ਭਾਈ ਬਾਲੇ ਵਾਲੀ ਜਨਮਸਾਖੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਾਈ ਬਾਲੇ ਵਾਲੀ ਜਨਮਸਾਖੀ : ਗੁਰੂ ਨਾਨਕ ਦੇਵ ਦੇ ਚਰਿਤ੍ਰ ਨੂੰ ਚਿਤਰਿਤ ਕਰਨ ਵਾਲੀ ਸੁਪ੍ਰਸਿੱਧ ਪਰ ਸੰਦਿਗਧ ਇਸ ਜਨਮਸਾਖੀ ਦਾ ਸਹੀ ਰੂਪ ਕੀ ਹੈ ? ਇਸ ਬਾਰੇ ਅਜੇ ਤਕ ਕੋਈ ਤੱਥ ਆਧਾਰਿਤ ਖੋਜ ਸਾਹਮਣੇ ਨਹੀਂ ਆਈ । ਸਭ ਤਰ੍ਹਾਂ ਦੀਆਂ ਜਨਮਸਾਖੀਆਂ ਨਾਲੋਂ ਇਸ ਦੀਆਂ ਹੱਥ-ਲਿਖਿਤਾਂ ਅਧਿਕ ਮਿਲਦੀਆਂ ਹਨ ਅਤੇ ਪ੍ਰਕਾਸ਼ਿਤ ਰੂਪ ਵਿਚ ਵੀ ਸਭ ਨਾਲੋਂ ਵਧ ਇਹੀ ਮਿਲਦੀ ਹੈ । ਇਸ ਦੇ ਛਪੇ ਸੰਸਕਰਣਾਂ ਵਿਚ ਅਨੇਕਾਂ ਸਰੋਤਾਂ ਤੋਂ ਸਾਖੀਆਂ ਲੈ ਕੇ ਉਨ੍ਹਾਂ ਨੂੰ ਵੱਡੇ ਤੋਂ ਵੱਡਾ ਬਣਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ । ਇਸ ਦੀਆਂ ਤਿੰਨ ਮਹੱਤਵਪੂਰਣ ਹੱਥ­ -ਲਿਖਿਤਾਂ ਉਪਲਬਧ ਹਨ— ( 1 ) ਸੰਨ 1658 ਈ. ( 1715 ਬਿ. ) ਵਿਚ ਲਿਖੀ ਇਕ ਪੋਥੀ ਜੋ ਸਵ.ਸ੍ਰੀ ਪਿਆਰੇ ਲਾਲ ਕਪੂਰ , ਮਕਾਨ ਨੰ : 2768/1 , ਗਲੀ ਪਿਪਲ ਮਹਾਦੇਵ , ਹੌਜ਼ ਕਾਜ਼ੀ , ਦਿੱਲੀ ਦੀ ਸੰਤਾਨ ਪਾਸ ਸੁਰਖਿਅਤ ਹੈ । ( 2 ) ਸੰਨ 1724 ਈ. ( 1781 ਬਿ. ) ਵਿਚ ਲਿਖੀ ਇਕ ਪੋਥੀ ਜੋ ਭਾਈ ਅਰਿਦਮਨ ਸਿੰਘ ਬਾਗੜੀਆਂ ਦੀ ਸੰਤਾਨ ਪਾਸ ਸੰਭਾਲੀ ਹੋਈ ਹੈ । ( 3 ) ਸੰਨ 1768 ਈ. ( 1825 ਬਿ. ) ਵਿਚ ਲਿਖੀ ਇਕ ਪੋਥੀ ਜੋ ਪਹਿਲਾਂ ਮਹੰਤ ਰਾਮ ਕਿਸ਼ਨ ਦਾਸ , ਉਦਾਸੀਨ ਆਸ਼੍ਰਮ , ਪੱਛਮੀ ਦਰਵਾਜ਼ਾ , ਪਟਨਾ ਪਾਸ ਸੁਰਖਿਅਤ ਸੀ , ਪਰ ਹੁਣ ਉਨ੍ਹਾਂ ਤੋਂ ਮਨੋਹਰ ਸਿੰਘ ਮਾਰਕੋ , ਦਿੱਲੀ ਲੈ ਆਇਆ ਹੈ ।

ਇਸ ਜਨਮਸਾਖੀ ਦੇ ਵਿਸ਼ੇ-ਵਸਤੂ ਸੰਬੰਧੀ ਸੰਦੇਹ ਦੀ ਭਾਵਨਾ ਦਾ ਆਰੰਭ ਮਨੀ ਸਿੰਘ ਜਨਮ-ਸਾਖੀ ਦੀ ਪ੍ਰਸਤਾਵਨਾ ਤੋਂ ਹੁੰਦਾ ਹੈ । ਜਨਮ-ਸਾਖੀਆਂ ਵਿਚ ਅਤਿ ਅਧਿਕ ਰਲਿਆਂ ਦੇ ਫਲਸਰੂਪ ਇਕ ਵਾਰ ਸਿੱਖਾਂ ਨੇ ਭਾਈ ਮਨੀ ਸਿੰਘ ਅਗੇ ਅਰਦਾਸ ਕੀਤੀ ਕਿ ਗੋਸ਼ਟਿ ( ਜਨਮਸਾਖੀ ) ਵਿਚ ਛੋਟੇ ਮੇਲ ਵਾਲਿਆਂ ਨੇ ਕੁਝ ਅਨੁਚਿਤ ਗੱਲਾਂ ਸ਼ਾਮਲ ਕਰ ਦਿੱਤੀਆਂ ਹਨ , ਜਿਨ੍ਹਾਂ ਨੂੰ ਪੜ੍ਹ ਕੇ ਗੁਰੂ ਜੀ ਪ੍ਰਤਿ ਸਿੱਖਾਂ ਦਾ ਵਿਸ਼ਵਾਸ ਘਟ ਹੋ ਜਾਂਦਾ ਹੈ । ਚੂੰਕਿ ਤੁਸੀਂ ਪ੍ਰਮਾਣਿਕ ਵਿਦਵਾਨ ਹੋ , ਇਸ ਲਈ ਵਸਤੂ-ਸਥਿਤੀ ਦਾ ਸਹੀ ਗਿਆਨ ਕਰਾਓ ।

ਉਤਰ ਵਿਚ ਭਾਈ ਮਨੀ ਸਿੰਘ ਨੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਪੰਜਵੇਂ ਗੁਰੂ ਦੇ ਸਾਹਮਣੇ ਸਿੱਖਾਂ ਅਰਦਾਸ ਕੀਤੀ ਜੋ ਗੋਸ਼ਟਾਂ ਦੀ ਮ੍ਰਿਜਾਦਾ ਕੋਈ ਹੋਈ ਨਹੀਂ ਮਤਿ ਪੰਜਾਂ ਮੇਲਾਂ ਵਾਲੇ ਜਨਮਸਾਖੀ ਵਿਚ ਅਜੁਗਤਾਂ ਪਾਇ ਕੇ ਸਿੱਖਾਂ ਨੂੰ ਭਰਮਾਇ ਦਿੰਦੇ ਹੋਵਨ ਤਾਂ ਭਾਈ ਗੁਰਦਾਸ ਨੂੰ ਬਚਨ ਹੋਇਆ ਕਿ ਤੁਸਾਂ ਜਨਮਸਾਖੀ ਦੀ ਇਕ ਵਾਰ ਕਰਨੀ ਜੋ ਗੁਰੂ ਦੇ ਸਿੱਖ ਉਸ ਵਾਰ ਦੇ ਅਨੁਸਾਰ ਸਾਖੀ ਨੂੰ ਸੁਣਨ ਪੜ੍ਹਨਗੇ ਤਾਂ ਹੀ ਤੇ ਭਾਈ ਗੁਰਦਾਸ ਜੀ ਦੀ ਜੋ ਵਾਰ ਹੈ ਗਿਆਨ ਰਤਨਾਵਲੀ ਸੋਈ ਜਨਮਸਾਖੀ ਹੈ

ਇਸ ਤੋਂ ਭਲੀ-ਭਾਂਤ ਸਪੱਸ਼ਟ ਹੈ ਕਿ ਜਨਮਸਾਖੀ ਦੀਆਂ ਗੋਸ਼ਟਾਂ ਵਿਚ ਹੇਰ-ਫੇਰ ਕਰਨ ਅਤੇ ਰਲੇ ਪਾਉਣ ਦੀ ਸੰਭਾਵਨਾ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੀ ਪੈਦਾ ਹੋ ਗਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤਕ ਜਨਮਸਾਖੀਆਂ ਦੇ ਕੁਝ ਕੁ ਅਜਿਹੇ ਸੰਸਕਰਣ ਲਿਖੇ ਜਾ ਚੁਕੇ ਹਨ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਸਿੱਖ ਸ਼ਰਧਾਲੂਆਂ ਦੇ ਮਨ ਸ਼ੰਕਿਤ ਹੋ ਗਏ ਸਨ ।

ਭਾਵੇਂ ਭਾਈ ਬਾਲੇ ਵਾਲੀ ਜਨਮਸਾਖੀ ਦੀ ਸੰਦਿਗਧਤਾ ਸੰਬੰਧੀ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਕੋਈ ਸਿਧਾ ਉਲੇਖ ਨਹੀਂ ਹੈ , ਫਿਰ ਵੀ ਵਿਚਾਰਾਧੀਨ ਜਨਮਸਾਖੀ ਵਿਚ ਸੰਕਲਿਤ ਸਾਖੀਆਂ ਹੀ ਦੂਜੀਆਂ ਦੇ ਮੁਕਾਬਲੇ ਜ਼ਿਆਦਾ ਆਪੱਤੀਜਨਕ ਅਤੇ ਗੁਰੂ-ਚਰਿਤ੍ਰ ਨੂੰ ਦੂਸ਼ਿਤ ਕਰਨ ਵਾਲੀਆਂ ਹਨ । ਇਸ ਲਈ ਪ੍ਰਕਾਰਾਂਤਰ ਨਾਲ ਇਹ ਉਹੀ ਜਨਮਸਾਖੀ ਸਿੱਧ ਹੁੰਦੀ ਹੈ ਜਿਸ ਪ੍ਰਤਿ ਭਾਈ ਮਨੀ ਸਿੰਘ ਨੇ ਆਪੱਤੀ ਪ੍ਰਗਟ ਕੀਤੀ ਸੀ । ਇਸ ਤਰ੍ਹਾਂ ਇਸ ਜਨਮਸਾਖੀ ਦੀ ਸੰਦਿਗਧਤਾ ਦੇ ਇਤਿਹਾਸ ਦਾ ਆਰੰਭ ਭਾਈ ਮਨੀ ਸਿੰਘ ਜਨਮਸਾਖੀ ਤੋਂ ਹੁੰਦਾ ਹੈ ।

ਭਾਈ ਮਨੀ ਸਿੰਘ ਤੋਂ ਬਾਦ ਸਿੱਖ ਜਗਤ ਆਪਣੀ ਸੁਰਖਿਆ ਲਈ ਸੰਘਰਸ਼ਾਂ ਅਤੇ ਯੁੱਧਾਂ ਵਿਚ ਇਤਨਾ ਰੁਝਿਆ ਰਿਹਾ ਕਿ ਉਸ ਤੋਂ ਆਪਣੇ ਧਰਮ-ਇਤਿਹਾਸ ਨੂੰ ਲਿਖਣ ਸੰਬੰਧੀ ਕੋਈ ਉਚਿਤ ਵਿਵਸਥਾ ਹੀ ਨ ਹੋ ਸਕੀ । ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਗੱਦੀ ਉਤੇ ਬੈਠਣ ਤਕ ਇਸ ਸੰਬੰਧੀ ਲਗਭਗ ਉਪੇਖਿਆ ਦੀ ਰੁਚੀ ਹੀ ਅਪਣਾਈ ਜਾਂਦੀ ਰਹੀ । ਪਰ ਮਹਾਰਾਜੇ ਦੇ ਰਾਜ-ਕਾਲ ਵੇਲੇ ਜਦ ਭਾਈ ਸੰਤੋਖ ਸਿੰਘ ਨੇ ਆਪਣੇ ਸੁਪ੍ਰਸਿੱਧ ਗ੍ਰੰਥਗੁਰੂ ਨਾਨਕ ਪ੍ਰਕਾਸ਼ ’ ਦੀ ਸਿਰਜਨਾ ( 1823 ਈ. ) ਲਈ ਸਰੋਤ ਸਾਮਗ੍ਰੀ ਦੀ ਪਰੀਖਿਆ ਕੀਤੀ ਤਾਂ ਉਨ੍ਹਾਂ ਨੇ ਬਾਲਾ ਜਨਮਸਾਖੀ ਵਿਚ ਹੰਦਾਲੀਆਂ ਅਤੇ ਕਬੀਰ ਪੰਥੀਆਂ ਦੁਆਰਾ ਜਾਣ-ਬੁਝ ਕੇ ਰਲੇ ਪਾਉਣ ਵਲ ਉਚੇਚੇ ਤੌਰ ’ ਤੇ ਸੰਕੇਤ ਕੀਤਾ , ਜਿਵੇਂ :

ਪੰਨੇ ਛੇਦੇ ਦਏ ਬਹਾਈ

ਸ੍ਰੀ ਗੁਰ ਅੰਗਦ ਲਿਖਵਾਈ

ਤਿ ਕੋ ਤਾਤਪਰਜ ਸਭਿ ਚੀਨੈ

ਧਿਕ ਬਦਨ ਅਪਨੇ ਲਿਖਿਦੀਨੇ ੨੮

( ਅਧਿ. 37 )

ਇਸ ਪਿਛੋਂ ਭਾਈ ਰਤਨ ਸਿੰਘ ਭੰਗੂ ਨੇ ‘ ਪ੍ਰਾਚੀਨ ਪੰਥ ਪ੍ਰਕਾਸ਼ ’ ਵਿਚ , ਗਿਆਨੀ ਗਿਆਨ ਸਿੰਘ ਨੇ ‘ ਪੰਥ ਪ੍ਰਕਾਸ਼ ’ ਵਿਚ , ਡਾ. ਟ੍ਰੰਪ ਨੇ ‘ ਆਦਿ ਗ੍ਰੰਥ ’ ਵਿਚ , ਇਸ ਜਨਮਸਾਖੀ ਵਿਚ ਪਾਏ ਗਏ ਰਲਿਆਂ ਬਾਰੇ ਸੰਕੇਤ ਕੀਤਾ ਹੈ । ਇਨ੍ਹਾਂ ਤੋਂ ਬਾਦ ਪ੍ਰੋ. ਗੁਰਮੁਖ ਸਿੰਘ ਨੇ ‘ ਸੁਧਾਰਾਰਕ’ ਨਾਂ ਦੀ ਮਾਸਿਕ ਪਤ੍ਰਿਕਾ ( 1886 ਈ. ਨੰਬਰ 2 ਜਿਲਦ 1 ) ਵਿਚ ਇਸ ਜਨਮਸਾਖੀ ਬਾਰੇ ਵਿਸਤਾਰ ਸਹਿਤ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ । ਆਪਣੇ ਲੇਖ ਦੇ ਪੂਰਬਾਰਧ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਵਸ ਸੰਬੰਧੀ ਜੋਤਿਸ਼ ਵਿਦਿਆ ਅਤੇ ਜਨਮ-ਕੁੰਡਲੀ ਦੇ ਆਧਾਰ’ ਤੇ ਵਿਸ਼ਲੇਸ਼ਣ ਕੀਤਾ ਹੈ ਅਤੇ ਵਿਸਾਖ ਮਹੀਨੇ ਦੀ ਤਿਥੀ ਨੂੰ ਸਹੀ ਸਿੱਧ ਕੀਤਾ ਹੈ ਅਤੇ ਉਤਰਾਰਧ ਵਿਚ ਇਸ ਜਨਮ-ਸਾਖੀ ਦੀ ਸੰਦਿਗਧਤਾ ਦੇ ਕਾਰਣਾਂ ਉਤੇ ਪ੍ਰਕਾਸ਼ ਪਾਇਆ ਹੈ ।

ਇਸ ਜਨਮਸਾਖੀ ਦੀ ਸੰਦਿਗਧਤਾ ਦੇ ਇਤਿਹਾਸ ਦਾ ਵਿਵਸਥਿਤ ਅਤੇ ਲਗਭਗ ਅੰਤਿਮ ਰੂਪ ‘ ਕਤਕ ਕਿ ਵਿਸਾਖ’ ਪੁਸਤਕ ਰਾਹੀਂ 1912 ਈ. ਵਿਚ ਪੇਸ਼ ਕੀਤਾ ਗਿਆ ਹੈ । ਇਸ ਦੇ ਲੇਖਕ ਭਾਈ ਕਰਮ ਸਿੰਘ ਹਿਸਟੋਰੀਅਨ ਨੇ ਇਸ ਦੀ ਸੰਦਿਗਧਤਾ ਦੇ ਕਾਰਣਾਂ ਨੂੰ ਅਗੇ ਲਿਖੇ ਅੱਠ ਭਾਗਾਂ ਵਿਚ ਵੰਡਿਆ ਹੈ : ( ੳ ) ਅਸੰਭਵ ਘਟਨਾਵਾਂ , ( ਅ ) ਭੂਗੋਲ ਸੰਬੰਧੀ ਭੁੱਲਾਂ , ( ੲ ) ਖਗੋਲ ਸੰਬੰਧੀ ਭੁੱਲਾਂ , ( ਸ ) ਅਯੋਗ ਗੱਲਾਂ , ( ਹ ) ਗੁਰੂ ਨਾਨਕ ਵਿਰੁੱਧ ਗੱਲਾਂ , ( ਕ ) ਹਿਸਾਬ ਸੰਬੰਧੀ ਭੁੱਲਾਂ , ( ਖ ) ਜੋਤਿਸ਼ ਸੰਬੰਧੀ ਭੁੱਲਾਂ ਅਤੇ ( ਗ ) ਇਤਿਹਾਸ ਸੰਬੰਧੀ ਭੁੱਲਾਂ ।

ਇਸ ਜਨਮਸਾਖੀ ਦੇ ਆਰੰਭ ਵਿਚ ਲਿਖੀ ਉਥਾਨਿਕਾ ਇਸ ਦੇ ਕਰਤ੍ਰਿਤਵ ਅਤੇ ਰਚਨਾ-ਕਾਲ ਵਲ ਸੰਕੇਤ ਕਰਦੀ ਹੈ , ਜਿਵੇਂ :

                      ਜਨਮਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਸੰਮਤ 1582 ਪੰਦਰਹ ਸੈ ਬੈਆਸੀਆ ਮਿਤਿ ਬੈਸਾਖ ਸੁਦੀ ਪੰਚਮੀ ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਕੇ ਖਤ੍ਰੀ ਗੁਰੂ ਅੰਗਦਿ ਲਿਖਵਾਈੇ ਪੈੜਾ ਮੋਖਾ ਬਾਲੇ ਸੰਧੂ ਜਟੇ ਨਾਲਿ ਰਾਇ ਭੋਏ ਦੀ ਤਲਵੰਡੀ ਆਇਆ ਆਹਾ ਗੁਰੂ ਅੰਗਦ ਜੀ ਨੇ ਢੂਢਿ ਕੈ ਲਧਾ ਆਹਾ ਦੁਇ ਮਹੀਨੇ ਸਤਾਰਹ ਦਿਨ ਲਿਖਾਦਿਆ ਲਗੇ ਆਹੇ ਜੋ ਹਕੀਕਤ ਆਹੀ ਜਿਥੇ ਜਿਥੇ ਫਿਰੇ ਆਹੇ ਤਿਥੋ ਤਿਥੋ ਦੀ ਹਕੀਕਤ ਸਹਿਜ ਨਾਲਿ ਭਾਈ ਬਾਲੇ ਲਿਖਾਈ ( ਪਤਰਾ 1 )

ਇਸ ਜਨਮਸਾਖੀ ਵਿਚ ਬਾਲੇ ਦੁਆਰਾ ਦਿੱਤਾ ਸਾਰਾ ਵਿਵਰਣ ਅਨੑਯ ਪੁਰਸ਼ ਵਿਚ ਅੰਕਿਤ ਕੀਤਾ ਗਿਆ ਹੈ । ਜੇ ਇਹ ਸਾਖੀ ਬਾਲੇ ਦੀ ਆਪਣੀ ਲਿਖਵਾਈ ਹੁੰਦੀ ਤਾਂ ਵਿਵਰਣ ਪ੍ਰਥਮ ਪੁਰਸ਼ ਵਿਚ ਦਿੱਤਾ ਹੁੰਦਾ । ਇਸ ਤੋਂ ਇਲਾਵਾ , ਇਸ ਵਿਚ ਸਾਖੀਆਂ ਦਾ ਕ੍ਰਮ ਬਹੁਤ ਅਵਿਵਸਥਿਤ ਹੈ , ਕਈ ਮਹੱਤਵਪੂਰਣ ਸਾਖੀਆਂ ਸੰਕਲਿਤ ਹੀ ਨਹੀਂ ਹੋਈਆਂ । ਕਰਤਾਰਪੁਰ ਦੀ ਸਥਾਪਨਾ ਦਾ ਉੱਲੇਖ ਵੀ ਨਹੀਂ ਹੈ , ਇਸ ਦੀ ਥਾਂ’ ਤੇ ਗੁਰੂ ਜੀ ਦਾ ਪਖੋਕੇ ਰੰਧਾਵੇ ਵਿਚ ਨਿਵਾਸ ਕਰਵਾਇਆ ਗਿਆ ਹੈ । ਇਹ ਸਾਰੇ ਤੱਥ ਇਸ ਦੀ ਅਪ੍ਰਮਾਣਿਕਤਾ ਵਲ ਸੰਕੇਤ ਕਰਦੇ ਹਨ ।

ਇਸ ਵਿਸ਼ਲੇਸ਼ਣ ਤੋਂ ਸਿੱਧ ਹੈ ਕਿ ਨ ਤਾਂ ਬਾਲਾ ਸੰਧੂ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ ਅਤੇ ਨ ਹੀ ਉਸ ਦਾ ਜੁਟਾਇਆ ਵਿਵਰਣ ਦੀ ਯਥਾਰਥਤਾ ਦੀ ਕਸੌਟੀ’ ਤੇ ਪੂਰਾ ਉਤਰਦਾ ਹੈ । ਥਾਂ ਥਾ ਉਤੇ ਇਨ੍ਹਾਂ ਸਾਖੀਆਂ ਦੇ ਮਹੱਤਵ ਦਾ ਪ੍ਰਤਿਪਾਦਨ ਕਰਕੇ ਇਸ ਨੂੰ ਹੋਰ ਵੀ ਅਧਿਕ ਸ਼ੱਕੀ ਬਣਾ ਦਿੱਤਾ ਗਿਆ ਹੈ ।

ਪੈੜਾ ਮੋਖਾ ਕੌਣ ਸੀ ? ਇਸ ਜਨਮਸਾਖੀ ਦੀ ਪ੍ਰਸਤਾਵਨਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਰਾਹੀਂ ਜੋ ਜਨਮਪਤਰੀ ਤਲਵੰਡੀਓਂ ਮੰਗਵਾਈ , ਉਹ ਸ਼ਾਸਤ੍ਰੀ ਅੱਖਰਾਂ ( ਦੇਵਨਾਗਰੀ ਲਿਪੀ ) ਵਿਚ ਲਿਖੀ ਹੋਈ ਸੀ ਅਤੇ ਉਸ ਨੂੰ ਵਾਚਣ ਅਤੇ ਗੁਰਮੁਖੀ ਵਿਚ ਉਤਾਰਾ ਕਰਵਾਉਣ ਲਈ ਮਹਿਮੇ ਨਾਂ ਦੇ ਵਿਅਕਤੀ ਰਾਹੀਂ ਪੈੜੇ ਮੋਖੇ ਖਤ੍ਰੇਟੇ ਨੂੰ ਸੁਲਤਾਨਪੁਰੋਂ ਬੁਲਵਾਇਆ ਗਿਆ ।

ਇਸ ਜਨਮਸਾਖੀ ਨੂੰ ਅੰਤਿਮ ਰੂਪ ਬਾਲਚੰਦ ਅਤੇ ਬਿਧੀਚੰਦ ਨੇ ਦਿੱਤਾ । ਬਿਧੀਚੰਦ ਦੀ ਮ੍ਰਿਤੂ 1654 ਈ. ( 1711 ਬਿ. ) ਵਿਚ ਹੋਈ । ਇਸ ਲਈ ਇਹ ਜਨਮਸਾਖੀ ਦਾ ਅੰਤਿਮ ਰੂਪ 1654 ਈ. ਤੋਂ ਪਹਿਲਾਂ ਆਪਣਾ ਅਸਤਿਤਵ ਧਾਰਣ ਕਰ ਚੁਕਿਆ ਸੀ । ਮੈਕਾਲਿਫ਼ ਨੇ ਇਸ ਜਨਮਸਾਖੀ ਦੀ ਰਚਨਾ 1640 ਈ. ( 1697 ਬਿ. ) ਦੇ ਆਸ-ਪਾਸ ਮੰਨੀ ਹੈ । ਇਸ ਦੀ 1658 ਈ. ( 1715 ਬਿ. ) ਦੀ ਇਕ ਨਕਲ ਉਪਲਬਧ ਹੈ । ਇਸ ਲਈ ਇਸ ਦੀ ਰਚਨਾ 1640 ਈ. ਦੇ ਨੇੜੇ-ਤੇੜੇ ਮੰਨੀ ਜਾ ਸਕਦੀ ਹੈ । ਡਾ. ਗੁਰਬਚਨ ਕੌਰ ਨੇ ਆਪਣੇ ਸ਼ੋਧ-ਪ੍ਰਬੰਧ ਵਿਚ ਰੰਘੜੀ ਨਾਲ ਸੰਬੰਧਿਤ ‘ ਹਰਿਜੀ ਪੋਥੀ’ ( ਰਚਨਾ ਸੰਮਤ 1707 ) ਦੀ 177ਵੀਂ ਸਾਖੀ ਅਤੇ ਇਸ ਜਨਮਸਾਖੀ ( ਸੰਮਤ 1715 ਵਾਲੀ ਪੋਥੀ ) ਦੀ 57ਵੀਂ ਸਾਖੀ ਅਤੇ ਇਸੇ ਤਰ੍ਹਾਂ ‘ ਚਤੁਰਭੁਜ ਪੋਥੀ ’ ( ਰਚਨਾ ਸੰਮਤ 1708 ) ਅਤੇ ਇਸ ਜਨਮਸਾਖੀ ਦੀਆਂ ਮਲਕ ਭਾਗੋ ਨਾਲ ਸੰਬੰਧਿਤ ਸਾਖੀਆਂ ਦੀ ਤੱਥਕ ਅਤੇ ਸੰਰਚਨਾਤਮਕ ਤੁਲਨਾ ਰਾਹੀਂ ਸਥਾਪਿਤ ਕੀਤਾ ਹੈ ਕਿ ਇਹ ਜਨਮਸਾਖੀ ਸੰਮਤ 1708 ਬਿ. ਤੋਂ ਸੰਮਤ 1715 ਬਿ. ਦੇ ਵਿਚਕਾਰ ਕਿਸੇ ਵੇਲੇ ਹੋਂਦ ਵਿਚ ਆਈ ਹੋਵੇਗੀ ।

ਇਸ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਸਾਧਾਰਣ ਵਿਵਰਣ ਤੋਂ ਛੁਟ ਉਨ੍ਹਾਂ ਦੀਆਂ ਉਡਾਰੀਆਂ , ਪਰਬਤਾਂ ਅਤੇ ਖੰਡਾਂ ਉਤੇ ਆਰੋਹਣ , ਬੰਦਰਾਂ ( ਬੰਦਰਗਾਹਾਂ ) ਉਤੇ ਅਵਰੋਹਣ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ , ਜੋ ਬਿਲਕੁਲ ਕਾਲਪਨਿਕ ਹੈ ਅਤੇ ਇਸ ਜਨਮਸਾਖੀ ਦੇ ਇਤਿਹਾਸਿਕ ਆਧਾਰ ਨੂੰ ਨੁਕਸਾਨ ਪਹੁੰਚਾਉਂਦਾ ਹੈ । ਇਨ੍ਹਾਂ ਤਰੁਟੀਆਂ ਤੋਂ ਇਲਾਵਾ , ਇਸ ਜਨਮਸਾਖੀ ਦੇ ਪੁਰਾਤਨ ਜਨਮਸਾਖੀ ਅਤੇ ਮਿਹਰਬਾਨ ਜਨਮਸਾਖੀ ਤੋਂ ਤੱਥਾਂ ਸੰਬੰਧੀ ਕੁਝ ਹੋਰ ਵੀ ਪ੍ਰਮੁਖ ਅੰਤਰ ਹਨ ।

ਜਨਮਸਾਖੀਕਾਰ ਨੇ ਸਾਰੀ ਸਾਮਗ੍ਰੀ ਨੂੰ ਨ ਕੇਵਲ ਪੌਰਾਣਿਕ ਢੰਗ ਵਿਚ ਹੀ ਬੰਨ੍ਹਿਆ ਹੈ , ਸਗੋਂ ਪੁਰਾਣਾਂ ਵਰਗੇ ਵਿਵਰਣਾਂ ਨਾਲ ਵੀ ਇਸ ਨੂੰ ਭਰਪੂਰ ਕੀਤਾ ਹੈ । ਇਨ੍ਹਾਂ ਵਿਚ ਬਹੁਤੇ ਤੱਥ ਤਾਂ ਮਿਥਿਕ ਹਨ ਅਤੇ ਜੋ ਇਤਿਹਾਸਿਕ ਜਾਂ ਵਾਸਤਵਿਕ ਪ੍ਰਤੀਤ ਹੁੰਦੇ ਹਨ ਉਨ੍ਹਾਂ ਦੀ ਪੁਸ਼ਟੀ ਲਈ ਕੋਈ ਹੋਰ ਸਰੋਤ ਉਪਲਬਧ ਨਹੀਂ ਹੈ । ਇਸ ਲਈ ਇਹ ਇਤਿਹਾਸ-ਨੁਮਾ-ਸਾਮਗ੍ਰੀ ਪ੍ਰਮਾਣ-ਪੁਸ਼ਟੀ ਦੇ ਅਭਾਵ ਵਿਚ ਅਣਇਤਿਹਾਸਿਕ ਪ੍ਰਤੀਤ ਹੁੰਦੀ ਹੈ । ਇਹੀ ਕਾਰਣ ਹੈ ਕਿ ਮੈਕਲਿਉਡ ਵਰਗੇ ਆਧੁਨਿਕ ਵਿਦਵਾਨਾਂ ਨੇ ਜਨਮਸਾਖੀਆਂ ਦੇ ਤੱਥਾਂ ਨੂੰ ਭ੍ਰਾਂਤ ਸਿਧ ਕਰਨ ਦੀ ਜੋ ਪਹੁੰਚ ਵਿਧੀ ਦਰਸਾਈ ਹੈ , ਉਸ ਵਿਚ ਬਹੁਤਾ ਹਿੱਸਾ ਇਸੇ ਜਨਮਸਾਖੀ ਦਾ ਹੈ ।

ਤੱਥਕ ਤੌਰ’ ਤੇ ਇਤਨੀ ਅਵਿਸ਼ਵਸਤ ਜਨਮ- ਸਾਖੀ ਅਧਿਕ ਲੋਕ-ਪ੍ਰਿਯ ਕਿਉਂ ਹੋਈ ? ਇਸ ਬਾਰੇ ਕੋਈ ਵਿਗਿਆਨਿਕ ਸਮਾਧਾਨ ਪੇਸ਼ ਨਹੀਂ ਕੀਤਾ ਗਿਆ । ਮੇਰੀ ਜਾਚੇ ‘ ਪੁਰਾਤਨ ਜਨਮਸਾਖੀ’ ਵਿਚਲੇ ਕਥਾ-ਰਸ ਦੇ ਅਭਾਵ ਨੇ ਉਸ ਨੂੰ ਲੋਕ-ਪ੍ਰਿਯ ਨ ਹੋਣ ਦਿੱਤਾ । ਮਿਹਰਬਾਨ ਵਾਲੀ ਜਨਮਸਾਖੀ ਨੂੰ ਸੰਪ੍ਰਦਾਇਕ ਮਤ-ਵਿਰੋਧ ਅਤੇ ਮੀਣਾ ਸੰਪ੍ਰਦਾਇ ਪ੍ਰਤਿ ਸਿੱਖ ਜਗਤ ਦੀ ਅਣਚਾਹਤ ਨੇ ਮਕਬੂਲ ਨ ਹੋਣ ਦਿੱਤਾ ।

ਇਸ ਜਨਮਸਾਖੀ ਦੀ ਅਧਿਕ ਪ੍ਰਸਿੱਧੀ ਦੇ ਤਿੰਨ ਕਾਰਣ ਪ੍ਰਤੀਤ ਹੁੰਦੇ ਹਨ । ਇਕ ਇਹ ਕਿ ਇਸ ਵਿਚ ਬਾਕੀਆਂ ਨਾਲੋਂ ਕਥਾ-ਅੰਸ਼ ਕਿਤੇ ਅਧਿਕ ਹੈ । ਦੂਜੇ , ਇਸ ਦੀ ਪੌਰਾਣਿਕ ਭਾਵਨਾ ਯੁਗ ਦੀ ਸ਼ਰਧਾ ਬਿਰਤੀ ਦੇ ਬਹੁਤ ਅਨੁਰੂਪ ਰਹੀ ਹੈ , ਕਿਉਂਕਿ ਇਸ ਨਾਲ ਆਵੱਸ਼ਕ ਵਿਸਮਾਦੀ ਵਾਯੂਮੰਡਲ ਸਿਰਜਿਆ ਜਾ ਸਕਿਆ ਸੀ । ਤੀਜੇ , ਇਸ ਨੂੰ ਗੁਰੂ ਅੰਗਦ ਦੇਵ ਜੀ ਦੁਆਰਾ ਲਿਖਵਾਏ ਜਾਣ ਦਾ ਕਥਨ ਲੋਕ ਸਵੀਕ੍ਰਿਤੀ ਲਈ ਪ੍ਰੇਰਣਾ ਦਿੰਦਾ ਹੈ ।

ਇਸ ਜਨਮਸਾਖੀਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਚਿਤਰਦਿਆਂ ਉਹੀ ‘ ਨਰ ਤੋਂ ਨਰਾਇਣ’ ਵਾਲੀ ਪੂਰਵ-ਵਰਤੀ ਪ੍ਰਵ੍ਰਿੱਤੀ ਅਪਣਾਈ ਹੈ । ਫ਼ਰਕ ਇਹ ਹੈ ਕਿ ਇਸ ਦੇ ਲੇਖਕ ਨੇ ਨਾਰਾਇਣਤਵ ਲਈ ਨ ਇਤਨਾ ਹੋਰਨਾਂ ਪਾਤਰਾਂ ਜਾਂ ਘਟਨਾਵਾਂ ਨੂੰ ਵਰਤਿਆ ਹੈ ਅਤੇ ਨ ਹੀ ਅਧਿਆਤਮਿਕ ਪਰਿਚਰਚਾ ਜਾਂ ਬਾਣੀ-ਮਹਾਤਮ ਦੇ ਪ੍ਰਸੰਗਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਚਰਿਤ੍ਰ ਵਿਚ ਅਲੌਕਿਕਤਾ ਨੂੰ ਚਿਤਰਿਆ ਹੈ , ਜਿਤਨਾ ਆਪਣੇ ਮੰਤਵ ਲਈ , ਉਸ ਨੇ ਪੌਰਾਣਿਕ ਜੁਗਤ ਨੂੰ ਵਰਤਿਆ ਹੈ । ਚਰਿਤ੍ਰ-ਗਤ ਵਿਚਿਤ੍ਰਤਾ ਅਤੇ ਅਦਭੁਤ ਘਟਨਾ-ਸੰਯੋਜਨ ਇਸ ਪੌਰਾਣਿਕ ਜੁਗਤ ਦੀਆਂ ਆਧਾਰ ਵਿਧੀਆਂ ਹਨ । ਫਲਸਰੂਪ ਇਤਿਹਾਸਿਕ ਸਤਿਅਤਾ ਦੇ ਦਰਸ਼ਨ ਇਸ ਜਨਮਸਾਖੀ ਵਿਚ ਬਹੁਤ ਘਟ ਹੁੰਦੇ ਹਨ । ਇਸ ਵਿਚ ਦਿੱਤੇ ਗੁਰੂ ਜੀ ਦੇ ਸੰਬੰਧੀਆਂ ਦੇ ਨਾਂ ਅਤੇ ਘਟਨਾਵਾਂ ਦੀਆਂ ਤਿਥੀਆਂ ਜ਼ਰੂਰ ਇਸ ਦੇ ਮਹੱਤਵ ਨੂੰ ਵਧਾਉਂਦੀਆਂ ਹਨ , ਪਰ ਇਹ ਤਦ ਹੀ ਮੰਨਣ-ਯੋਗ ਹਨ ਜੇ ਕਿਸੇ ਹੋਰ ਪ੍ਰਮਾਣਿਕ ਸਰੋਤ ਤੋਂ ਇਨ੍ਹਾਂ ਦੀ ਪੁਸ਼ਟੀ ਹੋਵੇ । ਗ਼ੈਰ-ਸਮਕਾਲੀਆਂ ਨਾਲ ਗੁਰੂ ਜੀ ਦੀ ਭੇਂਟ ਕਰਾਉਣ ਅਤੇ ਹੋਰ ਗੁਰੂ ਸਾਹਿਬਾਨ ਜਾਂ ਸਾਧਕਾਂ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਉਚਰਵਾਉਣ ਦੀ ਪੂਰਵ- ਵਰਤੀ ਜਨਮਸਾਖੀਆਂ ਵਾਲੀ ਪ੍ਰਵ੍ਰਿੱਤੀ ਇਸ ਵਿਚ ਵੀ ਮੌਜੂਦ ਹੈ । ਇਸ ਨਾਲ ਵੀ ਇਤਿਹਾਸਿਕਤਾ ਦਾ ਅੰਸ਼ ਜ਼ਰੂਰ ਘਟਿਆ ਹੈ ।

                      ਸਾਹਿਤਿਕਤਾ : ਸਾਹਿਤਿਕ ਦ੍ਰਿਸ਼ਟੀ ਤੋਂ ਭਾਵੇਂ ਇਹ ਜਨਮਸਾਖੀ ਪਰੰਪਰਾ ਨੂੰ ਅਗੇ ਤੋਰਨ ਵਾਲੀ ਇਕ ਮਹੱਤਵਪੂਰਣ ਕੜੀ ਹੈ ਪਰ ਇਸ ਵਿਚ ਉਹ ਸਾਹਿਤਿਕ ਸੋਹਜ ਅਤੇ ਅਭਿਵਿਅਤੀਗਤ ਜਲਾਲ ਨਹੀਂ ਮਿਲਦਾ , ਜਿਸ ਦੇ ਦਰਸ਼ਨ ਸਾਨੂੰ ‘ ਪੁਰਾਤਨ ਜਨਮਸਾਖੀ’ ਵਿਚ ਹੁੰਦੇ ਹਨ । ਇਸ ਵਿਚ ਸਾਖੀਆਂ ਦੇ ਸੰਦਰਭ ਵਿਚ ਕਈ ਗੋਸ਼ਟਾਂ ਲਿਖੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਕੁਝ ਕੁ ਪ੍ਰਮੁਖ ਹਨ— ਸ਼ੇਖ ਬ੍ਰਹਮ ਨਾਲ ਗੋਸ਼ਟਿ , ਕਲਜੁਗ ਨਾਲ ਗੋਸ਼ਟਿ , ਰਾਜੇ ਸ਼ਿਵਨਾਭ ਨਾਲ ਗੋਸ਼ਟਿ , ਮਕੇ ਦੀ ਗੋਸ਼ਟਿ , ਮਦੀਨੇ ਦੀ ਗੋਸ਼ਟਿ ਆਦਿ । ਇਨ੍ਹਾਂ ਵਿਚੋਂ ਕਈ ਗੋਸ਼ਟਾਂ ਸੁਤੰਤਰ ਰੂਪ ਵਿਚ ਲਿਖੀਆਂ ਹੋਈਆਂ ਮਿਲਦੀਆਂ ਹਨ ।

ਪਰਮਾਰਥ ਲਿਖਣ ਦੀ ਪਰੰਪਰਾ ਇਸ ਵਿਚ ਮਿਹਰਬਾਨ ਵਾਲੀ ਜਨਮਸਾਖੀ ਤੋਂ ਬਹੁਤ ਘਟ ਹੈ । ਅਸਲ ਵਿਚ ‘ ਪੁਰਾਤਨ ਜਨਮਸਾਖੀ’ ਚਮਤਕਾਰਯੁਕਤ ਘਟਨਾ ਵਰਣਨ’ ਤੇ ਬਲ ਦਿੰਦੀ ਹੈ , ਮਿਹਰਬਾਨ ਵਾਲੀ ਜਨਮਸਾਖੀ ਪਰਮਾਰਥ ਲਿਖਣ ਨੂੰ ਆਪਣਾ ਰਚਨਾ-ਉਦੇਸ਼ ਮਿਥਦੀ ਹੈ ਅਤੇ ਬਾਲੇ ਵਾਲੀ ਜਨਮਸਾਖੀ ਪੌਰਾਣਿਕ ਵਾਯੂਮੰਡਲ ਸਿਰਜਨ ਵਿਚ ਸਫਲ-ਮਨੋਰਥ ਹੋਈ ਹੈ । ਗੁਰਬਾਣੀ ਦੀਆਂ ਟੂਕਾਂ ਦੇ ਕੇ ਮਤ-ਪ੍ਰਤਿਪਾਦਨ ਕਰਨ ਅਤੇ ਬਾਣੀ-ਟੂਕਾਂ ਦੀ ਪ੍ਰਸਤਾਵਨਾ ਵਜੋਂ ਸਾਖੀ ਘੜਨ ਦੀ ਪ੍ਰ੍ਰਵ੍ਰਿੱਤੀ ਪੂਰਵ- ਵਰਤੀ ਜਨਮਸਾਖੀਆਂ ਵਾਲੀ ਹੀ ਹੈ ।

ਇਸ ਸਾਖੀਕਾਰ ਸਾਹਮਣੇ ‘ ਪੁਰਾਤਨ ਜਨਮਸਾਖੀ’ ਅਤੇ ਮਿਹਰਬਾਨ ਵਾਲੀ ਜਨਮਸਾਖੀ ਨਮੂਨੇ ਵਜੋਂ ਮੌਜੂਦ ਸਨ । ਉਨ੍ਹਾਂ ਦਾ ਇਸ ਸਾਖੀਕਾਰ ਦੁਆਰਾ ਅਨੁਕਰਣ ਹੋ ਜਾਣਾ ਸੁਭਾਵਿਕ ਹੈ । ਮਿਹਰਬਾਨ ਵਾਲੀ ਜਨਮਸਾਖੀ ਤੋਂ ਇਸ ਨੇ ਬਾਣੀ-ਟੂਕਾਂ ਤੋਂ ਉਪਰੰਤ ਕਿਤੇ ਕਿਤੇ ਪਰਮਾਰਥ ਦੇਣ ਦੀ ਪ੍ਰਵ੍ਰਿੱਤੀ ਸਾਧਾਰਣ ਰੂਪ ਵਿਚ ਗ੍ਰਹਿਣ ਕੀਤੀ ਹੈ ਅਤੇ ‘ ਪੁਰਾਤਨ ਜਨਮਸਾਖੀ’ ਤੋਂ ਵਰਣਨ-ਵਿਧੀ , ਕਥਾ- ਸਿਰਜਨਾ ਅਤੇ ਵਾਕ-ਵਿਧਾਨ ਦੇ ਢੰਗ ਨੂੰ ਅਪਣਾਇਆ ਹੈ । ਪਰ ਦੋਹਾਂ ਦੇ ਪਾਠਾਂ ਦਾ ਗੰਭੀਰ ਅਧਿਐਨ ਕਰੀਏ ਤਾਂ ਇਸ ਨਿਰਣੇ’ ਤੇ ਸਹਿਜ ਪਹੁੰਚਿਆ ਜਾ ਸਕਦਾ ਹੈ ਕਿ ਜੋ ਸ਼ੈਲੀਗਤ ਗੌਰਵ ਅਤੇ ਵਾਕ-ਵਿਧਾਨ ਦੀ ਚੁਸਤੀ ਅਤੇ ਸਰਸਤਾ ‘ ਪੁਰਾਤਨ ਜਨਮਸਾਖੀ’ ਵਿਚ ਹੈ , ਉਸ ਦੇ ਦਰਸ਼ਨ ਇਸ ਵਿਚ ਨਹੀਂ ਹੁੰਦੇ । ਇਸ ਵਿਚਲਾ ਵਿਵਰਣ ਸਾਧਾਰਣ ਕਥਨ ਮਾਤ੍ਰ੍ਰ ਰਹਿ ਜਾਂਦਾ ਹੈ । ਨ ਇਸ ਵਿਚ ਉਕਤੀ ਵਿਚਿਤ੍ਰਤਾ ਹੈ , ਨ ਨਾਟਕੀਅਤਾ ਅਤੇ ਨ ਹੀ ਵਿਚਾਰ ਗੰਭੀਰਤਾ ।

ਇਸ ਜਨਮਸਾਖੀ ਦੀ ਸ਼ੈਲੀਗਤ ਮਹੱਤਵਪੂਰਣ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਲੇਖਕ ਨੇ ਪਰਿਵਾਰਿਕ ਦੁਅੰਦ , ਗਿਲੇ ਗੁਲਾਮੇ , ਪਤੀ-ਪਤਨੀ ਦੀ ਕਸਾਵਟ , ਸ਼ਰੀਕੇ ਵਾਲਿਆਂ ਦੇ ਵਿਅੰਗ , ਤੀਵੀਂ ਦੀਆਂ ਸਮਸਿਆਵਾਂ ਆਦਿ ਦਾ ਬੜੀ ਨੀਝ ਨਾਲ ਚਿਤ੍ਰਣ ਕੀਤਾ ਹੈ । ਅਜਿਹੇ ਚਿਤ੍ਰਣ ਵਿਚ ਬੜਾ ਯਥਾਰਥ ਵਾਤਾਵਰਣ ਸਿਰਜਿਆ ਜਾ ਸਕਿਆ ਹੈ । ਇਨ੍ਹਾਂ ਪ੍ਰਸੰਗਾਂ ਵਿਚ ਭਾਸ਼ਾ ਵੀ ਪਾਤਰ ਅਤੇ ਪ੍ਰਸੰਗ ਅਨੁਕੂਲ ਹੈ । ਅਜਿਹੇ ਭਾਵਨਾਪੂਰਣ ਸਥਲ ਭਾਵੇਂ ‘ ਪੁਰਾਤਨ ਜਨਮਸਾਖੀ’ ਵਿਚ ਵੀ ਮਿਲ ਜਾਂਦੇ ਹਨ , ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਜਾਣ ਵੇਲੇ ਉਨ੍ਹਾਂ ਦੀ ਪਤਨੀ ਦੀ ਭਾਵ-ਅਭਿਵਿਅਕਤੀ , ਮਾਤਾ-ਪਿਤਾ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ , ਆਦਿ । ਪਰ ‘ ਪੁਰਾਤਨ ਜਨਮਸਾਖੀ’ ਦਾ ਵਿਵਰਣ ਬੜਾ ਸੰਖਿਪਤ , ਨਾਟਕੀ ਅਤੇ ਰਸ-ਯੁਕਤ ਹੈ । ਇਸ ਜਨਮਸਾਖੀ ਦੇ ਅਜਿਹੇ ਸਥਲ ਭਾਵੇਂ ਇਤਨੇ ਸੰਖਿਪਤ , ਨਾਟਕੀ ਤੇ ਰਸ-ਯੁਕਤ ਨਹੀਂ ਬਣ ਸਕੇ , ਪਰ ਇਨ੍ਹਾਂ ਵਿਚ ਧਰਤੀ ਦੀ ਛੋਹ ਅਤੇ ਯਥਾਰਥਤਾ ਦੀ ਛਾਪ ਅਧਿਕ ਪ੍ਰਤੀਤ ਹੁੰਦੀ ਹੈ ।

ਭਾਸ਼ਾ ਦੇ ਪਖੋਂ ਇਸ ਜਨਮਸਾਖੀ ਦਾ ਆਪਣਾ ਮਹੱਤਵ ਹੈ । ‘ ਪੁਰਾਤਨ ਜਨਮਸਾਖੀ’ ਵਿਚ ਅਰਬੀ ਫ਼ਾਰਸੀ ਦੀ ਖੁਲ੍ਹ ਕੇ ਵਰਤੋਂ ਹੋਈ ਹੈ ਅਤੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਅਧਿਕਾਂਸ਼ ਸ਼ਬਦਾਵਲੀ ਭਾਰਤੀ ਪਰੰਪਰਾ ਦੀ ਹੈ , ਕਿਤੇ ਕਿਤੇ ਹੀ ਅਰਬੀ ਫ਼ਾਰਸੀ ਦੇ ਸ਼ਬਦ ਦ੍ਰਿਸ਼ਟੀ- ਗੋਚਰ ਹੁੰਦੇ ਹਨ । ਇਹ ਜਨਮਸਾਖੀ ਦੋਹਾਂ ਦੀ ਮੱਧਵਰਤੀ ਹੈ । ਇਸ ਵਿਚ ਅਰਬੀ ਫ਼ਾਰਸੀ ਦੀ ਵਰਤੋਂ ਹੋਈ ਹੈ ਅਤੇ ਭਾਰਤੀ ਸ਼ਬਦਾਵਲੀ ਦਾ ਵੀ ਯਥਾ-ਸੰਭਵ ਲਾਭ ਉਠਾਇਆ ਗਿਆ ਹੈ , ਕਿਸੇ ਇਕ ਭਾਸ਼ਾ ਵਲ ਪੂਰਵ-ਵਰਤੀ ਜਨਮ- ਸਾਖੀਆਂ ਵਾਂਗ ਉਲਾਰ ਨਹੀਂ ਰਿਹਾ । ‘ ਪੁਰਾਤਨ ਜਨਮ- ਸਾਖੀ’ ਦੇ ਲੇਖਕ ਨੇ ਲਹਿੰਦੀ ਉਪਭਾਸ਼ਾ ਦੀ ਸ਼ਬਦਾਵਲੀ ਅਤੇ ਵਿਆਕਰਣ ਨੂੰ ਆਮ ਵਰਤਿਆ ਹੈ , ਮਿਹਰਬਾਨ ਵਾਲੀ ਜਨਮਸਾਖੀ ਸਾਧ ਭਾਖਾ ਤੋਂ ਅਧਿਕ ਪ੍ਰਭਾਵਿਤ ਹੈ , ਪਰ ਪ੍ਰਸਤੁਤ ਜਨਮਸਾਖੀ ਦੀ ਭਾਸ਼ਾ ਅਧਿਕ ਕੇਂਦਰੀ ਹੈ ਅਤੇ ਯੁਗ ਦੇ ਪ੍ਰਭਾਵ ਕਰਕੇ ਲਹਿੰਦੀ ਦੀ ਸ਼ਬਦਾਵਲੀ ਅਤੇ ਵਿਆਕਰਣ ਦੀ ਛਾਇਆ ਵੀ ਕਿਤੇ ਕਿਤੇ ਮਿਲਦੀ ਹੈ । ਇਸੇ ਕਰਕੇ ਇਸ ਦਾ ਸਰੂਪ ਪਹਿਲੀਆਂ ਦੋਹਾਂ ਜਨਮ- ਸਾਖੀਆਂ ਨਾਲੋਂ ਆਧੁਨਿਕ ਪੰਜਾਬੀ ਦੇ ਬਹੁਤ ਨੇੜੇ ਹੁੰਦਾ ਗਿਆ ਹੈ । ਪ੍ਰਸੰਗ ਅਤੇ ਪਾਤਰ ਅਨੁਸਾਰ ਸਾਖੀਕਾਰ ਨੇ ਸ਼ਬਦਾਵਲੀ ਦਾ ਰੂਪ ਬਦਲਿਆ ਵੀ ਹੈ । ਲਹਿੰਦੇ ਦੇ ਇਲਾਕੇ ਦੇ ਜਿਗਿਆਸੂਆਂ ਨਾਲ ਗੱਲਬਾਤ ਲਹਿੰਦੀ ਪ੍ਰਭਾਵਿਤ ਹੈ , ਮੁਸਲਮਾਨਾਂ ਅਤੇ ਪੱਛਮੀ ਇਲਾਕੇ ਦੇ ਜਿਗਿਆਸੂਆਂ ਨਾਲ ਫ਼ਾਰਸੀ ਦੀ ਸ਼ਬਦਾਵਲੀ ਨਾਲ ਅਰਬੀ ਨਾਲ ਲੱਦੀ ਹੋਈ ਭਾਸ਼ਾ ਵਿਚ ਗੱਲਬਾਤ ਕੀਤੀ ਹੈ । ਸਾਧਾਂ , ਨਾਥਾਂ , ਯੋਗੀਆਂ ਅਤੇ ਭਾਰਤੀ ਜਿਗਿਆਸੂਆਂ ਨਾਲ ਵਿਚਾਰ-ਵਟਾਂਦਰਾ ਕਰਨ ਵੇਲੇ ਭਾਸ਼ਾ ਦੀ ਨੁਹਾਰ ਸਧੁੱਕੜੀ ਵਾਲੀ ਹੋ ਗਈ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.