ਤਰਨਤਾਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰਨਤਾਰਨ . ਦੇਖੋ , ਤਰਣਤਾਰਣ । ੨ ਜਿਲਾ ਅਮ੍ਰਿਤਸਰ ਵਿੱਚ ਸ਼ਹਿਰ ਅਮ੍ਰਿਤਸਰ ਤੋਂ ੧੪ ਮੀਲ ਦੱਖਣ-ਪੂਰਵ ਇੱਕ ਗੁਰਧਾਮ. ਰੇਲਵੇ ਸਟੇਸ਼ਨ ਖ਼ਾਸ ਤਰਨਤਾਰਨ ਹੈ. ਗੁਰੂ ਅਰਜਨ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੂਰ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਨੂੰ ਖ਼ਰੀਦਕੇ ਤਰਨਤਾਰਨ ਤਾਲ ੧੭ ਵੈਸਾਖ ਸੰਮਤ ੧੬੪੭ ਨੂੰ ਖੁਦਵਾਇਆ.1  ਸੰਮਤ ੧੬੫੩ ਵਿੱਚ ਨਗਰ ਆਬਾਦ ਕੀਤਾ ਅਤੇ ਤਾਲ ਨੂੰ ਪੱਕਾ ਕਰਨ ਤਥਾ ਧਰਮਮੰਦਿਰ ਰਚਣ ਲਈ ਆਵੇ ਲਗਵਾਏ. ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ.2  ਸੰਮਤ ੧੮੨੩ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਇਹ ਇ਼ਮਾਰਤਾਂ ਢਾਹਕੇ ਤਾਲ ਦੇ ਦੋ ਪਾਸੇ ਬਣਵਾਏ ਅਤੇ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਮੋਤੀਰਾਮ ਕਾਰਕੁਨ ਦੀ ਮਾਰਫਤ ਪੱਕੇ ਬਣਵਾਏ ਅਤੇ ਸੰਮਤ ੧੮੮੧ ਵਿੱਚ ਹਰਿ ਮੰਦਿਰ ਦੀ ਇਮਾਰਤ ਨਵੇਂ ਸਿਰੇ ਤਿਆਰ ਕਰਵਾਈ. ਕੌਰ ਨੌਨਿਹਾਲ ਸਿੰਘ ਨੇ ਪਰਿਕ੍ਰਮਾ ਪੱਕੀ ਕਰਵਾਈ. ੧੬੨ ਫੁਟ ਅਤੇ ਉੱਚਾ ਮੁਨਾਰਾ ਬਣਵਾਇਆ. ਸਰੋਵਰ ਦੇ ਕਿਨਾਰੇ ਸੁੰਦਰ ਹਰਿਮੰਦਿਰ ਬਣਿਆ ਹੋਇਆ ਹੈ.

        ਗੁਰੂ ਅਰਜਨਦੇਵ ਦਾ ਜਾਰੀ ਕੀਤਾ ਇਸ ਥਾਂ ਕੁ੄਎੢ਆਂ ਦਾ ਆਸ਼੍ਰਮ ਹੈ , ਇਸੇ ਕਾਰਨ ਤਰਨਤਾਰਨ ਦੇ ਨਾਮ ਨਾਲ “ ਦੂਖਨਿਵਾਰਣ” ਵਿਸ਼ੇ੄ਣ ਲਾਇਆ ਜਾਂਦਾ ਹੈ.1  ਇਸ ਗੁਰਦ੍ਵਾਰੇ ਨੂੰ ਸਿੱਖਰਾਜ ਸਮੇਂ ਦੀ ੪੬੬੪ ) ਸਾਲਾਨਾ ਜਾਗੀਰ ਹੈ ਅਤੇ  ੨ ਦੁਕਾਨਾਂ ਗੁਰੁਦ੍ਵਾਰੇ ਦੀ ਮਾਲਕੀਯਤ ਹਨ. ਕ਼ਰੀਬ ਚਾਲੀ ਹਜ਼ਾਰ ਰੁਪਯਾ ਸਾਲ ਵਿੱਚ ਪੂਜਾ ਦੀ ਆਮਦਨ ਹੈ.

        ਪਰਿਕ੍ਰਮਾ ਵਿੱਚ ਇੱਕ ਅਸਥਾਨ ਮੰਜੀ ਸਾਹਿਬ ਨਾਮ ਦਾ ਹੈ. ਇਸ ਥਾਂ ਗੁਰੂ ਅਰਜਨਦੇਵ ਵਿਰਾਜਕੇ ਤਾਲ ਦੀ ਰਚਨਾ ਕਰਵਾਉਂਦੇ , ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਵਾਨ ਲਾਉਂਦੇ ਰਹੇ. ਸ਼ਹਿਰ ਤੋਂ ਇੱਕ ਫਰਲਾਂਗ ਦੱਖਣ ਗੁਰੁ ਅਰਜਨ ਜੀ ਦਾ ਲਗਵਾਇਆ “ ਗੁਰੂ ਕਾ ਖੂਹ” ਹੈ. ਇੱਥੇ ਭੀ ਗੁਰੂ ਸਾਹਿਬ ਦੇ ਵਿਰਾਜਣ ਦੀ ਥਾਂ ਮੰਜੀ ਸਾਹਿਬ ਹੈ. ਗੁਰੂ ਜੀ ਵੱਲੋਂ ਮਾਤਾ ਜੀ ਦੇ ਨਾਮ ਤੇ ਲਵਾਇਆ “ ਬੀਬੀ ਭਾਨੀ ਵਾਲਾ ਖੂਹ” ਭੀ ਪਵਿਤ੍ਰ ਅਸਥਾਨ ਹੈ. ਸੰਮਤ ੧੯੪੧ ਵਿੱਚ ਜੀਂਦ ਪਤੀ ਰਾਜਾ ਰਘੁਬੀਰ ਸਿੰਘ ਸਾਹਿਬ ਨੇ ਸਰੋਵਰ ਲਈ ਰਸੂਲ ਪੁਰ ਘਰਾਟਾਂ ਵਾਲੀ ਨਹਰ ਤੋਂ ਹਸਲੀ ਤਿਆਰ ਕਰਵਾਈ , ਜਿਸ ਨੂੰ ਸੰਤ ਸ਼੍ਯਾਮ ਸਿੰਘ ਜੀ ਅਤੇ ਸੰਤ ਗੁਰਮੁਖ ਸਿੰਘ ਜੀ ਨੇ ਸੰਗਤਾਂ ਨੂੰ ਪ੍ਰੇਰ ਕੇ ਸੀਮੇਂਟ ਨਾਲ ਪੱਕੀ ਅਤੇ ਛੱਤਵੀਂ ਸੰਮਤ ੧੯੮੫-੮੬ ਵਿੱਚ ਬਣਵਾਇਆ.

        ਹਰ ਅਮਾਵਸ੍ਯਾ ( ਮੌਸ ) ਨੂੰ ਮੇਲਾ ਹੁੰਦਾ ਹੈ , ਅਰ ਭਾਦੋਂ ਬਦੀ ੩੦ ਨੂੰ ਭਾਰੀ ਉਤਸਵ ਮਨਾਇਆ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਰਨਤਾਰਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਰਨਤਾਰਨ ( ਗੁਰੂ-ਧਾਮ ) : ਅੰਮ੍ਰਿਤਸਰ ਜ਼ਿਲ੍ਹੇ ਵਿਚ ਅੰਮ੍ਰਿਤਸਰ ਨਗਰ ਤੋਂ ਫ਼ਿਰੋਜ਼ਪੁਰ ਜਾਣ ਵਾਲੀ ਸੜਕ ਉਤੇ ਲਗਭਗ 24 ਕਿ.ਮੀ. ਦੀ ਦੂਰੀ ਉਤੇ ਵਸਿਆ ਇਕ ਗੁਰੂ- ਧਾਮ , ਜਿਸ ਵਿਚਲੇ ਸਰੋਵਰ ਦੀ ਖੁਦਾਈ ਗੁਰੂ ਅਰਜਨ ਦੇਵ ਜੀ ਨੇ 17 ਵਿਸਾਖ 1647 ਬਿ. ( ਸੰਨ 1590 ਈ. ) ਨੂੰ ਕਰਵਾਉਣੀ ਸ਼ੁਰੂ ਕੀਤੀ ਸੀਭਾਈ ਕਾਨ੍ਹ ਸਿੰਘ ਅਨੁਸਾਰ ਇਸ ਸਰੋਵਰ ਦੀ ਲਿੰਬਾਈ 999 ਫੁਟ ਅਤੇ ਚੌੜਾਈ 990 ਫੁਟ ਹੈ । ਇਸ ਵਿਚ ਕੁਲ 20 ਪੌੜੀਆਂ ਹਨ ।

                      ਗੁਰੂ ਜੀ ਨੇ ਖਾਰਾ ਅਤੇ ਪਲਾਸੂਰ ਪਿੰਡਾਂ ਦੀ ਢਾਬ ਦੀ ਜ਼ਮੀਨ ਖ਼ਰੀਦ ਕੇ ਇਥੇ ਧਰਮ-ਪ੍ਰਚਾਰ ਦਾ ਕੰਮ ਸ਼ੁਰੂ ਕਰਨ ਦੀ ਵਿਉਂਤ ਬਣਾਈ । ਕਹਿੰਦੇ ਹਨ ਕਿ ਉਸ ਢਾਬ ਵਿਚ ਆਜੜੀ ਮੁੰਡੇ ਤਰਦੇ ਰਹਿੰਦੇ ਸਨ , ਪਰ ਇਕ ਆਜੜੀ ਮੁੰਡੇ ਦੀ ਡੁਬ ਕੇ ਮ੍ਰਿਤੂ ਹੋਣ ਜਾਣ ਕਾਰਣ ਉਹ ਨਹਾਉਣੋ ਹਟ ਗਏ । ਜਦੋਂ ਗੁਰੂ ਜੀ ਨੇ ਉਥੇ ਆਸਣ ਲਗਾ ਦਿੱਤਾ ਤਾਂ ਮੁੰਡੇ ਕਹਿਣ ਲਗੇ ਕਿ ਗੁਰੂ ਜੀ ਇਥੇ ਡੁਬਦਿਆਂ ਨੂੰ ਤਾਰਨ ਆਏ ਹਨ । ਇਸ ਤਰ੍ਹਾਂ ਕਾਲਾਂਤਰ ਵਿਚ ਇਸ ਢਾਬ ਉਤੇ ਬਣੇ ਸਰੋਵਰ ਦਾ ਨਾਂ ‘ ਤਰਨਤਾਰਨ’ ਪ੍ਰਚਲਿਤ ਹੋ ਗਿਆ । ਇਸ ਦਾ ਇਕ ਨਾਮਾਂਤਰ ‘ ਦੂਖਨਿਵਾਰਨ’ ਵੀ ਹੈ । ਕਿਉਂਕਿ ਆਮ ਵਿਸ਼ਵਾਸ ਅਨੁਸਾਰ ਇਸ ਦੇ ਜਲ ਵਿਚ ਇਸ਼ਨਾਨ ਕਰਨ ਨਾਲ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ , ਖ਼ਾਸ ਕਰਕੇ ਕੋੜ੍ਹ ਦੀ ਬੀਮਾਰੀ ਲਈ ਇਹ ਬਹੁਤ ਲਾਭਕਾਰੀ ਹੈ ।

                      ਇਸ ਧਰਮਧਾਮ ਦੀ ਸਥਾਪਨਾ ਦਾ ਮੂਲ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸੀ ਕਿਉਂਕਿ ਲਾਹੌਰ ਤੋਂ ਗੋਇੰਦਵਾਲ ਜਾਣ ਵਾਲੇ ਪੁਰਾਣੇ ਤਜਾਰਤੀ ਮਾਰਗ ਉਤੇ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਕਾਇਮ ਕਰਨਾ ਤਤਕਾਲੀਨ ਪਰਿਸਥਿਤੀਆਂ ਅਨੁਸਾਰ ਇਕ ਅਹਿਮ ਲੋੜ ਸੀ । ਇਸ ਤੋਂ ਇਲਾਵਾ ਇਸ ਖੇਤਰ ਵਿਚ ਕੀਤੇ ਜਾ ਰਹੇ ਸਰਵਰੀਆਂ ਦੇ ਪ੍ਰਚਾਰ ਨੂੰ ਠਲ੍ਹ ਪਾਣੀ ਸੀ ।

                      ਸਿੱਖ ਇਤਿਹਾਸ ਅਨੁਸਾਰ ਜਦ ਸਰੋਵਰ ਖੁਦਵਾਇਆ ਜਾ ਚੁਕਿਆ ਤਾਂ ਗੁਰੂ ਜੀ ਨੇ ਸੰਨ 1596 ਈ. ਵਿਚ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ । ਗੁਰੂ ਜੀ ਨੇ ਸਰੋਵਰ ਨੂੰ ਪੱਕਾ ਕਰਨ ਅਤੇ ਹਰਿਮੰਦਰ ਨੂੰ ਉਸਾਰਨ ਲਈ ਇਟਾਂ ਦੇ ਆਵੇ ਲਗਵਾਏ , ਉਦੋਂ ਢਾਬ ਤੋਂ ਲਗਭਗ ਪੰਜ ਕਿਲੋਮੀਟਰ ਦੀ ਵਿਥ ਉਤੇ ਨੂਰੁੱਦੀਨ ਦੇ ਪੁੱਤਰ ਅਮੀਰੁੱਦੀਨ ਨੇ ਆਪਣੀ ਸਰਾਂ ਅਤੇ ਮਕਾਨਾਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਅਤੇ ਸਰੋਵਰ ਲਈ ਤਿਆਰ ਹੋ ਰਹੀਆਂ ਇਟਾਂ ਨੂੰ ਜ਼ਬਰਦਸਤੀ ਚੁਕਵਾ ਕੇ ਲੈ ਗਿਆ । ਸਰੋਵਰ ਅਤੇ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਰੁਕ ਗਿਆ । ਸਿੱਖ ਮਿਸਲਾਂ ਦੇ ਦੌਰ ਵੇਲੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਇਕ ਜੱਥੇਦਾਰ ਸ. ਬੁੱਧ ਸਿੰਘ ਫੈਜ਼ਲਪੁਰੀਏ ਨੂੰ ਜਦੋਂ ਇਸ ਘਟਨਾ ਦਾ ਪਤਾ ਲਗਾ ਤਾਂ ਉਸ ਨੇ ਨੂਰੁੱਦੀਨ ਦੀ ਸਰਾਂ ਅਤੇ ਮਕਾਨ ਢਵਾਹ ਕੇ ਇਟਾਂ ਮੁੜ ਤਰਨਤਾਰਨ ਵਿਚ ਲੈ ਆਉਂਦੀਆਂ ਅਤੇ ਉਨ੍ਹਾਂ ਨਾਲ ਸਰੋਵਰ ਦੇ ਦੋ ਪਾਸੇ ਪਕੇ ਕਰਵਾਏ ਅਤੇ ਬਾਦ ਵਿਚ ਰਹਿੰਦੇ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਮੋਤੀ ਰਾਮ ਨਾਂ ਦੇ ਕਾਰਕੁਨ ਦੀ ਮਾਰਫ਼ਤ ਪੱਕੇ ਬਣਵਾਏ ਅਤੇ ਸੰਮਤ 1881 ਬਿ. ( ਸੰਨ 1824 ਈ. ) ਨੂੰ ਹਰਿਮੰਦਰ ਦੀ ਉਸਾਰੀ ਨਵੇਂ ਸਿਰਿਓਂ ਕਰਵਾਈ । ਸਰੋਵਰ ਦੀ ਪਰਿਕ੍ਰਮਾ ਵਿਚ ਇਕ ਮੰਜੀ ਸਾਹਿਬ ਸਥਾਨ ਹੈ ਜਿਥੇ ਗੁਰੂ ਅਰਜਨ ਦੇਵ ਜੀ ਨੇ ਬੈਠ ਕੇ ਸਰੋਵਰ ਦੀ ਸੇਵਾ ਕਰਵਾਈ ਸੀ । ਇਸ ਤੋਂ ਇਲਾਵਾ ‘ ਅਕਾਲ ਬੁੰਗਾ ’ ਅਤੇ ‘ ਗੁਰੂ ਕਾ ਖੂਹ ’ ਦੋ ਹੋਰ ਮਹੱਤਵਪੂਰਣ ਇਤਿਹਾਸਿਕ ਸਥਾਨ ਹਨ । ਕੰਵਰ ਨੌਨਿਹਾਲ ਸਿੰਘ ਦਾ ਬਣਵਾਇਆ ਇਕ ਮੀਨਾਰ ਵੀ ਮੌਜੂਦ ਹੈ । ਇਸ ਗੁਰੂ-ਧਾਮ ਨੂੰ ਪੁਜਾਰੀਆਂ ਤੋਂ ਮੁਕਤ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਵੇਲੇ ਯਤਨ ਕੀਤਾ ਗਿਆ । ਉਸ ਦੌਰਾਨ ਸ਼ਹੀਦ ਹੋਏ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀ ਸਮਾਧ ਮੰਜੀ ਸਾਹਿਬ ਦੇ ਨੇੜੇ ਬਣਾਈ ਗਈ ਹੈ ।

                      ਹੌਲੀ ਹੌਲੀ ਤਰਨਤਾਰਨ ਨਗਰ ਵਿਕਸਿਤ ਹੁੰਦਾ ਗਿਆ । ਹੁਣ ਉਥੋਂ ਦੀ ਆਬਾਦੀ ਤੀਹ ਹਜ਼ਾਰ ਤੋਂ ਉਪਰ ਹੈ । ਇਸ ਗੁਰੂ-ਧਾਮ ਉਤੇ ਹਰ ਮਸਿਆ ਵਾਲੇ ਦਿਨ ਮੇਲਾ ਲਗਦਾ ਹੈ , ਪਰ ਭਾਦਰੋਂ ਦੀ ਮਸਿਆ ਦਾ ਮੇਲਾ ਵਿਸ਼ੇਸ਼ ਆਕਰਸ਼ਣ ਦਾ ਕਾਰਣ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੁਣ ਇਸ ਗੁਰੂ-ਧਾਮ ਦੇ ਸਰੂਪ ਨੂੰ ਕਾਰਸੇਵਾ ਵਾਲੇ ਬਾਬਿਆਂ ਨੇ ਬਹੁਤ ਨਿਖਾਰ ਦਿੱਤਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.