ਬੁੱਢਾ ਦਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੁੱਢਾ ਦਲ: ‘ਦਲ ਖ਼ਾਲਸਾ ’ ਤੋਂ 14 ਸਾਲ ਪਹਿਲਾਂ ਬਣਾਏ ਗਏ ਦੋ ਮੁੱਖ ਸੈਨਿਕ ਬਲਾਂ (ਬੁੱਢਾ ਦਲ ਅਤੇ ਤਰੁਣਾ ਦਲ) ਵਿਚੋਂ ਇਕ। ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖ ਸਮਾਜ ਜ਼ੁਲਮ ਦੇ ਹੜ੍ਹ ਵਿਚ ਆ ਘਿਰਿਆ। ਇਕ ਪ੍ਰਕਾਰ ਨਾਲ ਸਿੱਖ ਸਮਾਜ ਨੇਤਾ-ਹੀਣ ਹੋ ਗਿਆ। ਮੁਗ਼ਲ ਸਰਕਾਰ ਦੇ ਜ਼ੁਲਮ ਤੋਂ ਬਚਣ ਲਈ ਸਿੱਖ ਅਧਿਕਤਰ ਪਹਾੜਾਂ , ਛੰਭਾਂ ਅਤੇ ਰੇਗਿਸਤਾਨਾਂ ਵਿਚ ਜਾ ਲੁਕੇ। ਜਦੋਂ ਮੁਗ਼ਲ ਸਰਕਾਰ ਸਿੱਖਾਂ ਨੂੰ ਦਬਾਉਣ ਵਿਚ ਕਾਮਯਾਬ ਨ ਹੋ ਸਕੀ ਤਾਂ ਸੰਨ 1733 ਈ. ਵਿਚ ਲਾਹੌਰ ਦੇ ਸੂਬੇਦਾਰ ਨੇ ਪਰਸਪਰ ਸੈਨਿਕ ਸੰਘਰਸ਼ ਨੂੰ ਖ਼ਤਮ ਕਰਨ ਲਈ ਸਿੱਖਾਂ ਨਾਲ ਸੰਪਰਕ ਕੀਤਾ ਅਤੇ ਇਕ ਲੱਖ ਦੀ ਜਾਗੀਰ ਅਤੇ ਨਵਾਬੀ ਦਾ ਖ਼ਿਲਤ ਪੇਸ਼ ਕੀਤਾ। ਤਾਂ ਸਿੱਖਾਂ ਨੇ ਸ. ਕਪੂਰ ਸਿੰਘ ਨੂੰ ਨਵਾਬ ਬਣਨ ਲਈ ਬੇਨਤੀ ਕੀਤੀ। ਸਵੀਕਾਰ ਕਰਨ ਤੇ ਨਵਾਬ ਕਪੂਰ ਸਿੰਘ ਨੂੰ ਸਿੱਖਾਂ ਦਾ ਸਰਵ-ਪ੍ਰਮੁਖ ਨੇਤਾ ਸਥਾਪਿਤ ਕਰ ਦਿੱਤਾ ਗਿਆ। ਉਸ ਵਕਤ ਦੀਆਂ ਲਗਭਗ ਸਾਰੀਆਂ ਜੱਥੇਬੰਦੀਆਂ ਦੇ ਮੁਖੀ ਅੰਮ੍ਰਿਤਸਰ ਦੇ ਨੇੜੇ ਨਿਵਾਸ ਕਰਨ ਲਗ ਗਏ। ਪ੍ਰਬੰਧਕੀ ਸੁਵਿਧਾ ਲਈ ਨਵਾਬ ਕਪੂਰ ਸਿੰਘ ਨੇ ਸਾਰੇ ਸਿੱਖ ਸੈਨਿਕ ਸੰਗਠਨ ਨੂੰ ਸੰਨ 1734 ਈ. ਵਿਚ ਦੋ ਦਲਾਂ ਵਿਚ ਵੰਡ ਦਿੱਤਾ—ਬੁੱਢਾ ਦਲ ਅਤੇ ਤਰੁਣਾ ਦਲ। 40 ਵਰ੍ਹਿਆਂ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਬੁੱਢਾ ਦਲ ਵਿਚ ਸ਼ਾਮਲ ਕੀਤਾ ਗਿਆ ਅਤੇ ਇਸ ਤੋਂ ਘਟ ਉਮਰ ਵਾਲਿਆਂ ਨੂੰ ਤਰੁਣਾ ਦਲ ਵਿਚ ਰਖਿਆ ਗਿਆ। ਬੁੱਢਾ ਦਲ ਦੇ ਮੁੱਖ ਜੱਥੇਦਾਰਾਂ ਵਿਚ ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ ਆਦਿ ਸ਼ਾਮਲ ਸਨ। ਇਸ ਦਲ ਦੇ ਜ਼ਿੰਮੇ ਗੁਰੂ-ਧਾਮਾਂ ਦੀ ਦੇਖ-ਭਲ ਅਤੇ ਧਰਮ ਪ੍ਰਚਾਰ ਸੀ ।
ਤਰੁਣਾ ਦਲ ਦੇ ਅਗੋਂ ਪੰਜ ਜੱਥੇ ਬਣਾਏ ਗਏ, ਜਿਵੇਂ (1) ਜੱਥਾ ਸ਼ਹੀਦਾਂ ਦਾ, ਜਿਸ ਵਿਚ ਦੀਪ ਸਿੰਘ, ਨੱਥਾ ਸਿੰਘ, ਗੁਰਬਖ਼ਸ਼ ਸਿੰਘ ਆਦਿ ਮੁਖੀ ਸਨ। (2) ਜੱਥਾ ਅੰਮ੍ਰਿਤਸਰੀਆਂ ਦਾ, ਜਿਸ ਵਿਚ ਕਰਮ ਸਿੰਘ , ਧਰਮ ਸਿੰਘ ਆਦਿ ਸਰਦਾਰ ਸਨ। (3) ਜੱਥਾ ਡੱਲੇਵਾਲੀਆਂ ਦਾ, ਜਿਸ ਵਿਚ ਦਸੌਂਧਾ ਸਿੰਘ , ਫਤੇ ਸਿੰਘ, ਕਰਮ ਸਿੰਘ, ਗੁਰਦਿਆਲ ਸਿੰਘ ਆਦਿ ਜੱਥੇਦਾਰ ਸਨ। (4) ਜੱਥਾ ਬਾਬੇ ਕਾਹਨ ਸਿੰਘ ਦਾ (ਗੁਰੂ ਅੰਸ਼ੀ ਜੱਥਾ), ਜਿਸ ਵਿਚ ਮੀਰੀ ਸਿੰਘ , ਹਰੀ ਸਿੰਘ , ਬਾਘ ਸਿੰਘ, ਆਦਿ ਮੁਖੀ ਸਨ। (5) ਜੱਥਾ ਮਜ਼ਹਬੀਆਂ ਦਾ, ਜਿਸ ਵਿਚ ਬੀਰ ਸਿੰਘ, ਜਿਊਣ ਸਿੰਘ, ਮਦਨ ਸਿੰਘ, ਅਮਰ ਸਿੰਘ ਆਦਿ ਮੁਖੀ ਸਨ। ਇਨ੍ਹਾਂ ਜੱਥਿਆਂ ਦਾ ਕੰਮ ਵੈਰੀਆਂ ਨਾਲ ਲੋਹਾ ਲੈਣਾ , ਪੰਥ ਨੂੰ ਚੜ੍ਹਦੀ ਕਲਾ ਵਿਚ ਰਖਣਾ ਆਦਿ ਸੀ। ਹਰ ਇਕ ਜੱਥੇ ਵਿਚ 13 ਸੌ ਤੋਂ ਲੈ ਕੇ ਦੋ ਹਜ਼ਾਰ ਸਸ਼ਸਤ੍ਰ ਸਿੰਘ ਹੁੰਦੇ ਸਨ।
ਸੰਨ 1735 ਈ. ਵਿਚ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸੰਬੰਧ ਤੋੜ ਲਏ ਅਤੇ ਇਨ੍ਹਾਂ ਉਤੇ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਇਨ੍ਹਾਂ ਦੋਹਾਂ ਦਲਾਂ ਦੇ ਸੂਰਬੀਰ ਜੰਗਲਾਂ , ਪਹਾੜਾਂ ਜਾਂ ਰੇਗਿਸਤਾਨਾਂ ਵਲ ਖਿਲਰ ਗਏ। ਤਰੁਣਾ ਦਲ ਦੇ ਜੱਥੇ ਅਧਿਕਤਰ ਕਹਿਲੂਰ, ਹਿੰਡੂਰ ਅਤੇ ਸਰਮੌਰ ਨਾਂ ਦੀਆਂ ਪਹਾੜੀਆਂ ਵਿਚ ਠਹਿਰਦੇ ਸਨ। ਸੰਨ 1739 ਈ. ਵਿਚ ਜਦੋਂ ਨਾਦਰਸ਼ਾਹ ਦਿੱਲੀ ਅਤੇ ਪੰਜਾਬ ਨੂੰ ਲੁਟ-ਪੁਟ ਕੇ ਅਤੇ ਇਥੋਂ ਦੀਆਂ ਸੈਂਕੜੇ ਹਿੰਦੂ ਲੜਕੀਆਂ ਨੂੰ ਨਾਲ ਲੈ ਕੇ ਆਪਣੇ ਦੇਸ਼ ਪਰਤ ਰਿਹਾ ਸੀ, ਤਾਂ ਤਰੁਣਾ ਦਲ ਦੇ ਸੂਰਮਿਆਂ ਨੇ ਅਖਨੂਰ ਤਕ ਉਸ ਦਾ ਪਿਛਾ ਕੀਤਾ ਅਤੇ ਲੜਕੀਆਂ ਨੂੰ ਛੁੜਵਾ ਕੇ ਮਾਪਿਆਂ ਪਾਸ ਪਹੁੰਚਾਇਆ। ਇਸ ਨਾਲ ਹਰ ਪਾਸੇ ਇਨ੍ਹਾਂ ਦਾ ਜਸ ਪਸਰ ਗਿਆ। ਸੰਨ 1746 ਈ. ਵਿਚ ਦੋਹਾਂ ਦਲਾਂ ਨੇ ਛੋਟੇ ਘੱਲੂਘਾਰੇ ਵਿਚ ਸੱਤ-ਅੱਠ ਹਜ਼ਾਰ ਸਿੱਖ ਸੈਨਿਕਾਂ ਦੀ ਬਲੀ ਦਿੱਤੀ।
ਇਧਰ ਉਧਰ ਖਿੰਡਣ ਨਾਲ ਇਨ੍ਹਾਂ ਦੇ ਮੁੱਖ ਜੱਥਿਆਂ ਦੇ ਕਈ ਛੋਟੇ ਛੋਟੇ ਜੱਥੇ ਬਣਦੇ ਗਏ। ਅਹਿਮਦਸ਼ਾਹ ਦੁਰਾਨੀ ਦੇ ਸੰਨ 1748 ਈ. ਵਿਚ ਹੋਏ ਪਹਿਲੇ ਹਮਲੇ ਵੇਲੇ ਇਨ੍ਹਾਂ ਜੱਥਿਆਂ ਦੀ ਗਿਣਤੀ 65 ਤਕ ਪਹੁੰਚ ਗਈ। 29 ਮਾਰਚ 1748 ਈ. ਨੂੰ ਵਿਸਾਖੀ ਵਾਲੇ ਦਿਨ ਸਾਰੇ ਜੱਥੇ ਅੰਮ੍ਰਿਤਸਰ ਇਕੱਠੇ ਹੋਏ ਅਤੇ ਸਰਬੱਤ ਖ਼ਾਲਸੇ ਦੇ ਗੁਰਮਤੇ ਨਾਲ ਇਕ ਸਮੁੱਚੀ ਵੱਡੀ ਜੱਥੇਬੰਦੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ ‘ਦਲ-ਖ਼ਾਲਸਾ’ ਰਖਿਆ ਗਿਆ। ਇਸ ਦੀ ਸਰਦਾਰੀ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ। ਇਸ ਦਲ ਦੀ ਸਥਾਪਨਾ ਨਾਲ ਛੋਟੇ ਛੋਟੇ ਸਾਰੇ ਜੱਥੇ 11 ਟੋਲਿਆਂ ਵਿਚ ਵੰਡ ਦਿੱਤੇ ਗਏ। ਇਨ੍ਹਾਂ ਟੋਲਿਆਂ ਨੂੰ ਮਿਸਲਾਂ ਕਿਹਾ ਜਾਣ ਲਗਿਆ। ਇਨ੍ਹਾਂ ਮਿਸਲਾਂ ਵਿਚੋਂ ਛੇ ਦਾ ਸੰਬੰਧ ਬੁੱਢਾ ਦਲ ਨਾਲ ਸੀ। ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ— (1) ਸ. ਜੱਸਾ ਸਿੰਘ ਅਧੀਨ ਆਹਲੂਵਾਲੀਆ ਮਿਸਲ , (2) ਨਵਾਬ ਕਪੂਰ ਸਿੰਘ ਅਧੀਨ ਸਿੰਘਪੁਰੀਆ (ਫ਼ੈਜ਼ਲਪੁਰੀਆ) ਮਿਸਲ , (3) ਸ. ਕਰੋੜਾ ਸਿੰਘ ਅਧੀਨ ਕਰੋੜਸਿੰਘੀਆ (ਕਰੋੜੀਆ) ਮਿਸਲ , (4) ਸ. ਦਸੌਂਧਾ ਸਿੰਘ ਅਧੀਨ ਨਿਸ਼ਾਨਵਾਲੀਆ ਮਿਸਲ, (5) ਬਾਬਾ ਦੀਪ ਸਿੰਘ ਅਧੀਨ ਸ਼ਹੀਦਾਂ ਵਾਲੀ ਮਿਸਲ ਅਤੇ (6) ਸ. ਗੁਲਾਬ ਸਿੰਘ ਅਧੀਨ ਡਲੇਵਾਲੀਆ ਮਿਸਲ। ਬਾਕੀ ਦੀਆਂ ਪੰਜ ਮਿਸਲਾਂ ਦਾ ਸੰਬੰਧ ਤਰੁਣਾ ਦਲ ਨਾਲ ਸੀ ਅਤੇ ਉਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ—(1) ਸ. ਚੜ੍ਹਤ ਸਿੰਘ ਅਧੀਨ ਸੁਕਰਚਕੀਆ ਮਿਸਲ , (2) ਸ. ਹਰੀ ਸਿੰਘ ਅਧੀਨ ਭੰਗੀਆਂ ਦੀ ਮਿਸਲ , (3) ਸ. ਜੈ ਸਿੰਘ ਅਧੀਨ ਕਨ੍ਹੀਆ ਮਿਸਲ , (4) ਸ. ਹੀਰਾ ਸਿੰਘ ਅਧੀਨ ਨਕੈਈਆਂ ਦੀ ਮਿਸਲ , ਅਤੇ (5) ਸ. ਜੱਸਾ ਸਿੰਘ ਰਾਮਗੜ੍ਹੀਆ ਅਧੀਨ ਰਾਮਗੜ੍ਹੀਆਂ ਦੀ ਮਿਸਲ।
5 ਫਰਵਰੀ 1762 ਈ. ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਲੜਦੇ ਹੋਇਆਂ ਦੋਹਾਂ ਦਲਾਂ ਦੇ ਮਿਲਵੇਂ ਲਗਭਗ 20 ਹਜ਼ਾਰ ਸੈਨਿਕ ਵੱਡੇ ਘੱਲੂਘਾਰੇ ਵਿਚ ਮਾਰੇ ਗਏ। ਪਰ ਦੋ ਸਾਲਾਂ ਦੇ ਅੰਦਰ ਅੰਦਰ ਇਨ੍ਹਾਂ ਨੇ ਜਨਵਰੀ 1764 ਈ. ਵਿਚ ਸਰਹਿੰਦ ਨੂੰ ਜਿਤ ਲਿਆ। ਸਰਹਿੰਦ ਸੂਬੇ ਨੂੰ ਜਿਤਣ ਤੋਂ ਬਾਦ ਹਰ ਇਕ ਮਿਸਲ ਨੇ ਆਪਣੇ ਆਪਣੇ ਇਲਾਕੇ ਜਿਤ ਕੇ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਇਨ੍ਹਾਂ ਵਿਚੋਂ ਤਰੁਣਾ ਦਲ ਵਾਲੀਆਂ ਮਿਸਲਾਂ ਵਿਚੋਂ ਅਧਿਕਾਂਸ਼ ਦੀ ਨਿਗਾਹ ਉਤਰੀ ਦੁਆਬਾਂ ਵਲ ਰਹੀ ਅਤੇ ਇਹ ਉਧਰ ਨੂੰ ਪਸਰਦੇ ਗਏ। ਆਪਣੀਆਂ ਆਪਣੀਆਂ ਰਿਆਸਤਾਂ ਕਾਇਮ ਕਰ ਲੈਣ ਨਾਲ ਮਿਸਲਦਾਰਾਂ ਦੀ ਆਪਸੀ ਖ਼ਾਰਬਾਜ਼ੀ ਅਤੇ ਵੈਰ ਵਧਣ ਲਗ ਗਿਆ। ਫਲਸਰੂਪ ਇਨ੍ਹਾਂ ਦੀ ਆਪਸ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ। ਸੁਤੰਤਰ ਤੌਰ ’ਤੇ ਮਿਸਲਾਂ ਦੀ ਸਥਾਪਨਾ ਨਾਲ ਬੁੱਢਾ ਦਲ ਅਤੇ ਤਰੁਣਾ ਦਲ ਦੀ ਨਾਂਵਾਂ ਦੀ ਅਹਿਮੀਅਤ ਘਟਦੀ ਗਈ ਅਤੇ ਇਨ੍ਹਾਂ ਦੀ ਵਰਤੋਂ ਵਿਅਰਥ ਲਗਣ ਲਗੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬੁੱਢਾ ਦਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੁੱਢਾ ਦਲ : ਸੰਨ 1734 ਵਿਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਪੰਥ ਦੇ ਪ੍ਰਬੰਧ ਨੂੰ ਸੁਖਾਵਾਂ ਚਲਾਉਣ ਲਈ ਸਿੱਖਾਂ ਨੂੰ ਦੋ ਭਾਗਾਂ/ਦਲਾਂ ਵਿਚ ਵੰਡ ਦਿੱਤਾ ਗਿਆ। ਇਨ੍ਹਾਂ ਵਿਚੋਂ ਇਕ ਦਾ ਨਾਂ ਬੁੱਢਾ ਦਲ ਅਤੇ ਦੂਜੇ ਦਾ ਨਾਂ ਤਰੁਨਾ ਦਲ ਰਖਿਆ ਗਿਆ। ਬੁੱਢਾ ਦਲ ਵਿਚ 40 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀ ਰਖੇ ਗਏ ਜਦੋਂ ਕਿ ਤਰੁਨਾ ਦਲ ਵਿਚ ਚਾਲ੍ਹੀ ਸਾਲ ਤੋਂ ਘੱਟ ਉਮਰ ਦੇ ਵਿਅਕਤੀ ਸਨ। ਬੁੱਢਾ ਦਲ ਦੇ ਜ਼ਿੰਮੇ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ, ਗੁਰਦੁਆਰਿਆਂ ਦੀ ਦੇਖ ਭਾਲ ਅਤੇ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਲਾਇਆ ਗਿਆ।
ਤਰੁਨਾ ਦਲ ਅਗੇ ਪੰਜਾਂ ਹਿੱਸਿਆਂ ਵਿਚ ਵੰਡਿਆ ਗਿਆ :
1. ਜਥਾ ਸ਼ਹੀਦਾਂ, 2. ਜਥਾ ਅੰਮ੍ਰਿਤਸਰੀਆਂ, 3. ਜਥਾ ਬਾਬਾ ਕਾਹਨ ਸਿੰਘ, 4. ਜਥਾ ਡੱਲੇਵਾਲੀਆਂ ਅਤੇ 5. ਰੰਘਰੇਟਾ ਸਿੰਘਾਂ ਦਾ ਜਥਾ। ਇਥੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੇ ਸਿੰਘ ਦਾ ਜਿਹੜੇ ਜਥੇ ਵਿਚ ਜਾਣ ਨੂੰ ਜੀਅ ਕਰੇ ਉਹ ਜਾ ਸਕਦਾ ਹੈ। ਇਨ੍ਹਾਂ ਪੰਜਾਂ ਜਥਿਆਂ ਨੂੰ ਡੇਰੇ ਵੰਡ ਦਿੱਤੇ ਗਏ। ਬੁੱਢਾ ਦਲ ਅਕਾਲ ਬੁੰਗੇ ਰਹਿ ਗਿਆ ਜਿਸ ਦਾ ਜਥੇਦਾਰ ਨਵਾਬ ਕਪੂਰ ਸਿੰਘ ਸੀ ਤੇ ਇਸ ਵਿਚ ਪ੍ਰਸਿੱਧ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਸ਼ਾਮਲ ਸੀ।
ਸਿੰਘਾਂ ਦੀ ਗਿਣਤੀ ਵੱਧ ਜਾਣ ਕਾਰਨ ਆਮਦਨ ਨਾਲੋਂ ਖ਼ਰਚ ਵਧੇਰੇ ਹੋਣ ਲਗ ਪਿਆ। ਇਸ ਕਰ ਕੇ ਤਰੁਨਾ ਦਲ ਤਾਂ ਹਾਂਸੀ ਹਿਸਾਰ ਵੱਲ ਨਿਕਲ ਗਿਆ। ਪਿੱਛੋਂ ਅੰਮ੍ਰਿਤਸਰ ਕੇਵਲ ਬੁੱਢਾ ਦਲ ਹੀ ਰਹਿ ਗਿਆ। ਸਿੰਘਾਂ ਦੀ ਤਾਕਤ ਖਿੱਲਰੀ ਵੇਖ 1735 ਈ. ਵਿਚ ਸੂਬੇਦਾਰ ਲਾਹੌਰ ਨੇ ਇਨ੍ਹਾਂ ਨੂੰ ਦਿੱਤੀ ਜਾਗੀਰ ਜ਼ਬਤ ਕਰਨ ਲਈ ਤੇ ਨਵਾਬ ਕਪੂਰ ਸਿੰਘ ਜੀ ਨੂੰ ਜਥੇ ਸਮੇਤ ਸਰਕਾਰੀ ਨੌਕਰੀ ਕਰਨ ਲਈ ਕਿਹਾ ਗਿਆ ਪਰ ਸਿੰਘਾਂ ਨੇ ਇਹ ਪ੍ਰਵਾਨ ਨਾ ਕੀਤਾ। ਹੁਣ ਬੁੱਢਾ ਦਲ ਸਾਹਮਣੇ ਖਰਚ ਦੀ ਸਮੱਸਿਆ ਆ ਖੜੀ ਹੋਈ। ਸਿੰਘਾਂ ਨੇ ਜ਼ੋਰ ਨਾਲ ਪਿੰਡਾਂ ਦੇ ਚੌਧਰੀਆਂ ਤੋਂ ਪੈਸੇ ਉਗਰਾਹੁਣੇ ਸ਼ੁਰੂ ਕਰ ਦਿੱਤੇ।
ਇਸ ਨੂੰ ਰੋਕਣ ਲਈ ਸੂਬਾ ਲਾਹੌਰ ਨੇ ਮੁਖਲਸ ਖਾਂ ਤੇ ਦੀਵਾਨ ਲਖਪਤ ਰਾਇ ਨੂੰ ਦਸ ਹਜ਼ਾਰ ਫ਼ੌਜ ਦੇ ਕੇ ਪਿੰਡਾਂ ਦੀ ਗਸ਼ਤ ਲਈ ਤਾਇਨਾਤ ਕੀਤਾ। ਇਸ ਤੋਂ ਤੰਗ ਆ ਕੇ ਸਿੰਘ ਮਾਲਵੇ ਦੇ ਇਲਾਕੇ ਵਿਚ ਪੁੱਜ ਗਏ। ਨਵਾਬ ਕਪੂਰ ਸਿੰਘ ਡੇਰਾ ਪਟਿਆਲੇ ਦੇ ਬਾਨੀ ਬਾਬਾ ਆਲਾ ਸਿੰਘ ਦੀ ਰਾਜਧਾਨੀ ਬਰਨਾਲੇ ਪੁੱਜ ਗਿਆ। ਇਸ ਸਮੇਂ ਬਾਬਾ ਆਲਾ ਸਿੰਘ ਨੇ ਜਥੇ ਦੀ ਭਰਪੂਰ ਸੇਵਾ ਕੀਤੀ ਤੇ ਪਰਿਵਾਰ ਸਹਿਤ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ। ਇਥੋਂ ਚਲ ਕੇ ਬੁੱਢਾ ਦਲ ਮਲੇਰਕੋਟਲੇ ਦੇ ਇਲਾਕੇ ਵਿਚ ਆ ਉਤਰਿਆ। ਸ਼ਰਧਾਲੂਆਂ ਤੋਂ ਨਜ਼ਰਾਨੇ ਲੈਂਦੇ ਤੇ ਬਾਗ਼ੀਆਂ ਨੂੰ ਲੁਟਦੇ ਹੋਏ ਸਿੰਘ ਸਰਹਿੰਦ ਪੁੱਜ ਗਏ ਅਤੇ ਇਸ ਉਪਰੰਤ ਬੁੱਢਾ ਦਲ ਦਾ ਜਥਾ ਸਤਲੁਜ ਟੱਪ ਕੇ ਦੁਆਬੇ ਵਿਚ ਜਾ ਪੁੱਜਿਆ। ਇਥੇ ਇਨ੍ਹਾਂ ਚੰਗੀ ਲੁੱਟ ਮਾਰ ਕੀਤੀ। ਘੁੰਮਦਾ ਘੁਮਾਉਂਦਾ ਤਰੁਨਾ ਦਲ ਵੀ ਇਥੇ ਇਨ੍ਹਾਂ ਨਾਲ ਆ ਰਲਿਆ। ਦੋਵਾਂ ਦਲਾਂ ਨੇ ਰਲ ਕੇ ਫ਼ੈਸਲਾ ਕੀਤਾ ਕਿ ਦੀਵਾਲੀ ਅੰਮ੍ਰਿਤਸਰ ਜਾ ਕੇ ਮਨਾਈ ਜਾਵੇ ਕਿਉਂਕਿ ਹੁਣ ਇਨ੍ਹਾਂ ਕੋਲ ਚੋਖੀ ਮਾਇਆ ਇਕੱਠੀ ਹੋ ਚੁਕੀ ਸੀ। ਦੋਵੇਂ ਦਲ ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਤੋਂ ਹੁੰਦੇ ਹੋਏ ਤਰਨਤਾਰਨ ਆ ਪੁੱਜੇ। ਤਰੁਨਾ ਦਲ ਇਥੇ ਹੀ ਰਿਹਾ ਜਦੋਂ ਕਿ ਬੁੱਢਾ ਦਲ ਬਾਸਰਕੇ ਬੀੜ ਵਿਚ ਜਾ ਉਤਰਿਆ।
ਬੁੱਢਾ ਦਲ ਦੀ ਆਮਦ ਦੀ ਖ਼ਬਰ ਜਦੋਂ ਸੂਬੇਦਾਰ ਲਾਹੌਰ ਕੋਲ ਪੁੱਜੀ ਤਾਂ ਉਸ ਨੇ ਦੀਵਾਨ ਲਖਪਤ ਰਾਇ, ਹੈਬਤ ਖਾਂ, ਸਲਾਮਤ ਖਾਂ ਆਦਿ ਜਰਨੈਲਾਂ ਦੀ ਅਗਵਾਈ ਹੇਠ ਸੱਤ ਹਜ਼ਾਰ ਫ਼ੌਜ ਸਿੰਘਾਂ ਉੱਤੇ ਹਮਲਾ ਕਰਨ ਲਈ ਭੇਜ ਦਿੱਤੀ। ਫ਼ੌਜ ਨੇ ਬਾਸਰਕੇ ਵਿਖੇ ਬੁੱਢਾ ਦਲ ਤੇ ਹੱਲਾ ਬੋਲ ਦਿੱਤਾ। ਬੜਾ ਘਮਸਾਨ ਦਾ ਯੁੱਧ ਹੋਇਆ। ਸਿੰਘ ਭਾਵੇਂ ਥੋੜੇ ਸਨ ਪਰ ਦਲੇਰੀ ਨਾਲ ਲੜੇ। ਮੁਗ਼ਲ ਫ਼ੌਜ ਦੇ ਕਈ ਜਰਨੈਲ ਮਾਰੇ ਗਏ। ਉਧਰੋਂ ਸਮੁੰਦ ਖਾਂ ਹੋਰ ਕੁਮਕ ਲੈ ਕੇ ਪੁੱਜ ਗਿਆ। ਹੁਣ ਸਿੰਘ ਲੜਦੇ ਲੜਾਉਂਦੇ ਖੇਮਕਰਨ ਪੁੱਜ ਗਏ। ਇਹ ਲੜਾਈ 1736 ਈ. ਦੀ ਹੈ। ਇਨ੍ਹਾਂ ਦਿਨਾਂ ਵਿਚ ਲਾਹੌਰ ਦੀ ਸੂਬੇਦਾਰੀ ਜ਼ਕਰੀਆ ਖਾਂ ਕੋਲ ਸੀ। ਉਸ ਨੇ ਸਿੰਘਾਂ ਦਾ ਅੰਮ੍ਰਿਤਸਰ ਆਉਣਾ ਬੰਦ ਕਰ ਦਿੱਤਾ ਅਤੇ ਪ੍ਰਬੰਧ ਲਈ ਦੀਵਾਨ ਲਖਪਤ ਰਾਇ ਨੂੰ ਅੰਮ੍ਰਿਤਸਰ ਭੇਜਿਆ ਜਿਸ ਨੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ। ਮੱਸਾ ਰੰਗੜ ਨੂੰ ਅੰਮ੍ਰਿਤਸਰ ਦਾ ਕੋਤਵਾਲ ਲਾਇਆ ਗਿਆ। ਉਸ ਨੇ ਹਰਿਮੰਦਰ ਸਾਹਿਬ ਦੀ ਮਰਿਯਾਦਾ ਭੰਗ ਕਰ ਦਿੱਤੀ। ਇਸ ਸਮੇਂ ਦੌਰਾਨ ਬਹੁਤ ਪ੍ਰਸਿੱਧ ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਵਿਚ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਮਹਿਤਾਬ ਸਿੰਘ ਆਦਿ ਦੇ ਨਾਂ ਹਨ।
ਜੁਲਾਈ, 1745 ਵਿਚ ਜ਼ਕਰੀਆ ਖਾਂ ਦੀ ਮੌਤ ਹੋ ਗਈ। ਉਸ ਦੇ ਪੁੱਤਰਾਂ ਦਾ ਗੱਦੀ ਲਈ ਝਗੜਾ ਸ਼ੁਰੂ ਹੋ ਗਿਆ ਜੋ ਛੇ ਮਹੀਨੇ ਦੇ ਲਗਭਗ ਚਲਦਾ ਰਿਹਾ। ਸਿੰਘਾਂ ਨੇ ਫਿਰ ਅੰਮ੍ਰਿਤਸਰ ਆਉਣਾ ਸ਼ੁਰੂ ਕਰ ਦਿੱਤਾ ਅਤੇ ਮੁੜ ਆਪਣੀ ਚੰਗੀ ਸਾਖ ਬਣਾ ਲਈ। 14 ਅਕਤੂਬਰ, 1745 ਨੂੰ ਸਿੰਘਾਂ ਨੇ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਇਕੱਠੇ ਹੋ ਕੇ ਬੁੱਢਾ ਦਲ ਤੇ ਤਰੁਨਾ ਦਲ ਨੂੰ ਇਕ ਕਰ ਕੇ ਮੁੜ ‘ਦਲ ਖ਼ਾਲਸਾ‘ ਨਾਂ ਦੀ ਸਾਂਝੀ ਪੰਥਕ ਸੰਸਥਾ ਬਣਾਈ। ਇਸ ਸੰਸਥਾ ਦੇ ਅਗੇ 100-100 ਦੇ 25 ਜੱਥੇ ਬਣਾਏ ਗਏ। ਇਸ ਦੌਰਾਨ ਸਿੰਘਾਂ ਦੀ ਦੀਵਾਨ ਲਖਪਤ ਰਾਇ ਦੀ ਫ਼ੌਜ ਨਾਲ ਕਾਫ਼ੀ ਲੜਾਈ ਹੋਈ ਜਿਸ ਨੂੰ ਛੋਟਾ ਘੱਲੂਘਾਰਾ ਆਖਿਆ ਜਾਂਦਾ ਹੈ।
29 ਮਾਰਚ, 1748 ਨੂੰ ਸਿੰਘ ਵਿਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਇਕੱਠੇ ਹੋਏ। ਇਥੇ 11 ਮਿਸਲਾਂ ਦਾ ਮੁੱਢ ਬੰਨ੍ਹਿਆ ਗਿਆ ਤੇ ਪੰਥ ਦਾ ਸਾਂਝਾ ਜਥੇਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਥਾਪਿਆ ਗਿਆ। ਸੰਨ 1762 ਤਕ ਸਿੱਖ ਮਿਸਲਾਂ ਰਲ ਕੇ ਅਬਦਾਲੀ ਦਾ ਟਾਕਰਾ ਕਰਦੀਆਂ ਰਹੀਆਂ।
12 ਦਸੰਬਰ, 1762 ਨੂੰ ਅਬਦਾਲੀ ਲਾਹੌਰੋਂ ਕਾਬਲ ਵੱਲ ਚਲ ਪਿਆ। ਇਸ ਦੀ ਜਾਂਦੀ ਹੋਈ ਫ਼ੌਜ ਤੇ ਸਿੰਘਾਂ ਨੇ ਰਾਵੀ ਕਿਨਾਰੇ ਹਮਲਾ ਕੀਤਾ ਅਤੇ ਚੰਗੀ ਤਰ੍ਹਾਂ ਲੁੱਟਿਆ। ਅਬਦਾਲੀ ਦੇ ਕਾਬਲ ਵਾਪਸ ਚਲੇ ਜਾਣ ਤੇ ਸਿੰਘਾਂ ਨੇ ਮੁੜ ਅੰਮ੍ਰਿਤਸਰ ਵਿਖੇ ਇਕੱਠ ਕੀਤਾ ਅਤੇ ਸਰਬ ਸੰਮਤੀ ਨਾਲ ਪੰਥ ਦੇ ਮੁੜ ਦੋ ਜੱਥੇ ਬਣਾਏ ਗਏ-ਬੁੱਢਾ ਦਲ ਤੇ ਤਰੁਨਾ ਦਲ। ਬੁੱਢੇ ਦਲ ਦਾ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਬਣਿਆ। ਇਸ ਵਿਚ ਛੇ ਮਿਸਲਾਂ ਸ਼ਾਮਲ ਹੋਈਆਂ ਆਹਲੂਵਾਲੀਆ, ਸਿੰਘਪੁਰੀਆ, ਡੱਲੇਵਾਲੀਆ, ਕਰੋੜਾਸਿੰਘੀਆ, ਨਿਸ਼ਾਨਾਵਾਲੀ ਤੇ ਸ਼ਹੀਦਾਂ। ਇਸ ਦਲ ਨੂੰ ਮੁਲਕ ਵਿਚ ਲੁੱਟ ਮਾਰ ਕਰਨ ਤੇ ਵੈਰੀਆਂ ਨੂੰ ਸਜ਼ਾ ਦੇਣ ਦਾ ਕੰਮ ਸੌਂਪਿਆ ਗਿਆ। ਲਾਹੌਰ ਦੇ ਇਲਾਕੇ ਦੇ ਗਿਰਦ ਚੱਕਰ ਲਾਉਂਦਿਆਂ ਦੁਰਾਨੀ ਦੀ ਫ਼ੌਜ ਦਾ ਇਕ ਦਸਤਾ ਬੁੱਢਾ ਦਲ ਦੇ ਕਾਬੂ ਆ ਗਿਆ। ਇਹ ਉਨ੍ਹਾਂ ਨੂੰ ਫੜ ਕੇ ਅੰਮ੍ਰਤਸਰ ਲੈ ਆਏ ਤੇ ਸਰੋਵਰ ਦੀ ਸੇਵਾ ਕਰਵਾਈ। 10 ਅਪ੍ਰੈਲ, 1763 ਨੂੰ ਵਿਸਾਖੀ ਦੇ ਮੌਕੇ ਤੇ ਤਰੁਨਾ ਦਲ ਦੇ ਸਿੰਘ ਅੰਮ੍ਰਿਤਸਰ ਇਕੱਠੇ ਹੋ ਗਏ। ਇਸ ਸਮੇਂ ਬੁੱਢਾ ਦਲ ਬਿਆਸ ਤੋਂ ਪਾਰ ਫਿਰ ਰਿਹਾ ਸੀ। ਇਨ੍ਹਾਂ ਦੀਆਂ ਮਿਸਲਾਂ ਦੁਆਬਾ ਜਲੰਧਰ ਤੇ ਜਾ ਪਈਆਂ। ਜਲੰਧਰ ਦਾ ਫ਼ੌਜਦਾਰ ਆਦਤਯਾਰ ਖ਼ਾਂ ਸਿੰਘਾਂ ਤੋਂ ਡਰਦਾ ਸ਼ਹਿਰੋਂ ਬਾਹਰ ਹੀ ਨਹੀਂ ਨਿਕਲਿਆ। ਸਾਰਾ ਇਲਾਕਾ ਸਿੱਖ ਸਰਦਾਰਾਂ ਨੇ ਮੱਲ ਲਿਆ। ਬੁੱਢਾ ਦਲ ਇਥੇ ਚਾਰ ਮਹੀਨੇ ਰਿਹਾ।
4 ਨਵੰਬਰ, 1763 ਨੂੰ ਦੋਵੇਂ ਦਲ ਮੁੜ ਅੰਮ੍ਰਿਤਸਰ ਇਕੱਠੇ ਹੋ ਗਏ। ਇਸ ਸਮੇਂ ਹਰਿਮੰਦਰ ਸਾਹਿਬ ਦੀ ਮੁੜ ਨੀਂਹ ਰੱਖੀ ਗਈ। ਦੁਰਾਨੀ ਦੇ ਜਰਨੈਲ ਜ਼ੈਨ ਖਾਂ ਦੀ ਫ਼ੌਜ ਨਾਲ ਸਿੰਘਾਂ ਦੀ ਮੁੜ ਲੜਾਈ ਹੋਈ ਤੇ ਹਾਰ ਖਾ ਕੇ ਉਹ ਕਾਬਲ ਦੌੜ ਗਿਆ। ਅੰਮ੍ਰਿਤਸਰ ਵਿਖੇ ਸੂਬਾ ਸਰਹਿੰਦ ਨੂੰ ਸੋਧਣ ਦਾ ਗੁਰਮਤਾ ਪਾਸ ਕੀਤਾ ਗਿਆ। ਇਸ ਕਾਰਵਾਈ ਵਿਚ ਦੋਹਾਂ ਦਲਾਂ ਅਰਥਾਤ ਬਾਰਾਂ ਮਿਸਲਾਂ ਨੇ ਸ. ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਭਾਗ ਲਿਆ। ਦਸੰਬਰ, 1763 ਵਿਚ ਇਨ੍ਹਾਂ ਨੇ ਮਲੇਰਕੋਟਲੇ ਨੂੰ ਘੇਰਾ ਪਾ ਲਿਆ। ਫਿਰ ਖੇੜੀ, ਮੋਰਿੰਡਾ ਆਦਿ ਦਾ ਇਲਾਕਾ ਲੁਟਿਆ। ਇਸ ਉਪਰੰਤ ਇਨ੍ਹਾਂ ਨੇ ਸਰਹਿੰਦ ਨੂੰ ਤਿੰਨ ਪਾਸਿਆਂ ਤੋਂ ਘੇਰਾ ਪਾ ਲਿਆ। ਬੁੱਢਾ ਦਲ ਭਾਗਨਪੁਰ ਪਿੰਡ ਬੈਠ ਗਿਆ, ਤਰੁਨਾ ਦਲ ਨਨਹੇੜੇ ਅਤੇ ਮਹਾਰਾਜਾ ਆਲਾ ਸਿੰਘ ਪਟਿਆਲਾ ਵਿਖੇ ਸੀ। ਘਮਸਾਨ ਦੀ ਲੜਾਈ ਤੋਂ ਬਾਅਦ ਜਨਵਰੀ, 1764 ਵਿਚ ਸਮੁੱਚੀ ਸਿੱਖ ਫ਼ੌਜ ਨੇ ਸਰਹਿੰਦ ਤੇ ਕਬਜ਼ਾ ਕਰ ਲਿਆ। ਸ. ਜੱਸਾ ਸਿੰਘ ਆਹਲੂਵਾਲੀਏ ਦੀ ਗੋਲੀ ਨਾਲ ਜ਼ੈਨ ਖਾਂ (ਸੂਬਾ ਸਰਹਿੰਦ) ਮਾਰਿਆ ਗਿਆ ਅਤੇ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਵੰਡ ਲਏ।
ਸਰਹਿੰਦ ਫ਼ਤਹਿ ਕਰ ਕੇ ਤਰੁਨਾ ਦਲ ਮਾਝੇ ਨੂੰ ਚਲਾ ਗਿਆ ਅਤੇ ਸ. ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠ ਬੁੱਢਾ ਦਲ ਫ਼ਰਵਰੀ, 1764 ਨੂੰ ਬੁੜੀਆਂ ਘਾਟ ਤੋਂ ਜਮਨਾ ਟੱਪ ਗਿਆ। ਇਸ ਤੋਂ ਬਾਅਦ ਇਹ ਸਹਾਰਨਪੁਰ, ਸ਼ਾਮਲੀ, ਮੀਰਾਂਪੁਰ, ਮੁਜ਼ੱਫਰ ਨਗਰ, ਮੁਰਾਦਾਬਾਦ ਆਦਿ ਦੇ ਇਲਾਕੇ ਲੁਟ ਕੇ ਮੁੜ ਸਰਹਿੰਦ ਆ ਗਏ। ਨਵੰਬਰ, 1764 ਵਿਚ ਜਮਨਾ ਪਾਰ ਬੁੱਢਾ ਦਲ ਦਾ ਮੁਕਾਬਲਾ ਨਜੀਬ-ਉਦ-ਦੌਲਾ ਨਾਲ ਹੋਇਆ ਅਤੇ ਉਹ ਹਾਰ ਗਿਆ। ਉਸ ਨੇ ਮੁੜ ਅਬਦਾਲੀ ਨੂੰ ਬੁਲਾ ਲਿਆ। ਸਿੰਘਾਂ ਤੇ ਅਬਦਾਲੀ ਵਿਚ ਭਾਰੀ ਲੜਾਈ ਹੋਈ। 10 ਅਪ੍ਰੈਲ, 1765 ਨੂੰ ਸਿੱਖ ਮੁੜ ਅੰਮ੍ਰਿਤਸਰ ਵਿਸਾਖੀ ਤੇ ਇਕੱਠੇ ਹੋਏ। ਸਿੰਘਾਂ ਨੇ ਲਾਹੌਰ ਤੇ ਮੁੜ ਕਬਜ਼ਾ ਕਰ ਲਿਆ ਹੁਣ ਉਹ ਸਾਰੇ ਪੰਜਾਬ ਉੱਤੇ ਛਾ ਗਏ। ਮਿਸਲਾਂ ਨੇ ਆਪਣੇ ਵੱਖ ਵੱਖ ਇਲਾਕੇ ਮੱਲ ਲਏ। ਸਤੰਬਰ, 1765 ਵਿਚ ਦੋਹਾਂ ਦਲਾਂ ਨੇ ਨਜੀਬ-ਉਦ-ਦੌਲਾ ਦਾ ਇਲਾਕਾ ਲੁੱਟਣ ਦੀ ਸਲਾਹ ਬਣਾਈ। ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬੁੱਢਾ ਦਲ ਦਿੱਲੀ ਤੋਂ ਪਹਾੜ ਦੀ ਬਾਹੀ ਵੱਲੋਂ ਉਸ ਦੀ ਜਾਗੀਰ ਲੁੱਟਣ ਲਗੇ। ਨਜੀਬ-ਉਦ-ਦੌਲਾ ਰੋਹਤਕ ਤੋਂ ਫ਼ੌਜ ਲੈ ਕੇ ਆਇਆ ਤਾਂ ਸਿੰਘ ਆਪਣੇ ਇਲਾਕੇ ਵਿਚ ਆ ਵੜੇ। ਸੰਨ 1768 ਤਕ ਸਾਰੇ ਪੰਜਾਬ ਉੱਤੇ ਸਿੰਘਾਂ ਦਾ ਰਾਜ ਕਾਇਮ ਹੋ ਚੁੱਕਾ ਸੀ ਅਤੇ ਇਸ ਉਪਰੰਤ ਮਿਸਲਾਂ ਦੀ ਆਪਣੀ ਕਾਰਵਾਈ ਸ਼ੁਰੂ ਹੋ ਗਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-07-02-35-06, ਹਵਾਲੇ/ਟਿੱਪਣੀਆਂ: ਹ. ਪੁ. –ਸਿੱਖ ਰਾਜ ਕਿਵੇਂ ਬਣਿਆ-ਸੋਹਣ ਸਿੰਘ ਸੀਤਲ; ਹਿ. ਸਿ. -ਹਰੀ ਰਾਮ ਗੁਪਤਾ ; ਤ. ਗੁ. ਖਾ.
ਵਿਚਾਰ / ਸੁਝਾਅ
Please Login First