ ਮੁਕਤ ਹੋਣਾ। ਇਸ ਦਾ ਆਸ਼ਾ ਹੈ ਕਿ ਸੰਸਾਰ ਵਿਚ ਜੀਉਂਦੇ ਹੋਇਆਂ ਹੀ ਸੰਸਾਰਿਕ ਪ੍ਰਪੰਚ ਤੋਂ ਅਪ੍ਰਭਾਵਿਤ ਹੋਣਾ। ਇਸ ਦੀ ਪ੍ਰਾਪਤੀ ਗੁਰੂ ਦੁਆਰਾ ਸੰਭਵ ਹੈ ਕਿਉਂਕਿ ਗੁਰੂ ਦੇ ਉਪਦੇਸ਼ ਪ੍ਰਾਪਤ ਕੀਤੇ ਬਿਨਾ ਕੋਈ ਵੀ ਵਿਅਕਤੀ ਮੁਕਤੀ ਪ੍ਰਾਪਤ ਕਰਨ ਵਿਚ ਸਮਰਥ ਨਹੀਂ ਹੋ ਸਕਦਾ। ਗੁਰੂ ਦੇ ਉਪਦੇਸ਼ ਰਾਹੀਂ ਮਨੁੱਖ ਆਪਣੇ ਵਾਸਤਵਿਕ ਸਰੂਪ ਨੂੰ ਪਛਾਣਦਾ ਹੋਇਆ ਠੀਕ ਮਾਰਗ ਉਤੇ ਅਗੇ ਵਧਦਾ ਹੈ।

            ਮੁਕਤੀ ਜਾਂ ਮੋਖ ਭਾਰਤੀ ਅਧਿਆਤਮਿਕਤਾ ਦਾ ਅੰਤਿਮ ਫਲ ਹੈ। ਇਸ ਨੂੰ ਚਾਰ ਪਦਾਰਥਾਂ (ਧਰਮ, ਅਰਥ , ਕਾਮ ਅਤੇ ਮੋਖ) ਵਿਚ ਆਖ਼ਰੀ ਅਤੇ ਮੁੱਖ ਸਥਾਨ ਪ੍ਰਾਪਤ ਹੈ। ਇਹ ਮਨੁੱਖੀ ਜੀਵਨ ਦਾ ਪਰਮ ਪੁਰਸ਼ਾਰਥ ਸਮਝਿਆ ਜਾਂਦਾ ਹੈ। ਵਖ ਵਖ ਭਾਰਤੀ ਦਾਰਸ਼ਨਿਕ ਪਰੰਪਰਾਵਾਂ ਵਿਚ ਇਸ ਦੇ ਸਰੂਪ ਅਤੇ ਸਥਿਤੀ ਵਿਚ ਕਾਫ਼ੀ ਮਤਭੇਦ ਰਿਹਾ ਹੈ, ਪਰ ਇਕ ਗੱਲ ਬਾਰੇ ਸਾਰੇ ਸਹਿਮਤ ਹਨ ਕਿ ਮੋਖ (ਮੁਕਤੀ) ਉਸ ਸਥਿਤੀ ਦਾ ਸੂਚਕ ਹੈ ਜਦ ਮਨੁੱਖ ਤਿੰਨ ਪ੍ਰਕਾਰ ਦੇ ਦੁਖਾਂ (ਦੈਹਿਕ, ਭੌਤਿਕ ਅਤੇ ਦੈਵਿਕ) ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਮੋਖ ਤੋਂ ਭਾਵ ਮਨੁੱਖ ਦੇ ਸੰਸਾਰਿਕ ਦੁਖਾਂ ਦਾ ਪੂਰਣ ਅਭਾਵ ਹੈ। ਵਖ ਵਖ ਦਾਰਸ਼ਨਿਕਾਂ ਨੇ ਇਸ ਅਵਸਥਾ ਨੂੰ ਮੋਖ, ਮੁਕਤੀ, ਨਿਰਵਾਣ, ਕੈਵਲੑਯ, ਅਪਵਰਗ, ਪਰਮਪਦ, ਪਰਮਗਤਿ, ਪਰਮਸੁਖ, ਤੁਰੀਆਵਸਥਾ ਆਦਿ ਨਾਂ ਦਿੱਤੇ ਹਨ।

            ਗੁਰਬਾਣੀ ਵਿਚ ਮੁਕਤੀ ਦੇ ਸਰੂਪ ਸੰਬੰਧੀ ਕੋਈ ਵਿਵਸਥਿਤ ਚਰਚਾ ਨਹੀਂ ਹੋਈ। ਕੁਝ ਕੁ ਉਕਤੀਆਂ ਦੇ ਆਧਾਰ’ਤੇ ਕਿਹਾ ਜਾ ਸਕਦਾ ਹੈ ਕਿ ਸੰਸਾਰਿਕ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰਨਾ ਹੀ ‘ਮੁਕਤੀ’ ਹੈ। ਅਧਿਆਤਮਿਕ ਸਾਧਨਾ ਦੁਆਰਾ ਸੰਸਾਰਿਕ ਬੰਧਨਾਂ ਨੂੰ ਕਟ ਕੇ ਉਨ੍ਹਾਂ ਤੋਂ ਨਿਰਬੰਧ ਹੋਣਾ ਹੀ ਮੁਕਤੀ ਦੀ ਅਵਸਥਾ ਹੈ। ਗੁਰਮਤਿ ਅਨੁਸਾਰ ਸਾਰਾ ਸੰਸਾਰ ਤ੍ਰਿਗੁਣਾਤਮਕ ਮਾਇਆ ਦਾ ਸਾਕਾਰ ਰੂਪ ਹੈ। ਅਸਲ ਵਿਚ, ਇਹ ਸਭ ਕੁਝ ਮਾਇਆ ਦੇ ਮਿਠੇ ਮੋਹ ਦਾ ਪਾਸਾਰ ਹੈ। ਮਾਇਆ ਅਤੇ ਉਸ ਦੇ ਉਪਕਰਣਾਂ ਦੇ ਫਲਸਰੂਪ ਮਨੁੱਖ ਭਰਮ-ਗ੍ਰਸਤ ਹੋ ਜਾਂਦਾ ਹੈ ਅਤੇ ਉਹ ਆਪਣੇ ਵਾਸਤਵਿਕ ਸਰੂਪ ਨੂੰ ਭੁਲ ਜਾਂਦਾ ਹੈ। ਇਹ ਭੁਲਣਾ ਹੀ ਸੰਸਾਰਿਕ ਦੁਖ-ਸੁਖ ਦਾ ਕਾਰਣ ਬਣਦਾ ਹੈ। ਇਹੀ ਅਗਿਆਨ ਹੈ। ਇਸੇ ਦੇ ਵਸ ਹੋ ਕੇ ਮਨੁੱਖ ਨਾਮ-ਰੂਪਾਤਮਕ ਸੰਸਾਰ ਦੇ ਮਾਇਆ-ਜਾਲ ਵਿਚ ਫਸ ਜਾਂਦਾ ਹੈ, ਬੰਧਨ ਵਿਚ ਗ੍ਰਸਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਇਨ੍ਹਾਂ ਬਹੁ-ਪ੍ਰਕਾਰੀ ਬੰਧਨਾਂ ਵਿਚੋਂ ਕੋਈ ਵਿਰਲਾ ਵਿਅਕਤੀ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ— ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ (ਗੁ.ਗ੍ਰੰ.62)।

            ਸੰਸਾਰਿਕ ਬੰਧਨਾਂ ਦਾ ਮੂਲ ਕਾਰਣ ‘ਹਉਮੈ ’ ਹੈ। ਹਉਮੈ ਅਧੀਨ ਕੀਤੇ ਗਏ ਸਾਰੇ ਕਰਮ-ਧਰਮ ਬੰਧਨ ਹਨ। ਹਉਮੈ ਮਨੁੱਖ ਨੂੰ ਸੰਸਾਰਿਕ ਯਾਤ੍ਰਾ ਲਈ ਮਜਬੂਰ ਕਰਦੀ ਹੈ। ਇਸੇ ਤਰ੍ਹਾਂ ਮਾਇਆ ਦੇ ਹੋਰ ਤੱਤ੍ਵ ਵੀ ਬੰਧਨ-ਗ੍ਰਸਤ ਕਰਨ ਵਾਲੇ ਹਨ। ਗੁਰੂ ਦੀ ਕਿਰਪਾ ਦੁਆਰਾ ਮਾਇਆ ਦੇ ਪ੍ਰਭਾਵ ਦੇ ਹਟਣ ਨਾਲ ਮਨੁੱਖ ਵਾਸਤਵਿਕਤਾ ਨੂੰ ਪਛਾਣਨ ਦੇ ਸਮਰਥ ਹੁੰਦਾ ਹੈ। ਇਹ ਇਕ ਪ੍ਰਕਾਰ ਦਾ ਆਤਮਾ ਪਰਮਾਤਮਾ ਦਾ ਸਾਖਿਆਤਕਾਰ ਹੈ। ਗੁਰੂ ਨਾਨਕ ਦੇਵ ਜੀ ਬੈਕੁੰਠ-ਧਾਮ ਪਹੁੰਚਣ ਵਾਲੀ ਮੁਕਤੀ ਨੂੰ ਆਤਮ- ਸਾਖਿਆਤਕਾਰ ਵਾਲੀ ਮੁਕਤੀ ਨਾਲੋਂ ਤੁਛ ਸਮਝਦੇ ਹਨ—ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ (ਗੁ.ਗ੍ਰੰ.360)। ਇਸ ਤੱਥ ਦੀ ਪੁਸ਼ਟੀ ਗੁਰੂ ਰਾਮਦਾਸ ਜੀ ਦੀ ਬਾਣੀ ਤੋਂ ਵੀ ਹੋ ਜਾਂਦੀ ਹੈ—ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ਹਰਿ ਦਰਸਨ ਕੇ ਜਨ ਮੁਕਤਿ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ (ਗੁ.ਗ੍ਰੰ.1324)।

ਗੁਰੂ ਅਰਜਨ ਦੇਵ ਜੀ ਨੇ ਵੀ ਪਰਮਾਤਮਾ ਦੇ ਚਰਣ-ਕਮਲਾਂ ਨਾਲ ਆਪਣੀ ਪ੍ਰੀਤ ਨੂੰ ਰਾਜ ਅਤੇ ਮੁਕਤੀ ਦੀ ਚਾਹਨਾ ਤੋਂ ਉੱਚਾ ਸਮਝਿਆ ਹੈ—ਰਾਜੁ ਚਾਹਉ ਮੁਕਤਿ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ (ਗੁ.ਗ੍ਰੰ. 534)।

            ਇਥੇ ਇਕ ਗੱਲ ਹੋਰ ਸਪੱਸ਼ਟ ਕਰ ਦੇਣੀ ਠੀਕ ਪ੍ਰਤੀਤ ਹੁੰਦੀ ਹੈ ਕਿ ਗੁਰਬਾਣੀ ਵਿਚ ਮੁਕਤੀ-ਪ੍ਰਾਪਤੀ ਸੰਬੰਧੀ ਬੰਧਨਾਂ ਤੋਂ ਨਿਰਬੰਧ ਹੋਣ ਦੀ ਜੋ ਗੱਲ ਕਹੀ ਗਈ ਹੈ, ਉਸ ਤੋਂ ਭਾਵ ਮ੍ਰਿਤੂ ਨਹੀਂ, ਸਗੋਂ ਜੀਵਿਤ ਅਵਸਥਾ ਵਿਚ ਹੀ ਆਪਣੇ-ਪਨ ਦੀ ਭਾਵਨਾ ਨੂੰ ਮਾਰਨਾ ਹੈ। ਜਦੋਂ ਆਪਣੇ-ਪਨ ਜਾਂ ਮਾਇਆ ਦੇ ਪ੍ਰਪੰਚ ਦਾ ਪ੍ਰਭਾਵ ਨਸ਼ਟ ਹੋ ਜਾਂਦਾ ਹੈ ਤਾਂ ਜੀਵਾਤਮਾ ਅਤੇ ਪਰਮਾਤਮਾ ਵਿਚ ਏਕਤਾ ਹੋ ਜਾਂਦੀ ਹੈ। ਜੀਵ ਤਾਂ ਸੁਭਾ ਤੋਂ ਹੀ ਮੁਕਤ ਹੈ। ਮੁਕਤੀ ਨ ਪ੍ਰਾਪਤ ਕੀਤੀ ਜਾ ਸਕਦੀ ਹੈ, ਨ ਹੀ ਇਸ ਨੂੰ ਉਤਪੰਨ ਕੀਤਾ ਜਾ ਸਕਦਾ ਹੈ। ਇਸ ਲਈ ਮੁਕਤੀ ਤਾਂ ਜੀਵ ਪਾਸ ਸਦਾ ਮੌਜੂਦ ਰਹਿੰਦੀ ਹੈ, ਪਰ ਜੀਵ ਭਰਮ-ਵਸ ਉਸ ਨੂੰ ਕਿਤੋਂ ਬਾਹਰੋਂ ਖੋਜਣ ਦਾ ਯਤਨ ਕਰਦਾ ਹੈ। ਜਦੋਂ ਗੁਰੂ ਦੇ ਗਿਆਨ ਨਾਲ ਅਗਿਆਨ ਅਤੇ ਭਰਮ ਹਟ ਜਾਂਦੇ ਹਨ, ਬਿਬੇਕ ਉਤਪੰਨ ਹੁੰਦਾ ਹੈ ਤਾਂ ਵਿਅਕਤੀ ਸਹਿਜ-ਸੁਭਾ ਮੁਕਤੀ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੁੰਦਾ ਹੈ। ਅਸਲ ਵਿਚ, ਇਹ ਮੁਕਤੀ ਗਲ ਦੀ ਮਾਲਾ ਵਾਂਗ ਉਸ ਪਾਸ ਪਹਿਲਾਂ ਹੀ ਮੌਜੂਦ ਹੈ, ਜੋ ਬਸਤ੍ਰਾਂ ਦੇ ਹੇਠਾਂ ਲੁਕ ਜਾਣ ਕਰਕੇ ਸਪੱਸ਼ਟ ਨਹੀਂ ਹੋ ਰਹੀ ਹੁੰਦੀ, ਪਰ ਕਪੜਿਆਂ ਦੇ ਹਟਣ ਨਾਲ ਮਾਲਾ ਸਾਫ਼ ਦਿਸ ਪੈਂਦੀ ਹੈ। ਇਸੇ ਤਰ੍ਹਾਂ ਭਰਮਾਂ ਦੇ ਕਟਣ ਨਾਲ ਆਤਮ-ਬੋਧ ਹੋ ਜਾਂਦਾ ਹੈ। ਇਹੀ ਮੁਕਤੀ ਹੈ। ਇਹ ਕੋਈ ਨਵੀਂ ਪ੍ਰਾਪਤੀ ਨਹੀਂ, ਪ੍ਰਾਪਤੀ ਦੀ ਹੀ ਪੁਨਰ -ਪ੍ਰਾਪਤੀ ਹੈ ਅਤੇ ਇਸ ਦੀ ਪ੍ਰਾਪਤੀ ਜੀਵਿਤ ਅਵਸਥਾ ਵਿਚ ਹੀ ਸੰਭਵ ਹੈ।

            ਮੁਕਤੀ ਪ੍ਰਾਪਤ ਕਰਨ ਵਾਲੇ ਸਾਧਕਾਂ ਨੂੰ ‘ਮੁਕਤ’ ਕਿਹਾ ਗਿਆ ਹੈ। ਇਹ ਆਮ ਤੌਰ ’ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ— ਜੀਵਨ-ਮੁਕਤ, ਵਿਦੇਹ-ਮੁਕਤ ਅਤੇ ਨਿੱਤ-ਮੁਕਤ। ਜੋ ਸ਼ਰੀਰ ਨੂੰ ਧਾਰਣ ਕਰਦੇ ਹੋਇਆਂ ਆਤਮ-ਗਿਆਨ ਰਾਹੀਂ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ, ਉਹ ਜੀਵਨ-ਮੁਕਤ ਅਖਵਾਉਂਦੇ ਹਨ। ਜੋ ਜੀਵ ਦੇਹ ਦੇ ਨਸ਼ਟ ਹੋਣ’ਤੇ ਮੁਕਤੀ ਪ੍ਰਾਪਤ ਕਰਦੇ ਹਨ, ਉਹ ਵਿਦੇਹ-ਮੁਕਤ ਹਨ ਅਤੇ ਜੋ ਆਪਣੇ ਕਰਮਾਂ ਦੇ ਵਸ ਵਿਚ ਹੋ ਕੇ ਜਨਮ- ਮਰਨ ਨੂੰ ਪ੍ਰਾਪਤ ਨਹੀਂ ਹੁੰਦੇ ਅਤੇ ਅਵਤਾਰਾਂ ਵਾਂਗ ਆਪਣੀ ਜਾਂ ਪਰਮਾਤਮਾ ਦੀ ਇੱਛਾ ਅਨੁਸਾਰ ਵਖ ਵਖ ਲੋਕਾਂ ਵਿਚ ਵਿਚਰਣ ਕਰਦੇ ਰਹਿੰਦੇ ਹਨ, ਉਹ ਨਿੱਤ-ਮੁਕਤ ਹਨ।

            ਉਪਰੋਕਤ ਤੰਨਾਂ ਵਿਚੋਂ ਗੁਰੂ ਸਾਹਿਬਾਨ ਦੀ ਰੁਚੀ ਕੇਵਲ ਜੀਵਨ-ਮੁਕਤ ਪ੍ਰਤਿ ਰਹੀ ਹੈ, ਕਿਉਂਕਿ ਗੁਰੂ ਸਾਹਿਬਾਨ ਮੁਕਤੀ ਨੂੰ ਜੀਵਨ ਉਪਰੰਤ ਪ੍ਰਾਪਤ ਹੋਣ ਵਾਲਾ ਕੋਈ ਪਦਾਰਥ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਦਾ ਆਦਰਸ਼-ਵਿਅਕਤੀ ‘ਗੁਰਮੁਖ ’ ਜੀਵਿਤ ਅਵਸਥਾ ਵਿਚ ਹੀ ਮੁਕਤ ਹੈ। ਉਹ ਜਗਤ ਤੋਂ ਭਜਦਾ ਨਹੀਂ, ਸਗੋਂ ਸੰਸਾਰ ਵਿਚ ਰਹਿੰਦਾ ਹੋਇਆ ਲੋਕ-ਕਲਿਆਣ ਵਿਚ ਲੀਨ ਰਹਿੰਦਾ ਹੈ। ਉਹ ਪੰਜ-ਭੌਤਿਕ ਸ਼ਰੀਰ ਧਾਰਣ ਕਰਦੇ ਹੋਏ ਵੀ ਆਪਣੇ ਆਪ ਨੂੰ ਦੇਹ ਜਾਂ ਹੱਡ-ਚੰਮ ਅਤੇ ਇੰਦ੍ਰੀਆਂ ਦਾ ਢਾਂਚਾ ਨਹੀਂ ਸਮਝਦਾ। ਸਾਰੇ ਜਗਤ ਦਾ ਖੇਲ-ਪਸਾਰਾ ਉਸ ਸਾਹਮਣੇ ਮੌਜੂਦ ਰਹਿੰਦਾ ਹੈ, ਪਰ ਉਹ ਆਪਣੇ ਸੰਜਮ ਕਰਕੇ ਨਾਮ-ਰੂਪਾਤਮਕ ਵਿਸ਼ਿਆਂ ਵਿਚ ਨਹੀਂ ਫਸਦਾ, ਉਨ੍ਹਾਂ ਨੂੰ ਪ੍ਰਾਪਤ ਕਰਨ ਵਿਚ ਉਸ ਦੇ ਮਨ ਵਿਚ ਕੋਈ ਇੱਛਾ ਨਹੀਂ ਰਹਿ ਜਾਂਦੀ। ਉਸ ਨੂੰ ਜੀਉਂਦੇ-ਜੀ ਹੀ ਮੁਕਤੀ ਪ੍ਰਾਪਤ ਹੋ ਚੁਕੀ ਹੁੰਦੀ ਹੈ। ਇਸੇ ਵਿਅਕਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜੀਵਨ-ਮੁਕਤ’ ਆਖਿਆ ਹੈ। ਉਸ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਮਨ ਤੋਂ ਹਉਮੈ ਦੀ ਭਾਵਨਾ ਨੂੰ ਮਿਟਾ ਦਿੰਦਾ ਹੈ, ਸੱਚੀ ਰਹਿਣੀ ਰਹਿੰਦਾ ਹੈ ਅਤੇ ਮਨ ਵਿਚ ਹਰਿ-ਨਾਮ ਨੂੰ ਵਸਾਉਂਦਾ ਹੈ—ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ (ਗੁ.ਗ੍ਰੰ.1010); ਜੀਵਨ ਮੁਕਤੁ ਜਾ ਸਬਦੁ ਸੁਣਾਏ ਸਚੀ ਰਹਤ ਸਚਾ ਸੁਖੁ ਪਾਏ (ਗੁ.ਗ੍ਰੰ.1343)।

‘ਸਿਧ-ਗੋਸਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਇਸ ਪ੍ਰਸ਼ਨ—ਦੁਸਤਰ ਸੰਸਾਰ ਸਾਗਰ ਨੂੰ ਕਿਵੇਂ ਤਰਿਆ ਜਾਏ ? — ਦਾ ਉੱਤਰ ਦਿੰਦਿਆਂ ਜੀਵਨ-ਮੁਕਤ ਵਾਲੀ ਗੱਲ ਪ੍ਰਕਾਰਾਂਤਰ ਨਾਲ ਕਮਲ ਅਤੇ ਮੁਰਗ਼ਾਬੀ ਦੇ ਉਪਮਾਨਾਂ ਰਾਹੀਂ ਇਸ ਤਰ੍ਹਾਂ ਕਹੀ ਹੈ— ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ (ਗੁ.ਗ੍ਰੰ.938)। ਸਾਰਾਂਸ਼ ਇਹ ਕਿ ਸੱਚਾ ਸਾਧਕ ਜੀਵਿਤ ਅਵਸਥਾ ਵਿਚ ਹੀ ਮਨ ਨੂੰ ਵਸ ਵਿਚ ਕਰਕੇ ਮੁਕਤ-ਅਵਸਥਾ ਪ੍ਰਾਪਤ ਕਰ ਸਕਦਾ ਹੈ ਅਤੇ ਅਜਿਹੇ ਸਾਧਕ ਹੀ ਮਨੁੱਖਤਾ ਦਾ ਸੱਚੇ ਅਰਥਾਂ ਵਿਚ ਸੁਧਾਰ ਕਰ ਸਕਦੇ ਹਨ। ਇਸ ਲਈ ਗੁਰੂ ਤੇਗ ਬਹਾਦਰ ਜੀ ਨੇ ਜਿਗਿਆਸੂ ਨੂੰ ਸੰਬੋਧਨ ਕਰਦਿਆਂ ਕਿਹਾ ਹੈ— ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ (ਗੁ.ਗ੍ਰੰ.831)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.