ਦਸਮ-ਗ੍ਰੰਥ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਸਮ-ਗ੍ਰੰਥ: ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ‘ਦਸਮ-ਗ੍ਰੰਥ’ ਪੰਜਾਬ ਦੇ ਧਰਮ ਅਤੇ ਸਭਿਆਚਾਰ ਨੂੰ ਨਵਾਂ ਮੋੜ ਦੇਣ ਵਾਲਾ ਇਕ ਮਹੱਤਵਪੂਰਣ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਦ ਇਸ ਦਾ ਸਿੱਖ-ਜਗਤ ਵਿਚ ਆਦਰ- ਪੂਰਣ ਸਥਾਨ ਹੈ। ਆਪਣੇ ਸੰਕਲਨ-ਕਾਲ ਤੋਂ ਲੈ ਕੇ ਇਸ ਦੀਆਂ ਅਨੇਕਾਂ ਬੀੜਾਂ ਲਿਖੀਆਂ ਅਤੇ ਲਿਖਵਾਈਆਂ ਗਈਆਂ। ਵੀਹਵੀਂ ਸਦੀ ਦੇ ਆਰੰਭ ਤਕ ਇਸ ਦਾ ਪ੍ਰਕਾਸ਼ ਗੁਰਦੁਆਰਿਆਂ, ਇਤਿਹਾਸਿਕ ਗੁਰੂ-ਧਾਮਾਂ ਆਦਿ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀਤਾ ਜਾਂਦਾ ਰਿਹਾ ਹੈ, ਪਰ ਉਨ੍ਹੀਵੀਂ ਸਦੀ ਦੇ ਅੰਤ ਵਿਚ ਸ਼ੁਰੂ ਹੋਏ ਸੁਧਾਰਵਾਦੀ ਅੰਦੋਲਨਾਂ ਅਤੇ ਸਿੱਖ-ਜਨ- ਮਾਨਸ ਦੇ ਹੋਏ ਬੌਧਿਕ ਵਿਕਾਸ ਨੇ ਇਸ ਗ੍ਰੰਥ ਪ੍ਰਤਿ ਲੋਕਾਂ ਵਿਚ ਉਪਰਾਮਤਾ ਦੀ ਭਾਵਨਾ ਭਰ ਦਿੱਤੀ। ਫਲਸਰੂਪ, ਆਮ ਗੁਰਦੁਆਰਿਆਂ ਵਿਚੋਂ ਇਸ ਦੀਆਂ ਬੀੜਾਂ ਪ੍ਰਕਾਸ਼ ਕਰਨੋਂ ਹਟਾ ਦਿੱਤੀਆਂ ਗਈਆਂ। ਫਿਰ ਵੀ ਕੁਝ ਕੁ ਇਤਿਹਾਸਿਕ ਗੁਰਦੁਆਰਿਆਂ ਵਿਚ ਇਸ ਦਾ ਪ੍ਰਕਾਸ਼ ਪਰੰਪਰਿਕ ਢੰਗ ਨਾਲ ਹੁੰਦਾ ਰਿਹਾ।
ਗੁਰੂ ਗੋਬਿੰਦ ਸਿੰਘ ਦੁਆਰਾ ਰਚਿਆ ਸਾਹਿਤ ਅਤੇ ਉਨ੍ਹਾਂ ਦੇ ਦਰਬਾਰ ਵਿਚ ਰਚਿਆ ਗਿਆ ਸਾਹਿਤ, ਸਿੱਖ-ਇਤਿਹਾਸ ਅਨੁਸਾਰ ਵਿਦਿਆ-ਸਾਗਰ/ਵਿਦਿਆਸਰ ਨਾਂ ਦੇ ਵਡਾਕਾਰੇ ਗ੍ਰੰਥ ਵਿਚ ਸਮੇਟਿਆ ਗਿਆ ਜਿਸ ਦੀ ਉਦੋਂ ਤਕ ਜਿਲਦ ਨਹੀਂ ਸੀ ਬਣੀ ਅਤੇ ਜਿਸ ਦਾ ਵਜ਼ਨ ਮਹਾਕਵੀ ਸੰਤੋਖ ਸਿੰਘ ਅਨੁਸਾਰ ਨੌਂ ਮਣ ਸੀ—ਨੌ ਮਣ ਹੋਇ ਤੋਲ ਮਹਿ ਸੂਖਮ ਲਿਖਤ ਲਿਖਾਇ। ਇਹ ਗ੍ਰੰਥ ਚਲੰਤ ਅਥਵਾ ਟੇਢੀ ਲਿਪੀ ਵਿਚ ਲਿਖਿਆ ਗਿਆ ਸੀ ਜਿਸ ਨੂੰ ‘ਖ਼ਾਸ ਲਿਪੀ ’ (ਵੇਖੋ) ਵੀ ਕਿਹਾ ਜਾਂਦਾ ਸੀ। ਇਸ ਗ੍ਰੰਥ ਵਿਚਲੀਆਂ ਰਚਨਾਵਾਂ ਦੇ ਨਾਲੋਂ ਨਾਲ ਉਤਾਰੇ ਵੀ ਹੁੰਦੇ ਜਾਂਦੇ ਸਨ ਜੋ ਸ਼ਰਧਾਲੂ ਲੋਕ ਆਪਣੇ ਪਾਸ ਆਦਰ ਵਜੋਂ ਸੰਭਾਲ ਕੇ ਰਖਦੇ ਸਨ। ਸਰਸਾ ਨਦੀ ਵਿਚ ਉਪਰੋਕਤ ਵਿਦਿਆਸਾਗਰ ਗ੍ਰੰਥ ਦੇ ਰੁੜ੍ਹਨ ਵੇਲੇ , ਰਵਾਇਤ ਅਨੁਸਾਰ, ਸਿੱਖਾਂ ਨੇ ਉਦਮ ਕਰਕੇ ਕੁਝ ਪੱਤਰੇ ਫੜ ਵੀ ਲਏ ਜੋ ਕਾਲਾਂਤਰ ਵਿਚ ਖ਼ਾਸ- ਦਸਖ਼ਤੀ ਪੱਤਰਿਆਂ ਵਜੋਂ ਪ੍ਰਸਿੱਧ ਹੋਏ। ਗੁਰੂ ਗੋਬਿੰਦ ਸਿੰਘ ਜੀ ਦੇ ਮਹਾਪ੍ਰਸਥਾਨ ਤੋਂ ਬਾਦ ਭਾਈ ਮਨੀ ਸਿੰਘ ਨੇ ਸ਼ਰਧਾਲੂਆਂ ਪਾਸ ਸੁਰਖਿਅਤ ਪੋਥੀਆਂ ਨੂੰ ਇਕੱਠਾ ਕਰਵਾਇਆ ਅਤੇ ਉਨ੍ਹਾਂ ਰਚਨਾਵਾਂ ਨੂੰ ਸਾਂਭਣ ਦੀ ਮਨਸ਼ਾ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਲੀਹਾਂ’ਤੇ ਇਕ ਬੀੜ ਵਿਚ ਸੰਕਲਿਤ ਕਰਵਾ ਦਿੱਤਾ। ਉਨ੍ਹਾਂ ਤੋਂ ਪਿਛੋਂ ਕਈ ਹੋਰ ਮੁੱਖੀ ਸਿੱਖਾਂ—ਬਾਬਾ ਦੀਪ ਸਿੰਘ, ਭਾਈ ਸੁਖਾ ਸਿੰਘ ਪਟਨਾ ਵਾਲੇ—ਨੇ ਵੀ ਆਪਣੇ ਉਦਮ ਨਾਲ ਪੋਥੀਆਂ ਇਕੱਠੀਆਂ ਕਰਵਾ ਕੇ ਸੰਕਲਨ ਤਿਆਰ ਕੀਤੇ। ਉਦੋਂ ਇਸ ਗ੍ਰੰਥ ਨੂੰ ‘ਬਚਿਤ੍ਰ ਨਾਟਕ ’ ਗ੍ਰੰਥ ਦਾ ਨਾਂ ਦਿੱਤਾ ਜਾਂਦਾ ਸੀ, ਬਾਦ ਵਿਚ ਇਸ ਨੂੰ ‘ਦਸਵੇਂ ਪਾਤਿਸ਼ਾਹ ਕਾ ਗ੍ਰੰਥ’ ਕਿਹਾ ਜਾਣ ਲਗਿਆ ਅਤੇ ਹੁਣ ਇਹੀ ‘ਦਸਮ- ਗ੍ਰੰਥ’ ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਗ੍ਰੰਥ ਦੇ ਸੰਕਲਨ-ਕਾਲ ਤੋਂ ਹੀ ਇਸ ਵਿਚਲੀਆਂ ਰਚਨਾਵਾਂ ਦੀ ਭਾਵਨਾਗਤ ਭਿੰਨਤਾ ਕਾਰਣ ਵਾਦ-ਵਿਵਾਦ ਚਲ ਪਿਆ ਕਿ ਇਨ੍ਹਾਂ ਨੂੰ ਇੰਨ-ਬਿੰਨ ਇਕੋ ਥਾਂ’ਤੇ ਰਖਿਆ ਜਾਏ ਜਾਂ ਵਖ ਵਖ ਕਰ ਦਿੱਤਾ ਜਾਏ। ਪਰ ਮਹਾਨਕੋਸ਼ਕਾਰ ਅਨੁਸਾਰ ਭਾਈ ਮਤਾਬ ਸਿੰਘ ਮੀਰਾਕੋਟੀਏ ਦੇ ਦਖ਼ਲ ਦੇਣ ਨਾਲ ਇਸ ਸੰਕਲਨ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਗਿਆ। ਇਸ ਤਰ੍ਹਾਂ ਇਹ ਵਿਵਾਦ ਆਰਜ਼ੀ ਤੌਰ ’ਤੇ ਰੁਕ ਗਿਆ। ਸਿੱਖਾਂ ਦੇ ਆਤਮ-ਰਖਿਆ ਲਈ ਕੀਤੇ ਯੁੱਧਾਂ ਵਿਚ ਰੁਝੇ ਰਹਿਣ ਕਾਰਣ ਇਸ ਵਿਵਾਦ ਦਾ ਸਥਾਈ ਨਿਪਟਾਰਾ ਨ ਹੋ ਸਕਿਆ ਅਤੇ ਹੁਣ ਤਕ ਚਲਦਾ ਆ ਰਿਹਾ ਹੈ। ਇਸ ਸੰਬੰਧ ਵਿਚ ਵਿਸਤਾਰ ਸਹਿਤ ਚਰਚਾ ਪ੍ਰਸਤੁਤ ਲੇਖਕ ਦੀ ‘ਦਸਮ ਗ੍ਰੰਥ ਦਾ ਕਰਤ੍ਰਿਤਵ’ ਨਾਂ ਦੀ ਪੁਸਤਕ ਵਿਚ ਹੋਈ ਹੈ।
‘ਦਸਮ-ਗ੍ਰੰਥ’ ਦਾ ਮਹੱਤਵ ਸਿੱਖ-ਜਗਤ ਵਿਚ ਕਿਉਂ ਘਟਿਆ ? ਇਸ ਦੇ ਕਈ ਕਾਰਣ ਹਨ। ਪਹਿਲਾ ਕਾਰਣ ਇਹ ਹੈ ਕਿ ਇਸ ਗ੍ਰੰਥ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਮਾਣਿਕ ਨਹੀਂ; ਨ ਹੀ ਅਜੇ ਤਕ ਇਸ ਦਾ ਵਿਧੀਵਤ ਸੰਪਾਦਨ ਹੋਇਆ ਹੈ। ਇਸ ਲਈ ਇਸ ਦੇ ਸਰੂਪ ਦੀ ਪ੍ਰਮਾਣਿਕਤਾ ਸੰਦਿਗਧ ਹੈ। ਦੂਜਾ ਕਾਰਣ ਇਹ ਹੈ ਕਿ ਇਸ ਦਾ ਕਰਤ੍ਰਿਤਵ ਵਾਦ-ਵਿਵਾਦ ਗ੍ਰਸਤ ਹੈ। ਕੁਝ ਵਿਦਵਾਨ, ਵਿਸ਼ੇਸ਼ ਤੌਰ’ਤੇ ਪਰੰਪਰਾਈ ਰੁਚੀਆਂ ਵਾਲੇ , ਸਾਰੇ ‘ਦਸਮ- ਗ੍ਰੰਥ’ ਨੂੰ ਨਿਰਦੁਅੰਦ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ ਅਤੇ ਕੁਝ ਵਿਦਵਾਨ, ਖ਼ਾਸ ਤੌਰ’ਤੇ ਬੌਧਿਕ ਅਤੇ ਸੁਧਾਰਵਾਦੀ ਰੁਚੀਆਂ ਵਾਲੇ, ਇਸ ਗ੍ਰੰਥ ਵਿਚਲੀਆਂ ਕੁਝ ਕੁ ਭਗਤੀਮਈ ਅਥਵਾ ਅਧਿਆਤਮਿਕ ਰਚਨਾਵਾਂ ਦੇ ਕਰਤ੍ਰਿਤਵ ਦਾ ਸੰਬੰਧ ਗੁਰੂ ਜੀ ਨਾਲ ਜੋੜਦੇ ਹਨ ਪਰ ਅਵਤਾਰ-ਕਥਾਵਾਂ ਅਤੇ ਚਰਿਤ੍ਰੋਪਾਖਿਆਨ ਆਦਿ ਨੂੰ ਗੁਰੂ ਸਾਹਿਬ ਤੋਂ ਭਿੰਨ ਦਰਬਾਰੀ ਕਵੀਆਂ ਦੀ ਰਚਨਾ ਸਿੱਧ ਕਰਦੇ ਹਨ, ਕਿਉਂਕਿ ਇਨ੍ਹਾਂ ਰਚਨਾਵਾਂ ਦੀ ਇਸ਼ਟ- ਬੁੱਧੀ ਦਾ ਸਾਮੰਜਸ ਗੁਰੂ ਜੀ ਦੀ ਚਿੰਤਨ-ਪੱਧਤੀ ਨਾਲ ਨਹੀਂ ਹੁੰਦਾ। ਤੀਜਾ ਕਾਰਣ ਇਹ ਹੈ ਕਿ ਇਸ ਗ੍ਰੰਥ ਵਿਚਲੇ ਅਵਤਾਰ- ਪ੍ਰਸੰਗਾਂ ਅਤੇ ਚਰਿਤ੍ਰੋਪਾਖਿਆਨ ਨਾਲ ਸਿੱਖ ਧਰਮ ਦਾ ਕੋਈ ਅਧਿਆਤਮਿਕ ਵਿਕਾਸ ਨਹੀਂ ਹੁੰਦਾ ਅਤੇ ਨ ਹੀ ਨਿਰਗੁਣ- ਸਾਧਨਾ ਦੀਆਂ ਮਾਨਤਾਵਾਂ ਨੂੰ ਸਥਾਪਿਤ ਕਰਨ ਵਿਚ ਕੋਈ ਯੋਗਦਾਨ ਪ੍ਰਤੀਤ ਹੁੰਦਾ ਹੈ, ਸਗੋਂ ਇਨ੍ਹਾਂ ਨਾਲ ਵਿਅਰਥ ਦੇ ਵਾਦ-ਵਿਵਾਦ ਦਾ ਵਿਸਤਾਰ ਹੁੰਦਾ ਹੈ। ਇਸ ਪ੍ਰਕਾਰ ਦੀਆਂ ਰਚਨਾਵਾਂ ਦੀ ਸਿਰਜਨਾ ਦਾ ਮੂਲ-ਉਦੇਸ਼ ਇਨ੍ਹਾਂ ਦੋ ਟੂਕਾਂ ਤੋਂ ਭਲੀ-ਭਾਂਤ ਸਪੱਸ਼ਟ ਹੈ—(1) ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ। ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਜਾਇ। ੨੪੯੧। (‘ਕ੍ਰਿਸਨਾਵਤਾਰ’); (2) ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ। ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ।੪੦੧। (‘ਚਰਿਤ੍ਰੋਪਾਖਿਆਨ’)। ਉਪਰੋਕਤ ਪਹਿਲੀ ਟੂਕ ਅਵਤਾਰ-ਪ੍ਰਸੰਗਾਂ ਦਾ ਰਚਨਾ- ਮਨੋਰਥ ਸਪੱਸ਼ਟ ਕਰਦੀ ਹੈ ਅਤੇ ਉਹ ਹੈ ਧਰਮ-ਯੁੱਧ ਲਈ ਸਿੱਖ ਸੈਨਾਨੀਆਂ ਅਤੇ ਅਨੁਯਾਈਆਂ ਨੂੰ ਪ੍ਰੇਰਿਤ ਅਤੇ ਉਤਸਾਹਿਤ ਕਰਨਾ। ਦੂਜੀ ਟੂਕ ਰਾਹੀਂ ‘ਚਰਿਤ੍ਰੋਪਾਖਿਆਨ’ ਪਿਛੇ ਕੰਮ ਕਰ ਰਹੀ ਬਿਰਤੀ ਵਲ ਸੰਕੇਤ ਹੁੰਦਾ ਹੈ ਕਿ ਨਵੇਂ ਸਿਰਜੇ ਜਾ ਰਹੇ ਸਿੱਖ-ਭਾਈਚਾਰੇ ਨੂੰ ਕੁਮਾਰਗ ਉਤੇ ਕਦਮ ਵਧਾਉਣ ਤੋਂ ਸਚੇਤ ਕਰਨਾ।
ਇਸ ਗ੍ਰੰਥ ਵਿਚਲੀਆਂ ਭਗਤੀਮਈ ਰਚਨਾਵਾਂ ਵਿਚ ਜੋ ਭਾਵ ਪ੍ਰਗਟ ਕੀਤੇ ਗਏ ਹਨ, ਉਹ ਗੁਰੂ ਗ੍ਰੰਥ ਸਾਹਿਬ ਵਿਚਲੀ ਵਿਚਾਰਧਾਰਾ ਦਾ ਹੀ ਵਿਕਾਸ ਕਰਦੇ ਹਨ। ਇਸ ਤਰ੍ਹਾਂ ਇਸ ਗ੍ਰੰਥ ਦਾ ਬਹੁਤ ਥੋੜਾ ਅੰਸ਼ ਗੁਰੂ ਗ੍ਰੰਥ ਸਾਹਿਬ ਵਿਚਲੀ ਵਿਚਾਰਧਾਰਾ ਨਾਲ ਸਾਂਝ ਰਖਦਾ ਹੈ। ਇਸ ਵਿਸ਼ਲੇਸ਼ਣ ਤੋਂ ਸਹਿਜ ਹੀ ਇਸ ਨਿਰਣੇ ਉਤੇ ਪਹੁੰਚਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਵਿਚਾਰਧਾਰਕ ਗ੍ਰੰਥ ਹੈ ਅਤੇ ਉਸ ਵਿਚਲੀ ਬਾਣੀ ਮਨੁੱਖਤਾ ਦਾ ਅਧਿਆਤਮਿਕ ਕਲਿਆਣ ਕਰਦੀ ਹੈ ਜਦਕਿ ‘ਦਸਮ- ਗ੍ਰੰਥ’ ਵਿਚਲੀਆਂ ਅਧਿਕਾਂਸ਼ ਰਚਨਾਵਾਂ ਰਾਹੀਂ ਮਨੁੱਖ ਨੂੰ ਸੰਸਾਰਿਕ ਪ੍ਰਪੰਚ ਵਿਚ ਸਾਵਧਾਨ ਹੋ ਕੇ ਵਿਚਰਨ ਅਤੇ ਆਪਣੀ ਪ੍ਰਤਿਸ਼ਠਾ ਨੂੰ ਕਾਇਮ ਰਖਣ ਲਈ ਸਸ਼ਸਤ੍ਰ ਕ੍ਰਾਂਤੀ ਨੂੰ ਵਿਸਤਾਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਫਲਸਰੂਪ, ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਧਾਰਮਿਕ ਗ੍ਰੰਥ ਹੈ ਅਤੇ ‘ਦਸਮ-ਗ੍ਰੰਥ’ ਪੁਰਾਤਨ ਮਿਥਿਹਾਸ ਦੇ ਪ੍ਰਸੰਗ ਵਿਚ ਪਾਠ- ਪੁਸਤਕ ਦੀ ਭੂਮਿਕਾ ਨਿਭਾਉਂਦਾ ਹੈ। ਦੋਹਾਂ ਦੀਆਂ ਬਿਰਤੀਆਂ ਵਖੋ ਵਖਰੀਆਂ ਅਤੇ ਪਰਸਪਰ ਭਿੰਨ ਹਨ। ਇਸ ਲਈ ਇਨ੍ਹਾਂ ਦੋਹਾਂ ਗ੍ਰੰਥਾਂ ਵਿਚਲੀ ਮੁੱਖ ਵਿਚਾਰਧਾਰਕ ਸੁਰ ਇਕ-ਸਮਾਨ ਨਹੀਂ। ਹਾਂ, ‘ਦਸਮ-ਗ੍ਰੰਥ’ ਦੀਆਂ ਭਗਤੀ -ਮਈ ਰਚਨਾਵਾਂ ਬਿਰਤੀ ਵਜੋਂ ਗੁਰੂ ਗ੍ਰੰਥ ਸਾਹਿਬ ਨਾਲ ਆਪਣੀ ਸਾਂਝ ਜ਼ਰੂਰ ਕਾਇਮ ਰਖਦੀਆਂ ਹਨ। ਅਸਲ ਵਿਚ, ਗੁਰੂ ਗ੍ਰੰਥ ਸਾਹਿਬ ਨਵੇਂ ਸਭਿਆਚਾਰ ਦਾ ਸਿੱਧਾਂਤ-ਪ੍ਰਧਾਨ ਗ੍ਰੰਥ ਹੈ ਅਤੇ ਉਸ ਸਭਿਆਚਾਰ ਦੇ ਆਤਮ-ਗੌਰਵ ਨੂੰ ਕਾਇਮ ਰਖਣ ਦੀ ਖ਼ੁਰਾਕ ਦਸਮ-ਗ੍ਰੰਥ ਤੋਂ ਮਿਲਦੀ ਹੈ।
ਇਸ ਗ੍ਰੰਥ ਦੇ ਅੰਤ ਉਤੇ ਦਰਜ ‘ਜ਼ਫ਼ਰਨਾਮਾ ’ ਨੂੰ ਛਡ ਕੇ ਬਾਕੀ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਨਿਵਾਸ ਤਕ ਹੋਂਦ ਵਿਚ ਆ ਚੁਕੀਆਂ ਸਨ। ਗੁਰੂ ਜੀ ਤੋਂ ਬਾਦ ਉਦਮੀ ਸਿੰਘਾਂ ਨੇ ਜੋ ਸੰਕਲਨ ਤਿਆਰ ਕਰਵਾਏ, ਉਹ ਕਿਸੇ ਨਿਸਚਿਤ ਵਿਧੀ ਅਨੁਸਾਰ ਨ ਹੋਣ ਕਾਰਣ ਆਪਸ ਵਿਚ ਕਾਫ਼ੀ ਅੰਤਰ ਰਖਦੇ ਹਨ। ਇਸ ਸੰਬੰਧ ਵਿਚ ਪੰਜ ਪੁਰਾਤਨ ਬੀੜਾਂ ਵਿਚਾਰਨਯੋਗ ਹਨ, ਜਿਵੇਂ (1) ਭਾਈ ਮਨੀ ਸਿੰਘ ਵਾਲੀ ਬੀੜ, (2) ਗੁਰਦੁਆਰਾ ਮੋਤੀ ਬਾਗ਼ ਵਾਲੀ ਬੀੜ, (3) ਸੰਗਰੂਰ ਵਾਲੀ ਬੀੜ , (4) ਪਟਨਾ ਸਾਹਿਬ ਵਾਲੀ ਬੀੜ, ਅਤੇ (5) ਗਿਆਨੀ ਸੁਰਿੰਦਰ ਸਿੰਘ ਤਰਨਤਾਰਨ ਵਾਲੇ ਕੋਲ ਪਈ ਬੀੜ। ਇਨ੍ਹਾਂ ਬਾਰੇ ਸੁਤੰਤਰ ਇੰਦਰਾਜ ਦਰਜ ਕੀਤੇ ਹਨ।
ਇਨ੍ਹਾਂ ਬੀੜਾਂ ਦੇ ਬਾਣੀ-ਕ੍ਰਮ, ਬਾਣੀ-ਸੰਖਿਆ, ‘ਅਥ’ ਅਤੇ ‘ਇਤਿ’ ਸੂਚਕ ਉਕਤੀਆਂ ਪਰਸਪਰ ਭਿੰਨ ਹੋਣ ਕਾਰਣ ਇਸ ਗ੍ਰੰਥ ਦਾ ਕੋਈ ਮਰਯਾਦਿਤ ਜਾਂ ਵਿਵਸਥਿਤ ਰੂਪ ਸਾਹਮਣੇ ਨਹੀਂ ਆਉਂਦਾ। ਵਖ ਵਖ ਸੰਕਲਨ- ਕਰਤਿਆਂ ਨੇ ਆਪਣੀ ਮਰਜ਼ੀ ਅਨੁਸਾਰ ਬਾਣੀਆਂ ਨੂੰ ਸੰਗ੍ਰਹਿਤ ਕੀਤਾ ਹੈ। ਉਤਾਰਾ ਕਰਨ ਵਾਲਿਆਂ ਨੇ ਵੀ ਇਸ ਗ੍ਰੰਥ ਵਿਚਲੀਆਂ ਬਾਣੀਆਂ ਦੇ ਪਾਠ ਵਿਚ ਕਈ ਪ੍ਰਕਾਰ ਦੇ ਅੰਤਰ ਅਥਵਾ ਰੱਲੇ ਪਾ ਦਿੱਤੇ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ‘ਗੁਰਮਤ ਗ੍ਰੰਥ ਪ੍ਰਚਾਰਕ ਸਭਾ ’ ਅੰਮ੍ਰਿਤਸਰ ਨੇ ‘ਦਸਮ-ਗ੍ਰੰਥ’ ਦੀਆਂ 32 ਪੁਰਾਤਨ ਬੀੜਾਂ ਇਕੱਠੀਆਂ ਕਰਕੇ ਪਾਠਾਂ ਦੀ ਸੋਧ ਦਾ ਉਪਰਾਲਾ ਕੀਤਾ ਅਤੇ ਸੰਨ 1897 ਈ. (ਸੰ. 1954 ਬਿ.) ਵਿਚ ਆਪਣੀ ਵਿਸਤਰਿਤ ਰਿਪੋਰਟ (‘ਦਸਮ ਗ੍ਰੰਥ ਸੋਧਕ ਕਮੇਟੀ ਰਿਪੋਰਟ’— ਵੇਖੋ) ਪ੍ਰਕਾਸ਼ਿਤ ਕੀਤੀ। ਇਹ ਕੰਮ ਨਿਰਸੰਦੇਹ ਸ਼ਲਾਘਾਯੋਗ ਸੀ, ਪਰ ਖੇਦ ਇਹ ਹੈ ਕਿ ਇਨ੍ਹਾਂ 32 ਬੀੜਾਂ ਵਿਚੋਂ ਕੋਈ ਵੀ ਇਤਿਹਾਸਿਕ ਮਹੱਤਵ ਵਾਲੀ ਨਹੀਂ ਸੀ। ਇਸ ਸਭਾ ਵਲੋਂ ਸੋਧੇ ਹੋਏ ਪਾਠ ਨਾਲ ਮਿਲਾ ਕੇ ਬਜ਼ਾਰ ਮਾਈ ਸੇਵਾਂ , ਅੰਮ੍ਰਿਤਸਰ ਦੇ ਦੋ ਪ੍ਰਕਾਸ਼ਕਾਂ ਨੇ ਇਸ ਗ੍ਰੰਥ ਦਾ ਪ੍ਰਕਾਸ਼ਨ ਕੀਤਾ। ਹੁਣ ਆਮ ਤੌਰ’ਤੇ ਇਹੀ ਰੂਪ ਪ੍ਰਚਲਿਤ ਹੈ। ਕੁਲ 1428 ਪੰਨਿਆਂ ਦੇ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਦੁਆਰਾ ਪ੍ਰਕਾਸ਼ਿਤ ਰੂਪ ਵਿਚ ਬਾਣੀਆਂ ਦਾ ਕ੍ਰਮ ਇਸ ਪ੍ਰਕਾਰ ਹੈ—(1) ਜਾਪੁ, (2) ਅਕਾਲ ਉਸਤਤਿ , (3) ਬਚਿਤ੍ਰ ਨਾਟਕ (ਅਪਨੀ ਕਥਾ), (4) ਚੰਡੀ ਚਰਿਤ੍ਰ (ਉਕਤੀ ਬਿਲਾਸ), (5) ਚੰਡੀ ਚਰਿਤ੍ਰ—ਦੂਜਾ, (6) ਵਾਰ ਸ੍ਰੀ ਭਗਉਤੀ ਜੀ ਕੀ, (7) ਗਿਆਨ ਪ੍ਰਬੋਧ , (8) ਚੌਬੀਸ ਅਵਤਾਰ , (9) ਬ੍ਰਹਮਾ ਅਵਤਾਰ , (10) ਰੁਦ੍ਰ ਅਵਤਾਰ , (11) ਬਿਸਨਪਦੇ ਰਾਮਕਲੀ ਪਾ. ੧੦, (12) ਸਵੈਯੇ, (13) ਖ਼ਾਲਸਾ ਮਹਿਮਾ , (14) ਸ਼ਸਤ੍ਰ ਨਾਮ ਮਾਲਾ, (15) ਚਰਿਤ੍ਰੋਪਾਖਿਆਨ, (16) ਜ਼ਫ਼ਰਨਾਮਾ ਅਤੇ (17) ਹਿਕਾਇਤਾਂ ।
ਇਨ੍ਹਾਂ ਬਾਣੀਆਂ ਵਿਚੋਂ ਕ੍ਰਮਾਂਕ 1,2,7,11,12 ਅਤੇ 13 ਵਾਲੀਆਂ ਰਚਨਾਵਾਂ ਦਾ ਸੰਬੰਧ ਭਗਤੀ-ਭਾਵਨਾ ਨਾਲ ਹੈ। ‘ਸ਼ਸਤ੍ਰ-ਨਾਮ-ਮਾਲਾ’ (ਅੰਕ 14) ਵਿਚ ਭਿੰਨ ਭਿੰਨ ਸ਼ਸਤ੍ਰਾਂ-ਅਸਤ੍ਰਾਂ ਦੇ ਨਾਂ ਦੇ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜ਼ਫ਼ਰਨਾਮਾ (ਅੰਕ 16) ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਵਿਚ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਇਤਿਹਾਸਿਕ ਪੱਤਰ ਹੈ ਅਤੇ ਹਿਕਾਇਤਾਂ (ਅੰਕ 17) ਇਸ ਰਚਨਾ ਦੀ ਅੰਤਿਕਾ ਵਜੋਂ ਪ੍ਰਸਿੱਧ ਹਨ। ਚਰਿਤ੍ਰੋਪਾਖਿਆਨ (ਅੰਕ 15) ‘ਦਸਮ-ਗ੍ਰੰਥ’ ਦੇ 580 ਪੰਨਿਆਂ ਉਤੇ ਪਸਰੀ ਸੁਤੰਤਰ ਰਚਨਾ ਹੈ। ਇਸ ਵਿਚ 404 ਚਰਿਤ੍ਰ-ਕਥਾਵਾਂ ਵਰਣਿਤ ਹਨ, ਪ੍ਰਧਾਨਤਾ ਇਸਤਰੀ- ਚਰਿਤ੍ਰਾਂ ਦੀ ਹੈ। ਇਸ ਲਈ ਇਸ ਨੂੰ ‘ਤ੍ਰਿਆ-ਚਰਿਤ੍ਰ’ ਨਾਂ ਵੀ ਦਿੱਤਾ ਜਾਂਦਾ ਹੈ। ਇਸ ਵਿਚ ਇਤਿਹਾਸਿਕ, ਪੌਰਾਣਿਕ, ਦੇਸੀ, ਬਦੇਸ਼ੀ , ਕਾਲਪਨਿਕ ਆਦਿ ਅਨੇਕ ਚਰਿਤ੍ਰ-ਕਥਾਵਾਂ ਪੌਰਾਣਿਕ ਪਰੰਪਰਾ ਵਿਚ ਲਿਖੀਆਂ ਹੋਈਆਂ ਹਨ।
ਇਸ ਗ੍ਰੰਥ ਦੀਆਂ ਬਾਕੀ ਰਚਨਾਵਾਂ (ਅੰਕ 3,4, 5,8,9, ਅਤੇ 10), ਅਸਲ ਵਿਚ, ‘ਬਚਿਤ੍ਰ-ਨਾਟਕ’ ਦਾ ਅੰਗ ਹਨ। ‘ਬਚਿਤ੍ਰ-ਨਾਟਕ’ ਵਿਚਿਤ੍ਰ ਜਾਂ ਅਦਭੁਤ ਲੀਲਾਵਾਂ ਜਾਂ ਚਰਿਤ੍ਰਾਂ ਦਾ ਸੰਗ੍ਰਹਿ ਹੈ। ਇਸ ਵਿਚ ਸਭ ਤੋਂ ਪਹਿਲਾਂ 14 ਅਧਿਆਵਾਂ ਦੀ ਦਸਮ ਗੁਰੂ ਦੀ ‘ਅਪਨੀ- ਕਥਾ ’ ਵਰਣਿਤ ਹੈ। ਫਿਰ ਅੱਠ ਅੱਠ ਅਧਿਆਵਾਂ ਵਿਚ ਲਿਖੇ ਭਿੰਨ ਭਿੰਨ ਸ਼ੈਲੀਆਂ ਵਾਲੇ ਦੋ ਚੰਡੀ ਚਰਿਤ੍ਰ ਹਨ। ਇਨ੍ਹਾਂ ਪਿਛੋਂ ਵਿਸ਼ਣੂ ਦੇ ‘ਚੌਬੀਸ-ਅਵਤਾਰ’ ਹਨ। ਫਿਰ ਬ੍ਰਹਮਾ ਅਤੇ ਰੁਦ੍ਰ ਦੇ ਉਪਾਵਤਾਰਾਂ ਦਾ ਚਿਤ੍ਰਣ ਹੋਇਆ ਹੈ। ਅੰਕ 6 ਉਤੇ ਦਰਜ ‘ਵਾਰ ਸ੍ਰੀ ਭਗਉਤੀ ਜੀ ਕੀ’ ਦਾ ਸੰਬੰਧ ਅੰਕ 4 ਅਤੇ 5 ਵਾਲੇ ਚੰਡੀ-ਚਰਿਤ੍ਰਾਂ ਨਾਲ ਹੈ, ਪਰ ਇਹ ਪੰਜਾਬੀ ਭਾਸ਼ਾ ਵਿਚ ਲਿਖੀ ਹੈ। ਇਹ ਸਾਰੀਆਂ ਪੌਰਾਣਿਕ ਰਚਨਾਵਾਂ ਹਨ।
ਉਪਰੋਕਤ ਵਿਵਰਣ ਤੋਂ ਭਲੀ-ਭਾਂਤ ਸਪੱਸ਼ਟ ਹੈ ਕਿ ‘ਦਸਮ-ਗ੍ਰੰਥ’ ਦੀਆਂ ਰਚਨਾਵਾਂ ਦਾ ਵਿਸ਼ਾ ਕਿਸੇ ਇਕ ਮੁੱਖ ਧੁਰੇ ਦੁਆਲੇ ਨਹੀਂ ਘੁੰਮਦਾ ਸਗੋਂ ਵਖ ਵਖ ਅਤੇ ਪਰਸਪਰ ਵਿਰੋਧੀ ਸਰੂਪ ਵਾਲੇ ਵਿਸ਼ਿਆਂ ਨੂੰ ਇਸ ਵਿਚ ਵਰਣਿਤ ਕੀਤਾ ਗਿਆ ਹੈ। ਮੁੱਖ ਤੌਰ’ਤੇ ਇਨ੍ਹਾਂ ਵਿਸ਼ਿਆਂ ਨੂੰ ਛੇ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਵਰਗ ਅਧਿਆਤਮਿਕ ਜਾਂ ਭਗਤੀ-ਪ੍ਰਧਾਨ ਰਚਨਾਵਾਂ ਦਾ ਹੈ ਜਿਵੇਂ ਜਾਪੁ ਸਾਹਿਬ , ਅਕਾਲ ਉਸਤਤਿ। ਦੂਜੇ ਵਰਗ ਵਿਚ ‘ਬਚਿਤ੍ਰ ਨਾਟਕ’ ਅਤੇ ‘ਜ਼ਫ਼ਰਨਾਮਾ’ ਨੂੰ ਰਖਿਆ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਦੋਹਾਂ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਹੈ ਅਤੇ ਇਤਿਹਾਸਿਕ ਦ੍ਰਿਸ਼ਟੀ ਤੋਂ ਬੜੀਆਂ ਅਹਿਮ ਦਸਤਾਵੇਜ਼ਾਂ ਹਨ। ਤੀਜਾ ਵਰਗ ਚਰਿਤ੍ਰ -ਕਥਾਵਾਂ ਦਾ ਹੈ, ਜਿਵੇਂ ਚੰਡੀ ਚਰਿਤ੍ਰ, ਅਵਤਾਰ ਪ੍ਰਸੰਗ ਆਦਿ। ਚੌਥਾ ਗਿਆਨ-ਚਰਚਾ ਦਾ ਵਰਗ ਹੈ ਜਿਸ ਵਿਚ ਅਧਿਆਤਮਿਕ ਰਹੱਸਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਜਿਵੇਂ ਗਿਆਨ ਪ੍ਰਬੋਧ। ਪੰਜਵੇਂ ਵਰਗ ਵਿਚ ਇਸਤ੍ਰੀ-ਚਰਿਤ੍ਰਾਂ ਨਾਲ ਸੰਬੰਧਿਤ ਕਥਾਵਾਂ ਹਨ। ਛੇਵੇਂ ਵਰਗ ਦਾ ਸੰਬੰਧ ਸ਼ਸਤ੍ਰਾਂ ਅਤੇ ਅਸਤ੍ਰਾਂ ਦੀ ਮਹਾਨਤਾ ਅਤੇ ਪਿਛੋਕੜ ਦਰਸਾਉਣ ਨਾਲ ਹੈ। ਪਰ ਇਨ੍ਹਾਂ ਸਭ ਦੀ ਮੂਲ ਭਾਵਨਾ ਨਵੇਂ ਸਿੱਖ ਭਾਈਚਾਰੇ ਲਈ ਅਜਿਹੀ ਸਾਮਗ੍ਰੀ ਜੁਟਾਉਣਾ ਸੀ, ਜਿਸ ਨੂੰ ਉਹ ਪੜ੍ਹ ਕੇ ਸਚੇ ਅਰਥਾਂ ਵਿਚ ਸਿੱਖ ਬਣ ਸਕਣ , ਹਰਿ-ਭਗਤੀ ਕਰਦੇ ਹੋਇਆਂ ਅਨਿਆਇ ਦੇ ਵਿਰੁੱਧ ਯੁੱਧ ਕਰਨ ਲਈ ਡਟ ਸਕਣ ਅਤੇ ਅਜਿਹਾ ਕਰਨ ਵੇਲੇ ਸੰਸਾਰਿਕ ਪ੍ਰਲੋਭਨਾਂ ਜਾਂ ਮਾਇਆ-ਜਾਲਾਂ ਦੇ ਪ੍ਰਭਾਵ ਤੋਂ ਪਰੇ ਰਹਿ ਸਕਣ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First