ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤਕਰਾ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

ਜੰਗਨਾਮਾ ਸ਼ਾਹ ਮੁਹੰਮਦ-ਸਾਹਿਤਿਕ ਪਰਿਪੇਖ

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਮੂਲ-ਪਾਠ

ਸਹਾਇਕ ਪੁਸਤਕ-ਸੂਚੀ

 

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

 

ਸ਼ਾਹ ਮੁਹੰਮਦ ਪੰਜਾਬ ਦਾ ਇਕ ਬੜੇ ਉੱਚ ਪਾਏ ਦਾ ਕਵੀ ਹੈ, ਜਿਸ ਦੀ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈਨਾਮੀ ਪ੍ਰਸਿੱਧ ਤੇ ਦਿਲ-ਖਿੱਚਵੀਂ ਰਚਨਾ ਨੇ ਇਸ ਨੂੰ ਅਮਰ ਕਰ ਦਿੱਤਾ ਹੈ। ਇਹ ਰਚਨਾ ਹੋਰ ਕਈ ਨਾਂਵਾਂ ਨਾਲ ਭੀ ਪ੍ਰਸਿੱਧ ਹੈ, ਜਿਵੇਂ ਕਿ ਕਿੱਸਾ ਸ਼ਾਹ ਮੁਹੰਮਦ’, ‘ਵਾਰ ਸ਼ਾਹ ਮੁਹੰਮਦ’, ‘ਸ਼ਾਹ ਮੁਹੰਮਦ ਦੇ ਬੈਂਤ’, ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾਆਦਿ।

-ਗੰਡਾ ਸਿੰਘ , ਪੰਜਾਬ ਦੀਆਂ ਵਾਰਾਂ

ਉਪਰੋਕਤ ਹਵਾਲੇ ਤੋਂ ਸਿੱਧ ਹੁੰਦਾ ਹੈ ਕਿ ਜੰਗਨਾਮਾ ਸ਼ਾਹ ਮੁਹੰਮਦ ਬਾਰੇ ਵਿਧਾ ਦੀ ਸਮੱਸਿਆ ਕਾਫ਼ੀ ਗੰਭੀਰ ਹੈ, ਇਸ ਦੇ ਬਾਵਜੂਦ ਅਸੀਂ ਇਸ ਨੂੰ ਜੰਗਨਾਮਾ ਹੀ ਕਹਿ ਸਕਦੇ ਹਾਂ, ਜਿਸਦੇ ਕਈ ਕਾਰਨ ਹਨ। ਪੰਜਾਬ ਆਪਣੇ ਭੂਗੋਲਿਕ ਕਾਰਨਾਂ ਕਰਕੇ ਯੁੱਧਾਂ-ਜੰਗਾਂ ਦਾ ਅਖਾੜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਵੀਰ ਸਾਹਿਤ, ਪੰਜਾਬੀ ਸਾਹਿਤ ਦਾ ਪ੍ਰਸਿੱਧ ਰੂਪ ਰਿਹਾ ਹੈ। ਵੀਰ ਸਾਹਿਤ ਵਿਚ ‘ਜੰਗਨਾਮਾ’ ਕਾਵਿ ਰੂਪ ਨੂੰ ਪ੍ਰਮੁੱਖਤਾ ਹਾਸਲ ਹੈ। ਇਸ ਕਾਵਿ ਰੂਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਿਸੇ ਜੰਗ ਜਾਂ ਯੁੱਧ ਦਾ ਵਰਣਨ ਵਿਸਤਾਰ ਵਿਚ ਕੀਤਾ ਜਾਂਦਾ ਹੈ। ਇਹੋ ਕਾਰਨ ਹੈ ਕਿ ਜੰਗਨਾਮਾ ਇਤਿਹਾਸ ਦਾ ਵੀ ਉਤਨਾ ਹੀ ਮਹੱਤਵਪੂਰਨ ਅੰਗ ਹੈ, ਜਿਤਨਾ ਸਾਹਿਤ ਦਾ। ‘ਜੰਗ’ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਭਾਵ ‘ਯੁੱਧ’ ਜਾਂ ‘ਲੜਾਈ’ ਹੁੰਦਾ ਹੈ। ਇਸੇ ਤਰ੍ਹਾਂ ‘ਨਾਮਾ’ ਵੀ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਖ਼ਤ , ਚਿੱਠੀ ਜਾਂ ਪੱਤਰ ਹੁੰਦਾ ਹੈ। ਇਸ ਲਈ ‘ਜੰਗਨਾਮਾ’ ਦਾ ਮਤਲਬ ਯੁੱਧ ਦਾ ਬਿਰਤਾਂਤ ਕਿਹਾ ਜਾ ਸਕਦਾ ਹੈ। ਇਸ ਵਿਚਲੇ ਯੁੱਧ ਵਿਚ ਦੋ ਧਿਰਾਂ ਹੁੰਦੀਆਂ ਹਨ। ਇਕ ਧਿਰ ਫ਼ੌਜੀ ਹਮਲਾ ਕਰਦੀ ਹੈ ਅਤੇ ਦੂਜੀ ਧਿਰ ਫ਼ੌਜੀ ਹਮਲੇ ਤੋਂ ਆਪਣਾ ਬਚਾਅ ਕਰਦੀ ਹੈ। ਇਸ ਤਰ੍ਹਾਂ ਜੰਗਨਾਮੇ ਵਿਚ ਹਮਲਾ ਕਰਨ ਤੇ ਉਸ ਨੂੰ ਰੋਕਣ ਦਾ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ। ਇਹ ਸਿਲਸਿਲਾ ਉਨੀ ਦੇਰ ਤਕ ਚੱਲਦਾ ਹੈ, ਜਿੰਨੀ ਦੇਰ ਤਕ ਦੋਵੇਂ ਧਿਰਾਂ ਥੱਕ-ਹਾਰ ਨਹੀਂ ਜਾਂਦੀਆਂ ਜਾਂ ਫਿਰ ਉਹ ਕਿਸੇ ਵਿਸ਼ੇਸ਼ ਤਰ੍ਹਾਂ ਦੇ ਸਮਝੌਤੇ ਨੂੰ ਲਾਗੂ ਕਰਵਾਉਣ ਵਿਚ ਕਾਮਯਾਬ ਨਹੀਂ ਹੋ ਜਾਂਦੀਆਂ। ਇਹਨਾਂ ਸਾਰੀਆਂ ਘਟਨਾਵਾਂ ਦੇ ਕਾਵਿਕ ਬਿਰਤਾਂਤ ਨੂੰ ਹੀ ‘ਜੰਗਨਾਮਾ’ ਦਾ ਨਾਂ ਦਿੱਤਾ ਜਾਂਦਾ ਹੈ।

ਜੰਗਨਾਮਾਕਾਰ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਉਹ ਦੋਵਾਂ ਫ਼ੌਜੀ ਧਿਰਾਂ ਦੀਆਂ ਵੱਖ-ਵੱਖ ਕਾਰਵਾਈਆਂ ਨਾਲ ਕਿਸੇ ਕਿਸਮ ਦਾ ਭੇਦ-ਭਾਵ ਨਾ ਕਰੇ। ਦੋਵਾਂ ਧਿਰਾਂ ਨੂੰ ਬਰਾਬਰ ਮਹੱਤਵ ਦਿੰਦਾ ਹੋਇਆ ਉਹ ਜੰਗ ਦੇ ਚਿੱਤਰਨ ਤੇ ਜੰਗ ਦੇ ਕਾਰਨਾਂ ਨੂੰ ਵੀ ਕਲਾਤਮਿਕਤਾ ਨਾਲ ਪੇਸ਼ ਕਰਨ ਦਾ ਯਤਨ ਕਰੇ। ਜੰਗਨਾਮਾਕਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਧਿਰਾਂ ਦੇ ਵਿਚਾਰਧਾਰਕ ਮੱਤਭੇਦਾਂ ਨੂੰ ਉਭਾਰਦਾ ਹੈ। ਇਹਨਾਂ ਵਿਚਾਰਧਾਰਕ ਮੱਤਭੇਦਾਂ ਦੇ ਸਿੱਟੇ ਵਜੋਂ ਹੀ ਦੋਵੇਂ ਧਿਰਾਂ ਆਪਸ ਵਿਚ ਲੜਦੀਆਂ ਹਨ। ਇਕ ਧਿਰ ਦੂਜੀ ਧਿਰ ਉੱਪਰ ਹਮਲਾ ਕਰਦੀ ਹੈ ਅਤੇ ਦੂਜੀ ਧਿਰ ਜਿੱਥੇ ਇਸ ਹਮਲੇ ਨੂੰ ਰੋਕਣ ਦਾ ਯਤਨ ਕਰਦੀ ਹੈ, ਉਥੇ ਉਹ ਜਵਾਬੀ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਜੰਗਨਾਮਾਕਾਰ ਦੋਵਾਂ ਧਿਰਾਂ ਦੀਆਂ ਵੱਖ-ਵੱਖ ਕਾਰਵਾਈਆਂ ਨੂੰ ਪੇਸ਼ ਕਰਦਾ ਹੋਇਆ ਜੰਗ ਦੇ ਕਾਰਨਾਂ ਨੂੰ ਖੋਜ ਕੇ ਅਪਣੇ ਪਾਠਕਾਂ ਸਾਹਮਣੇ ਪ੍ਰਸਤੁਤ ਕਰਦਾ ਹੈ। ਇਸ ਤਰ੍ਹਾਂ ਜੰਗਨਾਮਾਕਾਰ ਦੋਵਾਂ ਧਿਰਾਂ ਦੀ ਫ਼ੌਜੀ ਯੋਗਤਾ, ਕੁਸ਼ਲਤਾ, ਮਾਨਸਿਕਤਾ ਆਦਿ ਨੂੰ ਚਿੱਤਰਨ ਦੇ ਨਾਲ-ਨਾਲ ਦੋਵਾਂ ਧਿਰਾਂ ਦੀ ਸੁਰੱਖਿਆ-ਸ਼ਕਤੀ, ਬੀਰਤਾ ਦਾ ਵੀ ਵਰਣਨ ਕਰਦਾ ਹੈ। ਜਿਥੇ ਜੰਗਨਾਮਾਕਾਰ ਜੰਗ ਦੀਆਂ ਵੱਖ-ਵੱਖ ਘਟਨਾਵਾਂ ਦੀ ਪੇਸ਼ਕਾਰੀ ਕਲਾਤਮਕ ਢੰਗ ਨਾਲ ਪੇਸ਼ ਕਰਨ ਦਾ ਯਤਨ ਕਰਦਾ ਹੈ, ਉਥੇ ਉਹ ਜੰਗ ਦੇ ਨਤੀਜਿਆਂ ਤੋਂ ਵੀ ਆਪਣੇ ਪਾਠਕਾਂ ਜਾਂ ਸ੍ਰੋਤਿਆਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੋ ਕਾਰਨ ਹੈ ਕਿ ਜੰਗਨਾਮਾਕਾਰ ਆਪਣੀ ਰਚਨਾ ਵਿਚ ਜੰਗ ਦੇ ਵੱਖ-ਵੱਖ ਕਾਰਨਾਂ ਤੋਂ ਭਲੀ-ਪ੍ਰਕਾਰ ਜਾਣੂ ਹੁੰਦਾ ਹੈ, ਜਿਸ ਕਰਕੇ ਜੰਗਨਾਮੇ ਦੀ ਸਾਹਿਤਿਕ ਮਹੱਤਤਾ ਦੇ ਨਾਲ-ਨਾਲ ਇਤਿਹਾਸਿਕ ਮਹੱਤਤਾ ਵੀ ਵੱਧ ਜਾਂਦੀ ਹੈ। ਜੰਗਨਾਮੇ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦੇ ਹੋਏ ਡਾ. ਗੁਰਦੇਵ ਸਿੰਘ ਆਪਣੀ ਪੁਸਤਕ ਜੰਗਨਾਮਾ : ਸਰੂਪ, ਸਿਧਾਂਤ ਤੇ ਵਿਕਾਸ ਵਿਚ ਲਿਖਦੇ ਹਨ:

(1)  ਜੰਗਨਾਮਾ ਸਧਾਰਨ ਤੇ ਸਾਮਾਨਯ ਲੋਕਾਈ ਦੇ ਸੁਹਜ-ਸੁਆਦ ਦੀ ਪੂਰਤੀ ਕਰਦਾ ਹੈ। ਇਹ ਉਸ ਵੇਲੇ ਦੇ ਬਿਰਤਾਂਤ ਨੂੰ ਕਲਮ ਦੇ ਹਵਾਲੇ ਕਰਦਾ ਹੈ, ਜਿਹੜਾ ਵੇਲਾ ਸ਼ਾਂਤੀ ਤੇ ਅਮਨ ਨੂੰ ਗੁਆ ਚੁੱਕਾ ਹੁੰਦਾ ਹੈ ਤੇ ਚਾਰੇ ਪਾਸੇ, ਦੋ ਧਿਰਾਂ ਵਿਚੋਂ ਕਿਸੇ ਇਕ ਦੀ ਜਿੱਤ-ਹਾਰ, ਜਾਂ ਦੋਹਾਂ ਧਿਰਾਂ ਵਿਚ ਕਿਸੇ ਸਮਝੌਤੇ ਦੀ ਸੰਭਾਵਨਾ ਆਦਿ ਦੇ ਅੰਦਾਜ਼ੇ ਤਖ਼ਮੀਨੇ ਲਾਏ ਜਾਂਦੇ ਹਨ।

(2)  ਜੰਗਨਾਮੇ ਵਿਚ ਵਰਨਿਤ ਘਟਨਾਵਾਂ, ਪਾਤਰ, ਵਾਤਾਵਰਨ ਪਹਿਲਾਂ ਲੋਕ ਹਿਰਦੇ ਨੂੰ ਬਹੁਤ ਹੱਦ ਤਕ ਪ੍ਰਭਾਵਿਤ ਕਰ ਚੁੱਕੇ ਹੁੰਦੇ ਹਨ। ਤਾਂ ਹੀ ਇਹ ਜੰਗਨਾਮੇ ਦੇ ਕਥਾਨਕ ਦਾ ਮੁਆਦ ਬਣਦੇ ਹਨ।

(3)  ਜੰਗਨਾਮੇ ਜ਼ਿੰਦਗੀ ਦੇ ਪ੍ਰਾਥਮਿਕ, ਮੁੱਢਲੇ ਜਾਂ ਬੁਨਿਆਦੀ ਪੱਖਾਂ ਵਿਚੋਂ ਆਪਣਾ ਮੁਆਦ ਲੈਂਦੇ ਹਨ। ਇਨ੍ਹਾਂ ਵਿਚ ਆਮ ਤੌਰ’ਤੇ ਅਭਿਯਾਨ ਜਾਂ ਮੁਹਿੰਮ, ਲੜਾਈ ਜਾਂ ਜੰਗ, ਸੂਰਬੀਰਤਾ ਜਾਂ ਯੁੱਧਬੀਰਤਾ, ਕਥਾਨਕ ਦਾ ਮਹੱਤਵਪੂਰਨ ਭਾਗ ਹੁੰਦੇ ਹਨ ਤੇ ਜੰਗਨਾਮੇ ਦਾ ਬਾਕੀ ਹਿੱਸਾ ਜਾਂ ਤਾਂ ਇਸ ਭਾਗ ਦੀ ਭੂਮਿਕਾ ਮਾਤਰ ਹੁੰਦਾ ਹੈ ਜਾਂ ਇਸ ਦਾ ਸਿੱਟਾ ਮਾਤਰ।

(4)  ਪਰਾਸਰੀਰਿਕ ਅੰਸ਼ ਵੀ ਕਈ ਜੰਗਨਾਮਿਆਂ ਦਾ ਭਾਗ ਹੁੰਦੇ ਹਨ। ਆਮ ਤੌਰ’ਤੇ ਇਹਨਾਂ ਦੀ ਉਕਸਾਹਟ ਵਜੋਂ ਜੰਗਾਂ ਲਗਦੀਆਂ ਹਨ ਤੇ ਇਹ ਨੇਕ ਧਿਰ ਦੀ ਸਹਾਇਤਾ ਕਰਨ ਲਈ ਆਉਂਦੇ ਹਨ। ਮੈਦਾਨ-ਏ-ਜੰਗ ਵਿਚ ਆ ਕੇ ਇਨ੍ਹਾਂ ਦੀ ਇਕ ਸਕਰਮਕ ਭੂਮਿਕਾ ਹੁੰਦੀ ਹੈ।

(5)  ਮੁਹੱਬਤ, ਨਫ਼ਰਤ, ਦਇਆ ਤੇ ਨਿਰਦਈਪੁਣਾ ਆਦਿ ਸਧਾਰਨ ਮਾਨਵੀ ਮਾਨਸਿਕ ਸ੍ਰਿਸ਼ਟੀ ਅਤੇ ਵਿਵਹਾਰ ਨਾਲ ਹਰ ਜੰਗਨਾਮਾ ਸਿੱਧੇ ਤੌਰ’ਤੇ ਵਾਬਸਤਾ ਹੁੰਦਾ ਹੈ। ਇਸ ਮਨੋਸ੍ਰਿਸ਼ਟੀ ਤੇ ਵਿਵਹਾਰ ਨੂੰ ਜੰਗਨਾਮਾਕਾਰ ਸਪਾਟ ਜਾਂ ਸਪੱਸ਼ਟ ਰੂਪ ਵਿਚ ਅਭਿਵਿਅਕਤ ਕਰਦਾ ਹੈ।

(6)  ਬਿਰਤਾਂਤ ਵਿਚ, ਆਮ ਜਾਂ ਸਧਾਰਨ ਕਾਵਿ ਬਿਰਤਾਂਤ ਨਾਲੋਂ ਵਧੇਰੇ ਗਤੀਸ਼ੀਲਤਾ ਹੁੰਦੀ ਹੈ। ਅਰਥਾਤ ਘਟਨਾਵਾਂ ਤੇਜ਼ੀ ਨਾਲ ਵਾਪਰਦੀਆਂ ਹਨ। ਪਾਤਰ ਬਹੁਤ ਸਕਰਮਕ ਜਾਂ ਕਾਰਜਸ਼ੀਲ ਹੁੰਦੇ ਹਨ ਤੇ ਵਾਤਾਵਰਣ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਹੁੰਦਾ ਹੈ।

(7)  ਪਾਤਰਾਂ ਨੂੰ ਸੋਚਣ, ਸਮਝਣ, ਰੁਕਣ, ਸੁਸਤਾਉਣ ਆਦਿ ਦੀ ਜੰਗਨਾਮੇ ਵਿਚ ਵਿਹਲ ਨਹੀਂ ਹੁੰਦੀ ਤੇ ਇਹ ਸਾਰੇ ਇਕ ਦਮ ਕਾਰਜ ਵਿਚ ਬਦਲਦੇ ਜਾਂਦੇ ਹਨ। ਕਈ ਵਾਰ ਤਾਂ ਇਉਂ ਲੱਗਦਾ ਹੈ ਕਿ ਉਹ ਹੋਣੀ ਦੇ ਹੱਥਾਂ ਵਿਚ ਖਿਡਾਉਣੇ ਹਨ ਤੇ ਹੋਣੀ ਜਿਵੇਂ ਲੋੜਦੀ ਹੈ, ਉਨ੍ਹਾਂ ਨਾਲ ਖੇਡਦੀ ਰਹਿੰਦੀ ਹੈ। ਜਦੋਂ ਉਹ ਇਸ ਖੇਡ ਤੋਂ ਅੱਕ-ਥੱਕ ਜਾਂਦੀ ਹੈ ਤਾਂ ਇਨ੍ਹਾਂ ਨੂੰ ਵਗਾਹ ਕੇ ਮਾਰਦੀ ਹੈ ਤੇ ਇਹ ਟੁੱਟ-ਫੁੱਟ ਜਾਂਦੇ ਹਨ।

(8)  ਨਾਟਕੀਅਤਾ ਦਾ ਅੰਸ਼ ਲਗਪਗ ਹਰ ਜੰਗਨਾਮੇ ਦਾ ਅਨਿੱਖੜਵਾਂ ਅੰਗ ਹੈ। ਪਾਤਰਾਂ ਵਿਚਕਾਰ ਇਕ ਸਾਂਝ ਸਥਾਪਿਤ ਰਹਿੰਦੀ ਹੈ। ਇਕ ਧਿਰ ਦੇ ਪਾਤਰ ਇਕ ਇਕਾਈ ਵਿਚ ਬੱਝੇ ਲੜਦੇ ਹਨ ਤੇ ਦੂਜੀ ਧਿਰ ਵੀ ਇਸੇ ਤਰ੍ਹਾਂ ਇਕਾਈ ਰੂਪ ਹੁੰਦੀ ਹੈ। ਦੋ ਵਿਰੋਧੀ ਧਿਰਾਂ ਵਿਚਕਾਰ ਟਕਰਾਓ ਜਾਂ ਭੇੜ ਵੀ ਇਕ ਸਾਂਝ ਬਣਦੀ ਹੈ।

(9)  ਜੰਗਨਾਮਿਆਂ ਵਿਚਲੀ ਛੰਦ, ਚਾਲ, ਲੈਅ , ਸੰਗੀਤਮਈਤਾ ਆਦਿ ਦਾ ਆਪਣਾ ਪ੍ਰਭਾਵ ਹੁੰਦਾ ਹੈ ਤੇ ਇਹ ਪ੍ਰਭਾਵ ਇਤਨਾ ਤੀਖਣ ਹੁੰਦਾ ਹੈ ਕਿ ਸਧਾਰਨ ਪਾਠਕ ਜਾਂ ਸ੍ਰੋਤਾ ਕੀਲਿਆ ਜਾਂਦਾ ਹੈ, ਯੁੱਧ ਬੀਰਾਂ ਉੱਤੇ ਮੋਹਿਤ ਹੋ ਜਾਂਦਾ ਹੈ ਤੇ ਘਟਨਾਵਾਂ ਦੀ ਪਕੜ ਵਿਚ ਆ ਜਾਂਦਾ ਹੈ।

(10) ਜੰਗਨਾਮਾ ਇਕ ਤਾਰੀਖ਼ੀ ਦਸਤਾਵੇਜ਼ ਬਣ ਜਾਂਦਾ ਹੈ, ਜਦੋਂ ਉਹ ਇਤਿਹਾਸਿਕ ਮਹੱਤਤਾ ਵਾਲੇ ਪਾਤਰਾਂ, ਘਟਨਾਵਾਂ ਆਦਿ ਨੂੰ ਆਪਣੀ ਸਾਮੱਗਰੀ ਬਣਾਉਂਦਾ ਹੈ। ਕਿਸੇ ਰਾਜ ਕਾਲ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਸ ਕਾਲ ਦਾ ਜੰਗਨਾਮਾ ਜਾਣਕਾਰੀ ਦਾ ਇਕ ਉੱਤਮ ਸੋਮਾ ਸਿੱਧ ਹੁੰਦਾ ਹੈ।1

ਉਪਰੋਕਤ ਤੋਂ ਸਿੱਧ ਹੁੰਦਾ ਹੈ ਕਿ ਜੰਗਨਾਮੇ ਵਿਚ ਜੰਗ ਜਾਂ ਲੜਾਈ ਦਾ ਵਿਸਤਾਰਪੂਰਬਕ ਵਰਣਨ ਹੁੰਦਾ ਹੈ। ਜੰਗਨਾਮਾ ਇਕ ਯੁੱਧ-ਕਾਵਿ ਹੈ ਜਿਸ ਨੂੰ ਆਰੰਭ ਵਿਚ ਚਾਰਣ, ਢਾਡੀ , ਬੰਦੀ ਜਾਂ ਭੱਟ ਕਵੀ ਰਚਦੇ ਤੇ ਗਾਉਂਦੇ ਸਨ। ਇਹ ਲੋਕ ਖ਼ਾਸ ਤੌਰ’ਤੇ ਰਾਜ ਦਰਬਾਰਾਂ ਵਿਚ ਫ਼ੌਜ ਨੂੰ ਯੋਧਿਆਂ ਦੀਆ ਬਹਾਦਰੀਆਂ ਸੁਣਾ ਕੇ ਜੰਗ ਦਾ ਜੋਸ਼ ਜਾਂ ਉਤਸ਼ਾਹ ਦੇਣ ਲਈ ਗਾਇਆ ਕਰਦੇ ਸਨ।

੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ਼ਾਰੇ ਮਾਤਰ ਇਸ ਗੱਲ ਦੇ ਸੰਕੇਤ ਮਿਲਦੇ ਹਨ। ਪੰਜਾਬੀ ਵਿਚ ਰੁਕਨਦੀਨ ਲਾਹੌਰੀ ਦੁਆਰਾ ਜੰਗਨਾਮਾ ਹਸਨ ਹੁਸੈਨ 1724 ਈ. ਵਿਚ ਲਿਖਿਆ ਗਿਆ। ਪਰ ਅਣੀ ਰਾਏ ਦੁਆਰਾ ਰਚਿਤ ਜੰਗਨਾਮਾ ਗੁਰੂ ਗੋਬਿੰਦ ਸਿੰਘ ਪ੍ਰਾਪਤ ਹੁੰਦਾ ਹੈ, ਜਿਸ ਦੀ ਲਿਪੀ ਗੁਰਮੁਖੀ ਤੇ ਭਾਸ਼ਾ ਬ੍ਰਜ ਦੇ ਰੰਗਣ ਵਾਲੀ ਹੈ। ਇਹ ਜੰਗਨਾਮਾ ਦੋਹਰਿਆਂ, ਕਬਿੱਤਾਂ ਤੇ ਸਵੱਯੀਆਂ ਵਿਚ ਰਚਿਆ ਹੋਇਆ ਮਿਲਦਾ ਹੈ। ਇਸ ਖੇਤਰ ਵਿਚ ਸਭ ਤੋਂ ਪਹਿਲਾਂ ਮੁਕਬਲ ਦੁਆਰਾ ਲਿਖਿਆ ਗਿਆ ਜੰਗਨਾਮਾ ਮੁਕਬਲ ਮਕਬੂਲ ਹੋਇਆ। ਇਹ ਜੰਗਨਾਮਾ 1747 ਈ. ਵਿਚ ਲਿਖਿਆ ਗਿਆ। ਕਵੀ ਹਾਮਦ ਅਬਾਸੀ ਨੇ ਕਰਬਲਾ ਦੀ ਘਟਨਾ ਨੂੰ ਵਿਸ਼ਾ ਬਣਾ ਕੇ ਜੰਗ ਹਾਮਦ ਨਾਂ ਦਾ ਜੰਗਨਾਮਾ ਲਿਖਿਆ। ਇਸੇ ਤਰ੍ਹਾਂ ਕਾਦਰਯਾਰ ਦੁਆਰਾ ਜੰਗਨਾਮਾ ਹਰੀ ਸਿੰਘ ਨਲੂਆ ਰਚਿਆ ਮਿਲਦਾ ਹੈ। ਮੌਲਵੀ ਅਹਿਮਦਯਾਰ ਦੁਆਰਾ ਜੰਗਬਦਰ ਅਤੇ ਜੰਗ ਉਹਦ ਆਦਿ ਜੰਗਨਾਮੇ ਲਿਖੇ ਗਏ। ਕਵੀ ਪ੍ਰਾਗਦਾਸ ਦੁਆਰਾ ਜੰਗ ਚਿਤੌੜ ਅਤੇ ਕਾਨ੍ਹ ਸਿੰਘ ਬੰਗਾ ਦੁਆਰਾ ‘ਜੰਗਨਾਮਾ ਲਾਹੌਰ’ ਵਰਗੇ ਜੰਗਨਾਮੇ ਲਿਖੇ ਗਏ। ਕਵੀ ਖ਼ਜ਼ਾਨ ਸਿੰਘ ਦੁਆਰਾ ਜੰਗਨਾਮਾ ਦਿੱਲੀ ਅਤੇ ਵਧਾਵਾ ਸਿੰਘ ਦੁਆਰਾ ਜੰਗਚਿਤਰਾਲ ਆਦਿ ਜੰਗਨਾਮੇ ਪੰਜਾਬੀ ਵਿਚ ਮਿਲਦੇ ਹਨ। ਪਰ ਇਹਨਾਂ ਸਾਰਿਆਂ ਵਿਚੋਂ ਸ਼ਾਹ ਮੁਹੰਮਦ ਦਾ ਜੰਗਨਾਮਾ ਹੀ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਕਰ ਸਕਿਆ। ਇਹ ਜੰਗਨਾਮਾ ਬੈਂਤਾਂ ਵਿਚ ਲਿਖਿਆ ਗਿਆ। ਆਰੰਭ ਵਿਚ ਫ਼ਾਰਸੀ ਲਿਪੀ ਵਿਚ ਲਿਖੇ ਗਏ ਇਸ ਜੰਗਨਾਮੇ ਦੇ ਨਾਇਕ ਜਿੱਤ ਕੇ ਵੀ ਅਖ਼ੀਰ ਹਾਰ ਜਾਂਦੇ ਹਨ। ਇਸ ਸ਼ਕਿਸਤ ਦੇ ਸਿੱਟੇ ਵਜੋਂ ਹੀ ਇਸ ਜੰਗਨਾਮੇ ਵਿਚ ਸੋਜ਼ ਤੇ ਕਰੁਨਾ ਰਸ ਦੀ ਬਹੁਲਤਾ ਹੈ। ਜੰਗਨਾਮਾਕਾਰ ਆਪਣੀ ਕ੍ਰਿਤ ਦੇ ਨਾਇਕ ਨੂੰ ਇਕ ਯੋਧੇ ਦੇ ਤੌਰ’ਤੇ ਪ੍ਰਸਤੁਤ ਕਰਦਾ ਹੈ। ਕਈ ਵਾਰ ਉਹ ਕੇਵਲ ਸ਼ਰਧਾ ਜਾਂ ਜਜ਼ਬਾਤਾਂ ਤੱਕ ਮਹਿਦੂਦ ਹੋ ਕੇ ਰਹਿ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਯਥਾਰਥ ਦਾ ਬਿਆਨ ਰੋਮਾਂਸਕਾਰੀ ਵੀ ਹੋ ਜਾਂਦਾ ਹੈ। ਉਹ ਰਣਜੀਤ ਸਿੰਘ ਨੂੰ ਇਕ ਅਜਿਹੇ ਨਾਇਕ ਦੇ ਤੌਰ’ਤੇ ਪੇਸ਼ ਕਰਦਾ ਹੈ, ਜਿਸ ਨੇ ਆਪਣੀ ਤਾਕਤ ਨਾਲ ਪੰਜਾਬ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ। ਜੰਗਨਾਮਾਕਾਰ ਰਣਜੀਤ ਸਿੰਘ ਦੀ ਅਜ਼ੀਮ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਚਿੱਤਰਦਾ ਹੈ :

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,

ਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,

ੰਮੂ, ਕਾਂਗੜਾ, ਕੋਟ ਨਿਵਾਇ ਗਿਆ।

ੋਰ ਦੇਸ਼ ਲਦਾਖ ਤੇ ਚੀਨ ਤੋੜੀ,

ਸਿੱਕਾ ਆਪਣੇ ਨਾਮ ਚਲਾਇ ਗਿਆ।

ਾਹ ਮੁਹੰਮਦਾ ਜਾਣ ਪਚਾਸ ਬਰਸਾਂ,

      ੱਛਾ ਰੱਜ ਕੇ ਰਾਜ ਕਮਾਇ ਗਿਆ। 5

ਰਣਜੀਤ ਸਿੰਘ ਪ੍ਰਤੀ ਅਜਿਹੀ ਭਾਵਨਾ ਸਦਕਾ ਹੀ ਜੰਗਨਾਮਾਕਾਰ ਉਸ ਦੀ ਮੌਤ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਪੰਜਾਬ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸਥਿਤੀ ਨੂੰ ਬੜੇ ਕਰੁਣਾਮਈ ਢੰਗ ਨਾਲ ਪੇਸ਼ ਕਰਦਾ ਹੈ। ਇਹੋ ਕਾਰਨ ਹੈ ਕਿ ਉਹ ਨਾਇਕ ਦੀ ਅਣਹੋਂਦ ਕਾਰਨ ਸਿੱਖ ਫ਼ੌਜ ਦੇ ਜਿੱਤ ਤੇ ਅਖ਼ੀਰ ਹਾਰ ਜਾਣ ਦੇ ਵੇਰਵਿਆਂ ਤੋਂ ਆਪਣੇ ਪਾਠਕਾਂ ਨੂੰ ਇਸ ਤਰ੍ਹਾਂ ਜਾਣੂ ਕਰਵਾਉਂਦਾ ਹੈ:

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ।

ੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ੇੜ੍ਹੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੀ।

ਣੇ ਆਦਮੀ ਗੋਲੀਆ ਨਾਲ ਉੱਡਣ,

ਾਥੀ ਡਿੱਗਦੇ ਸਣੇ ਅੰਬਾਰੀਆਂ ਨੀ।

ਾਹ ਮੁਹੰਮਦਾ ਇਕ ਸਰਕਾਰ ਬਾਝੋਂ,

      ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। 92

ਉਪਰੋਕਤ ਸਤਰਾਂ ਤੋਂ ਸਪੱਸ਼ਟ ਹੋ ਜਾਂਦਾ ਹੇ ਕਿ ਜੰਗਨਾਮੇ ਵਿਚਲੇ ਨਾਇਕ ਸਦਾ ਜਿੱਤਦੇ ਨਹੀਂ ਸਗੋਂ ਉਹ ਹਾਰਦੇ ਵੀ ਹਨ। ਇਸ ਹਾਰ ਦੇ ਸਿੱਟੇ ਵਜੋ਼ ਹੀ ਜੰਗਨਾਮੇ ਵਿਚ ਕਰੁਣਾ ਰਸ ਦੀ ਭਰਮਾਰ ਹੁੰਦੀ ਹੈ। ਡਾ. ਪ੍ਰੀਤਮ ਸੈਨੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਲਿਖਦੇ ਹਨ :

ਜੰਗਨਾਮੇ ਦੇ ਨਾਇਕ ਹਾਰਦੇ ਵੀ ਹਨ ਤੇ ਇਹਨਾਂ ਵਿਚ ਕਰੁਣਾ ਰਸ ਵੀ ਆਮ ਹੁੰਦਾ ਹੈ। ... ਕਿਉਂ ਜੋ ਸਭ ਤੋਂ ਪਹਿਲਾਂ ਜੰਗਨਾਮੇ ਹਜ਼ਰਤ ਅਲੀ ਦੇ ਪੁੱਤਰ ਇਮਾਮ ਹੁਸੈਨ ਦੀ ਕਰਬਲਾ ਦੇ ਯੁੱਧ ਖੇਤਰ ਵਿਚ ਯਜੀਦ ਦੀਆਂ ਫ਼ੌਜਾਂ ਨਾਲ ਲੜਾਈ ਅਤੇ ਇਮਾਮਜ਼ਾਦੇ ਦੀ ਸ਼ਹਾਦਤ ਬਾਰੇ ਲਿਖੇ ਗਏ, ਇਸ ਲਈ ਉਨ੍ਹਾਂ ਵਿਚ ਕਰੁਣਾ ਰਸ ਦੀ ਪ੍ਰਧਾਨਗੀ ਦੀ ਪ੍ਰੰਪਰਾ ਬਣ ਗਈ ਹੈ, ਜੰਗਨਾਮੇ ਆਮ ਤੌਰ ਤੇ ਮੁਸਲਮਾਨ ਕਵੀਆਂ ਦੁਆਰਾ ਫ਼ਾਰਸੀ ਅੱਖਰਾਂ ਵਿਚ ਰਚੇ ਜਾਂਦੇ ਰਹੇ ਹਨ। ਇਹ ਸਾਰੀਆਂ ਗੱਲਾਂ ਸ਼ਾਹ ਮੁਹੰਮਦ ਦੀ ਕ੍ਰਿਤ’ਤੇ ਪੂਰੀਆਂ ਢੁਕਦੀਆਂ ਹਨ। ਇਸ ਲਈ ਇਸ ਨੂੰ ਵਾਰ ਦੀ ਥਾਂ ਜੰਗਨਾਮਾ ਕਹਿਣਾ ਵਧੇਰੇ ਢੁਕਵਾਂ ਹੈ।2

ਪੰਜਾਬੀ ਦੇ ਬਹੁਤ ਸਾਰੇ ਵਿਦਵਾਨਾਂ ਚਿੰਤਕਾਂ, ਆਲੋਚਕਾਂ ਨੇ ਇਸ ਜੰਗਨਾਮੇ ਦੇ ਸੰਬੰਧ ਵਿਚ ਆਪੋ ਆਪਣੀਆਂ ਰਾਵਾਂ ਰਾਹੀਂ ਰੂਪਗਤ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕੀਤਾ ਹੈ। ਕਈ ਵਿਦਵਾਨਾਂ ਨੇ ਜੰਗਨਾਮਾ ਤੇ ਵਾਰ ਨੂੰ ਇਕੋ ਅਰਥਾਂ ਵਿਚ ਰੱਖਣ ਦਾ ਯਤਨ ਕੀਤਾ ਹੈ ਪਰ ਕਈ ਵਿਦਵਾਨਾਂ ਨੇ ਵਾਰ ਕਾਵਿ ਪਰੰਪਰਾ ਨੂੰ ਭਾਰਤੀ ਕਾਵਿ-ਪਰੰਪਰਾ ਨਾਲ ਜੋੜਨ ਦਾ ਯਤਨ ਕੀਤਾ ਹੈ ਅਤੇ ਕਈਆਂ ਨੇ ਜੰਗਨਾਮਾ ਪਰੰਪਰਾ ਨੂੰ ਅਰਬੀ ਦੀ ਮਰਸੀਆ ਕਾਵਿ-ਪਰੰਪਰਾ ਨਾਲ ਜੋੜਿਆ ਹੈ। ਕਈ ਵਿਦਵਾਨਾਂ ਨੇ ਜੰਗਨਾਮੇ ਨੂੰ ਕਿੱਸਾ ਕਾਵਿ ਦੀ ਵੰਨਗੀ ਮਾਤਰ ਵੀ ਮੰਨਿਆ ਹੈ ਪਰ ਕਿਸੇ ਠੋਸ ਨਤੀਜੇ’ਤੇ ਪਹੁੰਚਣ ਤੋਂ ਪਹਿਲਾਂ ਜੰਗਨਾਮੇ ਅਤੇ ਵਾਰ ਵਿਚਕਾਰ ਅੰਤਰ ਨੂੰ ਸਪੱਸ਼ਟ ਕਰਨਾ ਲਾਜ਼ਮੀ ਹੈ :

(1)  ਜੰਗਨਾਮੇ ਵਿਚ ਯਥਾਰਥਕ ਘਟਨਾਵਾਂ ਦੀ ਪੇਸ਼ਕਾਰੀ ਹੁੰਦੀ ਹੈ, ਜਦੋਂ ਕਿ ਵਾਰ ਨੂੰ ਨਿਰੋਲ ਕਲਪਨਾ ਦੀ ਪੱਧਰ’ਤੇ ਵੀ ਰਚਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ’ਤੇ ਚੰਡੀ ਦੀ ਵਾਰ ਨੂੰ ਮਿਥਿਹਾਸਕ ਪਾਤਰਾਂ ਰਾਹੀਂ ਨਿਰੋਲ ਕਲਪਨਾ ਦੀ ਪੱਧਰ ਤੇ ਲਿਖਿਆ ਗਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਰ ਦੇ ਪਾਤਰ ਮਿਥਿਹਾਸਿਕ ਵੀ ਹੋ ਸਕਦੇ ਹਨ।

(2)  ਵਾਰ ਨੂੰ ਲਿਖਣ ਦਾ ਮੁੱਖ ਮੰਤਵ ਵਾਰ ਦੇ ਨਾਇਕ ਦਾ ਗੁਣ-ਗਾਣ ਕਰਨਾ ਹੁੰਦਾ ਹੈ ਜਦੋਂ ਕਿ ਜੰਗਨਾਮਾ ਲਿਖਣ ਦਾ ਮੁੱਖ ਮੰਤਵ ਇਤਿਹਾਸਿਕ ਘਟਨਾਵਾਂ ਨੂੰ ਪੇਸ਼ ਕਰਨਾ ਹੁੰਦਾ ਹੈ। ਇਹੋ ਕਾਰਨ ਹੈ ਕਿ ਜੰਗਨਾਮੇ ਵਿਚ ਜਿਥੇ ਨਾਇਕ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਉਥੇ ਬਾਕੀ ਪਾਤਰਾਂ ਨੂੰ ਵੀ ਅਣਗੌਲਿਆ ਨਹੀਂ ਛੱਡਿਆ ਜਾਂਦਾ।

(3) ਜੰਗਨਾਮੇ ਦਾ ਇਕ ਹੋਰ ਖ਼ਾਸ ਗੁਣ ਇਹ ਵੀ ਹੈ ਕਿ ਇਸ ਵਿਚ ਇਤਿਹਾਸਿਕ ਤੱਥਾਂ ਜਿਵੇਂ ਜੰਗ ਦੀ ਥਾਂ, ਜੰਗ ਵਿਚ ਦੋਵਾਂ ਧਿਰਾਂ ਦਾ ਹੋਇਆ ਨੁਕਸਾਨ ਜਾਂ ਫ਼ਾਇਦਾ, ਵਰਤੇ ਗਏ ਵੱਖ-ਵੱਖ ਹਥਿਆਰਾਂ ਦਾ ਵਰਣਨ, ਕਿਸੇ ਇਕ ਧਿਰ ਦੀ ਅੰਤਿਮ ਜਿੱਤ ਅਤੇ ਇਸ ਜਿੱਤ ਉਪਰੰਤ ਨਿਕਲੇ ਨਤੀਜੇ ਆਦਿ ਨੂੰ ਬੜੇ ਯਥਾਰਥਵਾਦੀ ਢੰਗ ਨਾਲ ਬਿਆਨ ਕਰਨ ਦਾ ਯਤਨ ਹੁੰਦਾ ਹੈ। ਇਸ ਦੇ ਮੁਕਾਬਲੇ ਵਾਰ ਵਿਚ ਇਹਨਾਂ ਤੱਥਾਂ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ। ਵਾਰਕਾਰ ਉਨ੍ਹਾਂ ਘਟਨਾਵਾਂ ਨੂੰ ਹੀ ਬਿਆਨ ਕਰਦਾ ਹੈ, ਜਿਹਨਾਂ ਵਿਚ ਨਾਇਕ ਦਾ ਨਾਇਕਤਵ ਉੱਭਰਵੇਂ ਰੂਪ ਵਿਚ ਪ੍ਰਗਟ ਹੋਵੇ।

(4)  ਜੰਗਨਾਮੇ ਦਾ ਨਾਇਕ ਆਮ ਤੌਰ’ਤੇ ਸ਼ਿਕਸਤ ਹਾਸਲ ਕਰਦਾ ਹੈ ਜਦੋਂ ਕਿ ਵਾਰ ਦਾ ਨਾਇਕ ਖ਼ਾਸ ਤੌਰ’ਤੇ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਰਹਿੰਦਾ ਹੈ।

(5)  ਜੰਗਨਾਮੇ ਵਧੇਰੇ ਕਰਕੇ ਮੁਸਲਮਾਨ ਕਵੀਆਂ ਦੁਆਰਾ ਰਚੇ ਗਏ ਜਦੋਂ ਕਿ ਵਾਰਾਂ ਨੂੰ ਜ਼ਿਆਦਾਤਰ ਹਿੰਦੂ ਤੇ ਸਿੱਖ ਕਵੀਆਂ ਨੇ ਰਚਣ ਦੇ ਯਤਨ ਕੀਤੇ। ਇਹੋ ਕਾਰਨ ਹੈ ਕਿ ਜੰਗਨਾਮੇ ਵਿਚ ਅਰਬੀ ਤੇ ਫ਼ਾਰਸੀ ਦੇ ਸ਼ਬਦਾਂ ਦੀ ਭਰਮਾਰ ਵੇਖੀ ਜਾ ਸਕਦੀ ਹੈ, ਜਦੋਂ ਕਿ ਵਾਰਾਂ ਵਿਚ ਹਿੰਦੀ ਤੇ ਸੰਸਕ੍ਰਿਤ ਦੀ ਸ਼ਬਦਾਵਲੀ ਵਧੇਰੇ ਵਰਤੀ ਗਈ ਮਿਲਦੀ ਹੈ।

(6)  ਜੰਗਨਾਮਾ ਸਾਹਿਤ ਵਿਚ ਬਿਰਤਾਂਤ ਦੀ ਪ੍ਰਧਾਨਤਾ ਦ੍ਰਿਸ਼ਟੀਗੋਚਰ ਹੁੰਦੀ ਹੈ, ਜਦੋਂ ਕਿ ਵਾਰ-ਕਾਵਿ ਵਿਚ ਬਿਰਤਾਂਤ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ।

(7)  ਜੰਗਨਾਮਾਕਾਰ ਆਪਣੀ ਰਚਨਾ ਵਿਚ ਨਾਟਕੀਅਤਾ ਉੱਪਰ ਜ਼ੋਰ ਤਾਂ ਦਿੰਦਾ ਹੈ ਪਰ ਉਸਦੇ ਮੁਕਾਬਲੇ ਵਾਰਕਾਰ ਨਾਟਕੀਅਤਾ ਦੀ ਪ੍ਰਧਾਨਤਾ ਉੱਪਰ ਵਧੇਰੇ ਬਲ ਦਿੰਦਾ ਹੈ।

(8)  ਵਾਰ ਆਮ ਤੌਰ’ਤੇ ਪਾਉੜੀਆਂ ਵਿਚ ਰਚੀ ਜਾਂਦੀ ਹੈ। ਪਰ ਜੰਗਨਾਮਿਆਂ ਵਿਚ ਛੰਦਾਂ ਦੀ ਵਿਵਧਤਾ ਦ੍ਰਿਸ਼ਟੀਗੋਚਰ ਹੁੰਦੀ ਹੈ।

(9)          ਜੰਗਨਾਮੇ ਵਿਚ ਕਰੁਣਾ ਰਸ ਦੀ ਪ੍ਰਧਾਨਤਾ ਹੁੰਦੀ ਹੈ, ਜਦੋਂ ਕਿ ਵਾਰ-ਕਾਵਿ ਵਿਚ ਵੀਰ ਰਸ ਨੂੰ ਪ੍ਰਮੁੱਖਤਾ ਹਾਸਲ ਹੈ। ਗੁਰੂ ਕਵੀਆਂ ਤੇ ਭਾਈ ਗੁਰਦਾਸ ਨੇ ਅਧਿਆਤਮਿਕ ਵਾਰਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿਚ ਸ਼ਾਂਤ ਰਸ ਦੀ ਪ੍ਰਧਾਨਤਾ ਹੈ।

ਵਾਰ ਅਤੇ ਜੰਗਨਾਮੇ ਦੀਆਂ ਉਪਰੋਕਤ ਵਿਸ਼ੇਸ਼ਤਾਵਾਂ ਅਤੇ ਵਿਭਿੰਨਤਾਵਾਂ ਤੋਂ ਸਪੱਸ਼ਟ ਹੈ ਕਿ ਇਹ ਦੋਵੇਂ ਵੱਖ-ਵੱਖ ਕਾਵਿ-ਰੂਪ ਹਨ। ਸੰਰਚਨਾ ਦੇ ਪੱਖ ਤੋਂ ਬਹੁਤ ਸਾਰੇ ਜੰਗਨਾਮਿਆਂ ਵਿਚ ਕਾਫ਼ੀ ਕੁਝ ਸਾਂਝਾ ਮਿਲਦਾ ਹੈ, ਜਿਸ ਦੇ ਸਿੱਟੇ ਵਜੋਂ ਇਨ੍ਹਾਂ ਨੂੰ ਵਾਰ-ਵਾਰ ਵਰਤਣ ਕਾਰਨ ਇਹ ਰੂੜ੍ਹ ਹੋ ਗਿਆ ਹੈ। ਉਦਾਹਰਨ ਦੇ ਤੌਰ’ਤੇ ਜੰਗਨਾਮਿਆਂ ਵਿਚ ਮੰਗਲਾਚਰਨ-ਗੁਰੂਆਂ, ਪੀਰਾਂ, ਫ਼ਕੀਰਾਂ, ਦੇਵੀ-ਦੇਵਤਿਆਂ ਆਦਿ ਦੀ ਵਡਿਆਈ-ਸ਼ੁਰੂਆਤ ਵਿਚ ਪੇਸ਼ ਕੀਤਾ ਜਾਂਦਾ ਹੈ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਨੂੰ ਬਾਕੀ ਜੰਗਨਾਮਿਆਂ ਵਾਂਗ ‘ਅੱਲਾਹ’ ਦੀ ‘ਹਮਦ’ ਨਾਲ ਅਰੰਭ ਕੀਤਾ ਹੈ:

ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,

ਜਿਹੜਾ ਕੁਦਰਤੀ ਖੇਲ ਬਣਾਂਵਦਾ ਈ।

ੌਦਾਂ ਤਬਕਾਂ ਦਾ ਨਕਸ਼ੋ ਨਿਗ਼ਾਰ ਕਰਕੇ,

ੰਗ-ਰੰਗ ਦੇ ਬਾਗ਼ ਲਗਾਂਵਦਾ ਈ।

ਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,

ੱਗੋਂ ਹੋਰ ਹੀ ਹੋਰ ਵਛਾਂਵਦਾ ਈ।

ਾਹ ਮੁਹੰਮਦਾ ਉਸ ਤੋਂ ਸਦਾ ਡਰੀਏ,

      ਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ। 1

ਇਸ ਤੋਂ ਇਲਾਵਾ ਜੰਗਨਾਮਾਕਾਰ ਅਰੰਭ ਵਿਚ ਹੀ ਜੰਗਨਾਮੇ ਦੀ ਰਚਨਾ ਦੇ ਕਾਰਨ, ਰਚਨਾ ਦੀ ਮਿਤੀ, ਵਰ੍ਹਾ, ਸਥਾਨ ਆਦਿ ਬਾਰੇ ਵੀ ਤੱਥ ਪੇਸ਼ ਕਰਨ ਦੇ ਯਤਨ ਕਰਦਾ ਹੈ। ਇਸ ਸੰਦਰਭ ਵਿਚ ਜਦੋਂ ਅਸੀਂ ਸ਼ਾਹ ਮੁਹੰਮਦ ਦੁਆਰਾ ਰਚੇ ਗਏ ਜੰਗਨਾਮੇ ਨੂੰ ਵੇਖਦੇ ਹਾਂ ਤਾਂ ਉਹ ਆਪਣੇ ਯਾਰਾਂ ਦੋਸਤਾਂ ਦੀ ਫ਼ਰਮਾਇਸ਼’ਤੇ ਇਸ ਨੂੰ ਲਿਖਣ ਦਾ ਕਾਰਨ ਦੱਸਦਾ ਹੈ :

ਇਕ ਰੋਜ਼ ਵਡਾਲੇ ਦੇ ਵਿਚ ਬੈਠੇ,

ਲੀ ਆਣ ਫਰੰਗੀ ਦੀ ਬਾਤ ਆਈ।

ਾਨੂੰ ਆਖਿਆ ਹੀਰੇ ਤੇ ਨੂਰ ਖ਼ਾਂ ਨੇ,

      ਜਿੰਨ੍ਹਾਂ ਨਾਲ ਸਾਡੀ ਮੁਲਾਕਾਤ ਆਈ। 3

ਇਸੇ ਤਰ੍ਹਾਂ ਜੰਗਨਾਮਾਕਾਰ ਸਵੈ-ਜੀਵਨੀਪਰਕ ਸੰਕੇਤ ਵੀ ਦਿੰਦਾ ਹੈ ਜਿਸ ਵਿਚ ਉਹ ਆਪਣਾ ਨਾਂ, ਥਾਂ, ਗੋਤ , ਪਿੰਡ ਆਦਿ ਦੇ ਵੇਰਵੇ ਦੇਣ ਦੇ ਯਤਨ ਕਰਦਾ ਹੈ। ਇਹਨਾਂ ਵੱਖ -ਵੱਖ ਵੇਰਵਿਆਂ ਨੂੰ ਕਥਾਨਕ ਰੂੜ੍ਹੀਆਂ ਦਾ ਨਾਂ ਦਿੱਤਾ ਜਾਂਦਾ ਹੈ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਵਿਚ ਜੰਗ ਦੀ ਮਿਤੀ ਅਤੇ ਇਸਦੇ ਨਤੀਜੇ ਵਜੋਂ ਪੈਦਾ ਹੋਈਆਂ ਸਥਿਤੀਆਂ ਅਤੇ ਸਿੰਘਾਂ ਦੀ ਬਹਾਦਰੀ ਨੂੰ ਪੇਸ਼ ਕਰਦਾ ਹੋਇਆ ਲਿਖਦਾ ਹੈ :

ਸੰਮਤ ਉੱਨੀਂ ਸੈ ਦੂਸਰਾ ਉਤਾਰਿਆ ਸੀ,

ਦੋਂ ਹੋਇਆ ਫਰੰਗੀ ਦਾ ਜੰਗ ਮੀਆਂ।

ੈਸੀ ਖ਼ੂਨ ਦੀ ਉਹ ਜ਼ਮੀਨ ਪਿਆਸੀ,

ੋਇਆ ਸੁਰਖ਼ ਸ਼ਰਾਬ ਦੇ ਰੰਗ ਮੀਆਂ।

ਰਤੀ ਵੱਢ ਕੇ ਧੂੜ ਦੇ ਬਣੇ ਬੱਦਲ,

ੈਸੇ ਚੜ੍ਹੇ ਅਕਾਸ਼ ਪਤੰਗ ਮੀਆਂ।

ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ,

      ਹੀਂ ਮੋੜਦੇ ਸੂਰਮੇ ਅੰਗ ਮੀਆਂ। 105

ਕਈ ਚਿੰਤਕਾਂ ਨੇ ਜੰਗਨਾਮਾ ਕਾਵਿ ਰੂਪ ਨੂੰ “ਕਿੱਸਾ, ਬੈਂਤ, ਫ਼ਤਿਹਨਾਮਾ, ਕੜਖਾ ਜਾਂ ਕਰਖਾ, ਯੁੱਧ ਚਰਿੱਤਰ ਪ੍ਰਸੰਗ”3 ਆਦਿ ਦੇ ਨਾਂ ਦੇਣ ਦੇ ਯਤਨ ਕੀਤੇ ਹਨ। ਪਰ ਜੰਗਨਾਮਾ ਇਹਨਾਂ ਕਾਵਿ ਰੂਪਾਂ ਨਾਲੋਂ ਭਿੰਨ ਹੈ ਕਿਉਂਕਿ ਜੰਗਨਾਮਾਕਾਰ ਘੜੇ-ਘੜਾਏ ਕਥਾਨਕ ਨੂੰ ਵਰਤਦਾ ਹੈ ਜਦੋਂ ਕਿ ਬਾਕੀ ਕਾਵਿ ਰੂਪਾਂ ਦੇ ਲੇਖਕ ਆਪਣੀ ਕਲਪਨਾ ਤੇ ਸਿਰਜਣਾਤਮਿਕ ਸ਼ਕਤੀ ਦਾ ਵਧੇਰੇ ਪ੍ਰਯੋਗ ਕਰਦੇ ਹਨ ਅਤੇ ਕਲਪਨਾ ਰਾਹੀਂ ਸਿਰਜਣਾ ਕਰਨ ਦਾ ਯਤਨ ਕਰਦੇ ਹਨ। ਦੂਸਰੇ ਪਾਸੇ, ਜੰਗਨਾਮੇ ਦੀ ਜੰਗਨਾਮਾਕਾਰ ਸਿਰਜਣਾ ਕਰਨ ਸਮੇਂ ਬਹੁਤ ਸਾਰੇ ਅੰਸ਼ ਇਤਿਹਾਸ ਵਿਚੋਂ ਲੈਂਦਾ ਹੈ, ਜਿਸ ਦੇ ਸਿੱਟੇ ਵਜੋਂ ਕਈ ਵਾਰ ਜੰਗਨਾਮੇ ਵਿਚ ਮੌਖਿਕ-ਕਾਵਿ ਰੂਪ ਗ੍ਰਹਿਣ ਕਰਨ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਜੰਗਨਾਮਾ ਸਿਆਸੀ ਅਤੇ ਧਾਰਮਿਕ ਯੁੱਧਾਂ ਨੂੰ ਵਿਸ਼ਾ ਬਣਾ ਕੇ ਵੀ ਲਿਖਿਆ ਜਾਂਦਾ ਹੈ ਅਤੇ ਕਈ ਵਾਰ ਲੋਕ ਕਥਾਵਾਂ ਨੂੰ ਵੀ ਜੰਗਨਾਮੇ ਵਿਚ ਸੰਮਲਿਤ ਕਰ ਲਿਆ ਜਾਂਦਾ ਹੈ। ਇਸ ਕਰਕੇ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਨੂੰ ਕਿੱਸਾ ਜਾਂ ਕੋਈ ਹੋਰ ਕਾਵਿ ਰੂਪ ਕਹਿਣਾ ਉੱਚਿਤ ਨਹੀਂ ਹੈ। ਕਿੱਸੇ ਅਤੇ ਜੰਗਨਾਮੇ ਵਿਚ ਬੁਨਿਆਦੀ ਅੰਤਰ ਇਹ ਹੈ ਕਿ ਕਿੱਸੇ ਵਿਚ ਜੰਗ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ ਜਦੋਂ ਕਿ ਜੰਗਨਾਮੇ ਵਿਚ ਕੇਵਲ ਜੰਗ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਕਿੱਸਾ ਇਕ ਅਜਿਹਾ ਕਾਵਿ ਰੂਪ ਹੈ ਜਿਸ ਵਿਚ ਪ੍ਰੇਮ , ਭਗਤੀ, ਇਸ਼ਕ , ਆਦਿ ਨੂੰ ਵਿਸ਼ਾ ਬਣਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਜੰਗਨਾਮਾ ਅਤੇ ਕਿੱਸਾ ਕਾਵਿ ਵਿਚ ਕਈ ਸਾਂਝਾਂ ਵੀ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

(1) ਕਿੱਸਾ ਆਮ ਤੌਰ’ਤੇ ਹਮਦ ਬਾਰੀ ਤਾਅਲਾ ਜਾਂ ‘ਮੰਗਲਾਚਰਨ’ ਨਾਲ ਸ਼ੁਰੂ ਕੀਤਾ ਜਾਂਦਾ ਹੈ।ਜੰਗਨਾਮੇ ਵਿਚ ਵੀ ਆਮ ਤੌਰ’ਤੇ ਕਵੀ ‘ਹਮਦ-ਓ-ਸਨਾ’ ਜਾਂ ‘ਮੰਗਲਾਚਰਨ’ ਤੋਂ ਅਰੰਭ ਕਰਦਾ ਹੈ।

(2) ਕਿੱਸਿਆਂ ਵਿਚ ਵਾਰਤਾਲਾਪ ਨੂੰ ਮਹੱਤਵਪੂਰਨ ਥਾਂ ਮਿਲੀ ਹੈ ਤੇ ਕਈ ਸੰਵਾਦ ਤਾਂ ਬਹੁਤ ਲੰਮੇ ਵੀ ਹਨ। ਜੰਗਨਾਮੇ ਵਿਚ (ਵੀ) ਸੰਵਾਦ ਟਾਵੇਂ-ਟਾਵੇਂ ਤੇ ਸੰਖੇਪ ਰੂਪ ਵਿਚ ਆਏ ਹਨ।

(3) ਮਕੂਲਾਇ ਸ਼ਾਇਰ ਕਿੱਸੇ ਤੇ ਜੰਗਨਾਮੇ ਦਾ ਅਨਿੱਖੜ ਅੰਗ ਹਨ। ਕਵੀ ਬਿਰਤਾਂਤ ਸੁਣਾਉਂਦਾ-ਸੁਣਾਉਂਦਾ ਰੁਕ ਕੇ ਨਿੱਜੀ ਦ੍ਰਿਸ਼ਟੀ ਜਾਂ ਕਿਸੇ ਅਟੱਲ ਸੱਚ ਨੂੰ ਬਿਆਨ ਕਰਨ ਲੱਗ ਜਾਂਦਾ ਹੈ।

(4) ਤਖ਼ੱਲਸ ਕਿੱਸਾਕਾਰਾਂ ਦੇ ਵੀ ਹਨ ਤੇ ਜੰਗਨਾਮਾ ਲੇਖਕਾਂ ਦੇ ਵੀ, ਪਰ ਕਈ ਕਿੱਸਾਕਾਰ ਤੇ ਜੰਗਨਾਮਾਕਾਰ ਬਿਨਾਂ ਤਖ਼ੱਲਸ (ਉਪਨਾਮ) ਤੋਂ ਵੀ ਕੰਮ ਸਾਰ ਲੈਂਦੇ ਹਨ।

(5) (ਦੋਵਾਂ ਕਾਵਿ ਰੂਪਾਂ ਵਿਚ) ਯਾਰਾਂ ਦੋਸਤਾਂ ਦੀ ਫਰਮਾਇਸ਼’ਤੇ ਕਵੀ ਸਿਰਜਣਾ ਕਰਦਾ ਹੈ।

(6) ਅਟੱਲ ਸਚਾਈਆਂ ਕਿੱਸਾ ਕਾਵਿ ਜਾਂ ਜੰਗਨਾਮਾ ਉਦੋਂ ਭਰਤੀ ਕਰਦਾ ਹੈ ਜਦੋਂ ਬਿਰਤਾਂਤ ਦੀ ਕਿਸੇ ਘਟਨਾ-ਵਿਸ਼ੇਸ਼ ਦੀ ਪੁਸ਼ਟੀ ਕਰਨੀ ਹੁੰਦੀ ਹੈ, ਜਾਂ ਕਿਸੇ ਤੱਥ ਨੂੰ ਨਕਾਰਨਾ ਹੁੰਦਾ ਹੈ।

(7)  ਕਾਰਜ, ਕਾਰਨ, ਸ਼੍ਰਿੰਖਲਾ ਦਾ ਧਿਆਨ ਆਮ ਤੌਰ’ਤੇ ਰੱਖਣ ਦਾ ਯਤਨ ਦੋਵੇਂ ਸਿਨਫ਼ਾਂ ਕਰਦੀਆਂ ਹਨ। ਪਰ ਕਈ ਵਾਰ ਇਹ ਸ਼੍ਰਿੰਖਲਾ ਭੰਗ ਵੀ ਹੋਈ ਵੇਖੀ ਜਾਂਦੀ ਹੈ।4

ਇਸ ਦੇ ਬਾਵਜੂਦ ਜੰਗਨਾਮੇ ਨੂੰ ਕਿੱਸਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੰਗਨਾਮੇ ਦਾ ਮੁੱਖ ਮੰਤਵ ਉਪਰੋਕਤ ਗੱਲਾਂ ਦੀ ਬਜਾਏ ਇਤਿਹਾਸਿਕ ਘਟਨਾਵਾਂ ਨੂੰ ਸਹੀ ਪਰਿਪੇਖ ਵਿਚ ਬਿਆਨ ਕਰਨਾ ਹੁੰਦਾ ਹੈ। ਇਸ ਵਿਚ ਕਵੀ ਦੇ ਨਿੱਜੀ ਵਿਚਾਰਾਂ ਤੇ ਭਾਵਾਂ ਨੂੰ ਬਹੁਤ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਭਾਵੇਂ ਸ਼ਬਦ ਚੋਣ , ਸ਼ੈਲੀ , ਅਲੰਕਾਰ, ਪ੍ਰਤੀਕ ਵਿਧਾਨ ਆਦਿ ਜੰਗਨਾਮਾਕਾਰ ਆਪਣੀ ਸਿਰਣਾਤਮਿਕਤਾ ਅਤੇ ਕਾਲਪਨਿਕਤਾ ਰਾਹੀਂ ਘੜਦਾ ਹੈ ਪਰ ਉਹ ਖ਼ੁਦ ਬਿਰਤਾਂਤ ਵਿਚ ਸ਼ਾਮਲ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਡਾ. ਹਰਿਭਜਨ ਸਿੰਘ ਭਾਟੀਆ ਨੇ ਸ਼ਾਹ ਮੁਹੰਮਦ ਦੁਆਰਾ ਰਚੇ ਇਸ ਕਾਵਿ ਨੂੰ ਜੰਗਨਾਮਾ ਕਿਹਾ ਹੈ। ਉਹ ਇਸ ਸੰਬੰਧ ਵਿਚ ਲਿਖਦੇ ਹਨ :

ਇਸ ਰਚਨਾ ਦੇ ਰੂਪ ਨਿਰਣੇ ਸੰਬੰਧੀ ਹੁਣ ਤੱਕ ਹੋਈ ਚਰਚਾ ਵਿਚ ਸਭ ਤੋਂ ਵਧੇਰੇ ਬਲ ਇਸ ਰਚਨਾ ਦੇ ‘ਜੰਗਨਾਮਾ’ ਹੋਣ ਉੱਪਰ ਹੈ। ਮੰਗਲਾਚਰਨ ਜਾਂ ਹਮਦ ਦੀ ਹੋਂਦ, ਇਤਿਹਾਸਿਕ ਵਿਸ਼ਾ, ਬੈਂਤ ਛੰਦ, ਨਾਇਕ ਦੀ ਹਾਰ, ਅਰਬੀ ਫ਼ਾਰਸੀ ਸ਼ਬਦਾਵਲੀ ਦੀ ਵਰਤੋਂ, ਬੀਰ ਰਸ ਤੋਂ ਇਲਾਵਾ ਦੂਸਰੇ ਰਸਾਂ ਦੀ ਵਰਤੋਂ ਆਦਿ ਰੀਤੀਆਂ ਦੀ ਕਾਰਜਸ਼ੀਲਤਾ ਸਦਕਾ ਇਸ ਰਚਨਾ ਨੂੰ ‘ਜੰਗਨਾਮਾ’ ਕਿਹਾ ਗਿਆ ਹੈ।5

ਸੋ, ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਦੁਆਰਾ ਰਚੇ ਇਸ ਜੰਗਨਾਮੇ ਵਿਚ ਭਾਵੇਂ ਵਾਰ-ਕਾਵਿ ਅਤੇ ਕਿੱਸਾ-ਕਾਵਿ ਦੇ ਕੁਝ ਅੰਸ਼ ਸ਼ਾਮਲ ਹਨ ਪਰ ਬੁਨਿਆਦੀ ਤੌਰ’ਤੇ ਇਸ ਨੂੰ ਜੰਗਨਾਮਾ ਹੀ ਕਿਹਾ ਜਾਵੇਗਾ। ਬੇਸ਼ੱਕ ਕਿੱਸਾ-ਕਾਵਿ ਵਿਚਲੇ ਮੰਗਲਾਚਰਨ, ਯਾਰਾਂ ਦੀ ਫਰਮਾਇਸ਼, ਹੋਣੀ ਦੀ ਪ੍ਰਧਾਨਤਾ, ਜੀਵਨ ਦੀ ਨਾਸ਼ਮਾਨਤਾ, ਜੀਵਨ-ਸਚਾਈਆਂ, ਨਾਟਕੀਅਤਾ, ਕਲਾਤਮਕਤਾ ਅਤੇ ਔਰਤ ਜ਼ਾਤ ਦੀ ਨਿੰਦਿਆ ਵਰਗੀਆਂ ਜੁਗਤਾਂ ਇਸ ਨੂੰ ਕਿੱਸਾ-ਕਾਵਿ ਦੇ ਨੇੜੇ ਲੈ ਆਉਂਦੀਆਂ ਹਨ। ਇਸ ਤੋਂ ਇਲਾਵਾ ਵਾਰ-ਕਾਵਿ ਵਿਚਲੀ ਦੋ ਧਿਰਾਂ ਦੀ ਆਪਸੀ ਜੰਗ, ਬੀਰ ਰਸ ਦੀ ਪ੍ਰਧਾਨਤਾ, ਨਾਇਕ ਦੀ ਮਹਿਮਾ, ਆਦਿ ਇਸ ਨੂੰ ਵਾਰ-ਕਾਵਿ ਦੇ ਨਜ਼ਦੀਕ ਲੈ ਆਉਂਦੀ ਹੈ। ਇਸ ਦੇ ਬਾਵਜੂਦ ਇਸ ਵਿਚ ਹਿੰਦ-ਪੰਜਾਬ ਦਾ ਜੰਗ ਅਗਰ-ਭੂਮ ਵਿਚ ਰਹਿੰਦਾ ਹੈ। ਇਸ ਕਰਕੇ ਇਹ ਹਿੰਦ-ਪੰਜਾਬ ਦਾ ਜੰਗਨਾਮਾ ਹੈ, ਜਿਸ ਵਿਚ ਯੁੱਧ ਦਾ ਵਰਣਨ ਅਤੇ ਨਾਇਕ ਦੀ ਮਹਿਮਾ ਵਰਗੀਆਂ ਜੁਗਤਾਂ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਕਵੀ ਇਤਿਹਾਸਿਕ ਤੱਥਾਂ ਨੂੰ ਜਾਣ ਬੁੱਝ ਕੇ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਨਹੀਂ ਕਰਦਾ ਅਤੇ ਨਾ ਹੀ ਆਪਣੇ ਕੋਲੋਂ ਫਾਲਤੂ ਤੱਥਾਂ ਦਾ ਹਵਾਲਾ ਦਿੰਦਾ ਹੈ। ਇਸ ਤੋਂ ਬਿਨਾਂ ਉਹ ਜਾਣ ਬੁੱਝ ਕੇ ਕਿਸੇ ਇਕ ਧਿਰ ਦੇ ਹੱਕ ਵਿਚ ਜਾਂ ਵਿਰੋਧ ਵਿਚ ਤੱਥਾਂ ਨੂੰ ਪੇਸ਼ ਨਹੀਂ ਕਰਦਾ। ਇਹੋ ਕਾਰਨ ਹੈ ਕਿ ਇਹ ਜੰਗਨਾਮਾ ਸਾਹਿਤ ਦੇ ਨਾਲ-ਨਾਲ ਇਤਿਹਾਸ ਦਾ ਵੀ ਭਰੋਸੇਯੋਗ ਸੋਮਾ ਹੈ। ਇਸ ਵਿਚ ਕਈ ਅਜਿਹੇ ਤੱਥ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਤਿਹਾਸ ਵਿਚ ਕੋਈ ਵੇਰਵਾ ਨਹੀਂ ਮਿਲਦਾ। ਇਸ ਵਿਚ ਕੇਵਲ ਯੁੱਧ ਦਾ ਬਿਰਤਾਂਤ ਹੀ ਸ਼ਾਮਲ ਨਹੀਂ ਹੈ ਬਲਕਿ ਇਸ ਵਿਚ ਉਸ ਕਾਲ ਵਿਸ਼ੇਸ਼ ਦੇ ਧਰਮ , ਸਭਿਆਚਾਰ, ਨੈਤਿਕਤਾ , ਦਰਸ਼ਨ ਸ਼ਾਸਤਰ, ਸ਼ਾਸਨ-ਪ੍ਰਬੰਧ, ਅਰਥਚਾਰੇ ਆਦਿ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫ਼ੌਜੀ ਕਿਰਦਾਰ, ਵਸਤੂ ਵੇਰਵਾ, ਯੁੱਧ ਕਲਾ ਆਦਿ ਦੀ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ, ਜਿਸ ਕਰਕੇ ਇਹ ਗੱਲਾਂ ਇਸ ਨੂੰ ਜੰਗਨਾਮੇ ਦੇ ਵੱਧ ਨੇੜੇ ਲੈ ਆਉਂਦੀਆ ਹਨ। ਸ਼ਾਹ ਮੁਹੰਮਦ ਨੇ ਜੰਗਨਾਮੇ ਵਿਚ ਫ਼ੌਜੀ ਟੁਕੜੀਆਂ ਦੀ ਤਰਤੀਬ ਤੇ ਅਸੂਲ , ਹਮਲਾ ਕਰਨ ਅਤੇ ਝੱਲਣ ਦੀ ਸਮਰੱਥਾ, ਮੁੱਖ ਫ਼ੌਜੀ ਨਾਇਕ ਦੁਆਰਾ ਫ਼ੌਜ ਦੀ ਕੀਤੀ ਗਈ ਅਗਵਾਈ, ਹਾਰੇ ਫ਼ੌਜੀਆਂ ਦੀ ਹਾਲਤ ਆਦਿ ਬਾਰੇ ਵੀ ਸੰਕੇਤਕ ਜਾਣਕਾਰੀ ਦਿੱਤੀ ਹੈ। ਉਦਾਹਰਨ ਦੇ ਤੌਰ’ਤੇ ਸ਼ਾਹ ਮੁਹੰਮਦ ਜੰਗ ਦੌਰਾਨ ਅੰਗਰੇਜ਼ਾਂ ਦੀ ਹੋਈ ਪੇਤਲੀ ਹਾਲਤ ਬਾਰੇ ਕਟਾਖ਼ਸ਼ ਕਰਦਾ ਹੋਇਆ ਲਿਖਦਾ ਹੈ :

ਉਧਰ ਆਪ ਫ਼ਿਰੰਗੀ ਨੂੰ ਭਾਂਜ ਆਈ,

ੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ।

ੱਲੇ ਤੋਪਖਾਨੇ ਸਾਰੇ ਗੋਰਿਆਂ ਦੇ,

ਗਰ ਹੋਈ ਬੰਦੂਕਾਂ ਦੀ ਫੰਡ ਮੀਆਂ।

ਕਿਨੇ ਜਾਇ ਕੇ ਲਾਟ ਨੂੰ ਖ਼ਬਰ ਦਿੱਤੀ,

ੰਦਨ ਹੋਇ ਬੈਠੀ ਤੇਰੀ ਰੰਡ ਮੀਆਂ।

ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

      ੁਲਦੀ ਗੋਰਿਆਂ ਦੀ ਪਈ ਝੰਡ ਮੀਆਂ। 74

ਉਪਰੋਕਤ ਤੋਂ ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਦੀ ਭੂਮਿਕਾ ਕੇਵਲ ਸਾਹਿਤਕਾਰ ਦੇ ਤੌਰ’ਤੇ ਹੀ ਨਹੀਂ ਬਲਕਿ ਇਤਿਹਾਸਕਾਰ ਦੇ ਤੌਰ’ਤੇ ਵੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਨਿਰਪੱਖ ਰਹਿ ਕੇ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਹੈ ਜਿਸ ਕਾਰਨ ਇਹ ਜੰਗਨਾਮਾ ਬਾਕੀ ਸਿਨਫ਼ਾਂ ਜਿਵੇਂ ਵਾਰ-ਕਾਵਿ, ਕਿੱਸਾ-ਕਾਵਿ, ਮਹਾਂਕਾਵਿ ਆਦਿ ਨਾਲੋਂ ਜੰਗਨਾਮੇ ਦੇ ਵੱਧ ਨੇੜੇ ਹੈ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਰਾਹੀਂ ਜਨਤਕ ਮੁਹਾਵਰੇ ਦਾ ਵੱਧ ਤੋਂ ਵੱਧ ਪ੍ਰਯੋਗ ਕਰਦਾ ਹੋਇਆ ਸਰਲ ਤੇ ਸਪੱਸ਼ਟ ਤਰੀਕੇ ਨਾਲ ਸਿੱਧੀਆਂ ਗੱਲਾਂ ਕਰਦਾ ਹੈ। ਇਹੋ ਕਾਰਨ ਹੈ ਕਿ ਇਹ ਜੰਗਨਾਮਾ ਇਤਿਹਾਸ ਦੇ ਨਾਲ-ਨਾਲ ਲੋਕ-ਸਾਹਿਤ ਦੇ ਵੀ ਨੇੜੇ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜੰਗਨਾਮਾ ਆਪਣੇ ਵਿਚ ਵੱਖ-ਵੱਖ ਕਾਵਿ ਰੂਪਾਂ ਤੋਂ ਇਲਾਵਾ ਵੱਖ-ਵੱਖ ਸਮਾਜਿਕ, ਇਤਿਹਾਸਿਕ, ਸਭਿਆਚਾਰਕ ਆਦਿ ਵੰਨਗੀਆਂ ਨੂੰ ਵੀ ਆਪਣੇ ਵਿਚ ਸਮੋਈ ਬੈਠਾ ਹੈ।

ਹਵਾਲੇ ਤੇ ਟਿੱਪਣੀਆਂ

1.   ਡਾ. ਗੁਰਦੇਵ ਸਿੰਘ, ਜੰਗਨਾਮਾ : ਸਰੂਪ, ਸਿਧਾਂਤ ਤੇ ਵਿਕਾਸ, ਪੰਨੇ 26-27

2.   ਡਾ. ਪ੍ਰੀਤਮ ਸੈਨੀ, ਵਾਰ ਸ਼ਾਹ ਮੁਹੰਮਦ, ਪੰਨਾ 55

3.   ਡਾ. ਗੁਰਦੇਵ ਸਿੰਘ, ਜੰਗਨਾਮਾ : ਸਰੂਪ, ਸਿਧਾਂਤ ਤੇ ਵਿਕਾਸ, ਪੰਨਾ 25

4.   ਡਾ. ਗੁਰਦੇਵ ਸਿੰਘ, -ਉਹੀ-, ਪੰਨਾ 40

5.   ਬਲਬੀਰ ਸਿੰਘ ਪੂਨੀ, ਜੰਗ ਸਿੰਘਾਂ ਤੇ ਅੰਗਰੇਜ਼ਾਂ, ਪੰਨਾ 25

 


ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.