ਬੁੱਢਾ ਦਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੁੱਢਾ ਦਲ : ‘ ਦਲ ਖ਼ਾਲਸਾ ’ ਤੋਂ 14 ਸਾਲ ਪਹਿਲਾਂ ਬਣਾਏ ਗਏ ਦੋ ਮੁੱਖ ਸੈਨਿਕ ਬਲਾਂ ( ਬੁੱਢਾ ਦਲ ਅਤੇ ਤਰੁਣਾ ਦਲ ) ਵਿਚੋਂ ਇਕ । ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖ ਸਮਾਜ ਜ਼ੁਲਮ ਦੇ ਹੜ੍ਹ ਵਿਚ ਆ ਘਿਰਿਆ । ਇਕ ਪ੍ਰਕਾਰ ਨਾਲ ਸਿੱਖ ਸਮਾਜ ਨੇਤਾ-ਹੀਣ ਹੋ ਗਿਆ । ਮੁਗ਼ਲ ਸਰਕਾਰ ਦੇ ਜ਼ੁਲਮ ਤੋਂ ਬਚਣ ਲਈ ਸਿੱਖ ਅਧਿਕਤਰ ਪਹਾੜਾਂ , ਛੰਭਾਂ ਅਤੇ ਰੇਗਿਸਤਾਨਾਂ ਵਿਚ ਜਾ ਲੁਕੇ । ਜਦੋਂ ਮੁਗ਼ਲ ਸਰਕਾਰ ਸਿੱਖਾਂ ਨੂੰ ਦਬਾਉਣ ਵਿਚ ਕਾਮਯਾਬ ਨ ਹੋ ਸਕੀ ਤਾਂ ਸੰਨ 1733 ਈ. ਵਿਚ ਲਾਹੌਰ ਦੇ ਸੂਬੇਦਾਰ ਨੇ ਪਰਸਪਰ ਸੈਨਿਕ ਸੰਘਰਸ਼ ਨੂੰ ਖ਼ਤਮ ਕਰਨ ਲਈ ਸਿੱਖਾਂ ਨਾਲ ਸੰਪਰਕ ਕੀਤਾ ਅਤੇ ਇਕ ਲੱਖ ਦੀ ਜਾਗੀਰ ਅਤੇ ਨਵਾਬੀ ਦਾ ਖ਼ਿਲਤ ਪੇਸ਼ ਕੀਤਾ । ਤਾਂ ਸਿੱਖਾਂ ਨੇ ਸ. ਕਪੂਰ ਸਿੰਘ ਨੂੰ ਨਵਾਬ ਬਣਨ ਲਈ ਬੇਨਤੀ ਕੀਤੀ । ਸਵੀਕਾਰ ਕਰਨ ਤੇ ਨਵਾਬ ਕਪੂਰ ਸਿੰਘ ਨੂੰ ਸਿੱਖਾਂ ਦਾ ਸਰਵ-ਪ੍ਰਮੁਖ ਨੇਤਾ ਸਥਾਪਿਤ ਕਰ ਦਿੱਤਾ ਗਿਆ । ਉਸ ਵਕਤ ਦੀਆਂ ਲਗਭਗ ਸਾਰੀਆਂ ਜੱਥੇਬੰਦੀਆਂ ਦੇ ਮੁਖੀ ਅੰਮ੍ਰਿਤਸਰ ਦੇ ਨੇੜੇ ਨਿਵਾਸ ਕਰਨ ਲਗ ਗਏ । ਪ੍ਰਬੰਧਕੀ ਸੁਵਿਧਾ ਲਈ ਨਵਾਬ ਕਪੂਰ ਸਿੰਘ ਨੇ ਸਾਰੇ ਸਿੱਖ ਸੈਨਿਕ ਸੰਗਠਨ ਨੂੰ ਸੰਨ 1734 ਈ. ਵਿਚ ਦੋ ਦਲਾਂ ਵਿਚ ਵੰਡ ਦਿੱਤਾ— ਬੁੱਢਾ ਦਲ ਅਤੇ ਤਰੁਣਾ ਦਲ । 40 ਵਰ੍ਹਿਆਂ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਬੁੱਢਾ ਦਲ ਵਿਚ ਸ਼ਾਮਲ ਕੀਤਾ ਗਿਆ ਅਤੇ ਇਸ ਤੋਂ ਘਟ ਉਮਰ ਵਾਲਿਆਂ ਨੂੰ ਤਰੁਣਾ ਦਲ ਵਿਚ ਰਖਿਆ ਗਿਆ । ਬੁੱਢਾ ਦਲ ਦੇ ਮੁੱਖ ਜੱਥੇਦਾਰਾਂ ਵਿਚ ਨਵਾਬ ਕਪੂਰ ਸਿੰਘ , ਸ. ਜੱਸਾ ਸਿੰਘ ਆਹਲੂਵਾਲੀਆ ਆਦਿ ਸ਼ਾਮਲ ਸਨ । ਇਸ ਦਲ ਦੇ ਜ਼ਿੰਮੇ ਗੁਰੂ-ਧਾਮਾਂ ਦੀ ਦੇਖ-ਭਲ ਅਤੇ ਧਰਮ ਪ੍ਰਚਾਰ ਸੀ

ਤਰੁਣਾ ਦਲ ਦੇ ਅਗੋਂ ਪੰਜ ਜੱਥੇ ਬਣਾਏ ਗਏ , ਜਿਵੇਂ ( 1 ) ਜੱਥਾ ਸ਼ਹੀਦਾਂ ਦਾ , ਜਿਸ ਵਿਚ ਦੀਪ ਸਿੰਘ , ਨੱਥਾ ਸਿੰਘ , ਗੁਰਬਖ਼ਸ਼ ਸਿੰਘ ਆਦਿ ਮੁਖੀ ਸਨ । ( 2 ) ਜੱਥਾ ਅੰਮ੍ਰਿਤਸਰੀਆਂ ਦਾ , ਜਿਸ ਵਿਚ ਕਰਮ ਸਿੰਘ , ਧਰਮ ਸਿੰਘ ਆਦਿ ਸਰਦਾਰ ਸਨ । ( 3 ) ਜੱਥਾ ਡੱਲੇਵਾਲੀਆਂ ਦਾ , ਜਿਸ ਵਿਚ ਦਸੌਂਧਾ ਸਿੰਘ , ਫਤੇ ਸਿੰਘ , ਕਰਮ ਸਿੰਘ , ਗੁਰਦਿਆਲ ਸਿੰਘ ਆਦਿ ਜੱਥੇਦਾਰ ਸਨ । ( 4 ) ਜੱਥਾ ਬਾਬੇ ਕਾਹਨ ਸਿੰਘ ਦਾ ( ਗੁਰੂ ਅੰਸ਼ੀ ਜੱਥਾ ) , ਜਿਸ ਵਿਚ ਮੀਰੀ ਸਿੰਘ , ਹਰੀ ਸਿੰਘ , ਬਾਘ ਸਿੰਘ , ਆਦਿ ਮੁਖੀ ਸਨ । ( 5 ) ਜੱਥਾ ਮਜ਼ਹਬੀਆਂ ਦਾ , ਜਿਸ ਵਿਚ ਬੀਰ ਸਿੰਘ , ਜਿਊਣ ਸਿੰਘ , ਮਦਨ ਸਿੰਘ , ਅਮਰ ਸਿੰਘ ਆਦਿ ਮੁਖੀ ਸਨ । ਇਨ੍ਹਾਂ ਜੱਥਿਆਂ ਦਾ ਕੰਮ ਵੈਰੀਆਂ ਨਾਲ ਲੋਹਾ ਲੈਣਾ , ਪੰਥ ਨੂੰ ਚੜ੍ਹਦੀ ਕਲਾ ਵਿਚ ਰਖਣਾ ਆਦਿ ਸੀ । ਹਰ ਇਕ ਜੱਥੇ ਵਿਚ 13 ਸੌ ਤੋਂ ਲੈ ਕੇ ਦੋ ਹਜ਼ਾਰ ਸਸ਼ਸਤ੍ਰ ਸਿੰਘ ਹੁੰਦੇ ਸਨ ।

ਸੰਨ 1735 ਈ. ਵਿਚ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸੰਬੰਧ ਤੋੜ ਲਏ ਅਤੇ ਇਨ੍ਹਾਂ ਉਤੇ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ । ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਇਨ੍ਹਾਂ ਦੋਹਾਂ ਦਲਾਂ ਦੇ ਸੂਰਬੀਰ ਜੰਗਲਾਂ , ਪਹਾੜਾਂ ਜਾਂ ਰੇਗਿਸਤਾਨਾਂ ਵਲ ਖਿਲਰ ਗਏ । ਤਰੁਣਾ ਦਲ ਦੇ ਜੱਥੇ ਅਧਿਕਤਰ ਕਹਿਲੂਰ , ਹਿੰਡੂਰ ਅਤੇ ਸਰਮੌਰ ਨਾਂ ਦੀਆਂ ਪਹਾੜੀਆਂ ਵਿਚ ਠਹਿਰਦੇ ਸਨ । ਸੰਨ 1739 ਈ. ਵਿਚ ਜਦੋਂ ਨਾਦਰਸ਼ਾਹ ਦਿੱਲੀ ਅਤੇ ਪੰਜਾਬ ਨੂੰ ਲੁਟ-ਪੁਟ ਕੇ ਅਤੇ ਇਥੋਂ ਦੀਆਂ ਸੈਂਕੜੇ ਹਿੰਦੂ ਲੜਕੀਆਂ ਨੂੰ ਨਾਲ ਲੈ ਕੇ ਆਪਣੇ ਦੇਸ਼ ਪਰਤ ਰਿਹਾ ਸੀ , ਤਾਂ ਤਰੁਣਾ ਦਲ ਦੇ ਸੂਰਮਿਆਂ ਨੇ ਅਖਨੂਰ ਤਕ ਉਸ ਦਾ ਪਿਛਾ ਕੀਤਾ ਅਤੇ ਲੜਕੀਆਂ ਨੂੰ ਛੁੜਵਾ ਕੇ ਮਾਪਿਆਂ ਪਾਸ ਪਹੁੰਚਾਇਆ । ਇਸ ਨਾਲ ਹਰ ਪਾਸੇ ਇਨ੍ਹਾਂ ਦਾ ਜਸ ਪਸਰ ਗਿਆ । ਸੰਨ 1746 ਈ. ਵਿਚ ਦੋਹਾਂ ਦਲਾਂ ਨੇ ਛੋਟੇ ਘੱਲੂਘਾਰੇ ਵਿਚ ਸੱਤ-ਅੱਠ ਹਜ਼ਾਰ ਸਿੱਖ ਸੈਨਿਕਾਂ ਦੀ ਬਲੀ ਦਿੱਤੀ ।

                      ਇਧਰ ਉਧਰ ਖਿੰਡਣ ਨਾਲ ਇਨ੍ਹਾਂ ਦੇ ਮੁੱਖ ਜੱਥਿਆਂ ਦੇ ਕਈ ਛੋਟੇ ਛੋਟੇ ਜੱਥੇ ਬਣਦੇ ਗਏ । ਅਹਿਮਦਸ਼ਾਹ ਦੁਰਾਨੀ ਦੇ ਸੰਨ 1748 ਈ. ਵਿਚ ਹੋਏ ਪਹਿਲੇ ਹਮਲੇ ਵੇਲੇ ਇਨ੍ਹਾਂ ਜੱਥਿਆਂ ਦੀ ਗਿਣਤੀ 65 ਤਕ ਪਹੁੰਚ ਗਈ । 29 ਮਾਰਚ 1748 ਈ. ਨੂੰ ਵਿਸਾਖੀ ਵਾਲੇ ਦਿਨ ਸਾਰੇ ਜੱਥੇ ਅੰਮ੍ਰਿਤਸਰ ਇਕੱਠੇ ਹੋਏ ਅਤੇ ਸਰਬੱਤ ਖ਼ਾਲਸੇ ਦੇ ਗੁਰਮਤੇ ਨਾਲ ਇਕ ਸਮੁੱਚੀ ਵੱਡੀ ਜੱਥੇਬੰਦੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ ‘ ਦਲ-ਖ਼ਾਲਸਾ’ ਰਖਿਆ ਗਿਆ । ਇਸ ਦੀ ਸਰਦਾਰੀ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ । ਇਸ ਦਲ ਦੀ ਸਥਾਪਨਾ ਨਾਲ ਛੋਟੇ ਛੋਟੇ ਸਾਰੇ ਜੱਥੇ 11 ਟੋਲਿਆਂ ਵਿਚ ਵੰਡ ਦਿੱਤੇ ਗਏ । ਇਨ੍ਹਾਂ ਟੋਲਿਆਂ ਨੂੰ ਮਿਸਲਾਂ ਕਿਹਾ ਜਾਣ ਲਗਿਆ । ਇਨ੍ਹਾਂ ਮਿਸਲਾਂ ਵਿਚੋਂ ਛੇ ਦਾ ਸੰਬੰਧ ਬੁੱਢਾ ਦਲ ਨਾਲ ਸੀ । ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ— ( 1 ) ਸ. ਜੱਸਾ ਸਿੰਘ ਅਧੀਨ ਆਹਲੂਵਾਲੀਆ ਮਿਸਲ , ( 2 ) ਨਵਾਬ ਕਪੂਰ ਸਿੰਘ ਅਧੀਨ ਸਿੰਘਪੁਰੀਆ ( ਫ਼ੈਜ਼ਲਪੁਰੀਆ ) ਮਿਸਲ , ( 3 ) ਸ. ਕਰੋੜਾ ਸਿੰਘ ਅਧੀਨ ਕਰੋੜਸਿੰਘੀਆ ( ਕਰੋੜੀਆ ) ਮਿਸਲ , ( 4 ) ਸ. ਦਸੌਂਧਾ ਸਿੰਘ ਅਧੀਨ ਨਿਸ਼ਾਨਵਾਲੀਆ ਮਿਸਲ , ( 5 ) ਬਾਬਾ ਦੀਪ ਸਿੰਘ ਅਧੀਨ ਸ਼ਹੀਦਾਂ ਵਾਲੀ ਮਿਸਲ ਅਤੇ ( 6 ) ਸ. ਗੁਲਾਬ ਸਿੰਘ ਅਧੀਨ ਡਲੇਵਾਲੀਆ ਮਿਸਲ । ਬਾਕੀ ਦੀਆਂ ਪੰਜ ਮਿਸਲਾਂ ਦਾ ਸੰਬੰਧ ਤਰੁਣਾ ਦਲ ਨਾਲ ਸੀ ਅਤੇ ਉਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ— ( 1 ) ਸ. ਚੜ੍ਹਤ ਸਿੰਘ ਅਧੀਨ ਸੁਕਰਚਕੀਆ ਮਿਸਲ , ( 2 ) ਸ. ਹਰੀ ਸਿੰਘ ਅਧੀਨ ਭੰਗੀਆਂ ਦੀ ਮਿਸਲ , ( 3 ) ਸ. ਜੈ ਸਿੰਘ ਅਧੀਨ ਕਨ੍ਹੀਆ ਮਿਸਲ , ( 4 ) ਸ. ਹੀਰਾ ਸਿੰਘ ਅਧੀਨ ਨਕੈਈਆਂ ਦੀ ਮਿਸਲ , ਅਤੇ ( 5 ) ਸ. ਜੱਸਾ ਸਿੰਘ ਰਾਮਗੜ੍ਹੀਆ ਅਧੀਨ ਰਾਮਗੜ੍ਹੀਆਂ ਦੀ ਮਿਸਲ ।

5 ਫਰਵਰੀ 1762 ਈ. ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਲੜਦੇ ਹੋਇਆਂ ਦੋਹਾਂ ਦਲਾਂ ਦੇ ਮਿਲਵੇਂ ਲਗਭਗ 20 ਹਜ਼ਾਰ ਸੈਨਿਕ ਵੱਡੇ ਘੱਲੂਘਾਰੇ ਵਿਚ ਮਾਰੇ ਗਏ । ਪਰ ਦੋ ਸਾਲਾਂ ਦੇ ਅੰਦਰ ਅੰਦਰ ਇਨ੍ਹਾਂ ਨੇ ਜਨਵਰੀ 1764 ਈ. ਵਿਚ ਸਰਹਿੰਦ ਨੂੰ ਜਿਤ ਲਿਆ । ਸਰਹਿੰਦ ਸੂਬੇ ਨੂੰ ਜਿਤਣ ਤੋਂ ਬਾਦ ਹਰ ਇਕ ਮਿਸਲ ਨੇ ਆਪਣੇ ਆਪਣੇ ਇਲਾਕੇ ਜਿਤ ਕੇ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ , ਪਰ ਇਨ੍ਹਾਂ ਵਿਚੋਂ ਤਰੁਣਾ ਦਲ ਵਾਲੀਆਂ ਮਿਸਲਾਂ ਵਿਚੋਂ ਅਧਿਕਾਂਸ਼ ਦੀ ਨਿਗਾਹ ਉਤਰੀ ਦੁਆਬਾਂ ਵਲ ਰਹੀ ਅਤੇ ਇਹ ਉਧਰ ਨੂੰ ਪਸਰਦੇ ਗਏ । ਆਪਣੀਆਂ ਆਪਣੀਆਂ ਰਿਆਸਤਾਂ ਕਾਇਮ ਕਰ ਲੈਣ ਨਾਲ ਮਿਸਲਦਾਰਾਂ ਦੀ ਆਪਸੀ ਖ਼ਾਰਬਾਜ਼ੀ ਅਤੇ ਵੈਰ ਵਧਣ ਲਗ ਗਿਆ । ਫਲਸਰੂਪ ਇਨ੍ਹਾਂ ਦੀ ਆਪਸ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ । ਸੁਤੰਤਰ ਤੌਰ ’ ਤੇ ਮਿਸਲਾਂ ਦੀ ਸਥਾਪਨਾ ਨਾਲ ਬੁੱਢਾ ਦਲ ਅਤੇ ਤਰੁਣਾ ਦਲ ਦੀ ਨਾਂਵਾਂ ਦੀ ਅਹਿਮੀਅਤ ਘਟਦੀ ਗਈ ਅਤੇ ਇਨ੍ਹਾਂ ਦੀ ਵਰਤੋਂ ਵਿਅਰਥ ਲਗਣ ਲਗੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.