ਡਖਣੇ ਸਲੋਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡਖਣੇ ਸਲੋਕ (ਬਾਣੀ): ਇਹ ਸ਼ਲੋਕ ਗੁਰੂ ਅਰਜਨ ਦੇਵ ਜੀ ਦੁਆਰਾ ਮਾਰੂ ਰਾਗ ਵਿਚ ਲਿਖੀ ਵਾਰ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ‘ਡਖਣੇ’ ਤੋਂ ਭਾਵ ਹੈ ਦੱਖਣ ਦੇਸ਼ ਦੀ ਭਾਸ਼ਾ ਵਿਚ। ਪੰਜਾਬ ਦੇ ਦੱਖਣ ਵਿਚ ਮੁਲਤਾਨ ਕਮਿਸ਼ਨਰੀ ਦੇ ਕੁਝ ਜ਼ਿਲ੍ਹੇ ਆਉਂਦੇ ਹਨ। ਇਨ੍ਹਾਂ ਦੀ ਉਥਾਨਿਕਾ ਬਾਰੇ ਸੰਪ੍ਰਦਾਈ ਪ੍ਰਚਾਰਕਾਂ ਵਿਚ ਪ੍ਰਸਿੱਧ ਹੈ ਕਿ ਦੱਖਣ ਦੀ ਸੰਗਤ ਨੇ ਪੰਜਵੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ? ਗੁਰੂ ਜੀ ਨੇ ਇਸ ਦਾ ਉੱਤਰ ਦਿੰਦਿਆਂ ਪ੍ਰੇਮ ਅਤੇ ਸ਼ਰਧਾ ਨੂੰ ਪ੍ਰਭੂ-ਪ੍ਰਾਪਤੀ ਦੇ ਮੁੱਖ ਸਾਧਨ ਦਸੇ ਸਨ ।
ਮਾਰੂ ਰਾਗ ਦੀ ਵਾਰ ਵਿਚ ਕੁਲ 23 ਪਉੜੀਆਂ ਹਨ। ਹਰ ਇਕ ਪਉੜੀ ਨਾਲ ਤਿੰਨ ਤਿੰਨ ਸ਼ਲੋਕ ਦਰਜ ਹਨ। ਇਸ ਤਰ੍ਹਾਂ ਸ਼ਲੋਕਾਂ ਦੀ ਕੁਲ ਗਿਣਤੀ 69 ਬੈਠਦੀ ਹੈ। 21ਵੀਂ ਅਤੇ 22ਵੀਂ ਪਉੜੀਆਂ ਨਾਲ ਅੰਕ ਤਿੰਨ ਉਤੇ ਦਰਜ ਸ਼ਲੋਕਾਂ ਦੀਆਂ ਤਿੰਨ ਤਿੰਨ ਤੁਕਾਂ ਹਨ ਜਦ ਕਿ ਬਾਕੀ ਸਾਰੇ ਦੋ ਦੋ ਤੁਕਾਂ ਦੇ ਹਨ। ਸ਼ਲੋਕ ਦੱਖਣੀ ਅਥਵਾ ਮੁਲਤਾਨ ਖੇਤਰ ਦੀ ਭਾਸ਼ਾ ਵਿਚ ਲਿਖੇ ਗਏ ਹਨ, ਪਰ ਪਉੜੀਆਂ ਪੰਜਾਬੀ ਸਧੁੱਕੜੀ ਵਿਚ ਰਚੀਆਂ ਗਈਆਂ ਹਨ। ਸ਼ਲੋਕਾਂ ਦੀ ਰਚਨਾ ਵਖਰੀ ਹੋਈ ਪ੍ਰਤੀਤ ਹੁੰਦੀ ਹੈ ਜੋ ਬਾਦ ਵਿਚ ਵਾਰ ਦੀਆਂ ਪਉੜੀਆਂ ਨਾਲ ਜੋੜ ਦਿੱਤੇ ਗਏ ਹਨ। ਇਨ੍ਹਾਂ ਸ਼ਲੋਕਾਂ ਵਿਚ ਭਾਵਾਤਮਕ ਸਾਂਝ , ਭਾਸ਼ਾ ਦੀ ਸਮਰੂਪਤਾ ਅਤੇ ਪ੍ਰੇਮ ਦੀ ਖਿਚ ਆਦਿ ਤੱਥਾਂ ਤੋਂ ਸਹਿਜ ਹੀ ਇਸ ਨਿਰਣੇ ਉਤੇ ਪਹੁੰਚਿਆ ਜਾ ਸਕਦਾ ਹੈ ਕਿ ਸ਼ਲੋਕ ਇਕੋ ਵੇਲੇ , ਇਕੋ ਅੰਤਰ-ਦ੍ਰਿਸ਼ਟੀ ਨਾਲ ਲਿਖੇ ਗਏ ਸਨ। ਇਨ੍ਹਾਂ ਵਿਚ ਜਿਗਿਆਸੂ ਦੇ ਮਨ ਦੀਆਂ ਵਖ ਵਖ ਸਥਿਤੀਆਂ ਉਤੇ ਬੜੀ ਭਾਵ-ਭਿੰਨੀ ਸ਼ੈਲੀ ਵਿਚ ਪ੍ਰਕਾਸ਼ ਪਾਇਆ ਗਿਆ ਹੈ।
ਵਿਚਾਰਾਧੀਨ ਸ਼ਲੋਕਾਂ ਦਾ ਮੂਲ ਵਿਸ਼ਾ ਹੈ ਪ੍ਰੇਮ- ਭਗਤੀ। ਇਹੀ ਇਨ੍ਹਾਂ ਵਿਚਲੀ ਅਧਿਆਤਮਿਕਤਾ ਹੈ ਅਤੇ ਇਹੀ ਇਨ੍ਹਾਂ ਦੀ ਧਾਰਮਿਕ ਪਹੁੰਚ-ਵਿਧੀ ਹੈ। ਪ੍ਰੇਮ ਦੀ ਸਾਤਵਿਕ ਬਿਰਤੀ ਹੀ ਪ੍ਰੇਮ-ਭਗਤੀ ਹੈ। ਭਗਤੀ ਸ਼ੁਰੂ ਤੋਂ ਹੀ ਪ੍ਰੇਮ-ਰੂਪਾ ਰਹੀ ਹੈ। ਇਸ ਲਈ ਪ੍ਰੇਮ ਅਤੇ ਭਗਤੀ ਦੋਵੇਂ ਸਮਾਨ-ਭਾਵ ਦੇ ਅਰਥ-ਬੋਧਿਕ ਹੁੰਦੇ ਹੋਏ ਵੀ ਵਿਕਾਸ ਦੇ ਪੜਾਵਾਂ ਉਤੇ ਕੁਝ ਅੰਤਰ ਦਰਸਾਉਂਦੇ ਹਨ। ਭਗਤੀ ਦਾ ਮਨੁੱਖ ਜੀਵਨ ਵਿਚ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਇਹ ਵਖਰੀ ਗੱਲ ਹੈ ਕਿ ਇਹ ਸਭ ਵਿਚ ਸਮਾਨ ਰੂਪ ਵਿਚ ਵਿਕਸਿਤ ਨਹੀਂ ਹੁੰਦੀ।
ਭਗਤੀ ਸ਼ਬਦ ਦਾ ਮੂਲ ਅਰਥ ਹੈ— ਸੇਵਾ , ਆਰਾਧਨਾ, ਸ਼ਰਧਾ, ਅਨੁਰਾਗ (ਪ੍ਰੇਮ), ਪੂਜਾ ਆਦਿ। ਵਿਦਵਾਨਾਂ ਦਾ ਮਤ ਹੈ ਕਿ ਭਗਤੀ ਦਾ ਮੂਲ ਅਰਥ ਹੈ ਸੇਵਾ, ਪਰ ਬਾਦ ਵਿਚ ਪ੍ਰੇਮ-ਭਾਵ ਦੇ ਮੇਲ ਨਾਲ ਇਸ ਦਾ ਪ੍ਰੇਮ ਪੂਰਵਕ ਰੱਬੀ ਸੇਵਾ ਅਰਥ ਕੀਤਾ ਜਾਣ ਲਗਿਆ। ਭਗਤੀ ਦੇ ਸਹੀ ਅਰਥ ਨੂੰ ਪਛਾਣਨ ਲਈ ਭਗਤੀ ਦੇ ਆਚਾਰਯਾਂ ਦੀਆਂ ਸਥਾਪਨਾਵਾਂ ਨੂੰ ਵਿਚਾਰਨਾ ਹੋਵੇਗਾ। ਭਗਤੀ-ਸੂਤ੍ਰਾਂ ਵਿਚ ਇਸ ਨੂੰ ਅਨੁਰਾਗਮਈ ਦਸਿਆ ਗਿਆ ਹੈ। ‘ਭਾਗਵਤ -ਪੁਰਾਣ’ ਵਿਚ ਇਸ ਨੂੰ ਮਨੁੱਖ ਦੀ ਹਰਿ ਵਿਚ ਅਦੁੱਤੀ ਭਾਵ-ਪੂਰਵਕ ਸੁਭਾਵਿਕ ਪ੍ਰਵ੍ਰਿੱਤੀ ਮੰਨਿਆ ਗਿਆ ਹੈ। ਇਸੇ ਤਰ੍ਹਾਂ ਇਸ ਨੂੰ ਕਿਸੇ ਨੇ ਪ੍ਰੇਮ ਕਿਹਾ ਹੈ ਤਾਂ ਕਿਸੇ ਨੇ ਸਾਤਵਿਕ ਪ੍ਰਵ੍ਰਿੱਤੀ, ਧਿਆਨ , ਅਨੁਰਕਤੀ ਆਦਿ ਨਾਂਵਾਂ ਨਾਲ ਯਾਦ ਕੀਤਾ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ‘ਸ੍ਰਿਸ਼ਟੀ ਦੇ ਮੂਲ ਵਿਚ ਨਿਵਾਸ ਕਰਨ ਵਾਲੀ ਜੋ ਪ੍ਰਕਾਸ਼ਮਾਨ, ਅਮਰ ਅਤੇ ਚੇਤਨ ਸੱਤਾ ਨਿਰਾਕਾਰ ਅਤੇ ਨਿਰਗੁਣ ਤੱਤ੍ਵ ਹੈ, ਉਸ ਦੀ ਪੂਰਣ ਨੇੜਤਾ ਦਾ ਲਾਭ ਪ੍ਰਾਪਤ ਕਰਨ ਲਈ, ਉਸ ਨਾਲ ਜੋ ਵਿਅਕਤੀਗਤ, ਆਂਤਰਿਕ ਜਾਂ ਏਕਾਂਤਿਕ ਪ੍ਰੇਮ ਸੰਬੰਧ ਸਥਾਪਿਤ ਕੀਤਾ ਜਾਂਦਾ ਹੈ, ਉਸ ਨੂੰ ਭਗਤੀ ਕਹਿੰਦੇ ਹਨ। ਸਪੱਸ਼ਟ ਹੈ ਕਿ ਪ੍ਰੇਮ ਅਤੇ ਭਗਤੀ ਅਭਿੰਨ ਭਾਵ ਬੋਧਕ ਹਨ। ਵਿਚਾਰਾਧੀਨ ਸਲੋਕਾਂ ਵਿਚ ਗੁਰੂ ਜੀ ਨੇ ਪ੍ਰੇਮ-ਭਗਤੀ ਦਾ ਵਖ ਵਖ ਢੰਗਾਂ ਤੋਂ ਵਿਸ਼ਲੇਸ਼ਣ ਕੀਤਾ ਹੈ। ਇਸ ਪ੍ਰਕਰਣ ਵਿਚ ਗੁਰੂ ਦੀ ਲੋੜ , ਸਤਿਸੰਗਤਿ ਦਾ ਮਹੱਤਵ ਹੀ ਨਹੀਂ ਦਸਿਆ ਗਿਆ, ਸਗੋਂ ਪ੍ਰੇਮ-ਭਗਤੀ ਦੀ ਸਫਲਤਾ ਲਈ ਨਾਮ-ਸਿਮਰਨ ਉਤੇ ਉਚੇਚਾ ਬਲ ਦਿੱਤਾ ਗਿਆ ਹੈ।
ਅਭਿਵਿਅਕਤੀ ਵਜੋਂ ਵੀ ਇਹ ਸ਼ਲੋਕ ਬੜੀ ਸੁੰਦਰ ਕਾਵਿ-ਕਲਾ ਦਾ ਨਮੂਨਾ ਪੇਸ਼ ਕਰਦੇ ਹਨ। ਬਿੰਬਾਂ ਦੀ ਸਿਰਜਨਾ ਰਾਹੀਂ ਗੁਰੂ ਜੀ ਨੇ ਆਪਣੀਆਂ ਅਧਿਆਤਮਿਕ ਸਥਾਪਨਾਵਾਂ ਨੂੰ ਮੰਨਣਯੋਗ ਬਣਾਇਆ ਹੈ ਅਤੇ ਪ੍ਰਤੀਕ- ਵਿਧਾਨ ਰਾਹੀਂ ਰਹੱਸਾਤਮਕ ਅਨੁਭਵ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਅਲੰਕਾਰਾਂ ਵਿਚੋਂ ਉਪਮਾ, ਰੂਪਕ, ਉਤਪ੍ਰੇਕਸ਼ਾ, ਗੂੜ੍ਹੋਕਤੀ ਆਦਿ ਦੇ ਨਮੂਨੇ ਵੇਖੇ ਜਾ ਸਕਦੇ ਹਨ। ਇਨ੍ਹਾਂ ਸ਼ਲੋਕਾਂ ਵਿਚ ਗੁਰੂ ਜੀ ਨੇ ਮੂਲ ਰੂਪ ਵਿਚ ਪੰਜਾਬ ਦੀ ਦੱਖਣੀ ਦਿਸ਼ਾ ਦੀ ਭਾਸ਼ਾ ਨੂੰ ਮੁੱਖ ਰੂਪ ਵਿਚ ਵਰਤਿਆ ਹੈ। ਕੁਝ ਕੁ ਸ਼ਬਦ ਹੀ ਤਤਸਮ ਹਨ, ਬਾਕੀ ਸਾਰੇ ਤਦਭਵ ਜਾਂ ਦੇਸ਼ਜ ਹਨ। ਕਿਤੇ ਕਿਤੇ ਅਰਬੀ , ਫ਼ਾਰਸੀ ਅਤੇ ਸਿੰਧੀ ਦੇ ਸ਼ਬਦ ਵੀ ਮਿਲ ਜਾਂਦੇ ਹਨ। ਪੁਰਾਤਨ ਭਾਸ਼ਾਵਾਂ ਦੇ ਬਹੁਤੇ ਸ਼ਬਦ ਮੂਲ ਨਾਲੋਂ ਆਪਣੀ ਨੁਹਾਰ ਬਦਲ ਚੁਕੇ ਹਨ ਅਤੇ ਹੁਣ ਸੁਤੰਤਰ ਜਿਹੇ ਪ੍ਰਤੀਤ ਹੁੰਦੇ ਹਨ। ਸ਼ਬਦਾਲੰਕਾਰ ਨੇ ਭਾਸ਼ਾ ਨੂੰ ਸੋਹਜਾਤਮਕਤਾ ਪ੍ਰਦਾਨ ਕੀਤੀ ਹੈ। ਇਸ ਰਚਨਾ ਦੀ ਭਾਸ਼ਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਭਾਵ ਅਤੇ ਸਥਿਤੀ ਅਨੁਕੂਲਤਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First